.

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਵੀਹਵਾਂ)

ਡੇਰਿਆਂ ਦੀਆਂ ਕਿਸਮਾਂ

ਕਈ ਉੱਘੇ ਵਿਦਵਾਨਾਂ ਨੇ ਪਖੰਡੀ ਸਾਧਾਂ ਦੀਆਂ ਕਈ ਕਿਸਮਾਂ ਲਿਖੀਆਂ ਹਨ, ਇਸ ਤਰ੍ਹਾਂ ਨਾਲ ਡੇਰੇ ਵੀ ਕਈ ਤਰ੍ਹਾਂ ਦੇ ਹੋਣੇ ਚਾਹੀਦੇ ਹਨ, ਪਰ ਮੇਰੀ ਨਜ਼ਰ ਵਿੱਚ ਇਸ ਵੇਲੇ ਸਿੱਖ ਕੌਮ ਦੇ ਸੰਧਰਭ ਵਿੱਚ ਪ੍ਰੱਮੁਖ ਤੌਰ `ਤੇ ਦੋ ਤਰ੍ਹਾਂ ਦੇ ਡੇਰੇ ਹਨ:

ਪੂਰਨ ਗੁਰੂਡੰਮ: ਜਿਨ੍ਹਾਂ ਨੇ ਪੂਰੀ ਤਰ੍ਹਾਂ ਆਪਣੇ ਆਪ ਨੂੰ ਗੁਰੂ ਜਾਂ ਆਪਣੀ ਸੰਸਥਾ ਦਾ ਅਜ਼ਾਦ ਧਾਰਮਿਕ ਮੁਖੀ ਐਲਾਨ ਦਿੱਤਾ ਹੈ।

੨. ਭੁਲੇਖ ਪਾਊ ਗੁਰੂਡੰਮ: ਜੋ ਸਾਰੇ ਕਰਮ ਤਾਂ ਪੂਰਨ ਗੁਰੂਡੰਮ ਵਾਲੇ ਕਰਦੇ ਹਨ ਪਰ ਸਿੱਖਾਂ ਨੂੰ ਭਰਮਾਉਣ ਵਾਸਤੇ, ਆਪਣੇ ਡੇਰਿਆਂ `ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹਨ ਅਤੇ ਆਪਣੇ ਆਪ ਨੂੰ ਸਿੱਖੀ ਦਾ ਪ੍ਰਚਾਰਕ ਦਸਦੇ ਹਨ।

ਪੂਰਨ ਗੁਰੂਡੰਮ ਦੀ ਲੜੀ ਵਿੱਚ ਇਸ ਵੇਲੇ, ਸਿੱਖ ਸੰਧਰਭ ਵਿੱਚ ਵਿਚਰ ਰਹੀਆਂ ਪ੍ਰੱਮੁਖ ਸੰਸਥਾਵਾਂ ਛੇ ਹਨ:

ਬਿਆਸ ਵਾਲੇ ਰਾਧਾ ਸੁਆਮੀ, ਸੱਚਾ ਸੌਦਾ ਸਿਰਸਾ, ਦਿਵਿਯਾ ਜਯੋਤੀ ਜਾਗਰਨ ਸੰਸਥਾਨ (ਆਸ਼ੂਤੋਸ਼ ਦਾ ਡੇਰਾ) ਨੂਰ ਮਹਿਲ, ਪਿਆਰਾ ਸਿੰਘ ਭਨਿਆਰੇ ਵਾਲਾ, ਨਕਲੀ ਨਿਰੰਕਾਰੀ ਅਤੇ ਨਾਮਧਾਰੀ।

ਰਾਧਾ ਸੁਆਮੀ

ਇਸ ਸੰਪਰਦਾ ਦੀ ਸ਼ੁਰੂਆਤ ਆਗਰੇ ਦੇ ਇੱਕ ਵਿਅਕਤੀ ਸੇਠ ਸ਼ਿਵ ਦਿਆਲ ਸਿੰਘ ਨੇ ਆਪਣੀ ਪਤਨੀ ਨਾਰਾਇਨੀ ਦੇਵੀ ਨਾਲ ਮਿਲ ਕੇ ਸੰਨ ੧੮੬੧ ਵਿੱਚ ਕੀਤੀ। ਇਸ ਦੇ ਮਾਤਾ ਪਿਤਾ ਹਿੰਦੂ ਸੰਤ ਤੁਲਸੀ ਦਾਸ ਦੇ ਸਰਧਾਲੂ ਸਨ ਅਤੇ ਉਸੇ ਤਰ੍ਹਾਂ ਸ਼ਿਵ ਦਿਆਲ ਦੀ ਸੋਚ ਤੇ ਵੀ ਉਹੀ ਬ੍ਰਾਹਮਣੀ ਪ੍ਰਭਾਵ ਸੀ। ਇਨ੍ਹਾਂ ਨੇ ਸਭ ਤੋਂ ਪਹਿਲਾਂ ਆਪਣਾ ਡੇਰਾ ਦਿਆਲ ਬਾਗ ਆਗਰੇ ਵਿੱਚ ਬਣਾਇਆ। ਡੇਰਾ ਸਥਾਪਤ ਹੋਣ ਤੋਂ ਬਾਅਦ ਇਹ ਆਪਣੇ ਆਪ ਨੂੰ ਸੁਆਮੀ ਜੀ ਕਹਾਉਣ ਲਗ ਪਿਆ ਅਤੇ ਇਸ ਦੀ ਪਤਨੀ ਨੂੰ ਰਾਧਾਬਾਈ ਕਿਹਾ ਜਾਂਦਾ ਸੀ। ਇਨ੍ਹਾਂ ਦੇ ਨਾਵਾਂ ਤੋਂ ਹੀ `ਰਾਧਾ ਸੁਆਮੀ` ਸੰਪਰਦਾ ਚੱਲੀ। ਅਜ ਇਹ ਰਾਧਾ ਸੁਆਮੀ ਸ਼ਬਦ ਦੇ ਹੋਰ ਹੀ ਅਧਿਆਤਮਕ ਅਰਥ ਕੱਢ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ੧੮੭੮ ਵਿਚ, ਸੁਆਮੀ ਸ਼ਿਵ ਦਿਆਲ ਦੀ ਮੌਤ ਤੋਂ ਬਾਅਦ ਇਸ ਦੇ ਚੇਲਿਆਂ ਵਿੱਚ ਗੱਦੀ ਵਾਸਤੇ ਝਗੜਾ ਪੈ ਗਿਆ ਅਤੇ ਗੱਦੀ ਦੇ ਛੇ ਦਾਵੇਦਾਰ ਬਣ ਗਏ। ਸ਼ਿਵ ਦਿਆਲ ਦੀ ਪਤਨੀ ਰਾਧਾ ਬਾਈ, ਰਾਏ ਸਾਲਿਗ ਰਾਮ, ਸਨਮੁਖ ਦਾਸ, ਗਰੀਬ ਦਾਸ, ਸ਼ਿਵ ਦਿਆਲ ਦਾ ਭਰਾ ਪਰਤਾਪ ਸਿੰਘ ਅਤੇ ਜੈਮਲ ਸਿੰਘ। ਆਗਰੇ ਵਾਲੇ ਡੇਰੇ `ਤੇ ਰਾਏ ਸਾਲਿਗ ਰਾਮ ਦਾ ਕਬਜ਼ਾ ਹੋ ਗਿਆ, ਸੁਆਮੀ ਸ਼ਿਵ ਦਿਆਲ ਦੀ ਪਤਨੀ ਰਾਧਾ ਬਾਈ ਨੇ ਉਸ ਨਾਲ ਹੀ ਸਮਝੌਤਾ ਕਰ ਲਿਆ ਅਤੇ ਬਾਕੀ ਸਾਰਿਆਂ ਨੇ ਅਲੱਗ ਅਲੱਗ ਜਗ੍ਹਾ `ਤੇ ਆਪਣੇ ਡੇਰੇ ਬਣਾ ਲਏ। ਇਸ ਨਾਲ ਇਨ੍ਹਾਂ ਦੀ ਸੰਸਥਾ ਨੂੰ ਇੱਕ ਫਾਇਦਾ ਵੀ ਹੋਇਆ, ਕਿ ਇਨ੍ਹਾਂ ਦੇ ਫਿਰਕੇ ਦਾ ਨਾਂ ਅਤੇ ਪ੍ਰਚਾਰ ਆਗਰੇ ਤੋਂ ਬਾਹਰ ਵੀ ਦੇਸ਼ ਵਿੱਚ ਕਈ ਜਗ੍ਹਾ `ਤੇ ਫੈਲ ਗਿਆ।

ਇਨ੍ਹਾਂ ਵਿਚੋਂ ਜੈਮਲ ਸਿੰਘ ਸਿੱਖ ਪਰਿਵਾਰ ਵਿਚੋਂ ਸੀ ਅਤੇ ਪੰਜਾਬ ਦੇ ਜ਼ਿਲਾ ਗੁਰਦਾਸਪੁਰ ਵਿਚਲੇ ਪਿੰਡ ਘੁਮਾਨ ਦਾ ਜੰਮ-ਪਲ ਸੀ। ਉਸਨੇ ਪੰਜਾਬ ਵਿੱਚ ਹੀ ਟਿਕਣਾ ਠੀਕ ਸਮਝਿਆ ਅਤੇ ਬਿਆਸ ਵਿੱਚ ਡੇਰਾ ਸਥਾਪਤ ਕੀਤਾ। ਜੈਮਲ ਸਿੰਘ ਨੇ ਇਹ ਮਹਿਸੂਸ ਕਰ ਲਿਆ ਕਿ ਜੇ ਪੰਜਾਬ ਵਿੱਚ ਆਪਣੇ ਪੈਰ ਜਮਾਉਣੇ ਹਨ ਤਾਂ ਸਿੱਖਾਂ ਨੂੰ ਭਰਮਾਉਣਾ ਜ਼ਰੂਰੀ ਹੈ। ਭੋਲੀ-ਭਾਲੀ ਲੋਕਾਈ ਨੂੰ ਭਰਮਾ ਕੇ ਮਗਰ ਲਾਉਣ ਦੀ ਜਾਚ ਤਾਂ ਇਹ ਆਗਰੇ ਤੋਂ ਸਿਖ ਹੀ ਆਇਆ ਸੀ, ਇਲਾਕੇ ਦੇ ਕੁੱਝ ਸਿੱਖਾਂ ਨੂੰ ਭਰਮਾ ਕੇ, ੧੮੮੯ ਵਿੱਚ ਇਸ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਂਅ `ਤੇ ਇੱਕ ਸੰਸਥਾ ਬਣਾਈ ਅਤੇ ਇਸ ਸੰਸਥਾ ਦੇ ਨਾਂਅ `ਤੇ ਹੀ ਇਹ ਜ਼ਮੀਨ ਖਰੀਦੀ, ਜੋ ਅੱਜ ਵੀ ਇਸ ਸੰਸਥਾ ਦੇ ਨਾਂਅ `ਤੇ ਹੀ ਖੜੀ ਹੈ। ਪਹਿਲਾਂ ਇਸ ਨੇ ਇਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ। ੧੯੦੩ ਵਿੱਚ ਇਸ ਦੀ ਮੌਤ ਤੋਂ ਬਾਅਦ, ਇਸ ਡੇਰੇ ਦਾ ਮੁਖੀ ਸਾਵਨ ਸਿੰਘ ਬਣਿਆ। ਸਾਵਨ ਸਿੰਘ ਦੇ ਤਿੰਨ ਪ੍ਰਮੁਖ ਚੇਲੇ ਸਨ: ਕਿਰਪਾਲ ਸਿੰਘ, ਮਸਤਾਨ ਸਿੰਘ ਅਤੇ ਸਰਦਾਰ ਬਹਾਦਰ ਜਗਤ ਸਿੰਘ। ਸਾਵਨ ਸਿੰਘ ਤੋਂ ਬਾਅਦ, ਬਿਆਸ ਵਾਲੇ ਡੇਰੇ `ਤੇ ਜਗਤ ਸਿੰਘ ਕਾਬਜ਼ ਹੋ ਗਿਆ, ਜਿਸ ਤੋਂ ਨਰਾਜ਼ ਹੋ, ਕ੍ਰਿਪਾਲ ਸਿੰਘ ਨੇ ਦਿੱਲੀ ਵਿੱਚ ਅਤੇ ਮਸਤਾਨ ਸਿੰਘ ਨੇ ਸੱਚਾ ਸੌਦਾ ਦੇ ਨਾਂਅ ਤੇ, ਸਰਸੇ ਵਿੱਚ ਆਪਣੇ ਡੇਰੇ ਬਣਾ ਲਏ। ਇਸ ਤਰ੍ਹਾਂ ਹਰ ਡੇਰੇਦਾਰ ਦੇ ਮਰਨ ਤੋਂ ਬਾਅਦ, ਉਸ ਦੇ ਚੇਲਿਆਂ ਵਲੋਂ ਕਈ ਕਈ ਡੇਰੇ ਸਥਾਪਤ ਕੀਤੇ ਜਾਂਦੇ ਰਹੇ। ਅੱਜ ਇਨ੍ਹਾਂ ਦੀਆਂ ਗੱਦੀਆਂ ਦੀ ਗਿਣਤੀ ੧੧੨ ਹੈ (ਹੋ ਸਕਦਾ ਹੈ ਕਿ ਦਾਸ ਦੇ ਲਿਖਦਿਆਂ ਤੱਕ ਇਹ ਗਿਣਤੀ ਹੋਰ ਵੀ ਵੱਧ ਗਈ ਹੋਵੇ)। ਇਹ ਸਾਰੇ ਡੇਰੇ ਆਪਣੇ ਆਪ ਵਿੱਚ ਅਲੱਗ ਅਤੇ ਆਜ਼ਾਦ ਹਨ, ਕਿਸੇ ਦਾ ਕਿਸੇ ਨਾਲ ਕੋਈ ਸਬੰਧ ਨਹੀਂ। ਸਪੱਸ਼ਟ ਸ਼ਬਦਾਂ ਵਿੱਚ ਸਾਰੇ ਆਪਣੀ ਆਪਣੀ ਦੁਕਾਨਦਾਰੀ ਚਲਾ ਰਹੇ ਹਨ। ਇਹ ਬਹੁਤ ਵੱਡੇ ਵੱਡੇ ਫਾਰਮ ਹਾਉਸ ਵਰਗੇ, ਡੇਰੇ ਬਣਾਉਂਦੇ ਹਨ। ਇਨ੍ਹਾਂ ਵਿੱਚ ਖੇਤੀ ਕਰਦੇ ਹਨ ਅਤੇ ਪੈਰੋਕਾਰਾਂ ਕੋਲੋਂ ਉਨ੍ਹਾਂ ਖੇਤਾਂ ਵਿੱਚ ਅਤੇ ਹੋਰ ਕਈ, ਹੱਥੀਂ ਕੰਮ ਕਰਾਉਂਦੇ ਹਨ। ਪੈਰੋਕਾਰ ਇਸੇ ਗੱਲ ਵਿੱਚ ਬਹੁਤ ਖੁਸ਼ ਹੁੰਦੇ ਹਨ ਕਿ ਉਹ ਗੁਰੂ ਦੀ ਸੇਵਾ ਵਿੱਚ ਲੱਗੇ ਹੋਏ ਹਨ।

ਇਨ੍ਹਾਂ ਸਾਰੇ ਡੇਰਿਆਂ ਦੇ ਸਿਧਾਂਤ ਅਤੇ ਪ੍ਰਚਾਰ ਸ੍ਰੋਤ ਅਲੱਗ ਅਲੱਗ ਹਨ। ਜਿਥੇ ਜਿਹੋ ਜਿਹੀ ਮੱਤ ਅਤੇ ਵਿਚਾਰਧਾਰਾ ਦੇ ਲੋਕ ਵਸਦੇ ਹਨ, ਉਸੇ ਅਨੁਸਾਰ ਉਥੇ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ, ਇਹ ਪ੍ਰਚਾਰ ਪ੍ਰਨਾਲੀ ਅਪਨਾ ਲੈਂਦੇ ਹਨ। ਆਗਰੇ ਅਤੇ ਉਸ ਪਾਸੇ ਦੇ ਹੋਰ ਡੇਰਿਆਂ ਵਿੱਚ ਬ੍ਰਾਹਮਣੀ ਵਿਚਾਰਧਾਰਾ ਦੀਆਂ ਕੁੱਝ ਕੁਰੀਤੀਆਂ ਕੱਢ ਕੇ, ਅੱਜ ਵੀ ਬਾਕੀ ਉਹੀ ਬ੍ਰਾਹਮਣੀ ਕਰਮ ਹੁੰਦੇ ਹਨ। ਪੰਜਾਬ ਅਤੇ ਇਸ ਦੇ ਨਾਲ ਲਗਦੇ ਸਿੱਖੀ ਤੋਂ ਪ੍ਰਭਾਵਤ ਇਲਾਕਿਆਂ ਵਿੱਚ ਇਨ੍ਹਾਂ ਦੇ ਪ੍ਰਚਾਰ ਦਾ ਵਧੇਰੇ ਅਧਾਰ ਗੁਰਬਾਣੀ ਹੁੰਦਾ ਹੈ, ਪਰ ਉਸ ਦੀ ਵਿਆਖਿਆ ਇਹ ਆਪਣੇ ਮੁਤਾਬਕ ਕਰਦੇ ਹਨ।

ਇਕ ਖਾਸ ਅਤੇ ਤਾਰੀਫ ਕਰਨ ਵਾਲੀ ਗੱਲ ਬਹੁਤੇ ਡੇਰਿਆਂ ਵਿੱਚ ਹੈ ਕਿ ਇਹ ਭਾਵੇਂ ਕਿਸੇ ਵਿਚਾਰਧਾਰਾ ਨੂੰ ਅਧਾਰ ਬਨਾਉਣ ਪਰ ਕੁੱਝ ਸਮਾਜ ਸੁਧਾਰ ਦੇ ਕੰਮ ਆਪਣੇ ਡੇਰਿਆਂ ਨਾਲ ਜੋੜ ਲੈਂਦੇ ਹਨ, ਜਿਸ ਨਾਲ ਇਨ੍ਹਾਂ ਦੀ ਮਾਨਤਾ ਇੱਕ ਚੰਗੇ ਸਮਾਜ ਸੁਧਾਰਕ ਦੇ ਤੌਰ `ਤੇ ਨਜ਼ਰ ਆਉਣ ਲੱਗ ਪੈਂਦੀ ਹੈ, ਜਿਵੇਂ ਕਿ ਸਾਦੇ ਵਿਆਹ ਕਰਾਉਣੇ, ਸ਼ਰਾਬ ਪੀਣ ਤੋਂ ਰੋਕਣਾ, ਵਿਦਿਅਕ ਅਦਾਰੇ ਬਨਾਉਣਾ ਜਾਂ ਹੋਰ ਕੋਈ ਸਮਾਜ ਸੁਧਾਰ ਦੇ ਨਜ਼ਰ ਆਉਣ ਵਾਲੇ ਕੰਮ। ਖਾਲਸਾ ਪੰਥ ਦੀ ਆਪਣੇ ਆਪ ਵਿੱਚ ਇਹ ਬਹੁਤ ਵਡੀ ਨਾਕਾਮੀ ਹੈ ਕਿ ਜੋ ਸਮਾਜਿਕ ਭਲਾਈ ਦੇ ਅਨਮੋਲ ਸਿਧਾਂਤ ਸਾਨੂੰ ਸਤਿਗੁਰੂ ਨੇ ਬਖਸ਼ੇ, ਉਨ੍ਹਾਂ ਨੂੰ ਨਾ ਇਮਾਨਦਾਰੀ ਨਾਲ ਪ੍ਰਚਾਰਿਆ ਗਿਆ ਹੈ ਅਤੇ ਨਾ ਹੀ ਸਿੱਖਾਂ ਨੇ ਜੀਵਨ ਵਿੱਚ ਅਪਣਾਇਆ ਹੈ, ਨਤੀਜਾ ਇਹ ਹੈ ਕਿ ਉਨ੍ਹਾਂ ਸਿਧਾਂਤਾਂ ਨੂੰ ਹੀ ਆਪਣੇ ਜਾਂ ਆਪਣੀ ਸੰਸਥਾ ਦੇ ਨਾਂ`ਤੇ ਪ੍ਰਚਾਰ ਕੇ ਇਹ ਡੇਰੇ ਨਾਮਣਾ ਖੱਟ ਰਹੇ ਹਨ ਅਤੇ ਆਪਣੇ ਪੈਰੋਕਾਰਾਂ ਦੀ ਗਿਣਤੀ ਵਿੱਚ ਵਾਧਾ ਕਰ ਰਹੇ ਹਨ।

ਇਨ੍ਹਾਂ ਨੇ ਆਈ. ਏ. ਐਸ. ਅਤੇ ਇਸ ਪੱਧਰ ਦੇ ਹੋਰ ਉੱਚ ਅਧਿਕਾਰੀਆਂ ਨੂੰ ਆਪਣਾ ਵਧੇਰੇ ਨਿਸ਼ਾਨਾ ਬਣਾਇਆ ਹੈ। ਦੁਨਿਆਵੀ ਵਿਦਿਆ ਨਾਲ ਲਬਰੇਜ਼ ਪਰ ਅਧਿਆਤਮਕ ਗਿਆਨ ਤੋਂ ਸੱਖਣੇ, ਉਚ ਅਧਿਕਾਰੀ ਆਤਮਕ ਸ਼ਾਂਤੀ ਦੀ ਭਾਲ ਵਿੱਚ ਇਨ੍ਹਾਂ ਵੱਲ ਖਿੱਚੇ ਆਉਂਦੇ ਹਨ। ਉਨ੍ਹਾਂ ਦੇ ਆਉਣ ਨਾਲ ਜਿਥੇ ਇਨ੍ਹਾਂ ਦੇ ਸਰਕਾਰੀ ਕੰਮ ਅਰਾਮ ਨਾਲ ਹੀ ਹੋ ਜਾਂਦੇ ਹਨ, ਦੂਸਰਿਆਂ `ਤੇ ਵੀ ਬਹੁਤ ਪ੍ਰਭਾਵ ਪੈਂਦਾ ਹੈ ਕਿ ਇਤਨੇ ਪੜ੍ਹੇ ਲਿਖੇ ਲੋਕ ਐਵੇਂ ਤਾਂ ਨਹੀਂ ਮਹਾਪੁਰਖਾਂ (?) ਕੋਲ ਜਾਂਦੇ। ਫਿਰ ਉਨ੍ਹਾਂ ਰਾਹੀਂ ਜਿਥੇ ਹੋਰ ਲੋਕਾਂ ਦੇ ਕੰਮ ਕਰਵਾ ਕੇ ਉਨ੍ਹਾਂ ਨੂੰ ਪ੍ਰਭਾਵਤ ਕੀਤਾ ਜਾਂਦਾ ਹੈ, ਉਥੇ ਉੱਚ ਅਧਿਕਾਰੀਆਂ ਰਾਹੀਂ ਮਾਇਆ ਦੇ ਗੱਫੇ ਵੀ ਵੱਡੇ ਆਉਂਦੇ ਹਨ ਅਤੇ ਸਮਾਜ ਸੇਵਾ ਦੇ ਨਾਂ `ਤੇ ਜ਼ਮੀਨ ਜਾਇਦਾਦਾਂ ਵੀ ਵਧੇਰੇ ਭੇਟਾ ਹੁੰਦੀਆਂ ਹਨ।

ਅੱਜ ਇਨ੍ਹਾਂ ਅਨੇਕਾਂ ਦੇਹਧਾਰੀ `ਗੁਰੂਆਂ` ਵਾਲੀਆਂ ਗੱਦੀਆਂ ਵਿਚੋਂ ਬਿਆਸ ਵਾਲੀ ਗੱਦੀ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋੜਨ ਲਈ ਸਭ ਤੋਂ ਵੱਧ ਸਰਗਰਮ ਹੈ। ਇਹ ਬਿਆਸੇ ਵਾਲੇ ਰਾਧਾ ਸੁਆਮੀ ਸਿੱਖਾਂ ਨੂੰ ਭਰਮਾਉਣ ਲਈ ਡੇਰੇ ਦਾ ਮੁਖੀ ਹਮੇਸ਼ਾਂ ਸਾਬਤ ਸੂਰਤ ਰੱਖਦੇ ਹਨ ਤੇ ਗੁਰਬਾਣੀ ਦੀ ਆੜ ਵਿੱਚ ਗਰਮਤਿ ਤੋਂ ਅਨਜਾਣ, ਕਮਜ਼ੋਰ ਮਨ ਵਾਲੇ ਸਿੱਖਾਂ ਨੂੰ ਆਪਣੇ ਜਾਲ ਵਿੱਚ ਫਸਾਈ ਜਾਂਦੇ ਹਨ। ਇਹ ਭਰਮ ਪਾਉਂਦੇ ਹਨ ਕਿ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਤਾਂ ਬੱਸ ਇਹੀ ਪ੍ਰਚਾਰਦੇ ਹਨ। ਇਨ੍ਹਾਂ ਦੇ ਭਰਮਜਾਲ ਵਿੱਚ ਫਸੇ ਭੋਲੇ-ਭਾਲੇ ਸਿੱਖ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਦੋਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਤਿਆਗ ਕੇ, ਗੁਰੂ ਨਾਨਕ ਫਲਸਫੇ ਦੀ ਦੋਖੀ ਫੌਜ ਦਾ ਸਿਪਾਹੀ ਬਣ ਗਏ ਹਨ।

ਇਨ੍ਹਾਂ ਦੇ ਜਾਲ ਵਿੱਚ ਫਸਿਆ ਸਿੱਖ ਸਭ ਤੋਂ ਪਹਿਲਾਂ ਤਾਂ `ਸ਼ਬਦ ਗੁਰੂ` ਦੇ ਸਿਧਾਂਤ ਤੋਂ ਟੁੱਟਕੇ `ਦੇਹਧਾਰੀ ਗੁਰੂ` ਨਾਲ ਜੁੜ ਜਾਂਦਾ ਹੈ। ਇਨ੍ਹਾਂ ਦੇ ਕਾਬੂ ਆਏ ਕਈ ਸਿੱਖ ਬਹਿਸਦੇ ਰਹਿੰਦੇ ਹਨ ਕਿ ਬਿਆਸ ਵਾਲੇ ਵੀ ਤਾਂ ਗੁਰਬਾਣੀ ਹੀ ਪੜ੍ਹਦੇ ਹਨ, ਜਦੋਂ ਕਿ ੨੪ ਜੂਨ ੧੯੫੪ ਨੂੰ ਇਨ੍ਹਾਂ ਦੇ ਉਸ ਵੇਲੇ ਦੇ ਮੁਖੀ ਚਰਨ ਸਿੰਘ ਨੇ ਅਦਾਲਤ ਵਿੱਚ ਬਿਆਨ ਦਿੱਤਾ, ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ। ਇਨ੍ਹਾਂ ਨੇ `ਗੁਰਮਤਿ ਸਿਧਾਂਤ`, `ਪ੍ਰੇਮ-ਪੱਤਰ` ਤੇ `ਸਾਰ ਬਚਨ` ਵਰਗੀਆਂ ਪੋਥੀਆਂ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ `ਤੇ ਲਿਆਂਦੀਆਂ ਹਨ। ਬਾਕੀ ਤਕਰੀਬਨ ਹਰ ਡੇਰੇ ਨੇ ਆਪਣੀ ਕੋਈ ਨਾ ਕੋਈ ਕਵਿਤਾਵਾਂ ਦੀ ਪੋਥੀ ਤਿਆਰ ਕਰਾਈ ਹੋਈ ਹੈ, ਜਿਸ ਵਿੱਚ ਆਪਣਾ ਅਤੇ ਪੁਰਾਣੇ ਬਾਬਿਆਂ ਦਾ ਮੁਕਾਬਲਾ ਪੰਜਾਬ ਵਿੱਚ ਗੁਰੂ ਨਾਨਕ ਪਾਤਿਸ਼ਾਹ ਨਾਲ ਅਤੇ ਦੁਜੇ ਸਥਾਨਾਂ `ਤੇ ਕੁੱਝ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਨਾਲ ਕਰਦੇ ਹਨ ਅਤੇ ਗੱਲ ਇਥੇ ਨਿਬੇੜਦੇ ਹਨ ਕਿ ਅੱਜ ਦੇ ਯੁਗ ਦਾ ਪ੍ਰਮਾਤਮਾ ਅੱਜ ਵਾਲਾ ਗੱਦੀਦਾਰ ਬਾਬਾ ਹੀ ਹੈ। ਰਾਧਾ ਸੁਆਮੀ ਫਿਰਕਾ ਕੋਈ ਰੂਹਾਨੀ ਮੱਤ ਨਹੀਂ, ਸਗੋਂ ਪਦਾਰਥੀ ਸੋਚ ਉਪਰ ਰੂਹਾਨੀਅਤ ਦਾ ਰੰਗ ਚਾੜ੍ਹਿਆ ਹੋਇਆ ਹੈ। ਸ਼ਰਧਾਲੂਆਂ ਵਲੋਂ ਭੇਟ ਕੀਤੀ ਜ਼ਮੀਨ ਉਤੇ, ਸੇਵਾ ਦੇ ਨਾਂਅ ਉਤੇ ਸ਼ਰਧਾਲੁਆਂ ਕੋਲੋਂ ਹੀ ਕੰਮ ਕਰਾਕੇ ਉਹ ਜਿਨਸਾਂ ਲੋਕਾਂ ਨੂੰ ਸਸਤੇ ਰੇਟ `ਤੇ ਵੇਚਦੇ ਹਨ। ਸਸਤੇ ਰੇਟਾਂ ਉਪਰ ਘਰੇਲੂ ਵਰਤੋਂ ਦਾ ਸਮਾਨ ਮਿਲਦਾ ਹੋਣ ਕਰਕੇ ਆਮ ਗਰੀਬ ਲੋਕਾਈ ਧੜਾਧੜ ਬਿਆਸ ਪਹੁੰਚਦੀ ਹੈ। ਆਮਦਨ ਦਾ ਕੋਈ ਵੱਡਾ, ਜਾਇਜ਼ ਤੇ ਪੱਕਾ ਸਾਧਨ ਨਾ ਹੋਣ `ਤੇ ਵੀ ਪੰਜਾਬ ਦੇ ਹਰ ਛੋਟੇ-ਵੱਡੇ ਕਸਬੇ ਵਿੱਚ ਇਨ੍ਹਾਂ ਨੇ ਬਹੁ-ਕੀਮਤੀ ਡੇਰੇ ਕਾਇਮ ਕੀਤੇ ਹੋਏ ਹਨ, ਜਿਨ੍ਹਾਂ ਲਈ ਬ੍ਰਾਹਮਣਵਾਦੀ ਤਾਕਤਾਂ ਅਤੇ ਸਮੇਂ ਦੀਆਂ ਸਰਕਾਰਾਂ ਕੋਲੋਂ ਲੁਕਵੇਂ ਰੂਪ ਵਿੱਚ ਮਾਇਕ ਮਦਦ ਮਿਲਦੀ ਹੈ।

ਗੁਰਬਾਣੀ ਦੀ ਮਨਮਤੀ ਵਿਆਖਿਆ ਕਰਨ ਦੇ ਦੋਸ਼ੀ ਰਾਧਾ ਸੁਆਮੀ ਮਤ ਵਾਲੇ ਸਿੱਖਾਂ ਦੇ ਮੂਲ ਮੰਤਰ ਦੇ ਮੁਕਾਬਲੇ `ਤੇ ਆਪਣਾ "ਮੂਲ ਮੰਤਰ" (ਜੋਤ ਨਿਰੰਜਣ, ਓਅੰਕਾਰ, ਰਾਰੰਕਾਰ, ਸੋਹੁੰ, ਸਤਿਨਾਮ) ਦਿੰਦੇ ਹਨ, ਜਿਸਨੂੰ ਨਾਮ ਦਾਨ ਕਹਿੰਦੇ ਹਨ ਤੇ ਕਿਸੇ ਨੂੰ ਦੱਸਣੋਂ ਸਖਤੀ ਨਾਲ ਵਰਜਦੇ ਹਨ। ਨਾਮ ਦਾਨ ਦੇ ਰਾਰੰਕਾਰ ਸ਼ਬਦ ਦਾ ਕੋਈ ਅਰਥ ਨਹੀਂ। ਇਹ ਕੀਰਤਨ ਦੇ ਖਿਲਾਫ ਹਨ ਤੇ ਸਿੱਖ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ। ਅੱਜ ਕੱਲ ਗੁਰਿੰਦਰ ਸਿੰਘ ਇਸ ਸੰਸਥਾ ਦਾ ਮੁਖੀ ਹੈ। ਇਨ੍ਹਾਂ ਦੇ ਪੰਜਾਬ ਵਿੱਚ ਬਹੁਤ ਪ੍ਰਫੁਲਤ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਾਜ-ਕਾਲ ਦੌਰਾਨ, ਵੋਟਾਂ ਦੀ ਖਾਤਰ, ਪੂਰੇ ਪੰਜਾਬ ਦੇ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਵਿੱਚ ਇਨ੍ਹਾਂ ਨੂੰ ਡੇਰੇ ਬਣਾਉਣ ਲਈ ਜਗ੍ਹਾ ਅਲਾਟ ਕੀਤੀ। ਆਪਣੇ ਪਿਛਲੇ ਕਾਰਜ ਕਾਲ ਦੌਰਾਨ ਬਾਦਲ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿੱਚ ਕਰੋੜਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਰਾਧਾ ਸੁਆਮੀਆਂ ਨੂੰ ਦੇ ਦਿੱਤੀ।

ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਆਰ. ਐਸ. ਐਸ. ਦੀਆਂ ਸਰਗਰਮੀਆਂ ਬਹੁਤ ਵਧੀਆਂ ਹੋਈਆਂ ਹਨ। ਇਹ ਹੈ ਵੀ ਸੁਭਾਵਕ ਕਿਉਂਕਿ ਭਗਵਾਕਰਨ ਦੇ ਪ੍ਰੋਗਰਾਮ ਵਿੱਚ ਸਿੱਖ ਕੌਮ ਉਨ੍ਹਾਂ ਦੇ ਪਹਿਲੇ ਨਿਸ਼ਾਨੇ `ਤੇ ਹੈ। ਉਨ੍ਹਾਂ ਵਲੋਂ ਜਿੱਥੇ ਹਥਿਆਰਬੰਦ ਮਾਰਚ ਕੱਢੇ ਜਾ ਰਹੇ ਹਨ ਉਥੇ ਕਈ ਵਰਕਰਾਂ ਦੇ ਸਿਖਲਾਈ ਕੈਂਪ ਲਾਏ ਜਾ ਰਹੇ ਹਨ। ਸਾਲ ੨੦੧੫ ਦੇ ਅਖੀਰ `ਤੇ ਆਰ. ਐਸ. ਐਸ. ਵਲੋਂ ਮਾਨਸਾ ਵਿੱਚ ਲਾਏ ਇੱਕ ਕੈਂਪ ਵਿੱਚ ਰਾਧਾ ਸੁਆਮੀਆਂ ਦੇ ਬਿਆਸਾ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਨੇ ਵੀ ਹਾਜ਼ਰੀ ਭਰੀ। ਉਸ ਨੇ ਜਿਥੇ ਆਰ. ਐਸ. ਐਸ. ਮੁਖੀ ਮੋਹਨ ਭਾਗਵਤ ਨਾਲ ਮੀਟਿੰਗ ਕੀਤੀ, ਉਥੇ ਵਰਕਰਾਂ ਨੂੰ ਸੰਬੋਧਨ ਕੀਤਾ ਵੀ ਦਸਿਆ ਜਾਂਦਾ ਹੈ। ਉਸ ਦੇ ਕੁੱਝ ਹਫਤਿਆਂ ਬਾਅਦ ਹੀ ਭਾਜਪਾ ਦਾ ਇੱਕ ਉੱਘਾ ਆਗੂ ਐਲ. ਕੇ. ਅਡਵਾਨੀ ਇਸ ਦੇ ਡੇਰੇ ਵਿੱਚ ਇਸ ਨਾਲ ਮੀਟਿੰਗ ਕਰ ਕੇ ਗਿਆ। ਇਹ ਦੋਵੇਂ ਖਬਰਾਂ ਪੰਜਾਬ ਦੇ ਅਖਬਾਰਾਂ ਵਿੱਚ ਛਪੀਆਂ। ਇਨ੍ਹਾਂ ਤੋਂ ਸਾਫ ਪਤਾ ਲਗਦਾ ਹੈ ਕਿ ਇਨ੍ਹਾਂ ਲੋਕਾਂ ਦੇ ਤਾਰ ਕਿਥੇ ਜੁੜੇ ਹੋਏ ਹਨ।

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਛਪਾਈ ਵਿੱਚ ਹੈ ਜੀ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: rajindersinghskp@yahoo.co.in
.