.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਉਨੱਤੀਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ ੧੯੫੬

"ਆਨ ਦੇਵ ਬਦਲਾਵਨਿ ਦੈਹਉ" -ਗੁਰਬਾਣੀ `ਚ ਆਏ ਲਗਭਗ ਸਮੂਹ ਭਗਤ ਜਨਾਂ ਬਾਰੇ ਕਹਾਣੀਆਂ ਦੇ ਤਾਨੇ-ਬਾਣੇ ਦੀ ਜੇਕਰ ਗੱਲ ਕਰੀਏ ਤਾਂ ਇਸ ਕੰਮ ਲਈ ਅੱਜ ਸਭ ਤੋਂ ਪਹਿਲੀ ਕੱਤਾਰ `ਚ ਆਉਂਦੀਆਂ ਹਨ ‘ਭਗਤ ਮਾਲਾਵਾਂ। ਉਪ੍ਰੰਤ ਜੇ ਉਨ੍ਹਾਂ ਕਹਾਣੀਆਂ ਦੀ ਕੁੱਝ ਗਹਿਰਾਈ `ਚ ਜਾਵੀਏ ਤਾਂ ਇਸ ਸਚਾਈ ਨੂੰ ਸਮਝਦੇ ਵੀ ਦੇਰ ਨਹੀਂ ਲਗਦੀ ਕਿ ਇਨ੍ਹਾਂ ਕਹਾਣੀਆਂ ਦੇ ਰਚਨਹਾਰੇ, ਅਸਲੋਂ ਕਿਸ ਵਿਚਾਰਧਾਰਾ ਤੇ ਕਿਸ ਸੋਚ ਨਾਲ ਸੰਬੰਧਤ ਲੋਕ ਸਨ?

ਉਂਝ ਇਹ ਵਿਸ਼ਾ ਇਸ ਲਈ ਵੀ ਵੱਡਾ ਧਿਆਨ ਮੰਗਦਾ ਹੈ ਕਿ ਸ਼ਰਾਰਤੀ ਦਿਮਾਗ਼ ਵਿਰੋਧੀਆਂ ਨੇ ਜਿੱਥੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸੰਪਾਦਨਾ ਸਮੇਂ ਅਨੇਕਾਂ ਊਟ-ਪਟਾਂਗ ਕਹਾਣੀਆਂ ਪ੍ਰਚਲਤ ਕੀਤੀਆਂ ਸਨ; ਉਹ ਸਭ ਇਸ ਲਈ ਕਿ ਅਜਿਹਾ ਭਰਮ ਪੈਦਾ ਕੀਤਾ ਜਾ ਸਕੇ ਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ‘ਬੀੜ ਅਧੂਰੀ ਹੈ। ਇਸ `ਚੋਂ ਕਈ ਰਚਨਾਵਾਂ ਬਾਹਰ ਛੁੱਟ ਗਈਆਂ ਹਨ ਅਤੇ ਇਸ `ਚ ਕੁੱਝ ਰਚਨਾਵਾਂ ਵਾਧੂ ਵੀ ਚੜ੍ਹ ਗਈਆਂ ਹਨ, ਜਾਂ ਉਸ `ਚ ਕੁੱਝ ਰਚਨਾਵਾਂ ਬਾਅਦ `ਚ ਪਾਈਆ ਗਈਆਂ ਹੋ ਸਕਦੀਆਂ ਹਨ ਵਗ਼ੈਰਾ-ਵਗ਼ੈਰਾ।

ਜਦਕਿ ਅਸੀਂ ਭਲੀ ਪ੍ਰਕਾਰ ਇਹ ਵੀ ਦੇਖ ਆਏ ਹਾਂ ਕਿ ਠੀਕ ਉਸੇ ਤਰ੍ਹਾਂ ਗੁਰਬਾਣੀ `ਚ ਪ੍ਰਵਾਣਤ ਹਰੇਕ ਭਗਤ ਬਾਰੇ ਊਲ-ਜਲੂਲ ਕਹਾਣੀਆਂ ਦੇ ਪ੍ਰਚਲਣ ਦਾ ਸਿਲਸਿਲਾ ਵੀ ਉਨ੍ਹਾਂ ਭਗਤਾਂ ਦੀ ਲੋਕਾਈ `ਚ ਬਣਦੀ ਜਾ ਰਹੀ ਚੜ੍ਹਤ ਦੇ ਨਾਲ-ਨਾਲ ਹੀ ਬੱਝਣਾ ਸ਼ੁਰੂ ਹੋ ਗਿਆ ਸੀ।

ਉਹ ਇਸ ਲਈ, ਤਾ ਕਿ ਸਾਬਤ ਕੀਤਾ ਜਾ ਸਕੇ ਕਿ ਇਨ੍ਹਾਂ ਭਗਤਾਂ ਦੀ ਚੜ੍ਹਤ ਦਾ ਮੁੱਖ ਕਾਰਣ ਹੀ ਇਨ੍ਹਾਂ ਦਾ ਬ੍ਰਾਹਮਣ ਭਗਤ ਹੋਣਾ ਸੀ। ਇਸ ਤਰ੍ਹਾਂ ਇਨ੍ਹਾਂ `ਚੋਂ ਕਿਸੇ ਭਗਤ ਨੂੰ ਵੱਡਾ ਕਰਮਕਾਂਡੀ, ਕਿਸੇ ਨੂੰ ਮੂਰਤੀ-ਪੱਥਰ ਪੂਜਕ, ਕਿਸੇ ਨੂੰ ਸੁੱਚਾ-ਭਿੱਟਾਂ `ਚ ਵਿਸ਼ਵਾਸ ਰਖਣ ਵਾਲਾ, ਕਿਸੇ ਨੂੰ ਬ੍ਰਾਹਮਣੀ ਵਰਣਵੰਡ ਦਾ ਮੁਦੱਈ ਆਦਿ ਹੋਣਾ ਹੀ ਸੀ। ਬਲਕਿ ਇਥੋਂ ਤੀਕ ਕਿ ਉਨ੍ਹਾਂ `ਚੋਂ ਕਿਸੇ ਨੂੰ ਬ੍ਰਾਹਮਣੀ ਦਾ ਜਾਇਆ ਜਾਂ ਕਿਸੇ ਨੂੰ ਪਿਛਲੇ ਜਨਮ `ਚ ਬ੍ਰਾਹਮਣ ਹੋਣਾ ਆਦਿ ਵੀ ਦੱਸਿਆ ਹੋਇਆ ਹੈ। ਮਿਸਾਲ ਵਜੋਂ:-

(੧) ਉਨ੍ਹਾਂ ਕਹਾਣੀਆਂ ਅਨੁਸਾਰ ਰਵੀਦਾਸ ਜੀ ਨੂੰ ‘ਪਿਛਲੇ ਜਨਮ `ਚ ਬ੍ਰਾਹਮਣ ਹੋਣਾ ਅਤੇ ਭਗਤ ਰਾਮਾਨੰਦ ਜੀ ਦੇ ਸ਼ਾਪ ਕਾਰਣ ਹੁਣ ਸ਼ੂਦਰ ਕੁਲ `ਚ ਜਨਮੇ ਦੱਸਿਆ ਹੈ।

(੨) ਫ਼ਿਰ ਕਬੀਰ ਸਾਹਿਬ ਬਾਰੇ … ਉਸ ਕਹਾਣੀ ਅਨੁਸਾਰ ਕਬੀਰ ਜੀ ਦੀ ਪਾਲਣਾ ਬੇਸ਼ਕ ਨੀਰੂ ਨਾਮ ਦੇ ਮੁਸਲਮਾਨ ਪ੍ਰਵਾਰ `ਚ ਹੋਈ ਪਰ ਉਹ ਇਸ ਲਈ ਭਗਤ ਦੀ ਉੱਤਮ ਅਵਸਥਾ ਨੂੰ ਪੁੱਜੇ, ਕਿਉਂਕਿ ਅਸਲੋਂ ਉਹ ਜਨਮ ਕਰਕੇ ਬ੍ਰਾਹਮਣ ਪ੍ਰਵਾਰ ਨਾਲ ਹੀ ਸੰਬੰਧਤ ਸਨ।

(੩) ਉਪ੍ਰੰਤ ਭਗਤ ਧੰਨਾ ਜੀ ਜੀ ਬਾਰੇ…ਸ਼ਰਧਾ ਦੀ ਅਸੀਮਤਾ ਤੇ ਉਨ੍ਹਾਂ ਦੇ ਹਠ ਕਾਰਣ, ਕਿਸੇ ਪੰਡਿਤ ਤੋਂ ਮਿਲੇ ਪੱਥਰ `ਚੋਂ ਹੀ ਉਨ੍ਹਾਂ ਨੇ ਭਗਵਾਨ ਨੂੰ ਪ੍ਰਗਟ ਕਰ ਲਿਆ।

(੪) ਮੌਤ ਤੋਂ ਡਰਣ ਵਾਲੇ ਸਨ ਅਤੇ ਜਾਤ ਦਾ ਕਸਾਈ ਸਨ (ਮੁਸਲਮਾਨ) ਸਦਨਾ ਜੀ।

(੫) ਫ਼ਿਰ ਨਾਮਦੇਵ ਜੀ ਬਾਰੇ ਵੀ… ਨਾਮਦੇਵ ਜੀ ਨੇ ਕੇਵਲ ਆਪਣੇ ਹਠ ਕਾਰਣ ਹੀ ਪੱਥਰ ਚੋਂ ਰੱਬ ਨੂੰ ਕੱਢ ਦਿਖਾਇਆ ਤੇ ਇਸੇ ਤਰ੍ਹਾਂ ਬਾਕੀ ਭਗਤਾਂ ਬਾਰੇ ਵੀ ਕੁੱਝ ਨਾ ਕੁਝ।

ਕਿਆ ਖੂਬ! ਪੱਥਰ ਪੂਜਾ ਵਾਲੀ ਵਿਚਾਰਧਾਰਾ ਨੂੰ ਜਨਮ ਦੇਣ ਵਾਲਾ ਬ੍ਰਾਹਮਣ, ਆਪ ਤਾਂ ਕਿਸੇ ਪੱਥਰ ਜਾਂ ਮੂਰਤੀ `ਚੋਂ, ਹਜ਼ਾਰਾਂ ਸਾਲਾਂ ਤੋਂ ਰੱਬ ਨੂੰ ਪ੍ਰਗਟ ਨਾ ਕਰ ਸਕਿਆ। ਜਦਕਿ ਉਸ ਅਨੁਸਾਰ ਹੀ ਤੇ ਉਸੇ ਪੱਥਰ ਚੋਂ ‘ਇੱਕ ਜੱਟ (ਧੰਨਾ ਜੀ) ਨੇ ਪੱਥਰ `ਚੋਂ ਰੱਬ ਕੱਢ ਦਿਖਾਇਆ।

ਉਸੇ ਤਰ੍ਹਾਂ ਇੱਕ ਪਾਸੇ ਨਾਮਦੇਵ ਜੀ ਨੇ ਵੀ ਪੱਥਰ ਦੀ ਮੂਰਤੀ ਚੋਂ ਭਗਵਾਨ ਨੂੰ ਪ੍ਰਗਟ ਕਰ ਲਿਆ, ਜਦਕਿ ਉਹ ਬ੍ਰਾਹਮਣੀ ਵਰਣਵੰਡ ਅਨੁਸਾਰ (ਅਖੌਤੀ) ਸੂਦਰ ਹੀ ਸਨ।

ਇਸ ਤੋਂ ਵੱਡੀ ਗੱਲ ਇਹ ਵੀ ਕਿ ਜਿਹੜੇ ਭਗਤ ਨਾਮਦੇਵ ਜੀ, ਉਨ੍ਹਾਂ ਪੱਥਰ ਦੀਆਂ ਮੂਰਤੀਆਂ ਤੇ ਦੇਵੀਆਂ-ਦੇਵਤਿਆਂ ਬਾਰੇ ਆਪਣੀ ਬਾਣੀ `ਚ ਇਸ ਤਰਹਾਂ ਸਪਸ਼ਟ ਕਹਿੰਦੇ ਹਨ:-

"ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ" (ਪੰ: ੫੨੫)। ਬਲਕਿ ਇਥੋਂ ਤੀਕ:-

"ਭੈਰਉ ਭੂਤ ਸੀਤਲਾ ਧਾਵੈ॥ ਖਰ ਬਾਹਨੁ ਉਹੁ ਛਾਰੁ ਉਡਾਵੈ॥ ੧ ਹਉ ਤਉ ਏਕੁ ਰਮਈਆ ਲੈਹਉਆਨ ਦੇਵ ਬਦਲਾਵਨਿ ਦੈਹਉ…" (ਪੰ: ੮੭੪) ਆਦਿ

ਇਹ ਵੀ ਕਿ ਭਗਤ ਧੰਨਾ ਜੀ ਨੇ ਆਪਣੇ ਸ਼ਬਦ "ਭ੍ਰਮਤ ਫਿਰਤ ਬਹੁ ਜਨਮ ਬਿਲਾਨੇ." (ਪੰ: ੪੮੭) `ਚ ਆਪ ਇਸ ਦੀ ਵਿਆਖਿਆ ਕਰਦੇ ਅਤੇ ਫ਼ੁਰਮਾਇਆ ਹੋਇਆਂ ਹੈ ਕਿ ਮੈਨੂੰ (ਧੰਨੇ) ਨੂੰ "ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ" ਭਾਵ ਸੰਤ ਜਨਾਂ ਦੀ ਸੰਗਤ `ਚੋਂ ਪ੍ਰਭੂ ਦੀ ਪ੍ਰਾਪਤੀ ਹੋਈ (ਭਾਵ ਕਿਸੇ ਪੱਥਰ ਆਦਿ `ਚੋਂ ਨਹੀਂ)।

ਇਹ ਵੀ ਕਿ ਉਹ ਸੰਤ ਜਨ ਕਿਹੜੇ ਸਨ ਜਿਨ੍ਹਾਂ ਦੀ ਸੰਗਤ `ਚ ਆ ਕੇ "ਧੰਨੈ ਧਨੁ ਪਾਇਆ ਧਰਣੀਧਰੁ" ਭਾਵ ਧੰਨਾ ਜੀ ਨੇ ਪ੍ਰਭੂ ਨੂੰ ਪਾ ਲਿਆ। ਤਾਂ ਉਹ ਸੰਤ ਜਨ ਸਨ "ਕਬੀਰ ਜੀ, ਨਾਮਦੇਵ ਜੀ, ਸੈਣ ਜੀ, ਰਵਿਦਾਸ ਜੀ"।

ਕਿਉਂਕਿ ਉਨ੍ਹਾ "ਸੰਤ ਜਨਾ" ਦਾ ਵੇਰਵਾ ਤਾਂ ਪੰਜਵੇਂ ਪਾਤਸ਼ਾਹ ਨੇ ਆਪਦ ਆਪਣੇ ਸ਼ਬਦ "ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ …" (ਪੰ: ੪੮੭) ਵਾਲੇ ਸ਼ਬਦ `ਚ ਦਿੱਤਾ ਹੋਇਆ ਹੈ ਅਤੇ ਜਦਕਿ ਇਹ ਸਾਰਾ ਵੇਰਵਾ ਅਸੀਂ ਪਹਿਲਾਂ ਪੜ੍ਹ ਵੀ ਆਏ ਹਾਂ।

ਫ਼ਿਰ ਜੇ ਇਨ੍ਹਾਂ ਵਿਰੋਧੀ ਕਹਾਣੀਆਂ ਨੂੰ ਹੀ ਠੀਕ ਮੰਨ ਲਿਆ ਜਾਵੇ ਤਾਂ ਤੇ ਇਹ ਵੀ ਮੰਨਣਾ ਪਵੇਗਾ ਭਗਵਾਨ ਨੂੰ ਬ੍ਰਾਹਮਣ ਨਾਲੋਂ ਤਾਂ ਸ਼ੂਦਰ ਹੀ ਵਧ ਪਿਆਰੇ ਹਨ। ਕਿਉਂਕਿ ਭਗਵਾਨ, ਬ੍ਰਾਹਮਣ ਤੋਂ ਵੱਧ, ਇਨ੍ਹਾਂ (ਅਖੌਤੀ} ਸ਼ੂਦਰਾਂ ਦੀ ਗੱਲ ਹੀ ਮੰਣਦਾ-ਸੁਣਦਾ ਹੈ।

"ਕਹੁ ਕਬੀਰ ਮੈ ਸੋ ਗੁਰੁ ਪਾਇਆ…" -ਫ਼ਿਰ ਇਤਨਾ ਹੀ ਨਹੀਂ, ਉਨ੍ਹਾਂ ਪ੍ਰਚਲਤ ਕਹਾਣੀਆ ਅਨੁਸਾਰ ਤਾਂ… ਰਵੀਦਾਸ ਜੀ ਦੀਆਂ ਮੂਰਤੀਆਂ ਵੀ ਨਦੀ `ਚ ਤਰ ਗਈਆਂ ਸਨ. . …ਰਵਿਦਾਸ ਜੀ ਪਿਛਲੇ ਜਨਮ `ਚ ਰਾਮਾਨੰਦ ਜੀ ਦੇ ਸੇਵਕ ਸਨ। ਉਨ੍ਹਾਂ ਰਾਹੀਂ ਰਾਮਾਨੰਦ ਲਈ ਕਿਸੇ ਸ਼ੂਦਰ ਤੋਂ ਭਿਖਿਆ ਲੈ ਆਉਣ ਕਾਰਣ, ਸ਼ਾਪ ਦੇ ਭਾਗੀ ਬਣੇ ਅਤੇ ਇਸੇ ਕਾਰਣ ਉਹ ਇਸ ਜਨਮ’ ਚ ਮੋਚੀ ਭਾਵ ਸ਼ੂਦਰ ਦੇ ਪ੍ਰਵਾਰ `ਚ ਜਨਮੇ…. ।

ਇਥੋਂ ਤੀਕ ਕਿ ਉਸ ਕਹਾਣੀ ਅਨੁਸਾਰ ਉਹ ਆਪਣੇ ਇਸ ਜਨਮ `ਚ ਆਪਣੀ ਮਾਂ ਦੀ ਛਾਤੀ ਤੋਂ ਦੁਧ ਨਹੀਂ ਸਨ ਚੁੰਙ ਰਹੇ ਕਿਉਂਕਿ ਉਹ ਤਾਂ ਸ਼ੂਦਰ ਪ੍ਰਵਾਰ `ਚੌ ਸੀ… ਅੰਤ ਜਦੋਂ ਰਾਮਾਨੰਦ ਨੇ ਆਪ ਆ ਕੇ ਉਨ੍ਹਾਂ ਦੇ ਕੰਨ `ਚ ਕਿਹਾ ਤਾਂ ਜਾ ਕੇ ਉਨ੍ਹਾਂ ਨੇ ਆਪਣੀ ਉਸ ਮਾਂ ਦਾ ਦੁਧ ਵੀ ਚੁੰਙਣਾ ਸ਼ੁਰੂ ਕੀਤਾ ਆਦਿ…।

ਜਦਕਿ ਗੁਰਬਾਣੀ `ਚ ਪ੍ਰਵਾਣਤ ਭਗਤ ਰਾਮਾਨੰਦ ਜੀ ਦਾ ਉਹ ਇਕੋ-ਇਕ ਸ਼ਬਦ ਵੀ ਅਸੀਂ ਵੇਰਵੇ ਅਤੇ ਅਰਥਾਂ ਸਹਿਤ ਪੜ੍ਹ ਆਏ ਜਿਹੜਾ ਇਸ ਦਾ ਸਬੂਤ ਹੈ ਕਿ ਭਗਤ ਰਾਮਾਨੰਦ ਜੀ ਬ੍ਰਾਹਮਣੀ ਵਰਣਵੰਡ, ਕਰਮਕਾਂਡਾਂ, ਮੂਰਤੀ ਪੂਜਾ ਤੇ ਤੀਰਥ ਇਸ਼ਨਾਨਾਂ ਆਦਿ ਦੇ ਸਖ਼ਤ ਵਿਰੋਧੀ ਸਨ।

ਫ਼ਿਰ ਇਹ ਵੀ ਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਭਗਤ ਰਵਿਦਾਸ ਜੀ ਦੇ ਵੀ ੪੩ ਸ਼ਬਦ ਦਰਜ ਹਨ। ਜਿਹੜੇ ਸਾਬਤ ਕਰਦੇ ਹਨ ਕਿ ਭਗਤ ਰਵਿਦਾਸ ਜੀ ਵੀ ਬ੍ਰਾਹਮਣੀ ਵਰਣ-ਵੰਡ, ਕਰਮਕਾਂਡਾਂ, ਮੂਰਤੀ ਪੂਜਾ ਅਤੇ ਤੀਰਥ ਇਸ਼ਨਾਨਾਂ ਆਦਿ ਦੇ ਕੱਟਰ ਵਿਰੋਧੀ ਸਨ।

ਇਥੋਂ ਤੀਕ ਕਿ ਰਵਿਦਾਸ ਜੀ ਨੇ ਆਪਣੇ ਉਨ੍ਹਾਂ ੪੩ ਦੇ ੪੩ ਸ਼ਬਦਾਂ `ਚੋਂ ਕਿਸੇ ਇੱਕ ਵੀ ਸ਼ਬਦ `ਚ ਆਪਣੇ ਇਸ ਜਨਮ `ਚ ਆਪਣੀ ਮਾਤਾ ਦਾ ਦੁਧ ਨਾ ਚੁੰਙਣ ਵਾਲੀ ਗੱਲ ਜਾਂ ਆਪਣੇ ਪਿੱਛਲੇ ਜਨਮ ਦੀ ਉਸ ਪ੍ਰਚਲਤ ਘਟਣਾ ਵੱਲ ਇਸ਼ਾਰਾ ਤੱਕ ਵੀ ਨਹੀਂ ਕੀਤਾ।

ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਕਹਾਣੀਕਾਰਾਂ ਨੂੰ ਤਾਂ ਪਤਾ ਲੱਗ ਗਿਆ ਕਿ ਆਪਣੇ ਪਿੱਛਲੇ ਜਨਮ `ਚ ਰਵੀਦਾਸ ਜੀ ਕੌਣ ਸਨ ਅਤੇ ਬਚਪਣ `ਚ ਉਨ੍ਹਾਂ ਨੇ ਆਪਣੀ ਮਾਂ ਦੀ ਛਾਤੀ ਚੋਂ ਦੁਧ ਚੁੰਙਣ ਤੋਂ ਮਨ੍ਹਾਂ ਇਨਕਾਰ ਕਰ ਦਿੱਤਾ ਸੀ।

ਪਰ ਖ਼ੂਬੀ ਇਹ ਵੀ ਹੈ ਕਿ ਰਵਿਦਾਸ ਦੀ ਜ਼ਿੰਦਗੀ ਦੀ ਇਨੀਂ ਵੱਡੀ ਘਟਨਾ। ਆਪਣੇ ਪਿਛਲੇ ਜਨਮ `ਚ ਉਨ੍ਹਾਂ ਦਾ ਬ੍ਰਾਹਮਣ ਹੋਣਾ. . ਇਸੇ ਕਾਰਣ ਇਸ ਜਨਮ `ਚ ਉਨ੍ਹਾਂ ਰਾਹੀਂ ਆਪਣੀ ਸ਼ੂਦਰ ਮਾਂ ਦਾ ਦੁੱਧ ਚੁੰਙਣ ਤੋਂ ਇਨਕਾਰ ਕਰ ਦੇਣਾ. . ਪਰ ਉਨ੍ਹਾਂ ਵੱਲੋਂ ਇਸ ਦਾ ਜ਼ਿਕਰ ਤੱਕ ਨਹੀਂ।

ਇਸ ਤੋਂ ਵੱਡੀ ਕਮਾਲ ਦੀ ਗੱਲ ਹੋਰ ਵੀ ਹੈ ਕਿ, ਭਗਤ ਰਵਿਦਾਸ ਜੀ ਅਤੇ ਨਾ ਹੀ ਰਾਮਾਨੰਦ ਜੀ ਨੇ ਆਪਣੀਆਂ ਰਚਨਾਵਾਂ `ਚ ਇਸ ਘਟਣਾ ਦਾ ਜ਼ਿਕਰ ਕਰਣਾ ਜ਼ਰੂਰੀ ਸਮਝਿਆ। ਸਪਸ਼ਟ ਹੈ ਕਿ ਉਹ ਇਸ ਲਈ ਕਿਉਂਕਿ ਅਜਿਹੀ ਕੋਈ ਘਟਣਾ ਕਦੇ ਵਾਪਰੀ ਹੀ ਨਹੀਂ ਸੀ।

ਬਲਕਿ ਭਗਤ ਰਵਿਦਾਸ ਜੀ ਤਾਂ ਬੜੇ ਗਰਵ ਨਾਲ ਆਪਣੇ ਸ਼ਬਦਾਂ `ਚ ਕੇਵਲ ਇੱਕ ਵਾਰੀ ਹੀ ਨਹੀਂ ਬਾਰ-ਬਾਰ ਆਪਣੇ ਆਪ ਨੂੰ ਚਮਾਰ ਹੀ ਕਹਿ ਰਹੇ ਅਤੇ ਫ਼ੁਰਮਾਅ ਰਹੇ ਹਨ ਜਿਵੇਂ:-

() "ਚਮਰਟਾ ਗਾਂਠਿ ਨ ਜਨਈ॥ ਲੋਗੁ ਗਠਾਵੈ ਪਨਹੀ. ." (ਪੰ: ੬੫੯)

() "ਕਹਿ ਰਵਿਦਾਸ ਖਲਾਸ ਚਮਾਰਾ॥ ਜੋ ਹਮ ਸਹਰੀ ਸੁ ਮੀਤੁ ਹਮਾਰਾ (ਪੰ: ੩੪੫)

() "ਜੈਸਾ ਰੰਗੁ ਕਸੁੰਭ ਕਾ, ਤੈਸਾ ਇਹੁ ਸੰਸਾਰੁ॥ ਮੇਰੇ ਰਮਈਏ ਰੰਗੁ ਮਜੀਠ ਕਾ, ਕਹੁ ਰਵਿਦਾਸ ਚਮਾਰ" (ਪੰ: ੩੪੬)

() "ਜੋਗੀਸਰ ਪਾਵਹਿ ਨਹੀ, ਤੁਅ ਗੁਣ ਕਥਨੁ ਅਪਾਰ॥ ਪ੍ਰੇਮ ਭਗਤਿ ਕੈ ਕਾਰਣੈ, ਕਹੁ ਰਵਿਦਾਸ ਚਮਾਰ" (ਪੰ: ੩੪੬)

() "ਜਾਤੀ ਓਛਾ, ਪਾਤੀ ਓਛਾ, ਓਛਾ ਜਨਮੁ ਹਮਾਰਾ॥ ਰਾਜਾ ਰਾਮ ਕੀ ਸੇਵ ਨ ਕੀਨੀੑ ਕਹਿ ਰਵਿਦਾਸ ਚਮਾਰਾ" (ਪੰ: ੪੮੬)

() "ਮੇਰੀ ਜਾਤਿ ਕਮੀਨੀ, ਪਾਂਤਿ ਕਮੀਨੀ ਓਛਾ ਜਨਮੁ ਹਮਾਰਾ॥ ਤੁਮ ਸਰਨਾਗਤਿ ਰਾਜਾ ਰਾਮ ਚੰਦ, ਕਹਿ ਰਵਿਦਾਸ ਚਮਾਰਾ" (ਪੰ: ੬੫੯)

ਇਹ ਤਾਂ ਇਸ ਪਾਸੇ ਕੇਵਲ ਇਸ਼ਾਰਾ ਮਾਤ੍ਰ ਹੀ ਹੈ, ਜਦਕਿ ਗੁਰਬਾਣੀ ਵਿੱਚਲੇ ਸਮੂਹ ਪ੍ਰਵਾਣਤ ਭਗਤਾਂ ਬਾਰੇ ਇਹ ਪ੍ਰਚਲਤ ਕਹਾਣੀਆਂ ਆਧਾਰ ਹੀਣ ਹਨ।

ਇਸ ਤੋਂ ਬਾਅਦ ਜਦੋਂ ਅਸੀਂ ਆਪ ਨਤ-ਮਸਤਕ ਹੋ ਕੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਬ ਜੀ" ਅੰਦਰੋਂ ਇਨ੍ਹਾਂ ੧੫ ਦੇ ੧੫ ਭਗਤਾਂ ਦੀ ਆਪਣੀ ਵਿਚਾਰਧਾਰਾ ਦੇ ਦਰਸ਼ਨ ਕਰਦੇ ਹਾਂ ਤਾਂ ਇੱਕ-ਇੱਕ ਭਗਤ ਦੀ ਵਿਚਾਰਧਾਰਾ "ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ॥ . ." (ਪੰ: ੬੪੬) ਵਾਲੀ ਗੁਰਬਾਣੀ ਦੀ ਕਸਵਟੀ `ਤੇ ਪੂਰੀ ਉਤਰਦੀ ਹੈ। ਬਲਕਿ ਅਜਿਹੀ ਹਰੇਕ ਕਹਾਣੀ, ਨਾਲ-ਨਾਲ ਉਨ੍ਹਾਂ ਕਹਾਣੀਕਾਰਾਂ ਦਾ ਪਾਜ ਵੀ ਉਘੇੜਦੀ ਹੈ।

ਇਨ੍ਹਾਂ ਹੀ ਕਹਾਣੀਆਂ ਦਾ ਇੱਕ ਹੋਰ, ਕਮਾਲ! ਕਹਿਣ ਵਾਲੇ ਭਾਵ ਇਹ ਕਹਾਣੀਕਾਰ ਤਾਂ ਭਗਤ ਰਾਮਾਨੰਦ ਨੂੰ ਕਬੀਰ ਸਾਹਿਬ, ਨਾਮਦੇਵ, ਰਵਿਦਾਸ ਜੀ ਦਾ ਗੁਰੂ ਬਿਆਣ ਕਰ ਰਹੇ ਹਨ।

ਜਦਕਿ ਉਸ ਦੇ ਉਲਟ ਰਵਿਦਾਸ ਜੀ, ਨਾਮਦੇਵ ਜੀ ਜਾਂ ਕਬੀਰ ਸਾਹਿਬ ਨੇ ਆਪਣੀਆਂ ਸਮੂਹ ਪ੍ਰਵਾਣਤ ਰਚਨਾਵਾਂ `ਚ ਕਿੱਧਰੇ ਇੱਕ ਵਾਰੀ ਵੀ ਰਾਮਾਨੰਦ ਜੀ ਲਈ ਆਪਣਾ ਗੁਰੂ ਹੋਣ ਦਾ ਇਸ਼ਾਰਾ ਤੱਕ ਨਹੀਂ ਕੀਤਾ।

ਬਲਕਿ ਇਹ ਸਾਰੇ ਭਗਤ ਆਪਣੀਆਂ ਰਚਨਾਵਾਂ `ਚ ਜਿੱਥੇ-ਕਿੱਥੇ ਵੀ ਗੁਰੂ ਦੀ ਗੱਲ ਕਰਦੇ ਹਨ ਤਾਂ ਉਹ ਸੰਸਾਰ ਤਲ ਦੇ "ਇਕੋ ਇਕ" ਸ਼ਬਦ-ਗੁਰੂ ਅਥਵਾ ਇਕੋਇਕ ਅਕਾਲਪੁਰਖ ਦੀ ਗੱਲ ਹੀ ਕਰਦੇ ਹਨ। ਬਲਕਿ ਉਹ ਤਾਂ ਕਿਸੇ ਸਰੀਰ-ਗੁਰੂ ਦੀ ਕਿੱਧਰੇ ਗੱਲ ਤੀਕ ਵੀ ਨਹੀਂ ਕਰਦੇ। ਹੋਰ ਤਾਂ ਹੋਰ, ਕਬੀਰ ਸਾਹਿਬ ਤਾਂ ਇਥੋਂ ਤੀਕ ਸਪਸ਼ਟ ਫ਼ੁਰਮਾਉਂਦੇ ਹਨ "ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾੳ ਬਿਬੇਕ+" (ਪੰ: ੭੯੩)। (ਚਲਦਾ) #234P-XXVIIII,-02.17-0217#P29v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXVIIII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਉਨੱਤੀਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.