.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਅਠਾਈਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ ੧੯੫੬

"ਮਹਲਾ ੫॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ…. ."- ਇਸ ਤਰ੍ਹਾਂ ਭਗਤ ਧੰਨਾ ਜੀ ਦੇ ਸ਼ਬਦਾਂ ਵਿੱਚਕਾਰ ਹੀ ਅਸਾਂ ਪੰਜਵੇਂ ਪਾਤਸ਼ਾਹ ਦੇ ਸ਼ਬਦ "ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥ ੧ ॥ ਰਹਾਉ॥" (ਪੰ: ੪੮੭) ਦੇ ਅਰਥਾਂ ਸਹਿਤ ਦਰਸ਼ਨ ਕੀਤੇ ਹਨ।

ਉਪ੍ਰੰਤ ਇਹ ਵੀ ਦੇਖਣਾ ਹੈ ਕਿ ਪੰਜਵੇਂ ਪਾਤਸ਼ਾਹ ਦੇ ਉਸ ਸ਼ਬਦ `ਚੌ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਿੱਚਲੀਆਂ ਭਗਤਾਂ ਦੀਆਂ ਰਚਨਾਵਾਂ ਸੰਬੰਧੀ ਮੁੱਖ ਤਿੰਨ ਪੱਖ ਉਭਰ ਕੇ, ਸਾਡੇ ਸਾਹਮਣੇ ਆਉਂਦੇ ਹਨ ਜਿਹੜੇ ਕਿ ਵਾਰੀ ਵਾਰੀ ਇਸਤਰ੍ਹਾਂ ਹਨ:-

(੧) ਭਗਤ ਧੰਨਾ ਜੀ ਨੂੰ ਅਕਾਲਪੁਰਖ ਦੀ ਪ੍ਰਾਪਤੀ ਕਿਵੇਂ ਹੋਈ ਭਾਵ ਭਗਤ ਧੰਨਾ ਜੀ ਮਨੁੱਖਾ ਜਨਮ ਦੀ ਸ਼ਫ਼ਲ ਅਵਸਥਾ ਨੂੰ ਕਿਵੇਂ ਪ੍ਰਾਪਤ ਹੋਏ?

ਇੱਥੇ ਭਗਤ ਧੰਨਾ ਜੀ ਜਦੋਂ ਆਪ ਹੀ, ਆਪਣੇ ਉਸ ਸ਼ਬਦ "ਭ੍ਰਮਤ ਫਿਰਤ ਬਹੁ ਜਨਮ ਬਿਲਾਨੇ." (ਪੰ: ੪੮੭) `ਚ ਇਸ ਦੀ ਵਿਆਖਿਆ ਕਰਦੇ ਤੇ ਫ਼ੁਰਮਾਉਂਦੇ ਹਨ ਕਿ ਮੈਂ ਧੰਨੇ ਨੇ "ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ"।

ਤਾਂ ਫ਼ਿਰ ਕੋਈ ਇਹ ਸੋਚਣ ਲਈ ਕੋਈ ਹੋਰ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ ਕਿ ਧੰਨਾਂ ਜੀ ਬਾਰੇ ਪ੍ਰਚਲਤ ਕਹਾਣੀਆਂ ਅਨੁਸਾਰ ਕਿਸੇ ਵੀ ਹੋਰ ਢੰਗ ਨਾਲ ਪਾਇਆ ਹੋਵੇ।

ਫ਼ਿਰ ਇਹ ਵੀ ਕਿ ਭਗਤ ਜੀ ਦੇ ਕਥਨ "ਮਿਲਿ ਜਨ ਸੰਤ ਸਮਾਨਿਆ" ਅਨੁਸਾਰ ਉਹ ‘ਸੰਤ ਜਨ’ ਕਿਹੜੇ ਸਨ ਜਿਨ੍ਹਾਂ ਦੀ ਸੰਗਤ `ਚ ਆ ਕੇ ਭਗਤ ਧੰਨਾ ਜੀ ਮਨੁੱਖਾ ਜਨਮ ਦੀ ਉਸ ਉੱਚਤੱਮ ਸਫ਼ਲ ਅਵਸਥਾ ਅਥਵਾ ਪ੍ਰਭੂ ਮਿਲਾਪ ਵਾਲੀ ਅਵਸਥਾ ਨੂੰ ਪ੍ਰਾਪਤ ਹੋਏ?

ਉਪ੍ਰੰਤ ਉਨ੍ਹਾਂ ਹੀ ਸੰਤ ਜਨਾ ਦੇ ਨਾਮ ਤੇ ਵੇਰਵਾ "ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ …" (ਪੰ: ੪੮੭) ਵਾਲੇ ਸ਼ਬਦ `ਚ ਪੰਜਵੇਂ ਪਾਤਸ਼ਾਹ "ਨਾਮਦੇਵ ਜੀ, ਕਬੀਰ ਸਾਹਿਬ, ਰਵਿਦਾਸ ਜੀ ਤੇ ਸੈਣ ਜੀ ਦੇ ਨਾਮ ਲੈ ਕੇ ਆਪ ਸਪਸ਼ਟ ਕਰਦੇ ਹਨ।

ਪੰਜਵੇਂ ਪਾਤਸ਼ਾਹ ਫ਼ੁਰਮਾਉਂਦੇ ਹਨ "ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ", ਭਾਵ "ਮਿਲਿ ਜਨ ਸੰਤ ਸਮਾਨਿਆ" ਇਨ੍ਹਾਂ ਭਗਤ ਜਨਾਂ ਦੀ ਸੰਗਤ `ਚ ਆ ਕੇ, ਧੰਨਾ ਜੀ ਵੀ, ਮਨੁੱਖਾ ਜਨਮ ਦੀ ਸ਼ਫ਼ਲ ਅਵਸਥਾ ਨੂੰ ਪ੍ਰਾਪਤ ਹੋਏ।

(੨) ਇਸਤਰ੍ਹਾਂ ਪੰਜਵੇਂ ਪਾਤਸ਼ਾਹ ਦੇ ਸ਼ਬਦ "ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ …" ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ "ਨਾਮਦੇਵ ਜੀ, ਕਬੀਰ ਸਾਹਿਬ, ਰਵਿਦਾਸ ਜੀ, ਸੈਣ ਜੀ ਤੇ ਭਗਤ ਧੰਨਾ ਜੀ" ਭਾਵ ਗੁਰਬਾਣੀ ਵਿੱਚਲੇ ਇਹ ਸਾਰੇ ਭਗਤ-ਜਨ ਸਮਕਾਲੀ ਸਨ।

(੩) ਗੁਰਬਾਣੀ ਵਿੱਚਲੇ ਇਹ ਸਾਰੇ ਭਗਤ ਆਪਣੇ-ਆਪਣੇ ਜਨਮ ਤੋਂ, ਮਨੁੱਖਾ ਜਨਮ ਦੀ ਸਫ਼ਲ ਅਵਸਥਾ ਨੂੰ ਪ੍ਰਾਪਤ ਨਹੀਂ ਸਨ। ਬਲਕਿ ਇਹ ਸਾਰੇ ਭਗਤ, ਇੱਕ ਦੂਜੇ ਦੀ ਸੰਗਤ ਅਤੇ ਸੰਪਰਕ `ਚ ਆ ਕੇ ਤੇ ਆਪਣੀ-ਆਪਣੀ ਘਾਲ ਕਮਾਈ ਕਾਰਣ, "ਪੰਚਾ ਕਾ ਗੁਰੁ ਏਕੁ ਧਿਆਨੁ." (ਬਾਣੀ ਜਪੁ), ਮਨੁੱਖਾ ਜਨਮ ਦੀ ਸਫ਼ਲ ਅਵਸਥਾ ਨੂੰ ਪ੍ਰਾਪਤ ਹੋਏ ਸਨ।

ਉਂਜ ਗੁਰਬਾਣੀ `ਚ ਪੰਜਵੇਂ ਪਾਤਸ਼ਾਹ ਦੇ ਉਪ੍ਰੋਕਤ ਸ਼ਬਦ "ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ …" ਤੋਂ ਇਲਾਵਾ ਹੋਰ ਵੀ ਕਈ ਸ਼ਬਦ ਆਏ ਹਨ ਜਿਹੜੇ ਇਸ ਸਚਾਈ ਦਾ ਆਪਣੇ ਆਪ `ਚ ਪ੍ਰਗਟਾਵਾ ਤੇ ਸਬੂਤ ਹਨ ਕਿ ਗੁਰਬਾਣੀ ਵਿੱਚਲੇ ਸਮੂਹ ਭਗਤ, ਜਨਮਾਂਦਰੂ ਮਨੁੱਖਾ ਜਨਮ ਦੀ ਉੱਚਤੱਮ ਤੇ ਸ਼ਫ਼ਲ ਅਵਸਥਾ ਨੂੰ ਪ੍ਰਾਪਤ ਨਹੀਂ ਸਨ। ਬਲਕਿ ਇਹ ਸਾਰੇ ਭਗਤ, ਬਹੁਤਾ ਕਰਕੇ ਇੱਕ ਦੂਜੇ ਦੀ ਸ਼ੰਗਤ `ਚ ਆ ਕੇ ਤੇ ਆਪਣੀ-ਆਪਣੀ ਘਾਲ ਕਮਾਈ ਨਾਲ ਹੀ:-

ਮਨੁੱਖਾ ਜਨਮ ਦੀ ਸ਼ਫ਼ਲ ਅਵਸਥਾ "ਪੰਚ ਪਰਵਾਣ ਪੰਚ ਪਰਧਾਨੁ।। ਪੰਚੇ ਪਾਵਹਿ ਦਰਗਹਿ ਮਾਨੁ।। ਪੰਚੇ ਸੋਹਹਿ ਦਰਿ ਰਾਜਾਨੁ।। ਪੰਚਾ ਕਾ ਗੁਰੁ ਏਕੁ ਧਿਆਨੁ" (ਬਾਣੀ ਜਪੁ) ਨੂੰ ਪ੍ਰਾਪਤ ਹੋਏ ਸਨ। ਇਸੇ ਲਈ ਗੁਰਬਾਣੀ `ਚ, ਗੁਰਦੇਵ ਨੇ ਉਨ੍ਹਾਂ ਦੀਆਂ ਰਚਨਾਵਾਂ ਲਈ ਸਿਰਲੇਖ ਵੀ ਦਿੱਤਾ ਹੈ ਤਾਂ "ਬਾਣੀ ਭਗਤਾਂ ਕੀ" ਦਾ।

ਤਾਂ ਤੇ ਇਸ ਵਿਸ਼ੇ ਨਾਲ ਸੰਬੰਧਤ, ਗੁਰਬਾਣੀ `ਚੋਂ ਹੀ ਅਰਥਾਂ ਸਹਿਤ ਕੁੱਝ ਹੋਰ ਸ਼ਬਦ:-

() ". . ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ, ਅਉਜਾਤਿ ਰਵਿਦਾਸੁ ਚਮਿਆਰੁ ਚਮਈਆ॥ ਜੋ ਜੋ ਮਿਲੈ ਸਾਧੂ ਜਨ ਸੰਗਤਿ, ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ॥  ॥ ਸੰਤ ਜਨਾ ਕੀ ਹਰਿ ਪੈਜ ਰਖਾਈ, ਭਗਤਿ ਵਛਲੁ ਅੰਗੀਕਾਰੁ ਕਰਈਆ॥ ਨਾਨਕ ਸਰਣਿ ਪਰੇ ਜਗਜੀਵਨ, ਹਰਿ ਹਰਿ ਕਿਰਪਾ ਧਾਰਿ ਰਖਈਆ" (ਰਾਗ ਬਿਲਾਵਲ ਮ: ੪-ਪੰ: ੮੩੫)

ਅਰਥ : —ਹੇ ਭਾਈ! ਨਾਮਦੇਵ, ਜੈਦੇਓ, ਕਬੀਰ, ਤ੍ਰਿਲੋਚਨ, ਨੀਵੀਂ ਜਾਤਿ ਵਾਲਾ ਰਵਿਦਾਸ ਚਮਾਰ, ਧੰਨਾ ਜੱਟ, ਸੈਣ (ਨਾਈ) —ਜਿਹੜਾ ਜਿਹੜਾ ਭੀ ਸੰਤ ਜਨਾਂ ਦੀ ਸੰਗਤਿ ਵਿੱਚ ਮਿਲਦਾ ਆਇਆ ਹੈ, ਉਹ ਭਾਗਾਂ ਵਾਲਾ ਬਣਦਾ ਗਿਆ, ਉਹ ਦਇਆ ਦੇ ਸੋਮੇ ਪਰਮਾਤਮਾ ਨੂੰ ਮਿਲ ਪਿਆ। ੭।

ਹੇ ਨਾਨਕ! (ਆਖ—ਹੇ ਭਾਈ!) ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਆਪਣੇ ਸੰਤ ਜਨਾਂ ਦੀ ਸਦਾ ਲਾਜ ਰੱਖਦਾ ਆਇਆ ਹੈ, ਸੰਤ ਜਨਾਂ ਦਾ ਪੱਖ ਕਰਦਾ ਆਇਆ ਹੈ। ਜਿਹੜੇ ਮਨੁੱਖ ਜਗਤ ਦੇ ਜੀਵਨ, ਪ੍ਰਭੂ ਦੀ ਸਰਨ ਪੈਂਦੇ ਹਨ, ਮਿਹਰ ਕਰ ਕੇ ਉਹਨਾਂ ਦੀ ਰੱਖਿਆ ਕਰਦਾ ਹੈ। ੮।

() "…ਧੰਨੈ ਸੇਵਿਆ ਬਾਲ ਬੁਧਿ॥ ਤ੍ਰਿਲੋਚਨ ਗੁਰ ਮਿਲਿ ਭਈ ਸਿਧਿ॥ ਬੇਣੀ ਕਉ ਗੁਰਿ ਕੀਓ ਪ੍ਰਗਾਸੁ॥ ਰੇ ਮਨ ਤੂ ਭੀ ਹੋਹਿ ਦਾਸੁ॥ ੫ ॥ ਜੈਦੇਵ ਤਿਆਗਿਓ ਅਹੰਮੇਵ॥ ਨਾਈ ਉਧਰਿਓ ਸੈਨੁ ਸੇਵ॥ ਮਨੁ ਡੀਗਿ ਨ ਡੋਲੈ ਕਹੂੰ ਜਾਇ॥ ਮਨ ਤੂ ਭੀ ਤਰਸਹਿ ਸਰਣਿ ਪਾਇ॥ ੬ 

ਜਿਹ ਅਨੁਗ੍ਰਹੁ ਠਾਕੁਰਿ ਕੀਓ ਆਪਿ॥ ਸੇ ਤੈਂ ਲੀਨੇ ਭਗਤ ਰਾਖਿ॥ ਤਿਨ ਕਾ ਗੁਣੁ ਅਵਗਣੁ ਨ ਬੀਚਾਰਿਓ ਕੋਇ॥ ਇਹ ਬਿਧਿ ਦੇਖਿ ਮਨੁ ਲਗਾ ਸੇਵ॥ ੭ ॥ ਕਬੀਰਿ ਧਿਆਇਓ ਏਕ ਰੰਗ॥ ਨਾਮਦੇਵ ਹਰਿ ਜੀਉ ਬਸਹਿ ਸੰਗਿ॥ ਰਵਿਦਾਸ ਧਿਆਏ ਪ੍ਰਭ ਅਨੂਪ॥ ਗੁਰ ਨਾਨਕ ਦੇਵ ਗੋਵਿੰਦ ਰੂਪ" (ਰਾਗ ਬਸੰਤ ਮ: ੫-ਪੰ: ੧੧੯੨))

ਅਰਥ : —ਹੇ (ਮੇਰੇ) ਮਨ! ਧੰਨੇ ਨੇ (ਗੁਰੂ ਦੀ ਸਰਨ ਪੈ ਕੇ) ਬਾਲਾਂ ਵਾਲੀ (ਨਿਰਵੈਰ) ਬੁੱਧੀ ਪ੍ਰਾਪਤ ਕਰ ਕੇ ਪਰਮਾਤਮਾ ਦੀ ਭਗਤੀ ਕੀਤੀ। ਗੁਰੂ ਨੂੰ ਮਿਲ ਕੇ ਤ੍ਰਿਲੋਚਨ ਨੂੰ ਭੀ ਆਤਮਕ ਜੀਵਨ ਵਿੱਚ ਸਫਲਤਾ ਪ੍ਰਾਪਤ ਹੋਈ। ਗੁਰੂ ਨੇ (ਭਗਤ) ਬੇਣੀ ਨੂੰ ਆਤਮਕ ਜੀਵਨ ਦਾ ਚਾਨਣ ਬਖ਼ਸ਼ਿਆ। ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਭਗਤ (ਇਸੇ ਤਰ੍ਹਾਂ) ਬਣ। ੫।

ਹੇ (ਮੇਰੇ) ਮਨ! (ਗੁਰੂ ਨੂੰ ਮਿਲ ਕੇ) ਜੈਦੇਵ ਨੇ (ਆਪਣੇ ਬ੍ਰਾਹਮਣ ਹੋਣ ਦਾ) ਮਾਣ ਛੱਡਿਆ। ਸੈਣ ਨਾਈ (ਗੁਰੂ ਦੀ ਸਰਨ ਪੈ ਕੇ) ਭਗਤੀ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ, (ਸੈਣ ਦਾ) ਮਨ ਕਿਸੇ ਭੀ ਥਾਂ (ਮਾਇਆ ਦੇ ਠੇਡਿਆਂ ਨਾਲ) ਡਿੱਗ ਕੇ ਡੋਲਦਾ ਨਹੀਂ ਸੀ। ਹੇ (ਮੇਰੇ) ਮਨ! (ਗੁਰੂ ਦੀ) ਸਰਨ ਪੈ ਕੇ ਤੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ। ੬।

ਹੇ ਪ੍ਰਭੂ! ਜਿਨ੍ਹਾਂ ਭਗਤ ਜਨਾਂ ਉਤੇ ਤੈਂ ਠਾਕੁਰ ਨੇ ਆਪ ਮਿਹਰ ਕੀਤੀ, ਉਹਨਾਂ ਨੂੰ ਤੂੰ (ਸੰਸਾਰ-ਸਮੁੰਦਰ ਵਿਚੋਂ) ਬਚਾ ਲਿਆ, ਤੂੰ ਉਹਨਾਂ ਦਾ ਨਾਹ ਕੋਈ ਗੁਣ ਤੇ ਨਾਹ ਕੋਈ ਔਗੁਣ ਵਿਚਾਰਿਆ। ਹੇ ਪ੍ਰਭੂ! ਤੇਰੀ ਇਸ ਕਿਸਮ ਦੀ ਦਇਆਲਤਾ ਵੇਖ ਕੇ (ਮੇਰਾ ਭੀ) ਮਨ (ਤੇਰੀ) ਭਗਤੀ ਵਿੱਚ ਲੱਗ ਪਿਆ ਹੈ। ੭।

ਹੇ ਨਾਨਕ! ਕਬੀਰ ਨੇ ਇਕ-ਰਸ ਪਿਆਰ ਵਿੱਚ ਟਿਕ ਕੇ ਪਰਮਾਤਮਾ ਦਾ ਧਿਆਨ ਧਰਿਆ। ਪ੍ਰਭੂ ਜੀ ਨਾਮਦੇਵ ਜੀ ਦੇ ਭੀ ਨਾਲ ਵੱਸਦੇ ਹਨ। ਰਵਿਦਾਸ ਨੇ ਭੀ ਸੋਹਣੇ ਪ੍ਰਭੂ ਦਾ ਸਿਮਰਨ ਕੀਤਾ। (ਇਹਨਾਂ ਸਭਨਾਂ ਉੱਤੇ ਗੁਰੂ ਨੇ ਹੀ ਕਿਰਪਾ ਕੀਤੀ)। ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ (ਤੂੰ ਭੀ ਗੁਰੂ ਦੀ ਸਰਨ ਪਿਆ ਰਹੁ)। ੮। ੧।

() "ਉਆ ਅਉਸਰ ਕੈ ਹਉ ਬਲਿ ਜਾਈ॥ ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ॥ ੧ ॥ ਰਹਾਉ॥ ਭਲੋ ਕਬੀਰੁ ਦਾਸੁ ਦਾਸਨ ਕੋ, ਊਤਮੁ ਸੈਨੁ ਜਨੁ ਨਾਈ॥ ਊਚ ਤੇ ਊਚ ਨਾਮਦੇਉ ਸਮਦਰਸੀ, ਰਵਿਦਾਸ ਠਾਕੁਰ ਬਣਿ ਆਈ॥ ੧ ॥ ਜੀਉ ਪਿੰਡੁ ਤਨੁ ਧਨੁ ਸਾਧਨ ਕਾ, ਇਹੁ ਮਨੁ ਸੰਤ ਰੇਨਾਈ॥ ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ" (ਮ: ੫-ਪੰ: ੧੨੦੭).

ਅਰਥ : —ਹੇ ਭਾਈ! ਮੈਂ ਉਸ ਮੌਕੇ ਤੋਂ ਸਦਕੇ ਜਾਂਦਾ ਹਾਂ (ਜਦੋਂ ਮੈਨੂੰ ਸੰਤ ਜਨਾਂ ਦੀ ਸੰਗਤਿ ਪ੍ਰਾਪਤ ਹੋਈ)। (ਹੁਣ ਮੈਨੂੰ) ਅੱਠੇ ਪਹਿਰ ਆਪਣੇ ਪ੍ਰਭੂ ਦਾ ਸਿਮਰਨ (ਮਿਲ ਗਿਆ ਹੈ), ਤੇ, ਵੱਡੇ ਭਾਗਾਂ ਨਾਲ ਮੈਂ ਹਰੀ ਨੂੰ ਲੱਭ ਲਿਆ ਹੈ। ੧। ਰਹਾਉ।

ਹੇ ਭਾਈ! ਕਬੀਰ (ਪਰਮਾਤਮਾ ਦੇ) ਦਾਸਾਂ ਦਾ ਦਾਸ ਬਣ ਕੇ ਭਲਾ ਬਣ ਗਿਆ, ਸੈਣ ਨਾਈ ਸੰਤ ਜਨਾਂ ਦਾ ਦਾਸ ਬਣ ਕੇ ਉੱਤਮ ਜੀਵਨ ਵਾਲਾ ਹੋ ਗਿਆ। (ਸੰਤ ਜਨਾਂ ਦੀ ਸੰਗਤਿ ਨਾਲ) ਨਾਮਦੇਵ ਉੱਚੇ ਤੋਂ ਉੱਚੇ ਜੀਵਨ ਵਾਲਾ ਬਣਿਆ, ਅਤੇ ਸਭ ਵਿੱਚ ਪਰਮਾਤਮਾ ਦੀ ਜੋਤ ਨੂੰ ਵੇਖਣ ਵਾਲਾ ਬਣ ਗਿਆ, (ਸੰਤ ਜਨਾਂ ਦੀ ਕਿਰਪਾ ਨਾਲ ਹੀ) ਰਵਿਦਾਸ ਦੀ ਪਰਮਾਤਮਾ ਨਾਲ ਪ੍ਰੀਤ ਬਣ ਗਈ। ੧।

ਹੇ ਨਾਨਕ! (ਆਖ—ਹੇ ਭਾਈ!) ਮੇਰੀ ਇਹ ਜਿੰਦ, ਮੇਰਾ ਇਹ ਸਰੀਰ, ਇਹ ਤਨ, ਇਹ ਧਨ—ਸਭ ਕੁੱਝ ਸੰਤ ਜਨਾਂ ਦਾ ਹੋ ਚੁਕਿਆ ਹੈ, ਮੇਰਾ ਇਹ ਮਨ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ। ਸੰਤ ਜਨਾਂ ਦੇ ਪ੍ਰਤਾਪ ਨਾਲ ਸਾਰੇ ਭਰਮ ਨਾਸ ਹੋ ਜਾਂਦੇ ਹਨ ਅਤੇ ਜਗਤ ਦਾ ਖਸਮ ਪ੍ਰਭੂ ਮਿਲ ਪੈਂਦਾ ਹੈ। ੨।

ਇਥੋਂ ਤੀਕ ਕਿ ਆਪਣੇ ਸਮੇਤ ਇਨ੍ਹਾਂ ਉਪ੍ਰੋਕਤ ਭਗਤਾਂ ਦੇ ਸਮਕਾਲੀ ਹੋਣ ਦੀ ਗਵਾਹੀ ਤਾਂ ਖ਼ੁੱਦ ਭਗਤ ਰਵਿਦਾਸ ਜੀ ਵੀ ਆਪਣੇ ਇੱਕ ਸ਼ਬਦ `ਚ ਭਰਦੇ ਹਨ ਜਿਵੇਂ:-

"ਐਸੀ ਲਾਲ ਤੁਝ ਬਿਨੁ ਕਉਨੁ ਕਰੈ॥ ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ॥ ੧ ॥ ਰਹਾਉ॥ ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀਂ ਢਰੈ॥ ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ॥ ੧ ॥ ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ॥ ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ" (ਰਾਗ ਮਾਰੂ, ਰਵੀਦਾਸ ਜੀ-ਪੰ: ੧੧੦੬)

ਅਰਥ : —ਹੇ ਸੋਹਣੇ ਪ੍ਰਭੂ! ਤੈਥੋਂ ਬਿਨਾ ਅਜਿਹੀ ਕਰਨੀ ਹੋਰ ਕੌਣ ਕਰ ਸਕਦਾ ਹੈ? (ਹੇ ਭਾਈ!) ਮੇਰਾ ਪ੍ਰਭੂ ਗ਼ਰੀਬਾਂ ਨੂੰ ਮਾਣ ਦੇਣ ਵਾਲਾ ਹੈ, (ਗ਼ਰੀਬ ਦੇ) ਸਿਰ ਉੱਤੇ ਭੀ ਛੱਤਰ ਝੁਲਾ ਦੇਂਦਾ ਹੈ (ਭਾਵ, ਗ਼ਰੀਬ ਨੂੰ ਭੀ ਰਾਜਾ ਬਣਾ ਦੇਂਦਾ ਹੈ)। ੧। ਰਹਾਉ।

(ਜਿਸ ਮਨੁੱਖ ਨੂੰ ਇਤਨਾ ਨੀਵਾਂ ਸਮਝਿਆ ਜਾਂਦਾ ਹੋਵੇ) ਕਿ ਉਸ ਦੀ ਭਿੱਟ ਸਾਰੇ ਸੰਸਾਰ ਨੂੰ ਲੱਗ ਜਾਏ (ਭਾਵ, ਜਿਸ ਮਨੁੱਖ ਦੇ ਛੋਹਣ ਨਾਲ ਹੋਰ ਸਾਰੇ ਲੋਕ ਆਪਣੇ ਆਪ ਨੂੰ ਭਿੱਟਿਆ ਗਿਆ ਸਮਝਣ ਲੱਗ ਪੈਣ) ਉਸ ਮਨੁੱਖ ਉੱਤੇ (ਹੇ ਪ੍ਰਭੂ!) ਤੂੰ ਹੀ ਕਿਰਪਾ ਕਰਦਾ ਹੈਂ। (ਹੇ ਭਾਈ!) ਮੇਰਾ ਗੋਬਿੰਦ ਨੀਚ ਬੰਦਿਆਂ ਨੂੰ ਉੱਚੇ ਬਣਾ ਦੇਂਦਾ ਹੈ, ਉਹ ਕਿਸੇ ਤੋਂ ਡਰਦਾ ਨਹੀਂ। ੧।

(ਪ੍ਰਭੂ ਦੀ ਕਿਰਪਾ ਨਾਲ ਹੀ) ਨਾਮਦੇਵ ਕਬੀਰ ਤ੍ਰਿਲੋਚਨ ਸਧਨਾ ਅਤੇ ਸੈਨ (ਆਦਿਕ ਭਗਤ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ। ਰਵਿਦਾਸ ਆਖਦਾ ਹੈ—ਹੇ ਸੰਤ ਜਨੋ! ਸੁਣੋ, ਪ੍ਰਭੂ ਸਭ ਕੁੱਝ ਕਰਨ ਦੇ ਸਮਰੱਥ ਹੈ। ੨। ੧। (ਸਮੂਚੀ ਅਰਥ ਲੜੀ-ਅਤੀ ਧੰਨਵਾਦਿ ਸਹਿਤ-ਪ੍ਰੋਫ਼ੈਸਰ ਸਾਹਿਬ ਸਿੰਘ ਜੀ)

ਪੱਥਰ ਮੂਰਤੀ ਆਦਿ ਦੀ ਪੂਜਾ ਅਤੇ ਗੁਰਬਾਣੀ- ਇਸ ਤਰ੍ਹਾਂ ਸਚਾਈ ਉਘੜਣ ਤੋਂ ਬਾਅਦ ਕਿ ਧੰਨਾ ਜੀ ਰਾਹੀਂ ਕਿਸੇ ਪੰਡਤ ਕੋਲੋਂ ਪੱਥਰ ਲਿਆਉਣਾ ਤੇ ਉਸ ਚੋਂ ‘ਭਗਵਾਨ’ ਕੱਢਣ ਵਾਲੀ ਫੈਲਾਈ ਹੋਈ ਕਹਾਣੀ ਦਾ ਕੀ ਮੁੱਲ ਰਹਿ ਜਾਂਦਾ ਹੈ? ਫ਼ਿਰ ਇਸ ਤਰ੍ਹਾਂ ਦੀਆਂ ਸ਼ੁਤ੍ਰੀਆਂ ਛੱਡੀਆਂ ਕਿਸ ਨੇ ਹਨ? ਇਹ ਸਭ ਸਮਝਦੇ ਦੇਰ ਨਹੀਂ ਲਗਣੀ ਚਾਹੀਦੀ।

ਦਰਅਸਲ ਧੰਨਾ ਜੀ ਬਾਰੇ ਪ੍ਰਚਲਤ ਪੱਥਰ ਚੋਂ ਰੱਬ ਕੱਢਣ ਵਾਲੀ ਕਹਾਣੀ ਸਮਾਜ ਨਾਲ ਕੋਰਾ ਧੋਖਾ ਬਲਕਿ ਧੰਨਾ ਜੀ ਦੀ ਘਾਲ ਕਮਾਈ ਨੂੰ ਦਬਾੳੇੁਣ ਲਈ ਵਿਰੋਧੀਆਂ ਦੀ ਸ਼ਰਾਰਤ ਤੇ ਚਾਲ ਤੋਂ ਸਿਵਾ ਹੋਰ ਕੁੱਝ ਨਹੀਂ। ਖੈਰ ਪੱਥਰ ਪੂਜਾ ਦੇ ਵਿਸ਼ੇ ਸੰਬੰਧੀ ਗੁਰਬਾਣੀ ਦਾ ਕੀ ਫ਼ੈਸਲਾ ਹੈ ਇਸ ਦੇ ਲਈ ਵੀ ਅਸੀਂ ਗੁਰਬਾਣੀ `ਚੋਂ ਹੀ ਕੁੱਝ ਪ੍ਰਮਾਣ ਲੈਣੇ ਚਾਹਾਂਗੇ। ਗੁਰਬਾਣੀ ਫ਼ੁਰਮਾਨ ਹਨ:-

() "ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥ ਜੋ ਪਾਥਰ ਕੀ ਪਾਂਈ ਪਾਇ॥ ਤਿਸ ਕੀ ਘਾਲ ਅਜਾਂਈ ਜਾਇ" (ਪੰ: ੧੧੬੦)

() "ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ" (ਪੰ: ੫੨੫)

() "ਘਰ ਮਹਿ ਠਾਕੁਰੁ ਨਦਰਿ ਨ ਆਵੈ॥ ਗਲ ਮਹਿ ਪਾਹਣੁ ਲੈ ਲਟਕਾਵੈ॥ ੧ ॥ ਭਰਮੇ ਭੂਲਾ ਸਾਕਤੁ ਫਿਰਤਾ॥ ਨੀਰੁ ਬਿਰੋਲੈ ਖਪਿ ਖਪਿ ਮਰਤਾ॥ ੧ ॥ ਰਹਾਉ॥ ਜਿਸੁ ਪਾਹਣ ਕਉ ਠਾਕੁਰੁ ਕਹਤਾ॥ ਓਹੁ ਪਾਹਣੁ ਲੈ ਉਸ ਕਉ ਡੁਬਤਾ॥ ੨ ॥ ਗੁਨਹਗਾਰ ਲੂਣ ਹਰਾਮੀ॥ ਪਾਹਣ ਨਾਵ ਨ ਪਾਰਗਿਰਾਮੀ" (ਪੰ: ੭੩੯) ਆਦਿ।

() "ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ॥ ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ॥ ੩ ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮ ਨਹੀ ਜਾਨਾ॥ ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ" (ਪੰ: ੩੩੨)

() "ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੁਡਹਿ ਤੇਹਿ  ਗੁਰ ਬਿਨੁ ਅਲਖੁ ਨ ਲਖੀਐ ਭਾਈ ਜਗੁ ਬੂਡੈ ਪਤਿ ਖੋਇ" (ਪੰ: ੬੩੭)

() "ਕਬੀਰ ਠਾਕੁਰੁ ਪੂਜਹਿ ਮੋਲਿ ਲੇ ਮਨਹਠਿ ਤੀਰਥ ਜਾਹਿ॥ ਦੇਖਾ ਦੇਖੀ ਸ੍ਵਾਂਗੁ ਧਰਿ ਭੂਲੇ ਭਟਕਾ ਖਾਹਿ॥ ੧੩੫ ਕਬੀਰ ਪਾਹਨੁ ਪਰਮੇਸੁਰੁ ਕੀਆ ਪੂਜੈ ਸਭੁ ਸੰਸਾਰੁ॥ ਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ॥ ੧੩੬ ॥" (ਪੰ: ੧੩੭੧)

ਇਸ ਦੇ ਉਲਟ, ਉਸ ਪ੍ਰਚਲਤ ਕਹਾਣੀ ਮੁਤਾਬਕ ਜੇ ਸੱਚਮੁਚ ਧੰਨੇ ਨੇ ਕਿਸੇ ਪੰਡਤ ਦੇ ਦਿੱਤੇ ਹੋਏ ਪੱਥਰ `ਚੋਂ ਹੀ ਰੱਬ ਕਢਿਆ ਹੁੰਦਾ ਤਾਂ ਗੁਰਬਾਣੀ ਸਿਧਾਂਤ ਵਿਰੁਧ, ਧੰਨਾ ਜੀ ਦੀ ਰਚਨਾ ਕਦੇ ਵੀ "ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ॥ . ." (ਪੰ: ੬੪੬) ਭਾਵ ਗੁਰਬਾਣੀ ਖਜ਼ਾਨੇ ਦਾ ਹਿੱਸਾ ਨਹੀਂ ਸੀ ਬਣ ਸਕਦੀ।

ਇਸ ਤੋਂ ਵੱਡੀ ਗੱਲ ਤੇ ਖੂਬੀ ਇਹ ਕਿ ਬ੍ਰਾਹਮਣ ਖੁਦ, ਜਿਹੜਾ ਇਸ ਪੱਥਰ ਤੇ ਮੂਰਤੀ ਪੂਜਾ ਦੀ ਸੋਚ ਨੂੰ ਜਨਮ ਦੇਣ ਵਾਲਾ ਹੈ, ਉਹ ਆਪ ਤਾਂ ਅੱਜ ਤੱਕ ਕਿਸੇ ਪੱਥਰ ਚੋਂ ਰੱਬ ਨਾ ਕੱਢ ਸਕਿਆ। ਫ਼ਿਰ ਵੀ ਦੂਜਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਣ ਤੋਂ ਇਹ ਕਦੇ ਪਿਛੇ ਨਾ ਰਿਹਾ।

ਇਸ ਤੋਂ ਵੱਧ ਇਹ ਵੀ ਕਿ ਜੇਕਰ ਗੁਰਬਾਣੀ ਵਿੱਚਲੇ ਇੱਕ-ਇੱਕ ਭਗਤ ਦੀਆਂ ਪ੍ਰਵਾਣਤ ਰਚਨਾਵਾਂ ਨੂੰ ਅੱਡ-ਅੱਡ ਕਰਕੇ ਵੀ ਲੈ ਲਿਆ ਜਾਵੇ ਤਾਂ ਉਥੋਂ ਵੀ ਸਾਫ਼ ਹੁੰਦੇ ਦੇਰ ਨਹੀਂ ਲਗੇਗੀ ਕਿ ਗੁਰਬਾਣੀ `ਚ ਪ੍ਰਵਾਣਤ ਸਾਰੇ ਭਗਤ ਪੱਥਰ ਤੇ ਮੂਰਤੀ ਪੂਜਾ ਆਦਿ ਦੇ ਵਿਰੁਧ ਸਨ।

ਤਾਂ ਫ਼ਿਰ ਆਪਣੇ ਆਪ `ਚ ਹੀ ਸੁਆਲ ਪੈਦਾ ਹੁੰਦਾ ਹੈ ਕੀ ਗੁਰਬਾਣੀ ਵਿੱਚਲੇ ਭਗਤਾਂ ਦੀ ਆਪਣੀ ਕਥਨੀ ਨੂੰ ਠੀਕ ਮੰਣਿਆ ਜਾਵੇ ਜਾਂ ਉਨ੍ਹਾਂ ਬਾਰੇ ਅਜਿਹੀਆਂ ਪ੍ਰਚਲਤ ਕਹਾਣੀਆਂ ਨੂੰ? ਯਕੀਨਣ ਉਨ੍ਹਾਂ ਭਗਤਾਂ ਦੀ, ਜਿਨ੍ਹਾਂ ਦੇ ਜੀਵਨਾਂ ਬਾਰੇ ਗੱਲ ਕੀਤੀ ਜਾ ਰਹੀ ਹੈ ਅਤੇ ਵਿਸ਼ਾ ਵੀ ਚੱਲ ਰਿਹਾ ਹੈ।

ਫ਼ਿਰ ਜਦੋਂ ਅਸੀਂ ਇਹ ਵੀ ਦੇਖ ਚੁੱਕੇ ਹਾਂ ਕਿ ਪੱਥਰਾਂ-ਮੂਰਤੀਆਂ ਦੀ ਪੂਜਾ ਬਾਰੇ ਗੁਰਬਾਣੀ ਦਾ ਸਪਸ਼ਟ ਫ਼ੇਸਲਾ ਹੈ "ਜਿਸੁ ਪਾਹਣ ਕਉ ਠਾਕੁਰੁ ਕਹਤਾ॥ ਓਹੁ ਪਾਹਣੁ ਲੈ ਉਸ ਕਉ ਡੁਬਤਾ॥ ੨ ॥ ਗੁਨਹਗਾਰ ਲੂਣ ਹਰਾਮੀ॥ ਪਾਹਣ ਨਾਵ ਨ ਪਾਰਗਿਰਾਮੀ" (ਪੰ: ੭੩੯)

ਭਾਵ ਗੁਰਬਾਣੀ ਅਨੁਸਾਰ ਇਹ ਪੱਥਰ ਤੇ ਮੂਰਤੀ ਪੂਜਾ ਆਦਿ ਵਾਲਾ ਰਸਤਾ ਹੀ ਸਾਕਤਾਂ ਭਾਵ ਸ਼ਕਤੀ ਦੇ ਪੂਜਾਰੀਆਂ ਦਾ ਹੈ। ਇਕ-ਅਕਾਲਪੁਰਖ ਦੇ ਪੂਜਾਰੀਆਂ ਦੇ ਜੀਵਨ ਦਾ, ਇਹ ਰਸਤਾ ਮੂਲੋਂ ਹੀ ਨਹੀਂ। (ਚਲਦਾ) #234P-XXVIII,-02.17-0217#P28v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXVIII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਅਠਾਈਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.