.

ਆਸਾ ਕੀ ਵਾਰ

(ਕਿਸ਼ਤ ਨੰ: 10)

ਪਉੜੀ ਨੌਂਵੀਂ ਅਤੇ ਸਲੋਕ

ਸਲੋਕੁ ਮਃ ੧।।

ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ।।

ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ।।

ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ।।

ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ।।

ਨਾਨਕ ਲੇਖੈ ਇੱਕ ਗਲ ਹੋਰੁ ਹਉਮੈ ਝਖਣਾ ਝਾਖ।। ੧।।

ਪਦ ਅਰਥ:- ਪੜਿ ਪੜਿ – ਪੜ੍ਹ-ਪੜ੍ਹ ਕੇ। ਗਡੀ – ਗੱਡੀਆਂ, ਗੱਡੇ। ਲਦੀਅਹਿ – ਲੱਦ ਕੇ। ਭਰੀਅਹਿ – ਭਰ ਲਏ/ਲਈਆਂ ਜਾਣ। ਸਾਥ – ਢੇਰ। ਬੇੜੀ ਪਾਈਐ – ਬੇੜੀਆਂ ਵਿੱਚ ਪਾ ਕਰ ਕੇ। ਗਡੀਅਹਿ – ਗੱਡੇ ਜਾ ਸਕਣ, ਪੂਰੇ ਜਾ ਸਕਣ। ਖਾਤ – ਖਾਤੇ, ਟੋਏ। ਪੜੀਅਹਿ ਜੇਤੇ ਬਰਸ ਬਰਸ – ਜਿੰਨੇ ਮਰਜ਼ੀ ਸਾਲਾਂ ਦੇ ਸਾਲ ਪੜ੍ਹੀਏ। ਜੇਤੇ – ਜਿੰਨੇ। ਮਾਸ - ਮਹੀਨੇ। ਜੇਤੀ ਆਰਜਾ – ਜਿੰਨੀ ਉਮਰ ਹੈ। ਜੇਤੇ ਸਾਸ – ਜਿੰਨੇ ਸੁਆਸ ਸੁਆਸ ਹਨ। ਨਾਨਕ ਦ- ਨਾਨਕ ਆਖਦਾ ਹੈ। ਲੇਖੈ – ਸਮਝ। ਇੱਕ ਗੱਲ – ਇੱਕ (ਸੱਚ) ਦੀ ਗੱਲ। ਹੋਰੁ – ਹੋਰ। ਹਉਮੈ – ਹਉਮੈ/ਧੋਸ। ਝਖਣਾ ਝਾਖ – ਝੱਖ ਮਾਰਨ ਦੇ ਬਰਾਬਰ ਹੈ।

ਅਰਥ:- ਜੇਕਰ (ਗ੍ਰੰਥ, ਪੁਸਤਕਾਂ) ਦੇ ਢੇਰਾਂ ਦੇ ਢੇਰ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਲੱਦ ਕੇ ਭਰ ਲਈਆਂ ਜਾ ਸਕਣ, ਪੜ੍ਹ-ਪੜ੍ਹ ਕੇ ਬੇੜੀਆਂ ਵਿੱਚ ਪਾ ਕੇ ਬੇੜੀਆਂ ਭਰ ਲਈਆਂ ਜਾਣ ਜਿਨ੍ਹਾਂ ਨਾਲ ਕਈ ਖਾਤੇ ਪੂਰੇ ਜਾ ਸਕਣ, ਪੜ੍ਹ-ਪੜ੍ਹ ਕੇ ਜ਼ਿੰਦਗੀ ਦੇ ਜਿੰਨੇ ਸਾਲ ਜਾਂ ਮਹੀਨੇ ਹਨ, ਬਿਤਾ ਦਿੱਤੇ ਜਾਣ, ਗੱਲ ਕੀ ਆਪਣੀ ਆਰਜਾ ਦੇ ਸੁਆਸਾਂ ਤੱਕ ਵੀ (ਗ੍ਰੰਥ, ਪੁਸਤਕਾਂ) ਪੜ੍ਹਨ ਵਿੱਚ ਲਗਾ ਦਿੱਤੇ ਜਾਣ (ਪਰ) ਨਾਨਕ ਆਖਦਾ ਹੈ ਜੇਕਰ (ਪੜ੍ਹਨ ਵਾਲੇ ਦੇ) ਇੱਕ ਵੀ ਸੱਚ ਦੀ ਗੱਲ ਲੇਖੈ/ਸਮਝ ਵਿੱਚ ਨਹੀਂ ਪਈ ਤਾਂ ਹੋਰ (ਗੱਡਿਆਂ ਦੇ ਗੱਡੇ ਪੁਸਤਕਾਂ ਦੇ ਪੜ੍ਹਨ) ਦੀ ਹਉਮੈ/ਧੌਂਸ ਸਿਰਫ ਝਖ ਮਾਰਨ ਦੇ ਬਰਾਬਰ ਹੈ।

ਮਃ ੧।।

ਲਿਖਿ ਲਿਖਿ ਪੜਿਆ।।

ਤੇਤਾ ਕੜਿਆ।।

ਬਹੁ ਤੀਰਥ ਭਵਿਆ।।

ਤੇਤੋ ਲਵਿਆ।।

ਬਹੁ ਭੇਖ ਕੀਆ ਦੇਹੀ ਦੁਖੁ ਦੀਆ।।

ਸਹੁ ਵੇ ਜੀਆ ਅਪਣਾ ਕੀਆ।।

ਅੰਨੁ ਨ ਖਾਇਆ ਸਾਦੁ ਗਵਾਇਆ।।

ਬਹੁ ਦੁਖੁ ਪਾਇਆ ਦੂਜਾ ਭਾਇਆ।।

ਬਸਤ੍ਰ ਨ ਪਹਿਰੈ।।

ਅਹਿਨਿਸਿ ਕਹਰੈ।।

ਮੋਨਿ ਵਿਗੂਤਾ।।

ਕਿਉ ਜਾਗੈ ਗੁਰ ਬਿਨੁ ਸੂਤਾ।।

ਪਗ ਉਪੇਤਾਣਾ।।

ਅਪਣਾ ਕੀਆ ਕਮਾਣਾ।।

ਅਲੁ ਮਲੁ ਖਾਈ ਸਿਰਿ ਛਾਈ ਪਾਈ।।

ਮੂਰਖਿ ਅੰਧੈ ਪਤਿ ਗਵਾਈ।।

ਵਿਣੁ ਨਾਵੈ ਕਿਛੁ ਥਾਇ ਨ ਪਾਈ।।

ਰਹੈ ਬੇਬਾਣੀ ਮੜੀ ਮਸਾਣੀ।।

ਅੰਧੁ ਨ ਜਾਣੈ ਫਿਰਿ ਪਛੁਤਾਣੀ।।

ਸਤਿਗੁਰੁ ਭੇਟੇ ਸੋ ਸੁਖੁ ਪਾਏ।।

ਹਰਿ ਕਾ ਨਾਮੁ ਮੰਨਿ ਵਸਾਏ।।

ਨਾਨਕ ਨਦਰਿ ਕਰੇ ਸੋ ਪਾਏ।।

ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ।। ੨।।

ਪਦ ਅਰਥ:- ਲਿਖਿ ਲਿਖਿ – ਲਿਖ-ਲਿਖ ਕੇ। ਪੜਿਆ – ਪੜ੍ਹਿਆ। ਤੇਤਾ – ਉਤਨਾ। ਕੜਿਆ – ਬੰਧਨਾਂ ਵਿੱਚ ਫਸਿਆ। ਬਹੁ ਤੀਰਥ ਭਵਿਆ – ਬਹੁਤੇ ਤੀਰਥਾਂ `ਤੇ ਭਟਕਦਾ ਹੈ। ਲਵਿਆ – ਸੇਖੀ ਮਾਰਨ ਵਾਲਾ ਭਾਵ ਸ਼ੇਖੀਆਂ ਮਾਰਦਾ ਹੈ (ਮ: ਕੋਸ਼)। ਤੇਤੋ – ਉਤਨਾ, ਉਤਨੀਆਂ। ਤੇਤੋ ਲਵਿਆ – ਉਤਨੀਆਂ ਹੀ ਸ਼ੇਖੀਆ ਮਾਰਦਾ ਹੈ। ਬਹੁ ਭੇਖ ਕੀਆ – ਬਹੁਤੇ ਭੇਖ ਕਰਦਾ ਹੈ। ਦੇਹੀ ਦੁਖੁ ਦੀਆ – ਦੇਹੀ ਨੂੰ ਦੁੱਖ ਦਿੰਦਾ ਹੈ। ਸਹੁ – ਸਹਾਰ, ਸਹਾਰਨਾ, ਕਬੂਲਣਾ। ਵੇ ਜੀਆ – ਹੋਰਨਾਂ ਜੀਆਂ। ਆਪਣਾ ਕੀਆ – ਆਪਣੇ ਕੀਤੇ ਦਾ (ਪ੍ਰਭਾਵ)। ਅੰਨ ਨ ਖਾਇਆ – ਅੰਨ ਨਾ ਖਾਇਆ, ਨਾ ਖਾ ਕਰ ਕੇ। ਸਾਦੁ ਗਵਾਇਆ – (ਜ਼ਿੰਦਗੀ ਦਾ) ਸੁਆਦ ਗਵਾਇਆ। ਬਹੁ ਦੁਖੁ ਪਾਇਆ – ਬਹੁਤ ਦੁੱਖ ਪਾਇਆ। ਦੂਜਾ ਭਾਇਆ – (ਤਾਂ ਜੋ ਕਿ) ਦੂਜੇ ਨੂੰ ਭਰਮਾਇਆ ਜਾ ਸਕੇ। ਬਸਤ੍ਰ ਨ ਪਹਿਰੈ – ਬਸਤਰ ਨਾ ਪਹਿਣ ਕੇ। ਅਹਿਨਿਸਿ ਕਹਿਰੈ – ਦਿਨ ਰਾਤ ਦੁਖ ਸਹਾਰਦਾ ਹੈ। ਮੋਨਿ ਵਿਗੂਤਾ – ਮੋਨ ਧਾਰਿਆ ਹੋਇਆ, ਕਿਸੇ ਨਾਲ ਗੱਲ ਹੀ ਨਹੀਂ ਕਰਦਾ। ਕਿਉ ਜਾਗੈ ਗੁਰ ਬਿਨ ਸੂਤਾ – ਕਿਵੇਂ ਗਿਆਨ ਤੋਂ ਬਗੈਰ (ਅਗਿਆਨਤਾ) ਵਿੱਚੋਂ ਜਾਗ ਸਕਦਾ ਹੈ। (ਭਾਵ ਜਦੋਂ ਕਿਸੇ ਨਾਲ ਵਿਚਾਰ ਵਟਾਂਦਰਾ ਹੀ ਨਹੀਂ ਕਰਨਾ)। ਪਗ – ਪੈਰ। ਉਪੇਤਾਣਾ – ਜੁੱਤੀ ਤੋਂ ਬਗੈਰ, ਨੰਗੇ ਪੈਰੀਂ। ਅਪਣਾ ਕੀਆ ਕਮਾਣਾ – ਆਪਣਾ ਕੀਤਾ ਹੋਇਆ ਹੀ ਅਮਲ ਵਿੱਚ ਲਿਆਉਣਾ। ਅਲੁ ਮਲੁ ਖਾਈ – ਊਟ ਪਟਾਂਗ ਖਾਂਦਾ ਹੈ। ਸਿਰਿ ਛਾਈ ਪਾਈ – ਸਿਰ ਵਿੱਚ ਸੁਆਹ ਪਾਈ ਹੈ। ਮੂਰਖਿ ਅੰਧੈ ਪਤਿ ਗਵਾਈ – ਅਜਿਹੇ ਅਗਿਆਨਤਾ ਵਿੱਚ ਅੰਧੇ ਨੇ ਆਪਣੀ ਪਤਿ ਭਾਵ ਇੱਜਤ ਆਪ ਹੀ ਗਵਾਈ ਹੈ। ਵਿਣੁ – ਬਗੈਰ। ਨਾਵੈ – ਨਾਮ ਤੋਂ, ਸੱਚ ਤੋਂ। ਕਿਛੁ ਥਾਇ ਨ ਪਾਈ – ਕੁਛ ਵੀ ਅਰਥ ਨਹੀਂ ਰੱਖਦਾ। ਅੰਧੁ ਨਾ ਜਾਣੈ – ਅਗਿਆਨਤਾ ਦੇ ਅੰਧ/ਹਨੇਰੇ ਵਿੱਚ ਜਾਣਦਾ ਹੀ ਨਹੀਂ। ਫਿਰਿ ਪਛੁਤਾਣੀ – ਅਖੀਰ ਫਿਰ ਪਛਤਾਉਂਦਾ ਹੈ। ਸਤਿਗੁਰੁ – ਸਦੀਵੀ ਸਥਿਰ ਰਹਿਣ ਵਾਲੇ ਸਤਿਗੁਰ ਦੀ ਬਖਸ਼ਿਸ਼ ਗਿਆਨ। ਭੇਟੇ – ਅਪਣਾਏ। ਸੋ – ਉਹ। ਸੁਖੁ ਪਾਏ – ਭਟਕਣਾ ਤੋਂ ਨਿਜਾਤ ਸੁੱਖ ਪਾਉਂਦਾ ਹੈ। ਹਰਿ ਕਾ ਨਾਮੁ – ਸੱਚ ਰੂਪ ਹਰੀ ਦਾ ਨਾਮੁ/ਸੱਚ ਗਿਆਨ। ਮੰਨਿ ਵਸਾਇ - ਮੰਨ ਅੰਦਰ ਵਸਾ ਕੇ। ਨਾਨਕ ਨਦਰਿ ਕਰੇ – ਨਾਨਕ ਆਖਦਾ ਜੇਕਰ ਕੋਈ ਆਪਣੀ ਤਵੱਜੋਂ ਗਿਆਨ ਵਾਲੇ ਪਾਸੇ ਕਰੇ। ਸੋ ਪਾਏ – ਉਹ ਵੀ (ਗਿਆਨ ਦੀ ਬਖਸ਼ਿਸ਼) ਪ੍ਰਾਪਤ ਕਰ ਸਕਦਾ ਹੈ। ਆਸ – ਭਸਮ (ਮ: ਕੋਸ਼)। ਅੰਦੇਸੇ – ਦੁਬਿਧਾ। ਤੇ – ਤੋਂ। ਨਿਹਕੇਵਲੁ – ਨਿਰਲੇਪ। ਹਉਮੈ – ਅਗਿਆਨਤਾ। ਸਬਦਿ – ਗਿਆਨ ਦੀ ਬਖਸ਼ਿਸ਼ ਨਾਲ। ਜਲਾਏ – ਖਤਮ ਕਰ ਕੇ।

ਅਰਥ:- ਜਿਸ ਮਨੁੱਖ ਨੇ ਗੱਡਿਆਂ ਦੇ ਗੱਡੇ ਕਿਤਾਬਾਂ ਦੇ ਲਿਖੇ ਹੋਏ ਪੜ੍ਹੇ ਹੋਣ (ਪਰ) ਪੜ੍ਹਨ ਦੇ ਬਾਵਜੂਦ ਜੇਕਰ ਉਸ ਨੂੰ ਸੱਚ ਦੀ ਇੱਕ ਵੀ ਗੱਲ ਸਮਝ ਨਾ ਪਈ ਹੋਵੇ ਤਾਂ:- ਜਿੰਨਾ ਕੁੱਝ ਲਿਖਿਆ ਹੋਇਆ (ਜੇ ਬਿਨਾਂ) ਵਿਚਾਰਨ ਦੇ ਪੜ੍ਹਦਾ ਹੈ ਉਤਨਾ ਹੀ ਆਪਣੇ ਆਪ ਨੂੰ ਹਉਮੈ ਦੇ ਬੰਧਨਾਂ ਵਿੱਚ ਬੰਨ੍ਹ ਲੈਂਦਾ ਹੈ। ਹਉਮੈ ਵਿੱਚ ਜਿੰਨਿਆਂ ਬਹੁਤਿਆਂ ਤੀਰਥਾਂ ਉੱਪਰ ਭਾਉਂਦਾ/ਭਟਕਦਾ ਹੈ ਉਨੀਆਂ ਹੀ (ਜ਼ਿਆਦਾ ਆਪਣੇ ਧਾਰਮਿਕ ਹੋਣ ਦੀਆਂ) ਸ਼ੇਖੀਆਂ ਮਾਰਦਾ ਹੈ, ਬਹੁ ਤਰ੍ਹਾਂ-ਤਰ੍ਹਾਂ ਦੇ ਭੇਖ (ਪਖੰਡ) ਕਰਦਾ ਹੈ ਅਤੇ ਆਪਣੀ ਦੇਹੀ ਨੂੰ ਦੁੱਖ ਦਿੰਦਾ ਹੈ ਤਾਂ ਜੋ ਕਿ ਹੋਰ ਜੀਵ ਉਸ ਦੇ ਕੀਤੇ (ਕਰਮਕਾਂਡਾਂ) ਦਾ ਪ੍ਰਭਾਵ ਕਬੂਲਣ। ਇਸੇ ਤਰ੍ਹਾਂ ਕੋਈ ਅੰਨ ਨਾ ਖਾ ਕਰ ਕੇ ਸੁਆਦ ਗਵਾ ਲੈਣ ਦਾ (ਪ੍ਰਪੰਚ) ਕਰਦਾ ਹੈ ਤਾਂ ਜੋ ਕਿ ਦੂਜੇ ਨੂੰ ਭਰਮਾਇਆ ਜਾ ਸਕੇ ਇਸੇ ਕਰ ਕੇ ਬਸਤਰ ਨਹੀਂ ਪਹਿਨਦਾ ਅਤੇ ਦਿਨ ਰਾਤ ਦੁੱਖ ਸਹਾਰਦਾ ਹੈ। ਕਿਸੇ ਨੇ ਮੋਨ ਧਾਰਿਆ ਹੋਇਆ ਹੈ ਕੋਈ ਨੰਗੇ ਪੈਰੀਂ ਫਿਰਦਾ ਹੈ ਕਿਸੇ ਨਾਲ ਗੱਲ ਹੀ ਨਹੀਂ ਕਰਦਾ, (ਅਜਿਹਾ ਮਨੁੱਖ ਜਿਸ ਨੇ ਮੋਨ ਧਾਰਿਆ ਹੈ ਕਿਸੇ ਨਾਲ ਗੱਲ ਹੀ ਨਹੀਂ ਕਰਨੀ, ਵਿਚਾਰ ਵਟਾਂਦਰਾ ਹੀ ਨਹੀਂ ਕਰਨਾ) ਉਹ ਗਿਆਨ ਤੋਂ ਬਗੈਰ (ਅਗਿਆਨਤਾ) ਦੀ ਨੀਂਦ ਵਿੱਚੋਂ ਕਿਵੇਂ ਜਾਗ ਪਵੇਗਾ। ਇਸ ਲਈ ਉਹ ਆਪਣੇ ਹੀ ਕੀਤੇ (ਕਰਮਕਾਂਡ) `ਤੇ ਅਮਲ ਕਰਦਾ ਹੈ। ਊਟ ਪਟਾਂਗ ਖਾਂਦਾ ਹੈ ਆਪਣੇ ਸਿਰ ਵਿੱਚ ਆਪ ਹੀ ਉਸ ਨੇ ਸੁਆਹ ਪਾਈ ਹੈ, ਅਜਿਹੇ ਅੰਧੇ ਮੂਰਖ ਨੇ ਆਪਣੀ ਪਤਿ ਆਪ ਹੀ ਰੋਲ਼ੀ ਹੋਈ ਹੈ (ਕਿਉਂਕਿ ਕਿਸੇ ਨੇ ਉਸ ਦੇ ਸਿਰ ਸੁਆਹ ਨਹੀਂ ਪਾਈ)। ਹੇ ਭਾਈ! ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਤੋਂ ਭਾਵ ਅਸਲੀਅਤ ਨੂੰ ਜਾਨਣ ਤੋਂ ਬਗੈਰ (ਧਰਮ ਦੇ ਨਾਮ `ਤੇ) ਅਜਿਹਾ ਕੁਛ ਕਰਨ ਦਾ ਕੋਈ ਵੀ ਅਰਥ ਨਹੀਂ। ਕੋਈ ਮੜੀਆਂ ਮਸਾਣਾਂ, ਜੰਗਲਾਂ ਵਿੱਚ ਤੁਰਿਆ ਫਿਰਦਾ ਹੈ ਅਤੇ ਅਗਿਆਨਤਾ ਦੇ ਅੰਧ/ਅੰਧੇਰੇ ਵਿੱਚ (ਸੱਚ) ਨੂੰ ਜਾਣਦਾ ਹੀ ਨਹੀਂ ਤੇ ਅਖੀਰ ਫਿਰ (ਆਪਾ ਲੁਟਾ ਕੇ) ਪਛਤਾਉਂਦਾ ਹੈ। ਜਿਹੜਾ ਸਦੀਵੀ ਸਥਿਰ ਰਹਿਣ ਵਾਲੇ ਦੀ ਬਖਸ਼ਿਸ਼ ਗਿਆਨ ਨੂੰ ਜੀਵਨ ਵਿੱਚ ਅਪਣਾਏ ਉਹ ਹੀ (ਅੰਧ ਵਿਸ਼ਵਾਸ ਵਿੱਚ ਭਟਕਣ) ਤੋਂ ਨਿਜਾਤ ਸੁੱਖ ਪ੍ਰਾਪਤ ਕਰਦਾ ਹੈ।

ਨਾਨਕ ਆਖਦਾ ਹੈ ਜਿਹੜਾ ਅੰਧ ਵਿਸ਼ਵਾਸ ਤੋਂ ਉੱਪਰ ਉੱਠ ਕੇ ਆਪਣੀ ਨਦਰਿ/ਤਵੱਜੋਂ ਗਿਆਨ ਵਾਲੇ ਪਾਸੇ ਕਰੇ ਉਹ ਹੀ ਸੱਚ ਰੂਪ ਹਰੀ ਦਾ ਗਿਆਨ ਨਾਮੁ/ਸੱਚ ਆਪਣੇ ਮਨ ਅੰਦਰ ਵਸਾ ਕੇ ਗਿਆਨ ਦੀ ਬਖਸ਼ਿਸ਼ ਨਾਲ ਹਉਮੈ/ਅਗਿਆਨਤਾ (ਅਖੌਤੀ ਸ਼ੁਧਤਾ) ਨੂੰ ਜਲਾ ਕੇ ਭਸਮ ਭਾਵ ਖਤਮ ਕਰ ਕੇ (ਜਾਤ ਪਾਤ ਅਤੇ ਕਰਮਕਾਂਡੀ) ਦੁਬਿਧਾ ਤੋਂ ਨਿਰਲੇਪ ਹੋ ਸਕਦਾ ਹੈ।

ਪਉੜੀ।।

ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ।।

ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨੀੑ ਧਾਵਦੇ।।

ਇਕਿ ਮੂਲੁ ਨ ਬੁਝਨਿੑ ਆਪਣਾ ਅਣਹੋਦਾ ਆਪੁ ਗਣਾਇਦੇ।।

ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ।।

ਤਿਨੑ ਮੰਗਾ ਜਿ ਤੁਝੈ ਧਿਆਇਦੇ।। ੯।।

ਪਦ ਅਰਥ:- ਭਗਤ – ਕ੍ਰਾਂਤੀਕਾਰੀ ਪੁਰਖ, ਇਨਕਲਾਬੀ ਜਨ। ਤੇਰੈ – ਤੇਰੇ। ਮਨਿ – ਮਨੋ, ਦਿਲੋਂ। ਭਾਵਦੇ – ਅਪਣਾਉਂਦੇ, ਅਪਣਾ ਕੇ। ਦਰਿ – ਦਰ। ਸੋਹਨਿ – ਸ਼ੋਭਨੀਕ। ਕੀਰਤਿ – ਵਡਿਆਈ। ਗਾਵਦੇ – ਗੁਣ ਗਾਉਂਦੇ ਭਾਵ ਪ੍ਰਚਾਰਦੇ। ਢੋਅ – ਢੁਕਦੇ, ਖੜਦੇ ਹਨ। ਕਰਮਾ ਬਾਹਰੇ – ਗਿਆਨ ਤੋਂ ਸੱਖਣੇ। ਦਰਿ ਢੋਅ ਨ – (ਗਿਆਨ) ਦੇ ਦਰ ਨਹੀਂ ਢੁਕਦੇ ਭਾਵ ਨਹੀਂ ਖੜਦੇ। ਨ ਲਹਨੀੑ – ਬਿਨਾਂ ਪ੍ਰਾਪਤੀ ਦੇ। ਨ – ਅੱਖਰ ਦੋਵੇਂ ਪਾਸੇ ਜੁੜਨਾ ਹੈ। ਧਾਵਦੇ – ਭਟਕਦੇ ਹਨ। ਇਕਿ ਮੂਲੁ ਨ ਬੁਝਨਿੑ ਆਪਣਾ - ਇੱਕ ਆਪਣਾ ਮੂਲ ਨਹੀਂ ਬੁੱਝਦੇ। ਅਣਹੋਦਾ – (ਗਿਆਨ) ਤੋਂ ਬਿਨਾਂ। ਅਣਹੋਦਾ ਆਪੁ ਗਣਾਇਦੇ - ਗਿਆਨ ਤੋਂ ਸੱਖਣੇ ਆਪਣੇ ਆਪ ਨੂੰ (ਰੱਬ) ਜਣਾਉਣ ਭਾਵ ਸਮਝਣ ਵਾਲਿਆਂ ਦੇ। ਹਉ – ਮੈ, ਆਪਣੇ ਆਪ ਨੂੰ। ਢਾਢੀ ਕਾ – ਉਸਤਤ ਕਰਨ ਵਾਲਾ। ਨੀਚ ਜਾਤਿ – ਨੀਵਾਂ ਜਾਣਦਾ ਹੈ। ਹੋਰਿ – ਹੋਰਨਾਂ। ਉਤਮ ਜਾਤਿ ਸਦਾਇਦੇ – ਉੱਤਮ ਜਾਣ ਕੇ ਵਡਿਆਉਂਦਾ ਹੈ। ਤਿਨੑ - ਤਿਨਾਂ, ਉਹਨਾਂ ਵਾਂਗ। ਮੰਗਾ – ਮੰਗ ਕਰਦਾ ਹੈ। ਜਿ ਤੁਝੈ ਧਿਆਇਦੇ – ਜੋ ਗਿਆਨ ਨੂੰ ਆਪਣੇ ਜੀਵਨ ਵਿੱਚ ਧਿਆਉਂਦੇ ਭਾਵ ਅਭਿਆਸ (practice) ਕਰਦੇ ਹਨ।

ਅਰਥ:- ਜੋ ਗਿਆਨ ਨੂੰ ਜੀਵਨ ਵਿੱਚ ਅਪਣਾ ਕੇ ਦੁਬਿਧਾ ਤੋਂ ਨਿਰਲੇਪ ਹੋਣ ਵਾਲੇ:- ਕ੍ਰਾਂਤੀਕਾਰੀ/ਇਨਕਲਾਬੀ ਜਨ ਗਿਆਨ ਨੂੰ ਦਿਲੋਂ ਅਪਣਾ ਕੇ ਤੇਰੇ ਦਰ ਦੀ ਵਡਿਆਈ ਨੂੰ ਗਾਂਵਦੇ ਭਾਵ ਪ੍ਰਚਾਰ ਕਰਦੇ ਹਨ ਉਹ ਸ਼ੋਭਨੀਕ ਹਨ। ਨਾਨਕ ਆਖਦਾ ਹੈ, ਇੱਕ ਅਜਿਹੇ ਹਨ ਜੋ ਆਪਣਾ ਮੂਲ ਨਹੀਂ ਬੁੱਝਦੇ ਅਤੇ ਆਪਣੇ ਆਪ ਨੂੰ (ਰੱਬ) ਜਣਾਉਂਦੇ ਹਨ ਅਤੇ ਜਿਹੜੇ ਗਿਆਨ ਦੇ ਕਰਮ ਤੋਂ ਸੱਖਣੇ ਤੇਰੇ ਦਰ `ਤੇ ਨਹੀਂ ਢੁਕਦੇ/ਖੜਦੇ ਉਹ (ਆਪਣੇ ਆਪ ਨੂੰ ਰੱਬ ਸਮਝਣ ਵਾਲਿਆਂ ਅਗਿਆਨੀਆਂ ਦੇ) ਦਰ `ਤੇ ਭਟਕਦੇ ਹਨ। ਅਜਿਹੇ (ਆਪਣੇ ਆਪ ਨੂੰ ਸ਼ੁੱਧ ਅਤੇ ਰੱਬ ਸਮਝਣ ਵਾਲੇ) ਲੋਕਾਂ ਦੀ ਉਸਤਤ ਕਰਨ ਵਾਲਾ ਆਪਣੇ ਆਪ ਨੂੰ ਨੀਵਾਂ ਜਾਣਦਾ ਹੈ ਅਤੇ ਹੋਰਨਾਂ (ਅਖੌਤੀ ਆਪੂ ਬਣੇ ਰੱਬਾਂ) ਦੇ ਗੀਤ ਗਾਉਂਦਾ ਹੈ, ਉਨ੍ਹਾਂ ਨੂੰ ਉੱਤਮ ਜਾਣ ਕੇ ਵਡਿਆਉਂਦਾ ਹੈ। ਹੇ ਕਰਤੇ! ਜੋ ਗਿਆਨ ਦਾ ਆਪਣੇ (ਜੀਵਨ ਵਿੱਚ) ਅਭਿਆਸ (practice) ਕਰਦੇ ਅਤੇ ਪ੍ਰਚਾਰਦੇ ਹਨ, ਨਾਨਕ ਵੀ ਉਨ੍ਹਾਂ ਵਾਂਗ ਤੇਰੇ ਤੋਂ ਗਿਆਨ ਦੀ ਮੰਗ ਕਰਦਾ ਹੈ।

ਬਲਦੇਵ ਸਿੰਘ ਟੌਰਾਂਟੋ।
.