.

ੴਸਤਿਗੁਰਪ੍ਰਸਾਦਿ।।

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਅਠਾਰਵਾਂ)

ਗੁਰਦੁਆਰੇ ਅਤੇ ਡੇਰੇ ਵਿੱਚ ਫਰਕ

ਗੁਰਦੁਆਰਾ:

ਗੁਰੂ ਨਾਨਕ ਪਾਤਿਸ਼ਾਹ ਆਪਣੇ ਪ੍ਰਚਾਰ ਦੌਰਿਆਂ, ਜਿਨ੍ਹਾਂ ਨੂੰ ਅਸੀਂ ਉਦਾਸੀਆਂ ਕਹਿੰਦੇ ਹਾਂ, ਦੌਰਾਨ ਜਿੱਥੇ ਜਿੱਥੇ ਗਏ, ਉਥੇ ਉਨ੍ਹਾਂ ਸੰਗਤਾਂ ਕਾਇਮ ਕੀਤੀਆਂ। ਸੰਗਤ ਉਹ ਅਸਥਾਨ ਸੀ, ਜਿਥੇ ਨੇਮ ਨਾਲ ਸੰਗਤਾਂ ਜੁੜਦੀਆਂ ਅਤੇ ਗੁਰੂ ਨਾਨਕ ਪਾਤਿਸ਼ਾਹ ਦੇ ਇਲਾਹੀ ਗਿਆਨ ਦੀ ਰੌਸ਼ਨੀ ਵਿੱਚ ਸਫਲ ਜੀਵਨ ਅਤੇ ਅਕਾਲ ਪੁਰਖ ਦੇ ਗੁਣਾਂ ਦੀ ਵਿਚਾਰ ਹੁੰਦੀ। ਧਰਮ ਨੂੰ ਨਿਰੋਲ ਅੰਧਵਿਸ਼ਵਾਸੀ ਭਾਵਨਾ ਦੀ ਬਜਾਏ ਗੁਰੂ ਦੇ ਅਲੌਕਿਕ ਗਿਆਨ ਦੇ ਪ੍ਰਕਾਸ਼ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ। ਅਜ ਵੀ ਕਈ ਜਗ੍ਹਾ `ਤੇ ਗੁਰਦੁਆਰਾ ਸੰਗਤ ਸਹਿਬ, ਗੁਰਦੁਆਰਾ ਛੋਟੀ ਸੰਗਤ, ਗੁਰਦਆਰਾ ਬੜੀ ਸੰਗਤ ਆਦਿ ਨਾਵਾਂ `ਤੇ ਗੁਰਦੁਆਰੇ ਵੇਖੇ ਜਾ ਸਕਦੇ ਹਨ। ਕਿਉਂਕਿ ਲੋਕਾਈ ਇਥੇ ਧਰਮ ਦਾ ਇਲਾਹੀ ਗਿਆਨ ਪ੍ਰਾਪਤ ਕਰਨ ਲਈ ਜੁੜਦੀ ਸੀ, ਸਮਾਂ ਪਾਕੇ ਇਨ੍ਹਾਂ ਸੰਗਤਾਂ ਦਾ ਨਾਂ ਧਰਮਸਾਲ ਪੈ ਗਿਆ। ਸਾਲ ਘਰ ਨੂੰ ਅਤੇ ਵਿਦਿਅਕ ਕੇਂਦਰ ਨੂੰ ਕਹਿੰਦੇ ਹਨ। ਧਰਮਸਾਲ ਭਾਵ ਧਰਮ ਦਾ ਸਕੂਲ, ਉਹ ਸਥਾਨ ਜਿਥੇ ਧਰਮ ਪੜ੍ਹਾਇਆ ਜਾਂਦਾ ਹੈ। ਨਾਂ ਬਦਲ ਗਿਆ, ਪਰ ਕੰਮ ਨਹੀਂ ਬਦਲਿਆ। ਮਕਸਦ ਉਹੋ ਰਿਹਾ ਜੋ ਸੰਗਤ ਦਾ ਸੀ। ਜਦੋਂ ਗ੍ਰੰਥ ਸਾਹਿਬ ਨੂੰ ਗੁਰੂ ਪਦਵੀ ਪ੍ਰਾਪਤ ਹੋ ਗਈ ਅਤੇ ਇਨ੍ਹਾਂ ਧਰਮਸਾਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ, ਇਸ ਦਾ ਨਾਂ ਗੁਰਦੁਆਰਾ ਬਣ ਗਿਆ। ਹਾਂ ਦਾਇਰਾ ਪਹਿਲਾਂ ਨਾਲੋਂ ਕੁੱਝ ਹੋਰ ਮੋਕਲਾ ਹੋ ਗਿਆ। ਇਨ੍ਹਾਂ ਸੰਗਤ ਸਥਾਨਾਂ ਜਾਂ ਧਰਮਸਾਲਾਂ ਵਿੱਚ ਪੰਗਤ ਸਤਿਗੁਰੂ ਨੇ ਆਪਣੇ ਜੀਵਨ ਕਾਲ ਵਿੱਚ ਆਪ ਹੀ ਸਥਾਪਤ ਕਰ ਦਿੱਤੀ ਸੀ, ਇਸ ਦੇ ਪ੍ਰਮਾਣ ਸਾਨੂੰ ਇਤਹਾਸਕ ਤੌਰ `ਤੇ ਵੀ ਮਿਲਦੇ ਹਨ। ਜਦੋਂ ਬਾਦਸ਼ਾਹ ਅਕਬਰ ਗੁਰੂ ਅਮਰਦਾਸ ਪਾਤਿਸ਼ਾਹ ਦੇ ਦਰਸ਼ਨ ਕਰਨ ਗਿਆ ਤਾਂ ਸਤਿਗੁਰੂ ਨੇ ਆਦੇਸ਼ ਕੀਤਾ ਸੀ ਕਿ ‘ਪਹਿਲੇ ਪੰਗਤ ਪਾਛੇ ਸੰਗਤ`। ਗਲ ਸਪੱਸ਼ਟ ਹੈ ਕਿ ਉਸ ਵੇਲੇ ਪੰਗਤ ਦੀ ਪ੍ਰਥਾ ਨੇਮ ਨਾਲ ਚਲ ਰਹੀ ਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਇਸ ਪੰਗਤ ਭਾਵ ਲੰਗਰ ਦੀ ਪ੍ਰਥਾ ਦੀ ਪ੍ਰੋੜਤਾ ਕਰਦੀ ਹੈ:

"ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ।। ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ।। "

{ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ, ਪੰਨਾ ੯੬੭}

ਹੇ ਬਲਵੰਡ ! (ਗੁਰੂ ਅੰਗਦ ਦੇਵ ਜੀ ਦੀ ਪਤਨੀ) (ਮਾਤਾ) ਖੀਵੀ ਜੀ (ਭੀ ਆਪਣੇ ਪਤੀ ਵਾਂਗ) ਬੜੇ ਭਲੇ ਹਨ, ਮਾਤਾ ਖੀਵੀ ਜੀ ਦੀ ਛਾਂ ਬਹੁਤ ਪੱਤ੍ਰਾਂ ਵਾਲੀ (ਸੰਘਣੀ) ਹੈ (ਭਾਵ, ਮਾਤਾ ਖੀਵੀ ਜੀ ਦੇ ਪਾਸ ਬੈਠਿਆਂ ਭੀ ਹਿਰਦੇ ਵਿੱਚ ਸ਼ਾਂਤੀ-ਠੰਢ ਪੈਦਾ ਹੁੰਦੀ ਹੈ)। (ਜਿਵੇਂ ਗੁਰੂ ਅੰਗਦ ਦੇਵ ਜੀ ਦੇ ਸਤਸੰਗ-ਰੂਪ) ਲੰਗਰ ਵਿੱਚ (ਨਾਮ ਦੀ) ਦੌਲਤ ਵੰਡੀ ਜਾ ਰਹੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਵੰਡਿਆ ਜਾ ਰਿਹਾ ਹੈ (ਤਿਵੇਂ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿੱਚ ਸਭ ਨੂੰ) ਘਿਉ ਵਾਲੀ ਖੀਰ ਵੰਡੀ ਜਾ ਰਹੀ ਹੈ।

"ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ।। " {ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ, ਪੰਨਾ ੯੬੮}

(ਹੇ ਗੁਰੂ ਅਮਰਦਾਸ !) ਤੇਰੇ ਲੰਗਰ ਵਿੱਚ (ਭੀ) ਨਿੱਤ ਘਿਉ, ਮੈਦਾ ਤੇ ਖੰਡ (ਆਦਿਕ ਉੱਤਮ ਪਦਾਰਥ ਵਰਤ ਰਹੇ ਹਨ।

ਸਮੇਂ ਦੇ ਨਾਲ ਇਥੇ ਲੋੜਵੰਦ ਸੰਗਤ ਨੂੰ ਲੰਗਰ ਦੇ ਨਾਲ ਰਹਿਣ ਨੂੰ ਠਾਹਰ ਵੀ ਪ੍ਰਾਪਤ ਹੋਣ ਲਗ ਗਈ ਪਰ ਅਸਲ ਮਕਸਦ ਫੇਰ ਵੀ ਨਹੀ ਬਦਲਿਆ, ਹਾਂ ਦਾਇਰਾ ਹੋਰ ਫੈਲ ਗਿਆ। ਹੌਲੀ ਹੌਲੀ ਗੁਰਦੁਆਰਾ ਸਿੱਖ ਦੇ ਸਮਾਜਕ ਜੀਵਨ ਦਾ ਕੇਂਦਰ ਬਣ ਗਿਆ। ਅੱਜ ਸਿੱਖ ਦੇ ਜਨਮ ਤੋਂ ਬਾਅਦ ਨਾਮ ਕਰਨ ਤੋਂ ਲੈਕੇ ਮਰਨ ਉਪਰੰਤ ਅੰਤਿਮ ਅਰਦਾਸ ਸਮੇਤ ਸਾਰੇ ਸੰਸਕਾਰ ਗੁਰਦੁਆਰੇ ਹੀ ਹੁੰਦੇ ਹਨ। ਗੁਰਦੁਆਰੇ ਦੇ ਸਾਰੇ ਪ੍ਰੋਗਰਾਮ ਅਤੇ ਸੰਸਕਾਰ ਇੱਕ ਸਾਂਝੀ ਪੰਥ ਪ੍ਰਵਾਨਤ ਮਰਿਯਾਦਾ ਅਨੁਸਾਰ ਚਲਦੇ ਹਨ।

ਜਿਸ ਅਸਥਾਨ `ਤੇ ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਜਾਂ ਪੰਥਕ ਮਹੱਤਤਾ ਦੀ ਕੋਈ ਖਾਸ ਘਟਨਾ ਵਾਪਰੀ, ਸਿੱਖਾਂ ਨੇ ਉੱਥੇ ਵੀ ਗੁਰਦੁਆਰੇ ਬਣਾਏ। ਮਕਸਦ ਇਕੋ ਸੀ, ਹਰ ਹਾਲਾਤ ਵਿੱਚ ਗੁਰੂ ਦੇ ਅਲੌਕਿਕ ਗਿਆਨ ਨਾਲ ਜੁੜਿਆ ਅਤੇ ਜੋੜਿਆ ਜਾਵੇ। ਇਨ੍ਹਾਂ ਨੂੰ ਇਤਿਹਾਸਕ ਗੁਰਦੁਆਰੇ ਕਿਹਾ ਗਿਆ। ਇਨ੍ਹਾਂ ਸਥਾਨਾਂ `ਤੇ ਗੁਰੂ ਗ੍ਰੰਥ ਸਾਹਿਬ ਦੇ ਅਲੌਕਿਕ ਗਿਆਨ ਦੇ ਨਾਲ, ਵਿਲੱਖਣ ਸਿੱਖ ਇਤਿਹਾਸ ਦੀ ਸਾਖਸ਼ਾਤ ਪ੍ਰਮਾਣਾਂ ਸਹਿਤ ਜਾਣਕਾਰੀ ਮਿਲਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਇਤਿਹਾਸਕ ਗੁਰਦੁਆਰੇ ਨੂੰ ਇਸ ਦੇ ਮੂਲ ਰੂਪ ਵਿੱਚ ਬਣਾ ਕੇ ਰਖਿਆ ਜਾਵੇ। ਕਿਤੇ ਨਵੀਨੀ-ਕਰਨ ਅਤੇ ਸੁੰਦਰੀ-ਕਰਨ ਦੇ ਚੱਕਰ ਵਿੱਚ ਅਨਮੋਲ ਸਿੱਖ ਇਤਿਹਾਸ ਹੀ ਨਾ ਗੁਆਚ ਜਾਵੇ।

ਗੁਰਦੁਆਰਾ ਇਤਿਹਾਸਕ ਹੋਵੇ ਜਾਂ ਸੰਗਤੀ, ਇੱਕ ਤਾਂ ਦੋਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਜ਼ਰੂਰੀ ਹੈ ਅਤੇ ਨਿਸ਼ਾਨ ਸਾਹਿਬ ਲੱਗਾ ਹੋਣਾ ਜ਼ਰੂਰੀ ਹੈ। ਭਾਵੇਂ ਸੰਗਤੀ ਗੁਰਦੁਆਰਾ ਹੋਵੇ ਜਾਂ ਇਤਿਹਾਸਕ ਇੱਕ ਕਾਰਜ ਦੋਹਾਂ ਲਈ ਸਾਂਝਾ ਹੈ, ਉਹ ਹੈ ਗੁਰਮਤਿ ਪ੍ਰਚਾਰ। ਦੋਹਾਂ ਦੇ ਵਿੱਚ ਹੀ ਸਾਂਝੀ ਪੰਥ ਪ੍ਰਵਾਨਤ ਮਰਯਾਦਾ ਲਾਗੂ ਹੁੰਦੀ ਹੈ।

ਗੁਰਦੁਆਰੇ ਦਰਸ਼ਨ ਕਰਨ ਜਾਣਾ:

ਆਪਣੇ ਧਰਮ ਅਸਥਾਨਾਂ `ਤੇ ਦਰਸ਼ਨ ਕਰਨ ਜਾਣਾ ਹਰ ਕੌਮ ਵਿੱਚ ਪ੍ਰਚਲਤ ਅਤੇ ਪ੍ਰਮੁਖ ਕਰਮ ਹੈ, ਪਰ ਧਰਮ ਸਥਾਨ ਦੇ ਦਰਸ਼ਨ ਕਰਨ ਜਾਣ ਦੇ ਸੰਕਲਪ ਬਾਰੇ ਸਿੱਖ ਕੌਮ ਅਤੇ ਦੂਸਰੇ ਧਾਰਮਿਕ ਫਿਰਕਿਆਂ ਵਿੱਚ ਵੱਡਾ ਫਰਕ ਹੈ। ਬਾਕੀ ਫਿਰਕੇ ਧਰਮ ਸਥਾਨ `ਤੇ ਪੂਜਾ ਕਰਨ ਜਾਂਦੇ ਹਨ, ਉਨ੍ਹਾਂ ਵਾਸਤੇ ਉਹ ਧਰਤੀ, ਉਹ ਇਮਾਰਤ ਪਵਿੱਤਰ ਹੈ, ਪੂਜਣਯੋਗ ਹੈ। ਉਹ ਫੁੱਲ, ਧੂਫ, ਦੀਵਿਆਂ ਆਦਿ ਨਾਲ ਉਥੇ ਸਥਾਪਤ ਮੂਰਤੀਆਂ ਦੀ ਪੂਜਾ ਕਰਦੇ ਹਨ, ਉਨ੍ਹਾਂ ਦੀਆਂ ਆਰਤੀਆਂ ਉਤਾਰਦੇ ਹਨ, ਟੱਲ ਖੜਕਾਉਂਦੇ ਹਨ। ਸਿੱਖ ਵਿਚਾਰਧਾਰਾ ਵਿੱਚ ਤਾਂ ਕਿਸੇ ਵਿਖਾਵੇ ਦੀ ਕਰਮਕਾਂਡੀ ਪੂਜਾ ਦਾ ਕੋਈ ਵਿਧਾਨ ਹੀ ਨਹੀਂ। ਸਿੱਖ ਗੁਰਦੁਆਰੇ ਆਪਣੇ ਸਤਿਗੁਰੂ ਦਾ ਇਲਾਹੀ ਗਿਆਨ ਪ੍ਰਾਪਤ ਕਰਨ ਲਈ ਜਾਂਦਾ ਹੈ।

ਗੁਰਦੁਆਰੇ ਜਾਣ ਦਾ ਮਕਸਦ ਸਮਝਾਉਂਦੇ ਹੋਏ ਸਤਿਗੁਰੂ ਬਾਣੀ ਵਿੱਚ ਫੁਰਮਾਉਂਦੇ ਹਨ:

"ਗੁਰੂ ਦੁਆਰੈ ਹੋਇ ਸੋਝੀ ਪਾਇਸੀ।। ਏਤੁ ਦੁਆਰੈ ਧੋਇ ਹਛਾ ਹੋਇਸੀ।। " {ਸੂਹੀ ਮਹਲਾ ੧, ਪੰਨਾ ੭੩੦}

ਗੁਰੂ ਦੇ ਦਰ `ਤੇ (ਆਪਾ-ਭਾਵ ਦੂਰ ਕਰ ਕੇ ਸਵਾਲੀ) ਬਣੀਏ, ਤਾਂ (ਹਿਰਦੇ ਨੂੰ ਪਵਿਤ੍ਰ ਕਰਨ ਦੀ) ਅਕਲ ਮਿਲਦੀ ਹੈ। ਗੁਰੂ ਦੇ ਦਰ `ਤੇ ਰਹਿ ਕੇ ਹੀ (ਵਿਕਾਰਾਂ ਦੀ ਮੈਲ) ਧੋਤਿਆਂ ਹਿਰਦਾ ਪਵਿਤ੍ਰ ਹੁੰਦਾ ਹੈ।

"ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ।।

ਧਨੁ ਧੰਨੁ ਸੁ ਰਸਨਾ ਧੰਨੁ ਕਰ ਧੰਨੁ ਸੁ ਪਾਧਾ ਸਤਿਗੁਰੂ ਜਿਤੁ ਮਿਲਿ ਹਰਿ ਲੇਖਾ ਲਿਖਾ।। "

(ਕਾਨੜੇ ਕੀ ਵਾਰ ਮਹਲਾ ੪, ਪੰਨਾ ੧੩੧੬)

ਸਾਧ ਸੰਗਤਿ ਸਤਿਗੁਰੂ ਦੀ ਪਾਠਸ਼ਾਲਾ ਹੈ ਜਿਸ ਵਿੱਚ ਪਰਮਾਤਮਾ ਦੇ ਗੁਣ ਸਿੱਖੇ ਜਾ ਸਕਦੇ ਹਨ। ਹੇ ਭਾਈ! ਧੰਨ ਹੈ ਉਹ ਜੀਭ (ਜਿਹੜੀ ਪਰਮਾਤਮਾ ਦਾ ਨਾਮ ਜਪਦੀ ਹੈ) ਧੰਨ ਹਨ ਉਹ ਹੱਥ (ਜਿਹੜੇ ਸਾਧ ਸੰਗਤਿ ਵਿੱਚ ਪੱਖੇ ਆਦਿਕ ਦੀ ਸੇਵਾ ਕਰਦੇ ਹਨ) ਧੰਨ ਹੈ ਉਹ ਪਾਂਧਾ ਗੁਰੂ ਜਿਸ ਦੀ ਰਾਹੀਂ ਪਰਮਾਤਮਾ ਨੂੰ ਮਿਲ ਕੇ ਉਸ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੀਦੀਆਂ ਹਨ।

ਇਨ੍ਹਾਂ ਪਾਵਨ ਪੰਕਤੀਆਂ ਤੋਂ ਇਹ ਸਪੱਸ਼ਟ ਹੈ ਕਿ ਗੁਰਦੁਆਰੇ ਸੋਝੀ ਪ੍ਰਾਪਤ ਕਰਨ ਲਈ ਜਾਣਾ ਹੈ। ਗੁਰਦੁਆਰਾ ਸਤਿਗੁਰੂ ਦਾ ਉਹ ਸਕੂਲ ਹੈ ਜਿਥੇ ਸਤਿਸੰਗਤ ਵਿੱਚ ਜੁੜ ਕੇ, ਅਕਾਲ ਪੁਰਖ ਦੇ ਅਲੌਕਿਕ ਗੁਣਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ। ਸੋਝੀ ਪ੍ਰਾਪਤ ਹੋਵੇਗੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇਲਾਹੀ ਗਿਆਨ ਸਾਡੀ ਸੁਰਤ ਵਿੱਚ ਜਾਵੇਗਾ। ਗੁਰਦੁਆਰੇ ਜਾ ਕੇ ਗੁਰਬਾਣੀ ਦੇ ਇਲਾਹੀ ਗੁਣਾਂ ਦੀ ਵਿਚਾਰ ਨੂੰ ਸਮਝ ਕੇ, ਉਨ੍ਹਾਂ ਨੂੰ ਜੀਵਨ ਵਿੱਚ ਧਾਰਨ ਕਰਾਂਗੇ ਤਾਂ ਇਹ ਮਲੀਨ ਮਨ ਅਤੇ ਭ੍ਰਿਸ਼ਟ ਮਤ ਧੋਤੇ ਜਾਣਗੇ, ਜੀਵਨ ਪਵਿੱਤਰ ਹੋ ਜਾਵੇਗਾ।

ਇਥੇ ਤਾਂ ਅਕਾਲ-ਪੁਰਖ ਵਿੱਚ ਪੂਰਨ ਵਿਸ਼ਵਾਸ ਰਖਣਾ ਅਤੇ ਹਰ ਵੇਲੇ ਉਸ ਨੂੰ ਹਿਰਦੇ ਵਿੱਚ ਵਸਾ ਕੇ ਰਖਣਾ, ਹਰ ਵੇਲੇ ਉਸ ਨੂੰ ਹਾਜ਼ਰ ਨਾਜ਼ਰ ਸਮਝਣਾ ਹੀ ਸਾਰੀ ਪੂਜਾ ਹੈ। ਸਤਿਗੁਰੂ ਦਾ ਪਾਵਨ ਫੁਰਮਾਨ ਹੈ:

"ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ।। ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ।। ੧।।

ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ।। ੧।। ਰਹਾਉ।। " {ਰਾਗੁ ਗੂਜਰੀ ਮਹਲਾ ੧, ਪੰਨਾ ੪੮੯}

(ਹੇ ਪ੍ਰਭੂ !) ਜੇ ਮੈਂ ਤੇਰੇ ਨਾਮ (ਦੀ ਯਾਦ) ਨੂੰ ਚੰਨਣ ਦੀ ਲੱਕੜੀ ਬਣਾ ਲਵਾਂ, ਜੇ ਮੇਰਾ ਮਨ (ਉਸ ਚੰਦਨ ਦੀ ਲੱਕੜੀ ਨੂੰ ਘਸਾਣ ਵਾਸਤੇ) ਸਿਲ ਬਣ ਜਾਏ, ਜੇ ਮੇਰਾ ਉੱਚਾ ਆਚਰਨ (ਇਹਨਾਂ ਦੇ ਨਾਲ) ਕੇਸਰ (ਬਣ ਕੇ) ਰਲ ਜਾਏ, ਤਾਂ ਤੇਰੀ ਪੂਜਾ ਮੇਰੇ ਹਿਰਦੇ ਦੇ ਅੰਦਰ ਹੀ ਪਈ ਹੋਵੇਗੀ। ੧।

(ਹੇ ਭਾਈ !) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹੀ ਪੂਜਾ ਕਰਨੀ ਚਾਹੀਦੀ ਹੈ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਕੋਈ ਪੂਜਾ (ਐਸੀ) ਨਹੀਂ (ਜੋ ਪਰਵਾਨ ਹੋ ਸਕੇ)। ੧। ਰਹਾਉ।

ਗੁਰਦੁਆਰਾ ਕਿਸੇ ਤਰ੍ਹਾਂ ਵੀ ਪੂਜਾ ਦਾ ਸਥਾਨ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ, ਪਾਠ-ਦੀਦਾਰ ਭਾਵ ਪਾਠ ਦੁਆਰਾ ਦੀਦਾਰ ਹਨ, ਇਸੇ ਲਈ ਅਸੀਂ ਅਰਦਾਸ ਵਿੱਚ ਰੋਜ਼ ਬੋਲਦੇ ਹਾਂ, "ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ-ਵਾਹਿਗੁਰੂ"। ਕੁੱਝ ਵੱਡੇ ਮਨਮੱਤੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਚੁਕ ਕੇ ਦਰਸ਼ਨ ਕਰਕੇ ਆਪਣੇ ਮਨ ਨੂੰ ਖੁਸ਼ ਕਰ ਲੈਂਦੇ ਹਨ। ਜਦਕਿ ਸਤਿਗੁਰੂ ਜੀ ਦੀ ਬਾਣੀ ਫੁਰਮਾਉਂਦੀ ਹੈ:

"ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ।।

ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ।। " (ਸਲੋਕੁ ਮਃ ੩, ਪੰਨਾ ੫੯੪)

ਇਸੇ ਲਈ ਗੁਰਦੁਆਰੇ ਦੀ ਮਰਿਯਾਦਾ ਵਿੱਚ, ਰੋਜ਼ ਨੇਮ ਨਾਲ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੁੰਦੀਆਂ ਹਨ। ਗੁਰਦੁਆਰੇ ਵਿੱਚ ਗੁਰਮਤਿ ਵਿਚਾਰਾਂ ਅਤੇ ਹੋਰ ਸਾਰਾ ਪ੍ਰਚਾਰ ਨਿਰੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਧਾਰ ਬਣਾ ਕੇ ਗੁਰਮਤਿ ਅਨੁਸਾਰ ਕੀਤਾ ਜਾਂਦਾ ਹੈ। ਜਿਥੇ ਇਹ ਦੋਵੇਂ ਕਾਰਜ ਨੇਮ ਨਾਲ ਨਹੀਂ ਹੋ ਰਹੇ, ਸਪਸ਼ਟ ਹੈ ਕਿ ਉਥੇ ਮਰਿਯਾਦਾ ਦਾ ਪਾਲਨ ਨਹੀਂ ਹੋ ਰਿਹਾ। ਇਥੇ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਹੀ ਸੰਗਤ ਦੀ ਅਰਦਾਸ ਕੀਤੀ ਜਾਂਦੀ ਹੈ, ਜਿਸ ਦੇ ਮਨ ਦੀ ਜੋ ਭਾਵਨਾ ਹੈ, ਉਹ ਇਥੇ ਸਤਿਗੁਰੂ ਦੇ ਅੱਗੇ ਹੀ ਪ੍ਰਗਟ ਕਰਦਾ ਹੈ।

ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉਸ ਸਥਾਨ `ਤੇ ਨਾ ਕੋਈ ਮੂਰਤੀ ਆਦਿ ਸਥਾਪਤ ਕੀਤੀ ਜਾ ਸਕਦੀ ਹੈ ਅਤੇ ਨਾਹੀ ਕਿਸੇ ਹੋਰ ਪੁਸਤਕ ਜਾਂ ਗ੍ਰੰਥ ਆਦਿ ਦਾ ਗੁਰੂ ਗ੍ਰੰਥ ਸਾਹਿਬ ਵਾਕਰ (ਤੁਲ) ਪ੍ਰਕਾਸ਼ ਕੀਤਾ ਜਾ ਸਕਦਾ ਹੈ। ਇਸ ਹਾਲ ਜਾਂ ਕਮਰੇ ਵਿੱਚ ਕੋਈ ਵਿਅਕਤੀ ਗੱਦੀ ਜਾਂ ਗਦੇਲਾ ਆਦਿ ਲਗਾ ਕੇ ਨਹੀਂ ਬੈਠ ਸਕਦਾ। ਇਸ ਹਾਲ ਵਿੱਚ ਕੋਈ ਫੋਟੋ ਆਦਿ ਨਹੀਂ ਲਗਾਈਆਂ ਜਾ ਸਕਦੀਆਂ।

ਹਰ ਗੁਰਦੁਆਰੇ ਵਿੱਚ ਯੋਗ ਸਥਾਨ `ਤੇ ਉੱਚਾ ਨਿਸ਼ਾਨ ਸਾਹਿਬ (ਕੌਮੀ ਝੰਡਾ) ਲਗਾਇਆ ਜਾਂਦਾ ਹੈ, ਤਾਂ ਕਿ ਦੂਰੋਂ ਗੁਰਦੁਆਰੇ ਦਾ ਪਤਾ ਲੱਗ ਸਕੇ। ਬੇਸ਼ਕ ਨਿਸ਼ਾਨ ਸਾਹਿਬ ਸੰਗਤ ਵਾਸਤੇ ਰਾਹ ਭਾਲਣ ਵਿੱਚ ਸਹਾਈ ਹੈ, ਪਰ ਅਸਲ ਵਿੱਚ ਇਹ ਸਿੱਖ ਕੌਮ ਦੀ ਆਜ਼ਾਦ ਹਸਤੀ ਦਾ ਪ੍ਰਤੀਕ ਹੈ। ਸਿੱਖ ਕੌਮ ਦੀ ਆਜ਼ਾਦ ਹਸਤੀ ਦੇ ਪ੍ਰਤੀਕ ਤੌਰ `ਤੇ ਹੀ ਹਰ ਗੁਰਦੁਆਰੇ ਵਿੱਚ ਨਗਾਰਾ ਵੀ ਰਖਿਆ ਜਾਂਦਾ ਹੈ, ਜੋ ਰੋਜ਼ ਸੁਵੇਰੇ ਸ਼ਾਮ ਵਜਾਇਆ ਜਾਂਦਾ ਹੈ।

ਸੰਗਤੀ ਸਥਾਨ ਹੋਣ ਕਾਰਨ ਗੁਰਦੁਆਰੇ ਦਾ ਪ੍ਰਬੰਧ ਸੰਗਤ ਵਲੋਂ ਚੁਣੀ ਗਈ ਕਮੇਟੀ ਕਰਦੀ ਹੈ। ਗੁਰੂਦੁਆਰੇ ਭੇਟਾ ਦੇ ਤੌਰ `ਤੇ ਆਉਣ ਵਾਲੀ ਮਾਇਆ ਜਾਂ ਹੋਰ ਸਮੱਗਰੀ ਸੰਗਤੀ ਹੁੰਦੀ ਹੈ। ਉਸ ਦੇ ਹਰ ਪੈਸੇ ਦਾ ਹਿਸਾਬ ਰਖਿਆ ਜਾਂਦਾ ਹੈ ਅਤੇ ਉਸ ਦੀ ਵਰਤੋਂ ਕਮੇਟੀ ਵਲੋਂ ਗੁਰਦੁਆਰੇ ਦੀ ਸੇਵਾ ਸੰਭਾਲ ਅਤੇ ਹੋਰ ਪ੍ਰਬੰਧ ਚਲਾਉਣ ਲਈ ਕੀਤੀ ਜਾਂਦੀ ਹੈ। ਵਾਧੂ ਮਾਇਆ ਸੰਗਤਾਂ ਦੀ ਸਹਿਮਤੀ ਨਾਲ ਕਮੇਟੀ ਵਲੋਂ ਪੰਥਕ ਹਿੱਤਾਂ ਅਤੇ ਮਨੁਖੀ ਭਲਾਈ ਦੇ ਕਾਰਜਾਂ `ਤੇ ਖਰਚ ਕੀਤੀ ਜਾਂਦੀ ਹੈ। ਕਿਸੇ ਤਰ੍ਹਾਂ ਵੀ ਗੁਰਦੁਆਰੇ ਦੀ ਮਾਇਆ ਸੰਪਤੀ ਦੀ ਵਰਤੋਂ ਕੋਈ ਕਮੇਟੀ ਮੈਂਬਰ ਜਾਂ ਕੋਈ ਹੋਰ ਵਿਅਕਤੀ ਨਿੱਜੀ ਹਿੱਤਾਂ ਲਈ ਨਹੀਂ ਕਰ ਸਕਦਾ। ਜੇ ਕੋਈ ਐਸੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਨੂੰ ਦੁਰਵਰਤੋਂ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ। ਗੁਰਦੁਆਰੇ ਦੀ ਜਾਇਦਾਦ ਕਿਸੇ ਵਿਅਕਤੀ ਜਾਂ ਕਮੇਟੀ ਦੀ ਨਿਜੀ ਜਾਇਦਾਦ ਨਹੀਂ ਹੈ। ਹੁਣ ਤਾਂ ਭਾਰਤ ਦੀ ਸਰਬਉੱਚ ਅਦਾਲਤ ਨੇ ਗੁਰੂ ਗ੍ਰੰਥ ਸਾਹਿਬ ਨੂੰ (Jurisdic person) ਭਾਵ ਕਾਨੂੰਨੀ ਤੌਰ `ਤੇ ਜੀਵਤ ਗੁਰੂ ਦੇ ਤੌਰ `ਤੇ ਮਾਨਤਾ ਦੇ ਦਿੱਤੀ ਹੈ, ਇਸ ਵਾਸਤੇ ਗੁਰਦੁਆਰੇ ਨਾਲ ਸਬੰਧਤ ਹਰ ਜਾਇਦਾਦ ਗੁਰੂ ਗ੍ਰੰਥ ਸਾਹਿਬ ਦੇ ਨਾਂ `ਤੇ ਹੀ ਰਜਿਸਟਰ ਹੋਣੀ ਚਾਹੀਦੀ ਹੈ। ਕਮੇਟੀ ਕੇਵਲ ਇਸ ਦੀ ਸੇਵਾ ਸੰਭਾਲ ਵਾਸਤੇ ਹੈ, ਜੋ ਸਮੇਂ ਸਮੇਂ `ਤੇ ਬਦਲਦੀ ਰਹਿੰਦੀ ਹੈ। ਗੁਰਦੁਆਰੇ ਵਿੱਚ ਕੋਈ ਵਿਅਕਤੀ ਵਿਸ਼ੇਸ਼ ਗੱਦੀ ਆਦਿ ਲਗਾ ਕੇ ਨਹੀਂ ਬੈਠ ਸਕਦਾ ਅਤੇ ਨਾ ਹੀ ਕਿਸੇ ਨੂੰ ਮੱਥਾ ਟੇਕਿਆ ਜਾ ਸਕਦਾ ਹੈ। ਗੁਰਦੁਆਰੇ ਵਿੱਚ ਮੱਥਾ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੀ ਟੇਕਿਆ ਜਾਂਦਾ ਹੈ ਅਤੇ ਸਿੱਖਿਆ ਵੀ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ `ਤੇ ਅਧਾਰਤ ਦਿੱਤੀ ਜਾਂਦੀ ਹੈ।

ਗੁਰਦੁਆਰੇ ਦੀ ਇਮਾਰਤ:

ਗੁਰਦੁਆਰੇ ਦੀ ਇਮਾਰਤ ਵਿੱਚ ਸਭ ਤੋਂ ਪ੍ਰਮੁੱਖ ਉਹ ਸਥਾਨ ਹੈ, ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਇਹ ਸਥਾਨ ਇਲਾਕੇ ਵਿੱਚ ਸੰਗਤ ਦੀ ਗਿਣਤੀ ਅਨੁਸਰ ਇੱਕ ਵੱਡਾ ਹਾਲ ਹੁੰਦਾ ਹੈ, ਜਿਸ ਵਿੱਚ ਗੁਰਪੁਰਬ ਦੇ ਸਮੇਂ ਵੀ ਸੰਗਤ ਬੈਠ ਕੇ ਸਤਿਸੰਗਤ ਦਾ ਲਾਹਾ ਲੈ ਸਕੇ। ਸੰਗਤਾਂ ਮੱਥਾ ਕੇਵਲ ਇਸ ਸਥਾਨ `ਤੇ ਪ੍ਰਕਾਸ਼ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੋ ਕੇ ਟੇਕਦੀਆਂ ਹਨ। ਇਸ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਲਗਦਾ ਹੈ, ਸਤਿਗੁਰੂ ਦੀ ਹਜ਼ੂਰੀ ਵਿੱਚ ਦੀਵਾਨ ਸਜਦੇ ਹਨ` ਜਿਥੇ ਸੰਗਤਾਂ ਸਤਿ ਸੰਗਤ ਦਾ ਲਾਹਾ ਖਟਦੀਆਂ ਹਨ। ਇਸ ਹਾਲ ਦੇ ਨੇੜੇ ਹੀ ਇੱਕ ਛੋਟਾ ਕਮਰਾ ਹੁੰਦਾ ਹੈ, ਜਿਥੇ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦਾ ਸੁਖ-ਆਸਨ ਕੀਤਾ ਜਾਂਦਾ ਹੈ। ਸੰਗਤ ਦੀ ਲੋੜ ਵਾਸਤੇ ਰਖੇ ਗਏ, ਗੁਰੂ ਗ੍ਰੰਥ ਸਾਹਿਬ ਦੇ ਵਾਧੂ ਸਰੂਪ ਵੀ ਇਥੇ ਹੀ ਸੁਖ ਆਸਨ ਅਵਸਥਾ ਵਿੱਚ ਸੰਭਾਲੇ ਜਾਂਦੇ ਹਨ। ਹਰ ਗੁਰਦੁਆਰੇ ਵਿੱਚ ਇੱਕ ਲੰਗਰ ਹਾਲ, ਉਸ ਨਾਲ ਲਗਦੀ ਲੰਗਰ ਤਿਆਰ ਕਰਨ ਲਈ ਇੱਕ ਰਸੋਈ ਅਤੇ ਲੰਗਰ ਦੇ ਸਮਾਨ ਦੀ ਸੰਭਾਲ ਵਾਸਤੇ ਸਟੋਰ ਇਤਿਆਦ ਹੁੰਦੇ ਹਨ। ਇਨ੍ਹਾਂ ਸਥਾਨਾਂ `ਤੇ ਸੰਗਤਾਂ ਸਿਰ ਕੱਜ ਕੇ ਅਤੇ ਜੋੜੇ ਉਤਾਰ ਕੇ ਜਾਂਦੀਆਂ ਹਨ।

ਇਸ ਤੋਂ ਇਲਾਵਾ ਗੁਰਦੁਆਰੇ ਦੇ ਨਾਲ ਲਾਇਬਰੇਰੀ, ਡਿਸਪੈਂਸਰੀ ਅਤੇ ਹੋਰ ਕਈ ਸਮਾਜਿਕ ਭਲਾਈ ਦੇ ਕੇਂਦਰ ਹੁੰਦੇ ਹਨ। ਗੁਰਦੁਆਰੇ ਵਿੱਚ ਇਹ ਸੇਵਾਵਾਂ ਬਿਲਕੁਲ ਮੁਫਤ ਜਾਂ ਨਾ-ਮਾਤਰ ਲਾਗਤ `ਤੇ ਹੁੰਦੀਆਂ ਹਨ। ਕਈ ਸਥਾਨਾਂ `ਤੇ ਗੁਰਦੁਆਰੇ ਦੇ ਨਾਲ ਸਕੂਲ ਵੀ ਬਣਾਏ ਜਾਂਦੇ ਹਨ। ਆਮ ਤੌਰ `ਤੇ ਗੁਰਦੁਆਰੇ ਦੇ ਸੇਵਾਦਾਰਾਂ, ਪ੍ਰਚਾਰਕਾਂ ਅਤੇ ਗ੍ਰੰਥੀਆਂ ਵਾਸਤੇ ਰਿਹਾਇਸ਼ੀ ਕੁਆਟਰ ਵੀ ਇਸੇ ਸਮੂਹ ਵਿੱਚ ਬਣਾਏ ਜਾਂਦੇ ਹਨ।

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਛਪਾਈ ਵਿੱਚ ਹੈ ਜੀ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: [email protected]




.