.

ਸੱਚੇ ਨਾਲ ਭਾਉ-ਪਿਆਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਉਸ ਦੀ ਸੱਚੀ ਸਿਫਤ ਸਲਾਹ ਕਿਵੇਂ ਹੋਵੇ ਇਹ ਚੌਥੀ ਪਉੜੀ ਵਿਚ ਸਮਝਾਇਆ ਹੈ ਕਿ ਸੱਚਾ ਪ੍ਰਮਾਤਮਾ ਤਾਂ ਪਿਆਰ ਹੀ ਪਿਆਰ ਹੈ। ਦਾਤਾ ਅਨੰਤ ਹੈ ਬੇਅੰਤ ਹੈ ਜੋ ਦੇਣਾ ਹੀ ਜਾਣਦਾ ਹੈ ਕੁਝ ਲੈਣਾ ਨਹੀਂ ਬਸ ਦੇਈ ਹੀ ਜਾਂਦਾ ਹੈ ਸੰਸਾਰ ਵਿਚ ਜੋ ਸੀ, ਜੋ ਹੈ, ਜੋ ਹੋਵੇਗਾ ਸਭ ਉਸੇ ਦਾ ਦਿਤਾ ਹੋਇਆ ਹੈ ਉਹ ਸਭ ਨੂੰ ਦੇਈ ਜਾਂਦਾ ਹੈ। ਜਦ ਉਹ ਕੁਝ ਲੈਂਦਾ ਹੀ ਨਹੀਂ ਤਾਂ ਉਸ ਦੇ ਅਗੇ ਕੀ ਭੇਟ ਕਰਨ ਬਾਰੇ ਕੀ ਸੋਚਦੇ ਹੋ? ਉਸ ਨੂੰ ਤਾਂ ਉਮਡਦੇ ਪਿਆਰ ਦੀ ਲੋੜ ਹੈ ਜਿਵੇਂ ਮਾਂ ਬਚੇ ਦੇ ਤੋਤਲੇ ਮੂਹੋਂ ਪਿਆਰ ਭਰੀ ‘ਮਾਂ’ ਸੁਣਨਾ ਲੋਚਦੀ ਹੈ । ਉਸ ਪ੍ਰਤੀ ਪਿਆਰ ਭਰੇ ਦਿਲ ਨਾਲ ਸਵੇਰੇ ਸਵਖਤੇ ਜਦ ਸਭ ਸ਼ਾਂਤੀ ਅਮਨ ਚੈਨ ਹੁੰਦਾ ਹੈ । ਸਚਿਆਰ ਬਣੋ, ਉਸ ਦਾ ਧਿਆਨ ਧਰੋ, ਉਸ ਨਾਲ ਤਾਰ ਜੋੜੋ, ਵਸਲ ਵਿਚ ਵਸੋ, ਨਾਮ ਜਪੋ, ਉਸ ਦੇ ਨੇੜੇ ਹੋ ਕੇ ਪਿਆਰ ਭਰੀਆਂ ਗੱਲਾਂ ਕਰੋ। ਪਿਆਰ ਦੀ ਭਾਸ਼ਾ ਜ਼ੁਬਾਨਾਂ ਦੀ ਲੋੜ ਹੀ ਰਖਦੀ ਬਹੁਤੀ ਵਾਰ ਬਿਨ ਬੋਲਿਆਂ ਹੀ ਸਭ ਕੁਝ ਕਿਹਾ ਜਾਂਦਾ ਹੈ ਪਰ ਜਦ ਉਸ ਨਾਲ ਤਾਰ ਜੁੜੀ ਹੋਵੇ ਤਾਂ ਹੀ ਦਿਲ ਦਾ ਸੁਨੇਹਾ ਉਸ ਦੇ ਦਿਲ ਤਕ ਪਹੁੰਚੇਗਾ।ਤੁਹਾਡੀ ਪਿਆਰ ਭਰੀ ਤਪਸਿਆ ਵੇਖ ਉਸ ਦਾ ਦਿਲ ਪਸੀਜੇਗਾ ਤੇ ਉਸ ਦੀ ਮਿਹਰ ਪਵੇਗੀ ਤੇ ਉਸਦਾ ਦਰ ਦਿਸ ਆਵੇਗਾ। ਉਸ ਦੇ ਦਰ ਜਾ ਕੇ ਹੀ ਪਤਾ ਚਲਦਾ ਹੈ ਕਿ ਉਸ ਦੇ ਗਿਰਦੇ ਜੋਤ ਰੂਪ ਸਭ ਸਚਿਆਰ ਹੀ ਸਚਿਆਰ ਹਨ।
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥ ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰੁ ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥ ੪ ॥ ॥ (ਪਉੜੀ ੪, ਜਪੁਜੀ, ਪੰਨਾ ੨)
ਪ੍ਰਮਾਤਮਾ ਸੱਚਾ ਹੈ ਉਸਦਾ ਨਾਮ ਵੀ ਸੱਚਾ ਹੈ ਉਸ ਦੀ ਬੋਲੀ ਅਪਾਰ ਪ੍ਰੇਮ ਦੀ ਹੈ , ਭਾਵ ਉਸਦਾ ਨਾਮ ਜਪਣ ਲਈ ਦਿਲ ਵਿਚ ਅਪਾਰ ਪ੍ਰੇਮ ਚਾਹੀਦਾ ਹੈ:
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥
ਸੱਚੇ ਸਾਹਿਬ ਨੂੰ ਮਿਲੀਏ ਕਿਵੇਂ? ਪ੍ਰੀਤ ਤੇ ਸੱਚ ਦੁਆਰਾ ਉਹ ਸਚਿਆਰਾਂ ਦੇ ਪਰਮ ਸਚਿਆਰ ਨੂੰ ਮਿਲਿਆ ਜਾ ਸਕਦਾ ਹੈ:
ਭਾਇ ਮਿਲਲੈ ਸਚੁ ਸਾਚੈ ਸਚੁ ਰੇ॥ (ਗਉ ਮ: ੧, ਪੰਨਾ ੨੨੫)
ਕੇਵਲ ਤਦ ਹੀ ਬੰਦਾ ਸੱਚਾ ਜਾਣਿਆ ਜਾਂਦਾ ਹੈ ਜੇਕਰ ਉਹ ਸੱਚੇ ਸਤਿਗੁਰ ਨੂੰ ਪ੍ਰੇਮ ਕਰਦਾ ਹੈ।
ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ॥ ( ਮ:੧, ਪੰਨਾ ੪੬੮)
ਇਸ ਲਈ ਸਾਨੂੰ ਉਸ ਦਾ ਨਾਮ ਗਾਉਣ ਜਾਂ ਸੁਣਨ ਲਈ ਉਸ ਪ੍ਰਤੀ ਅਤਿਅੰਤ ਪ੍ਰੇਮ ਰੱਖਣਾ ਚਾਹੀਦਾ ਹੈ
ਗਾਵੀਐ ਸੁਣੀਐ ਮਨ ਰਖੀਐ ਭਾਉ॥ ਦੁਖ ਪਰਹਰਿ ਸੁਖ ਘਰ ਲੈ ਜਾਇ।
ਪਰ ਉਸ ਨਾਲ ਪ੍ਰੇਮ ਕੋਈ ਵਿਰਲਾ ਹੀ ਪਾਉਂਦਾ ਹੈ
ਭਾਉ ਪਿਆਰਾ ਲਾਇ ਵਿਰਲਾ ਕੋਇ॥ (ਆਸਾ ੩, ਪੰਨਾ ੩੬੧)
ਉਸ ਪ੍ਰਤੀ ਪ੍ਰੇਮ ਨਾਲ ਭਗਤੀ ਦਾ ਰਾਹ ਗੁਰੂ ਤੋਂ ਮਿਲੀ ਮੱਤ ਅਨੁਸਾਰ ਹੀ ਪਤਾ ਲਗਦਾ ਹੈ
ਭਾਉ ਭਗਤਿ ਗੁਰਮਤੀ ਪਾਏ॥ ਪ੍ਰਭਾ ਮ:੧, ਪੰਨਾ ੧੩੪੨)
ਪ੍ਰਮਾਤਮਾ ਨਾਲ ਪ੍ਰੇਮ ਪਾਉਣ ਨਾਲ ਹੀ ਨਾਮ ਜਪਣ ਦੀ ਮਿਹਨਤ ਰਾਸ ਆਉਂਦੀ ਹੈ:
ਭਾਉ ਲਾਗਾ ਗੋਬਿੰਦ ਸਿਉ ਘਾਲ ਪਾਈ ਥਾਇ ॥(ਮਾਰੂ ੫, ਪੰਨਾ ੧੦੦੨)
ਇਸ ਲਈ ਪ੍ਰਮਾਤਮਾ ਦੀ ਪ੍ਰੇਮਾ-ਭਗਤੀ ਨਾਲ ਸੱਚੇ ਦੇ ਗੁਣ ਗਾਈਦੇ ਹਨ:
ਭਾਇ ਭਗਤ ਸਾਚੇ ਗੁਣ ਗਾਵਾ॥ (ਮਾਰੂ ੧, ਪੰਨਾ ੧੦੩੪)
ਜਿਸ ਦੇ ਹਿਰਦੇ ਵਿਚ ਸੱਚੇ ਦੇ ਪ੍ਰੇਮ ਸਦਕਾ ਸੱਚੇ ਨੇ ਘਰ ਕਰ ਲਿਆ ਤਾਂ ਉਸ ਗੁਰਮੁਖ ਦੇ ਦਾਸਰੇ ਬਣ ਕੇ ਉਸ ਨੂੰ ਡੰਡਵਤ ਪ੍ਰਣਾਮ ਕਰਦੇ ਹਾਂ।
ਸਾਚੁ ਰਿਦੈ ਸਚੁ ਪ੍ਰੇਮ ਨਿਵਾਸ ॥ ਪ੍ਰਣਵਤਿ ਨਾਨਕ ਹਮ ਤਾ ਕੇ ਦਾਸ ॥ ੯ ॥ ੮ ॥ ਗਉੜੀ ਮਹਲਾ ੧ ॥ ਮ:੧ ਪੰਨਾ ੨੨੪)
ਲੋਕੀ ਪ੍ਰਾਰਥਨਾ ਕਰਦੇ ਹਨ ਯਾਚਨਾ ਕਰਦੇ ਹਨ , “ਹੇ ਦਾਤਾਰ! ਅਪਣਾ ਨਾਮ ਸਾਡੀ ਝੋਲੀ ਪਾ ਦੇਹ” ਤੇ ਦਾਤਾ ਦਾਤਾਂ ਵੰਡਦਾ ਜਾਂਦਾ ਹੈ।
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥
ਪ੍ਰਮਾਤਮਾ ਅਪਣੀ ਕਿਰਪਾ ਦੁਆਰਾ ਹੀ ਬਖਸ਼ੀਸ਼ਾਂ ਬਖਸ਼ਦਾ ਹੈ:
ਨਾਨਕ ਨਦਰੀ ਕਰਮੀ ਦਾਤਿ॥ (ਜਪੁਜੀ, ਮ: ੧, ਪੰਨਾ ੫)
ਉਸਦੀਆਂ ਬਖਸ਼ਿਸ਼ਾਂ ਬਹੁਤ ਹਨ ਜੋ ਸਾਰੀਆਂ ਕਲਮਬੰਦ ਨਹੀਂ ਹੋ ਸਕਦੀਆਂ ਹਨ।ਦਾਤਾ ਬਹੁਤ ਵੱਡਾ ਹੈ ਉਸਨੂੰ ਆਪ ਰਤੀ ਵੀ ਤਮਾ ਨਹੀਂ ਉਸਨੇ ਤਾਂ ਸਾਰਾ ਕੁਝ ਜਗਤ ਵਿਚ ਵੰਡਣਾ ਹੈ।ਸੂਰਮਿਆ ਦੇ ਸਮੂਹ ਬੇਅੰਤ ਸਾਹਿਬ ਦੇ ਦਰ ਤੇ ਖੈਰ ਮੰਗਦੇ ਹਨ। ਕਿਤਨੇ ਹੀ, ਗਿਣਤੀ ਤੋਂ ਬਾਹਰ ਉਸਨੂੰ ਸੋਚਦੇ ਸਮਝਦੇ ਹਨ। ਬੜੇ ਵੈਲਾਂ ਦੇ ਮਾਰੇ ਖਤਮ ਹੋ ਗਏ। ਕਈ ਬੇਵਕੂਫ ਖਾਈ ਹੀ ਜਾਂਦੇ ਹਨ ਪਰ ਕਈ ਤਕਲੀਫ, ਫਾਕਾ ਕਸ਼ੀ ਅਤੇ ਹਮੇਸ਼ਾ ਦੀ ਭੁਖ ਦੇ ਮਾਰੇ ਹੁੰਦੇ ਹਨ।ਇਸ ਸਭ ਦਾਤੇ ਦੀਆਂ ਦੀ ਹੀ ਬਖਸ਼ਿਸ਼ਾਂ ਹਨ।ਮਾਇਆ ਦੀ ਕੈਦ ਤੋਂ ਰਿਹਾਈ ਰੱਬ ਦੇ ਹੁਕਮ ਨਾਲ ਹੁੰਦੀ ਹੈ ਹੋਰ ਕਿਸੇ ਦਾ ਇਸ ਵਿਚ ਕੋਈ ਦਖਲ ਨਹੀਂ। ਜੇਕਰ ਕੋਈ ਮੂਰਖ ਦਖਲ ਦੇਣ ਦਾ ਹੀਆ ਕਰੇ ਤਾਂ ਉਹੀ ਜਾਣੇਗਾ ਕਿ ਉਸ ਦੇ ਮੂੰਹ ਤੇ ਕਿਤਨੀਆਂ ਚਪੇੜਾਂ ਵਜਦੀਆਂ ਹਨ।ਰੱਬ ਸਭ ਜਾਣਦਾ ਹੈ ਤੇ ਖੁਦ ਹੀ ਸਭ ਨੂੰ ਦਿੰਦਾ ਹੈ ਪਰ ਉਹ ਬੜੇ ਘਟ ਹਨ ਜੋ ਉਸ ਦੀਆਂ ਬਖਸ਼ਿਸ਼ਾਂ ਨੂੰ ਮੰਨਦੇ ਹਨ।
ਬਹੁਤਾ ਕਰਮੁ ਲਿਖਿਆ ਨਾ ਜਾਇ ॥ ਵਡਾ ਦਾਤਾ ਤਿਲੁ ਨ ਤਮਾਇ ॥ ਕੇਤੇ ਮੰਗਹਿ ਜੋਧ ਅਪਾਰ ॥ ਕੇਤਿਆ ਗਣਤ ਨਹੀ ਵੀਚਾਰੁ ॥ ਕੇਤੇ ਖਪਿ ਤੁਟਹਿ ਵੇਕਾਰ ॥ ਕੇਤੇ ਲੈ ਲੈ ਮੁਕਰੁ ਪਾਹਿ ॥ ਕੇਤੇ ਮੂਰਖ ਖਾਹੀ ਖਾਹਿ ॥ ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥ ਬੰਦਿ ਖਲਾਸੀ ਭਾਣੈ ਹੋਇ ॥ ਹੋਰੁ ਆਖਿ ਨ ਸਕੈ ਕੋਇ ॥ ਜੇ ਕੋ ਖਾਇਕੁ ਆਖਣਿ ਪਾਇ ॥ ਓਹੁ ਜਾਣੈ ਜੇਤੀਆ ਮੁਹਿ ਖਾਇ ॥ ਆਪੇ ਜਾਣੈ ਆਪੇ ਦੇਇ ॥ ਆਖਹਿ ਸਿ ਭਿ ਕੇਈ ਕੇਇ ॥ ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਿਸਾਹੀ ਪਾਤਿਸਾਹੁ ॥ ੨੫ ॥(ਜਪੁਜੀ ਮ:੧, ਪੰਨਾ ੫-੬)
ਫਿਰ ਉਸ ਦੇ ਅੱਗੇ ਕੀਹ ਭੇਟਾ ਕਰੀਏ ਜਿਸ ਸਦਕਾ ਸਾਨੂੰ ਉਸ ਦੇ ਦਰਬਾਰ ਦੇ ਦਰਸ਼ਨ ਹੋ ਸਕਣ ਭਾਵ ਉਸ ਦੇ ਦਰ ਤੇ ਕਿਵੇਂ ਪਹੁੰਚੀਏ?
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥
ਮੁਖੋਂ ਕਿਸ ਤਰ੍ਹਾਂ ਦੀ ਸਿਫਤ ਸਲਾਹ ਕਰੀਏ ਜਿਸ ਨੂੰ ਸੁਣ ਕੇ ਉਹ ਪਿਆਰ ਕਰਨ ਲੱਗ ਜਾਵੇ?
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥
ਇਸ ਦਾ ਜਵਾਬ ਦਿੰਦੇ ਗੁਰੂ ਜੀ ਫੁਰਮਾਉਂਦੇ ਹਨ ਕਿ ਸੁਬਹ ਸਵੇਰੇ ਸਤਿਨਾਮ ਦਾ ਉਚਾਰਨ ਕਰੀਏ ਤੇ ਵਾਹਿਗੁਰੂ ਦੀ ਵਡਿਆਈ ਬਾਰੇ ਵਿਚਾਰ ਕਰੀਏ:
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰੁ ॥
ਅੰਮ੍ਰਿਤ ਵੇਲੇ ਭਾਵ ਨਾਮ ਜਪਣ ਦੇ ਵੇਲੇ ਸੱਚੇ ਦੇ ਨਾਮ ਦੀ ਵਡਿਆਈ ਦੀ ਵੀਚਾਰ ਕਰਨ ਬਾਰੇ ਆਦੇਸ਼ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ ਅੰਮ੍ਰਿਤ ਸੱਤ ਸੌ ਵੱਧ ਵਾਰ ਆਇਆ ਹੈ ਤੇ ਇਕ ਤੋਂ ਵੱਧ ਅਰਥਾਂ ਵਿਚ ਵਰਤਿਆ ਗਿਆ ਹੈ ਪਰ ਸਭ ਤੋਂ ਵਧ ‘ਨਾਮ’ ਅਤੇ ‘ਵਾਹਿਗੁਰੂ’ ਦੇ ਅਰਥ ਵਿਚ ਆਇਆ ਹੈ ਅੰਮ੍ਰਿਤ ਵੇਲਾ ਸਵੇਰ ਵੇਲੇ ਜੋ ਆਮ ਤੌਰ ਤੇ ਤਿੰਨ ਤੋਂ ਛੇ ਵਜੇ ਦਾ ਸਮਾਂ ਹੈ ਵਾਹਿਗੁਰੂ ਦੇ ਨਾਮ ਜਪਣ ਦਾ ਵੇਲਾ ਨੂੰ ਕਿਹਾ ਗਿਆ ਹੈ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ: ਹੇ ਮਨ ਟਿਕਿਆ ਰਹਿ, ਕਿਤੇ ਬਾਹਰ ਨਾ ਭਟਕਦਾ ਫਿਰੀਂ। ਬਾਹਰ ਢੂੰਢਣ ਤੁਰ ਪਿਆ ਤਾਂ ਬਹੁਤ ਦੁੱਖ ਪਾਵੇਂਗਾ, ਅੰਮ੍ਰਿਤ ਤਾਂ ਤੇਰੇ ਸਰੀਰ ਵਿਚ ਤੇਰੇ ਅੰਦਰ ਹੀ ਹੈ:
ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥ਬਾਹਰਿ ਢੂਡਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ (ਸੋਰਠ ਮ:੧ ਪੰਨਾ ੫੯੮)
ਗੁਰੂ ਅੰਗਦ ਦੇਵ ਜੀ ਫੁਰਮਾਉਂਦੇ ਹਨ: ਹੇ ਅਕਾਲਪੁਰਖ ਜਿਨ੍ਹਾ ਮਨੁੱਖਾਂ ਨੁੰ ਤੇਰੀ ਸੋਭਾ ਕਰਨ ਦਾ ਸੁਭਾਗ ਮਿਲਿਆ ਹੈ ਉਹ ਅਪਣੇ ਮਨ ਵਿਚ ਤੇਰੀ ਮਹਿਮਾ ਨਾਲ ਰੲੰਗੇ ਰਹਿੰਦੇ ਹਨ। ਉਨ੍ਹਾਂ ਲਈ ਇਕ ਤੈਨੂੰ ਹੀ ਯਾਦ ਰੱਖਣਾ ਅੰਮ੍ਰਿਤ ਹੈ, ਹੋਰ ਕੋਈ ਵਸਤ ਨਹੀਂ। ਇਹ ਅੰਮ੍ਰਿਤ ਹਰ ਜੀਵ ਦੇ ਅੰਦਰ ਮੌਜੂਦ ਹੈ ਪਰ ਗੁਰੂ ਦੀ ਕ੍ਰਿਪਾ ਨਾਲ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਇਹ ਧੁਰ ਤੋਂ ਲਿਖਿਆ ਹੋਇਆ ਹੈ, ਉਹ ਇਸ ਨੂੰ ਸਵਾਦ ਨਾਲ ਮਾਣਦੇ ਹਨ:
ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥ ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥ ਤਿਨੑੀ ਪੀਤਾ ਰੰਗ ਸਿਉ ਜਿਨੑ ਕਉ ਲਿਖਿਆ ਆਦਿ ॥ ੧ ॥ (ਮ:੧, ਪੰਨਾ ੧੨੮-੧੨੩੯)
ਵਾਹ ਪ੍ਰਮਾਤਮਾ ਜੋ ਸਦਾ ਸੱਚ ਹੈ ਉਸ ਦਾ ਨਾਮ ਅੰਮ੍ਰਿਤ ਹੈ। ਅੰਮ੍ਰਿਤ ਜੀਵਣ ਬਖਸ਼ਣ ਵਾਲਾ ਨਾਮ ਹੈ ਜਿਸ ਦੀ ਪ੍ਰਾਪਤੀ ਵਿਰਲੇ ਗੁਰਮੁਖਾਂ ਨੂੰ ਹੀ ਹੁੰਦੀ ਹੈ:
ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ ॥ (ਗੁਜਰੀ ਮ: ੩, ਪੰਨਾ ੫੧੫)
ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ ॥ (ਗੁਜਰੀ ਮ: ੩, ਪੰਨਾ ੫੧੫)
ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ: ਕਲਿਣੁਗ ਵਿਚ ਹਰੀ ਦਾ ਨਾਮ ਅੰਮ੍ਰਿਤ ਹੈ
ਹਰਿ ਕਾ ਨਾਮੁ ਅੰਮ੍ਰਿਤੁ ਕਲਿ ਮਾਹਿ ॥ (ਰਾਮਕਲੀ ਮਹਲਾ ੫ , ਪੰਨਾ ੮੮੭)
ਹੇ ਭਾਈ ਮੈਂ ਵਾਹਿਗੁਰੂ ਦੇ ਸਦਕੇ ਜਾਂਦਾ ਹਾਂ ਜਿਸ ਨੇ ਮੈਨੂੰ ਅਪਣੀ ਸੇਵਾ ਦੀ ਬਖਸ਼ਿਸ਼ ਕਰ ਦਿਤੀ ਹੈ ਅਤੇ ਮੈਨੂੰ ਆਤਮਕ ਜੀਵਨ ਵਾਸਤੇ ਸੁਚੱਜਾ ਰਸਤਾ ਵਿਖਾ ਦਿਤਾ ਹੈ:
ਸੇਵਕੁ ਲਾਇਓ ਅਪੁਨੀ ਸੇਵ ॥ ਅੰਮ੍ਰਿਤੁ ਨਾਮੁ ਦੀਓ ਮੁਖਿ ਦੇਵ ॥ (ਰਾਮਕਲੀ ਮਹਲਾ ੫ , ਪੰਨਾ ੮੮੭)
ਹੋਰ ਦੇਖੋ:
ਅੰਮ੍ਰਿਤ ਨਾਮੁ ਸਤਿਗੁਰ ਦੀਆ॥ ਆਸਾ ਮ:੧ ਪੰਨਾ ੩੫੨)
ਅੰਮ੍ਰਿਤ ਨਾਮੁ ਸਦਾ ਸੁਖਦਾਤਾ ਅੰਤੇ ਹੋਇ ਸਖਾਈ॥ ਮਲਾਰ ਮ:੧, ਪੰਨਾ ੧੨੮੭)
ਅੰਮ੍ਰਿਤ ਨਾਮੁ ਸਦਾ ਸੁਖਦਾਤਾ ਗੁਰਮਤੀ ਮੰਨਿ ਵਸਾਵਣਿਆ॥ (ਮਾਝ ਮ:੧, ਪੰਨਾ ੧੦੯)
ਅੰਮ੍ਰਿਤ ਨਾਮੁ ਆਪੇ ਦੇਇ॥ ਬਸੰ ੩, ਪੰਨਾ ੧੧੭੨)
ਅੰਮ੍ਰਿਤ ਨਾਮੁ ਮਹਾ ਰਸ ਪੀਨੇ॥ (ਗਉੜੀ ਮ: ੫, ਪੰਨਾ ੨੦੧)
ਅੰਮ੍ਰਿਤ ਨਾਮੁ ਦਾਨ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ॥ (ਮਾਰੂ ੫, ਪੰਨਾ ੧੦੨੦)
ਅੰਮ੍ਰਿਤ ਨਾਮੁ ਮਨੁ ਰਹਿਆ ਅਘਾਇ॥ਪ੍ਰਭਾ ੫, ਪੰਨਾ ੧੩੪੭)
ਅੰਮ੍ਰਿਤ ਨਾਮੁ ਸਦਾ ਨਿਰਮਲੀਆ॥ ਗਉ ੫, ਪੰਨਾ ੨੯੫)
ਅੰਮ੍ਰਿਤ ਸਬਦੁ ਪੀਵੈ ਜਨੁ ਕੋਇ॥ (ਆਸਾ ੫, ਪੰਨਾ ੩੯੪)
ਅੰਮ੍ਰਿਤ ਨਾਮੁ ਤੁਮਾਰਾ ਸੁਆਮੀ ॥ (ਮਾਰੂ ੫ , ਪੰਨਾ ੧੦੭੪)
ਗੁਰਮੰਤ੍ਰ ਦਿੜਾਇ ਹਰਿ ਰਸਕਿ ਰਸਾਏ ਹਰਿ ਅੰਮ੍ਰਿਤ ਹਰਿ ਮੁਖਿ ਚੋਇ ਜੀਉ॥ (ਮ:੪ ਪੰਨਾ ੪੪੭)


ਅੰਮ੍ਰਿਤ ਨਾਮ ਦੇ ਅਮੁੱਕ ਭੰਡਾਰ ਨੂੰ ਸਭ ਨੂੰ ਮਿਲਕੇ ਪੀਣਾ ਚਾਹੀਦਾ ਹੈ।ਪ੍ਰਭੂ ਦਾ ਨਾਮ ਸਿਮਰੇ ਸੁੱਖ ਮਿਲਦਾ ਹੈ ਤੇ ਸਾਰੀ ਤ੍ਰੇਹ ਮਿਟ ਜਾਂਦੀ ਹੈ। ਪਾਰਬ੍ਰਹਮ ਦੀ ਸੇਵਾ ਕਰਦਿਆਂ ਕੋਈ ਭੁੱਖ ਨਹੀਂ ਰਹਿੰਦੀ। ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ਤੇ ਅਮਰਾਪਦ ਪ੍ਰਾਪਤ ਹੁੰਦਾ ਹੈ।ਪ੍ਰਮਾਤਮਾ ਜਿਤਨਾ ਵੱਡਾ ਉਹ ਆਪ ਹੀ ਹੈ ਹੋਰ ਕੋਈ ਨਹੀਂ ਇਸ ਲਈ ਉਸ ਦi ਸ਼ਰਣ ਵਿਚ ਜਾਣਾ ਚਾਹੀਦਾ ਹੈ:
ਅੰਮ੍ਰਿਤ ਨਾਮ ਨਿਧਾਨੁ ਹੈ ਮਿਲਿ ਪੀਵਹੁ ਭਾਈ॥ ਜਿਸ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ॥ ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ॥ ਸਗਲ ਮਨੋਰਥ ਪੁੰਨਿਆ ਅਮਰਾਪਦ ਪਾਈ॥ਤੁਧੁ ਜੇਵਡੁ ਤੂ ਹੈ ਪਾਰਬਰਹਮ ਨਾਨਕ ਸਰਣਾਈ॥ (ਮ ੫, ਪੰਨਾ ੩੧੮)
ਆਮ ਤੌਰ ਤੇ ਰਾਤ ਦੇ ਅਖਿਰੀ ਪਹਿਰ ਨੂੰ ਅੰਮ੍ਰਿਤ ਵੇਲੇ ਦਾ ਨਾਂ ਦਿੱਤਾ ਜਾਂਦਾ ਹੈ। ਪੁਰਾਤਨ ਸਮੇਂ ਵਿੱਚ ਦਿਨ ਦੀ ਵੰਡ ਘੜੀਆਂ, ਪਹਿਰਾਂ, ਵਿਸੂਏ, ਚੱਸਿਆਂ ਨਾਲ ਕੀਤੀ ਜਾਂਦੀ ਸੀ। ਇੱਕ ਦਿਨ-ਰਾਤ ਦੇ ਅੱਠ ਪਹਿਰ ਹੁੰਦੇ ਹਨ। ਚਾਰ ਦਿਨ ਦੇ ਅਤੇ ਚਾਰ ਰਾਤ ਦੇ। ਜੇ ਅੱਜ ਦੇ ਸਮੇਂ ਮੁਤਾਬਕ ਵੇਖੀਏ ਇੱਕ ਪਹਿਰ ਤਿੰਨ ਘੰਟੇ ਦਾ ਹੋ ਗਿਆ। ਭਾਵ ਜਦੋਂ ਰਾਤ ਦੇ ਬਾਰ੍ਹਾਂ ਘੰਟਿਆਂ ਚੋਂ ਤਿੰਨ ਘੰਟੇ ਬਾਕੀ ਰਹਿੰਦੇ ਹੋਣ, ਤਾਂ ਉਸ ਨੂੰ ਅੰਮ੍ਰਿਤ ਵੇਲਾ ਸਮਝਿਆ ਜਾਂਦਾ ਹੈ। ਸਿੱਖ ਵਿਚਾਧਾਰਾ ਵਿੱਚ ਇਸ ਨੂੰ ਅੰਮ੍ਰਿਤ ਵੇਲਾ ਆਖਿਆ ਜਾਂਦਾ ਹੈ। ਸਿੱਖ ਨੂੰ ਅੰਮ੍ਰਿਤ ਵੇਲੇ ਜਾਗਣ ਦੀ ਪ੍ਰੇਰਨਾ ਗੁਰਬਾਣੀ ਵਿੱਚੋਂ ਸਪੱਸ਼ਟ ਮਿਲਦੀ ਹੈ:
ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ॥ ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ॥ ੧੦੭॥ (ਸਲੋਕ ਸੇਖ ਫਰੀਦ ਕੇ, ਪੰਨਾ ੧੩੮੩)
ਹੇ ਫਰੀਦ! ਜੇ ਤੂੰ ਅੰਮ੍ਰਿਤ ਵੇਲੇ ਨਹੀਂ ਜਾਗਿਆ ਤਾਂ (ਇਹ ਕੋਝਾ ਜੀਵਨ) ਜਿਊਂਦਾ ਹੀ ਤੂੰ ਮਰਿਆ ਹੋਇਆ ਹੈਂ। ਜੇ ਤੂੰ ਰੱਬ ਨੂੰ ਭੁਲਾ ਦਿੱਤਾ ਹੈ, ਤਾਂ ਰੱਬ ਨੇ ਤੈਨੂੰ ਨਹੀਂ ਭੁਲਾਇਆ (ਭਾਵ, ਪਰਮਾਤਮਾ ਹਰ ਵੇਲੇ ਤੇਰੇ ਅਮਲਾਂ ਨੂੰ ਵੇਖ ਰਿਹਾ ਹੈ)। ੧੦੭.
ਪਰ ਜੇ ਅਮਲੀ ਜੀਵਣ ਵਿੱਚ ਵੇਖੀਏ ਤਾਂ ਸਿਰਫ ਰਾਤ ਦੇ ਆਖਿਰੀ ਪਹਿਰ ਵਿੱਚ ਜਾਗਣ ਨਾਲ, ਕੋਈ ਸਮਾਂ ਆਪਣੇ ਆਪ ਵਿੱਚ ਅੰਮ੍ਰਿਤ ਵੇਲਾ ਨਹੀਂ ਬਣ ਜਾਂਦਾ। ਰਾਤ ਦੇ ਇਸ ਸਮੇਂ ਵਿੱਚ ਆਮ ਤੌਰ ਤੇ ਤਿੰਨ ਤਰ੍ਹਾਂ ਦੇ ਲੋਕ ਜਾਗਦੇ ਹਨ, ਭਗਤ ਜਨ, ਚੋਰ ਅਤੇ ਕਾਮੀ। ਜੇ ਸੱਚ ਵੇਖਿਆ ਜਾਵੇ ਤਾਂ ਚੋਰ ਤਾਂ ਭਗਤ ਜਨਾਂ ਨਾਲੋਂ ਵੀ ਜਲਦੀ ਉਠਦਾ ਹੈ। ਪੁਲੀਸ ਵਾਲੇ ਇਸ ਗੱਲ ਦੀ ਪ੍ਰੋੜਤਾ ਕਰਦੇ ਹਨ, ਕਿ ਵਧੇਰੇ ਚੋਰੀਆਂ ਰਾਤ ਦੋ ਵਜੇ ਤੋਂ ਚਾਰ ਵਜੇ ਦੇ ਵਿੱਚ ਹੁੰਦੀਆਂ ਹਨ, ਕਿਉਂਕਿ ਇਹ ਡੂੰਘੀ ਨੀਂਦ ਦਾ ਸਮਾਂ ਹੁੰਦਾ ਹੈ, ਚੋਰ ਲਈ ਵਧੇਰੇ ਢੁਕਵਾਂ ਹੈ। ਅੱਜ ਕਲ ਮਾਇਆ ਦੇ ਪਸਾਰੇ ਨੇ ਵੱਡੇ ਵੱਡੇ ਘਰ ਬਣਾ ਦਿੱਤੇ। ਬਹੁਤੇ ਘਰਾਂ ਵਿੱਚ ਹਰ ਕਿਸੇ ਜੋੜੇ ਦੇ ਅਲੱਗ ਅਲੱਗ ਸੌਣ ਵਾਸਤੇ ਕਮਰੇ ਬਣ ਗਏ, ਜਿਸ ਨਾਲ ਕੁੱਝ ਫਰਕ ਪੈ ਗਿਆ ਹੈ, ਪਹਿਲਾਂ ਛੋਟੇ ਘਰ ਹੁੰਦੇ ਸਨ, ਸਾਰਾ ਪਰਵਾਰ ਇੱਕੋ ਛੱਤ ਥੱਲੇ ਸੌਂਦਾ ਸੀ। ਬਹੁਤ ਗਰੀਬ ਘਰਾਂ ਵਿੱਚ ਅੱਜ ਵੀ ਤਕਰੀਬਨ ਇੰਝ ਹੀ ਹੁੰਦਾ ਹੈ, ਕਾਮ ਤ੍ਰਿਸ਼ਨਾ ਦੇ ਮਾਰੇ ਮੱਨੁਖ ਵੀ ਉਸੇ ਵੇਲੇ ਉੱਠਦੇ ਹਨ, ਤਾਂਕਿ ਘਰ ਦੇ ਬਾਕੀ ਜੀਅ ਡੂੰਘੀ ਨੀਂਦ ਵਿੱਚ ਹੋਣ। ਕੀ ਇਨ੍ਹਾਂ ਦੋਹਾਂ ਵਰਗਾਂ ਦੇ ਪਿੱਛਲ ਰਾਤ ਜਾਗਣ ਨੂੰ ਵੀ ਅਸੀਂ ਅੰਮ੍ਰਿਤ ਵੇਲਾ ਆਖਾਂਗੇ। ਉਸ ਸਮੇਂ ਨੂੰ ਅੰਮ੍ਰਿਤ ਵੇਲਾ ਬਨਾਉਣ ਦੀ ਜਾਚ ਸਾਨੂੰ ਸਤਿਗੁਰੂ ਨਾਨਕ ਪਾਤਿਸ਼ਾਹ ਨੇ ਬਖਸ਼ੀ ਹੈ:
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥ {ਜਪੁ, ਪੰਨਾ ੪}
ਜੇ ਰਾਤ ਦੇ ਆਖਿਰੀ ਪਹਿਰ ਵਿੱਚ ਉਠ ਕੇ, ਸੱਚੇ ਵਾਹਿਗੁਰੂ ਦੀਆਂ ਵਡਿਆਈਆਂ ਦੀ ਵਿਚਾਰ ਵਿੱਚ ਜੁੜ ਗਏ ਤਾਂ ਉਹ ਸਮਾਂ ਅੰਮ੍ਰਿਤ ਵੇਲਾ ਬਣ ਗਿਆ।
ਇਸੇ ਲਈ ਗੁਰੂ ਅਰਜਨ ਦੇਵ ਜੀ ਨੇ ਫੁਰਮਾਇਆ ਹੈ ਕਿ ਜੋ ਸੱਚੇ ਸਤਿਗੁਰ ਦਾ ਸਿੱਖ ਅਖਵਾਉਂਦਾ ਹੈ ਉਸਨੂੰ ਸਵੇਰੇ ਸਵੱਖਤੇ ਉੱਠ ਕੇ ਹਰੀ ਨਾਮ ਧਿਆਉਣਾ ਚਾਹੀਦਾ ਹੈ। ਪਰਭਾਤ ਵੇਲੇ ਸਵੇਰੇ ਉਸ ਨੂੰ ਹਿੰਮਤ ਕਰਕੇ ਵਾਹਿਗੁਰੂ ਦੇ ਨਾਮ ਦਾ ਇਸ਼ਨਾਨ ਕਰਨਾ ਚਾਹੀਦਾ ਹੈ ਭਾਵ ਨਾਮ ਜਪਣਾ ਚਾਹੀਦਾ ਹੈ।ਗੁਰੂ ਦੇ ਉਪਦੇਸ਼ ਅਨੁਸਾਰ ਉਸ ਨੂੰ ਹਰੀ ਦਾ ਨਾਮ ਲਗਾਤਾਰ ਜਪਣਾ ਚਾਹੀਦਾ ਹੈ ਜਿਸ ਨਾਲ ਪਲਾਂ ਵਿਚ ਉਹ ਸਾਰੇ ਪਾਪਾਂ ਦੋਸ਼ਾਂ ਤੋਂ ਮੁਕਤ ਹੋ ਜਾਵੇਗਾ। ਫਿਰ ਉਸ ਨੂੰ ਦਿਨ ਚੜ੍ਹੇ ਗੁਰਬਾਣੀ ਕਰਿਤਨ ਗਾਉਣਾ ਚਾਹੀਦਾ ਹੈ ਤੇ ਬਹਿੰਦਿਆਂ ੳਠਿਦਿਆਂ ਹਰੀ ਦਾ ਨਾਮ ਧਿਆਈ ਜਾਣਾ ਚਾਹੀਦਾ ਹੈ। ਜੋ ਗੁਰਸਿਖ ਹਰੀ ਦਾ ਨਾਮ ਸਾਹ ਲੈਂਦਿਆਂ ਮੂੰਹ ਵਿਚ ਬੁਰਕੀ ਪਾਉਂਦਿਆਂ ਵੀ ਜਪੀ ਜਾਂਦਾ ਹੈ ਊਹੋ ਸਿੱਖ ਗੁਰੂ ਨੂੰ ਚੰਗਾ ਲਗਦਾ ਹੈ। ਜਿਸ ਉਤੇ ਪਰਮ ਪਿਤਾ ਪ੍ਰਮਾਤਮਾ ਦਿਆਲ ਹੁੰਦਾ ਹੈ ਉਸ ਗੁਰਸਿੱਖ ਨੂੰ ਗੁਰੂ ਰੱਬ ਦੀ ਪ੍ਰਾਪਤੀ ਦਾ ਉਪਦੇਸ਼ ਦਿੰਦਾ ਹੈ।ਇਹੋ ਜਿਹੇ ਗੁਰਸਿੱਖ ਦੀ ਧੂੜ ਲੋੜੀਏ ਜੋ ਆਪ ਵੀ ਨਾਮ ਜਪੇ ਤੇ ਦੂਜਿਆਂ ਨੂੰ ਵੀ ਨਾਮ ਜਪਾਵੇ।
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥ ੨ ॥ ਮਃ ੪ ॥(ਗਉੜੀ ਮ:੫, ਪੰਨਾ ੩੦੫)
ਮਨੁਖੀ ਸਰੀਰ ਤਾਂ ਚੰਗੇ ਕਰਮਾਂ ਨਾਲ ਪ੍ਰਾਪਤ ਹੋਇਆ ਹੈ ਪਰ ਮੋਖ ਦਾ ਦੁਆਰਾ ਤਾਂ ਉਸ ਦੀ ਨਦਰੇ-ਕਰਮ ਮਿਹਰ ਦੀ ਦਇਆ ਦ੍ਰਿਸ਼ਟੀ ਨਾਲ ਹੀ ਹੋਣਾ ਹੈ ਗੁਰਪ੍ਰਸਾਦਿ ਨਾਲ ਹੀ ਪ੍ਰਾਪਤ ਹੋਣਾ ਹੈ:
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥
ਆਦਮੀ ਨੂੰ ਉਸ ਦੇ ਨਦਰਿ-ਕਰਮ ਪ੍ਰਾਪਤ ਕਰਨ ਲਈ ਕੀ ਕੀ ਕਰਨਾ ਚਾਹੀਦਾ ਹੈ ਤਾਂ ਜੋ ਜੀਵ ਪ੍ਰਮਾਤਮਾ ਦੇ ਦਵਾਰ ਤੇ ਪਹੁੰਚ ਸਕੇ? ਇਸ ਬਾਰੇ ਗੁਰ ਪ੍ਰਸਾਦਿ ਵਾਲੇ ਲੇਖ ਵਿਚ ਸਮਝਾਇਆ ਗਿਆ ਹੈ। ਸੰਖੇਪ ਵਿਚ:
ਗੁਰੂ ਦੀ ਮੂਰਤ (ਬ੍ਰਹਿਮੰਡੀ ਰਚਨਾ) ਨੂੰ ਹਮੇਸ਼ਾਂ ਮਨ ਵਿਚ ਧਿਆਨ ਵਿਚ ਰਖਣਾ ਚਾਹੀਦਾ ਹੈ। (ਏਥੇ ‘ਸਭਨਾਂ ਜੀਆ ਕਾ ਏਕੋ ਦਾਤਾ’ ਵਲ ਇਸ਼ਾਰਾ ਹੇ)। ਗੁਰੂ ਦੇ ਸ਼ਬਦਾਂ (ਗੁਰਬਾਣੀ) ਨੂੰ ਮਨ ਵਿਚ ਮੰਤਰ ਸਮਝਣਾ ਚਾਹੀਦਾ ਹੈ।ਉਸ ਦੇ ਚਰਨਾਂ ਨੂੰ ਹਿਰਦੇ ਵਿਚ ਧਾਰਨਾ ਚਾਹੀਦਾ ਹੈ।ਗੁਰੂ ਨੂੰ ਪਾਰਬ੍ਰਹਮ ਕਰਕੇ ਨਮਸਕਾਰ ਕਰਨੀ ਚਾਹੀਦੀ ਹੈ।ਕਿਸੇ ਸੰਸਾਰੀ ਨੂੰ ਇਸ ਭਰਮ ਭੁਲੇਖੇ ਵਿਚ ਨਹੀਂ ਹੋਣਾ ਚਾਹੀਦਾ ਕਿ ਗੁਰੂ ਬਿਨਾ ਕਿਸੇ ਦਾ ਪਾਰ ਉਤਾਰਾ ਹੋ ਸਕਦਾ ਹੈ।ਗੁਰੂ ਤਾਂ ਭੁੱਲੇ ਨੁੰ ਰਸਤੇ ਪਾਉਂਦਾ ਹੈ। ਹੋਰ ਸਭ ਕੁਝ ਛੱਡਵਾ ਕੇ ਭਗਤੀ ਵਲ ਲਾਉਂਦਾ ਹੈ। ਜਨਮ ਮਰਨ ਦੀ ਫਿਕਰ ਮਿਟਾ ਦਿੰਦਾ ਹੈ। ਪੂਰੇ ਗੁਰੂ ਦੀ ਵਡਿਆਈ ਬਹੁਤ ਵੱਡੀ ਹੈ।ਗੁਰੂ ਦੀ ਕਿਰਪਾ ਦੁਆਰਾ ਨਾਮ ਦਾ ਕਮਲ ਦਿਲ ਵਿਚ ਖਿੜ ਉਠਦਾ ਹੈ ਤੇ ਅੰਦਰ ਦੇ ਹਨੇਰੇ ਵਿਚ ਚਾਨਣ ਫੈਲ ਜਾਂਦਾ ਹੈ। ਜਿਸ ਨੂੰ ਵੀ ਅਪਣੇ ਅੰਦਰ ਗਿਆਨ ਰੂਪੀ ਪ੍ਰਕਾਸ਼ ਹੋਇਆ ਉਹ ਸਭ ਗੁਰੂ ਤੋਂ ਹੀ ਪ੍ਰਾਪਤ ਕੀਤਾ।ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਦੀ ਹੋਂਦ ਸਵੀਕਾਰ ਕੀਤੀ ਤੇ ਮਨ ਨਾਮ ਵਿਚ ਮੁਗਧ ਹੋ ਗਿਆ। ਗੁਰੂ ਤਾਂ ਆਪ ਸ਼੍ਰਿਸ਼ਟੀ ਕਰਤਾ ਹੈ ਉਹ ਸਭ ਕੁਝ ਕਰਨ ਯੋਗ ਹੈ। ਗੁਰੂ ਪਰਮਾਤਮਾ ਹੈ ਭੀ ਤੇ ਅੱਗੇ ਨੂੰ ਹੋਵੇਗਾ ਭੀ।ਗੁਰੂ ਜੀ ਫੁਰਮਾਉਂਦੇ ਹਨ ਕਿ ਪ੍ਰਭੂ ਨੇ ਇਹੋ ਜਣਾਇਆ ਹੈ ਕਿ ਗੁਰੂ ਬਿਨਾ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ।
ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥ ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ ॥ ਗੁਰ ਕੇ ਚਰਨ ਰਿਦੈ ਲੈ ਧਾਰਉ ॥ ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ ॥ ੧ ॥ ਮਤ ਕੋ ਭਰਮਿ ਭੁਲੈ ਸੰਸਾਰਿ ॥ ਗੁਰ ਬਿਨੁ ਕੋਇ ਨ ਉਤਰਸਿ ਪਾਰਿ ॥ ੧ ॥ ਰਹਾਉ ॥ ਭੂਲੇ ਕਉ ਗੁਰਿ ਮਾਰਗਿ ਪਾਇਆ ॥ ਅਵਰ ਤਿਆਗਿ ਹਰਿ ਭਗਤੀ ਲਾਇਆ ॥ ਜਨਮ ਮਰਨ ਕੀ ਤ੍ਰਾਸ ਮਿਟਾਈ ॥ ਗੁਰ ਪੂਰੇ ਕੀ ਬੇਅੰਤ ਵਡਾਈ ॥ ੨ ॥ ਗੁਰ ਪ੍ਰਸਾਦਿ ਊਰਧ ਕਮਲ ਬਿਗਾਸ ॥ ਅੰਧਕਾਰ ਮਹਿ ਭਇਆ ਪ੍ਰਗਾਸ ॥ ਜਿਨਿ ਕੀਆ ਸੋ ਗੁਰ ਤੇ ਜਾਨਿਆ ॥ ਗੁਰ ਕਿਰਪਾ ਤੇ ਮੁਗਧ ਮਨੁ ਮਾਨਿਆ ॥ ੩ ॥ ਗੁਰੁ ਕਰਤਾ ਗੁਰੁ ਕਰਣੈ ਜੋਗੁ ॥ ਗੁਰੁ ਪਰਮੇਸਰੁ ਹੈ ਭੀ ਹੋਗੁ ॥ ਕਹੁ ਨਾਨਕ ਪ੍ਰਭਿ ਇਹੈ ਜਨਾਈ ॥ ਬਿਨੁ ਗੁਰ ਮੁਕਤਿ ਨ ਪਾਈਐ ਭਾਈ ॥ ੪ ॥ ੫ ॥ ੭ ॥ (ਪੰਨਾ ੮੬੪-੮੬੫)
ਗੁਰੂ ਦੇ ਸ਼ਬਦ ਰਾਹੀਂ ਪ੍ਰਭ-ਸਿਮਰਨ-ਰੂਪ ਜੀਵਨ ਆਦਰਸ਼ ਮਿਲਦਾ ਹੈ, ਸੋ ਗੁਰੂ ਦੀ ਕਿਰਪਾ ਪ੍ਰਾਪਤ ਕਰ ਕੇ ਸਿਮਰਨ ਕਰੀਏ: ਪ੍ਰਭੂ ਨੇ ਸਿਮਰਨ ਦੀ ਅਜਿਹੀ ਬਣਤ ਬਣਾਈ ਹੈ ਜੋ ਮੁਕੰਮਲ ਹੈ ਬਿਨਾਂ ਕਿਸੇ ਊਣਤਾ ਦੇ ਹੈ। ਜੀਵ ਨੂੰ ਗੁਰੂ ਦੀ ਸਿਖਿਆ ਤੇ ਚੱਲ ਕੇ ਸਿਮਰਨ ਦਾ ਰੰਗ ਮਾਨਣਾ ਚਾਹੀਦਾ ਹੈ। ਪ੍ਰਭੂ ਹੈ ਤਾਂ ਅਪਹੁੰਚ ਭਾਵ ਇੰਦਰੀਆਂ ਦੀ ਪਹੁੰਚ ਤੋਂ ਦ੍ਰਿਸ਼ਟ ਹੈ, ਪਰ ਗੁਰੂ ਦੇ ਸਨਮੁੱਖ ਹੋਇਆਂ ਉਸ ਦੀ ਸੂਝ ਪੈਂਦੀ ਹੈ:
ਗੁਰ ਪਰਸਾਦੀ ਸੇਵੀਐ ਸਚੁ ਸਬਦਿ ਨੀਸਾਣੁ ॥ ਪੂਰਾ ਥਾਟੁ ਬਣਾਇਆ ਰੰਗੁ ਗੁਰਮਤਿ ਮਾਣੁ ॥ ਅਗਮ ਅਗੋਚਰੁ ਅਲਖੁ ਹੈ ਗੁਰਮੁਖਿ ਹਰਿ ਜਾਣੁ ॥ ੧੧ ॥ (ਪੰਨਾ ੭੮੯)
ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ॥ ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ ॥ ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ॥ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ॥ ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ ॥ ੧੨ ॥ (ਪੰਨਾ ੭੮੯)
ਸੁਖਮਨੀ ਬਾਣੀ ਵਿਚ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ ਕਿ ‘ਜਿਸ ਤੇ ਪ੍ਰਭੂ ਅਪਣੀ ਕਿਰਪਾ ਕਰਦਾ ਹੈ ਗੁਰੂ ਦਾ ਉਹ ਸੇਵਕ ਕਿਸੇ ਤੋਂ ਨਹੀਂ ਡਰਦਾ । ਵਾਹਿਗੁਰੂ ਜਿਹੋ ਜਿਹਾ ਹੈ ਉਸ ਨੇ ਊਹੋ ਜਿਹਾ ਵਿਖਾ ਦਿਤਾ ਹੈ ਭਾਵ ਪ੍ਰਮਾਤਮਾ ਨੇ ਦਰਸ਼ਨ ਦੇ ਹੋ ਗਏ ਹਨ ਤੇ ਸੋਝੀ ਪ੍ਰਾਪਤ ਹੋ ਗਈ ਹੈ ਕਿ ਦਿਸਦਾ ਸੰਸਾਰ ਵੀ ਉਹ ਆਪ ਹੈ ਤੇ ਸਭ ਵਿਚ ਜੋਤ ਵੀ ਉਹ ਆਪ ਹੀ ਹੈ। ਇਸੇ ਕਰਕੇ ਜੋ ਮਨੁਖ ਪ੍ਰਭੂ ਕਿਰਪਾ ਦਾ ਪਾਤਰ ਬਣਦਾ ਹੈ, ਉਸ ਨੂੰ ਫਿਰ ਕਿਸੇ ਤੋਂ ਕੋਈ ਡਰ ਨਹੀਂ ਰਹਿ ਜਾਂਦਾ ਤੇ ਉਹ ਨਿਰਭਉ ਹੋ ਕੇ ਵਿਚਰਦਾ ਹੈ ਕਿਉਂਕਿ ਉਸ ਨੂੰ ਪ੍ਰਭੂ ਉਹੋ ਜਿਹਾ ਹੀ ਦਿਸ ਪੈਂਦਾ ਹੈ ਜਿਹੋ ਜਿਹਾ ਉਹ ਅਸਲ ਵਿਚ ਹੈ, ਭਾਵ ਇਹ ਗਿਆਨ ਹੋ ਜਾਂਦਾ ਹੈ ਕਿ ਪ੍ਰਭੂ ਅਪਣੇ ਰਚੇ ਹੋਏ ਜਗਤ ਵਿਚ ਆਪ ਵਿਆਪਕ ਹਨ।ਨਿਤ ਅਜਿਹਾ ਵਿਚਾਰ ਕਰਦਿਆਂ ਉਸ ਸੇਵਕ ਨੂੰ ਵਿਚਾਰ ਵਿਚ ਸਫਲਤਾ ਮਿਲ ਜਾਂਦੀ ਹੈ ਭਾਵ ਗੁਰੂ ਦੀ ਕਿਰਪਾ ਦੁਆਰਾ ਉਸ ਨੂੰ ਸਾਰੀ ਅਸਲੀਅਤ ਦੀ ਸਮਝ ਆ ਜਾਂਦੀ ਹੈ ਕਿ ਵਾਹਿਗੁਰੂ ਹਰ ਸਰੀਰ ਵਿਚ ਸੂਖਮ ਰੂਪ ਵਿਚ ਹੈ ਅਤੇ ਉਸ ਦੇ ਸਾਰੇ ਰਚੇ ਸਰੀਰ ਅਸਥੂਲ ਹਨ ਭਾਵ ਸੂਖਮ ਅਸਥੂਲ ਉਹ ਹੀ ਹੈ ਹੋਰ ਕੋਈ ਨਹੀਂ:
ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ॥ਸੋ ਸੇਵਕੁ ਕਹੁ ਕਿਸ ਤੇ ਡਰੈ ॥ ਜੈਸਾ ਸਾ ਤੈਸਾ ਦ੍ਰਿਸਟਾਇਆ॥ਅਪੁਨੇ ਕਾਰਜ ਮਹਿ ਆਪਿ ਸਮਾਇਆ ॥ ਸੋਧਤ ਸੋਧਤ ਸੋਧਤ ਸੀਝਿਆ ॥ ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥ ਜਬ ਦੇਖਉ ਤਬ ਸਭੁ ਕਿਛੁ ਮੂਲੁ ॥ ਨਾਨਕ ਸੋ ਸੂਖਮੁ ਸੋਈ ਅਸਥੂਲੁ ॥ ੫ ॥ (ਪੰਨਾ ੨੮੧)
ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ ਕਿਉਂਕਿ ਗੁਰੂ ਦੇ ਸੱਚੇ ਸ਼ਬਦ ਰਾਹੀਂ ਉਸਦੇ ਜਨਮਾ-ਜਨਮਾਂਤਰਾ ਦੇ ਕੀਤੇ ਕਰਮਾਂ ਦਾ ਲੇਖਾ ਨਿਬੜ ਜਾਂਦਾ ਹੈ:
ਨਦਰਿ ਕਰੇ ਤਾ ਮੇਲਿ ਮਿਲਾਏ ॥ ਗੁਣ ਸੰਗ੍ਰਹਿ ਅਉਗਣ ਸਬਦਿ ਜਲਾਏ॥ਗੁਰਮੁਖਿ ਨਾਮੁ ਪਦਾਰਥੁ ਪਾਏ ॥ ੬ ॥ (ਪੰਨਾ ੨੨੨)
ਗੁਰੂ ਜੀ ਫੁਰਮਾਉਂਦੇ ਹਨ ਕਿ ਇਉਂ ਜਾਣੋ ਕਿ ਕਰਨ ਕਰਾਉਣ ਵਾਲਾ ਤਾਂ ਆਪ ਸੱਚਾ ਪ੍ਰਮਾਤਮਾ ਹੀ ਹੈ:
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥ ੪ ॥
ਕੇਵਲ ਤਦ ਹੀ ਆਦਮੀ ਸੱਚਾ ਜਾਣਿਆ ਜਾ ਸਕਦਾ ਹੈ ਜੇਕਰ ਸੱਚ ਉਸ ਦੇ ਦਿਲ ਵਿਚ ਹੋਵੇ। ਸੱਚ ਸਦਕਾ ਉਸ ਦੀ ਕੂੜ ਦੀ ਮੈਲ ਲਹਿੰਦੀ ਹੈ ਤੇ ਉਹ ਅਪਣੀ ਦੇਹ ਨੂੰ ਧੋ ਕੇ ਸਾਫ ਸੁਥਰੀ ਕਰ ਲੈਂਦਾ ਹੈ।ਕੇਵਲ ਤਦ ਹੀ ਬੰਦਾ ਸੱਚਾ ਜਾਣਿਆ ਜਾਂਦਾ ਹੈ ਜੇਕਰ ਉਹ ਸੱਚੇ ਸਤਿਗੁਰ ਨੂੰ ਪ੍ਰੇਮ ਕਰਦਾ ਹੈ।ਜਦ ਨਾਮ ਸੁਣ ਕੇ ਹਿਰਦਾ ਪਰਮ ਪ੍ਰਸੰਨ ਹੋ ਜਾਂਦਾ ਹੈ ਤਾਂ ਪ੍ਰਾਣੀ ਮੁਕਤੀ ਦੁਆਰ ਪਾ ਲੈਂਦਾ ਹੈ।ਇਨਸਾਨ ਸੱਚਾ ਤਾਂ ਹੀ ਜਾਣਿਆ ਜਾਂਦਾ ਹੈ ਜੇ ਉਹ ਜੀਵਨ ਜੁਗਤ ਨੂੰ ਜਾਣਦਾ ਹੈ। ਦੇਹ ਦੀ ਪੈਲੀ ਨੂੰ ਬਣਾ ਸੰਵਾਰ ਕੇ ਉਹ ਇਸ ਅੰਦਰ ਨਾਮ ਦਾ ਬੀਜ ਬੀਜਦਾ ਹੈ। ਉਹ ਸੱਚਾ ਤਦ ਹੀ ਜਾਣਿਆ ਜਾਂਦਾ ਹੈ ਜੇ ਉਸ ਨੇ ਸੱਚੀ ਮੱਤ ਪ੍ਰਾਪਤ ਕੀਤੀ ਹੋਵੇ। ਉਹ ਜੀਵਾਂ ਤੇ ਦਇਆ ਕਰੇ ਤੇ ਕੁਝ ਖੈਰਾਤ ਵਜੋਂ ਵੀ । ਕੇਵਲ ਤਦ ਹੀ ਪ੍ਰਾਣੀ ਸਚਾ ਜਾਣਿਆ ਜਾਂਦਾ ਹੈ ਜਦ ਉਹ ਅਪਣੇ ਦਿਲ-ਮੰਦਰ ਵਿਚ ਅਸਲ ਵਾਸਾ ਬਣਾਉਂਦਾ ਹੈ।ਗੁਰੂ ਪਾਸੋਂ ਸਿੱਖ ਮੱਤ ਲੈ ਕੇ ਉਸ ਦੀ ਕਹਿਣ ਵਿਚ ਬਹਿੰਦਾ ਤੇ ਰਹਿੰਦਾ ਹੈ।ਸੱਚ ਸਾਰਿਆ ਲਈ ਇਕ ਦਵਾਈ ਹੈ ਇਹ ਸਭ ਪਾਪ ਧੋ ਕੇ ਬਾਹਰ ਕਢ ਦਿੰਦਾ ਹੈ। ਗੁਰੂ ਜੀ ਉਨ੍ਹਾ ਅੱਗੇ ਪ੍ਰਾਰਥਨਾ ਕਰਨ ਨੂੰ ਕਹਿੰਦੇ ਹਨ ਜਿਨ੍ਹਾ ਦੀ ਝੋਲੀ ਸੱਚ ਹੈ।
ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥ ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥ ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ॥ ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ ॥ ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥ ਧਰਤਿ ਕਾਇਆ ਸਾਧ ਕੈ ਵਿਚਿ ਦੇਇ ਕਰਤਾ ਬੀਉ ॥ ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥ ਦਇਆ ਜਾਣੇ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥ ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥ ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥ ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥ ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥ ੨ ॥ ( ਮ:੧, ਪੰਨਾ ੪੬੮)
ਸੋ ਮਨ ਵਿਚ ਪ੍ਰਮਾਤਮਾ ਪ੍ਰਤੀ ਪ੍ਰੇਮ ਰੱਖ ਕੇ ਉਸ ਦੇ ਗੁਣ ਗਾਈਏ ਅਤੇ ਸੁਣੀਏ ਤੇ ਸਾਰੇ ਦੁਨਿਆਵੀ ਦੁਖਾਂ ਤੋਂ ਛੁਟਕਾਰਾ ਪਾ ਕੇ ਆਤਮਕ ਸੁੱਖ ਮਾਣੀਏ।
ਗਾਵੀਐ ਸੁਣੀਐ ਮਨਿ ਰਖੀਐ ਭਾਉ॥ ਦੁਖ ਪਰਹਰਿ ਸੁਖੁ ਘਰਿ ਲੈ ਜਾਇ॥ (ਜਪੁਜੀ ਮ:੧, ਪੰਨਾ ੨)
.