.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਸਤਾਈਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ ੧੯੫੬

"ਸਭ ਮਹਿ ਆਪਿ, ਰਹਿਆ ਭਰਪੂਰਿ" - ਵਿਸ਼ਾ ਚੱਲ ਰਿਹਾ ਹੈ ਭਿੰਨ-ਭਿੰਨ ਜਾਤਾਂ-ਵਰਣਾ-ਧਰਮਾਂ-ਪ੍ਰਾਂਤਾ ਤੇ ਦੇਸ਼ਾਂ `ਚ ਜਨਮੇ, ਗੁਰਬਾਣੀ ਵਿੱਚਲੇ ੧੫ ਭਗਤਾਂ ਉਪ੍ਰੰਤ ਸਤਾ ਤੇ ਬਲਵੰਡ ਜੀ ਦੇ ਸਫ਼ਲ ਜੀਵਨਾਂ ਦਾ, ਜਿਹੜਾ ਸੰਸਾਰ ਤਲ `ਤੇ ਗੁਰਬਾਣੀ ਦੇ ਪ੍ਰਕਾਸ਼ ਰਾਹੀਂ, ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਸਬੂਤ ਹੈ ਕਿ ਮਨੁੱਖ-ਮਨੁੱਖ ਵਿੱਚਕਾਰ ਭਿੰਨ-ਭਿੰਨ ਜਾਤਾਂ-ਵਰਣਾ-ਧਰਮਾਂ ਪ੍ਰਾਂਤਾ, ਦੇਸ਼ਾਂ ਬਲਕਿ ਰੰਗ-ਨਸਲ-ਲਿੰਗ, ਉਮਰ ਆਦਿ ਦੇ ਅਧਾਰ `ਤੇ ਹੋ ਰਹੇ ਵਿੱਤਕਰੇ-ਅਸਮਾਨਤਾ ਇਹ ਸਭ ਮਨੁੱਖ-ਮਨੁੱਖ ਵਿੱਚਕਾਰ ਫ਼ਾਸਲੇ ਤੇ ਪਰਾਇਆਪਣ, ਪ੍ਰਭੂ ਵੱਲੋਂ ਨਹੀਂ ਪਾਇਆ ਹੋਇਆ।

ਸਪਸ਼ਟ ਹੈ ਕਿ ਜਨਮ ਕਰਕੇ ਕੋਈ ਵੀ ਮਨੁੱਖ ਊਚੀ ਜਾਂ ਨੀਵੀਂ ਜਾਤ ਦਾ ਨਹੀਂ ਹੁੰਦਾ। ਫ਼ਰਕ ਹੁੰਦਾ ਹੈ ਤਾਂ ਮਨੁੱਖਾ ਜਨਮ ਦੌਰਾਨ, ਸ਼ਬਦ-ਗੁਰੂ ਦੀ ਸ਼ਰਣ `ਚ ਆ ਕੇ ਜੀਵਨ ਦੀ ਸ਼ੰਭਾਲ ਕਰਣ ਜਾਂ "ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ" (ਪੰ: ੧੨) ਵਿੱਚਕਾਰ। ਇਸਦਾ ਸਭ ਤੋਂ ਵੱਡਾ ਸਬੂਤ ਹੈ ਗੁਰਬਾਣੀ ਵਿੱਚਲੇ ਉਨ੍ਹਾਂ ਹੀ ਭਗਤਾਂ ਦਾ ਪਹਿਲਾ ਕੱਚਾ ਜੀਵਨ ਉਪ੍ਰੰਤ "ਪੰਚਾ ਕਾ ਗੁਰੁ ਏਕੁ ਧਿਆਨੁ. ." (ਬਾਣੀ ਜਪੁ), ਵਾਲੀ ਸਫ਼ਲ ਅਵਸਥਾ `ਚ ਪਹੁੰਚਣ ਤੌਂ ਬਾਅਦ ਵਾਲਾ ਉਨ੍ਹਾਂ ਦਾ ਜੀਵਨ।

ਬਾਕੀ ਸੰਸਾਰ ਭਰ `ਚ ਸਮਾਜਕ ਤੱਲ `ਤੇ ਮਨੁੱਖ-ਮਨੁੱਖ ਵਿੱਚਕਾਰ ਜਿੱਤਨੇ ਵੀ ਵਿੱਤਕਰੇ, ਅਸਮਾਨਤਾਂ, ਊੱਚ-ਨੀਚ ਆਦਿ ਵਾਲੇ ਭੇਦ-ਭਾਵ--- ਕੇਵਲ ਤੇ ਕੇਵਲ ਨਿਗੁਰੇ, ਅਗਿਆਨਤਾ ਭਰਪੂਰ ਮਨਮੁੱਖੀ ਦਿਮਾਗ਼ਾਂ ਦੀ ਹੀ ਉਪਜ ਹੁੰਦੇ ਹਨ।

ਜਦਕਿ "ਅੱਖਰ ਰੂਪ"," ੴ" ਤੋਂ "ਤਨੁ ਮਨੁ ਥੀਵੈ ਹਰਿਆ" ਤੀਕ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਆਪਣੇ ਆਪ `ਚ ਇਸ ਦਾ ਪ੍ਰਗਟ ਤੇ ਸਭ ਤੋਂ ਵੱਡਾ ਸਬੂਤ ਹੀ ਨਹੀਂ ਬਲਕਿ "ਰੋਸ਼ਨੀ ਦਾ ਮਿਨਾਰ" ਵੀ ਹਨ ਕਿ ਕੇਵਲ ਭਾਰਤ ਹੀ ਨਹੀਂ, ਸੰਸਾਰ ਭਰ `ਚੋਂ ਕਿਸੇ ਵੀ ਜਾਤ-ਵਰਣ-ਮਜ਼ਹਬ-ਪ੍ਰਾਂਤ, ਦੇਸ਼, ਰੰਗ, ਨਸਲ, ਲ਼ਿੰਗ ਅਥਵਾ ਉਮਰ ਦੇ, ਮਨੁੱਖ ਬਿਨਾ ਵਿੱਤਕਰਾ "ਪੰਚਾ ਕਾ ਗੁਰੁ ਏਕੁ ਧਿਆਨੁ. ." (ਬਾਣੀ ਜਪੁ), ਵਾਲੀ ਮਨੁੱਖਾ ਜਨਮ ਦੀ ਸਫ਼ਲ ਅਵਸਥਾ ਨੂੰ ਪ੍ਰਾਪਤ ਕਰ ਸਕਦੇ ਹਨ

ਅਜਿਹੇ ਜੀਊੜੇ ਸਦੀਆਂ ਬਾਅਦ ਅੱਜ ਵੀ "ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ. ." (ਪੰ: ੬੪੬) ਵਾਲੀ "ਗੁਰਬਾਣੀ ਦੀ ਕਸਵੱਟੀ `ਤੇ" ਪੂਰੇ ਉਤਰਦੇ ਹਨ ਅਤੇ ਜਦੋਂ ਤੀਕ ਦੁਨਿਆ ਕਾਇਮ ਹੈ ਸਦਾ ਉਤਰਦੇ ਵੀ ਰਹਿਣਗੇ। ਕਿਉਂਕਿ ਮੂਲ਼ ਰੂਪ `ਚ:-

() "ਸਗਲ ਬਨਸਪਤਿ ਮਹਿ ਬੈਸੰਤਰੁ, ਸਗਲ ਦੂਧ ਮਹਿ ਘੀਆ॥

ਊਚ ਨੀਚ ਮਹਿ ਜੋਤਿ ਸਮਾਣੀ, ਘਟਿ ਘਟਿ ਮਾਧਉ ਜੀਆ" (ਪੰ: ੬੧੭)

() "ਸਭ ਮਹਿ ਆਪਿ, ਰਹਿਆ ਭਰਪੂਰਿ॥

ਨਾਨਕ ਆਪੇ ਆਪਿ ਵਰਤੈ, ਗੁਰਮੁਖਿ ਸੋਝੀ ਪਾਵਣਿਆ" (ਪੰ: ੧੧੩)।

ਭਾਵ ਜਦੋਂ ਸਾਰਿਆਂ ਅੰਦਰ, ਉਸ ਇਕੋ ਪ੍ਰਭੂ ਦਾ ਹੀ ਨੂਰ ਹੈ ਤਾਂ ਉਸ ਤੋਂ ਬਾਅਦ ਉਨ੍ਹਾਂ ਭੇਦ-ਭਾਵਾਂ, ਵਿੱਤਕਰਿਆਂ, ਮਾਰ-ਕਾਟ ਤੇ ਕਤਲੋਗ਼ਾਰਤ ਦਾ ਦਾ ਅਰਥ ਹੀ ਰਹਿ ਜਾਂਦਾ ਹੈ ਅਤੇ ਕਿਸ ਦੀ?

ਇਹ ਵੀ ਕਿ ਸੰਬੰਧਤ ਵਿਸ਼ੇ ਸੰਬੰਧੀ ਗੁਰਬਾਣੀ ਦਾ ਇਹ ਵੀ ਫ਼ੈਸਲਾ ਹੈ, ਕਿ ਸੰਸਾਰ ਤਲ `ਤੇ ਅਜਿਹੀ ਸੋਝੀ ਕੇਵਲ ਉਨ੍ਹਾਂ ਜੀਊੜਿਆਂ ਨੂੰ ਹੀ ਆ ਸਕਦੀ ਹੈ ਜਿਹੜੇ "ਸ਼ਬਦ ਗੁਰੂ" ਦੀ ਕਮਾਈ ਕਰਦੇ ਅਥਵਾ "ਨਿਰੋਲ ਸ਼ਬਦ ਗੁਰੂ ਦੇ ਆਦੇਸ਼ਾਂ ਦੇ ਅਨੁਸਾਰੀ ਹੋ ਕੇ" ਜੀਵਨ ਬਤੀਤ ਕਰਦੇ ਹਨ।

ਦੂਜੇ ਪਾਸੇ ਮਨਮੁਖਾਂ, ਸ਼ਬਦ-ਗੁਰੂ ਤੋਂ ਵਾਂਝੇ, ਜਿਹੜੇ ਮਨੁੱਖ-ਮਨੁੱਖ ਵਿੱਚਾਲੇ ਜਾਤਾਂ-ਵਰਣਾਂ-ਸੰਸਰਿਕ ਧਰਮਾਂ-ਪ੍ਰਾਂਤਾ, ਦੇਸ਼ਾਂ, ਰੰਗ-ਨਸਲ-ਲ਼ਿੰਗ, ਉਮਰ ਆਦਿ ਦੇ ਅਧਾਰ `ਤੇ ਦਿਵਾਰਾਂ ਖੜੀਆਂ ਕਰਦੇ ਜਾਂ ਦੂਜਿਆਂ ਦੇ ਖੂਨ ਦੇ ਪਿਆਸੇ ਹੁੰਦੇ ਹਨ ਉਹ ਅਗਿਆਨਤਾ ਵੱਸ ਕਤਲੋ-ਗ਼ਾਰਤ ਆਦਿ ਵਾਲੇ ਕੁਕਰਮ ਤੇ ਤਾਂਡਵ ਨਾਚ ਹੀ ਕਰਦੇ ਤੇ ਕਰਵਾਉਂਦੇ ਹਨ; ਉਨ੍ਹਾਂ ਨੂੰ ਵੀ ਗੁਰਬਾਣੀ ਸੁਚੇਤ ਕਰਦੀ ਹੈ:-

() "ਗਰਭ ਵਾਸ ਮਹਿ ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ॥ ੧ ॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥ ਬਾਮਨ ਕਹਿ ਕਹਿ ਜਨਮੁ ਮਤ ਖੋਏ॥ ੧ ॥ ਰਹਾਉ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥ ੨ 

ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥ ੩ ॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥ ੪ ॥" (ਪੰ: ੩੨੪)

() "ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ" (ਪੰ: ੧੧੨੮)

() "ਰਵਿਦਾਸੁ ਚਮਾਰੁ ਉਸਤਿਤ ਕਰੇ, ਹਰਿ ਕੀਰਤਿ ਨਿਮਖ ਇੱਕ ਗਾਇ॥ ਪਤਿਤ ਜਾਤਿ ਉਤਮੁ ਭਇਆ, ਚਾਰਿ ਵਰਨ ਪਏ ਪਗਿ ਆਇ" (ਪੰ: ੭੩੩)

() "ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ" (ਪੰ: ੮੩) ਆਦਿ।

ਇਸ ਤੋਂ ਬਾਅਦ ਵੱਧਦੇ ਹਾਂ ਗੁਰਬਾਣੀ ਵਿੱਚਲੇ ਕੁੱਝ ਭਗਤਾਂ ਰਾਹੀਂ ਕੀਤੀ ਘਾਲ ਕਮਾਈ, ਉਨ੍ਹਾਂ ਦੇ ਸਮਕਾਲੀ ਹੋਣ ਤੇ ਆਪਸੀ ਮਿਲਾਪਾਂ ਸ਼ੰਬੰਧੀ ਗੁਰਬਾਣੀ `ਚੋਂ ਪ੍ਰਾਪਤ ਕੁੱਝ ਸਬੂਤਾਂ ਵੱਲ। ਤਾਂ ਤੇ:-

ਭਗਤ ਤ੍ਰਿਲੋਚਨ ਜੀ ਅਤੇ ਭਗਤ ਨਾਮਦੇਵ ਜੀ ਦੇ ਆਪਸੀ ਮਿਲਾਪ ਸੰਬੰਧੀ- ਇਸ ਲੜੀ `ਚ ਵਿਸ਼ਾ ਚੱਲ ਰਿਹਾ ਹੈ ਗੁਰਬਾਣੀ ਵਿੱਚਲੇ ਭਗਤ ਤ੍ਰਲੋਚਨ ਜੀ ਦੀ ਘਾਲ ਕਮਾਈ ਦਾ। ਕਰਤੇ ਪ੍ਰਭੂ ਦੀਆਂ ਖੇਡਾਂ ਵੀ ਅੱਜਬ ਹਨ ਤੇ ਉਨ੍ਹਾਂ ਦਾ ਵੀ ਕੋਈ ਅੰਤ ਨਹੀਂ। ਸਪਸ਼ਟ ਹੁੰਦਾ ਹੈ ਜਦੋਂ ਭਗਤ ਤ੍ਰਲੋਚਨ ਜੀ ਦੇ ਜੀਵਨ `ਚ ਆਪਣੇ ਪੁਰਾਤਨ ਬ੍ਰਾਹਮਣੀ ਕਰਕਾਂਡੀ ਜੀਵਨ ਵੱਲੋਂ ਪਲਟਾ ਆਉਣਾ ਸੀ ਤਾਂ ਉਦੋੇਂ ਭਗਤ ਤ੍ਰਲੋਚਨ ਜੀ, ਭਗਤ ਨਾਮਦੇਵ ਜੀ ਦੀ ਵੱਧ ਚੁੱਕੀ ਸਤੁੱਤੀ ਦਾ ਪ੍ਰਭਾਵ ਗ੍ਰਿਹਣ ਕਰ ਚੁੱਕੇ ਸਨ। ਦੂਜੇ ਪਾਸਿਓਂ ਜੇ ਜਾਤ-ਵਰਣ ਦਾ ਹਿਸਾਬ ਲਗਾਈਏ ਤਾਂ ਜਨਮ ਕਰਕੇ ਇਨ੍ਹਾਂ ਦੋਨਾਂ ਭਗਤਾਂ ਵਿੱਚਕਾਰ, ਵਰਣਾਂ ਦੇ ਆਧਾਰ `ਤੇ ਬ੍ਰਾਹਮਣ ਤੇ ਅਖੌਤੀ ਸ਼ੂਦਰ ਵਾਲਾ, ਵੱਡਾ ਪਾੜਾ ਸੀ।

ਫਿਰ ਗੁਰਬਾਣੀ `ਚੋਂ ਇਸ ਦੇ ਸਬੂਤ ਵੀ ਮਿਲਦੇ ਹਨ ਅਤੇ ਸਾਬਤ ਹੁੰਦਾ ਹੈ ਕਿ ਜਦੋਂ ਭਗਤ ਤ੍ਰਲੋਚਨ ਜੀ ਦੇ ਮਨ `ਚ ਨਾਮਦੇਵ ਦੇ ਦਰਸ਼ਨਾਂ ਦੀ ਤਾਂਘ ਉਪਜੀ ਤਾਂ ਓਦੋਂ ਤੀਕ ਇਨ੍ਹਾਂ ਦੇ ਜੀਵਨ ਅੰਦਰੋ ਉਹ ਬ੍ਰਾਹਮਣੀ ਵਰਣ-ਵੰਡ ਵਾਲੀ ਸੋਚਣੀ, ਉੱਚ ਵਰਣ ਦੇ ਜਮ-ਪਲ ਹਉਮੈ ਅਤੇ ਉਨ੍ਹਾਂ ਦਾ ਉਹ ਪਹਿਲਾ ਕਰਮਕਾਂਡੀ ਬ੍ਰਾਹਮਣੀ ਜੀਵਨ, ਸਭ ਕੁੱਝ ਖੰਭ ਲਾ ਕੇ ਉਡ ਚੁੱਕਾ ਹੋੇਇਆ ਸੀ।

ਇਹੀ ਕਾਰਣ ਸੀ, ਇੱਕ ਪਾਸੇ ਸਨ ਬ੍ਰਾਹਮਣ ਕੁਲ `ਚ ਜਨਮੇ ਹੋਏ ਭਗਤ ਤ੍ਰਲੋਚਨ ਜੀ ਤੇ ਦੂਜੇ ਪਾਸੇ ਸਨ ਉਸੇ ਬ੍ਰਾਹਮਣੀ ਵਰਣ ਵੰਡ ਅਨੁਸਾਰ, ਸ਼ੂਦਰ ਕੁਲ `ਚ ਜਨਮੇ ਹੋਏ ਨਾਮਦੇਵ ਜੀ। ਉਸ ਸਾਰੇ ਦੇ ਬਾਵਜੂਦ, ਭਗਤ ਤ੍ਰਲੋਚਨ ਜੀ ਇੱਕ ਵਾਰ ਖ਼ੁੱਦ ਭਗਤ ਨਾਮਦੇਵ ਜੀ ਦੇ ਦਰਸ਼ਨਾਂ ਲਈ, ਉਚੇਚੇ ਬੰਗਾਲ ਤੋਂ ਚੱਲ ਕੇ ਮਹਾਰਾਸ਼ਟਰ `ਚ ਭਗਤ ਨਾਮਦੇਵ ਜੀ ਦੇ ਦਰਸ਼ਨਾ ਲਈ ਪੁੱਜੇ ਸਨ।

ਗੁਰਬਾਣੀ `ਚ ਨਾਮਦੇਵ ਜੀ ਅਤੇ ਤ੍ਰਲੋਚਨ ਜੀ ਦੇ ਉਸ ਆਪਸੀ ਮਿਲਾਪ ਦਾ ਕਬੀਰ ਜੀ ਨੇ ਵੀ ਜ਼ਿਕਰ ਕੀਤਾ ਹੋਇਆ ਹੈ ਤੇ ਨਾਮਦੇਵ ਜੀ ਨੇ ਆਪਣੀ ਬਾਣੀ `ਚ ਵੀ। ਭਾਵ ਨਾਮਦੇਵ ਜੀ ਅਤੇ ਕਬੀਰ ਜੀ, ਦੋਨਾਂ ਭਗਤਾਂ ਦੀ ਬਾਣੀ `ਚ, ਇਸ ਆਪਸੀ ਮਿਲਾਪ ਦਾ ਵੱਖ-ਵੱਖ ਜ਼ਿਕਰ ਵੀ ਮੌਜੂਦ ਹੈ।

ਇਸ ਤਰ੍ਹਾਂ ਆਪਸੀ ਮਿਲਾਪ ਸਮੇਂ ਨਾਮਦੇਵ ਜੀ ਤ੍ਰਲੋਚਨ ਜੀ ਨੂੰ "ਸੱਚ ਧਰਮ" ਦੀ ਪ੍ਰੀਭਾਸ਼ਾ ਪ੍ਰਕਟ ਕਰਦੇ ਹੋਏ ਫ਼ੁਰਮਾਉਂਦੇ ਹਨ "ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ" (ਪੰ: ੯੭੨) ਉਪੰਤ ਇਹ ਪੂਰਾ ਸ਼ਬਦ ਹੈ:-

"ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ॥ ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ॥ ੧ 

ਮਨੁ ਰਾਮ ਨਾਮਾ ਬੇਧੀਅਲੇ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ॥ ੧ ॥ ਰਹਾਉ॥

ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ॥ ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ॥ ੨ 

ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ॥ ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ॥ ੩ 

ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ॥ ਅੰਤਰਿ ਬਾਹਰਿ ਕਾਜ ਬਰੂਧੀ ਚੀਤੁ ਸੁ ਬਾਰਿਕ ਰਾਖੀਅਲੇ॥ ੪ ॥ ੧ 

ਉਪ੍ਰੰਤ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ, ਦੋਨਾਂ ਭਗਤਾਂ ਦੇ ਇਸ ਆਪਸੀ ਮਿਲਾਪ ਵਾਲੀ ਘਟਨਾ ਦਾ ਜ਼ਿਕਰ, ਕਬੀਰ ਸਾਹਿਬ ਨੇ ਆਪਣੇ ਸਲੋਕਾਂ `ਚ ਵੀ ਕੀਤਾ ਹੋਇਆ ਹੈ, ਜਿਵੇਂ:-

"ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥ ੨੧੨ 

ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾੑਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ ਨਾਲਿ॥ ੨੧੩ ॥" (ਪੰ: ੧੩੭੫)।

ਅੰਦਾਜ਼ਾ ਲਗਾਓ! ਉਸ ਸਮੇਂ ਇਹ ਘਟਣਾ ਕੇਵਲ ਬੰਗਾਲ ਦੀ ਗੱਲ ਹੀ ਨਹੀਂ ਸੀ ਰਹਿ ਚੁੱਕੀ ਬਲਕਿ ਇਹ ਬ੍ਰਾਹਮਣੀ ਵਰਣ ਵੰਡ ਅਨੁਸਾਰ ਸ਼ਭ ਤੋਂ ਉੱਚੀ ਕੁਲ `ਚ ਜਨਮੇ ਤ੍ਰਿਲੋਚਣ ਜੀ ਦੇ ਜੀਵਨ ਅੰਦਰੋਂ ਬ੍ਰਾਹਮਣੀ ਕਰਮਕਾਂਡਾ ਦੇ ਵਿਰੋਧ ਤੇ ਵਰਣ-ਵੰਡ ਦੀਆਂ ਦਿਵਾਰਾਂ ਦੇ ਟੁਟਣ ਦਾ ਵੀ ਸਬੂਤ ਸੀ।

ਕਿਉਂਕਿ ਦੂਜੇ ਪਾਸੇ ਉਨ੍ਹਾਂ ਸਾਹਮਣੇ ਸਨ, ਉਸੇ ਬ੍ਰਾਹਮਣੀ ਵਰਣ ਵੰਡ ਅਨੁਸਾਰ ਸਭ ਤੋਂ ਨੀਵੀਂ ਤੇ (ਅਖੌਤੀ) ਸ਼ੂਦਰ ਕੁਲ `ਚ ਜਨਮੇ ਭਗਤ ‘ਨਾਮਦੇਵ’ ਜੀ ਜਿਹੜੇ ਕਿ ਮਹਾਰਾਸ਼ਟਰ ਦੇ ਨਿਵਾਸੀ ਸਨ।

ਸਪਸ਼ਟ ਹੈ, ਇਹ ਸਭ ਓਦੋਂ ਹੀ ਸ਼ੰਭਵ ਹੋਇਆ ਜਦੋਂ ਭਗਤ ਤ੍ਰਿਲੋਚਨ ਜੀ ਦੇ ਮਨ `ਚੋਂ ਵੀ ਕਰਮਕਾਂਡਾਂ ਤੇ ਵਰਣ ਵੰਡ ਆਦਿ ਵਾਲੀਆਂ ਦੀਵਾਰਾਂ ਟੁੱਟ ਚੁੱਕੀਆਂ ਹੋਈਆਂ ਸਨ। ਇਸ ਤਰ੍ਹਾਂ ਉਨ੍ਹਾਂ ਦੇ ਜੀਵਨ ਅੰਦਰਲੀ ‘ਘਾਲ ਕਮਾਈ’ ਕਾਰਣ ਉਨ੍ਹਾਂ ਅੰਦਰ ਪੈਦਾ ਹੋ ਚੁੱਕੀ ਮਨੁੱਖੀ ਬਰਾਬਰਤਾ ਵਾਲੀ ਲਗਣ ਦਾ ਹੀ ਇਹ ਜਾਦੂ, ਪ੍ਰਗਟਾਵਾ ਤੇ ਬਿਹਬਲਤਾ ਸੀ, ਜਿਸ ਨੇ ਇਹ ਸਭ ਸ਼ੰਭਵ ਕਰ ਦਿਖਾਇਆ।

"ਧੰਨੈ ਧਨੁ ਪਾਇਆ ਧਰਣੀਧਰੁ…" ਉਪ੍ਰੰਤ ਗੁਰਬਾਣੀ `ਚ ਪ੍ਰਵਾਣਤ ੧੫ ਭਗਤਾਂ `ਚੋਂ ਭਗਤ ਧੰਨਾਂ ਜੀ ਵੀ ਇੱਕ ਭਗਤ ਹਨ।

ਫ਼ਿਰ ਇਹ ਵੀ ਦੇਖ ਚੁੱਕੇ ਹਾਂ ਕਿ ਗੁਰਬਾਣੀ ਵਿੱਚਲੇ ਸਾਰੇ ਪ੍ਰਵਾਣਤ ਭਗਤ, ਗੁਰੂ ਨਾਨਕ ਪਾਤਸ਼ਾਹ ਤੋਂ ਸੌ-ਦੌ ਸੌ ਸਾਲ ਪਹਿਲਾਂ ਹੋਏ ਸਨ। ਇਹੀ ਕਾਰਣ ਹੈ ਕਿ ਇਨ੍ਹਾਂ ਚੋਂ ਕਿਸੇ ਇੱਕ ਵੀ ਭਗਤ ਦਾ ਗੁਰੂ ਨਾਨਕ ਪਾਤਸ਼ਾਹ ਨਾਲ ਸਰੀਰ ਪੱਖੋਂ ਮਿਲਾਪ ਨਹੀਂ ਸੀ ਹੋਇਆ। ਇਹ ਵੀ ਕਿ ਉਨ੍ਹਾਂ ਦੇ ਸਫ਼ਲ ਜੀਵਨ ਦੀਆਂ ਰਚਨਾਵਾਂ ਜਿਹੜੀਆਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਦਰਜ ਹਨ, ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪ੍ਰਚਾਰ ਦੌਰਿਆਂ (ਉਦਾਸੀਆਂ) ਦੌਰਾਨ, ਆਪ ਇਕਤ੍ਰ ਕੀਤੀਆਂ ਸਨ।

ਇਹੀ ਕਾਰਣ ਹੈ ਕਿ ਵਿਰੋਧੀਆਂ ਨੇ ਲੰਮੇ ਸਮੇਂ ਤੋਂ ਲਗਭਗ ਇਨ੍ਹਾਂ ਸਾਰੇ ਭਗਤਾਂ ਬਾਰੇ, ਅਜਿਹੀਆਂ ਕਹਾਣੀਆਂ ਪ੍ਰਚਲਤ ਕੀਤੀਆਂ ਹੋਈਆਂ ਸਨ ਜਿਥੋਂ ਸਾਬਤ ਹੋਵੇ ਕਿ ਇਹ ਸਾਰੇ ਭਗਤਾਂ ਦੀ ਸਫ਼ਲਤਾ ਦਾ ਕਾਰਣ, ਮੂਲ ਰੂਪ `ਚ ਇਨ੍ਹਾਂ ਦਾ ਬ੍ਰਾਹਮਣੀ ਵਿਚਾਰਧਾਰਾ ਦਾ ਅਨੁਯਾਯੀ ਹੋਣਾ ਹੀ ਸੀ।

ਇਸ ਤਰ੍ਹਾਂ ਉਨ੍ਹਾਂ, ਭਗਤ ਧੰਨਾ ਜੀ ਬਾਰੇ ਵੀ ਪ੍ਰਚਲਤ ਕੀਤਾ ਹੋਇਆ ਸੀ ਕਿ ਭਗਤ ਧੰਨਾ ਜੀ ਨੇ ਪ੍ਰਭੂ ਦੀ ਪ੍ਰਾਪਤੀ, ਉਨ੍ਹਾਂ ਨੂੰ ਕਿਸੇ ਬ੍ਰਾਹਮਣ ਰਾਹੀਂ ਦਿੱਤੇ ਹੋਏ ਪੱਥਰ ਦੀ ਪੂਜਾ `ਚੌ ਕੀਤੀ ਸੀ। ਜਦਕਿ ਉਸ ਦੇ ਇਸ ਝੂਠ ਸੰਬੰੀ ਵੇਰਵੇ `ਚ ਜਾਣ ਤੋਂ ਪਹਿਲਾਂ, ਅਸਾਂ ਦੇਖਣਾ ਹੈ ਪ੍ਰਭੂ ਦੀ ਪ੍ਰਪਤੀ ਬਾਰੇ ਭਗਤ ਜੀ ਅਪ ਕੀ ਕਹਿ ਰਹੇ ਹਨ? ਗੁਰਬਾਣੀ `ਚ ਭਗਤ ਧੰਨਾ ਜੀ ਦੇ ਇਹ ਤਿੰਨ ਸ਼ਬਦ ਆਏ ਹਨ:-

(੧) "ਭ੍ਰਮਤ ਫਿਰਤ ਬਹੁ ਜਨਮ ਬਿਲਾਨੇ…" (ਰਾਗ ਆਸਾ ਪੰ: ੪੮੭)

(੨ "ਰੇ ਚਿਤ ਚੇਤਸਿ ਕੀ ਨ ਦਯਾਲ. ." (ਰਾਗ ਆਸਾ ਪੰ: ੪੮੭)

(੩) "ਗੋਪਾਲ ਤੇਰਾ ਆਰਤਾ॥ ਜੋ ਜਨ ਤੁਮਰੀ…" (ਰਾਗ ਧਨਾਸਰੀ ਪੰ: ੬੯੫)

ਇਸ ਤਰ੍ਹਾਂ ਰਾਗ ਆਸਾ, ਪੰਨਾਂ ੪੮੭ `ਤੇ ਭਗਤ ਜੀ, ਗੁਰਬਾਣੀ ਵਿੱਚਲੇ ਆਪਣੇ ਪਹਿਲੇ ਹੀ ਸ਼ਬਦ "ਭ੍ਰਮਤ ਫਿਰਤ ਬਹੁ ਜਨਮ ਬਿਲਾਨੇ…" `ਚ ਆਪ ਦੱਸਦੇ ਹਨ ਕਿ ਮੈਨੂੰ ਅਕਾਲਪੁਰਖ ਦੀ ਪ੍ਰਾਪਤੀ ਸੰਤ ਜਨਾਂ ਦੀ ਸੰਗਤ `ਚੋਂ ਹੋਈ।

ਆਪ ਫ਼ੁਰਮਾਉਂਦੇ ਹਨ "ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ" ਤਾਂ ਫ਼ਿਰ ਉਹ ‘ਸੰਤ ਜਨ’ ਕਿਹੜੇ ਸਨ?

ਧੰਨਾ ਜੀ ਦੇ ਸ਼ਬਦਾਂ ਵਿੱਚਕਾਰ ਹੀ, "ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ" ਵਾਲੇ ਸੱਚ ਨੂੰ ਸੰਸਾਰ ਸਾਹਮਣੇ ਖੋਲ੍ਹਿਆ ਅਤੇ ਉਨ੍ਹਾਂ ਸੰਤ ਜਨਾਂ ਦਾ ਵੇਰਵਾ ਦਿੱਤਾ ਤਾਂ ਖੁਦ ਪੰਜਵੇਂ ਪਾਤਸ਼ਾਹ ਨੇ ਆਪਣੇ ਇੱਕ ਸ਼ਬਦ ਰਾਹੀਂ। ਤਾਂ ਤੇ ਪੰਜਵੇਂ ਪਾਤਸ਼ਾਹ ਦਾ ਉਹ ਸ਼ਬਦ ਹੈ:-

"ਮਹਲਾ ੫॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥ ੧ ॥ ਰਹਾਉ॥

ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ॥ ੧ 

ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥ ੨ 

ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥ ੩ 

ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥ ੪ ॥" (ਪੰ: ੪੮੭)।

ਇਸ ਤਰ੍ਹਾਂ ਪੰਜਵੇ ਪਾਤਸ਼ਾਹ ਆਪ ਉਨ੍ਹਾਂ ਸੰਤਾਂ ਦਾ ਵੇਰਵਾ ਦਿੰਦੇ ਹਨ। ਫ਼ੁਰਮਾਉਂਦੇ ਹਨ ਕਿ ਉਹ ਸੰਤ ਜਨ ਸਨ ‘ਨਾਮਦੇਵ, ਕਬੀਰ, ਰਵੀਦਾਸ ਤੇ ਸੈਨ’ ਜੀਫ਼ਿਰ ਇਸੇ ਸ਼ਬਦ ਦੇ ਅੰਤਮ ਬੰਦ `ਚ ਗੁਰਦੇਵ ਫ਼ੁਰਮਾਉਂਦੇ ਹਨ "ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ"

ਭਾਵ ਇਨ੍ਹਾਂ ਸੰਤ ਜਨਾਂ ਦੀ ਸੰਗਤ ਕਾਰਣ ਧੰਨੇ ਨੇ ਵੀ ਪ੍ਰਭੂ ਨੂੰ ਪਾ ਲਿਆ। ਇਹ ਸੀ ਧੰਨਾ ਜੀ ਦੀ ਉਹ ਘਾਲ ਕਮਾਈ ਜਿਸ ਨੇ ਉਨ੍ਹਾਂ ਨੂੰ ਸਫ਼ਲ ਜੀਵਨ ਤੱਕ ਪਹੁੰਚਾ ਦਿੱਤਾ। ਉਪ੍ਰੰਤ ਇਸ ਪੂਰੇ ਸ਼ਬਦ ਦੇ ਅਰਥ ਹਨ:-

ਅਰਥ : — (ਭਗਤ) ਨਾਮਦੇਵ ਜੀ ਦਾ ਮਨ ਸਦਾ ਪਰਮਾਤਮਾ ਨਾਲ ਜੁੜਿਆ ਰਹਿੰਦਾ ਸੀ (ਉਸ ਹਰ ਵੇਲੇ ਦੀ ਯਾਦ ਦੀ ਬਰਕਤਿ ਨਾਲ) ਅੱਧੀ ਕੌਡੀ ਦਾ ਗਰੀਬ ਛੀਂਬਾ, (ਮਾਨੋ) ਲਖਪਤੀ ਬਣ ਗਿਆ (ਕਿਉਂਕਿ ਉਸ ਨੂੰ ਕਿਸੇ ਦੀ ਮੁਥਾਜੀ ਨਾਹ ਰਹੀ)। ੧। ਰਹਾਉ।

(ਕੱਪੜਾ) ਉਣਨ (ਤਾਣਾ) ਤਣਨ (ਦੀ ਲਗਨ) ਛੱਡ ਕੇ ਕਬੀਰ ਨੇ ਪ੍ਰਭੂ-ਚਰਨਾਂ ਨਾਲ ਲਗਨ ਲਾ ਲਈ; ਨੀਵੀਂ ਜਾਤਿ ਦਾ ਗਰੀਬ ਜੁਲਾਹਾ ਸੀ, ਗੁਣਾਂ ਦਾ ਸਮੁੰਦਰ ਬਣ ਗਿਆ। ੧।

ਰਵਿਦਾਸ (ਪਹਿਲਾਂ) ਨਿੱਤ ਮੋਏ ਹੋਏ ਪਸ਼ੂ ਢੋਂਦਾ ਸੀ, (ਪਰ ਜਦੋਂ) ਉਸ ਨੇ ਮਾਇਆ (ਦਾ ਮੋਹ) ਛੱਡ ਦਿੱਤਾ, ਸਾਧ ਸੰਗਤਿ ਵਿੱਚ ਰਹਿ ਕੇ ਉੱਘਾ ਹੋ ਗਿਆ, ਉਸ ਨੂੰ ਪਰਮਾਤਮਾ ਦਾ ਦਰਸ਼ਨ ਹੋ ਗਿਆ। ੨।

ਸੈਣ (ਜਾਤਿ ਦਾ) ਨਾਈ ਲੋਕਾਂ ਦੀਆਂ ਬੁੱਤੀਆਂ ਕੱਢਣ ਵਾਲਾ ਸੀ, ਉਸ ਦੀ ਘਰ ਘਰ ਸੋਭਾ ਹੋ ਤੁਰੀ, ਉਸ ਦੇ ਹਿਰਦੇ ਵਿੱਚ ਪਰਮਾਤਮਾ ਵੱਸ ਪਿਆ ਤੇ ਉਹ ਭਗਤਾਂ ਵਿੱਚ ਗਿਣਿਆ ਜਾਣ ਲੱਗ ਪਿਆ। ੩।

ਇਸ ਤਰ੍ਹਾਂ (ਦੀ ਗੱਲ) ਸੁਣ ਕੇ ਗਰੀਬ ਧੰਨਾ ਜੱਟ ਭੀ ਉੱਠ ਕੇ ਭਗਤੀ ਕਰਨ ਲੱਗਾ, ਉਸ ਨੂੰ ਪਰਮਾਤਮਾ ਦਾ ਸਾਖਿਆਤ ਦੀਦਾਰ ਹੋਇਆ ਤੇ ਉਹ ਵੱਡੇ ਭਾਗਾਂ ਵਾਲਾ ਬਣ ਗਿਆ। ੪। ੨।

ਨੋਟ : —ਇਸ ਸ਼ਬਦ ਤੋਂ ਪਹਿਲੇ ਸ਼ਬਦ ਦਾ ਸਿਰ-ਲੇਖ ਹੈ "ਆਸਾ ਬਾਣੀ ਭਗਤ ਧੰਨੇ ਕੀ"। ਇਸ ਸਿਰ-ਲੇਖ ਹੇਠ ੩ ਸ਼ਬਦ ਹਨ; ਪਰ ਇਸ ਦੂਜੇ ਸ਼ਬਦ ਦਾ ਇੱਕ ਹੋਰ ਨਵਾਂ ਸਿਰ-ਲੇਖ ਹੈ "ਮਹਲਾ ੫"। ਇਸ ਦਾ ਭਾਵ ਇਹ ਹੈ ਕਿ ਇਹਨਾਂ ਤਿੰਨਾਂ ਸ਼ਬਦਾਂ ਵਿਚੋਂ ਇਹ ਦੂਜਾ ਸ਼ਬਦ ਗੁਰੂ ਅਰਜਨ ਸਾਹਿਬ ਦਾ ਆਪਣਾ ਉਚਾਰਿਆ ਹੋਇਆ ਹੈ। ਇਸ ਵਿੱਚ ਉਹਨਾਂ ਨੇ ਲਫ਼ਜ਼ ‘ਨਾਨਕ’ ਅਖ਼ੀਰ ਤੇ ਨਹੀਂ ਵਰਤਿਆ। ਭਗਤਾਂ ਦੇ ਸ਼ਬਦਾਂ ਸ਼ਲੋਕਾਂ ਦੇ ਸੰਬੰਧ ਵਿੱਚ ਉਚਾਰੇ ਹੋਏ ਹੋਰ ਭੀ ਐਸੇ ਵਾਕ ਮਿਲਦੇ ਹਨ, ਜਿਥੇ ਉਹਨਾਂ ‘ਨਾਨਕ’ ਲਫ਼ਜ਼ ਨਹੀਂ ਵਰਤਿਆ॥ (ਅਤੀ ਧੰਨਵਾਦਿ ਸਹਿਤ-ਸ਼ਬਦ ਦੇ ਅਰਥ ਤੇ ਨੋਟ-ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਿਟੀ ਪ੍ਰੋ: ਸਾਹਿਬ ਸਿੰਘ ਜੀ, ਡੀ: ਲਿਟ: ) (ਚਲਦਾ) #234P-XXVII,-02.17-0217#P27v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXVII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਸਤਾਈਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.