.

ਗਾਵੈ ਕੋ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਪ੍ਰਮਾਤਮਾ ਦੀ ਸਿਫਤ ਸਲਾਹ ਗਾਉਣ ਵਾਲਿਆ ਦਾ ਅੰਤ ਨਹੀਂ। ਜਿਸ ਪਾਸ ਵਾਹਿਗੁਰੂ ਦਾ ਬਖਸ਼ਿਆ ‘ਬਲ’ ਹੁੰਦਾ ਹੈ ਉਹ ਉਸਦੀ ਅਥਾਹ ਸ਼ਕਤੀ ਦੇ ਗੁਣ ਗਾਉਂਦਾ ਹੈ ਇਹ ਦਸਣ ਲਈ ਕਿ ਪਰਮਾਤਮਾ ਦੀ ਸ਼ਕਤੀ ਵਡਿਆਂ ਤੋਂ ਵੀ ਵੱਡੀ ਹੈ।ਕੋਈ ਮਨੁੱਖ ਰੱਬ ਦੀਆਂ ਦਿਤੀਆਂ ਅਥਾਹ ਦਾਤਾਂ ਨੂੰ ਉਸ ਦੀਆਂ ਨਿਸ਼ਾਨੀਆਂ ਸਮਝ ਕੇ ਉਸਦੇ ਗੁਣ ਗਾਉਂਦਾ ਹੈ। ਕੋਈ ਮਨੁੱਖ ਰਬ ਦੇ ਸੋਹਣੇ ਗੁਣ ਤੇ ਸੋਹਣੀਆਂ ਵਡਿਆਈਆਂ ਵਰਨਣ ਕਰ ਕਰ ਗਾਉਂਦਾ ਹੈ।ਕੋਈ ਮਨੁੱਖ ਵਿਦਿਆ ਦੇ ਬਲ ਨਾਲ ਅਕਾਲ ਪੁਰਖ ਦੇ ਮੁਸ਼ਕਿਲ ਗਿਆਨ ਨੂੰ ਗਾਉਂਦਾ ਹੈ ਭਾਵ ਸ਼ਸ਼ਤਰ ਦੁਆਰਾ ਆਤਮਕ ਫਿਲਾਸਫੀ ਦੇ ਔਖੇ ਵਿਸ਼ਿਆਂ ਤੇ ਵਿਚਾਰ ਕਰਦਾ ਹੈ।ਕੋਈ ਮਨੁਖ ਪ੍ਰਮਾਤਮਾ ਦੀ ਦੀ ਸਾਜਣ ਤੇ ਨਸ਼ਟ ਕਰਨ ਦੀ ਸ਼ਕਤੀ ਦੇ ਗੁਣ ਗਾਉਂਦਾ ਹੈ ਤੇ ਕੋਈ ਜੀਵਾਂ ਨੂੰ ਜ਼ਿੰਦਗੀ ਦੇਣ ਤੇ ਫਿਰ ਕੱਢ ਲੈਣ ਦੀ ਸ਼ਕਤੀ ਦੀ ਵਡਿਆਈ ਕਰਦਾ ਹੈ ।ਕੋਈ ਪ੍ਰਮਾਤਮਾ ਦੇ ਦੂਰ ਹੋਣ ਬਾਰੇ ਗਾਉਂਦਾ ਹੈ ਤੇ ਕੋਈ ਗਾਉਂਦਾ ਹੈ ਪ੍ਰਮਾਤਮਾ ਤਾਂ ਹਰ ਥਾਂ ਹਾਜ਼ਰ ਨਾਜ਼ਰ ਹੈ। ਕ੍ਰੋੜਾਂ ਹੀ ਜੀਵਾਂ ਨੇ ਬੇਅੰਤ ਵਾਰ ਅਕਾਲ ਪੁਰਖ ਦੇ ਹੁਕਮ ਦਾ ਵਰਨਣ ਕੀਤਾ ਹੈ ਵਰਨਣ ਕਰਨ ਦਾ ਕੋਈ ਅੰਤ ਨਹੀਂ ।ਦਾਤਾ ਤਾਂ ਦਾਤਾ ਇਤਨੀਆਂ ਵੰਡਦਾ ਕਿ ਦਾਤਾਂ ਪਰਾਪਤ ਕਰਨ ਵਾਲੇ ਦਾਤਾਂ ਲੈਂਦੇ ਲੈਂਦੇ ਥੱਕ ਜਾਂਦੇ ਹਨ। ਰੱਬ ਜੋ ਸਭ ਨੂੰ ਹੁਕਮ ਦਿੰਦਾ ਹੈ ਉਸ ਦਾ ਹੁਕਮ ਹੀ ਸਾਰੇ ਸੰਸਾਰ ਨੂੰ ਚਲ ਰਿਹਾ ਹੈ ਗੁਰੂ ਜੀ ਫੁਰਮਾਉਂਦੇ ਹਨ ਕਿ ਉਹ ਨਿਰੰਕਾਰ ਸਦਾ ਬੇਪਰਵਾਹ ਹੈ ਤੇ ਸਦਾ ਖੇੜੇ ਵਿਚ ਰਹਿੰਦਾ ਹੈ ਭਾਵ ਬੇਅੰਤ ਦਾਤਾਂ ਵੀ ਚਾਅ ਨਾਲ ਵੰਡਦਾ ਹੈ। ਉਸਦਾ ਹੁਕਮ ਇਕ ਸਿਸਟਮ ਹੈ ਜਿਸ ਅਨੁਸਾਰ ਸਾਰਾ ਵਿਸ਼ਵ ਚੱਲ ਰਿਹਾ ਹੈ ਜਿਸ ਨੂੰ ਕੋਈ ਵੀ ਪੂਰੀ ਤਰ੍ਹਾਂ ਬਿਆਨ ਨਹੀਨ ਕਰ ਸਕੲਾ:

ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ ਗਾਵੈ ਕੋ ਦਾਤਿ ਜਾਣੈ ਨੀਸਾਣੁ ॥ ਗਾਵੈ ਕੋ ਗੁਣ ਵਡਿਆਈਆ ਚਾਰ ॥ ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥ ਗਾਵੈ ਕੋ ਸਾਜਿ ਕਰੇ ਤਨੁ ਖੇਹ ॥ ਗਾਵੈ ਕੋ ਜੀਅ ਲੈ ਫਿਰਿ ਦੇਹ ॥ ਗਾਵੈ ਕੋ ਜਾਪੈ ਦਿਸੈ ਦੂਰਿ ॥ ਗਾਵੈ ਕੋ ਵੇਖੈ ਹਾਦਰਾ ਹਦੂਰਿ ॥ ਕਥਨਾ ਕਥੀ ਨ ਆਵੈ ਤੋਟਿ ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥ ਦੇਦਾ ਦੇ ਲੈਦੇ ਥਕਿ ਪਾਹਿ ॥ ਜੁਗਾ ਜੁਗੰਤਰਿ ਖਾਹੀ ਖਾਹਿ ॥ ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਵਿਗਸੈ ਵੇਪਰਵਾਹੁ ॥ ੩ ॥ (ਪਉੜੀ ੩, ਜਪੁਜੀ, ਪੰਨਾ ੧-੨)

ਦੂਜੀ ਪਉੜੀ ਦੇ ਅੰਤ ਵਿਚ ਹੁਕਮ ਦੀ ਗੱਲ ਕਰਦਿਆਂ ਸਵਾਲ ਉਠਿਆ ਸੀ ਕਿ ਹੁਕਮ ਕਿਵੇਂ ਬੁਝੀਏ? ਤੀਜੀ ਪਉੜੀ ਵਿਚ ਇਨ੍ਹਾਂ ਦੇ ਉਤਰ ਹਨ।

ਹੁਕਮ ਕਿਵੇਂ ਬੁਝੀਏ ?

ਵਾਹਿਗੁਰੂ ਦਾ ਰਚਿਆ ਸਾਰਾ ਸਿਸਟਮ ਹੀ ਉਸ ਦੇ ਹੁਕਮ ਅਨੁਸਾਰ ਹੈ ਤੇ ਹੁਕਮ ਵਿਚ ਚਲਦਾ ਹੈ।ਉਸ ਦਾ ਹੁਕਮ ਵਾਹਿਗੁਰੂ ਦੇ ਗੁਣ ਗਾਉਣਾ, ਸਿਫਤ ਸਲਾਹ ਕਰਨਾ, ਨਾਮ ਜਪਣਾ ਉਸ ਵਿਚ ਧਿਆਨ ਲਾਉਣਾ ਹੈ।ਨਾਮ ਨਾਲ ਜੁੜਣ ਨਾਲ ਹਉਮੈਂ ਜਾਂਦੀ ਹੈ। ਪਰ ਵਾਹਿਗੁਰੂ ਦੇ ਗੁਣ ਗਾਉਣੇ ਏਨੇ ਸੌਖੇ ਨਹੀਂ। ਜੇ ਸੌਖੇ ਹੁੰਦੇ ਤਾਂ ਹਰ ਕੋਈ ਹਮੇਸ਼ਾ ਉਸ ਦੇ ਹੀ ਗੁਣ ਗਾਉਂਦਾ ਰਹਿੰਦਾ ਤੇ ਹਰ ਕੋਈ ਹਉਮੈਂ ਤੋਂ ਛੁਟਕਾਰਾ ਪਾ ਲੈਂਦਾ, ਮੁਕਤੀ ਪਰਾਪਤ ਕਰ ਲੈਂਦਾ। ਉਸਦੇ ਗੁਣ ਏਨੇ ਹਨ ਕਿ ਬਿਆਨੇ ਨਹੀਂ ਜਾ ਸਕਦੇ ਨਾ ਹੀ ਬਿਆਨਿਆ ਜਾ ਸਕੲਾ ਹੈ ਉਸਦਾ ਹੁਕਮ।ਉਸ ਦਾ ਹੁਕਮ ਵੀ ਨਾ ਹੀ ਬਿਆਨਿਆ ਜਾ ਸਕਦਾ ਹੈ ਤੇ ਨਾ ਹੀ ਉਸ ਦਾ ਹੁਕਮ ਕੋਈ ਹੋਰ ਚਲਾ ਸਕਦਾ ਹੈ। ਉਹ ਤਾਂ ਉਹੀ ਕਰਦਾ ਹੈ ਜੋ ਉਸ ਨੂੰ ਚੰਗਾ ਲਗਦਾ ਹੈ:

ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ॥ (ਸੋਦਰ ਮ:੧ ਪੰਨਾ ੯)

ਸਿਫਤ ਸਲਾਹ ਕਰਨ, ਗੁਣ ਗਾਉਣ ਲਈ ਵਰਤੇ ਜਾਣ ਵਾਲੇ ਸਾਧਨਾਂ ਦਾ ਜ਼ਿਕਰ ਕਰਦੇ ਗੁਰੂ ਜੀ ਸਮਝਾਉਂਦੇ ਹਨ ਕਿ ਕਈ ਲੋਕ ਪਰਮਾਤਮਾਂ ਦਾ ਤਾਣ ਭਾਵ ਸ਼ਕਤੀ ਨੂੰ ਯਾਦ ਕਰਕੇ ਸਿਫਤ ਸਲਾਹ ਕਰਦੇ ਕਹਿੰਦੇ ਹਨ ਕਿ ਪਰਮਾਤਮਾ ਪਲਾਂ ਵਿਚ ਹੇਠਲੀ ਉਤੇ ਕਰ ਦਿੰਦਾ ਹੈ, ਦਾਤਾ ਏਡਾ ਵੱਡਾ ਹੈ ਕਿ ਪਲ ਵਿਚ ਕੰਗਾਲਾਂ ਨੂੰ ਬਾਦਸ਼ਾਹ ਬਣਾ ਦਿੰਦਾ ਹੈ ਤੇ ਰਾਜਿਆਂ ਨੂੰ ਕੰਗਾਲ ਬਣਾ ਦਿੰਦਾ ਹੈ ।ਸਿਫਤ ਸਲਾਹ ਤਾਂ ਉਹ ਹੀ ਕਰ ਸਕਦਾ ਹੈ ਜਿਸ ਨੂੰ ਪ੍ਰਮਾਤਮਾ ਆਪ ਬਲ ਦੇਵੇ।ਕਈ ਪ੍ਰਮਾਤਮਾਂ ਦੀਆਂ ਦਿਤੀਆਂ ਦਾਤਾਂ ਸੂਰਜ, ਚੰਦ, ਤਾਰੇ, ਧਰਤੀ, ਸਾਗਰ, ਪਹਾੜ, ਸੁੰਦਰ ਜੀਵ ਆਦਿ ਨੂੰ ਉਸ ਦੇ ਨਿਸ਼ਾਨ ਸਮਝ ਕੇ ਯਾਦ ਕਰਦੇ ਹਨ ਤੇ ਕਈ ਇਨ੍ਹਾਂ ਨੂੰ ਦੇਵੀ ਦੇਵਤੇ ਬਣਾ ਕੇ ਪੂਜਾ ਕਰਦੇ ਹਨ:

ਗਾਵੈ ਕੋ ਤਾਣ ਹੋਵੈ ਕਿਸੈ ਤਾਣੁ॥ ਗਾਵੈ ਕੋ ਦਾਤਿ ਜਾਣੈ ਨੀਸਾਣੁ॥(ਪੰਨਾ ੧)

ਕੋਈ ਉਸ ਦੀ ਰਚਣ ਸ਼ਕਤੀ ਦੇ ਪਰਤਾਪ ਨੂੰ ਅਕਥ ਕਹਿ ਕੇ ਗਾਉਂਦਾ ਹੈ।ਕੋਈ ਉਸ ਦੀਆਂ ਦਾਤਾਂ ਬਾਰੇ ਗਾਉਂਦਾ ਹੈ ਤੇ ਕੋਈ ਉਸ ਦੀ ਮਿਹਰ ਦੀ ਲੱਗੀ ਮੋਹਰ ਬਾਰੇ ਗਾਉਂਦਾ ਹੈ।ਨੀਸਾਣੁ ਦਾ ਅਰਥ ਹੈ ਮੁਹਰ ਲੱਗ ਜਾਣੀ, ਪ੍ਰਵਾਨ ਹੋ ਜਾਣਾ, ਬਖਸ਼ਿਸ਼ ਦਾ ਨੀਸਾਣ, ਚਿੰਨ੍ਹ।

ਨਦਰੀ ਕਰਮ ਪਵੈ ਨੀਸਾਣੁ॥(ਮ:੧, ਪੰਨਾ ੭)
ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਨ ਜਾਇ॥ (ਸਿਰੀ ਮ: ੩, ਪੰਨਾ ੩੫)

ਜੋ ਕੰਮ ਵਾਹਿਗੁਰੂ ਕਰਦਾ ਹੈ ਉਹ ਬਸ ਉਸੇ ਦੇ ਹੀ ਕਰਨ ਦੇ ਹਨ ਹੋਰ ਕੋਈ ਨਹੀਂ ਕਰ ਸਕਦਾ। ਜੋ ਉਹ ਧੁਰੋਂ ਕਰਦਾ ਹੈ ਜਗ ਤੇ ਉਹ ਹੀ ਵਰਤਦਾ ਹੈ ।ਉਸਦੀ ਰਚਨਾ ਦੇਖ ਕੇ ਅਚੰਭਾ ਹੁੰਦਾ ਹੈ, ਹੈਰਾਨੀ ਹੁੰਦੀ ਹੈ, ਹੈਂ ਇਤਨਾ ਕੁਝ! ਦਾਸ ਭਾਵਨਾ ਨਾਲ ਪ੍ਰਮਾਤਮਾਂ ਦੀ ਸ਼ਰਣੀ ਪਵੇਗਾ ਤਾਂ ਹੀ ਉਸਦੀ ਗਤੀ ਹੋਵੇਗੀ। ਰੱਬ ਦੇ ਹੱਥ ਸਾਰੀਆਂ ਨਿਧਾਂ ਹਨ ਉਹ ਜਿਸ ਨੂੰ ਵੀ ਚਾਹੇ ਦੇਵੇ। ਜੋ ਉਸ ਦਾ ਨਾਮ ਜਪਦੇ ਹਨ ਉਨ੍ਹਾਂ ਉਪਰ ਉਹ ਦਿਆਲ ਹੁੰਦਾ ਹੈ ਤੇ ਉਸ ਦੀ ਬਖਸ਼ਿਸ਼ ਦੁਆਰਾ ਉਹ ਨੌ ਨਿਧਾਂ ਬਾਰਾਂ ਸਿਧਾਂ ਪਰਾਪਤ ਕਰ ਲੈਂਦੇ ਹਨ।ਅਪਹੁੰਚ, ਸਮਝੋਂ ਬਾਹਰੇ, ਬੇਅੰਤ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ।ਜਿਸ ਤੇ ਉਸਦੀ ਕ੍ਰਿਪਾ ਦ੍ਰਿਸ਼ਟੀ ਹੁੰਦੀ ਹੈ ਉਹ ਹੀ ਉਸ ਦਾ ਨਾਮ ਧਿਆਉਂਦਾ ਹੈ:

ਤੇਰੇ ਕੀਤੇ ਕੰਮ ਤੁਧੈ ਹੀ ਗੋਚਰੇ ॥ ਸੋਈ ਵਰਤੈ ਜਗਿ ਜਿ ਕੀਆ ਤੁਧੁ ਧੁਰੇ ॥ ਬਿਸਮੁ ਭਏ ਬਿਸਮਾਦ ਦੇਖਿ ਕੁਦਰਤਿ ਤੇਰੀਆ ॥ਸਰਣਿ ਪਰੇ ਤੇਰੀ ਦਾਸ ਕਰਿ ਗਤਿ ਹੋਇ ਮੇਰੀਆ॥ਤੇਰੈ ਹਥਿ ਨਿਧਾਨੁ ਭਾਵੈ ਤਿਸੁ ਦੇਹਿ ॥ ਜਿਸ ਨੋ ਹੋਇ ਦਇਆਲੁ ਹਰਿ ਨਾਮੁ ਸੇਇ ਲੇਹਿ ॥ ਅਗਮ ਅਗੋਚਰ ਬੇਅੰਤ ਅੰਤੁ ਨ ਪਾਈਐ ॥ ਜਿਸ ਨੋ ਹੋਹਿ ਕ੍ਰਿਪਾਲੁ ਸੁ ਨਾਮੁ ਧਿਆਈਐ ॥ ੧੧ ॥ (ਵਾਰ ਗੁਜਰੀ, ਮਃ ੫, ਪੰਨਾ ੫੨੧)

ਉਸਦੀਆਂ ਦਾਤਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਤਾਂ ਉਸਦਾ ਅੰਦਾਜ਼ਾ ਕਿਵੇਂ ਲਾਇਆ ਜਾ ਸਕਦਾ ਹੈ?

ਤੇਰੈ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ॥ (ਗਉੜੀ ਦੀਪਕੀ ਮ: ੧, ਪੰਨਾ ੧੨)

ਜਿਸ ਦੇ ਉਪਰ ਉਸਦੀ ਮਿਹਰ ਹੈ ਉਸ ਨੂੰ ਉਹ ਅਪਣੇ ਨਾਲ ਮਿਲਾ ਲੈਂਦਾ ਹੈ:

ਜਿਸ ਨੋ ਨਦਰਿ ਕਰੇ ਤਿਸੁ ਮੇਲੇ ਮੇਲਿ ਮਿਲੈ ਮੇਲਾਈ ਹੇ ॥ ੧੩ ॥।(ਮ:੧, ਪੰਨਾ ੧੦੨੨)

ਜੋ ਵੀ ਜੋਤ ਦੀ ਦਾਤ ਜੀਵਾਂ ਵਿਚ ਹੈ ਉਹ ਸਭ ਉਸਦੀ ਹੀ ਹੈ। ਕਰਤਾ ਤਾਂ ਸਭ ਦੇ ਅੰਦਰ ਜੋਤ ਰੂਪ ਵਿਚ ਰਮਿਆ ਹੋਇਆ ਹੈ:

ਜੋਤਿ ਦਾਤਿ ਜੇਤੀ ਸਭ ਤੇਰੀ ਤੂ ਕਰਤਾ ਸਭ ਠਾਈ ਹੇ ॥ ੪ ॥(ਮ:੧,ਪੰਨਾ ੧੦੨੨)


ਉਸਦਾ ਹੁਕਮ ਹੋਵੇਗਾ ਤਾਂ ਹੀ ਆਦਮੀ ਗੁਰੂ ਦੀ ਸਿਖਿਆ ਤੇ ਵਾਹਿਗੁਰੂ ਦੀ ਮਿਹਰ ਸਦਕਾ ਉਸ ਦੇ ਨਾਮ ਦੇ ਰਸਤੇ ਚਲਦਾ ਉਸ ਦਾ ਸਹੀ ਬਿਆਨ ਕਰ ਸਕਦਾ ਹੈ ਤੇ ਉਸ ਵਿਚ ਸਮਾ ਸਕਦਾ ਹੈ:

ਕਈ ਪ੍ਰਮਾਤਮਾਂ ਦੇ ਸ਼ੁਭ ਗੁਣ ਤੇ ਵਡਿਆਈਆਂ ਨੂੰ ਯਾਦ ਕਰਕੇ ਸਿਫਤ ਸਲਾਹ ਗਾਉਂਦੇ ਹਨ ਕਿ ਪਰਮਾਤਮਾ ਸਭ ਦੀ ਪਾਲਣਾ ਕਰਦਾ ਹੈ, ਸਭ ਜੀਵਾਂ ਦੀ ਰੱਖਿਆ ਕਰਦਾ ਹੈ ਪਰਦੇ ਢਕਦਾ ਹੈ ਅਤੇ ਕਈ ਉਸ ਦੇ ਉੱਚ ਆਚਾਰ ਦੇ ਗੁਣ ਗਾਉਂਦਾ ਹੈ। ਕਈ ਉਸ ਬਾਰੇ ਰਚੇ ਔਖੀਆਂ ਭਾਸ਼ਾਵਾਂ ਸੰਸਕ੍ਰਿਤ, ਪਾਲੀ, ਫਾਰਸੀ, ਅਰਬੀ, ਰਾਹੀਂ ਜਾਂ ਔਖੇ ਮੰਤ੍ਰਾਂ, ਸ਼ਲੋਕਾਂ, ਸ਼ਬਦਾਂ ਰਾਹੀਂ ਡੂੰਘੇ ਗਿਆਨ ਰਾਹੀਂ ਉਸ ਦੀ ਸਿਫਤ ਸਲਾਹ ਕਰਦੇ ਹਨ:

ਗਾਵੈ ਕੋ ਗੁਣ ਵਡਿਆਈ ਆਚਾਰ॥ ਗਾਵੈ ਕੋ ਵਿਦਿਆ ਵਿਖਮ ਵੀਚਾਰੁ॥

ਕੋਈ ਉਸ ਦੀ ਵਡਿਆਈ ਕਿਵੇਂ ਬਿਆਨ ਸਕਦਾ ਹੈ? ਜਿਸ ਤਰ੍ਹਾਂ ਉਸ ਨੂੰ ਚੰਗਾ ਲਗਦਾ ਹੈ ਉਹ ਰਚਨਾ ਰਚ ਕੇ ਅਪਣੀ ਰਚਨਾ ਦੇ ਗੁਣਾਂ ਦੀ ਵਡਿਆਈ (ਚੰਗਾ ਮੰਦਾ) ਖੁਦ ਹੀ ਵੇਖਦਾ ਹੈ:

ਕਰਿ ਕਰਿ ਵੇਖੈ ਕੀਤਾ ਅਪਣਾ ਜਿਉ ੁਤਿਸ ਦੀ ਵਡਿਆਈ॥ (ਸੋਦਰ ਮ:੧, ਪੰਨਾ ੯)

ਸਭ ਵਡਿਆਈ ਪ੍ਰਮਾਤਮਾ ਦੀ ਹੀ ਹੈ ਜੀਵ ਦਾ ਤਾਂ ਕੋਈ ਅਸਲ ਨਾਮ ਤਕ ਨਹੀਂ ਜਾਣਦਾ, ਕਦੇ ਕੋਈ ਨਾਂ ਕਦੇ ਕੋਈ ਨਾ: ਕਦੇ ਪੱਪੂ, ਕਦੇ ਪ੍ਰੀਤ, ਕਦੇ ਪ੍ਰਿਤਪਾਲ. ਕਦੇ ਪ੍ਰਿਤਪਾਲ ਸਿੰਘ, ਕਦੇ ਪ੍ਰਿਤਪਾਲ ਸਿੰਘ ਗਿਲ, ਕਦੇ ਸਰਦਾਰ ਬਹਾਦੁਰ ਪ੍ਰਿਤਪਾਲ ਸਿੰਘ ਗਿਲ ਤੇ ਫਿਰ ਕਦੇ ਪ੍ਰਿਤੀ ਬਾਬਾ:

ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਉ ਨਾ ਜਾਣੈ ਮੇਰਾ॥(ਆਸਾ ੫, ਪੰਨਾ ੩੮੩)

ਸੁਣ ਸੁਣ ਕੇ ਹਰ ਕੋਈ ਪ੍ਰਮਾਤਮਾ ਨੂੰ ਵੱਡਾ ਵੱਡਾ ਆਖਦਾ ਹੈ ਪਰ ਉਹ ਕਿਤਨਾ ਕੁ ਵੱਡਾ ਹੈ ਇਹ ਤਾਂ ਉਹ ਹੀ ਦਸ ਸਕਦਾ ਹੈ ਜਿਸ ਨੇ ਤੈਨੂੰ ਵੇਖਿਆ ਹੋਵੇ।ਕੋਈ ਉਸਦਾ ਮੁੱਲ ਨਹੀਂ ਪਾ ਸਕਦਾ ਨਾ ਹੀ ਉਸਨੂੰ ਬਿਆਨ ਕਰ ਸਕਦਾ ਹੈ।ਜੋ ਉਸਨੂੰ ਕੁਝ ਵਰਨਣ ਯੋਗ ਹੁੰਦੇ ਵੀ ਹਨ ਉਹ ਤਾਂ ਉਸਦੇ ਅੰਦਰ ਹੀ ਲੀਨ ਰਹਿੰਦੇ ਹਨ। ਵਡਿਓਂ ਵੱਡਾ ਮਾਲਕ ਤਾਂ ਗੁਣਾਂ ਚੰਗਿਆਈਆਂ ਦਾ ਅਥਾਹ ਸਮੁੰਦਰ ਹੈ। ਕੋਈ ਨਹੀਂ ਜਾਣਦਾ ਉਹਦਾ ਕਿਤਨਾ ਵੱਡਾ ਵਿਸ਼ਥਾਰ ਹੈ ਕਿਤਨਾ ਵੱਡਾ ਪਸਾਰਾ ਹੈ।ਸਾਰੇ ਵੀਚਾਰਵਾਨਾਂ ਨੇ ਇਕਠੇ ਹੋ ਕੇ ਵੀਚਾਰ ਕਰ ਲਿਆ, ਸਾਰੇ ਮੁੱਲ ਪਾਉਣ ਵਾਲਿਆਂ ਨੇ ਇਕੱਠੇ ਹੋ ਕੇ ਉਸ ਦਾ ਮੁੱਲ਼ ਪਾੲਆ ਗਿਆਨੀਆਂ ਧਿਆਨੀਆਂ ਤੇ ਪ੍ਰਚਾਰਕਾਂ ਦੇ ਫ੍ਰਚਾਰਕਾਂ ਨੇ ਵੀ ਉਸਨੂੰ ਬਿਆਨ ਕੀਤਾ ਹੈ ਪਰ ਉਹ ਪ੍ਰਮਾਤਮਾ ਦੀ ਇਕ ਤਿਲ ਜਿਤਨੀ ਵਡਿਆਈ ਵੀ ਨਹੀ ਕਰ ਸਕੇ।

ਸੁਣਿ ਵਡਾ ਆਖੈ ਸਭੁ ਕੋਇ ॥ ਕੇਵਡੁ ਵਡਾ ਡੀਠਾ ਹੋਇ ॥ ਕੀਮਤਿ ਪਾਇ ਨ ਕਹਿਆ ਜਾਇ ॥ ਕਹਣੈ ਵਾਲੇ ਤੇਰੇ ਰਹੇ ਸਮਾਇ ॥ ੧ ॥ ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥ ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥ ੧ ॥ ਰਹਾਉ ॥ ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ ਸਭ ਕੀਮਤਿ ਮਿਲਿ ਕੀਮਤਿ ਪਾਈ ॥ਗਿਆਨੀ ਧਿਆਨੀ ਗੁਰ ਗੁਰਹਾਈ ॥ ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥ ੨ ॥ ਆਸਾ ਮ: ੧, ਪੰਨਾ ੯)

ਪ੍ਰਮਾਤਮਾ ਅਮੁਲ ਹੈ ਉਸ ਦੀ ਵਡਿਆਈ ਨੂੰ ਬਿਆਨਿਆ ਨਹੀਂ ਜਾ ਸਕਦਾ।

ਅਮੁਲੋ ਅਮੁਲੁ ਆਖਿਆ ਨ ਜਾਇ॥

ਵੇਦ ਤੇ ਪੁਰਾਣ ਦੇ ਪਾਠ ਪ੍ਰਮਾਤਮਾ ਨੂੰ ਹੀ ਪੁਕਾਰਦੇ ਹਨ।ਪੜ੍ਹੇ ਲਿਖੇ ਵੀ ਉਸੇ ਦਾ ਹੀ ਨਾਮ ਉਚਾਰਦੇ ਹਨ ਤੇ ਉਸ ਬਾਰੇ ਵਿਖਿਆਨ ਦਿੰਦੇ ਹਨ।ਬ੍ਰਹਮਾ ਤੇ ਇੰਦਰ ਵੀ ਪ੍ਰਮਾਤਮਾ ਦੇ ਹੀ ਗੁਣ ਗਾਉਂਦੇ ਹਨ।ਸ਼ਿਵਜੀ ਤੇ ਸਿੱਧ ਲੋਕ ਵੀ ਉਸੇ ਬਾਰੇ ਬਿਆਨਦੇ ਹਨ। ਉਸਦੇ ਸਾਜੇ ਸਾਰੇ ਬੁੱਧ ਵੀ ਵਾਹਿਗੁਰੂ ਦਾ ਹੀ ਜ਼ਿਕਰ ਕਰਦੇ ਹਨ।ਦਾਨਵ ਤੇ ਦੇਵਤੇ ਵੀ ਵਾਹਿਗੁਰੂ ਦੀ ਗੱਲ ਕਰਦੇ ਹਨ।ਦੇਵਤੇ, ਮਨੁਖ, ਮੋਨਧਾਰੀ ਅਤੇ ਸੇਵਕ ਇਕੋ ਪ੍ਰਮਾਤਮਾ ਨੂੰ ਧਿਆਉਂਦੇ ਹਨ।ਬੇਅੰਤ ਹਨ ਜੋ ਵਾਹਿਗੁਰੂ ਬਾਰੇ ਬਿਆਨਦੇ ਜਾਂ ਬਿਆਨਣ ਦਾ ਹੀਆ ਕਰਦੇ ਹਨ।ਬਹੁਤਿਆਂ ਨੇ ਉਸ ਨੂੰ ਲਗਾਤਾਰ ਵਾਰ ਵਾਰ ਬਿਆਨਿਆ ਤੇ ਫਿਰ ਇਸ ਦੁਨੀਆਂ ਤੋਂ ਉਠ ਗਏ।ਜੇ ਉਹ ਏਨੇ ਹੋਰ ਰਚ ਦੇਵੇ ਜਿਤਨੇ ਉਸ ਨੇ ਰਚੇ ਹਨ ਤਾਂ ਵੀ ਉਹ ਉਸ ਦੀਆਂ ਥੋੜੀਆਂ ਜਿਹੀਆਂ ਨੇਕੀਆਂ ਹੀ ਬਿਆਨ ਕਰ ਸਕਦੇ ਹਨ।ਵਾਹਿਗੁਰੂ ਉਤਨਾ ਵੱਡਾ ਹੋ ਜਾਂਦਾ ਹੈ ਜਿਤਨਾ ਵੱਡਾ ਉਸਨੂੰ ਚੰਗਾ ਲਗਦਾ ਹੈ। ਅਪਣੀ ਵਿਸ਼ਾਲਤਾ ਬਾਰੇ ਤਾਂ ਸਿਰਫ ਉਹ ਹੀ ਪੂਰੀ ਤਰ੍ਹਾਂ ਦਸ ਸਕਦਾ ਹੈ ਹੋਰ ਕੋਈ ਨਹੀਂ।ਜੇ ਕੋਈ ਬਕਵਾਸ ਕਰੇ ਕਿ ਉਹ ਪ੍ਰਮਾਤਮਾ ਦੇ ਹਰਿਕ ਗੁਣ ਬਿਆਨ ਸਕਦਾ ਹੈ ਤਾਂ ਉਸ ਨੂੰ ਮੂਰਖਾਂ ਦਾ ਮੂਰਖ ਹੀ ਕਿਹਾ ਜਾ ਸਕਦਾ ਹੈ।

ਆਖਿ ਆਖਿ ਰਹੇ ਲਿਵ ਲਾਇ ॥ ਆਖਹਿ ਵੇਦ ਪਾਠ ਪੁਰਾਣ ॥ ਆਖਹਿ ਪੜੇ ਕਰਹਿ ਵਖਿਆਣ ॥ ਆਖਹਿ ਬਰਮੇ ਆਖਹਿ ਇੰਦ ॥ ਆਖਹਿ ਗੋਪੀ ਤੈ ਗੋਵਿੰਦ ॥ ਆਖਹਿ ਈਸਰ ਆਖਹਿ ਸਿਧ ॥ ਆਖਹਿ ਕੇਤੇ ਕੀਤੇ ਬੁਧ ॥ ਆਖਹਿ ਦਾਨਵ ਆਖਹਿ ਦੇਵ ॥ ਆਖਹਿ ਸੁਰਿ ਨਰ ਮੁਨਿ ਜਨ ਸੇਵ ॥ ਕੇਤੇ ਆਖਹਿ ਆਖਣਿ ਪਾਹਿ ॥ ਕੇਤੇ ਕਹਿ ਕਹਿ ਉਠਿ ਉਠਿ ਜਾਹਿ ॥ ਏਤੇ ਕੀਤੇ ਹੋਰਿ ਕਰੇਹਿ ॥ ਤਾ ਆਖਿ ਨ ਸਕਹਿ ਕੇਈ ਕੇਇ ॥ ਜੇਵਡੁ ਭਾਵੈ ਤੇਵਡੁ ਹੋਇ ॥ ਨਾਨਕ ਜਾਣੈ ਸਾਚਾ ਸੋਇ ॥ ਜੇ ਕੋ ਆਖੈ ਬੋਲੁਵਿਗਾੜੁ ॥ ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥ ੨੬ ॥ (ਜਪੁ, ਮ: ੧, ਪੰਨਾ ੫-੬)

ਜੇ ਸਭ ਇਨਸਾਨ ਮਿਲ ਕੇ ਪ੍ਰਮਾਤਮਾ ਦੀ ਪ੍ਰਸੰਸਾ ਕਰਨ ਤਾਂ ਵੀ ਉਹ ਨਾਂ ਹੀ ਉਸ ਤੋਂ ਵਿਸ਼ਾਲ ਹੋਵੇਗਾ ਤੇ ਨਾ ਹੀ ਘੱਟ।

ਜੇ ਸਭਿ ਮਿਲਿ ਕੈ ਆਖਣਿ ਪਾਹਿ॥ ਵਡਾ ਨ ਹੋਵੈ ਘਾਟਿ ਨ ਜਾਇ।(ਸੋਦਰੁ, ਪੰਨਾ ੯)

ਕਈ ਇਹ ਗਾਉਂਦੇ ਹਨ ਕਿ ਸਰਵਸ਼ਕਤੀਮਾਨ ਪ੍ਰਮਾਤਮਾਂ ਜੀਵਾਂ ਦੇ ਸਰੀਰਾਂ ਨੂੰ ਸਾਜ ਕੇ ਫਿਰ ਦੁਬਾਰਾ ਸਵਾਹ ਕਰ ਦਿੰਦਾ ਹੈ।ਕਈ ਇਸਤਰ੍ਹਾਂ ਸਿਫਤ ਕਰਦੇ ਹਨ ਕਿ ਪ੍ਰਮਾਤਮਾ ਜੀਵਾਂ ਨੂੰ ਮਾਰ ਕੇ ਹੋਰ ਸਰੀਰ ਦੇ ਦਿੰਦਾ ਹੈ ਭਾਵ ਜੂਨਾਂ ਬਦਲਦਾ ਹੈ:

ਗਾਵੈ ਕੋ ਸਾਜਿ ਕਰੇ ਤਨੁ ਖੇਹ॥ ਗਾਵੈ ਕੋ ਜੀਅ ਲੈ ਫਿਰਿ ਦੇਹ॥

ਉਹ ਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ ਨਾਸ ਕਰਦਾ ਹੈ।ਆਪ ਹੀ ਹਰ ਜਣੇ ਨੂੰ ਕੰਮੀਂ ਕਾਰੀਂ ਲਾਉਂਦਾ ਹੈ:

ਆਪਿ ਉਪਾਏ ਆਪਿ ਖਪਾਏ॥ ਆਪੇ ਸਿਰਿ ਸਿਰਿ ਧੰਧੈ ਲਾਏ॥ (ਮਾਰੂ ਮ: ੧, ਪੰਨਾ ੧੦੨੦)

ਉਹ ਕਈਆਂ ਨੂੰ ਪਰਖ ਕੇ ਮਾਫੀ ਦੇ ਦਿੰਦਾ ਹੈ ਤੇ ਖੁਦ ਹੀ ਦਾਤਾਂ ਦਿੰਦਾ ਤੇ ਵਾਪਿਸ ਲੈ ਲੈਂਦਾ ਹੈ।

ਆਪੇ ਕਿਸ ਹੀ ਕਸਿ ਬਖਸੇ ਆਪੇ ਦੇ ਲੈ ਭਾਈ ਹੇ ॥ ੮ ॥ (ਮਾਰੂ ਮ: ੧, ਪੰਨਾ ੧੦੨੧)

ਉਹ ਆਪ ਹੀ ਸਾਰਾ ਸੰਸਾਰ ਰਚਦਾ ਹੈ ਆਪ ਹੀ ਵਿਸਥਾਰ ਕਰਦਾ ਹੈ ਤੇ ਆਪ ਹੀ ਖਪਾ ਦਿੰਦਾ ਹੈ ਅਤੇ ਅਪਣੇ ਵਿਚ ਮਿਲਾ ਲੈਂਦਾ ਹੈ ਜਿਵੇਂ ਉਸ ਇਕ ਤੋਂ ਬਿਨਾ ਹੋਰ ਕੁਝ ਨਹੀ। ਆਪ ਉਸ ਤੇ ਇਕ ਤਿਲ ਵੀ ਅਸਰ ਨਹੀਂ ਹੁੰਦਾ, ਉਹ ਹਮੇਸ਼ਾ ਇਕਤਾਰ ਹੀ ਰਹਿੰਦਾ ਹੈ ਭਾਵੇਂ ਉਹ ਅਪਣੇ ਤੋਂ ਅਨੇਕਾਂ ਪੈਦਾ ਕਰਦਾ ਹੈ, ਬਹੁਤ ਵਿਸਥਾਰ ਕਰਦਾ ਹੈ:

ਆਪਿ ਉਪਾਇਆ ਜਗਤੁ ਸਬਾਇਆ ॥ ਮ: ੧, ਪੰਨਾ ੧੦੨੨)
ਆਪਿ ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ ਨਹੀ ਇਕੁ ਤਿਲੁ ਰੰਗਾ ॥ ੧੫ ॥ (ਪੰਨਾ ੧੦੮੩)
ਆਪਹਿ ਏਕ ਆਪਹਿ ਅਨੇਕ॥(ਗਉੜੀ ੫, ਪੰਨਾ ੨੭੯)
ਆਪਹਿ ਏਕੁ ਆਪਿ ਬਿਸਥਾਰ॥ (ਗਉੜੀ ਮ: ੫, ਪੰਨਾ ੨੯੨)

ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਧੁਰ ਅੰਦਰੋਂ, ਰੋਮ ਰੋਮ ਵਿਚੋਂ ਜਾਗਦਿਆ ਸੌਂਦਿਆ ਗਾਉਣਾ ਜਪਣਾ ਹੈ।ਪ੍ਰਮਾਤਮਾ ਨਾਮ ਦੀ ਖੁਰਾਕ ਨਾਲ ਹੀ ਅੱਗੇ ਵਧਣਾ ਹੈ ਬਾਕੀ ਸਭ ਭੁੱਲ ਜਾਣਾ ਹੈ। ਪੂਰੇ ਗੁਰੂ ਤੋਂ ਹੀ ਨਾਮ ਦਾਨ ਪ੍ਰਾਪਤ ਕਰਨਾ ਹੈ ਤੇ ਜੀਵਨ ਆਧਾਰ ਇਸੇ ਨੂੰ ਲੈ ਕੇ ਚਲਣਾ ਹੈ। ਨਾਮ ਨੂੰ ਦੁੱਖ ਵਿਚ ਵੀ ਤੇ ਸੁੱਖ ਵਿਚ ਵੀ ਗਾਉਣਾ ਹੈ ਜਿਸ ਨਾਲ ਰਸਤਾ ਸੰਵਰ ਜਾਵੇਗਾ। ਗੁਰੂ ਹੀ ਮਨ ਵਿਚ ਨਾਮ ਦ੍ਰਿੜਾਉਂਦਾ ਹੈ ਤੇ ਤ੍ਰਿਸ਼ਨਾ ਬੁਝਾ ਦਿੰਦਾ ਹੈ।ਦਿਨੇ ਵੀ ਤੇ ਰਾਤ ਨੂੰ ਵੀ ਨਾਮ ਗਾਉਣਾ ਹੈ ਸਾਸ ਸਾਸ ਰਸਨਾ ਨਾਲ ਗਾਉਣਾ ਹੈ।ਸਤਿਸੰਗਤ ਵਿਚ ਜੋ ਵਿਸ਼ਵਾਸ਼ ਰੱਖਦਾ ਹੈ ਹਰੀ ਉਸਦਾ ਜੀਣ ਮਰਨ ਖਤਮ ਕਰ ਦਿੰਦਾ ਹੈ।ਗੁਰੂ ਜੀ ਬੇਨਤੀ ਕਰਦੇ ਹਨ ਭਲਿਆਂ ਲੋਕਾਂ ਤੋਂ ਪਾਇਆ ਨਾਮ ਦਾਨ ਦਿਲ ਵਿਚ ਉਤਰ ਜਾਵੇ।ਨਾਮ ਦੀ ਕਥਾ ਸੁਣ ਕੇ ਹੀ ਉਸ ਦੇ ਦਰਸ਼ਨ ਹੋਣਗੇ ਤੇ ਮਸਤਕ ਉਸਦੇ ਚਰਨੀਂ ਲਗੇਗਾ।

ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ ॥ ਸੰਗਿ ਚਲਨ ਕਉ ਤੋਸਾ ਦੀਨੑਾ ਗੋਬਿੰਦ ਨਾਮ ਕੇ ਬਿਉਹਾਰੀ ॥ ੧ ॥ ਅਵਰ ਬਿਸਾਰੀ ਬਿਸਾਰੀ ॥ ਨਾਮੁ ਦਾਨੁ ਗੁਰਿ ਪੂਰੈ ਦੀਓ ਮੈ ਏਹੋ ਆਧਾਰੀ ॥ ੧ ॥ ਰਹਾਉ ॥ ਦੂਖਨਿ ਗਾਵਉ ਸੁਖਿ ਭੀ ਗਾਵਉ ਮਾਰਗਿ ਪੰਥਿ ਸਮੑਾਰੀ ॥ ਨਾਮ ਦ੍ਰਿੜੁ ਗੁਰਿ ਮਨ ਮਹਿ ਦੀਆ ਮੋਰੀ ਤਿਸਾ ਬੁਝਾਰੀ ॥ ੨ ॥ ਦਿਨੁ ਭੀ ਗਾਵਉ ਰੈਨੀ ਗਾਵਉ ਗਾਵਉ ਸਾਸਿ ਸਾਸਿ ਰਸਨਾਰੀ ॥ਸਤਸੰਗਤਿ ਮਹਿ ਬਿਸਾਸੁ ਹੋਇ ਹਰਿ ਜੀਵਤ ਮਰਤ ਸੰਗਾਰੀ ॥ ੩ ॥ ਜਨ ਨਾਨਕ ਕਉ ਇਹੁ ਦਾਨੁ ਦੇਹੁ ਪ੍ਰਭ ਪਾਵਉ ਸੰਤ ਰੇਨ ਉਰਿ ਧਾਰੀ ॥ ਸ੍ਰਵਨੀ ਕਥਾ ਨੈਨ ਦਰਸੁ ਪੇਖਉ ਮਸਤਕੁ ਗੁਰ ਚਰਨਾਰੀ ॥ ੪ ॥ ੨ ॥ ੧੨੨ ॥ (ਮ: ੫, ਪੰਨਾ ੪੦੧)

ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥ ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥ ੪ ॥ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥ ੧ ॥(ਮ:੧, ਪੰਨਾ ੬੬੦)
ਚਿਤਵਉ ਚਿਤਵਿ ਸਰਬ ਸੁਖ ਪਾਵਉ ਆਗੈ ਭਾਵਉ ਕਿ ਨ ਭਾਵਉ ॥ ਏਕੁ ਦਾਤਾਰੁ ਸਗਲ ਹੈ ਜਾਚਿਕ ਦੂਸਰ ਕੈ ਪਹਿ ਜਾਵਉ ॥ ੧ ॥ ਹਉ ਮਾਗਉ ਆਨ ਲਜਾਵਉ ॥ ਸਗਲ ਛਤ੍ਰਪਤਿ ਏਕੋ ਠਾਕੁਰੁ ਕਉਨੁ ਸਮਸਰਿ ਲਾਵਉ ॥ ੧ ॥ ਅਗਮ ਅਗਮ ਆਗਾਧਿ ਬੋਧ ਕੀਮਤਿ ਪਰੈ ਨ ਪਾਵਉ ॥ ਤਾਕੀ ਸਰਣਿ ਸਤਿ ਪੁਰਖ ਕੀ ਸਤਿਗੁਰੁ ਪੁਰਖੁ ਧਿਆਵਉ ॥ ੩ ॥ ਭਇਓ ਕ੍ਰਿਪਾਲੁ ਦਇਆਲੁ ਪ੍ਰਭੁ ਠਾਕੁਰੁ ਕਾਟਿਓ ਬੰਧੁ ਗਰਾਵਉ ॥ ਕਹੁ ਨਾਨਕ ਜਉ ਸਾਧਸੰਗੁ ਪਾਇਓ ਤਉ ਫਿਰਿ ਜਨਮਿ ਨ ਆਵਉ ॥ ੪ ॥ ੧ ॥ ੧੨੧ ॥

ਸੱਚਾ ਸਵਾਮੀ ਹੀ ਕੇਵਲ ਸੱਚਾ ਹੈ ਹੋਰ ਕੋਈ ਨਹੀਂ। ਜਿਸ ਨੇ ਸੰਸਾਰ ਰਚਿਆ ਹੈ ਓੜਕ ਉਸ ਨੇ ਹੀ ਇਸ ਦਾ ਨਾਸ ਕਰਨਾ ਹੈ। ਜਿਵੇਂ ਉਹ ਰੱਖੇ ਓਵੇਂ ਹੀ ਰਹਿਣਾ ਚਾਹੀਦਾ ਹੈ, ਉਸ ਅਗੇ ਕੋਈ ਉਜਰ ਨਹੀਂ ਨਾਂਹ ਨੁੱਕਰ ਨਹੀਂ।ਉਹ ਆਪੇ ਹੀ ਪੈਦਾ ਕਰਦਾ ਹੈ ਆਪੇ ਹੀ ਨਾਸ ਕਰਦਾ ਹੈ, ਆਪੇ ਹੀ ਹਰ ਜੀਵ ਨੂੰ ਧੰਦੇ ਲਾਉਂਦਾ ਹੈ।ਉਸ ਅਪਣੇ ਆਪ ਹੀ ਸੋਚਦਾ ਰਹਿੰਦਾ ਹੈ ਕਿ ਕਿਸ ਨੂੰ ਕਿੱਥੇ ਕੰਮ ਲਾਉਣਾ ਹੈ, ਕਿਸ ਦਾ ਕਿਵੇਂ ਭਲਾ ਕਰਨਾ ਹੈ ਤੇ ਕਿਵੇਂ ਜੀਵ ਨੂੰ ਸਿੱਧੇ ਰਸਤੇ ਪਾਉਣਾ ਹੈ। ਉਹ ਆਪੇ ਹੀ ਸਭ ਤੋਂ ਬੁਧੀਮਾਨ ਹੈ ਤੇ ਹਰ ਥਾਂ ਹਾਜ਼ਿਰ ਹੈ ਜੋ ਸਾਰੇ ਸੰਸਾਰ ਨੂੰ ਰਚ ਕੇ ਖੁਸ਼ ਹੁੰਦਾ ਰਹਿੰਦਾ ਹੈ।ਆਪ ਹੀ ਉਹ ਹਵਾ, ਜਲ ਤੇ ਅੱਗ ਬਣ ਕੇ ਜਹਾਨ ਇਨਸਾਨ ਰਚਦਾ ਹੈ ਤੇ ਆਪ ਹੀ ਜਹਾਨ-ਇਨਸਾਨ ਨੂੰ ਅਪਣੇ ਆਪ ਵਿਚ ਮਿਲਾ ਲੈਂਦਾ ਹੈ।ਉਹ ਆਪ ਹੀ ਸੂਰਜ ਹੈ ਤੇ ਆਪ ਹੀ ਚੰਦ੍ਰਮਾ ਹੈ, ਉਹ ਹਰ ਤਰ੍ਹਾਂ ਸੰਪੂਰਣ ਹੈ।ਉਹ ਆਪ ਹੀ ਬ੍ਰਹਮਗਿਆਤਾ, ਸਿਮਰਨ ਅਤੇ ਵਰਿਆਮ ਗੁਰੂ ਹੈ।ਜੋ ਵਾਹਿਗੁਰੂ ਨੂੰ ਪਿਆਰ ਕਰਦਾ ਹੈ ਉਸ ਨਾਲ ਲਿਵ ਲਾਉਂਦਾ ਹੈ, ਉਸਨੂੰ ਯਮ ਅਤੇ ਉਸਦੀ ਫਾਹੀ ਛੋਹ ਵੀ ਨਹੀਂ ਸਕਦੇ।ਉਹ ਆਪ ਹੀ ਨਰ ਹੈ ਆਪ ਹੀ ਮਾਦਾ। ਉਹ ਆਪ ਹੀ ਸ਼ਤਰੰਜ ਹੈ ਆਪ ਹੀ ਮੋਹਰਾ।ਉਸਨੇ ਜਗਤ ਅਖਾੜਾ ਖੇਡਣ ਲਈ ਬੰਨਿ੍ਹਆਂ ਹੈ ਅਤੇ ਆਪ ਹੀ ਖਿਡਾਰੀਆਂ ਦਾ ਮੁੱਲ ਪਾਉਂਦਾ ਹੈ।ਉਹ ਆਪ ਹੀ ਭਉਰਾ, ਫੁੱਲ, ਫਲ ਤੇ ਦਰਖਤ ਹੈ, ਉਹ ਆਪ ਹੀ ਪਾਣੀ, ਮਾਰੂਥਲ, ਸਮੁੰਦਰ ਅਤੇ ਤਾਲਾਬ ਹੈ। ਉਹ ਆਪ ਹੀੌ ਵੱਡੀ ਮੱਛੀ, ਕੱਛੂ ਤੇ ਸਾਰੀਆਂ ਕਿਰਤਾਂ ਦਾ ਕਾਰਣ ਹੈ। ਉਸ ਦਾ ਸਰੂਪ ਜਾਣਿਆਂ ਨਹੀਂ ਜਾ ਸਕਦਾ।ਦਿਨ-ਰਾਤ ਉਹ ਆਪ ਹੀ ਹੈ ਤੇ ਆਪ ਹੀ ਗੁਰਾਂ ਦੀ ਬਾਣੀ ਨਾਲ ਪ੍ਰਸੰਨ ਹੁੰਦਾ ਹੈ। ਆਦਿ ਤੋਂ ਜੁਗਾਂ ਤੋ ਉਹ ਸਦਾ ਸਦਾ ਹੈ ਭਾਵ ਅਵਿਨਾਸ਼ੀ ਹੈ ਨਾ ਖਤਮ ਹੋਣ ਵਾਲਾ ਹੈ, ਉਸ ਦੀ ਰਜ਼ਾ ਸਾਰਿਆਂ ਦੇ ਦਿਲਾਂ ਅੰਦਰ ਗੂੰਜਦੀ ਹੈ।

ਸਾਚਾ ਸਚੁ ਸੋਈ ਅਵਰੁ ਨ ਕੋਈ ॥ ਜਿਨਿ ਸਿਰਜੀ ਤਿਨ ਹੀ ਫੁਨਿ ਗੋਈ ॥ ਜਿਉ ਭਾਵੈ ਤਿਉ ਰਾਖਹੁ ਰਹਣਾ ਤੁਮ ਸਿਉ ਕਿਆ ਮੁਕਰਾਈ ਹੇ ॥ ੧ ॥ ਆਪਿ ਉਪਾਏ ਆਪਿ ਖਪਾਏ ॥ ਆਪੇ ਸਿਰਿ ਸਿਰਿ ਧੰਧੈ ਲਾਏ ॥ ਆਪੇ ਵੀਚਾਰੀ ਗੁਣਕਾਰੀ ਆਪੇ ਮਾਰਗਿ ਲਾਈ ਹੇ ॥ ੨ ॥ ਆਪੇ ਦਾਨਾ ਆਪੇ ਬੀਨਾ ॥ ਆਪੇ ਆਪੁ ਉਪਾਇ ਪਤੀਨਾ॥ ਆਪੇ ਪਉਣੁ ਪਾਣੀ ਬੈਸੰਤਰੁ ਆਪੇ ਮੇਲਿ ਮਿਲਾਈ ਹੇ ॥ ੩ ॥ ਆਪੇ ਸਸਿ ਸੂਰਾ ਪੂਰੋ ਪੂਰਾ ॥ ਆਪੇ ਗਿਆਨਿ ਧਿਆਨਿ ਗੁਰ ਸੂਰਾ ॥ ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੇ ਸਿਉ ਲਿਵ ਲਾਈ ਹੇ ॥ ੪ ॥ ਆਪੇ ਪੁਰਖੁ ਆਪੇ ਹੀ ਨਾਰੀ ॥ ਆਪੇ ਪਾਸਾ ਆਪੇ ਸਾਰੀ ॥ ਆਪੇ ਪਿੜ ਬਾਧੀ ਜਗੁ ਖੇਲੈ ਆਪੇ ਕੀਮਤਿ ਪਾਈ ਹੇ ॥ ੫ ॥ ਆਪੇ ਭਵਰੁ ਫੁਲੁ ਫਲੁ ਤਰਵਰੁ ॥ ਆਪੇ ਜਲੁ ਥਲੁ ਸਾਗਰੁ ਸਰਵਰੁ ॥ ਆਪੇ ਮਛੁ ਕਛੁ ਕਰਣੀਕਰੁ ਤੇਰਾ ਰੂਪੁ ਨ ਲਖਣਾ ਜਾਈ ਹੇ ॥ ੬ ॥ ਆਪੇ ਦਿਨਸੁ ਆਪੇ ਹੀ ਰੈਣੀ ॥ ਆਪਿ ਪਤੀਜੈ ਗੁਰ ਕੀ ਬੈਣੀ ॥ ਆਦਿ ਜੁਗਾਦਿ ਅਨਾਹਦਿ ਅਨਦਿਨੁ ਘਟਿ ਘਟਿ ਸਬਦੁ ਰਜਾਈ ਹੇ ॥ ੭ ॥ (ਮਾਰੂ ਮ: ੧, ਪੰਨਾ ੧੦੨੦)

ਵਾਹਿਗੁਰੂ ਆਪ ਹੀ ਜ਼ਮੀਨ, ਅਸਮਾਨ ਤੇ ਬੈਲ ਹੈ। (‘ਧਵਲੇ ਉਪਰ ਕੇਤਾ ਭਾਰ’ ਦੀ ਵਿਆਖਿਆ ਹੈ) ਸੱਚਾ ਸਾਈਂ ਆਪ ਹੀ ਅਪਣੀਆਂ ਨੇਕੀਆਂ ਨੂੰ ਪ੍ਰਗਟ ਕਰਦਾ ਹੈ।ਉਹ ਆਪ ਹੀ ਜਤੀ, ਸਤੀ, ਸੰਤੋਖੀ ਹੈ ਅਤੇ ਆਪ ਹੀ ਸਾਰੇ ਕੰਮ ਕਰਦਾ ਹੈ। ਜਿਸ ਰੱਬ ਨੇ ਜੱਗ ਰਚਿਆ ਹੈ ਉਹ ਰਚਨਾ ਰਚ ਰਚ ਵੇਖਦਾ ਹੈ।ਸੱਚੇ ਦੀ ਲਿਖਤਕਾਰ ਨੂੰ ਕੋਈ ਵੀ ਮੇਟ ਨਹੀਂ ਸਕਦਾ।ਉਹ ਆਪ ਹੀ ਕਰਨ ਵਾਲਾ ਹੈ ਤੇ ਆਪ ਹੀ ਕਰਵਾਉਣ ਵਾਲਾ ਅਤੇ ਆਪ ਹੀ ਵਡਿਆਈ ਬਖਸ਼ਦਾ ਹੈ।

ਆਪੇ ਧਰਤੀ ਧਉਲੁ ਅਕਾਸੰ ॥ ਆਪੇ ਸਾਚੇ ਗੁਣ ਪਰਗਾਸੰ ॥ ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੇ ॥ ੧ ॥ ਜਿਸੁ ਕਰਣਾ ਸੋ ਕਰਿ ਕਰਿ ਵੇਖੈ ॥ ਕੋਇ ਨ ਮੇਟੈ ਸਾਚੇ ਲੇਖੈ ॥ ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਹੇ ॥ ੨ ॥ (ਮਾਰੂ ਮ: ੧, ਪੰਨਾ ੧੦੨੦)

ਕਈ ਲੋਕ ਇਸ ਤਰ੍ਹਾਂ ਸਿਫਤ ਸਲਾਹ ਗਾਉਂਦੇ ਹਨ ਕਿ ਪ੍ਰਮਾਤਮਾ ਬਹੁਤ ਦੂਰ ਹੈ ਉਸ ਤਕ ਪਹੁੰਚਣਾ ਮੁਸ਼ਕਲ ਹੈ। ਕਈ ਇਹ ਕਹਿੰਦੇ ਹਨ ਕਿ ਪਰਮਾਤਮਾ ਨੇੜੇ ਤੋਂ ਨੇੜੇ, ਹਾਜ਼ਰਾ ਹਜ਼ੂਰ ਹੈ, ਇਸ ਤਰ੍ਹਾਂ ਨੇੜੇ ਹੈ ਅੰਦਰ ਵਸਦਾ ਹੈ:

ਗਾਵੈ ਕੋ ਜਾਪੈ ਦਿਸੈ ਦੂਰਿ ॥ ਗਾਵੈ ਕੋ ਵੇਖੈ ਹਾਦਰਾ ਹਦੂਰਿ ॥

ਕਹਿੰਦੇ ਦੂਰ ਹਨ ਪਰ ਉਹ ਤਾਂ ਭਗਤ ਕਬੀਰ ਜੀ ਨੇ ਨੇੜੇ ਹੀ ਪਾ ਲਿਆ:

ਦੂਰਿ ਬਤਾਵਤ ਪਾਇਆ ਨੀਰਾ ॥ (ਗਉ ਕਬੀਰ, ਪੋੰਨਾ ੩੪੪)

ਗੁਰੂ ਨਾਨਕ ਜੀ ਫੁਰਮਾਉਂਦੇ ਹਨ ਕਿ ਦੂਰ ਜਾਣ ਦੀ ਲੋੜ ਨਹੀਂ, ਉਸ ਨੂੰ ਅਪਣੇ ਅੰਦਰ ਹੀ ਮੰਨੋ, ਅੰਦਰ ਹੀ ਹਰੀ ਦਾ ਮਹਿਲ ਪਛਾਣ ਲਵੋਗੇ:

ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲ ਪਛਾਨਾ॥ (ਤੁਖਾਰੀ ੧, ਪੰਨਾ ੧੧੦੮)
ਦੂਰਿ ਨਾਹੀ ਦੇਖਉ ਕਰਿ ਨੰਦਰਿ॥ (ਮਾਰੂ ੧, ਪੰਨਾ ੧੦੨੬)
ਦੂਰਿ ਨਾਹੀ ਮੇਰੇ ਪ੍ਰਭ ਪਿਆਰਾ। (ਸਾਰ ੧, ਪੰਨਾ ੧੧੯੭)
ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮਾੑਲੇ ॥ ਜੋ ਦੇਵੈ ਸੋ ਖਾਵਣਾ ਕਹੁ ਨਾਨਕ ਸਾਚਾ ਹੇ ॥ ੪ ॥ ੧ ॥ (ਗੂਜਰੀ ਮਹਲਾ ੧, ਪੰਨਾ ੪੮੯)

ਉਹ ਨਾ ਦੂਰ ਹੈ ਨਾ ਨੇੜੇ ਉਹ ਤਾਂ ਸਭ ਦੇ ਸਦਾ ਹੀ ਸੰਗ ਹੈ। ਜਿਥੇ ਵੀ ਜਾਓ ਉਹ ਉਥੇ ਹੀ ਮਜੂਦ ਹੈ। ਪਾਰਬ੍ਰਹਮ ਨੂੰ ਨੇੜੇ ਵੇਖੋ ਤੇ ਉਸ ਇਕੋ ਦਾ ਨਾਮ ਧਿਆਓ:

ਦੂਰਿ ਨ ਨੇਰੈ ਸਭ ਕੈ ਸੰਗਾ॥ (ਗਉ ੫, ਪੰਨਾ ੨੩੬)
ਜਿਥਹੁ ਵੰਞੈ ਜਾਇ ਤਿਥਾਊ ਮਉਜੂਦੁ ਸੋਇ ॥ ੧ ॥ (ਮਃ ੫, ਪੰਨਾ ੩੨੨)
ਨੇੜੈ ਦੇਖਉ ਪਾਰਬ੍ਰਹਮੁ ਇਕੁ ਨਾਮੁ ਧਿਆਵਉ ॥(ਮ:੫, ਪੰਨਾ ੩੨੨)

ਜੋ ਪ੍ਰਮਾਤਮਾ ਦੀ ਨੇੜਤਾ ਨੂੰ ਬੁਝ ਲੈਂਦਾ ਹੈ ਉਹ ਕਿਸੇ ਦਾ ਬੁਰਾ ਕਿਉਂ ਕਰੇਗਾ ? ਇਨਸਾਨ ਜ਼ਹਿਰ ਇਕੱਠੀ ਕਰ ਰਿਹਾ ਹੈ ਤਾਂ ਹੀ ਤਾਂ ਡਰਦਾ ਫਿਰਦਾ ਹੈ। ਰੱਬ ਨਿਕਟ ਹੈ ਪਰ ਉਸਦੀ ਨੇੜਤਾ ਦਾ ਇਨਸਾਨ ਨੇ ਭੇਦ ਨਹੀਂ ਪਾਇਆ। ਸਤਿਗੁਰੂ ਬਿਨਾ ਸਭ ਮੋਹਣੀ ਮਾਇਆ ਹੀ ਹੈ। ਸਾਰੇ ਨੇੜੇ ਨੇੜੇ ਕਹਿੰਦੇ ਹਨ ਪਰ ਇਹ ਨੇੜੇ ਦਾ ਭੇਦ ਕੀ ਹੈ ਇਹ ਵਿਰਲੇ ਗੁਰਮੁਖ ਦੇ ਦਿਲ ਵਿਚ ਹੀ ਉਤਰਦਾ ਹੈ। ਜਦ ਇਨਸਾਨ ਨੇੜੇ ਨਹੀਂ ਦੇਖਦਾ ਤਾਂ ਦੂਜਿਆਂ ਦੇ ਡੇਰਿਆਂ ਤੇ ਭਟਕਦਾ ਹੈ। ਧਨ ਦੌਲਤ ਇਕਠੀ ਕਰ ਕੇ ਝੂਠ ਦੀ ਕਮਾਈ ਖਾਂਦਾ ਹੈ।ਉਸ ਨੂੰ ਮਾਇਆ ਨੇ ਠੱਗ ਲਿਆ ਪਰ ਹਰੀ ਦਾ ਸਾਥ ਨਾ ਪ੍ਰਾਪਤ ਹੋਇਆ। ਗੁਰੂ ਬਾਝੋਂ ਇਨਸਾਨ ਭਰਮ ਵਿਚ ਭੁੱਲਾ ਫਿਰਦਾ ਹੈ।ਵਾਹਿਗੁਰੂ ਨੂੰ ਨੇੜੇ ਨਹੀਂ ਜਾਣਦਾ ਤਾਂ ਹੀ ਤਾਂ ਝੂਠ ਬੋਲਦਾ ਹੈ। ਮੂਰਖ ਮਾਇਆ ਦੇ ਮੋਹ ਵਿਚ ਫਸਿਆ ਹੋਇਆ ਹੈ।ਅੰਦਰ ਦੀ ਵਸਤੂ ਉਸਨੂੰ ਦਿਖਾਈ ਨਹੀਂ ਦਿੰਦੀ। ਗੁਰੂ ਬਾਝੋਂ ਭਰਮ ਵਿਚ ਭੁੱਲਿਆ ਹੋਇਆ ਹੈ। ਜਿਸ ਦੇ ਮੱਥੇ ਤੇ ਮਿਹਰ ਦਾ ਨਿਸ਼ਾਨ ਹੈ ਸਤਿਗੁਰ ਉਸ ਦੇ ਦਸਮ ਦੁਆਰ ਦੇ ਕਪਾਟ ਖੋਲ੍ਹ ਦਿੰਦਾ ਹੈ ਭਾਵ ਉਸਨੂੰ ਸੋਝੀ ਹੋ ਜਾਂਦੀ ਹੈ ਕਿ ਵਾਹਿਗੁਰੂ ਅੰਦਰ ਵੀ ਬਾਹਰ ਵੀ ਨੇੜੇ ਹੀ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਉਸ ਨੇ ਕਿਤੋਂ ਦੂਰੋਂ ਨਹੀਂ ਆਉਣਾ ਜਾਣਾ।

ਨਿਕਟਿ ਬੁਝੈ ਸੋ ਬੁਰਾ ਕਿਉ ਕਰੈ ॥ ਬਿਖੁ ਸੰਚੈ ਨਿਤ ਡਰਤਾ ਫਿਰੈ ॥ ਹੈ ਨਿਕਟੇ ਅਰੁ ਭੇਦੁ ਨ ਪਾਇਆ ॥ ਬਿਨੁ ਸਤਿਗੁਰ ਸਭ ਮੋਹੀ ਮਾਇਆ ॥ ੧ ॥ ਨੇੜੈ ਨੇੜੈ ਸਭੁ ਕੋ ਕਹੈ ॥ ਗੁਰਮੁਖਿ ਭੇਦੁ ਵਿਰਲਾ ਕੋ ਲਹੈ ॥ ੧ ॥ ਰਹਾਉ ॥ ਨਿਕਟਿ ਨ ਦੇਖੈ ਪਰ ਗ੍ਰਿਹਿ ਜਾਇ ॥ ਦਰਬੁ ਹਿਰੈ ਮਿਥਿਆ ਕਰਿ ਖਾਇ ॥ ਪਈ ਠਗਉਰੀ ਹਰਿ ਸੰਗਿ ਨ ਜਾਨਿਆ ॥ ਬਾਝੁ ਗੁਰੂ ਹੈ ਭਰਮਿ ਭੁਲਾਨਿਆ ॥ ੨ ॥ ਨਿਕਟਿ ਨ ਜਾਨੈ ਬੋਲੈ ਕੂੜੁ ॥ ਮਾਇਆ ਮੋਹਿ ਮੂਠਾ ਹੈ ਮੂੜੁ ॥ ਅੰਤਰਿ ਵਸਤੁ ਦਿਸੰਤਰਿ ਜਾਇ ॥ ਬਾਝੁ ਗੁਰੂ ਹੈ ਭਰਮਿ ਭੁਲਾਇ ॥ ੩ ॥ ਜਿਸੁ ਮਸਤਿਕ ਕਰਮੁ ਲਿਖਿਆ ਲਿਲਾਟ ॥ ਸਤਿਗੁਰੁ ਸੇਵੇ ਖੁਲੑੇ ਕਪਾਟ ॥ ਅੰਤਰਿ ਬਾਹਰਿ ਨਿਕਟੇ ਸੋਇ ॥ ਜਨ ਨਾਨਕ ਆਵੈ ਨ ਜਾਵੈ ਕੋਇ ॥ ੪ ॥ ੩ ॥ ੧੬ ॥ (ਭੈਰਉ ਮ: ੫, ਪੰਨਾ ੧੧੩੯)

ਭਗਤ ਨਾਮਦੇਵ ਫੁਰਮਾਉਂਦੇ ਹਨ ਉਹ ਦੂਰ ਨਹੀਂ ਨੇੜੇ ਹੀ ਹੈ ਅਪਣੀ ਅੰਤਰ ਆਤਮਾ ਨਾਲ ਹੀ ਜੁੜਿਆ ਹੈ:

ਨੇਰੈ ਨਾਹੀ ਦੂਰਿ ॥ ਨਿਜ ਆਤਮੈ ਰਹਿਆ ਭਰਪੂਰਿ ॥ ੩ ॥ (ਨਾਮਦੇਵ, ਪੰਨਾ ੬੫੭)
ਦੀਸਹਿ ਸਭ ਮਹਿ ਸਭ ਤੇ ਰਹਤੇ॥ (ਗਉੜੀ ੫, ਪੰਨਾ ੧੮੧)

ਜਿਸ ਨੇ ਸੱਚੇ ਪ੍ਰਮਾਤਮਾ ਨਾਲ ਪਿਆਰ ਪਾ ਲਿਆ ਉਹ ਤਾਂ ਸਦਾ ਸੁਹਾਗਣ ਵਾਲੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਤੇ ਅਪਣੇ ਪ੍ਰੀਤਮ ਪ੍ਰਮਾਤਮਾ ਨੂੰ ਹਮੇਸ਼ਾ ਦਿਲ ਵਿਚ ਧਾਰ ਕੇ ਰਖਦਾ ਹੈ ਤੇ ਉਸ ਨੂੰ ਹਮੇਸ਼ਾ ਅਪਣੇ ਨੇੜੇ ਅਪਣੇ ਅੰਦਰ ਵੇਖਦਾ ਹੈ ਤੇ ਅਪਣੇ ਆਪ ਨੂੰ ਉਸਦੇ ਹਜ਼ੂਰ ਹਾਜ਼ਰ ਸਮਝਦਾ ਹੈ। ਪ੍ਰਭੂ ਤਾਂ ਸਭ ਥਾਈਂ ਭਰਪੂਰ ਵਸਦਾ ਹੈ:

ਸਾ ਸੋਹਾਗਣਿ ਸਾਚੀ ਜਿਸੁ ਸਾਚਿ ਪਿਆਰੁ ॥ਆਪਣਾ ਪਿਰੁ ਰਾਖੈ ਸਦਾ ਉਰ ਧਾਰਿ ॥ ਨੇੜੈ ਵੇਖੈ ਸਦਾ ਹਦੂਰਿ ॥ ਮੇਰਾ ਪ੍ਰਭੁ ਸਰਬ ਰਹਿਆ ਭਰਪੂਰਿ ॥ ੩ ॥ (ਆਸਾ ੩, ਪੰਨਾ ੩੬੩)

ਪਰਮਾਤਮਾ ਦਾ ਸਿਰਫ ਕਥਨ ਕਰਨ ਨਾਲ ਹੀ ਭੇਦ ਨਹੀਂ ਆਉਂਦਾ, ਕਿਉਂਕਿ ਉਹ ਤਾਂ ਬੇਅੰਤ ਹੈ ਕ੍ਰੋੜਾਂ ਹੀ ਬੰਦੇ ਕ੍ਰੋੜਾਂ ਹੀ ਤਰੀਕਿਆਂ ਨਾਲ ਉਸ ਬਾਰੇ ਕਥਨ ਕਰਦੇ ਥਕ ਗਏ ਪਰ ਉਸ ਦਾ ਅੰਤ ਨਹੀਂ ਪਾਇਆ ਜਾ ਸਕਿਆ:

ਕਥਨਾ ਕਥੀ ਨ ਆਵੈ ਤੋਟਿ ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥

ਮੈਂ ਕੀ ਆਖਾਂ ? ਉਸਨੂੰ ਵਰਨਣ ਕਰਦਾ ਹੋਇਆ ਮੈਂ ਵੇਖਦਾ ਹਾਂ ਕਿ ਮੈਂ ਅਕਹਿ ਸੁਆਮੀ ਨੂੰ ਬਿਆਨ ਨਹੀਂ ਕਰ ਸਕਦਾ:

ਕਿਆ ਹਉ ਕਥੀ ਕਥੇ ਕਥਿ ਦੇਖਾ ਮੈ ਅਕਥੁ ਨ ਕਥਨਾ ਜਾਈ॥ (ਬਿਲਾਵਲ ਮਹਲਾ ੧, ਪੰਨਾ ੭੯੫)

ਕੇਵਲ ਉਹ ਹੀ ਕਹਿਣ ਵਾਲਾ, ਬੋਲਣਹਾਰ ਅਤੇ ਸੁਣਨ ਵਾਲਾ ਹੈ ਉਸਨੇ ਖੁਦ ਹੀ ਸਾਰੀ ਘਾੜਤ ਘੜੀ ਹੈ:

ਕਹਤਾ ਬਕਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੇ॥॥੯॥॥ (ਮਾਰੂ ਮ: ੧, ਪੰਨਾ ੧੦੨੧)

ਉਸਦੇ ਦਰ ਤੇ ਅਨੇਕਾਂ ਵਾਜੇ ਅਸੰਖਾਂ (ਅਣਗਿਣਤ) ਨਾਦ ਗੂੰਜਦੇ ਹਨ, ਅਨੇਕਾਂ ਹਨ ਜੋ ਇਹ ਸੰਗੀਤ ਵਜਾਉਣ ਵਾਲੇ ਹਨ। ਅਨੇਕਾਂ ਰਾਗਾਂ ਰਾਗਨੀਆਂ ਵਿਚ ਅਨੇਕਾਂ ਰਾਗੀ ਉਸਦਾ ਜਸ ਗਾਉਂਦੇ ਹਨ। ਪੌਣ, ਪਾਣੀ, ਅਗਨੀ, ਜਲ ਤੇ ਖੁਦ ਧਰਮਰਾਜ ਉਸਦੇ ਦਰ ਤੇ ਗੁਣ ਗਾਉਂਦੇ ਹਨ।ਚਿਤਰਗੁਪਤ ਜਿਨ੍ਹਾਂ ਦੀ ਲਿਖਤ ਤੇ ਧਰਮਰਾਜ ਨਿਆਇਂ ਕਰਦਾ ਹੈ ਤੇ ਧਰਮ ਨੂੰ ਵਿਚਾਰਦੇ ਹਨ ਤੇ ਬਿਆਨਦੇ ਹਨ। ਉਸਦੇ ਸ਼ਿੰਗਾਰੇ ਹੋਏ ਸਦੀਵੀ ਸੁੰਦਰ ਮਹਾਂਦੇਵ, ਬ੍ਰਹਮਾ ਤੇ ਭਵਾਨੀ ਵੀ ਉਸਦਾ ਗਾਇਨ ਕਰਦੇ ਹਨ।ਅਪਣੇ ਤਖਤ ਤੇ ਬੈਠਾ ਇੰਦਰ ਉਸਦੇ ਦਰ ਤੇ ਸੁਰਾਂ ਵਿਚ ਉਸਨੂੰ ਗਾਉਂਦਾ ਹੈ।ਅਪਣੀ ਧਿਆਨ ਅਵਸਥਾ ਅੰਦਰ ਸਿੱਧ ਪੁਰਖ ਉਸਦਾ ਗਾਇਨ ਕਰਦੇ ਹਨ ਅਤੇ ਸੰਤ ਵੀ ਅਪਣੀ ਦਿਭ ਦ੍ਰਿਸ਼ਟੀ ਅੰਦਰ ਭੀ ਉਸਨੂੰ ਹੀ ਗਾਉਂਦੇ ਹਨ।ਜਤੀ ਸਤੀ ਸੰਤੋਖੀ ਸਭ ਉਸਦਾ ਜਸ ਗਾਉਂਦੇ ਹਨ ਅਤੇ ਨਿਧੜਕ ਯੋਧੇ ਉਸਦੀ ਪ੍ਰਸੰਸਾ ਕਰਦੇ ਹਨ।ਸਾਰਿਆਂ ਯੁਗਾਂ ਤੋਂ ਵੇਦਾਂ ਨੂੰ ਵਾਚਣ ਵਾਲੇ ਵਿਦਵਾਨ; ਸਮੇਤ ਸੱਤੇ ਸ਼ਿਰੋਮਣੀ ਰਿਸ਼ੀਆਂ ਦੇ ਉਸਦੀ ਹੀ ਪ੍ਰਸ਼ੰਸ਼ਾ ਕਰਦੇ ਹਨ।ਮੋਹਣੀਆਂ ਜੋ ਸੁਰਗ ਤੇ ਪਾਤਾਲ ਵਿਚ ਹਰ ਦਿਲ ਨੂੰ ਛਲ ਲੈਂਦੀਆ ਹਨ ਵੀ ਉਸਨੂੰ ਹੀ ਗਾਉਂਦੀਆਂ ਹਨ।ਉਸਦੇ ਰਚੇ ਹੋਏ ਚੌਦਾਂ ਅਮੋਲਕ ਪਦਾਰਥ ਅਠਾਹਟ ਯਾਤਰਾ ਸਥਾਨ ਸਮੇਤ, ਉਸਦੀ ਕੀਰਤੀ ਕਰਦੇ ਹਨ।ਮਹਾਂਬਲੀ ਯੋਧੇ ਸੂਰਵੀਰ ਵੀ ਉਸਨੂੰ ਗਾਉਂਦੇ ਹਨ ਤੇ ਚਾਰੇ ਖਾਣੀਆਂ ਦਾ ਜੀਵ ਵੀ ਉਸਦੇ ਹੀ ਗੀਤ ਗਾਉਂਦੇ ਹਨ।ਉਸਦੇ ਰਚੇ ਸਾਰੇ ਦੀਪ ਖੰਡ, ਬ੍ਰਹਿਮੰਡ, ਤਾਰਾ ਮੰਡਲ ਉਸਦਾ ਹੀ ਗੁਣ ਗਾਉਂਦੇ ਹਨ। ਅਪਣੇ ਬਾਰੇ ਵਾਹਿਗੁਰੂ ਉਨ੍ਹਾ ਤੋਂ ਹੀ ਗਵਾਉਂਦਾ ਹੈ ਜ ਉਸਨੂੰ ਚੰਗੇ ਲਗਦੇ ਹਨ ਤੇ ਜੋ ਭਗਤ ਉਸਦੇ ਨਾਮ ਵਿਚ ਰੱਤੇ ਹੋਏ ਹਨ। ਹੋਰ ਕਿਤਨੇ ਕੁ ਉਸਦੇ ਬਾਰੇ ਗਾਉਂਦੇ ਹਨ ਜਿਨ੍ਹਾਂ ਬਾਰੇ ਮੈਂ ਸੋਚ ਵੀ ਨਹੀਂ ਸਕੲਾ। ਉਨ੍ਹਾਂ ਦਾ ਵਿਚਾਰ ਕਿਵੇਂ ਕੀਤਾ ਜਾਵੇ?

ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥ ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥ ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥ ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥ ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥ ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥ ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥ ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥ ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥ ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥ ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥ ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥ ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥ ਹੋਰ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥ (ਜਪੁਜੀ, ਮ: ੧, ਪੰਨਾ ੬)

ਗੁਰੀ ਜੀ ਫੁਰਮਾਉਂਦੇ ਹਨ ਕਿ ਆਓ ਗੁਰੂ ਪਿਆਰੇ ਭਲੇ ਪੁਰਖੋ ਪ੍ਰਮਾਤਮਾ ਬਾਰੇ ਕੁਝ ਕਹੀਏ ਜਿਸ ਬਾਰੇ ਕਿਹਾ ਨਹੀਂ ਜਾ ਸਕਦਾ।ਅਪਣਾ ਤਨ ਮਨ ਦੰਨ ਸਭ ਉਸ ਦੁਆਰੇ ਸੌਪ ਕੇ ਗੁਰੂ ਦਾ ਹੁਕਮ ਮੰਨੀਏ ਤੇ ਉਸ ਨੂੰ ਪਾਈਐ। ਗੁਰੂ ਦਾ ਹੁਕਮ ਮੰਨ ਕੇ ਸੱਚੀ ਬਾਣੀ ਗਾਵੋ ਤੇ ਉਸਦੀ ਨਾ ਕਹੀ ਜਾਣ ਵਾਲੀ ਕਹਾਣੀ ਕਹੋ।

ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ ॥ ਕਰਹ ਕਹਾਣੀ ਅਕਥ ਕੇਰੀ ਕਿਤੁ ਦੁਆਰੈ ਪਾਈਐ ॥ ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥ ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ॥ ਕਹੈ ਨਾਨਕੁ ਸੁਣਹੁ ਸੰਤਹੁ ਕਥਿਹੁ ਅਕਥ ਕਹਾਣੀ ॥ ੯ ॥ (ਮ: ੩, ਪੰਨਾ ੯੧੮)

ਸਾਹਿਬ ਬਾਰੇ ਸੁਹਾਵਣੇ ਭਾਸ਼ਣ ਅਤੇ ਸਿਫਤ ਸਲਾਹਾਂ ਦੀ ਕੋਈ ਓੜਕ ਨਹੀਂ, ਅੰਤ ਨਹੀਂ।ਜਿਉਂ ਰੱਬ ਨੂੰ ਚੰਗਾ ਲਗਦਾ ਹੈ ਉਸਦੀ ਰਜ਼ਾ ਵਿਚ ਰਹਿਣਾ ਚਾਹੀਦਾ ਹੈ।ਉਸ ਦੇ ਗੁਣ ਕਿਤਨੇ ਕੁ ਹੋਰ ਕਹੀਏ ਅਗੇ ਹੀ ਬਹੁਤ ਕਹੇ ਜਾ ਚੁੱਕੇ ਹਨ।ਵੱਡਿਆਂ ਤੋਂ ਵੱਡੇ ਵੀ ਉਸ ਦਾ ਅੰਤ ਨਹੀਂ ਪਾ ਸਕਦੇ।

ਓੜੁ ਨ ਕਥਨੈ ਸਿਫਤਿ ਸਜਾਈ ॥ ਜਿਉ ਤੁਧੁ ਭਾਵਹਿ ਰਹਹਿ ਰਜਾਈ ॥ ਦਰਗਹ ਪੈਧੇ ਜਾਨਿ ਸੁਹੇਲੇ ਹੁਕਮਿ ਸਚੇ ਪਾਤਿਸਾਹਾ ਹੇ ॥ ੧੫ ॥ ਕਿਆ ਕਹੀਐ ਗੁਣ ਕਥਹਿ ਘਨੇਰੇ ॥ ਅੰਤੁ ਨ ਪਾਵਹਿ ਵਡੇ ਵਡੇਰੇ ॥ (ਮ:੧, ਪੰਨਾ ੧੦੩੩)

ਉਸਦੇ ਬਾਰੇ ਮੈਂ ਕਿਵੇਂ ਆਖਾਂ, ਕਿਵੇਂ ਸਿਫਤ ਸਲਾਹ ਕਰਾਂ, ਕਿਸ ਤਰ੍ਹਾਂ ਵਰਨਣ ਕਰਾਂ, ਕਿਵੇਂ ਜਾਣਾ ? ਸਾਰੇ ਉਸਦੀ ਕਥਾ ਵਰਨਣ ਕਰਦੇ ਹਨ ਜੋ ਇਕ ਤੋਂ ਇਕ ਵੱਧ ਅਕਲਮੰਦ ਹਨ।ਵਿਸ਼ਾਲ ਹੈ ਵਾਹਿਗੁਰੂ ਤੇ ਵਿਸ਼ਾਲ ਹੈ ਉਸਦਾ ਨਾਮ, ਜੋ ਕੁਝ ਉਹ ਕਰਦਾ ਬਸ ਓਹੀਓ ਹੀ ਹੁੰਦਾ ਹੈ ।ਜੋ ਅਪਣੇ ਆਪ ਨੂੰ ਕੁਝ ਕਰਨਯੋਗ ਸਮਝਦਾ ਹੈ ਉਹ ਪ੍ਰਮਾਤਮਾ ਦੇ ਦਰ ਤੇ ਸ਼ੋਭਾ ਨਹੀਂ ਪਾਉਂਦਾ।

ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥ ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥ ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥ ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥ ੨੧ ॥ (ਜਪੁਜੀ ਮ: ੧, ਪੰਨਾ ੫)

ਵਾਹਿਗੁਰੂ ਦੀ ਸਿਫਤ ਸਲਾਹ ਗਾਉਣ ਵਾਲਿਆਂ ਦਾ ਕੋਈ ਅੰਤ ਨਹੀਂ ਤੇ ਨ ਹੀ ਕੋਈ ਓੜਕ ਹੈ ਉਸ ਦੇ ਆਖਣ ਵਾਲਿਆਂ ਦਾ।ਕੋਈ ਅੰਤ ਨਹੀਂ ਉਸ ਦੇ ਕੰਮਾਂ ਦਾ ਤੇ ਕੋਈ ਅੰਤ ਨਹੀਂ ਉਸ ਦੀਆਂ ਦਾਤਾਂ ਦਾ।ਵਾਹਿਗੁਰੂ ਕਿਤਨਾ ਕੁਝ ਦੇਖ ਸੰਭਾਲ ਸਕਦਾ ਹੈ ਤੇ ਕਿਥੇ ਤਕ ਸੁਣ ਸਕਦਾ ਹੈ, ਇਸ ਦਾ ਵੀ ਕੋਈ ਅੰਤ ਨਹੀਂ।ਉਸ ਦੇ ਮਨ ਅੰਦਰ ਕੀ ਚਲ ਰਿਹਾ ਹੈ ਇਸ ਬਾਰੇ ਤਾਂ ਜਾਣਿਆ ਹੀ ਨਹੀਂ ਜਾ ਸਕਦਾ। ਉਸਨੇ ਕਿਤਨੀ ਕੁ ਰਚਨਾ ਰਚੀ ਹੈ ਤੇ ਕਿਤਨੀ ਹੋਰ ਰਚਣੀ ਹੈ ਇਸ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ।ਉਸਦਾ ਕੋਈ ਪਾਰਾਵਾਰ ਨਹੀਂ; ਇਤਨਾ ਵਿਸ਼ਾਲ ਹੈ ਕਿ ਅੰਤ ਪਾਇਆ ਹੀ ਨਹੀਂ ਜਾ ਸਕਦਾ। ਉਸ ਦਾ ਅੰਤ ਜਾਨਣ ਲਈ ਬੜੇ ਹੀ ਵਿਰਲਾਪ ਕਰਦੇ ਰਹੇ ਪਰ ਉਸਦਾ ਅੰਤ ਨਹੀਂ ਪਾਇਆ ਗਿਆ। ਉਸਦੇ ਅੰਤ ਨੂੰ ਕੋਈ ਨਹੀਂ ਜਾਣਦਾ। ਉਸ ਵੱਡੇ ਹੋਣ ਬਾਰੇ ਜਿਤਨਾ ਵੀ ਬਿਆਨੋਗੇ ਉਹ ਹੋਰ ਬਹੁਤਾ ਹੁੰਦਾ ਜਾਂਦਾ ਹੈ। ਸਾਹਿਬ ਅਤਿਅੰਤ ਵੱਡਾ ਹੈ ਤੇ ਉਸਦਾ ਆਸਣ ਵੀ ਅਤਿ ਉਚਾ ਹੈ। ਉਸਦਾ ਨਾਮ ਉਚੇ ਤੋਂ ਵੀ ਉੱਚਾ ਹੈ। ਜੇ ਕੋਈ ਇਤਨਾ ਵੱਡਾ ਹੋ ਸਕੇ ਉਹ ਹੀ ਉਸ ਉੱਚੇ ਨੂੰ ਜਾਣ ਸਕੲਾ ਹੈ। ਉਹ ਕਿਤਨਾ ਉੱਚਾ ਹੈ ਉਹ ਤਾਂ ਬਸ ਆਪ ਹੀ ਜਾਣਦਾ ਹੈ, ਜਾਂ ਜਿਸ ਤੇ ਉਸਦੀ ਨਦਰਿ-ਕਰਮ ਹੋ ਜਾਵੇ ਕ੍ਰਿਪਾਲੂ ਦਾਤਾ ਉਸਨੂੰ ਇਹ ਦਾਤ ਬਖਸ਼ਦਾ ਹੈ:

ਅੰਤੁ ਨ ਸਿਫਤੀ ਕਹਣਿ ਨ ਅੰਤੁ॥ ਅੰਤੁ ਨ ਕਰਣੈ ਦੇਣਿ ਨ ਅੰਤੁ॥ ਅੰਤੁ ਨ ਵੇਖਣਿ ਸੁਣਣਿ ਨ ਅੰਤੁ॥ ਅੰਤੁ ਨ ਜਾਪੈ ਕਿਆ ਮਨਿ ਮੰਤੁ ॥ ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ ॥ ਅੰਤ ਕਾਰਣਿ ਕੇਤੇ ਬਿਲਲਾਹਿ ॥ਤਾ ਕੇ ਅੰਤ ਨ ਪਾਏ ਜਾਹਿ ॥ ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥ ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥ ਜੇਵਡੁ ਆਪਿ ਜਾਣੈ ਆਪਿ ਆਪਿ ॥ ਨਾਨਕ ਨਦਰੀ ਕਰਮੀ ਦਾਤਿ ॥ ੨੪ ॥ (ਜਪੁਜੀ ਮ: ੧, ਪੰਨਾ ੫)

ਰੱਬ ਦੀ ਸਿਫਤ ਸਲਾਹ ਕਰਨ ਵਾਲੇ ਰੱਬੀ ਗੁਣ ਤਾਂ ਗਾਉਂਦੇ ਹਨ ਪਰ ਰੱਬ ਦੀ ਥਾਹ ਨੂੰ ਨਹੀਂ ਸਮਝਦੇ ਜਿਸ ਤਰ੍ਹਾਂ ਸਮੁੰਦਰ ਵਿਚ ਅਨੇਕਾਂ ਨਦੀਆਂ ਨਾਲੇ ਮਿਲਦੇ ਹਨ ਪਰ ਉਨ੍ਹਾਂ ਨੂੰ ਸਮੁੰਦਰ ਦੀ ਥਾਹ ਕਿਥੋਂ ? ਸਮੁੰਦਰ ਵਾਂਗੂ ਅਥਾਹ ਫੈਲੀ ਜਾਇਦਾਦ ਤੇ ਪਹਾੜਾਂ ਵਾਂਗੂ ਉਚੀ ਦੌਲਤ ਦੇ ਢੇਰ ਰੱਖਣ ਵਾਲੇ ਰਾਜੇ ਮਹਾਰਾਜੇ ਵੀ ਜੇ ਰੱਬ ਦੀ ਰਜ਼ਾ ਵਿਚ ਨਹੀਂ ਤਾਂ ਉਸ ਕੀੜੀ ਦੇ ਬਰਾਬਰ ਨਹੀਂ ਜੋ ਅਪਣੇ ਚਿਤ ਅੰਦਰ ਹਮੇਸ਼ਾਂ ਪ੍ਰਮਾਤਮਾਂ ਨੂੰ ਹੀ ਰਖਦੀ ਹੈ।

ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥ ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥ ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥ ੨੩ ॥ ॥

ਸਾਹਿਬ ਦੇ ਗੁਣ ਅਣਮੋਲ ਹਨ ਅਤੇ ਅਣਮੋਲ ਹੈ ਉਸਦਾ ਵਣਜ।ਅਣਮੋਲ ਹਨ ਵਪਾਰੀ ਤੇ ਅਣਮੋਲ ਹਨ ਉਸ ਦੇ ਭੰਡਾਰ।ਅਮੁਲੇ ਹਨ ਜੋ ਰੱਬ ਦੇ ਦਰ ਪਹੁੰਚ ਕਰਦੇ ਹਨ ਤੇ ਅਮੁਲ ਹਨ ਜੋ (ਨਾਮ ਦੀ) ਖੱਟੀ ਖੱਟ ਲਿਜਾਂਦੇ ਹਨ।ਅਮੁਲ ਹੈ ਰੱਬ ਦੀ ਪ੍ਰੀਤ ਤੇ ਅਮੁੱਲ ਹਨ ਜੋ ਰੱਬ ਵਿਚ ਸਮਾਉਂਦੇ ਹਨ।ਅਣਮੁਲ ਹੈ ਰੱਬੀ ਕਨੂੰਨ ਅਣਮੁਲ ਹੈ ਈਸ਼ਵਰੀ ਦਰਬਾਰ।ਅਣਮੁਲ ਹੈ ਉਸ ਦੀ ਤੱਕੜੀ ਅਣਮੁਲ ਹਨ ਉਹ ਵੱਟੇ ਜੋ ਸਭ ਦਾ ਇਕ ਬਰਾਬਰ ਤੋਲ ਕਰਦੇ ਹਨ।ਅਮੁਲ ਹਨ ਉਸਦੀਆਂ ਦਾਤਾਂ ਤੇ ਅਮੁਲ ਹਨ ਉਸ ਦੇ ਨੀਸਾਣ (ਪਰਵਾਨਗੀ ਦੇ ਚਿੰਨ੍ਹ)। ਅਮੁਲ ਹੈ ਉਸਦੀ ਰਹਿਮਤ ਅਮੁਲ ਹੈ ਉਸਦਾ ਫੁਰਮਾਣ।

ਅਮੁਲ ਗੁਣ ਅਮੁਲ ਵਾਪਾਰ ॥ ਅਮੁਲ ਵਾਪਾਰੀਏ ਅਮੁਲ ਭੰਡਾਰ॥ਅਮੁਲ ਆਵਹਿ ਅਮੁਲ ਲੈ ਜਾਹਿ ॥
ਅਮੁਲ ਭਾਇ ਅਮੁਲਾ ਸਮਾਹਿ ॥ ਅਮੁਲੁ ਧਰਮੁ ਅਮੁਲੁ ਦੀਬਾਣੁ ॥ ਅਮੁਲੁ ਤੁਲੁ ਅਮੁਲੁ ਪਰਵਾਣੁ ॥ ਅਮੁਲੁ ਬਖਸੀਸ ਅਮੁਲੁ ਨੀਸਾਣੁ ॥ ਅਮੁਲੁ ਕਰਮੁ ਅਮੁਲੁ ਫੁਰਮਾਣੁ॥ (ਜਪੁਜੀ ਮ: ੧, ਪੰਨਾ ੫)

ਸਾਰੀਆਂ ਕੀਮਤਾਂ ਤੋਂ ਉਪਰ ਹੈ ਉਹ ਤੇ ਉਸਦੀ ਕਿਰਤ ਜਿਸ ਬਾਰੇ ਬਿਆਨਿਆਂ ਨਹੀਂ ਜਾ ਸਕਦਾ।ਲਗਾਤਾਰ ਉਸ ਦਾ ਨਾਮ ਜਪਣ ਨਾਲ ਉਸ ਨਾਲ ਲਿਵ ਲੱਗੀ ਰਹਿੰਦੀ ਹੈ ।ਵੇਦ, ਪੁਰਾਣਾਂ ਵਿਚ ਵੀ ਉਸਦਾ ਨਾਮ ਜਪਣ ਬਾਰੇ ਕਿਹਾ ਗਿਆ ਹੈ।ਜੋ ਵੀ ਉਸਦੇ ਬਾਰੇ ਲਿਖੇ ਗ੍ਰੰਥ ਪੜ੍ਹਦੇ ਹਨ ਉਸਦੇ ਬਾਰੇ ਵਖਿਆਨ ਦਿੰਦੇ ਹਨ, ਨਾਮ ਜਪਣ ਲਈ ਕਹਿੰਦੇ ਹਨ।ਬ੍ਰਹਮਾ, ਇੰਦਰ, ਗੋਪੀਆਂ, ਗੋਵਿੰਦ, ਈਸਰ, ਸਿੱਧ, ਬੁੱਧ, ਸਿੱਧ, ਦੇਵ, ਦਾਨਵ ਮਨੁਖ, ਮੋਨਧਾਰੀ ਅਤੇ ਸੇਵਕ ਉਸਦੀ ਹੀ ਸਿਫਤ ਸਲਾਹ ਕਰਦੇ ਹਨ । ਅਨੇਕਾਂ ਹਨ ਜੋ ਉਸਦੀ ਸਿਫਤ ਸਲਾਹ ਕਰਦੇ ਹਨ ਤੇ ਅਨੇਕਾਂ ਹਨ ਜੋ ਇਸ ਦੀ ਕੋਸ਼ਿਸ਼ ਵਿਚ ਹਨ।ਬੜਿਆਂ ਨੇ ਉਸਨੂੂੰ ਬਿਆਨਿਆ ਹੈ ਤੇ ਬੜੇ ਬਿਆਨਦੇ ਚਲਾਣੇ ਕਰ ਗਏ।ਜੇ ਕਰ ਰੱਬ ਏਨੇ ਹੋਰ ਰਚ ਦੇਵੇ ਜਿਤਨੇ ਹੁਣ ਤਕ ਉਸਨੇ ਰਚੇ ਹਨ ਤਾਂ ਵੀ ਉਹ ਉਸਦੇ ਸਾਰੇ ਗੁਣਾਂ ਨੂੰ ਬਿਆਨ ਨਹੀਂ ਸਕਦੇ।ਜਿਤਨਾਂ ਕੋਈ ਵਾਹਿਗੁਰੂ ਦੀ ਚਾਹਤ ਪਾਲਦਾ ਹੈ ਉਤਨਾ ਹੀ ਵੱਡਾ ਹੋ ਜਾਂਦਾ ਹੈ।ਉਹ ਸੱਚਾ ਸਾਈਂ ਹੀ ਅਪਣੀ ਵਿਸ਼ਾਲਤਾ ਨੂੰ ਜਾਣਦਾ ਹੈ।ਜੇ ਕੋਈ ਗਾਲੜ੍ਹੀ ਕਹੇ ਕਿ ਉਹ ਉਸ ਨੂੰ ਬਿਆਨ ਸਕਦਾ ਹੈ ਤਾਂ ਉਸ ਨੂੰ ਮੂਰਖਾਂ ਦਾ ਮਹਾਂ-ਮੂਰਖ ਹੀ ਕਹਿ ਸਕਦੇ ਹਾਂ:

ਅਮੁਲੋ ਅਮੁਲੁ ਆਖਿਆ ਨ ਜਾਇ॥ਆਖਿ ਆਖਿ ਰਹੇ ਲਿਵ ਲਾਇ ॥ਆਖਹਿ ਵੇਦ ਪਾਠ ਪੁਰਾਣ ॥ ਆਖਹਿ ਪੜੇ ਕਰਹਿ ਵਖਿਆਣ ॥ ਆਖਹਿ ਬਰਮੇ ਆਖਹਿ ਇੰਦ ॥ ਆਖਹਿ ਗੋਪੀ ਤੈ ਗੋਵਿੰਦ ॥ ਆਖਹਿ ਈਸਰ ਆਖਹਿ ਸਿਧ ॥ ਆਖਹਿ ਕੇਤੇ ਕੀਤੇ ਬੁਧ ॥ ਆਖਹਿ ਦਾਨਵ ਆਖਹਿ ਦੇਵ ॥ ਆਖਹਿ ਸੁਰਿ ਨਰ ਮੁਨਿ ਜਨ ਸੇਵ ॥ ਕੇਤੇ ਆਖਹਿ ਆਖਣਿ ਪਾਹਿ ॥ ਕੇਤੇ ਕਹਿ ਕਹਿ ਉਠਿ ਉਠਿ ਜਾਹਿ ॥ ਏਤੇ ਕੀਤੇ ਹੋਰਿ ਕਰੇਹਿ ॥ ਤਾ ਆਖਿ ਨ ਸਕਹਿ ਕੇਈ ਕੇਇ ॥ ਜੇਵਡੁ ਭਾਵੈ ਤੇਵਡੁ ਹੋਇ ॥ ਨਾਨਕ ਜਾਣੈ ਸਾਚਾ ਸੋਇ ॥ ਜੇ ਕੋ ਆਖੈ ਬੋਲੁ ਵਿਗਾੜੁ ॥ ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥ ੨੬ ॥ (ਜਪੁਜੀ ਮ: ੧, ਪੰਨਾ ੫-੬)

ਕਈ ਉਸਦੀ ਦਾਨਵੀਰਤਾ ਨੂੰ ਗਾਉਂਦੇ ਹਨ ਕਿ ਪਰਮਾਤਮਾ ਸਭ ਜੀਆਂ ਨੂੰ ਲਗਾਤਾਰ ਸਭ ਕੁਝ ਦੇਈ ਜਾ ਰਿਹਾ ਹੈ ਤੇ ਏਨਾ ਦੇ ਰਿਹਾ ਹੈ ਲੈਣ ਵਾਲੇ ਥਕ ਜਾਂਦੇ ਹਨ। ਜੀਵ ਜੁਗਾਂ ਜੁਗਾਂਤਰਾਂ ਤੋਂ ਪ੍ਰਮਾਤਮਾ ਤੋਂ ਲੈ ਲੈ ਖਾਈ ਜਾਂਦੇ ਹਨ ਪਰ ਉਸ ਦੇ ਭੰਡਾਰੇ ਅਮੁੱਕ ਹਨ:

ਦੇਦਾ ਦੇ ਲੈਦੇ ਥਕਿ ਪਾਹਿ ॥ ਜੁਗਾ ਜੁਗੰਤਰਿ ਖਾਹੀ ਖਾਹਿ ॥

ਉਸਦੀਆਂ ਬਖਸ਼ਿਸ਼ਾਂ ਏਨੀਆਂ ਹਨ ਜੋ ਲਿਖੀਆਂ ਨਹੀਂ ਜਾ ਸਕਦੀਆਂ।ਦਾਤਾ ਬਹੁਤ ਵੱਡਾ ਹੈ ਉਸ ਵਿਚ ਭੋਰਾ ਜਿਤਨੀ ਤਮ੍ਹਾਂ ਨਹੀਂ।ਅਣਗਿਣਤ ਸੂਰਮੇ ਰੱਬ ਤੋਂ ਦਾਤਾਂ ਮੰਗਦੇ ਹਨ।ਅਣਗਿਣਤ ਹਨ ਜੋ ਜੋ ਉਸ ਬਾਰੇ ਸੋਚਦੇ ਵੀਚਾਰਦੇ ਹਨ।ਕਈ ਵਿਕਾਰਾਂ ਵਿਚ ਖਪ ਕੇ ਖਤਮ ਹੋ ਜਾਂਦੇ ਹਨ।ਕਈ ਉਸ ਤੋਂ ਲਗਾਤਾਰ ਦਾਤਾਂ ਲੈ ਰਹੇ ਹਨ ਪਰ ਫਿਰ ਵੀ ਇਸ ਸੱਚ ਤੋਂ ਮੁਨਕਰ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਦੇਣ ਵਾਲਾ ਰੱਬ ਹੈ।ਕਈ ਬੇਸਮਝ ਖਾਣ ਤੇ ਲੱਗੇ ਹੋਏ ਹਨ ਬਸ ਖਾਈ ਹੀ ਜਾ ਰਹੇ ਹਨ ਪਰ ਕਿਤਨੇ ਹੀ ਉਹ ਭੀ ਹਨ ਜੋ ਹਮੇਸ਼ਾਂ ਦੁੱਖ-ਭੁੱਖ ਦੇ ਮਾਰੇ ਰਹਿੰਦੇ ਹਨ।ਇਹ ਦਾਤਾਂ ਵੀ ਸਭ ਉਸਦੀਆਂ ਹੀ ਵੱਖ ਵੱਖ ਰੰਗਾਂ ਢੰਗਾਂ ਦੀਆਂ ਦਾਤਾਂ ਹਨ।ਦੁਨੀਆਂ ਦੇ ਖਲਜਗਣਾਂ ਤੋਂ ਬੰਦ ਖਲਾਸੀ ਰੱਬ ਦੇ ਭਾਣੇ ਵਿਚ ਰਹਿਣ ਨਾਲ ਹੀ ਹੁੰਦੀ ਹੈ, ਹੋਰ ਕਿਸੇ ਦਾ ਇਸ ਵਿਚ ਕੋਈ ਦਖਲ ਨਹੀਂ।ਜੇ ਕੋਈ ਦਾਤਾਂ ਖਾਂਦਾ ਬੇਵਕੂਫ ਦਖਲ ਦੇਣ ਦੀ ਹਿੰਮਤ ਕਰੇ ਤਾਂ ਉਹ ਹੀ ਜਾਣੇਗਾ ਕਿ ਉਸ ਦੇ ਮੂੰਹ ਤੇ ਕਿਤਨੀਆਂ ਚੋਟਾਂ ਚਪੇੜਾਂ ਪੈਂਦੀਆਂ ਹਨ। ਰੱਬ ਆਪੇ ਜਾਣਦਾ ਹੈ ਕਿ ਕਿਸਨੂੰ ਕੀ ਦੇਣਾ ਹੈ। ਪਰ ਟਾਂਵੇ ਟਾਂਵੇ ਹੀ ਹਨ ਜੋ ਰੱਬ ਦੀਆਂ ਦਾਤਾਂ ਨੂੰ ਮੰਨਦੇ ਹਨ, ਸ਼ੁਕਰ ਗੁਜ਼ਾਰਦੇ ਹਨ।ਜਿਸਨੂੰ ਪ੍ਰਮਾਤਮਾ ਅਪਣੀ ਸਿਫਤ ਸਲਾਹ ਬਖਸ਼ਦਾ ਹੈ ਉਹ ਹੀ ਬਾਦਸ਼ਾਹਾਂ ਦਾ ਬਾਦਸ਼ਾਹ ਹੈ।

ਬਹੁਤਾ ਕਰਮੁ ਲਿਖਿਆ ਨਾ ਜਾਇ ॥ ਵਡਾ ਦਾਤਾ ਤਿਲੁ ਨ ਤਮਾਇ ॥ ਕੇਤੇ ਮੰਗਹਿ ਜੋਧ ਅਪਾਰ ॥ ਕੇਤਿਆ ਗਣਤ ਨਹੀ ਵੀਚਾਰੁ ॥ ਕੇਤੇ ਖਪਿ ਤੁਟਹਿ ਵੇਕਾਰ ॥ ਕੇਤੇ ਲੈ ਲੈ ਮੁਕਰੁ ਪਾਹਿ ॥ ਕੇਤੇ ਮੂਰਖ ਖਾਹੀ ਖਾਹਿ ॥ ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥ ਬੰਦਿ ਖਲਾਸੀ ਭਾਣੈ ਹੋਇ ॥ ਹੋਰੁ ਆਖਿ ਨ ਸਕੈ ਕੋਇ ॥ ਜੇ ਕੋ ਖਾਇਕੁ ਆਖਣਿ ਪਾਇ ॥ ਓਹੁ ਜਾਣੈ ਜੇਤੀਆ ਮੁਹਿ ਖਾਇ ॥ ਆਪੇ ਜਾਣੈ ਆਪੇ ਦੇਇ ॥ ਆਖਹਿ ਸਿ ਭਿ ਕੇਈ ਕੇਇ ॥ ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਿਸਾਹੀ ਪਾਤਿਸਾਹੁ ॥ ੨੫ ॥ (ਜਪੁਜੀ ਮ:੧, ਪੰਨਾ ੫)
ਭਾਵੇਂ ਮੈ ਵਾਹਿਗੁਰੂ ਨੂੰ ਜਾਣ ਲਵਾਂ ਮੈਂ ਉਸ ਨੂੰ ਵਰਨਣ ਨਹੀਂ ਕਰ ਸਕਦਾ।ਉਸ ਨੂੰ ਸ਼ਬਦਾ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।

ਜੇ ਹਉ ਜਾਣਾ, ਆਖਾ ਨਾਹੀ, ਕਹਣਾ ਕਥਨ ਨ ਜਾਈ॥ (ਜਪੁਜੀ, ਮ: ੧, ਪੰਨਾ ੨)

ਹੁਕਮਾਂ ਦਾ ਮਾਲਿਕ ਸਾਰੀ ਸ਼੍ਰਿਸ਼ਟੀ ਨੂੰ ਅਪਣੇ ਹੁਕਮ ਵਿਚ ਚਲਾ ਰਿਹਾ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਇਤਨਾਂ ਸਭ ਦੇ ਕੇ ਵੀ ਹਮੇਸ਼ਾਂ ਖੇੜੇ ਵਿਚ ਰਹਿੰਦਾ ਹੈ ਤੇ ਉਸ ਦੀਆਂ ਦਾਤਾਂ ਸਦਾ ਵਧਦੀਆਂ ਫੁਲਦੀਆਂ ਹਨ ਕਦੇ ਵੀ ਘੱਟ ਨਹੀਂ ਹੁੰਦੀਆਂ ਤੇ ਉਹ ਬੇਪਰਵਾਹ ਸਭ ਨੂੰ ਖੁਸ਼ ਹੋ ਕੇ ਵੰਡੀ ਜਾ ਰਿਹਾ ਹੈ।

ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਵਿਗਸੈ ਵੇਪਰਵਾਹੁ ॥ ੩ ॥

ਜੋ ਉਸਦਾ ਹੁਕਮ ਨਹੀਂ ਬੁਝਦਾ ਹਮੇਸ਼ਾ ਆਉਣ ਜਾਣ ਦੇ ਚੱਕਰਾਂ ਵਿਚ ਫਸਿਆ ਰਹਿੰਦਾ ਹੈ:

ਹੁਕਮੁ ਨ ਬੂਝੈ ਆਵਣ ਜਾਣੇ॥ (ਧਨਾਸਰੀ ਮਹਲਾ ੫, ਪੰਨਾ ੬੭੬)

ਸੱਚਾ ਸਾਹਿਬ ਜੋ ਸਦਾ ਹੀ ਸੱਚਾ ਹੈ ਅਤੇ ਸੱਚਾ ਹੈ ਜਿਸਦਾ ਨਾਮ, ਜਿਸਨੇ ਸ਼੍ਰਿਸ਼ਟੀ ਸਾਜੀ ਹੈ, ਤੇ ਰੰਗ ਰੰਗ ਦੇ ਜੀਵਾਂ ਨੂੰ ਪੈਦਾ ਕੀਤਾ ਹੈ ਉਹ ਹੈ ਤੇ ਹੋਵੇਗਾ ਵੀ, ਸ਼੍ਰਿਸ਼ਟੀ ਅਲੋਪ ਹੋ ਜਾਵੇਗੀ ਪਰ ਉਹ ਫਿਰ ਵੀ ਹੋਵੇਗਾ ਜਾਏਗਾ ਨਹੀਂ ।ਉਹ ਰਚਨਾ ਰਚ ਕੇ ਮਿਟਾਕੇ ਫਿਰ ਬਣਾਕੇ ਵੇਖੀ ਜਾਂਦਾ ਹੈ ਤੇ ਅਪਣੀ ਇਸ ਕਿਰਤ ਦੀ ਸਲਾਹੁਤਾ ਕਰਦਾ ਹੈ।ਜੋ ਉਸ ਨੂੰ ਚੰਗਾ ਲਗਦਾ ਹੈ ਉਹ ਊਹੋ ਹੀ ਕਰਦਾ ਹੈ ਕੋਈ ਹੋਰ ਉਸਦਾ ਇਹ ਹੁਕਮ ਨਹੀਂ ਦੇ ਸਕਦਾ।ਉਹ ਰਾਜਿਆਂ ਦਾ ਰਾਜਾ ਹੈ, ਉਸ ਦੇ ਹੁਕਮ ਵਿਚ ਹੀ ਰਹਿਣਾ ਸਹੀ ਹੈ।

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥ ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥ ੨੭ ॥ (ਜਪੁਜੀ, ਮ: ੧, ਪੰਨਾ ੬)

ਸਾਰੀ ਰਚਨਾ ਰਚ ਕੇ ਸਿਰਜਣਹਾਰ ਖੁਸ਼ ਹੈ ਤੇ ਜਿਉਂ ਜਿਉਂ ਅਪਣੀ ਰਚਨਾ ਨੂੰ ਘੋਖਦਾ ਵਿਚਾਰਦਾ ਹੈ ਹੋਰ ਸੋਧਾਂ ਕਰਦਾ ਰਹਿੰਦਾ ਹੈ ਕੁਝ ਹਟਾ ਦਿੰਦਾ ਹੈ ਤੇ ਕੁਝ ਹੋਰ ਰਚਦਾ ਹੈ ਤੇ ਏਸੇ ਵਿਚ ਹੀ ਮਸਤ ਹੈ:

ਕਰੇ ਆਪਿ ਆਪੇ ਵਿਗਸੰਤਾ।। (ਮ:੩
ਵੇਖੈ ਵਿਗਸੇ ਕਰਿ ਵੀਚਾਰੁ{ ਜਪੁਜੀ ਮ: ੧

ਪ੍ਰਮਾਤਮਾ ਦੀ ਸਿਫਤ ਸਲਾਹ ਗਾਉਣ ਵਾਲਿਆ ਦਾ ਅੰਤ ਨਹੀਂ।ਕੋਈ ਪ੍ਰਮਾਤਮਾ ਦੀ ਸ਼ਕਤੀ, ਕੋਈ ਦਾਤਾਂ, ਕੋਈ ਗੁਣਾਂ, ਕੋਈ ਵਡਿਆਈਆਂ, ਕੋਈ ਉਸ ਬਾਰੇ ਲਿਖਤਾਂ, ਕੋਈ ਉਸਦਾ ਸਾਜਣਾ ਸਮੇਟਣਾ ਜੀਆਂ ਨੂੰ ਪੈਦਾ ਕਰਨਾ ਤੇ ਫਿਰ ਉਠਾ ਲੈਣਾ, ਕੋਈ ਉਸਦਾ ਦੂਰ ਹੋਣਾ ਤੇ ਕੋਈ ਉਸਦਾ ਨੇੜਾ ਹੋਣਾ ਗਾਉਂਦਾ ਉਸ ਨੂੰ ਅਪਣੇ ਅੰਦਰ ਹੀ ਹੋਣ ਬਾਰੇ ਬਿਆਨਦਾ ਹੈ।ਗੁਣ ਗਾਉਣ ਵਾਲਿਆਂ ਦਾ ਤੋਟਾ ਨਹੀਂ ਕ੍ਰੋੜਾਂ, ਕ੍ਰੋੜਾਂ ਬਿਆਨ ਕਰਦੇ ਤੁਰ ਗਏ। ਉਹ ਸਭ ਨੂੰ ਦੇਈ ਜਾਂਦਾ ਹੈ ਏਨਾ ਦਿੰਦਾ ਹੈ ਕਿ ਲੈਣ ਵਾਲੇ ਥੱਕ ਜਾਂਦੇ ਹਨ ਤੇ ਯੁਗਾਂ ਯੁਗਾਂ ਤੋਂ ਉਸ ਦਾ ਦਿਤਾ ਖਾਣ ਵਾਲਿਆਂ ਦਾ ਅੰਤ ਨਹੀਂ। ਪ੍ਰਮਾਤਮਾ ਸਭ ਨੂੰ ਅਪਣੇ ਹੁਕਮ ਵਿਚ ਰਖਦਾ ਤੇ ਚਲਾਉਂਦਾ ਹੈ ਤੇ ਬੇਪਰਵਾਹ ਹੋ ਅਪਣੀਆਂ ਕਿਰਤਾਂ ਦਾ ਅਨੰਦ ਮਾਣਦਾ ਹੈ।ਸਾਰੇ ਹੀ ਉਸਦੇ ਹੁਕਮ ਵਿਚ ਚਲਦੇ ਹਨ ਜੋ ਉਸ ਦਾ ਹੁਕਮ ਬੁਝ ਲੈਂਦਾ ਹੈ, ਉਸ ਦੇ ਗੁਣ ਵਡਿਆਈ ਬਾਰੇ ਥੋੜਾ ਬਹੁਤ ਸਮਝ ਲੈਂਦਾ ਹੈ ਉਸ ਵਿਚ ਹਉਮੈ ਨਹੀਂ ਰਹਿੰਦੀ।
.