.

ਹਰਿਮੰਦਿਰ ਸਾਹਿਬ, ਦਰਬਾਰ ਸਾਹਿਬ, ਸਵਰਨ ਮੰਦਿਰ ਅਤੇ ਗੋਲਡਨ ਟੈਂਪਲ?


ਸੰਸਾਰ ਵਿਚ ਹਰ ਇਕ ਵਸਤੂ ਵਿਅਕਤੀ ਜਾਂ ਅਦਾਰੇ ਦਾ ਨਾਂ ਉਸਦੇ ਗੁਣਾਂ ਕਰਕੇ ਹੀ ਰੱਖਿਆ ਜਾਂਦਾ ਹੈ। ਕਿਸੀ ਦਾ ਨਾਂ ਹੀ ਉਸਦੇ ਗੁਣਾਂ ਬਾਰੇ ਬਾਖੂਬੀ ਦਸ ਪਾਉਂਦਾ ਹੈ। ਇਹ ਇਕ ਰਿਵਾਯਤ ਜਿਹੀ ਮਨੁੱਖਤਾ ਦੇ ਆਰੰਭ ਤੋ ਹੀ ਚਾਲੀ ਆ ਰਹੀ ਹੈ।


ਇਸ ਰਿਵਾਇਤ ਦੀ ਮਿਸਾਲ ਵੀ ਦੋ ਸਿੱਖ ਗੁਰੂ ਸਾਹਿਬਾਨਾਂ ਦੇ ਨਾਂ ਵਿਚ ਵੀ ਪਰਗਟ ਹੁੰਦੀ ਹੈ। ਜਿਵੇ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਅੰਗ ਬਣਕੇ ਗੁਰੂ ਅੰਗਦ ਦੇਵ ਮਹਾਰਾਜ ਬਣ ਗਏ ਤੇ ਬਾਲਕ ਤਿਆਗ ਮੱਲ ਜੀ ਰਣ ਤੱਤੇ ਵਿਚ ਤੇਗ ਦੇ ਜੌਹਰ ਵਖਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਨਾਲ ਮਨੁੱਖਤਾ ਦੇ ਇਤਿਹਾਸ ਵਿਚ ਜਾਣੇ ਗਏ। ਗੁਰੂ ਅੰਗਦ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਉਨ੍ਹਾਂ ਦੇ ਗੁਣਾਂ ਕਰਕੇ ਪਏ ਤੇ ਸਿੱਖ ਜਗਤ ਨੇ ਉਨ੍ਹਾਂ ਦੇ ਚਰਨਾਂ ਵਿਚ ਆਪਣਾ ਸੀਸ ਨਿਵਯਾ। ਐਸਾ ਕੇਵਲ ਗੁਰੂ ਸਾਹਿਬ ਦੇ ਨਾਂ ਨਾਲ ਹੀ ਨਹੀਂ ਹੋਇਆ। ਅਸੀਂ ਲੋਗ ਵੀ ਆਪਣੇ ਬੱਚਿਆਂ ਦੇ ਨਾਂ ਉਨ੍ਹਾਂ ਦੇ ਗੁਣਾਂ ਦੇ ਨਾਂ ਤੇ ਰੱਖ ਦੇਂਦੇ ਹਾਂ ਜਿਵੇਂ ਗੋਰੇ, ਕਾਲੂ, ਮੰਗੂ, ਛੋਟੂ, ਕਾਕਾ ਆਦਿਕ।


ਪਿਛਲੇ ਕੁਛ ਸਮੇਂ ਤੋਂ ਸਿੱਖ ਜਗਤ ਦੇ ਮਹਾਨ ਇਤਿਹਾਸਕ ਅਸਥਾਨ ਦੇ ਨਾਂ ਨੂੰ ਲੈ ਕੇ ਸਿੱਖਾਂ ਵਿਚ ਆਪਸ ਵਿਚ ਮਤਭੇਦ ਹੋਇਆ, ਹੋਇਆ ਹੈ। ਕੋਈ ਕਹਿੰਦਾ ਹਰਿਮੰਦਰ ਸਾਹਿਬ ਹੈ ਤੇ ਕੋਈ ਦਰਬਾਰ ਸਾਹਿਬ ਕਹਿਣ ਨੂੰ ਪਰੇਰਦਾ ਹੈ ਤੇ ਕੋਈ ਸਵਰਨ ਮੰਦਿਰ ਜਾਂ ਗੋਲਡਨ ਟੇਮਪਲ ਕਹਿਣ ਤੇ ਆਪਣਾ ਵਿਰੋਧ ਦਰਜ਼ ਕਰਵਾਉਂਦਾ ਹੈ। ਜੇ ਸੁਹਿਰਦਤਾ ਨਾਲ ਵੇਖੀਏ ਤਾਂ ਤੇ ਇਹ ਸਾਰੇ ਹੀ ਨਾਂ ਉਤੇ ਦਿਤੇ ਨੇਮ ਮੁਤਾਬਿਕ ਇਸ ਪਵਿੱਤਰ ਅਸਥਾਨ ਦੇ ਹੋਣ ਦਾ ਅਧਿਕਾਰ ਰੱਖਦੇ ਹਨ ਕਿਉਂਕਿ ਇਹ ਸਾਰੇ ਨਾਂ ਇਸ ਪਵਿੱਤਰ ਅਸਥਾਨ ਦੇ ਗੁਣਾਂ ਨਾਲ ਮੇਲ ਖਾਉਂਦੇ ਹਨ।


ਅਗੇ ਦੀ ਵਿਚਾਰ ਕਾਰਨ ਤੋਂ ਪਹਿਲਾਂ ਸਾਨੂੰ ਇਹ ਵਿਚਾਰ ਪੱਕੇ ਤੋਰ ਨਾਲ ਮਾਨਣੀ ਹੋਵੇਗੀ ਕਿ ਪਾਵਨ ਗੁਰਬਾਣੀ ਵਿਚ ਵਰਤੇ ਗਏ ਸ਼ਬਦਾਂ ਦੇ ਅਰਥ ਇਕ ਤੋਂ ਵਧੇਰੇ ਵੀ ਹੁੰਦੇ ਹਨ ਕਿਉਂਕਿ ਕਈ ਵਾਰ ਅਸੀਂ ਇਸ ਗੱਲ ਤੇ ਪੱਕੇ ਅੜ ਜਾਂਦੇ ਹਾਂ ਕਿ ਨਹੀਂ ਜੀ ਪਾਵਨ ਗੁਰਬਾਣੀ ਵਿਚ ਵਰਤੇ ਗਏ ਸ਼ਬਦਾਂ ਦੇ ਇਕ ਤੋਂ ਵੱਧ ਅਰਥ ਨਹੀਂ ਹੋ ਸਕਦੇ ਹਨ। ਮਿਸਾਲ ਵਜੋਂ ਪਾਵਨ ਗੁਰਬਾਣੀ ਦੀ ਹੇਠ ਲਿਖੀ ਪਾਵਨ ਪੰਕਤੀ ਵਿਚ “ਹਰਿ” ਸ਼ਬਦ ਤਿਨ ਵਾਰੀ ਵਰਤਿਆ ਗਾਇਆ ਹੈ ਤੇ ਦੋ ਵਾਰ ਇਸ ਸ਼ਬਦ ਦੇ ਅਰਥ “ਪਰਮਾਤਮਾ” ਲਈ ਹਨ ਤੇ ਇਕ ਵਾਰੀ “ਹਰ ਇਕ”
(everyone) ਲਈ ਹਨ :-


ਨਾਨਕ ਜਨ ਹਰਿ ਕੀ ਸਰਣਾਈ ਹਰਿ ਭਾਵੈ ਹਰਿ ਨਿਸਤਾਰੇ ॥੪॥੩॥ {ਪੰਨਾ 493}


ਜੇ ਅਸੀਂ ਆਪਣੇ ਮੁਕੱਦਸ ਅਸਥਾਨ ਨੂੰ ਹਰਿਮੰਦਿਰ ਆਖੀਏ ਤਾਂ ਕੋਈ ਬੁਰੀ ਗੱਲ ਨਹੀਂ ਹੋਵੇਗੀ ਕਿਉਂਕਿ ਹਰਿ ਮੰਦਿਰ ਦੋ ਸ਼ਬਦ ਦੇ ਸੰਯੋਗ ਦਾ ਸ਼ਬਦ ਹੈ। ਪਹਿਲਾਂ ਹਰਿ ਤੇ ਦੂਸਰਾ ਮੰਦਿਰ। ਹਰਿ ਸ਼ਬਦ ਦਾ ਅਰਥ ਵਿਆਪਕ ਤੌਰ ਤੇ ਸਿੱਖ ਜਗਤ ਵਿਚ ਪਰਮਾਤਮਾ ਨਾਲ ਲਿਆ ਜਾਂਦਾ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਹਰਿ ਸ਼ਬਦ ਦਾ ਅਰਥ ਪਰਮਾਤਮਾ ਵਾਸਤੇ ਹੀ ਵਧੇਰੇ ਵਰਤਿਆ ਜਾਂਦਾ ਹੈ। ਦੂਜਾ ਸ਼ਬਦ ਮੰਦਿਰ ਹੈ ਜਿਸ ਨੂੰ ਪਾਵਨ ਗੁਰਬਾਣੀ ਦੇ ਭੈਰਉ ਰਾਗ ਵਿਚ ਸ਼੍ਰੀ ਗੁਰੂ ਅਰਜਨ ਸਾਹਿਬ ਨੇ ਮੰਦਿਰ ਸ਼ਬਦ ਨੂੰ ਘਰ ਲਈ ਹੀ ਵਰਤਿਆ ਹੈ :-


ਮੰਦਰ ਮੇਰੇ ਸਭ ਤੇ ਊਚੇ ॥
ਦੇਸ ਮੇਰੇ ਬੇਅੰਤ ਅਪੂਛੇ ॥
ਰਾਜੁ ਹਮਾਰਾ ਸਦ ਹੀ ਨਿਹਚਲੁ ॥
ਮਾਲੁ ਹਮਾਰਾ ਅਖੂਟੁ ਅਬੇਚਲੁ ॥੨॥ {ਪੰਨਾ 1141}


ਭਾਈ ਕਾਹਨ ਸਿੰਘ ਜੀ ਨਾਭਾ ‘ਮਹਾਨ ਕੋਸ਼’ ਵਿਚ ਮੰਦਰਿ ਸ਼ਬਦ ਦੇ ਅਰਥ ਸੰਗਯਾ ਲਈ 1. ਦੇਵਤਾ ਦਾ ਘਰ 2. ਰਾਜਭਵਨ, ਜਿਸ ਵਿਚ ਮੰਦ (ਆਨੰਦ) ਕੀਤਾ ਜਾਂਦਾ, ਕਰਦੇ ਹਨ।

ਇਸ ਮੁਤਾਬਿਕ ਹਰਿਮੰਦਿਰ ਸ਼ਬਦ ਦੇ ਅਰਥ ਪਰਮਾਤਮਾ ਦਾ ਘਰ ਹੁੰਦਾ ਹੈ ਜੋ ਸਾਡੇ ਪਵਿੱਤਰ ਅਸਥਾਨ ਦੇ ਗੁਣਾਂ ਮੁਤਾਬਿਕ ਸਭ ਤੋਂ ਪ੍ਰਬਲ ਤੇ ਢੁਕਵੇਂ ਹਨ ਕਿਉਂਕਿ ਅਸੀਂ ਉਥੇ ਹਰਿ ਦੀ ਵਡਿਆਈ ਗਾਉਂਦੇ ਹਾਂ ਤੇ ਸੰਗਤ ਰਾਹੀਂ ਹਰਿ ਨੂੰ ਹੀ ਪ੍ਰਾਪਤ ਕਾਰਨ ਦੇ ਮਨੋਰਥ ਨਾਲ ਹੀ ਅਸੀਂ ਉਥੇ ਅੱਪੜਦੇ ਹਾਂ। ਇਹ ਵਿਚਾਰ ਵੀ ਬਿਲਕੁਲ ਦਰੁਸਤ ਹੈ ਕਿ ਗੁਰਬਾਣੀ ਵਿਚ ਗੁਰੂ ਸਾਹਿਬ ਨੇ ਹਰਿਮੰਦਿਰ ਸ਼ਬਦ, ਮਨੁੱਖ ਦੇ ਸਰੀਰ ਲਈ ਵੀ ਵਰਤਿਆ ਹੈ ਲੇਕਿਨ ਅਸੀਂ ਇਸ ਗੱਲ ਤੋਂ ਵੀ ਮਨੁਕਰ ਨਹੀਂ ਹੋ ਸਕਦੇ ਕਿ ਕੋਈ ਹਰਿਮੰਦਿਰ ਸ਼ਬਦ ਦੇ ਅਰਥ ਆਪਣੇ ਨਿਜ਼ੀ ਹਿੱਤ ਲਈ ਕੁਛ ਹੋਰ ਵਰਤੇ ਤੇ ਅਸੀਂ ਘਬਰਾ ਕੇ ਆਪਣੇ ਪਵਿੱਤਰ ਅਸਥਾਨ ਲਈ ਉਹ ਨਾਂ ਹੀ ਬਦਲ ਦੇਈਏ ਜੋ ਉਸਦੇ ਗੁਣਾਂ ਦੇ ਸਬ ਤੋਂ ਵਧੇਰੇ ਨੇੜੇ ਹੈ। ਬਸ ਲੋੜ ਹੈ ਆਪਣੇ ਵਿਚਾਰ ਨੂੰ ਸੰਭਾਲਣ ਦੀ ਤੇ ਜਾਗਰੁਕ ਹੋਣ ਦੀ।


ਸਾਡੇ ਧਾਰਮਕ ਜੀਵਨ ਦੇ ਸੋਮੇ ਦਾ ਨਾਂ ਦਰਬਾਰ ਸਾਹਿਬ ਵੀ ਉਸਦੇ ਗੁਣਾਂ ਮੁਤਾਬਿਕ ਢੁਕਵਾਂ ਹੈ। ਇਹ ਉਹ ਅਸਥਾਨ ਹੈ ਜਿਥੋਂ ਦੀ ਹਮੇਸ਼ਾ ਹੀ ਦਿੱਲੀ ਦੇ ਤਖ਼ਤ ਵਲੋਂ ਆਮ ਲੁਕਾਈ ਤੇ ਕੀਤੀਆਂ ਵਧੀਕੀਆਂ ਦੇ ਖਿਲਾਫ ਭਰਵਾਂ ਹੂੰਗਰਾ ਭਰਿਆ ਉਥੇ ਹਰ ਇਕ ਪੱਧਰ ਤੇ ਸਮੇਂ ਸਮੇਂ ਤੇ ਇਹ ਸਾਬਿਤ ਕੀਤਾ ਕਿ ਦਿੱਲੀ ਦੇ ਜ਼ਾਬਰ ਦਰਬਾਰ ਦੇ ਮੁਕਾਬਲੇ ਜੇ ਕੋਈ ਤਾਕ਼ਤ ਹੈ ਤੇ ਉਹ ਹੈ ਸਿੱਖਾਂ ਦਾ ਉਹ ਜਨੂਨ ਜੋ ਆਪਣੀ ਸਾਰੀ ਸ਼ਕਤੀ ਹਰਿਮੰਦਿਰ ਸਾਹਿਬ ਤੋਂ ਇੱਕਠੀ ਕਰਦੇ ਨੇ ਕਿਉਂਕਿ ਇਹ ਇਨ੍ਹਾਂ ਦਾ ਕੇਂਦਰੀ ਅਸਥਾਨ ਹੈ ਤੇ ਆਪਣੀ ਆਸਥਾ ਦੇ ਕੇਂਦਰ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਮੁਕਾਬਲੇ ਦਿੱਲੀ ਦੇ ਦਰਬਾਰ ਨੂੰ ਟਿੱਚ ਤੋਂ ਵੱਧ ਕੁਛ ਨਹੀਂ ਮੰਨਦੇ ਤੇ ਸਮਝਦੇ ਹਨ। ਇਸ ਲਈ ਉਨ੍ਹਾਂ ਨੇ ਆਪਣੇ ਮੁਕੱਦਸ ਅਸਥਾਨ ਨੂੰ ਕੇਵਲ ਦਰਬਾਰ ਹੀ ਨਹੀਂ ਆਖਿਆ ਬਲਕਿ ਪ੍ਰੇਮ ਤੇ ਭਗਤੀ ਵਿਚ ਭਿੱਜ ਕੇ ਦਰਬਾਰ ਸਾਹਿਬ ਆਖਿਆ ਤੇ ਅਾਪਣੇ ਗੁਰੂ ਦੇ ਦਰਬਾਰ ਵਿਚ ਗੁਰੂ ਅਗੇ ਨਤਮਸਤਕ ਹੋਏ।


ਇਨ੍ਹਾਂ ਗੁਰੂ ਪਿਆਰੇ ਸਿੱਖਾਂ ਦਾ ਆਪਣੇ ਗੁਰੂ ਦੇ ਪਿਆਰੇ ਅਸਥਾਨ ਨਾਲ ਗਜਬ ਦਾ ਪ੍ਰੇਮ ਸੀ, ਜਿਸ ਨੇ ਇਸ ਨੂੰ ਸੋਨੇ ਨਾਲ ਮੜਵਾਂ ਦਿੱਤਾ। ਜੋ ਸਾਰੀ ਦੁਨੀਆ ਲਈ ਹੈਰਾਨੀ ਦਾ ਕਾਰਨ ਹੈ। ਜਿਸ ਕਰਕੇ ਸੋਨੇ ਦਾ ਹੋਣ ਦੇ ਗੁਣ ਕਾਰਣ ਇਸਦਾ ਨਾਂ ਸਵਰਨ ਮੰਦਿਰ ਜਾ ਗੋਲਡਨ ਟੇਮਪਲ ਵੀ ਪ੍ਰਚਲਿਤ ਹੋ ਚੁਕਾ ਹੈ। ਦਸੋ ਕਿ ਗ਼ਲਤ ਹੈ ਸਵਰਨ ਮੰਦਿਰ ਜਾਂ ਗੋਲਡਨ ਟੇਮਪਲ ਵਿਚ। ਕੀ ਇਹ ਸੋਨੇ ਦਾ ਨਹੀਂ ਬਣਿਆ। ਜਦੋ ਇਸ ਤੇ ਸੋਨਾ ਲਾਇਆ ਗਿਆ ਤਾਂ ਬਹੁਤ ਵੱਡੀ ਸਿੱਖਾਂ ਦੀ ਗਿਣਤੀ ਆਪਣੇ ਵਜ਼ੂਦ ਲਈ ਸੰਘਰਸ਼ ਕਰ ਰਹੀ ਸੀ। ਲੇਕਿਨ ਕੌਮ ਦੇ ਇਤਿਹਾਸ ਦਾ ਉਹ ਪਹਿਲਾਂ ਪੜਾਵ ਸੀ, ਜਦੋ ਸਿੱਖਾਂ ਨੇ ਵਕਤ ਸੰਭਾਲ ਕੇ ਕੁਛ ਦੇਰ ਸਾਹ ਲਿਆ ਸੀ। ਬਸ ਸਾਹ ਲੈਣ ਦੇ ਸਮੇਂ ਵਿਚ ਹੀ ਉਨ੍ਹਾਂ ਆਪਣੇ ਪਿਆਰੇ ਗੁਰੂ ਦੇ ਦਰਬਾਰ, ਹਰਿਮੰਦਿਰ ਨੂੰ ਸੋਨੇ ਨਾਲ ਸ਼ਿੰਗਾਰ ਦਿੱਤਾ ਸੀ। ਬਸ ਲੋੜ ਹੈ ਵਕ਼ਤ ਨੂੰ ਪਹਿਚਾਨਣ ਦੀ। ਜਿਤਨੀ ਤਾਕ਼ਤ ਅਸੀਂ ਆਪਣੇ ਅਸਥਾਨ ਦੇ ਗੁਣਾਂ ਮੁਤਾਬਿਕ ਪਏ ਨਾਮਾਂ ਸਵਰਨ ਮੰਦਿਰ ਜਾ ਗੋਲਡਨ ਟੇਮਪਲ ਦਾ ਖੰਡਨ ਕਾਰਨ ਵਿਚ ਲਾ ਰਹੇ ਹਾਂ ਉਸ ਤੋ ਅੱਧੀ ਤਾਕ਼ਤ ਵੀ ਜੇ ਅਸੀਂ ਇਹ ਦੱਸਣ ਵਿਚ ਲਾ ਦਈਏ ਕਿ ਸਾਡੇ ਹਰਿਮੰਦਿਰ ਸਾਹਿਬ ਜਾਂ ਦਰਬਾਰ ਸਾਹਿਬ ਲਈ ਸੋਨਾ ਲੱਗਣ ਦੇ ਸਮੇਂ ਤਕ ਗੁਰੂ ਸਾਹਿਬਾਨ ਵਲੋਂ ਦਿਤੇ ਨਿਰਮਲ ਸਿਧਾੰਤਾਂ ਦੀ ਰਾਖੀ ਲਈ ਕਿਨ੍ਹਾ ਲਹੂ ਡੁਲਿਆ ਹੈ, ਤਾਂ ਉਹ ਮਨੁੱਖਤਾ ਲਈ ਵਧੇਰੇ ਲਾਹੇਵੰਧ ਹੋਵੇਗਾ।

ਬਸ ਸਮੇ ਦੀ ਮੰਗ ਹੈ ਨਾਮ ਤੇ ਲੜਨ ਦੀ ਜਗ੍ਹਾ ਇਸ ਪਵਿੱਤਰ ਅਸਥਾਨ ਤੋਂ ਦਿਤੇ ਜਾ ਰਹੇ ਗੁਰਬਾਣੀ ਦੇ ਨਿਰਮਲ ਸਿਧਾੰਤਾਂ ਦਾ ਲੋਕ ਭਲਾਈ ਲਈ ਪਸਾਰਾ ਵਧਾਣ ਦੀ।

ਮਨਮੀਤ ਸਿੰਘ, ਕਾਨਪੁਰ
.