.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਛੱਬੀਸਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ ੧੯੫੬

"ਭਗਤ ਤੇਰੈ ਮਨਿ ਭਾਵਦੇ. ."- ਗੁਰਬਾਣੀ ਫ਼ੁਰਮਾਨਾਂ ਰਾਹੀਂ ਵੀ ਸਪਸ਼ਟ ਕਰ ਆਏ ਹਾਂ ਕਿ ਗੁਰੂ ਸਾਹਿਬ ਵੱਲੋਂ ਗੁਰਬਾਣੀ ਵਿੱਚਲੇ ਭਗਤਾਂ ਲਈ ਵਰਤੇ ਹੋਏ ਲਫ਼ਜ਼ "ਭਗਤ" ਦੇ ਅਰਥ ਵੀ, ਮੂਲੋਂ ਹੀ ਉਹ ਨਹੀਂ ਹਨ; ਜਿਹੜੇ ਭਾਰਤ `ਚ ਲਫ਼ਜ਼ "ਭਗਤ" ਦੇ ਭਿੰਨ-ਭਿੰਨ ਅਰਥ ਹਜ਼ਾਰਾਂ ਸਾਲਾਂ ਤੋਂ ਚਲਦੇ ਆ ਰਹੇ ਜਾਂ ਲਏ ਜਾ ਰਹੇ ਸਨ ਬਲਕਿ ਬਹੁਤ ਪਾਸੇ ਅੱਜ ਵੀ ਲਏ ਜਾਂਦੇ ਹਨ।

ਕਿਉਂਕਿ "ਗੁਰਬਾਣੀ ਆਧਾਰਤ" ਲਫ਼ਜ਼ "ਭਗਤ" ਦੇ ਅਰਥ ਵੀ ਨਿਵੇਕਲੇ, ਨਵੇਂ-ਨਰੋਏ ਤੇ ਨਿਤਾਂਤ ਭਿੰਨ ਹਨ। ਇਸ ਲਈ ਗੁਰੂ ਪਾਤਸ਼ਾਹ ਰਾਹੀਂ "ਗੁਰਬਾਣੀ ਵਿੱਚਲੇ ੧੫ ਭਗਤਾਂ ਲਈ" ਵਰਤੇ ਹੋਏ ਲਫ਼ਜ਼ "ਭਗਤ" ਦੇ ਅਰਥ ਵੀ ਅਸਾਂ ਉਹ ਨਹੀਂ ਲੈਣੇ ਜਿਹੜੇ ਭਾਰਤ `ਚ ਹਜ਼ਾਰਾਂ ਸਾਲਾਂ ਤੋਂ "ਭਗਤ" ਦੇ ਭਿੰਨ-ਭਿੰਨ ਅਰਥ ਚਲਦੇ ਆ ਰਹੇ ਅਤੇ ਅੱਜ ਵੀ ਪਹਿਰਾਵਿਆਂ/ਭੇਖਾਂ ਆਦਿ ਕਾਰਣ ਜਾਂ ਬਹੁਤੇ ਸੰਗਠਨਾ ਅਤੇ ਖਾਸ ਕਰ ਦੇਵੀ ਭਗਤਾਂ ਅਦਿ ਮੰਡਲਾਂ/ਸਮੂਹਾਂ ਵਿੱਚਕਾਰ ਲਏ ਜਾ ਰਹੇ ਹਨ।

"ਭਗਤ ਤੇਰੈ ਮਨਿ ਭਾਵਦੇ, ਦਰਿ ਸੋਹਨਿ ਕੀਰਤਿ ਗਾਵਦੇ. ." (ਪੰ: ੪੬੮) ਅਨੁਸਾਰ ਅਸਾਂ ਗੁਰਬਾਣੀ ਵਿੱਚਲੇ ੧੫ ਭਗਤਾਂ ਲਈ ਲਫ਼ਜ਼ ਭਗਤ ਦੇ ਅਰਥ ਵੀ ਕੇਵਲ ਗੁਰਬਾਣੀ ਆਧਾਰਤ ਹੀ ਲੈਣੇ ਹਨ। ਜੇਕਰ ਅਜਿਹਾ ਨਹੀਂ ਕਰਾਂਗੇ ਤਾਂ ਓਦੋਂ ਤੀਕ ਅਸੀਂ ਕੇਵਲ ਆਪ ਹੀ ਕੁਰਾਹੇ ਨਹੀਂ ਪਏ ਰਵਾਂਗੇ ਬਲਕਿ ਸਮੂਚੇ ਤੌਰ `ਤੇ ਗੁਰੂ ਕੀਆਂ ਸੰਗਤਾਂ ਨੂੰ ਵੀ ਕੁਰਾਹੇ ਪਾਉਣ ਦਾ ਕਾਰਣ ਬਨਾਂਗੇ।

ਉਂਝ "ਗੁਰਬਾਣੀ ਆਧਾਰਤ" "ਭਗਤ" ਦੇ ਅਰਥਾਂ ਨੂੰ ਖੁੱਲ ਕੇ ਸਪਸ਼ਟ ਕਰਣ ਲਈ ਅਸੀਂ ਗੁਰਬਾਣੀ `ਚੌਂ ਕੁੱਝ ਸੰਬੰਧਤ ਫ਼ੁਰਮਾਨ ਵੀ ਲੈ ਆਏ ਹਾਂ. ਉਹ ਦੋਬਾਰਾ ਪੜ੍ਹ ਲਏ ਜਾਣ ਜੀ। ਉਪ੍ਰੰਤ:-

ਮਨੁੱਖੀ ਸਮਾਨਤਾ ਅਤੇ ਭਾਈਚਾਰੇ ਦਾ ਵੱਡਾ ਥੰਬ ਅਤੇ ਮਿਸਾਲ ਹਨ ਗੁਰਬਾਣੀ ਵਿੱਚਲੇ ੧੫ ਭਗਤ ਉਪ੍ਰੰਤ "ਸਤਾ ਅਤੇ ਬਲਵੰਡ ਜੀ" -

ਸੰਪਾਦਨਾ ਸਮੇਂ ਪੰਜਵੇਂ ਪਾਤਸ਼ਾਹ ਨੇ, ਭਗਤਾਂ ਦੀਆਂ ਰਚਨਾਵਾਂ ਨੂੰ ਜਿਹੜਾ ਸਿਰਲੇਖ ਦਿੱਤਾ ਉਹ ਹੈ ‘ਬਾਣੀ ਭਗਤਾਂ ਕੀ’। ਇਸ ਦੇ ਆਪਣੇ-ਆਪ `ਚ ਗੁਰਬਾਣੀ ਆਧਾਰਤ ਅਤੇ ਸਪਸ਼ਟ ਅਰਥ ਹਨ:-

ਗੁਰਬਾਣੀ ਵਿੱਚਲੇ ਇਹ ੧੫ ਭਗਤ ਜਨ, ਜਨਮਾਂਦਰੂ ਉਸ ‘ਸਫ਼ਲ ਜੀਵਨ’ ਨੂੰ ਪ੍ਰਾਪਤ ਨਹੀਂ ਸਨ। ਬਲਕਿ ‘ਭਗਤੀ ਭਾਵਨਾ’ ਤੇ ਆਪਣੀ-ਆਪਣੀ ‘ਘਾਲ ਕਮਾਈ’ ਕਾਰਣ ਇਹ ਆਪਣੇ-ਆਪਣੇ ਜੀਵਨ ਦੀ ਇਸ ਉੱਚਤਮ ਅਧਿਆਤਮਕ ਤੇ ਆਤਮਕ ਅਵਸਥਾ ਨੂੰ ਪ੍ਰਾਪਤ ਹੋਏ ਸਨ। ਇਸ ਤਰ੍ਹਾਂ:-

"ਪੰਚ ਪਰਵਾਣ ਪੰਚ ਪਰਧਾਨੁ॥ ਪੰਚੇ ਪਾਵਹਿ ਦਰਗਹਿ ਮਾਨੁ॥ ਪੰਚੇ ਸੋਹਹਿ ਦਰਿ ਰਾਜਾਨੁ॥ ਪੰਚਾ ਕਾ ਗੁਰੁ ਏਕੁ ਧਿਆਨੁ. ." (ਬਾਣੀ ਜਪੁ)

ਵਾਲੀ ਮਨੁੱਖਾ ਜਨਮ ਦੀ ਅਵਸਥਾ `ਚ ਪੁਜਣ `ਤੇ ਹੀ ਗੁਰਦੇਵ ਨੇ ਇਨ੍ਹਾਂ ਨੂੰ ਗੁਰਬਣੀ `ਚ ‘ਭਗਤਾਂ’ ਦੀ ਉਪਾਧੀ ਨਾਲ ਨਿਵਾਜਿਆ ਬਲਕਿ ਆਪਣੀ ਬਰਾਬਰੀ ਵੀ ਦਿੱਤੀ।

ਨਹੀਂ ਤਾਂ, ਗੁਰੂ ਨਾਨਕ ਪਾਤਸ਼ਾਹ ਨੂੰ ਇਨ੍ਹਾਂ ਭਗਤਾਂ ਦੀ ਖੋਜ-ਭਾਲ ਲਈ ਇੱਤਨੀ-ਇੱਤਨੀ ਦੂਰ ਜਿਵੇਂ ਸ਼ੇਖ਼ ਫ਼ਰੀਦ ਜੀ ਲਈ ਪਾਕਪਟਣ ਤੀਕ ਜਾਣ ਦੀ ਲੋੜ ਹੀ ਨਹੀਂ ਸੀ।

ਇਸ ਲਈ ਗੁਰਦੇਵ ਨੇ ਜੇਕਰ ਗੁਰਬਾਣੀ ਦੇ ਸੰਕਲਣ ਲਈ ਕੇਵਲ ਭਗਤਾਂ ਦੀ ਗਿਣਤੀ ਹੀ ਬਨਾਉਣੀ ਹੁੰਦੀ ਤਾਂ ਹਰੇਕ ਜਾਤ-ਵਰਣ ਦੇ ਅਖਉਤੀ ਭਗਤਾਂ ਦੀਆਂ ਡਾਰਾਂ ਤਾਂ ਗੁਰਦੇਵ ਨੂੰ ਸਹਿਜੇ ਹੀ ਆਪਣੇ ਆਸਿਓਂ-ਪਾਸਿਓਂ ਵੀ ਮਿਲ ਸਕਦੀਆਂ ਸਨ, ਪਰ ਇਥੇ ਤਾਂ ਵਿਸ਼ਾ ਹੀ ਕੁੱਝ ਹੋਰ ਸੀ।

ਜਦਕਿ ਇਸ ਗੁਰਮੱਤ ਪਾਠ ਦੀ ਚੱਲ ਰਹੀ ਲੜੀ ਦੌਰਾਨ ਅਸੀਂ ਇਹ ਵੀ ਦੇਖ ਆਏ ਹਾਂ ਕਿ ਗੁਰਦੇਵ ਨੇ ਇਥੇ ਉਨ੍ਹਾਂ ਭਗਤਾਂ ਦੀਆਂ ਵੀ ਕੇਵਲ ਉਨ੍ਹਾਂ ਰਚਨਾਵਾਂ ਨੂੰ ਹੀ "ਗੁਰਬਾਣੀ ਦਾ ਦਰਜਾ" ਅਤੇ "ਆਪਣੀ ਬਰਾਬਰੀ" ਬਖ਼ਸੀ ਜਿਹੜੀਆਂ ਸਦੀਆਂ-ਸਦੀਆਂ ਬਾਅਦ ਅੱਜ ਵੀ:-

() "ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ. ." (ਪੰ: ੭੨੩)

() "ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ, ਹਟੁ ਸਚੁ ਰਤਨੀ ਭਰੇ ਭੰਡਾਰ" (ਪੰ: ੬੪੬) ਆਦਿ ਗੁਰਬਾਣੀ ਸਿਧਾਂਤ ਅਤੇ ਫ਼ੁਰਮਾਨਾਂ `ਤੇ ਪੂਰੀਆਂ ਉਤਰਦੀਆਂ ਹਨ।।

ਕਿਉਂਕਿ ਗੁਰਦੇਵ ਰਾਹੀਂ ਉਨ੍ਹਾਂ ਰਚਨਾਵਾਂ ਨੂੰ ਲੈਣ ਵਾਲੀ ਦਿਬ-ਦ੍ਰਿਸ਼ਟੀ ਤੇ ਆਧਾਰ ਹੀ ਵੱਖਰਾ ਤੇ ਨਿਵੇਕਲਾ ਸੀ। ਉਪ੍ਰੰਤ ਉਹ ਨਿਤਾਂਤ ਵੱਖਰਾ ਅਤੇ ਨਿਵੇਕਲਾ ਅਧਾਰ ਕੀ ਸੀ ਉਸ ਦਾ ਮੂਲ਼ ਸੀ:-

"ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥ ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥ ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ॥ ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ॥ ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ" (ਪੰ: ੧੪੦੮) ਜਦਕਿ ਹੋਰ ਕੋਈ ਦੂਜਾ ਨਹੀਂ ਸੀ (ਭਟ ਮਥੁਰਾ ਜੀ)।

ਗੁਰਬਾਣੀ `ਚ ਪ੍ਰਵਾਣਤ, ਭਗਤਾਂ ਨੇ ਘਾਲ ਕਮਾਈ ਕੀਤੀ- ਗੁਰਬਾਣੀ `ਚ ਪ੍ਰਵਾਣ ਹੋਏ ੧੫ ਭਗਤ, ਜਨਮਾਂਦਰੂ ਮਨੁੱਖਾ ਜਨਮ ਦੀ ‘ਸਫ਼ਲ ਅਵਸਥਾ’ ਨੂੰ ਪ੍ਰਾਪਤ ਨਹੀਂ ਸਨ ਬਲਕਿ ਆਪਣੀ-ਆਪਣੀ ‘ਘਾਲ ਕਮਾਈ’ ਰਾਹੀਂ ਹੀ ਉਹ ਆਪਣੇ-ਆਪਣੇ ਜੀਵਨ ਦੀ ਇਸ ਉੱਚਤਮ ਆਤਮਕ ਤੇ ਸਫ਼ਲ ਅਵਸਥਾ ਨੂੰ ਪ੍ਰਾਪਤ ਹੋਏ ਸਨ, ਗੁਰਬਾਣੀ `ਚ ਇਸ ਦੇ ਬਹੁਤੇਰੇ ਸਬੂਤ ਵੀ ਹਨ।

ਉਂਝ ਅਸੀਂ ਇਹ ਵੀ ਦੇਖ ਆਏ ਹਾਂ ਕਿ ਗੁਰਬਾਣੀ ਅਨੁਸਾਰ "ਗੁਰਬਾਣੀ ਆਧਾਰਤ" ਲਫ਼ਜ਼ "ਭਗਤ" ਦੇ ਅਰਥ ਹੀ ਇਹ ਹਨ ਕਿ ਜਿਨ੍ਹਾਂ ਨੇ "ਸ਼ਬਦ-ਗੁਰੂ" ਦੀ ਕਮਾਈ ਉਪ੍ਰੰਤ ਵੱਡੀ ‘ਭਗਤੀ ਭਾਵਨਾ’, ਲਗਨ ਅਤੇ ‘ਘਾਲ ਕਮਾਈ’ ਨਾਲ ਆਪਣੇ ਦੁਰਲਭ ਮਨੁੱਖਾ ਜਨਮ ਦੀ ਸੰਭਾਲ ਕੀਤੀ ਹੋਵੇ।

ਫ਼ਿਰ ਇਹ ਵੀ ਪੜ੍ਹ ਆਏ ਹਾਂ ਕਿ ਉਨ੍ਹਾਂ ੧੫ ਭਗਤਾਂ `ਚੋਂ ਹੀ ਭਗਤ ਰਵਿਦਾਸ ਜੀ, ਜੈਦੇਵ ਜੀ, ਕਬੀਰ ਸਾਹਿਬ, ਨਾਮਦੇਵ ਜੀ ਆਦਿ ਭਗਤਾਂ ਦੀਆਂ ਬਹੁਤੇਰੀਆਂ ਉਹ ਰਚਣਾਵਾਂ ਵੀ ਸਨ, ਜਿਨ੍ਹਾਂ ਦਾ ਸੰਬੰਧ ਉਨ੍ਹਾਂ ਭਗਤਾਂ ਦੇ ਪਹਿਲੇ ਅਤੇ ਕੱਚੇ ਜੀਵਨ ਨਾਲ ਸੀ।

ਜਦਕਿ ਇਧਰ ਗੁਰੂ ਨਾਨਕ ਪਾਤਸ਼ਾਹ ਤਾਂ "ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ. ." ਓਦੋਂ ਹੀ ਜਾਣਦੇ ਸਨ ਕਿ ਉਨ੍ਹਾਂ ਭਗਤਾਂ ਦੀਆਂ ਉਹ ਰਚਨਾਵਾਂ "ਸਚੁ ਸੁਣਾਇਸੀ ਸਚ ਕੀ ਬੇਲਾ. ." (ਪੰ: ੭੨੩, "ਪੰਚਾ ਕਾ ਗੁਰੁ ਏਕੁ ਧਿਆਨੁ" (ਬਾਣੀ ਜਪੁ), ਭਾਵ ਅੱਗੇ ਚੱਲ ਕੇ ਗੁਰਬਾਣੀ ਦੇ "ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ, ਹਟੁ ਸਚੁ ਰਤਨੀ ਭਰੇ ਭੰਡਾਰ" (ਪੰ: ੬੪੬) ਆਦਿ ਗੁਰਬਾਣੀ ਦੇ ਸਿਧਾਂਤਾਂ ਅਤੇ ਕਸਵੱਟੀ `ਤੇ ਪੂਰੀਆਂ ਨਹੀਂ ਉਤਰਣ ਗੀਆਂ।

ਇਹੀ ਕਾਰਣ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ, ਉਨ੍ਹਾਂ ਹੀ ਭਗਤਾਂ ਦੀਆਂ ਉਹ ਰਚਨਾਵਾਂ ਉਥੋਂ ਚੁੱਕੀਆਂ ਹੀ ਨਹੀਂ ਸਨ ਅਤੇ ਉਥੇ ਹੀ ਛੱਡ ਦਿੱਤੀਆਂ ਸਨ।

ਤਾਂ ਤੇ ਦੌਰਾਅ ਦੇਵੀਏ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪ੍ਰਚਾਰ ਦੌਰਿਆਂ ਦੌਰਾਨ ਉਨ੍ਹਾਂ ਭਗਤਾਂ ਦੀਆਂ ਕੇਵਲ ਉਹੀ ਰਚਨਾਵਾਂ ਪ੍ਰਵਾਣ ਕੀਤੀਆਂ ਤੇ ਆਪਣੇ ਪਾਸ ਸ਼ੰਭਾਲੀਆਂ, ਜਿਨ੍ਹਾਂ ਦਾ ਸ਼ੰਬੰਧ ਉਨ੍ਹਾਂ ਸਮੂਹ ਭਗਤਾਂ ਦੇ ਸਫ਼ਲ ਜੀਵਨ ਨਾਲ ਹੀ ਸੀ। ਇਸ ਤਰ੍ਹਾਂ ਜਦੋਂ ਉਹ ਭਗਤ-ਜਨ ਆਪਣੇ-ਆਪਣੇ ਜੀਵਨ ਕਰਕੇ ਆਤਮਕ ਤਲ `ਤੇ ਮਨੁੱਖਾ ਜੀਵਨ ਦੀ:-

"ਪੰਚ ਪਰਵਾਣ ਪੰਚ ਪਰਧਾਨੁ॥ ਪੰਚੇ ਪਾਵਹਿ ਦਰਗਹਿ ਮਾਨੁ॥ ਪੰਚੇ ਸੋਹਹਿ ਦਰਿ ਰਾਜਾਨੁ॥ ਪੰਚਾ ਕਾ ਗੁਰੁ ਏਕੁ ਧਿਆਨੁ. ." (ਬਾਣੀ ਜਪੁ) ਵਾਲੀ ਸਫ਼ਲ ਅਵਸਥਾ ਨੂੰ ਪ੍ਰਾਪਤ ਹੋ ਚੁੱਕੇ ਹੋਏ ਸਨ।

ਗੁਰਬਾਣੀ ਵਿੱਚਲੇ ਭਗਤਾਂ ਰਾਹੀਂ ਕੀਤੀ ਹੋਈ ਘਾਲ-ਕਮਾਈ ਨਾਲ ਸੰਬੰਧਤ, ਗੁਰਬਾਣੀ `ਚੋਂ ਕੁੱਝ ਸਬੂਤ:-

(ੳ) ਭਗਤ ਤ੍ਰਲੋਚਨ ਜੀ, ਜਨਮ ਤੋਂ ਬ੍ਰਾਹਮਣ ਅਤੇ ਬੰਗਾਲ ਦੇ ਵਾਸੀ ਸਨ। ਗੁਰਬਾਣੀ `ਚ ਭਗਤ ਤ੍ਰਲੋਚਨ ਜੀ ਦੇ ਚਾਰ ਸ਼ਬਦ ਆਏ ਹਨ ਜਿਹੜੇ ਵਾਰੀ-ਵਾਰੀ ਇਸ ਪ੍ਰਕਾਰ ਹਨ:-

(੧) ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ. . (ਰਾਗ ਸਿਰੀਰਾਗੁ) (ਪੰ: ੯੨)

(੨) ਅੰਤਰੁ ਮਲਿ ਨਿਰਮਲੁ ਨਹੀ ਕੀਨਾ… (ਰਾਗ ਗੂਜਰੀ) (ਪੰ: ੫੨੫)

(੩) ਅੰਤਿ ਕਾਲਿ ਜੋ ਲਛਮੀ ਸਿਮਰੈ… (ਰਾਗ ਗੂਜਰੀ) (ਪੰ: ੫੨੬)

(੪) ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ. . (ਰਾਗ ਧਨਾਸਰੀ) (ਪੰ: ੬੯੫)

ਉਪ੍ਰੰਤ ਭਗਤ ਤ੍ਰਲੋਚਨ ਜੀ ਦੇ ਇਨ੍ਹਾਂ ਚਾਰਾਂ ਸ਼ਬਦਾਂ ਵਿੱਚਲੀ ਸ਼ੈਲੀ ਹੀ ਆਪਣੇ ਆਪ `ਚ ਇਸ ਗੱਲ ਦਾ ਵੱਡਾ ਸਬੂਤ ਹੈ ਕਿ ਭਗਤ ਤ੍ਰਲੋਚਨ ਜੀ ਆਪਣੇ ਉਸ ਕਿੱਤੇ `ਚ ਵੀ ਉੱਚ ਕੋਟੀ ਦੇ ਵਿਦਵਾਨ ਪੰਡਿਤ ਸਨ।

ਉਂਝ ਇਹ ਵੀ ਕਿ ਮਨੁੱਖਾ ਜਨਮ ਦੀ ਸਫ਼ਲ ਅਵਸਥਾ `ਚ ਪਹੁੰਚਣ ਤੋਂ ਪਹਿਲਾਂ, ਉਨ੍ਹਾਂ ਦੀ ਉਹ ਵਿਦਵਤਾ ਵੀ ਕੇਵਲ ਬ੍ਰਾਹਮਣੀ ਕਰਮਕਾਂਡਾਂ ਅਤੇ ਬ੍ਰਾਹਮਣੀ ਵਿਸ਼ਵਾਸਾਂ ਤੀਕ ਹੀ ਸੀਮਿਤ ਸੀ।

ਇਹੀ ਆਧਾਰ ਸੀ ਅਤੇ ਉਨ੍ਹਾਂ ਦੇ ਉਪ੍ਰੋਕਤ ਚਾਰੋਂ ਸ਼ਬਦ ਇਸ ਦਾ ਸਬੂਤ ਵੀ ਹਨ ਕਿ ਮਨੁੱਖਾ ਜਨਮ ਦੀ "ਪੰਚਾ ਕਾ ਗੁਰੁ ਏਕੁ ਧਿਆਨੁ" (ਬਾਣੀ ਜਪੁ) ਆਧਾਰਤ ਸਫ਼ਲ ਅਵਸਥਾ `ਚ ਪਹੁੰਚਣ ਬਾਅਦ, ਉਹ ਆਪਣੇ ਉਸ ਪਹਿਲਾਂ ਵਾਲੇ ਬ੍ਰਾਹਮਣੀ ਤੇ ਕਰਮਕਾਂਡੀ ਜੀਵਨ ਦੇ ਵੱਡੇ ਵਿਰੋਧੀ ਵੀ ਹੋ ਗਏ ਸਨ।

ਇਹੀ ਕਾਰਣ ਹੈ ਕਿ ਉਨ੍ਹਾਂ ਨੇ, ਆਪਣੇ ਉਪ੍ਰੋਕਤ ਚੋਹਾਂ ਸ਼ਬਦਾਂ `ਚ ਮਨੁੱਖਾ ਜੀਵਨ ਦੇ "ਇਕੋ-ਇਕ" "ਸੱਚ ਧਰਮ" ਅਥਵਾ "ਗੁਰਮੱਤ ਸਿਧਾਂਤਾਂ" ਦਾ ਹੀ ਖੁੱਲ ਕੇ ਐਲਾਨ ਕੀਤਾ ਹੋਇਆ ਹੈ।

ਜਦਕਿ ਉਨ੍ਹਾਂ ਨੇ ਆਪਣੇ ਉਨ੍ਹਾਂ ਚਾਰਾਂ ਸ਼ਬਦਾਂ `ਚ ਨਾਲ-ਨਾਲ ਬ੍ਰਾਹਮਣੀ ਕਰਮਕਾਂਡਾ ਅਤੇ ਅੰਧਵਿਸ਼ਵਾਸਾਂ ਦਾ ਭਰਵਾਂ ਖੰਡਣ ਵੀ ਕੀਤਾ ਹੋਇਆ ਹੈ। ਮਿਸਾਲ ਵੱਜੋਂ:-

ਭਗਤ ਜੀ ਪੰਨਾਂ ਨੰ: ੫੨੬ `ਤੇ ਆਪਣੇ "ਰਾਗ ਗੂਜਰੀ", ਪੰਜ ਬੰਦਾਂ ਦੇ ਸ਼ਬਦ "ਅੰਤਿ ਕਾਲਿ ਜੋ ਲਛਮੀ ਸਿਮਰੈ…" ਵਿੱਚਲੇ ਪਹਿਲੇ ਚਾਰ ਬੰਦਾਂ `ਚ ਬ੍ਰਾਹਮਣੀ ਵਿਸ਼ਵਾਸਾਂ ਦਾ ਜ਼ਿਕਰ ਕਰਦੇ ਹਨ।

ਜਦਕਿ ਭਗਤ ਜੀ ਆਪਣੇ ਉਸੇ ਸ਼ਬਦ ਦੇ ਰਹਾਉ ਦੇ ਬੰਦ `ਚ "ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ॥ ਰਹਾਉ॥" ਉਪ੍ਰੰਤ ਨਾਲ-ਨਾਲ ਉਸੇ ਸ਼ਬਦ ਦੇ ਅੰਤਮ ਪੰਜਵੇਂ ਨ੍ਰਿਣਾਇਕ ਬੰਦ:-

"ਅੰਤਿ ਕਾਲਿ ਨਾਰਾਇਣੁ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥ ਬਦਤਿ ਤਿਲੋਚਨੁ ਤੇ ਨਰ ਮੁਕਤਾ, ਪੀਤੰਬਰੁ ਵਾ ਕੇ ਰਿਦੈ ਬਸੈ॥ ੫ ॥" `ਚ ਭਗਤ ਜੀ ਨੇ "ਸੱਚ ਧਰਮ" ਅਥਵਾ:-ਗੁਰਮੱਤ ਸਿਧਾਂਤ ਦੀ ਖੁੱਲ ਕੇ ਪ੍ਰੌੜਤਾ ਕਰਦੇ ਅਤੇ ਕੀਤੀ ਵੀ ਹੋਈ ਹੈ

ਦੂਜੇ ਲਫ਼ਜ਼ਾਂ `ਚ ਭਗਤ ਜੀ ਨੇ ਉਸ ਸ਼ਬਦ ਦਾ "ਕੇਂਦ੍ਰੀ ਭਾਵ" ਰਹਾਉ ਭਾਵ ਵਾਲਾ ਬੰਦ ਦੇਣ ਸਮੇਂ ਉਪ੍ਰੰਤ ਸ਼ਬਦ ਦਾ ਅੰਤਮ ਨ੍ਰਿਣਾਇਕ ਬੰਦ ਦੇਣ ਸਮੇ---ਕੇਵਲ ਅਤੇ ਕੇਵਲ ਗੁਰਮੱਤ ਸਿਧਾਂਤ ਨੂੰ ਹੀ ਉਜਾਗਰ ਕੀਤਾ, ਸਪਸ਼ਟ ਕੀਤਾ, ਪ੍ਰਗਟਾਇਆ ਅਤੇ ਉਸੇ `ਤੇ ਪਹਿਰਾ ਦਿੱਤਾ ਹੈ

(ਅ) ਉਪ੍ਰੰਤ ਗੁਰਬਾਣੀ ਵਿੱਚਲੇ ਉਨ੍ਹਾਂ ੧੫ ਭਗਤਾਂ `ਚ ਭਗਤ ਰਾਮਾਨੰਦ ਜੀ ਵੀ ਹਨ। ਭਗਤ ਰਾਮਾਨੰਦ ਜੀ ਵੀ ਜਨਮ ਕਰਕੇ ਬ੍ਰਾਹਮਣ ਕੁਲ ਨਾਲ ਹੀ ਸੰਬੰਧਤ ਸਨ। ਫ਼ਿਰ ਇਹ ਵੀ ਕਿ ਮਨੁੱਖਾ ਜੀਵਨ ਦੀ ਸਫ਼ਲ ਅਵਸਥਾ "ਪੰਚਾ ਕਾ ਗੁਰੁ ਏਕੁ ਧਿਆਨੁ" (ਬਾਣੀ ਜਪੁ) ਵਾਲੀ ਪ੍ਰਾਪਤੀ ਤੋਂ ਪਹਿਲਾਂ ਨਾਲ ਸੰਬੰਧਤ, ਉਨ੍ਹਾਂ ਦੇ ਕਰਮਕਾਂਡੀ ਜੀਵਨ ਬਾਰੇ ਵੀ ਬੇਅੰਤ ਘਟਨਾਵਾਂ ਪ੍ਰਚਲਤ ਹਨ।

ਅੰਤ ਪ੍ਰਭੂ ਦੀ ਬਖ਼ਸ਼ਿਸ਼ ਸਦਕਾ, ਕਿਸੇ ਸਬੱਬ ਉਹੀ ਰਾਮਾਨੰਦ ਜੀ ਜਦੋਂ ਜੀਵਨ ਦੀ ਸਫ਼ਲ ਅਵਸਥਾ ਨੂੰ ਪ੍ਰਾਪਤ ਹੋਏ ਤਾਂ:-

"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਰਾਗ ਬਸੰਤੁ ਹਿੰਡੋਲੁ (ਪੰਨਾ ੧੧੯੫) `ਤੇ ਉਨ੍ਹਾਂ ਦਾ ਤਿੰਨ ਬੰਦਾ ਵਾਲਾ, ਕੇਵਲ ਇਕੋ ਹੀ ਸ਼ਬਦ "ਕਤ ਜਾਈਐ ਰੇ ਘਰ ਲਾਗੋ ਰੰਗੁ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ…" ਦਰਜ ਹੈ। ਉਪ੍ਰੰਤ ਅਰਥਾਂ ਸਹਿਤ ਉਹ ਪੂਰਾ ਸ਼ਬਦ ਇਸ ਪ੍ਰਕਾਰ ਹੈ:-

ਰਾਮਾਨੰਦ ਜੀ ਘਰੁ ੧ ੴ ਸਤਿ ਗੁਰਪ੍ਰਸਾਦਿ॥

ਕਤ ਜਾਈਐ ਰੇ ਘਰ ਲਾਗੋ ਰੰਗੁ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ॥ ੧ ॥ ਰਹਾਉ॥

ਏਕ ਦਿਵਸ ਮਨ ਭਈ ਉਮੰਗ॥ ਘਸਿ ਚੰਦਨ ਚੋਆ ਬਹੁ ਸੁਗੰਧ॥ ਪੂਜਨ ਚਾਲੀ ਬ੍ਰਹਮ ਠਾਇ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ॥ ੧ 

ਜਹਾ ਜਾਈਐ ਤਹ ਜਲ ਪਖਾਨ॥ ਤੂ ਪੂਰਿ ਰਹਿਓ ਹੈ ਸਭ ਸਮਾਨ॥ ਬੇਦ ਪੁਰਾਨ ਸਭ ਦੇਖੇ ਜੋਇ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ॥ ੨ 

ਸਤਿਗੁਰ ਮੈ ਬਲਿਹਾਰੀ ਤੋਰ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ॥ ਰਾਮਾਨੰਦ ਸੁਆਮੀ ਰਮਤ ਬ੍ਰਹਮ॥ ਗੁਰ ਕਾ ਸਬਦੁ ਕਾਟੈ ਕੋਟਿ ਕਰਮ॥ ੩ ॥ ੧ 

ਅਰਥ : —ਹੇ ਭਾਈ! ਹੋਰ ਕਿਥੇ ਜਾਈਏ? (ਹੁਣ) ਹਿਰਦੇ-ਘਰ ਵਿੱਚ ਹੀ ਮੌਜ ਬਣ ਗਈ ਹੈ; ਮੇਰਾ ਮਨ ਹੁਣ ਡੋਲਦਾ ਨਹੀਂ, ਥਿਰ ਹੋ ਗਿਆ ਹੈ। ੧। ਰਹਾਉ।

ਇੱਕ ਦਿਨ ਮੇਰੇ ਮਨ ਵਿੱਚ ਭੀ ਤਾਂਘ ਪੈਦਾ ਹੋਈ ਸੀ, ਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ, ਤੇ ਮੈਂ ਮੰਦਰ ਵਿੱਚ ਪੂਜਾ ਕਰਨ ਲਈ ਤੁਰ ਪਿਆ।

ਪਰ ਹੁਣ ਤਾਂ ਮੈਨੂੰ ਉਹ ਪਰਮਾਤਮਾ (ਜਿਸ ਨੂੰ ਮੈਂ ਮੰਦਰ ਵਿੱਚ ਰਹਿੰਦਾ ਸਮਝਦਾ ਸਾਂ) ਮੇਰੇ ਗੁਰੂ ਨੇ ਮੇਰੇ ਮਨ ਵਿੱਚ ਹੀ ਵੱਸਦਾ ਵਿਖਾ ਦਿੱਤਾ ਹੈ। ੧।

(ਤੀਰਥਾਂ ਉਤੇ ਜਾਈਏ ਚਾਹੇ ਮੰਦਰਾਂ ਵਿੱਚ ਜਾਈਏ) ਜਿਥੇ ਭੀ ਜਾਈਏ ਉਥੇ ਹੀ ਪਾਣੀ ਹੈ ਜਾਂ ਪੱਥਰ ਹਨ।

ਹੇ ਪ੍ਰਭੂ! ਤੂੰ ਹਰ ਥਾਂ ਇੱਕੋ ਜਿਹਾ ਅਤੇ ਭਰਪੂਰ ਹੈਂ, ਵੇਦ ਪੁਰਾਨ ਆਦਿਕ ਧਰਮ-ਪੁਸਤਕਾਂ ਭੀ ਖੋਜ ਕੇ ਵੇਖ ਲਈਆਂ ਹਨ। ਸੋ ਤਰੀਥਾਂ ਤੇ ਮੰਦਰਾਂ ਵਿੱਚ ਤਦੋਂ ਹੀ ਜਾਣ ਦੀ ਲੋੜ ਪਏ ਜੇ ਪਰਮਾਤਮਾ ਇਥੇ ਮੇਰੇ ਮਨ ਵਿੱਚ ਨਾਹ ਵੱਸਦਾ ਹੋਵੇ। ੨।

ਹੇ ਸਤਿਗੁਰੂ! ਮੈਂ ਤੈਥੋਂ ਸਦਕੇ ਹਾਂ, ਜਿਸ ਨੇ ਮੇਰੇ ਸਾਰੇ ਔਖੇ ਭੁਲੇਖੇ ਦੂਰ ਕਰ ਦਿੱਤੇ ਹਨ। ਰਾਮਾਨੰਦ ਦਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ (ਤੇ, ਗੁਰੂ ਦੀ ਰਾਹੀਂ ਮਿਲਦਾ ਹੈ, ਕਿਉਂਕਿ) ਗੁਰੂ ਦਾ ਸ਼ਬਦ ਕ੍ਰੋੜਾਂ (ਕੀਤੇ ਮੰਦੇ) ਕਰਮਾਂ ਦਾ ਨਾਸ ਕਰ ਦੇਂਦਾ ਹੈ। ੩। ੧।

ਨੋਟ : —ਭਗਤ ਰਾਮਾਨੰਦ ਜਾਤੀ ਦੇ ਬ੍ਰਾਹਮਣ ਸਨ। ਪਰ ਧਰਮ-ਆਗੂ ਬ੍ਰਾਹਮਣਾਂ ਦੇ ਪਾਏ ਹੋਏ ਭੁਲੇਖਿਆਂ ਦਾ ਇਸ ਸ਼ਬਦ ਵਿੱਚ ਖੰਡਨ ਕਰਦੇ ਹਨ ਤੇ ਆਖਦੇ ਹਨ ਕਿ ਤੀਰਥਾਂ ਦੇ ਇਸ਼ਨਾਨ ਤੇ ਮੂਰਤੀ-ਪੂਜਾ ਨਾਲ, ਮਨ ਦੀ ਅਵਸਥਾ ਉੱਚੀ ਨਹੀਂ ਹੋ ਸਕਦੀ।

ਜੇ ਪੂਰੇ ਗੁਰੂ ਦੀ ਸ਼ਰਨ ਪਈਏ, ਤਾਂ ਸਾਰੇ ਭੁਲੇਖੇ ਦੂਰ ਹੋ ਜਾਂਦੇ ਹਨ, ਤੇ ਪਰਮਾਤਮਾ ਹਰ ਥਾਂ ਵਿਆਪਕ ਅਤੇ ਆਪਣੇ ਅੰਦਰ ਵੱਸਦਾ ਦਿੱਸਦਾ ਹੈ। ਸਤਿਗੁਰੂ ਦਾ ਸ਼ਬਦ ਹੀ ਜਨਮਾਂ ਜਨਮਾਤਰਾਂ ਦੇ ਕੀਤੇ ਮੰਦੇ ਕਰਮਾਂ ਦਾ ਨਾਸ ਕਰਨ ਦੇ ਸਮਰੱਥ ਹੈ। (ਨੋਟ ਸਹਿਤ ਅਰਥ-ਪ੍ਰੋਫ਼ੈਸਰ ਸਾਹਿਬ ਸਿੰਘ ਜੀ)

ਇਸ ਤਰ੍ਹਾਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਭਗਤ ਰਾਮਾ ਨੰਦ ਜੀ ਦਾ ਇਕੋ ਇੱਕ ਸ਼ਬਦ ਹੀ ਇਸ ਸਚਾਈ ਨੂੰ ਸਾਬਤ ਕਰ ਰਿਹਾ ਹੈ, ਕਿ ਆਪਣੇ ਜੀਵਨ ਦੀ ਇਸ ਸਫ਼ਲ ਅਵਸਥਾ `ਚ ਪੁੱਜਣ ਬਾਅਦ, ਰਾਮਾਨੰਦ ਜੀ ਆਪਣੇ ਪੁਰਾਤਨ ਉਸ ਬ੍ਰਾਹਮਣੀ ਕਰਮਕਾਂਡੀ ਜੀਵਨ ਦੇ ਬਹੁਤ ਵੱਡੇ ਵਿਰੋਧੀ ਬਣ ਚੁੱਕੇ ਹੋਏ ਸਨ। (ਚਲਦਾ) #234P-XXVI,-02.17-0217#P26v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXVI

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਛੱਬੀਸਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.