.

ਆਸਾ ਕੀ ਵਾਰ

(ਕਿਸ਼ਤ ਨੰ: 8)

ਪਉੜੀ ਸੱਤਵੀਂ ਅਤੇ ਸਲੋਕ

ਸਲੋਕ ਮਃ ੧।।

ਹਉ ਵਿਚਿ ਆਇਆ ਹਉ ਵਿਚਿ ਗਇਆ।।

ਹਉ ਵਿਚਿ ਜੰਮਿਆ ਹਉ ਵਿਚਿ ਮੁਆ।।

ਹਉ ਵਿਚਿ ਦਿਤਾ ਹਉ ਵਿਚਿ ਲਇਆ।।

ਹਉ ਵਿਚਿ ਖਟਿਆ ਹਉ ਵਿਚਿ ਗਇਆ।।

ਹਉ ਵਿਚਿ ਸਚਿਆਰੁ ਕੂੜਿਆਰੁ।।

ਹਉ ਵਿਚਿ ਪਾਪ ਪੁੰਨ ਵੀਚਾਰੁ।।

ਹਉ ਵਿਚਿ ਨਰਕਿ ਸੁਰਗਿ ਅਵਤਾਰੁ।।

ਹਉ ਵਿਚਿ ਹਸੈ ਹਉ ਵਿਚਿ ਰੋਵੈ।।

ਹਉ ਵਿਚਿ ਭਰੀਐ ਹਉ ਵਿਚਿ ਧੋਵੈ।।

ਹਉ ਵਿਚਿ ਜਾਤੀ ਜਿਨਸੀ ਖੋਵੈ।।

ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ।।

ਮੋਖ ਮੁਕਤਿ ਕੀ ਸਾਰ ਨ ਜਾਣਾ।।

ਹਉ ਵਿਚਿ ਮਾਇਆ ਹਉ ਵਿਚਿ ਛਾਇਆ।।

ਹਉਮੈ ਕਰਿ ਕਰਿ ਜੰਤ ਉਪਾਇਆ।।

ਹਉਮੈ ਬੂਝੈ ਤਾ ਦਰੁ ਸੂਝੈ।।

ਗਿਆਨ ਵਿਹੂਣਾ ਕਥਿ ਕਥਿ ਲੂਝੈ।।

ਨਾਨਕ ਹੁਕਮੀ ਲਿਖੀਐ ਲੇਖੁ।।

ਜੇਹਾ ਵੇਖਹਿ ਤੇਹਾ ਵੇਖੁ।। ੧।।

ਪਦ ਅਰਥ:- ਹਉ – ਅਗਿਆਨਤਾ, ਹੰਕਾਰ, ਮੈਂ। ਵਿਚਿ – ਵਿੱਚ। ਆਇਆ – ਆਉਣਾ, ਆਉਣ। ਗਇਆ – ਜਾਣਾ, ਜਾਣ। ਜੰਮਿਆ – ਜਨਮ ਲੈਣਾ, ਜੰਮਣ। ਮੂਆ – ਮਰਨ। ਦਿਤਾ – ਦੇਣਾ, ਦਿੱਤਾ। ਲਇਆ - ਲੈਣਾ। ਖਟਿਆ – ਕਿਰਤ ਕਰ ਕੇ ਕਮਾਇਆ ਹੋਇਆ। ਗਇਆ – ਚਲੇ ਜਾਣਾ, ਗਿਆ, ਜਾਂਦਾ ਹੈ। ਹਉ ਵਿਚਿ ਕੂੜਿਆਰੁ ਸਚਿਆਰੁ – ਅਗਿਆਨਤਾ ਵਿੱਚ ਹੀ ਅਗਿਆਨੀ ਕੂੜਿਆਰ ਮਨੱਖ ਨੂੰ ਸਚਿਆਰ/ਸ਼ੁੱਧ ਭਾਵ ਉੱਚੀ ਜਾਤ ਵਾਲਾ ਸਮਝ ਲੈਂਦਾ ਹੈ। ਹਉ ਵਿਚਿ ਪਾਪ ਪੁੰਨ ਵੀਚਾਰੁ – ਇਸ ਤਰ੍ਹਾਂ ਅਗਿਆਨਤਾ ਵਿੱਚ ਹੀ ਪਾਪ/ਬੁਰਿਆਈ ਨੂੰ ਪੁੰਨ/ਚੰਗਿਆਈ ਸਮਝ ਕੇ ਵਿਚਾਰਦਾ ਹੈ। ਹਉ ਵਿਚਿ ਨਰਕਿ ਸੁਰਗ ਅਵਤਾਰੁ – ਇਸ ਤਰ੍ਹਾਂ ਅਗਿਆਨਤਾ ਵਿੱਚੋਂ ਨਰਕ ਸਵਰਗ ਦੀ ਵਿਚਾਰਧਾਰਾ ਦਾ ਜਨਮ ਹੁੰਦਾ ਹੈ। ਅਵਤਾਰੁ – ਉਤਪੰਨ ਹੋਣਾ, ਜਨਮ ਹੋਣਾ। ਹਉ ਵਿਚਿ ਹਸੈ ਹਉ ਵਿਚਿ ਰੋਵੈ – ਅਗਿਆਨਤਾ ਫੈਲਾਉਣ ਵਾਲਾ ਮਨੁੱਖ, ਅਗਿਆਨਤਾ ਅਪਣਾਉਣ ਵਾਲਿਆਂ `ਤੇ ਆਪ ਹੀ ਹੱਸਦਾ ਹੈ ਅਤੇ ਉਹ ਆਪਾ ਲੁਟਾ ਕੇ ਰੋਂਦੇ ਹਨ। ਹਉ ਵਿਚਿ ਭਰੀਐ ਹਉ ਵਿਚਿ ਧੋਵੈ – ਇਸ ਤਰ੍ਹਾਂ ਜੋ ਅਗਿਆਨੀ ਆਪ ਅਗਿਆਨਤਾ ਵਿੱਚ ਭਰਿਆ ਹੋਇਆ ਹੈ ਉਹ ਆਪਣੇ ਆਪ ਨੂੰ ਹੋਰਨਾਂ ਅਗਿਆਨਤਾ ਵਿੱਚ ਫਸਿਆ ਹੋਇਆਂ ਦੀ ਮੈਲ ਧੋਣ ਵਾਲਾ ਸਾਬਤ ਕਰਦਾ ਹੈ। ਹਉ ਵਿਚਿ ਜਾਤੀ ਜਿਨਸੀ ਖੋਵੈ – ਇਸ ਤਰ੍ਹਾਂ ਅਗਿਆਨੀ ਮਾਨਵਤਾ ਨੂੰ ਜਾਤਾਂ-ਪਾਤਾਂ ਵਿੱਚ ਵੰਡਦਾ ਹੈ। ਖੋਵੈ – ਵੰਡਦਾ ਹੈ। ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ – ਇਸ ਤਰ੍ਹਾਂ ਅਗਿਆਨੀ ਮੂਰਖ ਮਨੁੱਖ ਜੋ ਮਾਨਵਤਾ ਨੂੰ ਜਾਤਾਂ-ਪਾਤਾਂ ਵਿੱਚ ਵੰਡਦਾ ਹੈ, ਉਸ ਨੂੰ ਅਗਿਆਨੀ, ਅਗਿਆਨਤਾ ਵਿੱਚ ਸਿਆਣਾ ਸਮਝ ਲੈਂਦੇ ਹਨ। ਮੋਖ ਮੁਕਤਿ ਕੀ ਸਾਰ ਨ ਜਾਣਾ – ਮੁਕਤੀ ਦੇ ਦੁਆਰੇ ਦੀ ਸਾਰ/ਅਸਲੀਅਤ ਨਹੀਂ ਜਾਣਦਾ। ਹਉ ਵਿਚਿ ਮਾਇਆ – ਅਗਿਆਨਤਾ ਦੀ ਹਉਮੈ ਵਿੱਚ। ਹਉ ਵਿਚਿ ਛਾਇਆ – ਅਗਿਆਨਤਾ ਦੀ ਛਾਇਆ ਭਾਵ ਪ੍ਰਭਾਵ ਹੇਠ। ਹਉਮੈ ਕਰਿ ਕਰਿ ਜੰਤ ਉਪਾਇਆ – ਇਸ ਤਰ੍ਹਾਂ ਕਰ-ਕਰ ਕੇ (ਕੂੜਿਆਰ ਲੋਕਾਂ) ਨੇ ਜੀਵਾਂ ਦੇ ਅੰਦਰ ਅਗਿਆਨਤਾ ਪੈਦਾ ਕਰ ਦਿੱਤੀ ਹੈ। ਹਉਮੈ ਬੁਝੈ – ਜੇਕਰ ਅਗਿਆਨੀ ਆਪ ਆਪਣੀ ਅਗਿਆਨਤਾ ਨੂੰ ਬੁੱਝੇ ਭਾਵ ਸਵੈ ਮੁਲਾਂਕਣ (self analysis) ਕਰੇ। ਤਾ ਦਰ ਸੁਝੈ – ਤਾਂ ਗਿਆਨ ਦੇ ਦਰ ਦੀ ਸਮਝ ਪੈਂਦੀ ਹੈ। ਗਿਆਨ ਵਿਹੂਣਾ ਕਥਿ ਕਥਿ ਲੂਝੈ – ਨਹੀਂ ਤਾਂ ਗਿਆਨ ਤੋਂ ਸੱਖਣਾ ਮਨੁੱਖ ਅਗਿਆਨ ਨੂੰ ਕਥਿ-ਕਥਿ ਕੇ ਅੱਗੇ ਤੋਂ ਅੱਗੇ ਲੁੱਝਦਾ ਝੱਖ ਮਾਰਦਾ ਰਹਿੰਦਾ ਹੈ। ਨਾਨਕ - ਹੇ ਭਾਈ! ਨਾਨਕ ਆਖਦਾ ਹੈ। ਹੁਕਮੀ – ਕਰਤੇ ਦੇ ਹੁਕਮ ਅੰਦਰ। ਲਿਖੀਐ – ਲਿਖੇ ਹੋਏ ਹਨ। ਲੇਖੁ – ਲੇਖ। ਜੇਹਾ ਵੇਖਹਿ – ਜੇਹੋ ਜਿਹਾ ਵੇਖਦੇ ਹਨ। ਤੇਹਾ ਵੇਖੁ – ਉਹੋ ਜਿਹਾ ਅੱਗੇ ਤੋਂ ਅੱਗੇ ਕਰੀ ਜਾਂਦੇ ਹਨ।

ਅਰਥ:- ਹੇ ਭਾਈ! ਇਸੇ ਤਰ੍ਹਾਂ ਕਰਤੇ ਦੀ ਬਖਸ਼ਿਸ਼ ਗਿਆਨ ਤੋਂ ਬਗੈਰ:- ਮਨੁੱਖ ਅਗਿਆਨਤਾ ਵਿੱਚ ਹੀ ਆਉਣ ਜਾਣ ਅਤੇ ਜੰਮਣ ਮਰਨ ਦੇ ਭੁਲੇਖੇ ਵਿੱਚ ਫਸਿਆ ਹੋਇਆ ਹੈ।

ਇਸ ਜੰਮਣ ਮਰਨ ਦੀ ਅਗਿਆਨਤਾ ਵਿੱਚ ਹੀ ਮਨੁੱਖ ਅਜਿਹੀ ਅਗਿਆਨਤਾ ਫੈਲਾਉਣ ਵਾਲਿਆਂ ਨੂੰ (ਦਾਨ) ਦਿੰਦਾ ਹੈ ਅਤੇ ਉਹ ਲੈਂਦੇ ਹਨ। ਇਸ ਤਰ੍ਹਾਂ ਕਿਰਤ ਕਰ ਕੇ ਖਟਿਆ/ਕਮਾਇਆ ਹੋਇਆ ਅਗਿਆਨਤਾ ਵਿੱਚ ਅਗਿਆਨੀ ਨੂੰ ਦਿੱਤਾ ਹੋਇਆ (ਦਾਨ) ਵਿਅਰਥ ਹੀ ਚਲਾ ਗਿਆ (ਜਾਂਦਾ) ਹੈ। (ਭਾਵ ਅਗਿਆਨਤਾ ਵਿੱਚ ਦਿੱਤਾ ਦਾਨ ਉਲਟਾ ਬੁਰਿਆਈ ਨੂੰ ਜਨਮ ਦਿੰਦਾ ਹੈ)।

ਹਉ/ਅਗਿਆਨਤਾ ਵਿੱਚ ਹੀ (ਮਨੁੱਖ) ਅਗਿਆਨਤਾ ਫੈਲਾਉਣ ਵਾਲੇ ਕੂੜਿਆਰ/ਮੂਰਖ ਮਨੁੱਖ ਨੂੰ ਸਚਿਆਰ/ਸਿਆਣਾ ਸਮਝ ਲੈਂਦਾ ਹੈ ਅਤੇ ਇਸ ਤਰ੍ਹਾਂ ਜਦੋਂ ਅਗਿਆਨਤਾ ਵਿੱਚ ਮਨੁੱਖ ਪਾਪ/ਬੁਰਿਆਈ ਨੂੰ ਪੁੰਨ/ਚੰਗਿਆਈ ਸਮਝ ਕੇ ਵਿਚਾਰਦਾ ਹੈ ਤਾਂ ਇਸ ਅਗਿਆਨਤਾ ਵਿੱਚੋਂ ਹੀ ਨਰਕ ਸਵਰਗ ਦੀ ਵਿਚਾਰਧਾਰਾ ਦਾ ਅਵਤਾਰ ਭਾਵ ਜਨਮ ਹੁੰਦਾ ਹੈ। ਇਸ ਤਰ੍ਹਾਂ ਅਗਿਆਨਤਾ ਵਿੱਚ (ਨਰਕ ਸਵਰਗ ਦੀ ਵਿਚਾਰਧਾਰਾ ਨੂੰ ਫੈਲਾਉਣ ਵਾਲਾ) ਆਪ (ਉਸ ਵੱਲੋਂ ਫੈਲਾਈ ਅਗਿਆਨਤਾ ਅਪਣਾਉਣ ਵਾਲਿਆਂ `ਤੇ) ਹੱਸਦਾ ਹੈ ਅਤੇ ਅਗਿਆਨਤਾ ਮੰਨਣ ਵਾਲੇ (ਆਪਾ ਲੁਟਾ ਕੇ) ਅਗਿਆਨਤਾ ਵਿੱਚ ਰੋਂਦੇ ਹਨ। ਇਸ ਤਰ੍ਹਾਂ ਜਿਹੜਾ ਅਗਿਆਨੀ (ਲੋਕਾਂ ਨੂੰ ਅਗਿਆਨ ਵੰਡਣ ਵਾਲਾ) ਆਪ ਅਗਿਆਨਤਾ ਦੀ ਮੈਲ ਵਿੱਚ ਭਰਿਆ ਹੋਇਆ ਹੈ, ਉਹ ਆਪ ਆਪਣੇ ਆਪ ਨੂੰ ਅਗਿਆਨਤਾ ਵਿੱਚ ਫਸਿਆ ਹੋਇਆਂ ਦੀ ਮੈਲ ਧੋਣ ਵਾਲਾ ਸਾਬਤ ਕਰਦਾ ਹੈ। ਇਸ ਤਰ੍ਹਾਂ (ਕੂੜਿਆਰ ਮਨੁੱਖ, ਜਿਸ ਨੂੰ ਲੋਕ ਸਚਿਆਰ ਸਮਝ ਲੈਂਦੇ ਹਨ) ਉਹ ਮਾਨਵਤਾ ਨੂੰ ਜਾਤਾਂ-ਪਾਤਾਂ ਵਿੱਚ ਵੰਡਦਾ ਹੈ। ਇਸ ਤਰ੍ਹਾਂ ਦੀ ਅਗਿਆਨਤਾ ਵਿੱਚ (ਅਗਿਆਨਤਾ ਫੈਲਾਉਣ ਵਾਲੇ) ਮੂਰਖ ਮਨੁੱਖ ਨੂੰ, ਉਸ ਦੀ ਅਗਿਆਨਤਾ ਵਿੱਚ ਫਸ ਕੇ ਉਸ ਨੂੰ ਸਿਆਣਾ ਸਮਝ ਲੈਂਦਾ ਹੈ ਅਤੇ (ਆਪ ਉਨ੍ਹਾਂ ਸਾਹਮਣੇ ਇਹ ਸਮਝ ਕੇ ਨਿਮਾਣਾ ਬਣ ਜਾਂਦਾ ਹੈ) ਕਿ ਮੈਂ ਮੁਕਤੀ ਦੇ ਦੁਆਰੇ ਦੀ ਸਾਰ ਨਹੀਂ ਜਾਣਦਾ (ਅਤੇ ਇਹ ਜਾਣਦੇ ਹਨ)। (ਇਸ ਤਰ੍ਹਾਂ (ਕੂੜਿਆਰ) ਲੋਕਾਂ ਦੀ ਅਗਿਆਨਤਾ ਵਿੱਚ ਫਸਿਆ ਹੋਇਆਂ ਮਨੁੱਖਾਂ ਉੱਪਰ (ਕੂੜਿਆਰਾਂ) ਦੀ ਮਾਇਆ ਦਾ ਛਾਇਆ ਭਾਵ ਅਗਿਆਨਤਾ ਦਾ ਪ੍ਰਭਾਵ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਕਰ-ਕਰ ਕੇ (ਕੂੜਿਆਰ ਲੋਕਾਂ) ਨੇ ਜੀਵਾਂ ਦੇ ਅੰਦਰ ਅਗਿਆਨਤਾ ਪੈਦਾ ਕਰ ਦਿੱਤੀ ਹੈ। ਜਿਹੜੇ ਅਗਿਆਨਤਾ ਵਿੱਚ ਫਸ ਚੁੱਕੇ ਹਨ ਜੇਕਰ ਉਹ ਅਗਿਆਨਤਾ ਨੂੰ ਆਪ ਬੁੱਝਣ ਭਾਵ ਜਾਨਣ (self analysis) ਦੀ ਕੋਸ਼ਿਸ਼ ਕਰਨ ਤਾਂ ਹੀ ਉਨ੍ਹਾਂ ਨੂੰ ਅਗਿਆਨਤਾ ਤੋਂ ਮੁਕਤਿ ਹੋਣ ਲਈ ਗਿਆਨ ਦੇ ਦਰ ਦੀ ਸਮਝ ਪੈ ਸਕਦੀ ਹੈ ਨਹੀਂ ਤਾਂ ਗਿਆਨ ਤੋਂ ਸੱਖਣਾ ਮਨੁੱਖ ਅਗਿਆਨਤਾ ਨੂੰ ਕਥਿ ਕਥਿ ਕੇ (ਅੱਗੇ ਤੋਂ ਅੱਗੇ) ਝੱਖ ਮਾਰਦਾ ਰਹਿੰਦਾ ਹੈ। ਨਾਨਕ ਆਖਦਾ ਹੈ ਇਸ ਤਰ੍ਹਾਂ ਜੋ ਅਗਿਆਨਤਾ ਫੈਲਾਉਣ ਵਾਲੇ (ਲੋਕ ਲੋਕਾਈ ਨੂੰ ਇਹ ਮਨਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ) ਕਿ ਹੁਕਮੀ/ਕਰਤੇ ਦੇ ਹੁਕਮ ਅਨੁਸਾਰ ਤੁਹਾਡੇ ਲੇਖ ਲਿਖੇ ਹਨ ਭਾਵ ਉਸ ਨੇ ਹੀ ਜਾਤ-ਪਾਤ ਬਣਾਈ ਹੈ। ਇਸ ਤਰ੍ਹਾਂ ਲੋਕਾਈ ਜੋ ਵੇਖਦੀ ਹੈ ਉਹੋ ਜਿਹਾਂ ਹੀ ਵੇਖਾਂ ਵੇਖੀ ਅੱਗੇ ਤੋਂ ਅੱਗੇ ਕਰੀ ਜਾਂਦੀ ਹੈ। (ਇਸ ਤਰ੍ਹਾਂ ਅੱਗੇ ਤੋਂ ਅੱਗੇ ਸ਼ਾਤਰ ਦਿਮਾਗ ਲੋਕਾਂ ਦੀ ਕਾਢ, ਮਾਨਵਤਾ ਨੂੰ ਜਾਤਾਂ-ਪਾਤਾਂ ਰੰਗ, ਨਸਲ, ਫਿਰਕਿਆਂ ਦੇ ਆਧਾਰਤ ਵੰਡੀ ਜਾਂਦੀ ਲੁੱਟ-ਖਸੁੱਟ ਕਰੀ ਜਾਂਦੀ ਹੈ)।

ਮਹਲਾ ੨।।

ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ।।

ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ।।

ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ।।

ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ।।

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ।।

ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ।।

ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ।। ੨।।

ਪਦ ਅਰਥ:- ਹਉਮੈ – ਹੰਕਾਰ। ਇੱਥੇ ਚੱਲ ਰਹੇ ਪ੍ਰਕਰਣ ਅਨੁਸਾਰ ਉੱਪਰਲੇ ਸਲੋਕ ਨਾਲ ਲੜੀ ਜੋੜੀਏ ਤਾਂ ਇੱਥੇ ਹਉਮੈ ਸ਼ਬਦ ਦੇ ਅਰਥ ਅਖੌਤੀ ਸ਼ੁੱਧ ਉਚੀ ਜਾਤ ਦੀ ਹਉਮੈ ਦੇ ਭਰਮ ਨਾਲ ਹੈ। ਏਹਾ – ਇਹ। ਏਹਾ ਜਾਤਿ ਹੈ – ਇਹ। ਏਈ ਬੰਧਨਾ – ਇਸ ਤਰ੍ਹਾਂ ਬੰਧਨਾਂ ਦੇ ਵਿੱਚ। ਫਿਰਿ ਫਿਰਿ – ਵਾਰ ਵਾਰ। ਜੋਨੀ ਪਾਹਿ – ਜਨਮ ਮਰਨ ਦੇ ਭਰਮ ਵਿੱਚ ਪਾਉਂਦੇ ਹਨ। ਹਉਮੈ ਕਿਥਹੁ ਉਪਜੈ – (ਇਹ ਅਖੌਤੀ ਸ਼ੁਧਤਾ) ਦੀ ਹਉਮੈ ਕਿਥੋਂ ਉਪਜਦੀ ਹੈ। ਕਿਤੁ ਸੰਜਮਿ ਇਹ ਜਾਇ – ਕਿਹੜੇ ਤਰੀਕੇ ਨਾਲ ਜਾ ਸਕਦੀ ਭਾਵ ਖਤਮ ਹੋ ਸਕਦੀ ਹੈ। ਹਉਮੈ ੲੋਹੋ ਹੁਕਮੁ ਹੈ – ਤਾਂ ਹਉਮੈ ਵੱਸ ਕਹਿੰਦੇ ਹਨ ਇਹ ਤਾਂ (ਕਰਤੇ ਦਾ) ਹੁਕਮੁ ਹੈ ਭਾਵ ਕਰਤੇ ਨੇ ਹੀ ਬਣਾਈ ਹੈ। ਪਇਆ ਕਿਰਤਿ ਫਿਰਾਹਿ – ਇਸ ਤਰ੍ਹਾਂ ਕਿਰਤ (ਕਰਤੂਤ) ਅਨੁਸਾਰ ਭਟਕਦੇ ਹਨ। ਫਿਰਾਹਿ – ਭਟਕਦੇ ਹਨ। ਹਉਮੈ ਦੀਰਘ ਰੋਗੁ ਹੈ – ਇਹ ਇੱਕ ਬੜਾ ਭਿਆਨਕ ਰੋਗ ਹੈ। ਦਾਰੂ ਭੀ ਇਸੁ ਮਾਹਿ – ਦਾਰੂ/ਇਲਾਜ ਵੀ ਇਸ ਵਿੱਚ ਹੀ ਦੱਸਦੇ ਹਨ। ਕਿਰਪਾ ਕਰੇ ਜੇ ਆਪਣੀ – ਜੇ ਕਰ (ਅਖੌਤੀ ਸੁੱਧ) ਆਪਣੀ ਕਿਰਪਾ ਕਰੇ ਤਾਂ। ਗੁਰ ਕਾ ਸਬਦੁ ਕਮਾਹਿ – (ਅਖੌਤੀ ਸੁੱਧ ਦੇ ਦੱਸੇ ਹੋਇ ਅੰਧਿ ਵਿਸਵਾਸ) ਗੁਰ ਸਬਦ ਜਾਣੇ ਕਮਾਈ ਕਰੇ। ਨਾਨਕੁ ਕਹੈ – ਨਾਨਕ ਨੂੰ ਆਖਦੇ ਹਨ। ਸੁਣਹੁ ਜਨਹੁ – ਲੋਕੋ ਸੁਣੋ। ਇਤਿ ਸੰਜਮਿ ਦੁਖ ਜਾਇ – ਇਸ ਤਰੀਕੇ ਇਹ ਦੁੱਖ ਜਾ ਸਕਦਾ ਹੈ ਭਾਵ ਜਾਤ ਪਾਤ ਖਤਮ ਹੋ ਸਕਦੀ ਹੈ।

ਅਰਥ:- ਹੇ ਭਾਈ! ਜਿਹੜੇ (ਅਖੌਤੀ ਸ਼ੁੱਧ ਉਚ) ਜਾਤ ਦੀ ਹਉਮੈ ਵਿੱਚ ਗ੍ਰਸੇ ਹੋਏ ਹਨ, ਉਹ ਆਪਣੀ (ਅਖੌਤੀ ਸ਼ੁੱਧ ਜਾਤ ਦੀ) ਪੈਦਾਇਸ਼, ਹਉਮੈ ਅਨੁਸਾਰ (ਪਿਛਲੇ) ਕੀਤੇ ਹੋਏ ਕਰਮਾਂ ਦੀ ਕਮਾਈ ਦੱਸਦੇ ਹਨ। ਇਸ ਤਰ੍ਹਾਂ (ਅਖੌਤੀ ਸ਼ੁੱਧ) ਮਾਨਵਤਾ ਨੂੰ ਜਾਤ-ਪਾਤ ਦੇ ਬੰਧਨਾਂ ਵਿੱਚ ਬੰਨ੍ਹਦੇ ਹਨ। ਇਸ ਤਰ੍ਹਾਂ ਇਨ੍ਹਾਂ ਦੀ ਪਿਛਲੇ ਕੀਤੇ ਹੋਏ ਕਰਮਾਂ ਦੀ (ਅਖੌਤੀ ਸ਼ੁੱਧ ਪੈਦਾਇਸ਼) ਹਉਮੈ ਵਾਲੀ ਗੱਲ ਵਾਕਿਆ ਹੀ ਮਾਨਵਤਾ ਨੂੰ ਵਾਰ-ਵਾਰ ਜਨਮ ਮਰਨ, ਭਾਵ ਗਰਭ ਜੋਨਿ ਦੇ ਭਰਮ ਵਿੱਚ ਪਾਉਂਦੀ ਹੈ। ਜੇਕਰ ਕੋਈ ਇਨ੍ਹਾਂ ਨੂੰ ਇਨ੍ਹਾਂ ਦੀ ਹਉਮੈ ਬਾਰੇ ਪੁੱਛੇ ਕਿ ਇਹ (ਇਹ ਜੋ ਅਖੌਤੀ ਉੱਚੀ ਕੁਲ ਦੇ ਹਉਮੈ ਦੇ ਭਰਮ) ਦੀ ਉੱਪਜ ਹੈ ਕਿਥੋਂ ਪੈਦਾ ਹੁੰਦੀ ਹੈ? ਭਾਵ ਜਾਤ-ਪਾਤ ਕਿਸ ਨੇ ਬਣਾਈ ਹੈ ਤਾਂ ਇਹ ਜਾਤ-ਪਾਤ ਕਿਹੜੇ ਤਰੀਕੇ ਨਾਲ ਜਾ (ਭਾਵ ਖਤਮ ਹੋ ਸਕਦੀ ਹੈ)। ਹਉਮੈ ਗ੍ਰਸਤ ਲੋਕਾਂ ਨੇ ਆਮ ਲੋਕਾਈ ਤੇ ਇਹ (ਜਾਤ-ਪਾਤ ਦਾ ਭਰਮ) ਥੋਪਿਆ ਹੋਇਆ ਹੈ ਅਤੇ ਲੋਕ ਇਸ ਭਰਮ ਵਿੱਚ ਪਏ ਹੋਏ ਭਟਕਦੇ ਫਿਰਦੇ ਹਨ।

ਇਹ ਇਸ ਦਾ ਜਵਾਬ ਆਪਣੀ ਹਉਮੈ ਦੇ ਦੀਰਘ ਵਿੱਚ ਇਹ ਦੱਸਦੇ ਹਨ ਕਿ ਇਹ ਕਰਤੇ ਦਾ ਹੀ ਹੁਕਮ ਹੈ ਭਾਵ ਜਾਤ-ਪਾਤ ਕਰਤੇ ਨੇ ਹੀ ਬਣਾਈ ਹੈ ਅਤੇ ਆਪਣੀ ਕਰਤੂਤ (ਆਪਣੇ ਕਰਮਾਂ) ਅਨੁਸਾਰ ਲੋਕ, ਸੰਸਾਰ ਵਿੱਚ (ਨੀਵੀਂ ਜਾਤ ਵਿੱਚ) ਫਿਰਾਹਿ/ਭਟਕਦੇ ਹਨ ਅਤੇ ਨਾਨਕ ਨੂੰ ਆਖਦੇ ਹਨ ਲੋਕੋ ਸੁਣੋ ਜੇਕਰ ਉਹ (ਅਖੌਤੀ ਸ਼ੁੱਧ) ਆਪਣੀ ਕਿਰਪਾ ਕਰਨ ਤਾਂ (ਅਖੌਤੀ ਨੀਵੀਂ ਜਾਤ ਵਾਲੇ) ਉਨ੍ਹਾਂ ਦੇ ਦੱਸੇ ਹੋਏ (ਅੰਧ ਵਿਸ਼ਵਾਸ ਨੂੰ) ਗਿਆਨ ਦੀ ਬਖਸ਼ਿਸ਼ ਜਾਣ ਕੇ (ਪ੍ਰਵਾਨ ਕਰ ਕੇ) ਕਮਾਈ ਕਰਨ ਤਾਂ (ਅਖੌਤੀ ਨੀਵੀਂ ਜਾਤ ਵਾਲਿਆਂ) ਦੀ ਜਾਤ-ਪਾਤ ਜਾ ਸਕਦੀ ਹੈ। ਭਾਵ ਇਨ੍ਹਾਂ (ਅਖੌਤੀ ਸ਼ੁੱਧ ਲੋਕਾਂ) ਦੇ ਰਹਿਮੋ ਕਰਮ ਉੱਪਰ ਹੈ।

ਨੋਟ:- ਅੰਧ ਵਿਸ਼ਵਾਸ ਕਿਹੜਾ ਦੱਸਦੇ ਹਨ ਕਿ ਛੇ ਜਨਮ ਇਨ੍ਹਾਂ ਅਖੌਤੀ ਸ਼ੁੱਧ ਹੋਣ ਵਾਲਿਆਂ ਦਾ ਗੋਹਾ ਕੂੜਾ ਕਰਨ ਤਾਂ ਛੇ ਜਨਮ ਤੋਂ ਬਾਅਦ ਅਜਿਹਾ ਕਰਨ ਵਾਲਾ ਅਖੌਤੀ ਸ਼ੁੱਧ ਦੇ ਘਰ ਜਨਮ ਲੈ ਸਕਦਾ ਹੈ।

ਪਉੜੀ।।

ਸੇਵ ਕੀਤੀ ਸੰਤੋਖੀੲਂੀ ਜਿਨੀੑ ਸਚੋ ਸਚੁ ਧਿਆਇਆ।।

ਓਨੀੑ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ।।

ਓਨੀੑ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ।।

ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ।।

ਵਡਿਆਈ ਵਡਾ ਪਾਇਆ।। ੭।।

ਪਦ ਅਰਥ:- ਸੇਵ ਕੀਤੀ ਸੰਤੋਖੀੲਂੀ ਜਿਨੀੑ – ਜਿਹੜੇ ਸਿਦਕਵਾਨ ਪੁਰਖਾਂ ਨੇ ਸੇਵ ਕੀਤੀ। ਸਚੋ ਸਚੁ ਧਿਆਇਆ – ਉਨ੍ਹਾਂ ਨੇ ਨਿਰੋਲ ਸੱਚ ਨੂੰ ਧਿਆਇਆ (practice) ਭਾਵ ਆਪਣੇ ਜੀਵਨ ਵਿੱਚ ਅਭਿਆਸ ਕੀਤਾ। ਓਨੀੑ ਮੰਦੈ ਪੈਰੁ ਨ ਰਖਿਓ – ਉਨ੍ਹਾਂ ਨੇ (ਅਖੌਤੀ ਉੱਚੀ ਕੁਲ ਦੇ ਭਰਮ ਅਤੇ ਕਰਮਕਾਂਡ ਦੇ) ਮੰਦੇ ਰਸਤੇ `ਤੇ ਪੈਰ ਨਹੀਂ ਰੱਖਿਆ। ਕਰਿ ਸੁਕ੍ਰਿਤੁ ਧਰਮੁ ਕਮਾਇਆ – ਉਨ੍ਹਾਂ ਨੇ ਇਹ ਭਲੇ ਦਾ ਕੰਮ ਕੀਤਾ ਕਿ ਸੱਚ ਨੂੰ ਅਪਣਾਇਆ ਭਾਵ ਆਪਣੇ ਜੀਵਨ ਦਾ ਆਧਾਰ ਬਣਾਇਆ। ਓਨੀੑ ਦੁਨੀਆ ਤੋੜੇ ਬੰਧਨਾ – ਉਨ੍ਹਾਂ ਨੇ ਮਾਨਵਤਾ ਦੇ (ਕਰਮਕਾਂਡੀ ਜਾਤ-ਪਾਤ) ਦੇ ਬੰਧਨਾਂ ਨੂੰ ਤੋੜਿਆ। ਦੁਨੀਆ – ਮਾਨਵਤਾ। ਅੰਨੁ ਪਾਣੀ – ਅੰਨ ਪਾਣੀ। ਥੋੜਾ – ਨਾਂਹ ਵਾਚਕ ਸ਼ਬਦ ਹੈ। ਥੋੜਾ – ਜਿਵੇਂ:- ਉਹ ਉਥੇ ਥੋੜਾ ਗਿਆ ਹੈ, ਉਹ ਇੱਥੇ ਥੋੜਾ ਆਇਆ ਹੈ। ਉਨ੍ਹਾਂ ਨੇ ਬੰਧਨ ਤੋੜੇ, ਨਿਰਾ ਅੰਨ ਪਾਣੀ ਖਾ ਕਰ ਕੇ ਹੀ ਜੀਵਨ ਨਹੀਂ ਗਵਾਇਆ। ਤੂੰ – ਕਰਤਾ। ਬਖਸੀਸੀ – ਤਬਦੀਲੀ। ਅਗਲਾ – ਅੱਗੇ। ਬਖਸ਼ਿਸ਼ਾਂ ਕਰਨ ਵਾਲਾ। ਨਿਤ – ਹਮੇਸ਼ਾ। ਦੇਵਹਿ – ਕਰਦੇ ਹਨ। ਚੜਹਿ ਸਵਾਇਆ – ਪ੍ਰਕਾਸ਼ ਹੋਇਆ। ਵਡਿਆਈ ਵਡਾ ਪਾਇਆ – ਵਡਿਆਈ ਨੂੰ ਹੀ ਵੱਡਾ ਜਾਣਿਆ ਭਾਵ ਜਾਣਦੇ ਹਨ।

ਅਰਥ:- ਹੇ ਭਾਈ! ਜਿਨ੍ਹਾਂ ਨੇ ਨਿਰੋਲ ਸੱਚ/ਗਿਆਨ ਨੂੰ ਹੀ ਆਪਣੇ ਜੀਵਨ ਵਿੱਚ ਅਭਿਆਸ ਕੀਤਾ ਉਨ੍ਹਾਂ ਸਿਦਕਵਾਨ ਪੁਰਖਾਂ ਨੇ ਹੀ (ਸਮਾਜ ਵਿੱਚ ਸੱਚੀ) ਸੇਵ ਕੀਤੀ। ਉਨ੍ਹਾਂ ਨੇ (ਅਖੌਤੀ ਉੱਚੀ ਕੁਲ ਦੇ ਭਰਮ ਅਤੇ ਕਰਮਕਾਂਡ ਦੇ) ਮੰਦੇ ਰਸਤੇ `ਤੇ ਪੈਰ ਨਹੀਂ ਰੱਖਿਆ ਸਗੋਂ, ਆਪਣੇ ਜੀਵਨ ਵਿੱਚ ਵੀ ਧਰਮ/ਸੱਚ ਨੂੰ ਕਮਾਉਣਾ ਕੀਤਾ ਅਤੇ ਹੋਰਨਾਂ ਨੂੰ ਵੀ ਅਗਿਆਨਤਾ ਦੇ ਰਸਤੇ `ਤੇ ਤੁਰਨ ਤੋਂ ਵਰਜਿਆ, ਉਨ੍ਹਾਂ ਨੇ ਨਿਰਾ ਅੰਨ ਪਾਣੀ ਖਾ ਕਰ ਕੇ ਹੀ ਆਪਣਾ ਜੀਵਨ ਨਹੀਂ ਗਵਾਇਆ, ਉਨ੍ਹਾਂ ਨੇ ਦੁਨੀਆਂ ਨੂੰ (ਜਾਤਾਂ-ਪਾਤਾਂ ਵਿੱਚ ਵੰਡਣ ਵਾਲੇ ਕਰਮਕਾਂਡੀ ਸਿਧਾਂਤ ਦੇ) ਬੰਧਨਾਂ ਨੂੰ ਤੋੜਿਆ। ਇਸ ਤਰ੍ਹਾਂ ਜਿਨ੍ਹਾਂ ਦੇ (ਅਖੌਤੀ ਉੱਚੀ ਕੁਲ ਦੀ, ਮੈਂ ਦੇ ਆਪਣੇ ਭਰਮ ਵਿੱਚ ਵੀ) ਤਬਦੀਲੀ ਆਈ, ਉਨ੍ਹਾਂ ਨੇ ਤੂੰ/ਕਰਤੇ ਦੀ ਵਡਿਆਈ ਨੂੰ ਹੀ ਵੱਡਾ (ਸ਼ੁੱਧ ਸ਼੍ਰੇਸਟ) ਜਾਣਿਆ ਅਤੇ ਜਾਣਦੇ ਹਨ ਅਤੇ ਉਹ ਨਿਤ ਅੱਗੇ ਵੀ ਇਹੀ ਸਿਖਿਆ ਸਮਾਜ ਵਿੱਚ ਕਰਦੇ ਹਨ, ਜਿਸ ਨਾਲ ਸਮਾਜ ਵਿੱਚ ਪ੍ਰਕਾਸ਼ ਹੁੰਦਾ ਹੈ ਭਾਵ ਜਾਗਰਤੀ ਆਉਂਦੀ ਹੈ। (ਜਿਸ ਨਾਲ ਜਾਤ-ਪਾਤ ਅਤੇ ਕਰਮਕਾਂਡ ਦੇ ਕੋਹੜ ਅਖੌਤੀ ਉੱਚੀ ਕੁਲ ਦੇ ਭਰਮ ਤੋਂ ਬਚਿਆ ਜਾ ਸਕਦਾ ਹੈ)।

ਬਲਦੇਵ ਸਿੰਘ ਟੌਰਾਂਟੋ।
.