.

ਆਸਾ ਕੀ ਵਾਰ

(ਕਿਸ਼ਤ ਨੰ: 7)

ਪਉੜੀ ਛੇਵੀਂ ਅਤੇ ਸਲੋਕ

ਸਲੋਕ ਮਃ ੧।।

ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ।।

ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ।।

ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ।।

ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ।।

ਜੋਗੀ ਸੁੰਨਿ ਧਿਆਵਨਿੑ ਜੇਤੇ ਅਲਖ ਨਾਮੁ ਕਰਤਾਰੁ।।

ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ।।

ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ।।

ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ।।

ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ।।

ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ।।

ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ।।

ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ।।

ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ।।

ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ।। ੧।।

ਪਦ ਅਰਥ:- ਮੁਸਲਮਾਨਾ – ਇਸਲਾਮ ਨੂੰ ਮੰਨਣ ਵਾਲੇ। ਸਿਫਤਿ – ਵਡਿਆਈ। ਸਰੀਅਤਿ – ਸ਼ਰ੍ਹਾ। ਪੜਿ ਪੜਿ – ਪੜ੍ਹ-ਪੜ੍ਹ ਕੇ। ਕਰਹਿ ਬੀਚਾਰੁ – ਵਿਚਾਰਾਂ ਕਰਦੇ ਹਨ। ਬੰਦੇ ਸੇ ਜਿ – ਬੰਦੇ ਦਰਅਸਲ ਉਹ ਹੀ ਹਨ ਜਿਹੜੇ। ਪਵਹਿ ਵਿੱਚ ਬੰਦੀ – ਸ਼ਰ੍ਹਾ ਦੀ ਬੰਦਿਸ਼ ਵਿੱਚ ਪਏ ਹੋਏ ਹਨ, ਭਾਵ ਸ਼ਰ੍ਹਾ ਨੂੰ ਮੰਨਦੇ ਹਨ। ਵੇਖਣ ਕੋ – ਵੇਖਣ ਨੂੰ। ਦੀਦਾਰੁ – ਦਿਸਦੇ ਹਨ। ਹਿੰਦੂ ਸਾਲਾਹੀ ਸਾਲਾਹਨਿ – ਹਿੰਦੂ ਉਸ ਦੀ ਸਿਫ਼ਤ ਸਾਲਾਹ ਕਰਦੇ ਹਨ। ਦਰਸਨ ਰੂਪਿ ਅਪਾਰਿ - ਜਿਹੜਾ ਦੇਹ ਰੂਪ ਵਿੱਚ ਜਾਂ ਬੁੱਤ ਰੂਪ ਵਿੱਚ (ਅਵਤਾਰਵਾਦੀ ਅਖੌਤੀ ਕਰਤਾ) ਉਨ੍ਹਾਂ ਦੇ ਸਾਹਮਣੇ ਹੈ। ਕਰਤਾ ਹੈ। ਦਰਸਨ – ਸਾਹਮਣੇ। ਰੂਪਿ – ਦੇਹ ਰੂਪ ਵਿੱਚ, ਜਾ ਆਕਾਰ ਰੂਪ, ਭਾਵ ਬੁੱਤ ਰੂਪ ਵਿੱਚ। ਅਪਾਰਿ – ਕਰਤਾ। ਤੀਰਥ ਨਾਵਹਿ – ਤੀਰਥਾਂ `ਤੇ ਨਹਾਉਂਦੇ ਹਨ। ਅਰਚਾ ਪੂਜਾ – ਪੂਜਾ ਅਰਚਨਾ ਕਰਦੇ। ਅਗਰ ਵਾਸੁ ਬਹਕਾਰੁ – ਚੰਦਨ ਆਦਿਕ ਸੁਗੰਧੀ ਵਾਲੇ ਪਦਾਰਥ ਦੇ ਨਾਲ। ਜੋਗੀ – ਜੋਗੀ ਲੋਕ। ਸੁੰਨਿ – ਅਫੁਰ ਅਵੱਸਥਾ, ਅਫੁਰ ਅਵੱਸਥਾ ਦਾ ਮਤਲਬ ਹੁੰਦਾ ਜਦੋਂ ਫੁਰਨੇ ਖਤਮ ਹੋ ਜਾਣ, ਫੁਰਨੇ ਕਦੋਂ ਖਤਮ ਹੁੰਦੇ ਹਨ ਜਦੋਂ ਕੋਈ ਕਿਸੇ ਗੱਲ ਨੂੰ ਜਾਣ ਲੈਂਦਾ ਹੈ, ਸੋ ਇੱਥੇ ਸੁੰਨਿ ਦੇ ਅਰਥ ਜਾਣ ਲੈਣਾ ਹੀ ਬਣਦੇ ਹਨ। ਧਿਆਵਨਿੑ - ਧਿਆਉਂਦੇ ਹਨ। ਜੇਤੇ – ਜਿੰਨੇ। ਅਲਖ – ਨਾ ਲਖਿਆ ਜਾਣ ਵਾਲਾ। ਨਾਮੁ ਕਰਤਾਰੁ – ਨਾਮੁ – ਸੱਚ ਨੂੰ ਜੀਵਨ ਵਿੱਚ ਅਪਣਾਉਣਾ, ਸੱਚ ਮੰਨ ਲੈਣਾ। ਕਰਤਾਰੁ – ਕਰਤਾ ਕਰਤਾਰ। ਸੱਚ ਜਾਣ ਕੇ ਕਰਤਾਰ ਜਾਣ ਲਿਆ ਹੈ। ਸੂਖਮ ਮੂਰਤਿ – ਸੂਖਸ਼ਮ ਹੋਂਦ। ਨਿਰੰਜਨ – ਬੇਦਾਗ। ਕਾਇਆ ਕਾ ਆਕਾਰ – ਕਾਇਆ ਜਿਸ ਦਾ ਦੇਹ ਰੂਪ ਆਕਾਰ ਭਾਵ ਸਰੀਰ ਸਾਹਮਣੇ ਹੈ। ਸਤੀਆ – ਸੱਚ ਨੂੰ ਪ੍ਰਣਾਇਆ ਹੋਇਆ। ਮਨਿ – ਮੰਨ ਕੇ, ਸਮਝ ਕੇ। ਸੰਤੋਖ – ਸਬਰ। ਉਪਜੈ – ਉਪਜਿਆ ਹੋਇਆ ਹੈ। ਦੇਣੇ ਕੈ ਵੀਚਾਰਿ – ਦੇਣ ਵਾਲੇ (ਬਿਨਾਂ) ਵਿਚਾਰ ਕਰਨ ਦੇ। ਦੇ ਦੇ ਮੰਗਹਿ – ਦੇ ਦੇ ਕੇ ਮੰਗਦੇ ਹਨ। ਸਹਸਾ ਗੂਣਾ – ਹਜ਼ਾਰਾਂ ਗੁਣਾਂ। ਸੋਭ ਕਰੇ ਸੰਸਾਰੁ – ਸੰਸਾਰ ਸਾਡੀ ਸ਼ੋਭਾ ਕਰੇ। ਚੋਰਾ – ਠੱਗੀ ਮਾਰਨ ਵਾਲਿਆਂ। ਜਾਰਾ – ਯਾਰਾਨਾ, ਸੰਬੰਧ। ਤੈ – ਅਤੇ। ਕੂੜਿਆਰਾ – ਕੂੜ ਕਮਾਉਣ ਵਾਲੇ, ਕੂੜ ਬੋਲਣ ਵਾਲੇ। ਖਰਾਬਾ – ਖਰਾਬ ਕਰਨਾ, ਕੁਰਾਹੇ ਪਾਉਣਾ। ਵੇਕਾਰ – ਵੇਕਾਰੀ, ਗੈਰ ਇਖਲਾਖੀ। ਇਕਿ ਹੋਦਾ ਖਾਇ – ਇੱਕ ਆਪਣਾ ਹੱਕ ਖਾਂਦੇ ਹਨ, ਭਾਵ ਕਿਰਤ ਕਰ ਕੇ ਖਾਂਦੇ ਹਨ। ਚਲਹਿ ਐਥਾਊ – ਚਲੇ ਉਹ ਵੀ ਇਸ ਸੰਸਾਰ ਤੋਂ ਚਲੇ ਜਾਂਦੇ ਹਨ। ਤਿਨਾ – ਹੋਰਨਾਂ, ਹੋਰ। ਭਿ - ਵੀ। ਕਾਈ – ਕੋਈ ਨਾ ਕੋਈ। ਕਾਰ – ਕਿਰਤ।। ਤਿਨਾ ਭਿ ਕਾਈ ਕਾਰ – ਹੋਰ ਵੀ ਆਪਣੀ ਕੋਈ ਨਾ ਕੋਈ ਕਿਰਤ ਕਰਨ। ਜਲਿ ਥਲਿ – ਜਲ ਵਿੱਚ, ਥਲ ਵਿੱਚ। ਜੀਆ – ਜੀਵਾਂ ਵਿੱਚ। ਪੁਰੀਆ – ਪੁਰੀਆਂ। ਲੋਆ – ਬ੍ਰਹਿਮੰਡ। ਆਕਾਰਾ ਆਕਾਰ – ਗੱਲ ਕੀ ਸਮੁੱਚੇ ਬ੍ਰਹਿਮੰਡ ਜੋ ਆਕਾਰ/ਛੇਪ ਹੈ, ਦੇ ਵਿੱਚ ਵਿਆਪਕ। ਓਇ ਜਿ ਆਖਹਿ – ਉਹ ਲੋਕ ਜਿਹੜੇ ਇਹ ਆਖਦੇ ਹਨ। ਸੁ ਤੂੰਹੈ – ਉਹ ਤੂੰ ਹੀ ਹੈ (ਭਾਵ ਅਵਤਾਰਵਾਦ ਨੂੰ ਇਹ ਆਖਦੇ ਹਨ ਕਿ ਉਹ ਭਾਵ ਕਰਤਾ ਤੂੰ ਹੀ ਹੈ)। ਤਿਨਾ ਭਿ ਤੇਰੀ ਸਾਰ – ਉਹ ਵੀ ਤੇਰੀ ਕਰਤੇ ਦੇ ਸੱਚ ਹੋਣ ਦੀ ਅਸਲੀਅਤ ਨੂੰ ਜਾਣ ਸਕਣ। ਸਾਰ – ਅਸਲੀਅਤ, ਤੱਤ। ਨਾਨਕ – ਨਾਨਕ ਆਖਦਾ ਹੈ। ਭਗਤਾ – ਇਨਕਲਾਬੀ ਪੁਰਖਾਂ। ਭੁਖ – ਖਾਹਿਸ਼। ਸਾਲਾਹਣੁ – ਸਲਾਹੁਣਾ, ਜੀਵਨ ਵਿੱਚ ਅਪਣਾ ਕੇ। ਸਚੁ ਨਾਮੁ ਅਧਾਰੁ – ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਅਭਿਆਸ ਕਰਨ।

ਅਰਥ:- ਹੇ ਭਾਈ! ਇਸਲਾਮ ਨੂੰ ਮੰਨਣ ਵਾਲੇ ਸ਼ਰਾ ਦੀ ਵਡਿਆਈ ਵਿੱਚ ਸ਼ਰ੍ਹਾ ਨੂੰ ਪੜ੍ਹ-ਪੜ੍ਹ ਕੇ ਇਸ ਤਰ੍ਹਾਂ ਵਿਚਾਰਦੇ ਹਨ, ਕਿ ਬੰਦੇ/ਇਨਸਾਨ ਦਰਅਸਲ ਉਹ ਹੀ ਹਨ ਜਿਹੜੇ ਸ਼ਰ੍ਹਾ ਦੀ ਬੰਦਿਸ਼ ਵਿੱਚ ਬੰਦੀ ਹਨ ਭਾਵ ਜਿਨ੍ਹਾਂ ਨੇ ਸ਼ਰ੍ਹਾ ਅਪਣਾਈ ਹੋਈ ਹੈ ਅਤੇ ਜਾਂ ਜੋ ਵੇਖਣ ਨੂੰ ਉਨ੍ਹਾਂ ਦੇ ਆਪਣੇ ਵਰਗੇ ਦਿਸਦੇ ਹਨ। (ਭਾਵ ਹੋਰ ਕੋਈ ਉਨ੍ਹਾਂ ਨੂੰ ਇਨਸਾਨ ਹੀ ਨਹੀਂ ਦਿਸਦਾ)।

ਹਿੰਦੂ ਉਸ ਨੂੰ ਕਰਤਾ ਸਮਝ ਕੇ ਸਿਫ਼ਤ ਸਲਾਹ ਕਰਦੇ ਹਨ ਜੋ (ਅਵਤਾਰਵਾਦੀ) ਦੇਹ ਰੂਪ ਜਾਂ ਬੁੱਤ ਰੂਪ ਵਿੱਚ ਉਨ੍ਹਾਂ ਦੇ ਸਾਹਮਣੇ ਹੈ। ਇਹ ਤੀਰਥਾਂ `ਤੇ ਨਹਾਉਂਦੇ ਹਨ ਅਤੇ (ਬੁੱਤਾਂ) ਦੀ ਪੂਜਾ ਚੰਦਨ ਆਦਿਕ ਸੁਗੰਧੀ ਵਾਲੇ ਪਦਾਰਥਾਂ ਨਾਲ ਕਰਦੇ ਹਨ।

ਜਿੰਨੇ ਯੋਗੀ ਲੋਕ ਹਨ ਉਹ ਦਾਅਵਾ ਕਰਦੇ ਹਨ ਕਿ ਅਸੀਂ ਨਾ ਲਖਿਆ/ਨਾ ਜਾਣੇ ਜਾਣ ਵਾਲੇ ਬੇਦਾਗ ਕਰਤਾਰ ਦੇ ਸੱਚ ਨੂੰ ਜਾਣ ਲਿਆ ਹੈ, ਉਸ ਦੀ ਕਾਇਆ ਦਾ ਸੂਖਸ਼ਮ ਮੂਰਤਿ ਆਕਾਰ/ਦੇਹ ਰੂਪ ਵਿੱਚ ਹੈ। (ਭਾਵ ਅਲਖ/ਨਾ ਲਖਿਆ ਜਾਣ ਵਾਲਾ ਨਿਰੰਜਨ ਸ਼ਬਦ ਜੋ ਕਰਤੇ ਨੂੰ ਸ਼ੋਭਦੇ ਹਨ, ਉਹ ਸ਼ਬਦ ਯੋਗੀ ਲੋਕ ਆਪਣੇ ਦੇਹਧਾਰੀ ਮੁਖੀ ਲਈ ਵਰਤਦੇ ਹਨ, ਇਸ ਲਈ ਯੋਗੀਆਂ ਨੇ ਵੀ ਆਪਣੇ ਮੁਖੀ ਜੋ ਖਤਮ ਹੋ ਜਾਣ ਵਾਲੀ ਦੇਹ ਨੂੰ ਹੀ ਅਲਖ ਨਿਰੰਜਨ ਜਾਣ ਲਿਆ ਹੈ)।

ਕੁਝ ਲੋਕ (ਅਗਿਆਨਤਾ ਵੱਸ) ਬਿਨਾਂ ਵਿਚਾਰ ਕਰਨ ਦੇ ਇਨ੍ਹਾਂ (ਅਖੌਤੀ ਦੇਵਤਿਆਂ) ਨੂੰ ਪਹਿਲਾਂ ਆਪ (ਭੇਟਾਂਵਾਂ) ਦਿੰਦੇ ਹਨ ਕਿ ਸੰਸਾਰ ਸਾਡੀ ਸ਼ੋਭਾ ਕਰੇ ਅਤੇ ਦੇ-ਦੇ ਕੇ ਫਿਰ ਆਪ ਹੀ ਇਨ੍ਹਾਂ ਤੋਂ ਹਜ਼ਾਰਾਂ ਗੁਣਾਂ ਇਹ ਸਮਝ ਕੇ ਮੰਗਦੇ ਹਨ ਕਿ ਇਨ੍ਹਾਂ ਦੇ ਅੰਦਰ ਸੱਚ ਅਤੇ ਸੰਤੋਖ ਉਪਜਿਆ ਹੋਇਆ ਹੈ, ਉਨ੍ਹਾਂ ਨੇ ਇਨ੍ਹਾਂ (ਅਖੌਤੀ ਦੇਹਧਾਰੀ ਮੰਗਤਿਆਂ) ਨੂੰ ਹੀ ਦੇਣ ਵਾਲੇ ਦਾਤੇ ਜਾਣ ਲਿਆ ਹੈ। (ਉਹ ਇਹ ਨਹੀਂ ਵਿਚਾਰਦੇ ਜਿਹੜਾ ਕੋਈ ਉਨ੍ਹਾਂ ਦੇ ਹੀ ਟੁਕੜਿਆਂ `ਤੇ ਪਲਦਾ ਹੈ ਉਹ ਹੋਰਨਾਂ ਨੂੰ ਹਜ਼ਾਰਾਂ ਗੁਣਾਂ ਕਿਵੇਂ ਅਤੇ ਕਿਥੋਂ ਦੇ ਸਕਦਾ ਹੈ?)।

ਇਸ ਕਰ ਕੇ ਹੇ ਭਾਈ! ਜੋ ਠੱਗੀ ਮਾਰਨ ਵਾਲੇ ਕੂੜਿਆਰ ਠੱਗਾਂ ਨੂੰ (ਦੇਵਤੇ ਬਣਾ ਕੇ ਪੇਸ਼ ਕਰਦੇ ਹਨ) ਇਨ੍ਹਾਂ ਦਾ ਗੈਰ ਇਖਲਾਖੀ ਆਪਸੀ ਯਾਰਾਨਾ/ਸਾਂਝ/ਜੁਟ (ਮਾਨਵਤਾ) ਨੂੰ ਕੁਰਾਹੇ ਪਾ ਰਿਹਾ ਹੈ। ਇੱਕ ਜੀਵ ਹੋਦਾ ਖਾਇ ਭਾਵ (ਆਪਣੀ ਕੋਈ ਨਾ ਕੋਈ ਕਿਰਤ) ਕਰ ਕੇ, ਆਪਣਾ ਬਣਦਾ ਹੱਕ ਖਾਂਦੇ ਹਨ, ਬੇਸ਼ੱਕ ਚਲੇ ਉਹ ਵੀ ਇਸ ਸੰਸਾਰ ਤੋਂ ਜਾਂਦੇ ਹਨ (ਪਰ ਉਹ ਆਪਣੇ ਪਿੱਛੇ ਹੋਰਨਾਂ ਲਈ ਵੀ ਇਹ ਸੱਚ/ਅਸਲੀਅਤ ਛੱਡ ਜਾਂਦੇ ਹਨ) ਕਿ ਹੋਰ ਵੀ ਆਪਣੀ ਕੋਈ ਨਾ ਕੋਈ ਕਾਰ ਭਾਵ ਕਿਰਤ ਕਰ ਕੇ ਖਾਣ ਵਿੱਚ ਯਕੀਨ ਰੱਖਣ ਅਤੇ ਨਾਲ ਹੀ ਇਹ ਵੀ ਜਾਣ ਸਕਣ ਕੇ ਕਰਤਾ ਆਪ ਹੀ ਜਲ ਵਿੱਚ ਥਲ ਵਿੱਚ ਸਮੁੱਚੇ ਜੀਵਾਂ ਪੁਰੀਆਂ ਲੋਆਂ ਗੱਲ ਕੀ ਜੋ ਸਮੁੱਚੇ ਬ੍ਰਹਿਮੰਡ ਦੇ ਆਕਾਰ ਵਿੱਚ ਆਕਾਰਾ ਭਾਵ ਵਿਆਪਕ ਹੈ। (ਇਸ ਲਈ ਕੋਈ ਅਵਤਾਰਵਾਦੀ ਦੇਹਧਾਰੀ ਬੁੱਤ ਕਰਤਾ ਨਹੀਂ)।

ਹੇ ਭਾਈ! ਨਾਨਕ ਆਖਦਾ ਹੈ ਭਗਤ ਜਨਾਂ/ਇਨਕਲਾਬੀ ਪੁਰਖਾਂ ਦੀ ਭੁੱਖ/ਖਾਹਿਸ਼ ਸਿਰਫ ਇਹ ਹੀ ਹੈ ਕਿ (ਮਨੁੱਖ) ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ, ਸੱਚ ਦੀ ਸਲਾਹੁਣਾ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਗਿਆਨਵਾਨ ਪੁਰਖਾਂ ਦੇ ਪਾਏ ਹੋਏ ਗਿਆਨ ਦੇ ਪੂਰਨਿਆਂ `ਤੇ ਚੱਲ ਕੇ ਦਿਨ ਰਾਤ ਭਾਵ ਹਮੇਸ਼ਾ ਲਈ ਖੁਸ਼ਹਾਲ ਰਹਿਣ ਅਤੇ ਉਹ ਲੋਕ ਜਿਹੜੇ (ਅਗਿਆਨਤਾ ਵੱਸ ਅਖੌਤੀ ਅਵਤਾਰਵਾਦੀਆਂ ਨੂੰ ਦੇਵਤੇ) ਆਖਦੇ ਹਨ ਉਹ ਵੀ ਤੇਰੀ ਕਰਤੇ ਦੇ ਸੱਚ ਹੋਣ ਦੀ ਅਸਲੀਅਤ ਨੂੰ ਜਾਣ ਸਕਣ।

ਮਃ ੧।।

ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿੑਆਰ।।

ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ।।

ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ।।

ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ।। ੨।।

ਪਦ ਅਰਥ:- ਮਿਟੀ – ਸਰੀਰ ਮਰਨ ਤੋਂ ਬਾਅਦ ਮਿੱਟੀ ਹੈ। ਮੁਸਲਮਾਨ ਕੀ – ਜਦੋਂ ਮੁਸਲਮਾਨ ਦੇ ਸਰੀਰ ਦੀ ਆਪਣੀ ਮਿੱਟੀ। ਪੇੜੈ ਪਈ ਕੁਮਿੑਆਰ – ਘੁਮਿਆਰ ਦੇ ਪੇੜੇ ਪਈ ਤਾਂ। ਘੜਿ ਭਾਡੇ ਇਟਾ ਕੀਆ – ਉਸ ਨੇ ਘੜ ਕੇ ਭਾਂਡੇ ਅਤੇ ਇੱਟਾਂ ਬਣਾ ਲਈਆਂ। ਘੜਿ – ਘੜ ਕੇ, ਬਣਾ ਕੇ। ਜਲਦੀ ਕਰੇ ਪੁਕਾਰ – ਸੜਦੀ ਹੋਈ ਪੁਕਾਰ ਕਰੇ। ਜਲਿ ਜਲਿ ਰੋਵੈ ਬਪੁੜੀ – ਕੀ ਜਲਦੀ ਹੋਈ ਵਿਚਾਰੀ ਰੋਂਦੀ ਹੈ? । ਝੜਿ ਝੜਿ ਪਵਹਿ ਅੰਗਿਆਰ – ਜਦੋਂ ਅੰਗਿਆਰ ਝੜ-ਝੜ ਕੇ ਉੱਪਰ ਡਿਗਦੇ ਹਨ। ਨਾਨਕ – ਨਾਨਕ ਆਖਦਾ ਹੈ। ਜਿਨਿ ਕਰਤੇ – ਜਿਸ ਕਰਤੇ ਨੇ। ਕਾਰਣੁ ਕੀਆ – ਇਹ ਰਚਨ ਕਰਿਆ, ਰਚਿਆ ਹੈ। ਸੋ ਜਾਣੈ ਕਰਤਾਰੁ – ਉਸ ਕਰਤੇ ਦੇ ਨਿਯਮ ਨੂੰ ਹੀ ਜਾਣੇ।

ਅਰਥ:- (ਮੁਸਲਮਾਨ ਇਹ ਖਿਆਲ ਕਰਦੇ ਹਨ ਕਿ ਮਰਨ ਤੋਂ ਪਿੱਛੋਂ ਜਿਨ੍ਹਾਂ ਦੇ ਸਰੀਰ ਨੂੰ ਸਾੜਿਆ ਜਾਂਦਾ ਹੈ ਉਹ ਦੋਜਕਿ ਦੀ ਅੱਗ ਵਿੱਚ ਸੜਦੇ ਹਨ)। ਪਰ ਜਿਥੇ ਮੁਰਦੇ ਦਫ਼ਨਾਏ ਜਾਂਦੇ ਹਨ ਜਦੋਂ ਉਹ, ਮਿੱਟੀ ਕਿਸੇ ਘੁਮਿਆਰ ਦੇ ਪੇੜੇ (ਵੱਸ) ਪੈਂਦੀ ਹੈ ਤਾਂ ਉਹ ਉਸੇ ਮਿੱਟੀ ਦੇ ਬਣਾਏ ਹੋਏ ਇੱਟਾਂ ਜਾਂ ਭਾਂਡਿਆਂ ਨੂੰ ਅੱਗ ਵਿੱਚ ਸੁੱਟ ਕੇ ਜਦੋਂ ਪਕਾਇਆ ਜਾਂਦਾ ਹੈ, ਸੜਦੀ ਤਾਂ ਉਹ ਵੀ ਹੈ। ਕੀ ਉਹ ਕਦੇ ਪੁਕਾਰ ਕਰਦੀ ਹੈ? । ਕੀ ਕਦੇ ਉਹ ਵਿਚਾਰੀ ਜਲਣ ਸਮੇਂ ਰੋਂਦੀ ਹੈ? ਭਾਵੇਂ ਅੱਗ ਦੇ ਅੰਗਿਆਰ ਝੜ-ਝੜ ਕੇ ਉਸ ਦੇ ਉੱਪਰ ਵੀ ਪੈਂਦੇ ਹਨ। ਇਸ ਕਰਕੇ ਹੇ ਭਾਈ! ਨਾਨਕ ਆਖਦਾ ਹੈ ਜਿਸ ਕਰਤੇ ਨੇ ਰਚਨ ਰਚਿਆ ਹੈ ਉਸ ਦੇ ਬਣਾਏ ਨਿਯਮ ਨੂੰ ਹੀ ਜਾਣੇ।

ਨੋਂਟ:-ਜਦੋਂ ਸਰੀਰ ਵਿੱਚੋਂ ਸੁਆਸ ਖਤਮ ਹੋ ਜਾਂਦੇ ਹਨ ਤਾਂ ਉਹ ਮਿੱਟੀ ਹੈ, ਉਦੋਂ ਉਸ ਦੇ ਸਾੜਨ ਜਾਂ ਦਫ਼ਨਾਉਣ ਦੀ ਕਿਸੇ ਵੀ ਕਿਰਿਆ ਦਾ ਕਲਪੇ ਹੋਏ ਨਰਕ ਸਵਰਗ ਨਾਲ ਕੋਈ ਸੰਬੰਧ ਨਹੀਂ।

ਪਉੜੀ।।

ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ।।

ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ।।

ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ।।

ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ।।

ਜਗਜੀਵਨੁ ਦਾਤਾ ਪਾਇਆ।। ੬।।

ਪਦ ਅਰਥ:- ਬਿਨੁ ਸਤਿਗੁਰ – ਸਦੀਵੀ ਸਥਿਰ ਰਹਿਣ ਵਾਲੇ ਦੀ ਬਖਸ਼ਿਸ਼ ਗਿਆਨ ਤੋਂ ਬਿਨਾਂ। ਕਿਨੈ ਨ ਪਾਇਓ – ਨਾ ਹੀ ਕਿਸੇ ਪਾਇਉ/ਸਮਝਿਆ ਹੈ। ਕਿਨੈ ਨ ਪਾਇਆ – ਨਾ ਹੀ ਕਿਸੇ ਨੇ ਜਾਣਿਆ। ਸਤਿਗੁਰ ਵਿਚਿ – ਜਿਨ੍ਹਾਂ ਨੇ ਸਦੀਵੀ ਸਥਿਰ ਰਹਿਣ ਵਾਲੇ ਵਿੱਚ। ਆਪੁ ਰਖਿਓਨੁ – ਆਪ ਆਪਣਾ ਵਿਸ਼ਵਾਸ ਰੱਖਿਆ। ਕਰਿ ਪਰਗਟੁ – ਪ੍ਰਤੱਖ ਜਾਣ ਕਰ। ਆਖਿ ਸੁਣਾਇਆ – ਅੱਗੇ ਹੋਰਨਾਂ ਨੂੰ ਵੀ ਇਹ ਆਖ ਕੇ ਸੁਣਾਇਆ ਭਾਵ ਪ੍ਰਚਾਰਿਆ। ਸਤਿਗੁਰ ਮਿਲਿਐ – ਜਿਨ੍ਹਾਂ ਨੂੰ ਸਦੀਵੀ ਸਥਿਰ ਰਹਿਣ ਵਾਲੇ ਕਰਤੇ ਦੀ ਬਖਸ਼ਿਸ਼ ਗਿਆਨ ਪ੍ਰਾਪਤ ਹੋਇਆ। ਸਦਾ ਮੁਕਤੁ ਹੈ – ਉਹ ਹਮੇਸ਼ਾ ਲਈ ਮੁਕਤ ਹੈ। ਜਿਨਿ ਵਿਚਹੁ – ਜਿਸ ਕਿਸੇ ਨੇ ਆਪਣੇ ਅੰਦਰੋਂ। ਮੋਹੁ ਚੁਕਾਇਆ – ਅਗਿਆਨਤਾ ਦਾ ਮੋਹ ਚੁੱਕ ਦਿੱਤਾ। ਉਤਮੁ ਏਹੁ ਬੀਚਾਰੁ ਹੈ – ਉੱਤਮ ਇਹ ਵਿਚਾਰ ਹੈ। ਜਿਨਿ ਸਚੇ ਸਿਉ ਚਿਤੁ ਲਾਇਆ – ਜਿਨ੍ਹਾਂ ਨੇ ਸੱਚੇ ਨਾਲ ਆਪਣਾ ਚਿੱਤ ਜੋੜਿਆ। ਜਗਜੀਵਨੁ – ਜਗਤ ਨੂੰ ਜੀਵਨ ਦੇਣ ਵਾਲਾ। ਦਾਤਾ – ਦਾਤਾ, ਦਾਤ ਦੇਣ ਵਾਲਾ, ਬਖਸ਼ਿਸ਼ ਕਰਨ ਵਾਲਾ। ਪਾਇਆ – ਪਾਇਆ ਭਾਵ ਪ੍ਰਾਪਤ ਕੀਤਾ ਜਾ ਸਕਦਾ ਹੈ।

ਅਰਥ:- ਹੇ ਭਾਈ! ਸਦੀਵੀ ਸਥਿਰ ਰਹਿਣ ਵਾਲੇ ਦੀ ਬਖਸ਼ਿਸ਼ ਗਿਆਨ ਤੋਂ ਬਗੈਰ ਨਾ ਕਿਸੇ ਨੇ ਇਹ ਜਾਣਿਆ ਹੈ ਅਤੇ ਨਾ ਹੀ ਗਿਆਨ ਤੋਂ ਬਗੈਰ ਸਮਝ/ਜਾਣ ਹੀ ਸਕੇਗਾ ਕਿ (ਮਰਨ ਤੋਂ ਬਾਅਦ ਸਰੀਰ ਮਿੱਟੀ ਹੈ ਇਸ ਨੂੰ ਸਾੜਨ ਜਾਂ ਦਫ਼ਨਾਉਣ ਨਾਲ ਕੋਈ ਫਰਕ ਨਹੀਂ ਪੈਦਾ)। ਜਿਨ੍ਹਾਂ ਨੇ ਸਦੀਵੀ ਸਥਿਰ ਰਹਿਣ ਵਾਲੇ ਦੀ ਬਖਸ਼ਿਸ਼ ਗਿਆਨ ਨੂੰ ਪ੍ਰਤੱਖ/ਸੱਚ/ਸਾਹਮਣੇ ਜਾਣ ਕਰ ਕੇ ਆਪਣੇ ਅੰਦਰ ਟਿਕਾਇਆ, ਉਨ੍ਹਾਂ ਨੇ ਅੱਗੇ ਹੋਰਨਾਂ ਨੂੰ ਵੀ ਆਖ ਕੇ ਸੁਣਾਇਆ ਭਾਵ ਪ੍ਰਚਾਰਿਆ ਹੈ ਕਿ ਹੇ ਭਾਈ! ਸਤਿਗੁਰ ਦੀ ਬਖਸ਼ਿਸ਼ ਗਿਆਨ ਨਾਲ ਹੀ ਆਪਣੇ ਅੰਦਰੋਂ ਅਗਿਆਨਤਾ ਦਾ ਮੋਹ/ਭਰਮ ਚੁਕਾਇਆ ਭਾਵ ਖਤਮ ਕੀਤਾ ਜਾ ਸਕਦਾ ਹੈ ਅਤੇ ਉਸ ਜਗਤ ਦੇ ਜੀਵਨ ਦਾਤੇ ਦੀ ਬਖਸ਼ਿਸ਼ ਗਿਆਨ ਨੂੰ ਪਾਇਆ ਭਾਵ ਪ੍ਰਾਪਤ ਕੀਤਾ ਜਾ ਸਕਦਾ ਹੈ।

ਬਲਦੇਵ ਸਿੰਘ ਟੌਰਾਂਟੋ।
.