.

ਕੀ ਗੁਰੂ ਦਾ ਸਾਜਿਆ ਗੁਰੂ-ਪੰਥ ਵੀ ‘ਅਖੋਤੀ’ ਹੋ ਸਕਦਾ ਹੈ?

ਕਲ ਮੈਂ ਇਕ ਲਿਖਤ ਵਿਚ ਪੰਥ ਦੀ ਥਾਂ 'ਅਖੋਤੀ ਪੰਥ' ਸ਼ਬਦ ਦੀ ਵਰਤੋ ਨੂੰ ਪਹਿਲੀ ਵਾਰ ਪੜਿਆ ਹੈ ਤਾਂ ਤੋਂ ਮੇਰੀ ਹੈਰਾਨੀ ਅਤੇ ਮਾਨਸਕ ਪਰੇਸ਼ਾਨੀ ਨੇ ਇਕ ਸਵਾਲ ਮੇਰੇ ਸਾਮਣੇ ਪੈਦਾ ਕਰ ਦਿਤਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਵਲੋ ਸਪੂਰਣਤਾ ਪਰਾਪਤ ਗੁਰੂ-ਪੰਥ, ਜਿਸ ਨੂੰ ਨਿਰਮਲ ਸਿਧਾੰਤਾਂ ਨਾਲ ਸ਼ਿਗਾੰਰਣ ਲਈ ਦੋ ਗੁਰੂ ਸਾਹਿਬ ਨੇ ਸ਼ਹੀਦੀ ਨੂੰ ਪ੍ਰਵਾਨ ਕਰ ਲਿਆ, ਅਨੇਕਾਂ ਗੁਰਸਿੱਖਾਂ ਨੇ ਇਸ ਨੂੰ ਇਸ ਦੇ ਮੁਕਾਮ ਤਕ ਪਹੁੰਚਾਣ ਲਈ ਸ਼ਹੀਦੀ ਦਾ ਜਾਮ ਪੀ ਲਿਆ, ਗੁਰੂ ਅਤੇ ਉਸ ਦੇ ਸਿੱਖਾਂ ਨੇ ਪਰਵਾਰਾਂ ਸਮੇਤ ਅਸਾਹਿ ਕਸ਼ਟ ਝੱਲੇ, ਕੀ ਉਹ ਪੰਥ 'ਅਖੌਤੀ ਪੰਥ' ਹੋ ਸਕਦਾ ਹੈ?


ਇਹ ਗੱਲ ਸੁਭਾਵਿਕ ਹੈ ਕਿ ਹਰ ਇਕ ਸੰਸਥਾ ਤੇ ਸਮੇਂ ਸਮੇਂ ਤੇ ਖੁਦਗਰਜ ਅਤੇ ਭ੍ਰਿਸ਼ਟ ਲੋਕ ਕਾਬਜ ਹੋ ਜਾਂਦੇ ਨੇ ਤੇ ਖਾਲਸਾ ਪੰਥ ਦੇ ਇਤਿਹਾਸ ਵਿਚ ਵੀ ਇਹ ਸਭ ਹੋ ਚੁਕਿਆ ਹੈ।ਅਸੀਂ ਵੀ ਖੁਦਗਰਜ ਅਤੇ ਭ੍ਰਿਸ਼ਟ ਲੋਕਾਂ ਤੋਂ ਨਰਾਜ ਹੋਣ ਦਾ ਹੱਕ ਰਖਦੇ ਹਾਂ ਲੇਕਿਨ ਧਰਮ ਵਿਚ ਮਜੂਦ ਅਵਿਵਸਥਾਵਾਂ ਸਾਨੂੰ ਇਹ ਹੱਕ ਨਹੀਂ ਦੇ ਦੇਂਦਿਆਂ ਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਤੋ ਗੁਰਤਾ ਨਸ਼ੀਨ ਗੁਰੂ ਗ੍ਰੰਥ ਅਤੇ ਗੁਰੂ ਪੰਥ ਲਈ ਕੋਈ ਵੀ ਅਪਸ਼ਬਦ ਵਰਤੀਏ।


ਅਜ ਸਿੱਖ ਪੰਥ ਵਿਚ ਇਕ ਰਿਵਾਜ ਜਿਹਾ ਤੁਰ ਪਿਆ ਹੈ ਕਿ ਹਰ ਇਕ ਬੰਦਾ ਆਪਣੇ ਅੱਧਪੜੇ ਵਿਚਾਰਾਂ ਦੀ ਮਸ਼ਹੂਰੀ ਲਈ ਇਕ ਆਡਿਓ, ਵੀਡਿਓ ਜਾਂ ਲੇਖ ਤਿਆਰ ਕਰਦਾ ਹੈ ਤੇ ਝੱਟ, ਬਿਨਾਂ ਕੁਝ ਸੋਚੇ ਸਮਝੇ ਸੋਸ਼ਲ ਮੀਡਿਆ ਵਿਚ ਅਪਲੋਡ ਕਰ ਦੇਂਦਾ ਹੈ। ਉਹ ਅਤਿ ਆਤਮਵਿਸ਼ਵਾਸ ਦਾ ਸ਼ਿਕਾਰ, ਇਹ ਸੋਚਣ ਦਾ ਵੀ ਵਿਚਾਰ ਮਨ ਵਿਚ ਨਹੀ ਲਿਆਉਂਦਾ ਕਿ ਮੇਰੇ ਇਸ ਕੰਮ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਾਨ ਤੋ ਪਿਆਰੇ ਗੁਰੂ-ਪੰਥ ਤੇ ਕੀ ਅਸਰ ਹੋਵੇਗਾ।


ਅੱਜਕਲ ਇਹ ਇਕ ਵਿਚਾਰ ਬੜਾ ਹੀ ਪ੍ਰਭਾਵੀ ਹੋ ਰਿਹਾ ਹੈ ਕਿ ਸਾਨੂੰ ਆਪਣੇ ਸਾਹਿਤਕ ਅਤੇ ਇਤਿਹਾਸਕ ਗ੍ਰੰਥਾਂ ਦੀ ਸੋਧ ਕਰ ਲੈਣੀ ਚਾਹੀਦੀ ਹੈ। ਇਸ ਵਿਚਾਰ ਦੇ ਪ੍ਰਭਾਵ ਹੇਠ ਅਸੀਂ ਆਪਣੇ ਸਾਹਿਤਕ ਅਤੇ ਇਤਿਹਾਸਕ ਗ੍ਰੰਥਾਂ ਦੇ ਸੰਦਰਭਾਂ ਦਾ ਜੋਰੋ ਸ਼ੋਰਾਂ ਨਾਲ ਖੰਡਨ ਕਰਕੇ ਚੰਗਾ ਨਾਮਣਾ ਖੱਟ ਰਹੇ ਹਾਂ। ਅਸੀਂ ਕਰਮ ਸਿੰਘ ਹਿਸਟੋਰਿਅਨ ਦੀ ਉਹ ਚਿੰਤਾ ਜੋ ਡੇਢ ਸਦੀ ਪਹਿਲਾਂ ਦੀ ਹੈ, ਦਾ ਆਪਣੇ ਅਧੂਰੇ ਗਿਆਨ ਕਰਕੇ ਭਿਆਨਕ ਰੂਪ ਘੜੀ ਜਾ ਰਹੇ ਹਾਂ। ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਸਿੱਖ ਧਰਮ ਦੀ ਨਵੇਂ ਤਰੀਕੇ ਨਾਲ ਵਿਆਖਿਆ ਹੋਣੀ ਚਾਹੀਦੀ ਹੈ ਤੇ ਅਸੀਂ ਨਵੇਂ ਦੇ ਨਾਂ ਤੇ ਪੁਰਾਣੇ ਨੂੰ ਹੀ ਉਧੇੜਨ ਦਾ ਕੰਮ ਕਰ ਰਹੇ ਹੈ, ਨਵਾਂ ਸਿਰਜ ਕੁਛ ਨਹੀਂ ਰਹੇ ਹੈ। ਇਹ ਕਾਰਜਸ਼ੈਲੀ ਸਾਡੇ ਵਜੂਦ ਲਈ ਖਤਰਨਾਕ ਹੈ।


ਇਸ ਦਾ ਸਾਰਾ ਫਾਇਦਾ ਉਨ੍ਹਾਂ ਨੂੰ ਹੋਣਾ ਹੈ ਜੋ ਸਿੱਖੀ ਦੇ ਉਲਟ ਆਚਰਣ ਰਖਦੇ ਨੇ। ਬਸ ਲੋੜ ਹੈ ਇਸ ਗੱਲ ਨੂੰ ਪੱਲੇ ਬਨ ਕੇ ਚੇਤੇ ਰਖਣ ਦੀ ਕਿ ਮਹਲਾਂ ਦੀ ਮੁਰੰਮਤ ਤਾਂ ਹੋ ਸਕਦੀ ਹੈ, ਲੇਕਿਨ ਨਵੇਂ ਮਹਲ ਪੁਰਾਣੇ ਮਹਲਾਂ ਨੂੰ ਢਾਹਿ ਕੇ ਨਹੀਂ ਬਣਾਏ ਜਾ ਸਕਦੇ ਹਨ। ਨਵੇਂ ਮਹਲ ਲਈ ਨਵੀਂ ਥਾਂ ਦੀ ਲੋੜ ਹੁੰਦੀ ਹੈ। ਜੇ ਅਸੀਂ ਸਸਤਾ ਨਾਮਣਾ ਖੱਟ ਕੇ ਇਤਿਹਾਸ ਪੁਰਸ਼ ਬਨਣਾ ਹੀ ਚਹੁੰਦੇ ਹਾਂ ਤਾਂ ਨਵੀਂ ਜਮੀਨ ਤਕ ਕੇ ਨਵਾਂ ਮਹਲ ਸਿਰਜ ਲਈਏ ਭਾਵ ਡੇਰਾ ਜਾਂ ਨਵਾਂ ਧਰਮ ਚਾਲੂ ਕਰ ਲਈਏਂ ਜੋ ਜਿਆਦਾ ਸੋਖਾ ਤੇ ਕਾਮਯਾਬ ਹੈ ਕਿਉਕਿ ਨਵੇਂ ਦੇ ਨਾਂ ਤੇ ਹੀ ਸਾਨੂੰ ਕੁਛ ਸਮਰਥਕ ਵੀ ਜਰੂਰ ਮਿਲ ਜਾਉਣਗੇਂ।


ਜੇ ਭਾਵਨਾ ਕੁਛ ਸਿਰਜੇ ਮਹਲ (ਸਿੱਖੀ) ਨੂੰ ਸਜਾਣ ਦੀ ਹੈ ਤਾਂ ਤੇ ਫਿਰ ਕੇਵਲ ਸਫਾਈ ਕਰਣੀ ਹੋਵੇਗੀਂ ਨਾ ਕਿ ਸਿਰਣਾ ਦੇ ਨਾਂ ਤੇ ਮਹਲ ਦੀ ਨੀਂਵ ਦੀ ਖੁਦਾਈ ਕੀਤੀ ਜਾਵੇਂ ਕਿਉਕਿ ਨੀਂਵ ਦੀ ਖੁਦਾਈ ਮਹਲ ਨੂੰ ਢਾਹ ਦੇਵੇਗੀ। ਮਹਲ ਸਮੇਂ ਦੇ ਕਾਰਣ ਪੰਥਕ ਜੁਗਤ ਨਾਲ ਰਖ ਰਖਾਵ ਮੰਗਦਾ ਹੈ ਨਾ ਕਿ ਇਮਾਰਤ ਵਿਚ ਭੰਨ ਤੋੜ। ਬੇਲੋੜੀ ਭੰਨ ਤੋੜ ਅਸੀਂ ਕੀਤੀ ਤਾਂ ਉਸਦੇ ਜਿੱਮੇਦਾਰ ਅਸੀਂ ਖੁਦ ਹੋਵਾਗੇਂ ਤੇ ਨਤੀਜੇ ਆਉਣ ਵਾਲਿਆ ਸਾਡਿਆਂ ਨਸਲਾਂ ਭੁਗਤਣ ਗਿਆ। ਪੁਰਾਤਨ ਇਤਿਹਾਸ, ਦਰਸ਼ਨ, ਸਾਹਿਤ, ਗੁਰਬਾਣੀ ਵਿਚਾਰ, ਜੀਵਨ ਜਾਚ ਆਦਿਕ ਵਿਸ਼ਿਆਂ ਦੀਆਂ ਖੋਜਾਂ ਤੇ ਗ੍ਰੰਥ ਵਰਤਮਾਨ ਅਤੇ ਭਵਿਖ ਦੇ ਸਿਖਾਰਥਿਆਂ ਦੇ ਗਿਆਨ ਸਿਰਹਣਾ ਦਾ ਅਧਾਰ ਹਨ ਜੇ ਅਸੀਂ ਇਨ੍ਹਾਂ ਦਾ ੫-੧੦ ਮਿੰਟਾਂ ਦੀ ਆਡਿਓ ਵੀਡਿਓ ਜਾਂ ੨-੩ ਪੇਜਾਂ ਦੇ ਲੇਖਾਂ ਰਾਹੀ ਖੰਡਨ ਕਰਣ ਵਿਚ ਹੀ ਜੋਰ ਲਾ ਦਿਤਾ ਤਾਂ ਅਸੀ ਨਵੇਂ ਸਾਹਿਤ ਅਤੇ ਗਿਆਨ ਦੀ ਉਸਾਰੀ ਤੋ ਵਾਂਙੇ ਰਹ ਜਾਵੇਗੇ ਤੇ ਪਛਤਾਉਣ ਦੇ ਕਾਰਣ ਵੀ ਅਸੀ ਆਪ ਹੀ ਹੋਵਾਗੇਂ। ਜੋ ਅਸੀਂ ੧-੨ ਘੰਟਿਆਂ ਦਾ ਸਮਾਂ ਲਾ ਕੇ ਅਸੀਂ ਕਿਸੇ ਵੀ ਗ੍ਰੰਥ ਦੀ ਬਖਿਆ ਉਧੇੜ ਦੇਂਦੇ ਹਾਂ, ਉਸ ਰਚਨਾ ਨੂੰ ਤਿਆਰ ਕਰਣ ਲਈ ਲਗਣ ਵਾਲੇ ਸਮੇਂ ਜਿਨਾਂ ਸਮਾਂ ਵੀ ਅਸੀਂ ਕੌਮ ਨੂੰ ਨਿਸਵਾਰਥ ਹੋ ਕੇ ਨਹੀਂ ਦੇ ਸਕੇ ਹੁੰਦੇ।


ਹਾਂ ਸਮਾਂ ਸੁਧਾਰ ਮੰਗਦਾ ਹੈ, ਇਸ ਵਿਚ ਕੋਈ ਸ਼ੱਕ ਨਹੀਂ, ਲੇਕਿਨ ਉਹ ਸੁਧਾਰ ਪੰਥਕ ਜੁਗਤ ਨਾਲ ਪੰਥਕ ਪੱਧਰ ਦੇ ਹੋਣਾ ਚਾਹੀਦਾ ਹੈ, ਕੱਲੇ ਕੱਲੇ ਵਲੋਂ ਸੋਸ਼ਲ ਮੀਡਿਆ ਜਾਂ ਲੋਕਲ ਸਟੇਜਾਂ ਤੇ ਨਹੀਂ ਕਿਉਕਿ ਇਨ੍ਹਾਂ ਨਾਲ ਖਲਾਰਾ ਹੀ ਪੈਂਦਾ ਹੈ, ਸਮਾਧਾਨ ਕੁਛ ਵੀ ਨਹੀਂ ਹੋ ਪਾ ਰਿਹਾ ਹੈ।


ਅੱਜ ਲੋੜ ਹੈ ਵਧੇਰੇ ਸੁਚੇਤ ਹੋਣ ਦੀ ਕਿਧਰੇ ਅਸੀਂ ਹੀ ਸਿੱਖੀ ਦੇ ਮਹਲ ਤੇ ਜਾਣੇ ਅਨਜਾਣੇ ਵਿਚ ਆਤਮਘਾਤੀ ਹਮਲਾ ਨਾ ਕਰ ਬੈਠਿਏ।

ਮਨਮੀਤ ਸਿੰਘ ਕਾਨਪੁਰ
.