.

ਆਤਮਘਾਤੀ ਹੈ ਜਗਤ ਕਸਾਈ॥


ਸੰਸਕ੍ਰਿਤ-ਮੂਲਿਕ ‘ਆਤਮਘਾਤੀ` ਲਫ਼ਜ਼ ਦਾ ਪਦ-ਅਰਥ ਹੈ - ਖ਼ੁਦਕੁਸ਼ੀ ਕਰਨ ਵਾਲਾ`
(Self-killer, Suicider) । ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੁਲੰਬੀਆ ਦੇ ਇੱਕ ਸਰਵੇ ਮੁਤਾਬਿਕ ਸੰਸਾਰ ਭਰ ਵਿੱਚ ਹਰ ਸਾਲ ਇੱਕ ਮਿਲੀਅਨ (10 ਲੱਖ) ਲੋਕ ਖ਼ੁਦਕਸ਼ੀ ਕਰ ਰਹੇ ਹਨ, ਜਿਨ੍ਹਾਂ ਵਿੱਚ ਵਿੱਚ 6 ਸਾਲ ਦੇ ਬੱਚੇ ਤੋਂ ਲੈ ਕੇ 100 ਸਾਲ ਤੱਕ ਦੇ ਬਜ਼ੁਰਗ ਵੀ ਸ਼ਾਮਲ ਹਨ। ਭਾਵ, ਹਰ 40 ਸੈਕਿੰਡ ਪਿੱਛੋਂ ਕਿਤੇ-ਨ-ਕਿਤੇ ਅਜਿਹੀ ਦੁਖਦਾਈ ਦੁਰਘਟਨਾ ਘਟ ਜਾਂਦੀ ਹੈ। ਕੋਈ ਪਹਾੜ ਜਾਂ ਉੱਚੇ ਮਕਾਨ ਤੋਂ ਛਾਲ ਮਾਰ ਕੇ ਮਰ ਜਾਂਦਾ ਹੈ ਅਤੇ ਕੋਈ ਸਮੁੰਦਰ, ਨਦੀ-ਨਾਲੇ ਜਾਂ ਨਹਿਰ ਆਦਿਕ ਵਿੱਚ ਡੁੱਬ ਕੇ ਜਾਨ ਦੇ ਦਿੰਦਾ ਹੈ। ਕੋਈ ਜ਼ਹਿਰ ਖਾ ਪੀ ਆਪਣੀ ਜਾਨ ਗਵਾ ਲੈਂਦਾ ਹੈ ਅਤੇ ਕੋਈ ਮਿੱਟੀ ਦਾ ਤੇਲ ਜਾਂ ਪੈਟਰੋਲ ਆਦਿਕ ਛਿੜਕ ਕੇ ਅੱਗ ਵਿੱਚ ਸੜ-ਬਲ ਜਾਂਦਾ ਹੈ। ਕੋਈ ਜ਼ੁਲਮਾਂ ਦੇ ਭਾਰ ਹੇਠ ਦੱਬ ਕੇ ਜਰਮਨੀ ਦੇ ਜ਼ਾਲਮ ਡਿਕਟੇਟਰ ਹਿਟਲਰ ਵਾਂਗ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ ਹੈ ਅਤੇ ਕੋਈ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਮੁਰਾਰਜੀ ਦੇਸਾਈ ਦੇ ਬਾਪ ਰਣਛੋੜ ਜੀ ਦੇਸਾਈ ਵਾਂਗ ਮੋਕਸ਼ ਦੇ ਖ਼ਿਆਲ ਨਾਲ ਖੂਹ ਵਿੱਚ ਛਾਲ ਮਾਰ ਕੇ ਆਤਮ-ਬਲੀਦਾਨ ਦੇ ਦਿੰਦਾ ਹੈ। ਕੋਈ ਪ੍ਰਲੋਕ ਦੀ ਬਹਿਸ਼ਤ ਪ੍ਰਾਪਤੀ ਦੇ ਵਿਸ਼ਵਾਸ਼ ਅਧੀਨ ਸ਼ਹਾਦਤ ਦਿੰਦਿਆਂ ਆਤਮਘਾਤੀ ਬੰਬ ਬਣ ਕੇ ਆਪਣੇ ਨਾਲ ਹੋਰ ਵੀ ਕਈ ਨਿਰਦੋਸ਼ਾਂ ਦੀ ਜਾਨ ਲੈ ਲੈਂਦਾ ਹੈ। ਅਮਰੀਕਾ ਵਿੱਚ ਖ਼ੁਦਕਸ਼ੀ ਕਰਨ ਵਾਲਿਆਂ ਵਿੱਚੋਂ 60 ਪ੍ਰਤੀਸ਼ਤ ਲੋਕ ਜਾਣ-ਬੁੱਝ ਕੇ ਕਾਰ ਐਕਸੀਡੈਂਟ ਕਰ ਲੈਂਦੇ ਹਨ। ਕਿਉਂਕਿ, ਅਜਿਹੇ ਢੰਗ ਨਾਲ ਵਿਅਕਤੀ ਦੀ ਮੌਤ ਦਾ ਸੱਚ ਛੁਪਿਆ ਰਹਿ ਜਾਂਦਾ ਹੈ।
ਮਨੋ-ਵਿਗਿਆਨੀਆਂ ਮੁਤਾਬਿਕ ਖ਼ੁਦਕਸ਼ੀ ਉਹੀ ਲੋਕ ਕਰਦੇ ਹਨ, ਜਿਹੜੇ ਕਿਸੇ ਮਾਨਸਿਕ ਰੋਗ ਕਾਰਣ ਆਪਣਾ ਦਿਮਾਗੀ ਸੰਤੁਲਨ ਗਵਾ ਬੈਠਦੇ ਹਨ। ਕਿਉਂਕਿ, ਕੋਈ ਵੀ ਸਵਸਥ ਤੇ ਸੰਤੁਲਨ ਜੀਵਨ ਜੀਊਣ ਵਾਲਾ ਵਿਅਕਤੀ ਆਪਣੀ ਮੌਤ ਆਪ ਨਹੀਂ ਸਹੇੜ ਸਕਦਾ। ਹਰੇਕ ਜੀਵ-ਜੰਤੂ ਅੰਦਰ ਆਪਣੇ ਆਪ ਨੂੰ ਸੁਰੱਖਿਅਤ (ਜੀਊਂਦਾ) ਰੱਖਣ ਦੀ ਭਾਵਨਾ ਕੁਦਰਤੀ ਤੌਰ `ਤੇ ਮਜੂਦ ਹੈ ਅਤੇ ਇਸ ਪੱਖੋਂ ਮਨੁੱਖਾ ਸ਼੍ਰੇਣੀ ਸਭ ਤੋਂ ਵਧੇਰੇ ਚਿੰਤਤ ਹੈ। ਗੁਰਵਾਕ ਹੈ: ਬਹੁਤਾ ਜੀਵਣੁ ਮੰਗੀਐ, ਮੁਆ ਨ ਲੋੜੈ ਕੋਇ।। {ਗੁ. ਗ੍ਰੰ. -ਪੰ. ੬੩} ਜਿਨ੍ਹਾਂ ਮਾਨਸਿਕ ਰੋਗਾਂ ਕਾਰਣ ਮਨੁੱਖ ਅੰਦਰ ਆਤਮ-ਹੱਤਿਆ ਦੀ ਪ੍ਰਵਿਰਤੀ ਪ੍ਰਬਲ ਤੌਰ `ਤੇ ਪ੍ਰਜਲੱਵਿਤ ਹੁੰਦੀ ਹੈ, ਉਨ੍ਹਾਂ ਵਿੱਚੋਂ ਕੁੱਝ ਮੁੱਖ ਨਾਮ ਹਨ: ‘ਡਿਮੇਸ਼ੀਆ ਪ੍ਰਿਕੋਕਸ` ਯਾਨੀ ਜਵਾਨ ਅਵਸਥਾ ਦਾ ਹਿੰਸਾਤਮਕ ਪਾਗਲਪਨ; ‘ਡਿਮੇਸ਼ੀਆ ਪੈਰਾਲਿਟਿਕਾ` ਯਾਨੀ ਪਾਗਲਪਨ ਦਾ ਵਕਤੀ ਦੌਰਾ; ‘ਮੈਲਨਕੋਲੀਆ` ਯਾਨੀ ਵਿਸ਼ਾਦ ਰੋਗ, ਜਿਸ ਵਿੱਚ ਦਿਮਾਗੀ ਜੜ੍ਹਤਾ, ਨਿਰਾਸ਼ਤਾ ਅਤੇ ਅਪਰਾਧਕ ਭਾਵਨਾ ਆਦਿਕ ਦੇ ਮਾਨਸਕ ਕਲੇਸ਼ ਵੀ ਸ਼ਾਮਲ ਹੁੰਦੇ ਹਨ। ਪੰਜਾਬੀ ਮੁਹਾਵਰੇ ਵਿੱਚ ਇਸ ਨੂੰ ‘ਦਿਲ ਦਾ ਟੁੱਟਣਾ` ਵੀ ਆਖਿਆ ਜਾ ਸਕਦਾ ਹੈ।
ਸੰਸਾਰ ਭਰ ਦੇ ਖ਼ੁਦਕੁਸ਼ੀ ਨੋਟਾਂ ਨੂੰ ਵਿਚਾਰਨ ਉਪਰੰਤ ਮਨੋਵਿਗਿਆਨੀਆਂ ਨੇ ਉਪਰੋਕਤ ਕਿਸਮ ਦੇ ਮਾਨਸਕ ਰੋਗਾਂ ਦੇ ਪੰਜ ਮੁਖ ਕਾਰਣ ਦਸੇ ਸਨ, ਜਿਨ੍ਹਾਂ ਕਰਕੇ ਮਨੁੱਖੀ ਮਨ ਡੀਪ੍ਰੇਸ਼ਨ ਵਿੱਚ ਚਲਾ ਜਾਂਦਾ ਹੈ ਅਤੇ ਫਿਰ ਸਹਿਨਸ਼ੀਲਤਾ ਦੀ ਘਾਟ ਕਾਰਣ ਆਤਮ-ਹੱਤਿਆ ਬਾਰੇ ਸੋਚਣ ਲੱਗਦਾ ਹੈ।
1. ਪ੍ਰਵਾਰਕ, ਸਮਾਜਕ ਤੇ ਰਾਜਨੀਤਕ ਦਬਾਅ - ਜਿਵੇਂ ਕਿਸੇ ਨੋਂਹ `ਤੇ ਸਹੁਰਿਆਂ ਵੱਲੋਂ ਦਹੇਜ ਆਦਿਕ ਲਿਆਉਣ ਦਾ ਦਬਾਅ। ਪ੍ਰਵਾਰਕ ਲੋੜਾਂ ਦੀ ਪੂਰਤੀ ਦਾ ਦਬਾਅ, ਜਿਸ ਅਧੀਨ ਵਿਅਕਤੀ ਕਰਜ਼ਾ ਆਦਿਕ ਲੈਣ ਲਈ ਮਜਬੂਰ ਹੋ ਜਾਂਦਾ, ਲੋਕ-ਲਾਜ ਅਧੀਨ ਸਮਾਜਕ ਤੇ ਅਪਰਾਧਕ-ਭਾਵਨਾ ਅਧੀਨ ਧਾਰਮਕ ਦਬਾਅ ਅਤੇ ਰਾਜਨੀਤਕ ਧੜੇਬੰਦੀ ਸਦਕਾ ਸਰਕਾਰੀ ਦਹਿਸ਼ਤ ਤੇ ਆੜ੍ਹਥੀਆਂ ਦਾ ਦਬਾਅ।
2. ਸਮਾਜਕ ਵਿਹਾਰ: ਊਚ-ਨੀਚ, ਰੰਗ-ਰੂਪ ਅਤੇ ਛੂਤ-ਛਾਤ ਆਦਿਕ ਸਮਾਜਿਕ ਵਿਤਕਰਿਆਂ ਦਾ ਦੁਖ ਅਤੇ ਜਾਤੀ ਹਉਮੈ ਅਧੀਨ ਵਿਆਹ ਸ਼ਾਦੀਆਂ ਆਦਿਕ ਸਮਾਜਕ ਰਸਮੋ ਰਵਾਜ਼ਾਂ ਦੀ ਪੂਰਤੀ ਕਰ ਸਕਣ ਦੀ ਅਸਮਰਥਾ।
3. ਜਜ਼ਬਾਤੀ ਪੀੜਾ – ਜਿਵੇਂ ਸਹੁਰਿਆਂ ਵੱਲੋਂ ਨੋਂਹ ਨੂੰ ਦਾਜ ਨਾ ਲਿਆਉਣ ਲਈ ਅਤੇ ਕਿਸੇ ਧੀਆਂ ਦੀ ਮਾਂ ਨੂੰ ਪੁੱਤ ਨਾ ਹੋਣ `ਤੇ ਤਾਹਨੇ-ਮੇਹਣੇ ਸੁਣਨੇ ਪੈਣ। ਕਿਸੇ ਗ਼ਰੀਬ ਦੀ ਜਾਤ-ਪਾਤ ਨੌਲੀ ਜਾਵੇ ਜਾਂ ਕਿਸੇ ਦੀ ਵਿਅਕਤੀਗਤ ਦੀ ਕਮਜ਼ੋਰੀ ਪ੍ਰਤੀ ਮਖੌਲ ਉਡਾ ਕੇ ਉਸ ਦੇ ਜ਼ਜਬਾਤਾਂ ਨੂੰ ਠੇਸ ਪਹੁੰਚਾਈ ਜਾਏ।
4. ਪਿਆਰ ਸਤਕਾਰ ਦਾ ਅਭਾਵ ਤੇ ਇਕੱਲਤਾ: ਜਦੋਂ ਆਲੇ-ਦੁਆਲੇ ਜਾਂ ਪ੍ਰਵਾਰ ਦੇ ਵਿਹਾਰ ਤੋਂ ਮਨੁੱਖ ਅਜਿਹਾ ਪ੍ਰਭਾਵ ਲੈਂਦਾ ਹੈ ਕਿ ਉਸ ਨੂੰ ਕੋਈ ਪਿਆਰ ਨਹੀਂ ਕਰਦਾ, ਪਸੰਦ ਨਹੀਂ ਕਰਦਾ, ਸਤਿਕਾਰ ਨਹੀਂ ਦਿੰਦਾ ਤਾਂ ਐਸੀ ਅਸਵਥਾ ਵਿੱਚ ਜਿਥੇ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ। ਉਥੇ ਅਜਿਹਾ ਵੀ ਸੋਚਣ ਲੱਗਦਾ ਹੈ ਕਿ ਮੈ ਤਾਂ ਪ੍ਰਵਾਰ ਅਤੇ ਸਮਾਜ ਉਤੇ ਇੱਕ ਬੋਝ ਹਾਂ, ਇਸ ਲਈ ਕਾਹਦੇ ਲਈ ਜੀਊਣਾ ਹੈ?
5. ਅਸਹਾਇ ਤੇ ਨਾ-ਉਮੀਦੀ: ਜਦੋਂ ਕਿਸੇ ਮਨੁੱਖ ਦੇ ਮਿਥੇ ਮਨੋਰਥ ਤੇ ਟੀਚੇ ਦੀ ਪੂਰਤੀ ਲਈ ਚਾਰੇ ਪਾਸੇ ਕੋਈ ਸਹਾਇਕ ਨਾ ਦਿਸੇ ਤਾਂ ਉਹ ਆਪਣੀ ਸਰੀਰਕ ਤੇ ਮਾਨਸਕ ਕਮਜ਼ੋਰੀ ਕਾਰਣ ਅਸਫਲਤਾ ਨੂੰ ਧਿਆਨ ਵਿੱਚ ਰਖਦਾ ਹੋਇਆ ਨਿਰਾਸ਼ਤਾ ਦੀ ਖੱਡ ਵਿੱਚ ਡਿੱਗ ਕੇ ਮਰਨ ਲਈ ਤਿਆਰ ਹੋ ਜਾਂਦਾ ਹੈ। ਕਿਉਂਕਿ, ਉਸ ਅੰਦਰ ਜੀਊਣ ਦਾ ਉਤਸ਼ਾਹ ਨਹੀਂ ਰਹਿੰਦਾ।
6. ਨਿਕਾਰਤਮਕ ਸੋਚ: ਹਰ ਵੇਲੇ ਤੇ ਹਰੇਕ ਖੇਤਰ ਵਿੱਚ ਨਾਹ ਪੱਖੀ ਸੋਚਣਾ, ਜਿਸ ਨੂੰ ਗੁਰਮੁਖੀ ਭਾਸ਼ਾ ਵਿੱਚ ਢਹਿੰਦੀਕਲਾ ਵੀ ਕਹਿ ਸਕਦੇ ਹਾਂ। ਅਜਿਹਾ ਤਦੋਂ ਹੀ ਹੁੰਦਾ ਹੈ, ਜਦੋਂ ਉਸ ਨੂੰ ਆਲੇ-ਦੁਆਲੇ ਚੋਂ ਜਿੱਤ ਅਥਵਾ ਪ੍ਰਾਪਤੀ ਦਾ ਨਿਸ਼ਚਾ ਕਰਵਾਕੇ ਕਿਸੇ ਦੁੱਖ ਮੁਸੀਬਤ ਵੇਲੇ ਚੜ੍ਹਦੀਕਲਾ ਵਿੱਚ ਰਹਿਣ ਦੀ ਕੋਈ ਰੂਹਾਨੀ ਪ੍ਰੇਰਨਾ ਨਹੀਂ ਮਿਲਦੀ।
ਪਰ ਮਜ਼ਹਬਾਂ ਦੇ ਤੁਲਨਾਤਮਕ ਅਧਿਐਨ (ਕੰਪੈਰੇਟਿਵ ਥਿਆਲੋਜੀ) ਦੇ ਵਿਦਵਾਨ ਇਸ ਨਤੀਜੇ `ਤੇ ਪਹੁੰਚੇ ਹਨ ਕਿ ਸਮਾਜਕ ਖੇਤਰ ਦੀਆਂ ਖ਼ੁਦਕੁਸ਼ੀਆਂ ਨੂੰ ਭਾਵੇਂ ਸਿੱਧੇ ਰੂਪ ਵਿੱਚ ਕੋਈ ਵੀ ਮਤ-ਮਤਾਂਤਰ ਪ੍ਰਵਾਨ ਨਹੀਂ ਕਰਦਾ। ਪ੍ਰੰਤੂ ਫਿਰ ਵੀ ਮਨੁੱਖ ਨੂੰ ਆਤਮ-ਹਤਿਆਰਾ (ਸੈਲਫ ਕਿਲਰ) ਬਨਾਉਣ ਵਿੱਚ ਕਥਿਤ ਧਾਰਮਕ ਗ੍ਰੰਥ ਤੇ ਉਨ੍ਹਾਂ ਦੇ ਪ੍ਰਚਾਰਕ ਵੀ ਬਹੁਤ ਸਹਾਇਕ ਹੋਏ ਹਨ। ਕਿਉਂਕਿ, ਪੂਰਬੀ ਮਤ-ਮਤਾਂਤਰਾਂ ਵਿੱਚ ਮਰਣ ਉਪਰੰਤ ਮੁਕਤੀ ਤੇ ਸਰਵਗ ਪ੍ਰਾਪਤੀ ਦੀ ਲਾਲਸਾ ਅਧੀਨ ਕੀਤੇ ਜਾਣ ਵਾਲੇ ਕਰਵਤ ਹੇਠ ਚਿਰ ਜਾਣ ਵਰਗੇ ਆਤਮ-ਬਲੀਦਾਨ ਅਤੇ ਪੱਛਮੀ ਮਤ-ਮਤਾਂਤਰਾਂ ਵਿੱਚ ਬਹਿਸ਼ਤ ਦੀ ਪ੍ਰਾਪਤੀ ਲਈ ਸ਼ਹਾਦਤ ਦੇਣ ਲਈ ਉਤਸ਼ਾਹਤ ਕਰਨਾ (ਜਿਸ ਅਧੀਨ ਕਈ ਨੌਜਵਾਨ ਆਤਮਘਾਤੀ ਬੰਬ ਬਣ ਕੇ ਆਪਣੀਆਂ ਜਾਨਾਂ ਗਵਾ ਰਹੇ ਹਨ) ਇੱਕ ਤਰ੍ਹਾਂ ਨਾਲ ਖ਼ੁਦਕਸ਼ੀ ਦੇ ਪ੍ਰੇਰਕ ਹੀ ਗਿਣੇ ਜਾਣੇ ਚਾਹੀਦੇ ਹਨ। ਕਿਉਂਕਿ, ਅਜਿਹੀ ਹਤਿਆਵਾਂ ਦਾ ਮੁਖ ਕਾਰਣ ਨਿੱਜੀ ਸੁਆਰਥ ਹੁੰਦਾ ਹੈ, ਸਿੱਖੀ ਵਾਂਗ ਮਨੁੱਖਤਾ ਹਿੱਤ ਕੋਈ ਪਰਉਪਕਾਰੀ ਮਨੋਰਥ ਨਹੀਂ।
ਬ੍ਰਾਹਮਣ ਗ੍ਰੰਥਾਂ ਵਿੱਚ ਤਾਂ ਇਥੋਂ ਤੱਕ ਕਿਹਾ ਗਿਆ ਹੈ ਕਿ ਦੇਵ-ਇਸ਼ਟ ਪ੍ਰਤੀ ਸਭ ਤੋਂ ਮਹਾਨ ਭੇਂਟ ਵਿਅਕਤੀ ਦੇ ਆਪਣੇ ਜੀਵਨ ਜਾਂ ਪ੍ਰਾਣਾਂ ਦੀ ਹੈ, ਉਸ ਦੇ ਮੁਕਾਬਲੇ ਬਾਕੀ ਸਭ ਵਸਤੂਆਂ ਮਹਜ ਤੇ ਘਟੀਆ ਵਿਕਲਪ ਹਨ।
‘ਕੰਠਸ਼੍ਰੁਤੀ ਉਪਨਿਸ਼ਦ` ਵਿੱਚ ਲਿਖਿਆ ਹੈ ਕਿ ‘ਸੰਨਿਆਸੀ ਨੂੰ ਪੂਰਨ ਆਤਮ-ਗਿਆਨ ਹੋ ਜਾਣ ਉਪਰੰਤ ਭੁੱਖੇ ਰਹਿ ਕੇ, ਪਾਣੀ ਵਿੱਚ ਡੁੱਬ ਕੇ, ਗਰਦਨ ਕਟਵਾ ਕੇ ਜਾਂ ਅੱਗ ਵਿੱਚ ਜਲ਼ ਕੇ ਮਰ ਜਾਣਾ ਚਾਹੀਦਾ ਹੈ। ਇਸੇ ਖ਼ਿਆਲ ਅਧੀਨ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਮੁਰਾਰਜੀ ਦੇਸਾਈ ਦੇ ਮਾਤਾ ਅਤੇ ਪਿਤਾ ਰਣਛੋੜਜੀ ਦੇਸਾਈ ਨੇ ਘਰ ਵਿਚਲੇ ਖੂਹ ਵਿੱਚ ਛਾਲਾਂ ਮਾਰ ਕੇ ਹੀ ਭਗਵਾਨ ਨੂੰ ਆਪਣੇ ਪ੍ਰਾਣਾਂ ਦੀ ਅਹੂਤੀ ਚੜ੍ਹਾਈ ਸੀ। ‘ਧਰਮ ਸੂਤ੍ਰਾਂ` ਮੁਤਾਬਿਕ ‘ਬ੍ਰਾਹਮਣਤਵ ਪ੍ਰਾਪਤ ਕਰਨ ਦਾ ਸਭ ਤੋਂ ਸਿੱਧਾ ਰਸਤਾ ਬਲ਼ਦੀ ਚਿਖਾ ਵਿੱਚ ਪ੍ਰਵੇਸ਼ ਕੀਤਿਆਂ ਹੀ ਮਿਲਦਾ ਹੈ। ‘ਮਨੁਸਿਮ੍ਰਤੀ` ਬ੍ਰਾਹਮਣ ਨੂੰ ਆਗਿਆ ਦਿੰਦੀ ਹੈ ਕਿ ਉਹ ਬੁਢੇਪੇ, ਬੀਮਾਰੀ ਜਾਂ ਕਸ਼ਟਾਂ ਤੋਂ ਮੁਕਤ ਹੋਣ ਲਈ ਆਤਮਦਾਹ ਕਰ ਸਕਦਾ ਹੈ। ਯੂਨਾਨੀ ਅਭਿਲੇਖਾਂ ਤੋਂ ਵੀ ਉਪਰੋਕਤ ਤੱਥਾਂ ਦੀ ਪੁਸ਼ਟੀ ਹੁੰਦੀ ਹੈ। ਕਿਉਂਕਿ, ਸਕੰਦਰ ਦੇ ਨਾਲ ਗਏ ਇੱਕ ਨਗਨ ਸੰਨਿਆਸੀ ਕਾਲਨੌਸ (ਕਾਲਨਾਥ) ਦਾ ਉਲੇਖ ਹੈ ਕਿ ਜਦੋਂ ਉਹ ਪਾਸਰਗੜੇ ਨਾਮੀ ਸਥਾਨ `ਤੇ ਬੀਮਾਰ ਹੋ ਗਿਆ ਤਾਂ ਉਸ ਨੇ ਸਕੰਦਰ ਦੀ ਮਰਜ਼ੀ ਦੇ ਖ਼ਿਲਾਫ਼ ਚਿਖਾ ਬਾਲ ਕੇ ਅਤਮਦਾਹ ਕਰ ਲਿਆ। ਮਧ-ਯੁਗੀ ਹਿੰਦੂ ਇਤਿਹਾਸ ਮੁਤਾਬਿਕ ਰਾਜਾ ਜੈ ਪਾਲ ਜਦੋਂ ਮਹਿਮੂਦ ਗਜਨਵੀ ਦੇ ਟਾਕਰੇ `ਤੇ ਹਾਰ ਗਿਆ ਤਾਂ ਪ੍ਰੋਹਿਤਾਈ ਅਵਸਥਾ ਅਧੀਨ ਉਸ ਨੇ ਵੀ ਆਤਮਦਾਹ ਕਰ ਲਿਆ ਸੀ।
ਬਚਿਤ੍ਰਨਾਟਕ (ਕਥਿਤ ਦਸਮ ਗ੍ਰੰਥ) ਵਿੱਚਲੇ ਚਰਿਤ੍ਰੋਪਾਖਿਆਨ ਦੇ ੩੬੩ਵੇਂ ਚਰਿਤ੍ਰ ਤੋਂ ਵੀ ਆਤਮ-ਹੱਤਿਆ ਦੀ ਪ੍ਰੇਰਨਾ ਹੀ ਮਿਲਦੀ ਹੈ। ਜਿਵੇਂ ਕਿਸੇ ਰਾਜ ਘਰਾਣੇ ਦੀ ਦੁਖੀ ਹੋਈ ਔਰਤ ਆਖਦੀ ਹੈ- ਧ੍ਰਿਗ ਮੁਹਿ ਨਾਰਿ ਜੋਨਿ ਕਸ ਧਰੀ।। ਕ੍ਯੋਂ ਭੂਪਤਿ ਕੇ ਧਾਮੌਤਰੀ ।। ਮਾਂਗੀ ਦੇਤ ਨ ਮ੍ਰਿਤੁ ਬਿਧਾਤਾ।। ਅਬ ਹੀ ਕਰੌਂ ਦੇਹਿ ਕੋ ਘਾਤਾ।। ੧੪।। ਕਿਉਂਕਿ, ਇਹ ਵੀ ਤਾਂ ਉਪਰੋਕਤ ਕਿਸਮ ਦੇ ਬਿਪਰਵਾਦੀ ਗ੍ਰੰਥਾਂ ਦੀ ਸ਼ੇਣੀ ਵਿੱਚੋਂ ਹੀ ਇੱਕ ਹੈ। ਇਹ ਇੱਕ ਵੱਖਰੀ ਗੱਲ ਹੈ ਕਿ ਪੰਥਕ ਆਗੂਆਂ ਦੇ ਅਵੇਸਲੇਪਨ ਕਾਰਣ ਇਸ ਨੂੰ ਸਿੱਖੀ ਦੇ ਵਿਹੜੇ ਵਿੱਚ ਸੁੱਟ ਦਿੱਤਾ ਗਿਆ ਹੈ।
ਬੁੱਧ-ਮਤ ਤੇ ਜੈਨ-ਮਤ ਵਰਗੇ ਅਹਿੰਸਾਵਾਦੀ ਵਰਗਾਂ ਵਿੱਚ ਤਾਂ ਉਪਰੋਕਤ ਕਿਸਮ ਦਾ ਧਾਰਮਕ ਜਨੂੰਨ ਹੋਰ ਵੀ ਪ੍ਰਚੰਡ ਰੂਪ ਵਿੱਚ ਨਜ਼ਰੀ ਪੈਂਦਾ ਹੈ। ਮਹਾਯਾਨ ਬੌਧਮਤ ਤਾਂ ਸਾਫ ਨਿਰਦੇਸ਼ ਦਿੰਦਾ ਹੈ ਕਿ ਆਪਣੇ ਪ੍ਰਾਣ ਦੇਣਾ ਆਤਮ-ਬਲਿਦਾਨ ਦਾ ਸਰਵਸ੍ਰੇਸ਼ਠ ਰੂਪ ਹੀ ਨਹੀਂ, ਸਗੋਂ ਸਰਵਸ੍ਰੇਸ਼ਠ ਉਪਾਸ਼ਨਾ ਵੀ ਹੈ। `ਚਰਿਯ ਪਿਟਕ` ਤੇ ‘ਜਾਤਕ ਕਥਾਵਾਂ` ਵਿੱਚ ਵੀ ਆਤਮਦਾਹ ਦਾ ਬੜਾ ਗੁਣਗਾਨ ਕੀਤਾ ਗਿਆ ਹੈ। ਅਸਲ ਵਿੱਚ ਕੁੱਝ ਇਹੀ ਕਾਰਣ ਹਨ ਕਿ ਸੰਸਾਰ ਭਰ ਦੀਆਂ ਹਕੂਮਤਾਂ ਨੇ ਆਤਮਹੱਤਿਆ ਨੂੰ ਭਾਵੇਂ ਕਾਨੂੰਨਣ ਅਪਰਾਧ ਘੋਸ਼ਤ ਕੀਤਾ ਹੋਇਆ। ਪਰ ਇਸ ਦੇ ਬਾਵਜੂਦ ਵੀ ਲੋਕ ਆਤਮ-ਹਤਿਆਵਾਂ ਕਰ ਰਹੇ ਹਨ। ਕਿਉਂਕਿ, ਉਨ੍ਹਾਂ ਨੂੰ ਇਸ ਵਿੱਚ ਮੋਕਸ਼, ਸਵਰਗ ਤੇ ਬਹਿਸ਼ਤ ਵਰਗੇ ਪ੍ਰਾਲੌਕਿਕ ਸੁਖ ਦਿਖਾਈ ਦੇ ਰਹੇ ਹਨ।
ਸੰਸਾਰ ਭਰ ਦੇ ਧਰਮ ਗ੍ਰੰਥਾਂ ਵਿੱਚ ਇੱਕੋ-ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਹੈ, ਜਿਸ ਵਿੱਚ ਆਤਮਘਾਤੀ ਵਿਅਕਤੀਆਂ ਨੂੰ ਮਨਮੁਖਾਂ ਦੀ ਸ਼੍ਰੇਣੀ ਵਿੱਚ ਰੱਖ ਕੇ ਵਿਚਾਰਦਿਆਂ ਅੰਧੇ, ਪਾਗਲ (ਸੁੱਧ ਨ ਕਾਈ) ਤੇ ਰੱਬ ਦੇ ਚੋਰ (ਹਰਤੇ) ਦਸਦਿਆਂ ‘ਜਗਤ-ਕਸਾਈ` ਮੰਨਿਆ ਗਿਆ ਹੈ। ਕਿਉਂਕਿ, ਜਿਥੇ ਉਹ ਪਹਿਲਾਂ ਮਾਇਆ ਮੋਹ ਵਿੱਚ ਗੁਣਨਿਧਾਨ ਰੱਬ ਰੂਪ ਸੱਚ ਨਾਲੋਂ ਟੁੱਟ ਕੇ ਅਉਗਣਾਂ ਵੱਸ ਆਤਮਕ ਮੌਤੇ ਮਰਦਿਆਂ ਸਰੀਰਕ-ਹੱਤਿਆ ਦੇ ਰੂਪ ਵਿੱਚ ਆਪਣਾ ਮਰਣ ਵਿਗਾੜਦੇ ਹਨ। ਉਥੇ, ਉਹ ਲੱਬ-ਲੋਭ ਅਧੀਨ ਆਪਣੇ ਸਵਾਰਥੀ ਤੇ ਨਿਰਦਈ ਵਿਹਾਰ ਦੁਆਰਾ ਹੋਰਨਾ ਲਈ ਵੀ ਹਾਨੀਕਾਰਕ ਸਿੱਧ ਹੁੰਦੇ ਹਨ। ਗੁਰਵਾਕ ਹਨ: ਮਨਮੁਖਿ ਅੰਧੇ, ਸੁਧਿ ਨ ਕਾਈ।। ਆਤਮਘਾਤੀ ਹੈ ਜਗਤ-ਕਸਾਈ।। {ਗੁ. ਗ੍ਰੰ. –ਪੰ. ੧੧੮} ਕ੍ਰਿਪਾਨਿਧਿ ਛੋਡਿ, ਆਨ ਕਉ (ਦੇਵੀ ਦੇਵਤੇ ਤੇ ਅਵਤਾਰ ਆਦਿਕ ਵਿਅਕਤੀ) ਪੂਜਹਿ; ਆਤਮਘਾਤੀ, ਹਰਤੇ (ਚੋਰ)।। {ਗੁ. ਗ੍ਰੰ. -ਪੰ. ੧੨੬੭} ਮਨਮੁਖ ਮਰਹਿ, ਮਰਿ ਮਰਣੁ ਵਿਗਾੜਹਿ।। ਦੂਜੈ ਭਾਇ, ਆਤਮ ਸੰਘਾਰਹਿ।।
ਜਿਵੇਂ ਕੋਈ ਵਪਾਰੀ ਹੋਵੇ ਤਾਂ ਉਹ ਕਰਜ਼ਾ ਚੁੱਕ ਕੇ ਛੇਤੀ ਤੋਂ ਛੇਤੀ ਅਮੀਰ ਹੋਣ ਦੀ ਇੱਛਾ ਅਧੀਨ ਮਿਲਾਵਟੀ ਸਮਾਨ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਲਗਦਾ ਹੈ। ਜੇ ਕੋਈ ਬਿਲਡਰ ਠੇਕੇਦਾਰ ਹੋਵੇ ਤਾਂ ਉਹ ਬਿਲਡੰਗਾਂ ਤੇ ਪੁਲਾਂ ਆਦਿਕ ਦੀ ਉਸਾਰੀ ਵਿੱਚ ਲੋੜੀਂਦਾ ਸਮਾਨ ਨਹੀਂ ਵਰਤਦਾ, ਜਿਸ ਸਦਕਾ ਕਈ ਲੋਕਾਂ ਦੀਆਂ ਜਾਨਾਂ ਦਾ ਖੌ ਬਣਦਾ ਹੈ। ਜੇ ਕੋਈ ਕਿਸਾਨ ਅਜਿਹਾ ਹੋਵੇ ਤਾਂ ਉਹ ਕਰਜ਼ਾ ਲੈ ਕੇ ਐਸੇ ਜ਼ਹਿਰੀਲੇ ਕੈਮੀਕਲ ਖ਼ਰੀਦਦਾ ਹੈ, ਜਿਸ ਸਦਕਾ ਉਸ ਦੀ ਫਸਲ ਝਾੜ ਵਧੇਰੇ ਦੇਵੇ। ਸਬਜ਼ੀਆਂ ਤੇ ਫਲਾਂ ਆਦਿਕ ਵਿੱਚ ਟੀਕੇ ਲਗਾ ਕੇ ਆਪ ਵੀ ਬੇਈਮਾਨੀ ਦਾ ਜ਼ਹਿਰ ਖਾਂਦਾ ਤੇ ਲੋਕਾਂ ਨੂੰ ਕੈਮੀਕਲਾਂ ਦੇ ਰੂਪ ਵਿੱਚ ਜ਼ਹਿਰ ਖਵਾਲਦਾ ਹੈ। ਇਸ ਪ੍ਰਕਾਰ ਉਹ ਬੇਈਮਾਨੀ ਤੇ ਪਛਤਾਵੇ ਦੇ ਬੋਝ (ਡੀਪ੍ਰੇਸ਼ਨ) ਹੇਠ ਦੱਬ ਕੇ ਆਤਮਕ ਮੌਤੇ ਮਰਦਾ ਹੋਇਆ ਸਰੀਰਕ ਪੱਖੋਂ ਵੀ ਆਤਮਘਾਤੀ ਬਣ ਜਾਂਦਾ ਹੈ। ਜਿਹੜੇ ਕੋਈ ਅਮੀਰ ਹਨ, ਉਹ ਮਲਕ ਭਾਗੋ ਵਾਂਗ ਆੜ੍ਹਤੀਆਂ ਦੇ ਰੂਪ ਵਿੱਚ ਗ਼ਰੀਬ ਕਿਸਾਨਾਂ ਦਾ ਖੁਨ ਚੂਸਣ ਲਗਦੇ ਹਨ। ਇਸ ਲਈ ਹਜ਼ੂਰ ਕਹਿੰਦੇ ਹਨ: ਅੰਧੇ ਖਾਵਹਿ ਬਿਸੂ ਕੇ ਗਟਾਕ।। ……ਨਾਨਕ! ਆਪਨ ਕਟਾਰੀ, ਆਪਸ ਕਉ ਲਾਈ; ਮਨੁ ਅਪਨਾ ਕੀਨੋ ਫਾਟ।। ੨।। {ਪੰ. ੧੨੨੪}
ਖ਼ੁਦਕੁਸ਼ੀ ਦੀ ਬੀਮਾਰੀ ਭਾਵੇਂ ਸੰਸਾਰ ਭਰ ਵਿੱਚ ਫੈਲੀ ਹੋਈ ਹੈ ਅਤੇ ਸਾਰੀਆਂ ਹਕੂਮਤਾਂ ਇਸ ਪੱਖੋਂ ਚਿੰਤਾਤੁਰ ਹਨ। ਪਰ, ਭਾਰਤ ਵਿੱਚ ਗੁਜਰਾਤ, ਰਾਜਸਥਾਨ ਤੇ ਮਹਾਂਰਾਸ਼ਟਰ ਦੇ ਕਿਸਾਨਾਂ ਪਿਛੋਂ ਜਿਸ ਢੰਗ ਨਾਲ ਪੰਜਾਬ ਵਿੱਚਲੇ ਮਾਲਵਾ ਖੇਤਰ ਦੇ ਕਿਸਾਨਾਂ ਨੇ ਆਤਮਘਾਤੀ ਰਵਈਆ ਅਖਤਿਆਰ ਕਰਕੇ ਭੇਡ-ਚਾਲ ਧਾਰਨ ਕਰ ਲਈ ਹੈ, ਉਹ ਗੁਰਾਂ ਦੇ ਨਾਮ `ਤੇ ਵੱਸੇ ਪੰਜਾਬ ਦੇ ਲੋਕਾਂ ਅਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਲਈ ਅਤਿਅੰਤ ਸ਼ਰਮਨਾਕ ਤੇ ਚਿੰਤਾਜਨਕ ਹੈ। ਇਸ ਲਈ ਜਿਥੇ ਰਾਜਨੀਤਕ ਪਾਰਟੀਆਂ ਦੀ ਵੋਟ-ਬਟੋਰੂ ਨੀਤੀ ਜ਼ਿਮੇਂਵਾਰ ਹੈ, ਜਿਸ ਨੇ ਵਾਰ ਵਰ ਕਰਜ਼ਿਆਂ ਦੀ ਮੁਆਫ਼ੀ ਅਤੇ ਬਿਜਲੀ ਪਾਣੀ ਆਦਿਕ ਮੁਫ਼ਤ ਦਿੰਦਿਆਂ ਪੰਜਾਬ ਦੇ ਲੋਕਾਂ ਤੇ ਖ਼ਾਸ ਕਰਕੇ ਕਿਸਾਨਾ ਨੂੰ ਮੁਫ਼ਤਖੋਰੇ ਬਣਾ ਦਿੱਤਾ ਹੈ। ਉਥੇ, ਲੋੜਵੰਦ ਕਿਸਾਨਾਂ ਤੇ ਹੋਰ ਧੰਦੇ ਕਰਨ ਵਾਲਿਆਂ ਨੂੰ ਸਰਕਾਰ ਤੇ ਬੈਂਕਾਂ ਵੱਲੋਂ ਦਿੱਤੇ ਜਾਣ ਵਾਲੀ ਰਿਸ਼ਵਤੀ ਕਰਜ਼ਾ ਪ੍ਰਣਾਲੀ ਅਤੇ ਆੜ੍ਹਤੀਆਂ ਦਾ ਖ਼ੂਨ ਚੂਸੋ ਧੱਕੜ ਵਿਹਾਰ ਵੀ ਸਹਾਇਕ ਹੋ ਰਿਹਾ ਹੈ। ਕਿਉਂਕਿ ਰਿਸ਼ਵਤਖੋਰੇ ਮੈਨੇਜਰ ਕਰਜ਼ੇ ਦੀ ਦੁਰਵਰਤੋਂ ਰੋਕਣ ਵੱਲ ਧਿਆਨ ਨਹੀਂ ਦਿੰਦੇ। ਜਿਸ ਕੰਮ ਲਈ ਕਰਜ਼ਾ ਦਿੱਤਾ ਜਾਂਦਾ ਹੈ, ਉਸ ਲਈ ਖਰਚ ਨਹੀਂ ਹੁੰਦਾ। ਇਸ ਤਰ੍ਹਾਂ ਉਸ ਰੁਪੈ ਦਾ ਨਾ ਕੋਈ ਕਰਜਾ-ਧਾਰਕ ਕਿਸਾਨ ਨੂੰ ਲਾਭ ਹੁੰਦਾ ਹੈ ਤੇ ਨਾ ਹੀ ਸਰਕਾਰ ਰਾਹੀਂ ਬਾਕੀ ਜਨਤਾ ਨੂੰ।
ਪਰ, ਸਭ ਤੋਂ ਮੁਖ ਕਾਰਣ ਹੈ ਗੁਰਾਂ ਦੇ ਨਾਂ `ਤੇ ਵੱਸੇ ਪੰਜਾਬ ਦਾ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ` ਦੇ ਗੁਰੂ ਨਾਨਕੀ-ਸਿਧਾਂਤ ਨੂੰ ਭੁੱਲਣਾ। ਪੰਜਾਬ ਵਾਸੀਆਂ ਤੇ ਖ਼ਾਸ ਕਰਕੇ ਇਥੋਂ ਦੇ ਕਿਸਾਨਾਂ ਨੂੰ ਵਿਚਾਰਨਾ ਚਾਹੀਦਾ ਹੈ ਕਿ ਜੇ ਯੂਪੀ ਬਿਹਾਰ ਦੇ ਮਜ਼ਦੂਰ ਖ਼ਾਲੀ ਹੱਥ ਆ ਕੇ ਪਿੱਛਲੇ ਪਰਵਾਰਾਂ ਨੂੰ ਵੀ ਪਾਲਦੇ ਹਨ ਅਤੇ ਜਿਹੜੇ ਇਥੇ ਵੱਸੇ ਹਨ ਉਹ ਵੀ ਸਹਿਜੇ ਸਹਿਜੇ ਠੇਕੇਦਾਰ ਬਣ ਕੇ ਕੋਠੀਆਂ ਕਾਰਾਂ ਦੇ ਮਾਲਕ ਹੀ ਬਣੇ ਹੋਏ ਹਨ। ਸ਼ਹਿਰਾਂ ਦੀਆਂ ਮਿਉਂਸਪਲ ਕਮੇਟੀਆਂ ਦੇ ਮੈਂਬਰ (ਕੌਂਸਲਰ) ਵੀ ਨਿਯੁਕਤ ਹੋ ਰਹੇ ਹਨ, ਤਾਂ ਕਿਉਂ? ਇਸ ਦਾ ਇੱਕੋ-ਇੱਕ ਉੱਤਰ ਹੈ ਕਿ ਉਹ ਹਰੇਕ ਕਿਸਮ ਦੀ ਕਿਰਤਕਾਰ ਕਰਨ ਲਈ ਤਿਆਰ ਰਹਿੰਦੇ ਹਨ ਅਤੇ ਸਖ਼ਤ ਮਿਹਨਤ ਕਰਦੇ ਹਨ। ਪਰ, ਪੰਜਾਬੀ ਕਿਸਾਨ ਜੱਟ-ਜ਼ਿਮੀਦਾਰ ਹੋਣ ਦੇ ਫੋਕੇ ਅਹੰਕਾਰ ਵਿੱਚ ਸਰਦਾਰ ਬਣ ਕੇ ਬੈਠੇ ਰਹਿੰਦੇ ਹਨ। ਛੋਟਾ-ਮੋਟਾ ਕੰਮ ਕਰਨ ਤੋਂ ਸ਼ਰਮ ਕਰਦੇ ਹਨ। ਜਦ ਕਿ ਗੁਰਬਾਣੀ ਦਾ ਉਪਦੇਸ਼ ਹੈ “ਗੁਰਮੁਖਿ ਸਭੁ ਵਾਪਾਰੁ ਭਲਾ ਜੇ ਸਹਜੇ ਕੀਜੈ ਰਾਮ।। “ {ਪੰ. ੫੬੮} ਅਤੇ ਗੁਰਇਤਿਹਾਸ ਦਾ ਬਚਨ ਹੈ ‘ਸਤਿਗੁਰ ਕਹਿਓ ਕਿਰਤ ਕਰ ਕੋਈ। ਧਰਮ ਹੇਤ ਨਿਬਾਹਵੋ ਸੋਈ। ਇਹੀ ਕਾਰਣ ਹੈ ਕਿ ਛੋਟੇ ਕਿਸਾਨ ਕਰਜ਼ੇ ਦੇ ਭਾਰ ਹੇਠ ਦੱਬੇ ਅਤੇ ਆੜ੍ਹਤੀਆਂ ਦੀ ਧਮਕੀਆਂ ਤੋਂ ਡਰੇ ਤੇ ਚਿੰਤਾਤੁਰ ਹੋਏ ਪਹਿਲਾਂ ਨਸ਼ਿਆਂ ਦੀ ਵਰਤੋਂ ਕਰਨ ਲੱਗਦੇ ਹਨ ਅਤੇ ਫਿਰ ਅੰਤ ਨੂੰ ਖ਼ੁਦਕੁਸ਼ੀ ਦਾ ਰਾਹ ਚੁਣ ਲੈਂਦੇ ਹਨ। ਕਿਉਂਕਿ ਜਾਤੀ ਹਉਮੈ ਤੇ ਵੱਡੇ ਕਿਸਾਨਾਂ ਦੀ ਰੀਸੇ ਉਹ ਵੀ ਵਿਆਹ-ਸ਼ਾਦੀਆਂ, ਵੱਡੇ ਟ੍ਰੈਕਟਰਾਂ, ਕਾਰਾਂ, ਬੁੱਲਟ ਮੋਟਰ-ਸਾਈਕਲਾਂ ਤੇ ਹਥਿਆਰਾਂ ਆਦਿਕ ਤੇ ਫਜ਼ੂਲ ਖ਼ਰਚੀ ਕਰ ਬੈਠਦੇ ਹਨ।
‘ਨਾਮ ਜਪੋ` ਦਾ ਗੁਰੂ ਨਾਨਕ-ਦ੍ਰਿਸ਼ਟੀ ਵਿੱਚ ਅਰਥ ਹੈ ਗੁਰਬਾਣੀ ਦੀ ਰੌਸ਼ਨੀ ਵਿੱਚ ਰੱਬ ਨੂੰ ਚੇਤੇ ਰੱਖਦਿਆਂ ਉਸ ਦੀ ਰਜ਼ਾ ਅਨੁਸਾਰ ਜੀਊਣਾ। ਇਸ ਲਈ “ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ।। “ {ਪੰ. ੧੧੨੭} “ਵਡਿਆ ਸਿਉ ਕਿਆ ਰੀਸ।। “ {ਪੰ. ੧੫} “ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ।। {ਪੰ. ੭੯} ਆਦਿਕ ਗੁਰਵਾਕ ਪੜ੍ਹਣ ਵਾਲੇ ਕਦੇ ਵੀ ਲੋਕ-ਲਾਜ ਤੇ ਵਿਖਾਵੇ ਅਧੀਨ ਉਪਰੋਕਤ ਕਿਸਮ ਦੀ ਮੂਰਖਤਾ ਨਹੀਂ ਕਰ ਸਕਦੇ। “ਰੁਖੀ ਸੁਖੀ ਖਾਇ ਕੈ, ਠੰਢਾ ਪਾਣੀ ਪੀਉ।। ਫਰੀਦਾ! ਦੇਖਿ ਪਰਾਈ ਚੋਪੜੀ, ਨਾ ਤਰਸਾਏ ਜੀਉ।। “ {ਪੰ. ੧੩੭੯} ਦਾ ਉਪਦੇਸ਼ ਵਿਚਾਰਨ ਵਾਲੇ ਲੋਕ ਕਦੇ ਵੀ ਇੰਦਰਾਵੀ ਚਸਕਿਆਂ ਵੱਸ ਕਰਜ਼ੇ ਚੁੱਕ ਕੇ ਗੁਲਛਰੇ ਨਹੀਂ ਉਡਾਂਦੇ ਤੇ ਚਿੰਤਾ ਦਾ ਰੋਗ ਨਹੀਂ ਸਹੇੜਦੇ, ਜੋ ਆਖਰ ਉਨ੍ਹਾਂ ਨੂੰ ਬਲਦੀ ਚਿਖਾ ਵਿੱਚ ਸਾੜਣ ਦਾ ਕਾਰਨ ਬਣੇ। ਉਹ ‘ਜੇ ਸੁਖੁ ਦੇਹਿ ਤ ਤੁਝਹਿ ਅਰਾਧੀ, ਦੁਖਿ ਭੀ ਤੁਝੈ ਧਿਆਈ।। ਜੇ ਭੁਖ ਦੇਹਿ, ਤ ਇਤ ਹੀ ਰਾਜਾ; ਦੁਖ ਵਿਚਿ ਸੂਖ ਮਨਾਈ।। {ਪੰ. ੭੫੭} ਦਾ ਗੁਰਉਪਦੇਸ਼ ਦ੍ਰਿੜ ਕਰਕੇ ਜੀਊਂਦੇ ਹੋਏ ਕਿਸੇ ਪੱਖੋਂ ਵੀ ਨਿਰਾਸ਼ ਹੋ ਕੇ ਹੌਸਲਾ ਨਹੀਂ ਹਾਰਦੇ ਤੇ ਇਉਂ ਸਦਾ ਚੜ੍ਹਦੀਕਲਾ ਵਿੱਚ ਰਹਿੰਦੇ ਹਨ। ਇਹੀ ਕਾਰਣ ਹੈ ਕਿ ਗੁਰਮੁਖ ਲੋਕ ਭਗੌੜੇਪਨ ਵਾਲਾ ਆਤਮਘਾਤੀ ਰਾਹ ਚੁਣਨ ਦੀ ਥਾਂ ਸੰਘਰਸ਼ਮਈ ਜੀਵਨ ਜੀਊਣ ਨੂੰ ਪਹਿਲ ਦਿੰਦੇ ਹਨ।
‘ਵੰਡ ਕੇ ਛਕੋ` ਦਾ ਅਜੋਕੀ ਸਮਾਜਕ ਤੇ ਰਾਜਨੀਤਕ ਬਣਤਰ ਵਿੱਚ ਅਰਥ ਹੈ – ਆਰਥਕ ਤੇ ਪਦਾਰਥਕ ਜਮ੍ਹਾਂਖੋਰੀ ਨਾ ਕਰਨਾ ਅਤੇ ਹਰ ਕਿਸਮ ਦਾ ਯੋਗ ਤੇ ਲੋੜੀਂਦਾ ਸਰਕਾਰੀ ਟੈਕਸ ਅਦਾ ਕਰਨਾ। ਕਿਉਂਕਿ, ਪ੍ਰਵਾਰਕ ਲੋੜਾਂ ਤੋਂ ਵਾਧੂ ਧਨ ਜੇ ਘਰ ਵਿੱਚ ਛੁਪਾ ਕੇ ਰੱਖਣ ਦੀ ਥਾਂ ਬੈਂਕ ਵਿੱਚ ਜਮ੍ਹਾਂ ਹੋਏਗਾ ਤਾਂ ਵੀ ਲੋੜਵੰਦ ਲੋਕਾਂ ਦੀ ਵਰਤੋਂ ਵਿੱਚ ਆਏਗਾ। ਜੇ ਉਸ ਨਾਲ ਕੋਈ ਹੋਰ ਕਾਰੋਬਾਰ ਚਲਾਇਆ ਜਾਂ ਵਧਾਇਆ ਜਾਏਗਾ ਤਾਂ ਕਈਆਂ ਨੂੰ ਰੁਜ਼ਗਾਰ ਮਿਲੇਗਾ। ਜੇ ਅਸੀਂ ਟੈਕਸ ਦੇਵਾਂਗੇ ਤਾਂ ਸਰਕਾਰ ਪਾਸੋਂ ਸਿਹਤਕ, ਵਿਦਿਅਕ ਤੇ ਆਵਾਜਾਈ ਆਦਿਕ ਦੀਆਂ ਵਧੀਆ ਸਹੂਲਤਾਂ ਲੈਣ ਦੇ ਹੱਕਦਾਰ ਹੋਵਾਂਗੇ। ਲੋਕਾਂ ਨੂੰ ਟੈਕਸ ਦੇਣਾ ਉਦੋਂ ਹੀ ਅਉਖਾ ਲੱਗਦਾ ਹੈ, ਜਦੋਂ ਉਹਦੇ ਬਦਲੇ ਵਿੱਚ ਸਰਕਾਰੀ ਸਹੂਲਤਾਂ ਉਪਲਭਧ ਨਹੀਂ ਹੁੰਦੀਆਂ। ਅਮਰੀਕਾ, ਕੈਨੇਡਾ ਤੇ ਅਸਟ੍ਰੇਲੀਆ ਵਰਗੇ ਵਿਕਾਸਸ਼ੀਲ ਤੇ ਅਮੀਰ ਦੇਸ਼ਾਂ ਵਿੱਚ ਵੀ ਆਤਮ-ਹੱਤਿਆਵਾਂ ਹੁੰਦੀਆਂ ਹਨ, ਪ੍ਰੰਤੂ ਆਰਥਕ ਤੰਗੀ ਕਾਰਣ ਨਹੀਂ। ਕਿਉਂਕਿ, ਮਕਾਨ, ਦੁਕਾਨ, ਫੈਕਟਰੀ, ਗੱਡੀ ਤੇ ਕਿਸਾਨੀ ਫਸਲਾਂ ਆਦਿਕ ਹਰੇਕ ਚੀਜ਼ ਦਾ ਬੀਮਾ ਹੁੰਦਾ ਹੈ ਅਤੇ ਨੁਕਸਾਨ ਹੋਣ `ਤੇ ਬੀਮਾ ਧਾਰਕ ਨੂੰ ਉਸ ਦਾ ਪੂਰਾ ਪੂਰਾ ਪੈਸਾ ਮਿਲਦਾ ਹੈ।
ਭਾਰਤ ਵਿੱਚ ਵੀ ਭਾਵੇਂ ਪਿਛਲੇ ਕੁੱਝ ਸਾਲਾਂ ਤੋਂ ਕਿਸਾਨਾਂ ਲਈ ਫਸਲੀ ਬੀਮੇ ਦੀਆਂ ਯੋਜਨਾਵਾਂ ਸ਼ੁਰੂ ਹੋ ਚੁਕੀਆਂ ਹਨ, ਤਾਂ ਕਿ ਕਿਸਾਨੀ ਖ਼ੁਦਕੁਸ਼ੀਆਂ ਰੋਕੀਆਂ ਜਾ ਸਕਣ। ਜਿਵੇਂ ਪ੍ਰਧਾਨ ਮੰਤ੍ਰੀ ਫਸਲ ਬੀਮਾ ਯੋਜਨਾ। ਪਰ, ‘ਜੈ ਕਿਸਾਨ` ਸੰਸਥਾ ਰਾਹੀਂ ਕਿਸਾਨੀ ਸਮਸਿਆਵਾਂ ਨਾਲ ਜੁੜੇ ਹੋਏ ਇਨਕਾਲਬੀ ਪਤਰਕਾਰ ਯੋਗੇਂਦਰ ਯਾਦਵ ਦਾ ਕਥਨ ਹੈ ਕਿ “ਇਹ ਕਿਸਾਨ ਦੀ ਫਸਲ ਦਾ ਬੀਮਾ ਨਹੀਂ ਹੈ, ਇਹ ਤਾਂ ਬੈਂਕਾਂ ਨੇ ਆਪਣੇ ਲੋਨ ਦਾ ਬੀਮਾ ਕਰਵਾਇਆ ਹੈ। “ ਕਿਉਂਕਿ ਦੁਨੀਆ ਵਿੱਚ ਇਹੀ ਇੱਕ ਐਸਾ ਬੀਮਾ ਹੈ, ਜਿਸ ਦੀ ਰਕਮ ਬੀਮਾ ਧਾਰਕ ਤਕ ਪਹੁੰਚਦੀ ਹੀ ਨਹੀਂ ਅਤੇ ਨਾ ਹੀ ਉਸ ਨੂੰ ਬੀਮੇ ਬਾਰੇ ਕੋਈ ਲਿਖਤੀ ਜਾਣਕਾਰੀ ਦਿੱਤੀ ਜਾਂਦੀ ਹੈ। ਬਹੁਤੇ ਕਿਸਾਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਨ੍ਹਾਂ ਦੀ ਫਸਲ ਦਾ ਬੀਮਾ ਹੋ ਚੁੱਕਾ ਹੈ। ਪਰ, ਜਿਨ੍ਹਾਂ ਕਿਸਾਨਾਂ ਨੇ ਲੋਨ ਲਿਆ ਹੁੰਦਾ ਹੈ, ਬੈਂਕ ਵੱਲੋਂ ਉਨ੍ਹਾਂ ਦੇ ਖਾਤੇ ਚੋਂ ਜ਼ਬਰਦਸਤੀ ਬੀਮੇ ਦਾ ਪ੍ਰੀਮੀਅਮ ਕੱਟ ਲਿਆ ਜਾਂਦਾ ਹੈ। ਭਾਰਤ ਭਰ ਵਿੱਚ ਅਮੀਰ ਤੇ ਪੜ੍ਹੇ ਲਿਖੇ ਲਗਭਗ ਦੋ ਪ੍ਰਤੀਸ਼ਤ ਕਿਸਾਨ ਹੀ ਐਸੇ ਹੋਣਗੇ, ਜਿਨ੍ਹਾਂ ਨੇ ਆਪਣੇ ਯਤਨਾਂ ਨਾਲ ਕਿਤੇ ਬੀਮੇ ਦੀ ਰਕਮ ਪ੍ਰਾਪਤ ਕੀਤੀ ਹੋਵੇ। ਯਾਦਵ ਲਿਖਦਾ ਹੈ ਕਿ “ਤਾਮਲਨਾਡੂ `ਚ ਹਾੜੀ ਦੀ ਫਸਲ ਦੌਰਾਨ ਪਿਛਲੇ 140 ਸਾਲ ਦਾ ਸਭ ਤੋਂ ਭਿਆਨਕ ਸੋਕਾ ਪਿਆ। ਉਥੇ ਬੀਮਾ ਕੰਪਨੀਆਂ ਨੂੰ 954 ਕਰੋੜ ਦਾ ਪ੍ਰੀਮੀਅਮ ਮਿਲਿਆ, ਜਦ ਕਿ ਹੁਣ ਤਕ ਸਿਰਫ਼ 22 ਕਰੋੜ ਰੁਪੈ ਦੇ ਮੁਆਵਜ਼ੇ ਦਾ ਹੀ ਕਿਸਾਨਾਂ ਨੂੰ ਭੁਗਤਾਨ ਕੀਤਾ ਗਿਆ ਹੈ। ਅਸਲ ਵਿੱਚ ਇਹੀ ਕਾਰਣ ਹੈ ਕਿ ਬੀਮਾ ਕੰਪਨੀਆਂ, ਬੈਂਕ ਮੈਨੇਜਰ, ਸਰਕਾਰੀ ਬਾਬੂ ਤੇ ਨੇਤਾ-ਗਨ ਤਾਂ ਫਸਲੀ ਬੀਮੇ ਲਈ ਉਤਾਵਲੇ ਹੋ ਰਹੇ ਹਨ, ਪਰ ਕਿਸਾਨ ਵਿਚਾਰਾ ਨਹੀਂ”। ਹੁਣ ਵਿਚਾਰੋ ਕਿ ਅਜਿਹੀ ਧੋਖਾਧੜੀ ਵਾਲੀ ਹਾਲਤ ਵਿੱਚ ਕਿਸਾਨ ਵਿਚਾਰੇ ਮਜ਼ਬੂਰੀ ਵੱਸ ਖ਼ੁਦਕੁਸ਼ੀਆਂ ਕਿਉਂ ਨਹੀਂ ਕਰਨਗੇ? ਜਦੋਂ ਸਥਾਨਕ ਆੜ੍ਹਤੀਆਂ ਸਮੇਤ ਉਪਰੋਕਤ ਸਾਰੇ ਲੋਕ ਜੋਕਾਂ ਵਾਂਗ ਕਿਸਾਨ ਦਾ ਖ਼ੂਨ ਚੂਸਣ ਲੱਗੇ ਹੋਣ। ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗੀ ਹੋਵੇ।
ਇਸ ਲਈ ਭਾਰਤੀ ਨੇਤਾ ਜੇ ਦਿਲੋਂ ਚਹੁੰਦੇ ਹਨ ਕਿ ਕਿਸਾਨਾਂ ਦੀ ਖ਼ਦਕਸ਼ੀਆਂ ਰੁਕਣ ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਕਰਜ਼ੇ ਦੇ ਦੇਣ ਲੈਣ ਅਤੇ ਬੀਮੇ ਦੀ ਕਾਰਜ ਪ੍ਰਣਾਲੀ ਦੀਆਂ ਉਪਰੋਕਤ ਖ਼ਾਮੀਆਂ ਨੂੰ ਦੂਰ ਕਰਕੇ ਉਸ ਨੂੰ ਸੁਖਾਲਾ ਤੇ ਸੁਰਖਿਅਤ ਬਨਾਉਣ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੇਂਡੂ ਇਲਾਕਿਆਂ ਵਿੱਚ ਸੈਮੀਨਾਰ ਕਰਵਾਏ ਜਾਣ। ਉਥੇ ਬੈਂਕਿੰਗ ਖੇਤਰ ਦੇ ਮਾਹਰਾਂ, ਮਨੋਵਿਗਿਆਨੀਆਂ ਤੇ ਗੁਰੂ ਨਾਨਕ ਫ਼ਲਸਫ਼ੇ ਦਾ ਵਿਦਵਾਨਾਂ ਨੂੰ ਬੁਲਾਇਆ ਜਾਏ। ਆਰਥਕ ਖੇਤਰ ਦੇ ਮਾਹਰ ਲੋਕਾਂ ਨੂੰ ਕਰਜ਼ੇ ਦੇ ਲੈਣ ਦੇਣ ਅਤੇ ਕਿਸਾਨੀ ਬੀਮੇ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਅਤੇ ਮਨੋਵਿਗਿਆਨੀ ਆਤਮਘਾਤੀ ਮਾਨਸਕ ਰੋਗੀਆਂ ਦੇ ਲੱਛਣ ਬਿਆਨ ਕਰਨ, ਤਾਂ ਕਿ ਅਜਿਹੇ ਵਿਅਕਤੀਆਂ ਦੀ ਆਤਮਘਾਤੀ ਕਰਤੂਤ ਤੋਂ ਪਹਿਲਾਂ ਹੀ ਪਰਵਾਰ ਦੇ ਮੈਂਬਰ ਸੁਚੇਤ ਹੋਣ ਤੇ ਉਸ ਨੂੰ ਮਰਣ ਤੋਂ ਬਚਾਉਣ ਲਈ ਯਤਨਸ਼ੀਲ ਹੋਣ।
ਗੁਰਮਤ ਫ਼ਲਸਫ਼ੇ ਦੇ ਵਿਦਵਾਨ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ` ਦੇ ਅਰਥ-ਭਾਵ ਸਮਝਾਉਣ, ਤਾਂ ਕਿ ਅਮੀਰ ਜ਼ਿਮੀਦਾਰ ਆਪਣੇ ਗ਼ਰੀਬ ਕਿਸਾਨ ਭਰਾਵਾਂ ਦੇ ਮਦਦਗਾਰ ਬਣਨ। ਕਿਉਂਕਿ, ਸੰਸਾਰ ਭਰ ਦੇ ਮਾਨਵ-ਹਿਤਕਾਰੀ ਤੇ ਨਿਰਪੱਖ ਵਿਦਵਾਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰਬਦੇਸ਼ੀ, ਸਰਬ-ਸਾਂਝੇ ਤੇ ਸਰਬਕਾਲੀ ਗੁਰਮਤ ਗਿਆਨ ਤੋਂ ਇਲਾਵਾ ਹੋਰ ਕੋਈ ਅਜਿਹਾ ਮਾਨਵ-ਦਰਦੀ ਫ਼ਲਸਫ਼ਾ ਨਹੀਂ ਦਿਸਦਾ, ਜਿਹੜਾ ਕਈ ਪੱਖਾਂ ਤੋਂ ਪਦਾਰਥ ਤੇ ਸੁਆਰਥ ਲਈ ਆਤਮਘਾਤੀ ਰਾਹ ਤੁਰੇ ‘ਸੰਸਾਰ ਰੋਗੀ` ਲਈ ‘ਨਾਮ ਦਾਰੂ` ਦਾਰੂ ਵਾਲਾ ਵੈਦ ਬਣ ਕੇ ਬਹੁੜੇ। ਇਹੀ ਇੱਕੋ-ਇੱਕ ਤੀਰਥ ਹੈ, ਜਿਸ ਦਾ ਗਿਆਨ-ਮਈ ਇਸ਼ਨਾਨ ਹਰੇਕ ਮਨੁੱਖ ਨੂੰ ਮਨ ਤੇ ਤਨ ਦੀ ਅਰੋਗਤਾ ਬਖਸ਼ ਸਕਦਾ ਹੈ। ਗੁਰਵਾਕ ਹੈ:
ਸੰਸਾਰੁ ਰੋਗੀ, ਨਾਮੁ ਦਾਰੂ; ਮੈਲੁ ਲਾਗੈ ਸਚ ਬਿਨਾ।।
ਗੁਰ ਵਾਕੁ ਨਿਰਮਲੁ ਸਦਾ ਚਾਨਣੁ; ਨਿਤ ਸਾਚੁ ਤੀਰਥੁ ਮਜਨਾ।। {ਗੁ. ਗ੍ਰੰ. -ਪੰ. ੬੮੭}

ਭੁੱਲ-ਚੁੱਕ ਮੁਆਫ਼। ਗੁਰੂ ਤੇ ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ, ਨਿਊਯਾਰਕ।
ਮਿਤੀ: 28 ਜੁਲਾਈ 2017
.