.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਬਾਈਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ ੧੯੫੬

ਭਾਈ ਮਰਦਾਨਾ, ਗੁਰਬਾਣੀ `ਚ ਵੀ ਸਨਮਾਨਤ- ਕਿਤਨਾ ਵੱਧ ਰੀਝੇ ਸਨ ਗੁਰੂ ਨਾਨਕ ਪਾਤਸ਼ਾਹ ਆਪਣੇ ਇਸ ਅਤਿ ਪਿਆਰੇ ਸਿੱਖ `ਤੇ। ਸਾਹਿਬਾਂ ਨੇ "ਬਿਹਾਗੜੇ ਕੀ ਵਾਰ" ਦੀ ਬਾਰ੍ਹਵੀਂ ਪਉੜੀ (ਪੰ: ੫੫੩) ਦੇ ਨਾਲ ਤਿੰਨ ਸਲੋਕ ਭਾਈ ਮਰਦਾਨੇ ਦੇ ਨਾਮ ਨੂੰ ਸਮ੍ਰਪਤ ਕਰ ਕੇ ਇਤਿਹਾਸ `ਚ ਭਾਈ ਮਰਦਾਨੇ ਦਾ ਨਾਮ ਵੀ ਸਦਾ ਲਈ ਅਮਰ ਕਰ ਦਿੱਤਾ। ਉਹ ਤਿੰਨ ਸਲੋਕ ਹਨ:-

"ਸਲੋਕੁ ਮਰਦਾਨਾ ੧॥ ਕਲਿ ਕਲਵਾਲੀ, ਕਾਮੁ ਮਦੁ, ਮਨੂਆ ਪੀਵਣਹਾਰੁ॥ ਕ੍ਰੋਧ ਕਟੋਰੀ ਮੋਹਿ ਭਰੀ, ਪੀਲਾਵਾ ਅਹੰਕਾਰੁ॥ ਮਜਲਸ ਕੂੜੇ ਲਬ ਕੀ, ਪੀ ਪੀ ਹੋਇ ਖੁਆਰੁ॥ ਕਰਣੀ ਲਾਹਣਿ, ਸਤੁ ਗੁੜੁ, ਸਚੁ ਸਰਾ ਕਰਿ ਸਾਰੁ॥ ਗੁਣ ਮੰਡੇ, ਕਰਿ ਸੀਲੁ ਘਿਉ, ਸਰਮੁ ਮਾਸੁ ਆਹਾਰੁ॥ ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ॥ ੧ ॥"

"ਮਰਦਾਨਾ ੧॥ ਕਾਇਆ ਲਾਹਣਿ, ਆਪੁ ਮਦੁ, ਮਜਲਸ ਤ੍ਰਿਸਨਾ ਧਾਤੁ॥ ਮਨਸਾ ਕਟੋਰੀ ਕੂੜਿ ਭਰੀ, ਪੀਲਾਏ ਜਮਕਾਲੁ॥ ਇਤੁ ਮਦਿ ਪੀਤੈ ਨਾਨਕਾ,

ਬਹੁਤੇ ਖਟੀਅਹਿ ਬਿਕਾਰ॥ ਗਿਆਨੁ ਗੁੜੁ, ਸਾਲਾਹ ਮੰਡੇ ਭਉ ਮਾਸੁ ਆਹਾਰੁ॥ ਨਾਨਕ ਇਹੁ ਭੋਜਨੁ ਸਚੁ ਹੈ, ਸਚੁ ਨਾਮੁ ਆਧਾਰੁ॥ ੨ ॥"

"ਕਾਂਯਾਂ ਲਾਹਣਿ, ਆਪੁ ਮਦੁ, ਅੰਮ੍ਰਿਤ ਤਿਸ ਕੀ ਧਾਰ॥ ਸਤਸੰਗਤਿ ਸਿਉ ਮੇਲਾਪੁ ਹੋਇ, ਲਿਵ ਕਟੋਰੀ ਅੰਮ੍ਰਿਤ ਭਰੀ, ਪੀ ਪੀ ਕਟਹਿ ਬਿਕਾਰ॥ ੩ ॥"

ਖਾਸ ਧਿਆਨ ਦੇਣ ਦਾ ਵਿਸ਼ਾ ਹੈ ਕਿ ਸਾਡੇ ਕੁੱਝ ਟੀਕਾਕਾਰਾਂ, ਇਤਿਹਾਸਕਾਰਾਂ, ਲੇਖਕਾਂ ਅਤੇ ‘ਬਾਣੀ ਬਿਉਰਾ’ ਆਦਿ ਦੇਣ ਵਾਲਿਆਂ ਰਾਹੀਂ ਇਹ ਲਿਖਣਾ ਜਾਂ ਪ੍ਰਚਾਰਣਾ ਕਿ "ਇਹ ਤਿੰਨ ਸਲੋਕ ਭਾਈ ਮਰਦਾਨੇ ਦੀ ਰਚਨਾ ਹਨ" ; ਯਕੀਣਨ ਉਨ੍ਹਾਂ ਦੀ ਗੁਰਬਾਣੀ ਸਿਧਾਂਤ ਬਾਰੇ ਨਾਸਮਝੀ ਹੈ।

ਇਥੇ ਇਸ ਪੱਖੋਂ ਉਨ੍ਹਾਂ ਨੂੰ ਸਲੋਕਾਂ ਵਿੱਚਲੀਆਂ ਪੰਕਤੀਆਂ:-

". . ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ॥ ੧ ॥" ਅਤੇ

"…ਨਾਨਕ ਇਹੁ ਭੋਜਨੁ ਸਚੁ ਹੈ, ਸਚੁ ਨਾਮੁ ਆਧਾਰੁ. ."

‘ਚ ਦੋ ਵਾਰੀ ‘ਨਾਨਕ’ ਪਦ ਦੀ ਵਰਤੋਂ ਅਤੇ ਦੋ ਸਿਰਲੇਖਾਂ `ਚ ਅੰਕ ੧- (ਪਹਿਲਾ) ‘, ਵੱਲ ਖਾਸ ਧਿਆਣ ਦੇ ਕੇ ਇਨ੍ਹਾਂ ਤਿੰਨਾਂ ਸਲੋਕਾਂ ਨੂੰ ਪੜ੍ਹਣ ਦੀ ਲੋੜ ਹੈ।

ਇਸ ਤਰ੍ਹਾਂ ਇਨ੍ਹਾਂ ਸਲੋਕਾਂ `ਚ ਇਹ ਆਪਣੇ ਆਪ ਹੀ ਸਪਸ਼ਟ ਪ੍ਰਮਾਣ ਹਨ ਕਿ ਇਹ ਤਿੰਨੇ ਸਲੋਕ "ਗੁਰੂ ਨਾਨਕ ਪਾਤਸ਼ਾਹ" ਦੀ ਹੀ ਰਚਣਾ ਹਨ, ਇਹ ਸਲੋਕ ਭਾਈ ਮਰਦਾਨੇ ਦੀ ਰਚਨਾ ਨਹੀਂ ਹਨ। ਤਾਂ ਤੇ ਇਸ ਵੇਰਵੇ ਦੀ ਪ੍ਰੌੜਤਾ `ਚ ਕੁੱਝ ਹੋਰ ਜਾਣਕਾਰੀ:-

(ਨੁੱਕਤਾ ਨੰ: ੧) - ‘ਨਾਨਕ’ ਪਦ ਦੀ ਵਰਤੋਂ ਦਾ ਹੱਕ ਕੇਵਲ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੀ ਗੱਦੀ ਦੇ ਵਾਰਿਸ ਗੁਰੂ ਹਸਤੀਆਂ ਦਾ ਹੀ ਸੀ ਤੇ ਹੈ। ਇਹ ਹੱਕ ਹੋਰ ਕਿਸੇ ਕੋਲ ਵੀ ਨਹੀਂ।

(ਨੁੱਕਤਾ ਨੰ: ੨) - ਇਸ ਦੇ ਬਾਵਜੂਦ ਇਨ੍ਹਾਂ ਸਲੋਕਾਂ ਦੇ ਸਿਰਲੇਖਾਂ ਸੰਬੰਧੀ ਕੁੱਝ ਸੱਜਣਾਂ ਰਾਹੀਂ ਅਜਿਹਾ ਉਜ਼ਰ, ਜਾਂ ਫ਼ਿਰ, ਜਿਥੋਂ ਤੀਕ ਉਨ੍ਹਾਂ ਰਾਹੀਂ ਇਹ ਧੋਖਾ ਖਾਣ ਦੀ ਗੱਲ ਹੈ ਕਿ ਸਲੋਕਾਂ ਦੇ ਸਿਰਲ਼ੇਖ `ਚ ਲਫ਼ਜ਼ ਕੇਵਲ "ਸਲੋਕੁ ਮਰਦਾਨਾ ੧" ਤੇ "ਮਰਦਾਨਾ ੧" ਹੀ ਆਏ ਹਨ। ਇਸ ਤੋਂ ਉਨ੍ਹਾਂ ਦਾ ਇਤਰਾਜ਼ ਹੈ ਕਿ ਇਥੇ ਸਿਰਲੇਖ `ਚ ੧ ਨਾਲ ਲਫ਼ਜ਼ "ਮਹਲਾ" ਨਹੀਂ ਆਇਆ"।

ਅਜਿਹੇ ਸੱਜਣਾਂ ਦੀ ਸੇਵਾ `ਚ ਸਨਿਮ੍ਰ ਬੇਨਤੀ ਹੈ ਕਿ ਉਹ ਕੇਵਲ ਇਥੇ ਇਨ੍ਹਾਂ ਸਲੋਕਾਂ `ਚ ਹੀ ਨਹੀਂ, ਬਲਕਿ ਉਹ ਸੱਜਣ ਇਸ ਪੱਖੋਂ ਬਾਕੀ ਸਮੂਚੀ ਗੁਰਬਾਣੀ ਨੂੰ ਵੀ ਘੌਖਣ। ਯਕੀਨਣ ਉਨ੍ਹਾਂ ਦਾ ਇਹ ਇਹ ਭਰਮ ਵੀ ਆਪਣੇ ਆਪ ਦੂਰ ਹੋ ਜਾਵੇਗਾ। ਤਾਂ ਵੀ ਉਨ੍ਹਾ ਦੀ ਜਾਣਕਾਰੀ ਲਈ:-

(a) "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ‘ਗਉੜੀ ਕੀ ਵਾਰ ਮ: ੪ ਪੰ: ੩੦੦ –ਤੋਂ ਅਰੰਭ ਹੁੰਦੀ ਹੈ। ਇਸ ਵਾਰ `ਚ ਕੁੱਝ ਪਉੜੀਆਂ ਪੰਜਵੇਂ ਪਾਤਸ਼ਾਹ ਦੀਆਂ ਵੀ ਹਨ। ਉਨ੍ਹਾਂ ਪਉੜੀਆਂ `ਤੇ ਸਿਰਲੇਖ ਹੈ ‘ਪਉੜੀ ਮਃ ੫’। ਜਦਕਿ ਉਨ੍ਹਾਂ `ਚੋਂ ਵੀ ਪਉੜੀ ਨੰ: ੨੭. ੨੮, ੨੯ (ਪੰ: ੩੧੫-੧੬) `ਤੇ ਸਿਰਲੇਖ ਹਨ ‘ਪਉੜੀ ੫’। ਦੇਖਣ-ਘੋਖਣ ਦਾ ਵਿਸ਼ਾ ਹੈ ਕਿ ਉਥੇ ਵੀ ਲਫ਼ਜ਼ ‘ਮਹਲਾ’ ਜਾਂ ਉਸਦਾ ਸੰਖੇਪ "ਮ: "ਨਹੀਂ ਲਿਖਿਆ ਹੋਇਆ; ਉਥੇ ਵੀ ਇਸ ਪੱਖੋਂ ਕੇਵਲ ਸੇਧ ਹੀ ਮਿਲਦੀ ਹੈ।

(b) ਇਹੀ ਨਹੀਂ, ਗੁਰਬਾਣੀ `ਚ ਇਹ ਨਿਯਮ ਹੋਰ ਵੀ ਕਈ ਥਾਵੇਂ ਵਰਤਿਆ ਹੋਇਆ ਹੈ। ਜਿਵੇਂ ਪੰ: ੫੨੮ `ਤੇ ਰਾਗ ‘ਦੇਵਗੰਧਾਰੀ ਮ: ੫’ `ਚ ਸ਼ਬਦ ਅਰੰਭ ਹੁੰਦੇ ਹਨ।

ਉਥੇ ਸ਼ਬਦ ਨੰ: ਤੋਂ ਭਾਵ ਉਨ੍ਹਾਂ ਛੇ ਸ਼ਬਦਾਂ `ਤੇ ਸਿਰਲੇਖ ਕੇਵਲ ‘ਦੇਵਗੰਧਾਰੀ’ ਹੀ ਹੈ ਅਤੇ ਇਨ੍ਹਾਂ `ਚੋਂ ਕਿਸੇ ਇੱਕ ਵੀ ਸ਼ਬਦ ਦੇ `ਤੇ "ਮਹਲਾ ਜਾਂ ਮ: ੫" ਨਹੀਂ ਲਿਖਿਆ ਹੋਇਆ।

ਇਸ ਤੋਂ ਇਲਾਵਾ ਉਥੇ ਹੋਰ ਕਈ ਸਬਦਾਂ ਦਾ ਅਰੰਭ ਵੀ ਕੇਵਲ ‘ਦੇਵਗੰਧਾਰੀ ੫’ ਨਾਲ ਕੀਤਾ ਹੋਇਆ ਹੈ ਭਾਵ ਅਤੇ ਉਥੇ ਵੀ ਲਫ਼ਜ਼ ‘ਮਹਲਾ’ ਜਾਂ "ਮ: "ਨਹੀਂ ਵਰਤਿਆ ਹੋਇਆ।

(c) ਇਸੇ ਲੜੀ `ਚ ਇੱਕ ਹੋਰ ਪ੍ਰਮਾਣ, ਪੰ: ੧੦੪੩ `ਤੇ ‘ਮਾਰੂ ਸੋਲਹੇ ਮਹਲਾ ੩’ ਅਰੰਭ ਹੁੰਦੇ ਹਨ। ਉਥੇ ਵੀ ਸ਼ਬਦ ਨੰ: (ਪੰ: ੧੦੫੨) `ਤੇ ਸਿਰਲੇਖ ਕੇਵਲ ‘ਮਾਰੂ ਸੋਲਹੇ ੩’ ਹੀ ਹੈ, ਲਫ਼ਜ਼ ਮਹਲਾ /ਮ: ਉਥੇ ਵੀ ਨਹੀਂ ਦਿੱਤਾ ਹੋਇਆ।

ਇਸੇ ਤਰ੍ਹਾਂ ਉਪ੍ਰੌਕਤ "ਬਿਹਾਗੜੇ ਕੀ ਵਾਰ" ਦੀ ਬਾਰ੍ਹਵੀਂ ਪਉੜੀ (ਪੰ: ੫੫੩) ਦੇ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਤਿੰਨ ਸਲੋਕ ਭਾਈ ਮਰਦਾਨੇ ਨੂੰ ਸਮ੍ਰਪਤ ਕੀਤੇ ਹੋਏ ਹਨ, ਇਸ ਵੇਰਵੇ ਤੋਂ ਬਾਅਦ ਉਨ੍ਹਾਂ ਸਲੋਕਾਂ ਬਾਰੇ ਵੀ ਸਾਨੂੰ ਇਹੋ ਜਿਹੀ ਕੋਈ ਸ਼ੰਕਾ ਨਹੀਂ ਰਹਿਣੀ ਚਾਹੀਦੀ ਕਿ ਉਹ ਤਿੰਨ ਸਲੋਕ ਗੁਰੂ ਨਾਨਕ ਪਾਤਸ਼ਾਹ ਅਥਵਾ "ਪਹਿਲੇ ਮਹਲੇ" ਦੀ ਰਚਣਾ ਨਹੀਂ ਹਨ"।

ਜਦਕਿ ਉਸ ਤੋਂ ਇਲਾਵਾ ਇਹ ਵੀ ਦੇਖ ਚੁੱਕੇ ਹਾਂ ਕਿ ". . ਗੁਰਮੁਖਿ ਪਾਈਐ ਨਾਨਕਾ, ਖਾਧੈ ਜਾਹਿ ਬਿਕਾਰ॥ ੧ ॥" ਅਤੇ "…ਨਾਨਕ ਇਹੁ ਭੋਜਨੁ ਸਚੁ ਹੈ, ਸਚੁ ਨਾਮੁ ਆਧਾਰੁ. ." ਭਾਵ ਉਨ੍ਹਾਂ ਸਲੋਕਾਂ `ਚ ਵੈਸੇ ਵੀ "ਨਾਨਕ ਪਦ" ਬਿਲਕੁਲ ਸਪਸ਼ਟ ਆਇਆ ਹੋਇਆ ਹੈ।

ਇਸ ਲਈ ਸੱਚ ਇਹੀ ਹੈ ਕਿ ਗੁਰਬਾਣੀ ਵਿੱਚਲੇ ਉਹ ਤਿੰਨ ਸਲੋਕ "ਗੁਰੂ ਨਾਨਕ ਪਾਤਸ਼ਾਹ" ਨੇ "ਗੁਰਬਾਣੀ `ਚ" ਭਾਈ ਮਰਦਾਨੇ ਨੂੰ ਸਮ੍ਰਪਤ ਕਰਕੇ, ਭਾਈ ਮਰਦਾਨੇ ਦਾ ਨਾਮ ਵੀ ਇਤਿਹਾਸ ਦੇ ਪੰਨਿਆਂ `ਤੇ ਸਦਾ ਲਈ ਅਮਰ ਕਰ ਦਿੱਤਾ।

"ਏਕੁ ਪਿਤਾ ਏਕਸ ਕੇ ਹਮ ਬਾਰਿਕ. ." ਜ਼ਿਕਰ ਚੱਲ ਰਿਹਾ ਹੈ, ਖ਼ੁੱਦ ਮਨੁੱਖ ਸਮਾਜ ਹੱਥੋਂ ਕਈ ਪੱਖਾਂ ਤੋਂ ਹੋ ਰਹੀ ਸਮੂਚੀ ਮਨੁੱਖਾ ਨਸਲ ਦੀ ਲਗਾਤਰ ਨਸਲ-ਕੁਸ਼ੀ ਦਾ।

ਉਨ੍ਹਾਂ ਭਿੰਨ ਭਿੰਨ ਕਾਰਣਾਂ `ਚੋਂ ਵਿਸ਼ਾ ਚੱਲ ਰਿਹਾ ਹੈ ਸੰਸਾਰ ਤਲ `ਤੇ ਅਨੇਕਾਂ ਰੂਪਾਂ `ਚ ਮਨੁੱਖ-ਮਨੁੱਖ ਵਿੱਚਾਲੇ ਊਚ-ਨੀਚ, ਦੇਸ਼ੀ-ਵਿਦੇਸ਼ੀ, ਕਾਲੇ-ਗੋਰੇ, ਜਾਤਾਂ-ਪਾਤਾਂ, , ਵਰਣ ਵੰਡ, ਇਸਤ੍ਰੀ-ਪੁਰਖ (ਲਿੰਗ ਭੇਦ), ਦੇਸ਼ੀ-ਵਿਦੇਸੀ, ਧਾਰਕਿਮ ਸੰਕੀਰਣਤਾ ਅਤੇ ਧਾਰਮਿਕ ਕਟੱਰਪੁਣੇ ਆਦਿ ਦਾ, ਦਰਅਸਲ ਇਸ ਪੱਖੌਂ ਵੀ ਇੱਕ ਜਾ ਦੂਜੇ ਰੂਪ `ਚ ਮਨੁੱਖ ਹੀ, ਮਨੁੱਖ ਦਾ ਵੈਰੀ ਤੇ ਕਾਤਿਲ ਬਣਿਆ ਹੋਇਆ ਹੈ।

ਉਪ੍ਰੰਤ ਅਸੀਂ ਇੱਥੇ ਉਸ ਭਿਅੰਕਰ ਵਿਗਾੜ ਦੇ ਸਮਾਧਾਨ ਨੂੰ ਗੁਰਬਾਣੀ ਦੀ ਸੇਧ ਤੇ "ਗੁਰ ਇਤਿਹਾਸ ਦੇ ਝਰੋਖੇ `ਚੋਂ ਸਮਝਣ ਅਤੇ ਸਪਸਟ ਕਰਣ ਦਾ ਯਤਣ ਕਰ ਰਹੇ ਸਾਂ। ਸ਼ੱਕ ਨਹੀਂ ਹੁਣ ਤੀਕ ਇਹ ਵੀ ਸਪਸ਼ਟ ਹੋ ਚੁੱਕਾ ਹੈ ਕਿ, ਇਤਨੀ ਵੱਧ ਹੋ ਚੁੱਕੀ ਤੱਬਾਹੀ ਤੋਂ ਬਾਅਦ ਅਜੇ ਵੀ ਇਸ ਮਨੁੱਖੀ ਵਿਗਾੜ ਨੂੰ ਸੰਭਲਿਆ ਅਤੇ ਮਨੁੱਖਾ ਨਸਲ ਨੂੰ ਇਸ ਪੱਖੋਂ ਵੀ ਬਚਾਇਆ ਜਾ ਸਕਦਾ ਹੈ

ਜੇਕਰ ਅਜੇ ਵੀ ਸਮੂਚਾ ਮਨੁੱਖ ਸਮਾਜ, ਸੰਸਾਰ ਤਲ ਦੇ ਇਕੋ-ਇਕ ਗੁਰੂ ਤੇ ਰਹਿਬਰ "ਗੁਰਬਾਣੀ-ਗੁਰੂ" ਦੇ ਆਦੇਸ਼ਾਂ ਦਾ ਪਾਲਣ ਕਰ ਲਾਵੇ।

ਕਿਉਂਕਿ ਸੰਸਾਰ ਤਲ `ਤੇ ਇਹ ਮਾਨ ਵੀ ਕੇਵਲ ਤੇ ਕੇਵਲ "ਗੁਰਬਾਣੀ ਵਿਚਾਰਧਾਰਾ" ਅਤੇ "ਗੁਰ-ਇਤਿਹਾਸ" ਨੂੰ ਹੀ ਪ੍ਰਾਪਤ ਹੈ, ਜਿਸ ਨੇ ਸਭ ਤੋਂ ਪਹਿਲਾਂ ਇਸ ਪੱਖੋਂ ਵੀ ਮਨੁੱਖ ਨੂੰ ਝੰਜੋੜਿਆ, ਸੁਚੇਤ ਕੀਤਾ ਅਤੇ ਜਗਾਇਆ। ਬਲਕਿ ਉਸ ਨੂੰ ਇਸ ਦਾ ਸਮਾਧਾਨ ਵੀ ਗੁਰਬਾਣੀ ਅਤੇ ਗੁਰ-ਇਤਿਹਾਸ ਰਾਹੀਂ ਪ੍ਰਗਟ ਹੀ ਨਹੀ ਕੀਤਾ, ਵਰਤੋਂ ਤੇ ਘਾਕਣਾਵਾਂ `ਚ ਲਿਆ ਕੇ ਸਪਸ਼ਟ ਵੀ ਕੀਤਾ।

ਕਾਸ਼! ਜੇ ਮਨੁੱਖ ਅਜੇ ਵੀ ਗੁਰਬਾਣੀ ਦੀ ਸ਼ਰਣ `ਚ ਆ ਕੇ ਮਨੁੱਖੀ ਸਾਂਝੀਵਾਲਤਾ ਦੀ ਪਹਿਚਾਣ ਕਰ ਲਵੇ ਤਾਂ ਘਟੋਘਟ ਮਨੁੱਖਾ ਨਸਲ ਇਸ ਪਾਸਿਓਂ ਤਾਂ ਬੱਚ ਹੀ ਸਕਦੀ ਹੈ, ਗੁਰਬਾਣੀ ਫ਼ੁਰਮਾਨ ਹਨ:-

() "ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ" (ਪੰ: ੬੧੧)

() "ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ" (ਪੰ: ੭੪੭)

() "ਨਾ ਕੋ ਮੇਰਾ ਦੁਸਮਨੁ ਰਹਿਆ ਨ ਹਮ ਕਿਸ ਕੇ ਬੈਰਾਈ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ॥ ੨ ॥ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ" (ਪੰ: ੬੭੧

() "ਬਿਸਰਿ ਗਈ ਸਭ ਤਾਤਿ ਪਰਾਈ॥ ਜਬ ਤੇ ਸਾਧਸੰਗਤਿ ਮੋਹਿ ਪਾਈ॥ ਰਹਾਉ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ" (ਪੰ: ੧੨੯੯)

() "ਫਰੀਦਾ ਬੁਰੇ ਦਾ ਭਲਾ ਕਰਿ, ਗੁਸਾ ਮਨਿ ਨ ਹਢਾਇ॥ ਦੇਹੀ ਰੋਗੁ ਨ ਲਗਈ, ਪਲੈ ਸਭੁ ਕਿਛੁ ਪਾਇ" (ਪੰ: ੧੩੮੨)

() "ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ॥ ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ" (ਪੰ: ੧੦੦੧)

() "ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ" (ਪੰ: ੩੮੬) ਆਦਿ

"ਭਾਈ ਮਰਦਾਨੇ ਤੋਂ ਬਾਅਦ ਭਾਈ ਲਾਲੋ" -ਤਾਂ ਤੇ ਚਲਦੇ ਵਿਸ਼ੇ ਵੱਲ ਕੁੱਝ ਹੋਰ ਅੱਗੇ ਵਧਦੇ ਹੋਏ--- "ਗੁਰੂ ਨਾਨਕ ਪਾਤਸ਼ਾਹ ਨੇ ਲਗਭਗ ੩੮ ਸਾਲ ਦੀ ਉਮਰ `ਚ ਆਪਣੀਆਂ ਉਦਾਸੀਆਂ (ਪ੍ਰਚਾਰ ਦੌਰਿਆਂ) ਦਾ ਅਰੰਭ ਸੈਦ ਪੁਰ ਅਜੋਕੇ ਐਮਨਾਬਦ ਦੇ ਇਲਾਕੇ ਤੋਂ ਕੀਤਾ ਸੀ। ਉਪ੍ਰੰਤ ਚਲਦੇ ਪ੍ਰਕਰਣ `ਚ "ਗੁਰ ਇਤਿਹਾਸ" ਪੱਖੋਂ ਜਦੋਂ ਇਥੇ ਵੀ ਦਰਸ਼ਨ ਕਰਦੇ ਹਾਂ ਤਾਂ ਭਾਈ ਮਰਦਾਨੇ ਵਾਂਙ ਗੁਰੂ ਨਾਨਕ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਜਦੋਂ ਮਾਨ ਬਖ਼ਸ਼ਿਆ ਤਾਂ ਇੱਥੇ ਵੀ ਸੈਦ ਪੁਰ ਨਿਵਾਸੀ ਇੱਕ ਕਿਰਤੀ ਅਤੀ ਗ਼ਰੀਬੜੇ ਤਰਖਾਣ ਸੱਜਨ-ਭਾਈ ਲਾਲੋ ਨੂੰ ਹੀ।

ਖ਼ੂਬੀ ਇਹ, ਕਿ ਇਥੇ ਵੀ ਗੁਰਦੇਵ ਨੇ ਸੈਦ ਪੁਰ ਦੇ ਨਾਮੀ ਧਨਾਢ, ਮਲਿਕ ਭਾਗੋ ਦੇ ਸ਼ਾਹੀ ਪਕਵਾਨਾਂ ਦੇ ਬਦਲੇ, ਉਸ ਗ਼ਰੀਬ ਕਿਰਤੀ ਤੇ ਇਮਾਨਦਾਰ ਭਾਈ ਲਾਲੋ ਪਾਸ ਹੀ ਆਪਣਾ ਟਿਕਾਅ ਕੀਤਾ ਜਦਕਿ ਉਸ ਦੇ ਪਕਵਾਨਾਂ `ਚ ਦੋਵੇਂ ਵੱਕਤ ਕੇਵਲ ਕੌਧਰੇ ਦੀਅ ਰੋਟੀਆਂ ਹੀ ਸਨ। ਉਂਝ ਇਹ ਵੀ ਆਪਣੇ ਆਪ `ਚ ਲੰਬੀ ਇਤਿਹਾਸਕ ਸਾਖੀ ਹੈ ਪਰ ਉਸ ਦੇ ਬਹੁਤੇ ਵੇਰਵੇ ਦੀ ਇੱਥੇ ਲੋੜ ਨਹੀਂ।

"ਤੈਸੜਾ ਕਰੀ ਗਿਆਨੁ ਵੇ ਲਾਲੋ" -ਇਹੀ ਨਹੀਂ, ਦੇਖ ਆਏ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ "ਬਿਹਾਗੜੇ ਕੀ ਵਾਰ" ਦੀ ਬਾਰ੍ਹਵੀਂ ਪਉੜੀ ਦੇ ਨਾਲ ਲਗਦੇ ਤਿੰਨ ਸਲੋਕ ਭਾਈ ਮਰਦਾਨੇ ਨੂੰ ਸਮ੍ਰਪਿਤ ਕਰਕੇ, ਭਾਈ ਮਰਦਾਨੇ ਦਾ ਨਾਮ, ਇਤਿਹਾਸ ਦੇ ਪੰਨਿਆਂ `ਤੇ ਸਦਾ ਲਈ ਅਮਰ ਕਰ ਦਿੱਤਾ

ਠੀਕ ਉਸੇ ਤਰ੍ਹਾਂ ਗੁਰਦੇਵ ਨੇ ਇਥੇ ਵੀ ਇੱਕ ਜਾਂ ਦੋ ਵਾਰੀ ਨਹੀਂ ਬਲਕਿ, ਭਾਈ ਲਾਲੋ ਦਾ ਨਾਮ ਵੀ ਗੁਰਬਾਣੀ `ਚ ਲਗਾਤਾਰ ਸੱਤ ਵਾਰੀ ਦਰਜ ਕਰ ਕੇ ਭਾਈ ਲਾਲੋ ਦੇ ਨਾਮ ਨੂੰ ਵੀ, ਗੁਰਬਾਣੀ ਰਾਹੀਂ ਇਤਿਹਾਸ ਦੇ ਪੰਨਿਆਂ `ਤੇ ਸਦਾ ਲਈ ਅਮਰ ਕਰ ਦਿੱਤਾ।

ਹੋਇਆ ਇਸ ਤਰ੍ਹਾਂ ਕਿ ਸੰਨ ੧੫੭੮ `ਚ ਬਾਬਰ ਨੇ ਭਾਰੀ ਤਿਆਰੀ ਤੋਂ ਬਾਅਦ ਭਾਰਤ `ਤੇ ਆਪਣਾ ਚੌਥਾ ਤੇ ਆਖ਼ਰੀ ਹਮਲਾ ਕੀਤਾ ਸੀ। ਉਸ ਨੇ ਆਪਣੇ ਇਸ ਹਮਲੇ `ਚ ਭਰਵੀਂ ਕਤਲੋ-ਗ਼ਾਰਤ ਕੀਤੀ ਅਤੇ ਅਫ਼ਗਾਨਾ ਨੂੰ ਹਾਰ ਦੇ ਕੇ ਭਾਰਤ `ਤੇ ਮੁਗ਼ਲ ਰਾਜ ਕਾਇਮ ਕਰ ਲਿਆ ਸੀ।

ਦਰਅਸਲ ਬਾਬਰ ਦੀ ਅਫ਼ਗਾਨਾ `ਤੇ ਉਸੇ ਜਿੱਤ ਤੋਂ ਇੱਕ ਦੰਮ ਬਾਅਦ ਭਾਰਤ `ਚ ਮੁਗ਼ਲ ਸ਼ਾਸਨ ਦਾ ਅਰੰਭ ਹੋਇਆ ਸੀ। ਗੁਰਬਾਣੀ `ਚ ਬਾਬਰ ਦੇ ਉਸ ਆਖ਼ਰੀ ਤੇ ਚੌਥੇ ਹਮਲੇ ਨਾਲ ਸੰਬੰਧਤ ਚਾਰ ਸ਼ਬਦ ਆਏ ਹਨ। ਇਸ ਤਰ੍ਹਾਂ ਗੁਰਦੇਵ ਨੇ ਬਾਬਰ ਦੇ ਭਾਰਤ `ਤੇ ਉਸ ਹਮਲੇ ਨਾਲ ਸੰਬੰਧਤ ਉਨ੍ਹਾਂ ਚਾਰ ਸ਼ਬਦਾ ਦੀ ਲੜੀ ਦਾ ਪਹਿਲਾ ਸ਼ਬਦ ਹੀ ਭਾਈ ਲਾਲੋ ਨੂੰ ਸੰਬੋਧਨ ਕੀਤਾ ਹੋਇਆ ਹੈ। ਤਾਂ ਤੇ:-

"ਤਿਲੰਗ ਮਹਲਾ ੧॥

ਜੈਸੀ ਮੈ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨੁ ਵੇ ਲਾਲੋ

ਪਾਪ ਕੀ ਜੰਞ ਲੈ ਕਾਬਲਹੁ ਧਾਇਅ, ਜੋਰੀ ਮੰਗੈ ਦਾਨੁ ਵੇ ਲਾਲੋ॥

ਸਰਮੁ ਧਰਮੁ ਦੁਇ ਛਪਿ ਖਲੋਏ, ਕੂੜੁ ਫਿਰੈ ਪਰਧਾਨੁ ਵੇ ਲਾਲੋ

ਕਾਜੀਆ ਬਾਮਣਾ ਕੀ ਗਲ ਥਕੀ, ਅਗਦੁ ਪੜੈ ਸੈਤਾਨੁ ਵੇ ਲਾਲੋ

ਮੁਸਲਮਾਨੀਆ ਪੜਹਿ ਕਤੇਬਾ, ਕਸਟ ਮਹਿ ਕਰਹਿ ਖੁਦਾਇ ਵੇ ਲਾਲੋ॥

ਜਾਤਿ ਸਨਾਤੀ ਹੋਰਿ ਹਿਦਵਾਣੀਆ, ਏਹਿ ਭੀ ਲੇਖੈ ਲਾਇ ਵੇ ਲਾਲੋ॥

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ, ਰਤੁ ਕਾ ਕੁੰਗੂ ਪਾਇ ਵੇ ਲਾਲੋ॥  

ਸਾਹਿਬ ਕੇ ਗੁਣ ਨਾਨਕੁ ਗਾਵੈ, ਮਾਸ ਪੁਰੀ ਵਿਚਿ ਆਖੁ ਮਸੋਲਾ॥

ਜਿਨਿ ਉਪਾਈ ਰੰਗਿ ਰਵਾਈ, ਬੈਠਾ ਵੇਖੈ ਵਖਿ ਇਕੇਲਾ॥

ਸਚਾ ਸੋ ਸਾਹਿਬੁ ਸਚੁ ਤਪਾਵਸੁ, ਸਚੜਾ ਨਿਆਉ ਕਰੇਗੁ ਮਸੋਲਾ॥

ਕਾਇਆ ਕਪੜੁ ਟੁਕੁ ਟੁਕੁ ਹੋਸੀ, ਹਿਦੁਸਤਾਨੁ ਸਮਾਲਸੀ ਬੋਲਾ॥

ਆਵਨਿ ਅਠਤਰੈ, ਜਾਨਿ ਸਤਾਨਵੈ, ਹੋਰੁ ਭੀ ਉਠਸੀ ਮਰਦ ਕਾ ਚੇਲਾ॥

ਸਚ ਕੀ ਬਾਣੀ ਨਾਨਕੁ ਆਖੈ, ਸਚੁ ਸੁਣਾਇਸੀ ਸਚ ਕੀ ਬੇਲਾ॥ ੨ ॥" (ਪੰ: ੭੨੨)

ਉਪ੍ਰੰਤ ਇਸ ਲੜੀ `ਚ "ਬਾਬਰ ਦੇ ਹਮਲੇ ਨਾਲ ਸੰਬੰਧਤ" ਵਾਰੀ ਵਾਰੀ ਬਾਕੀ ਤਿੰਨ ਸ਼ਬਦ ਹਨ:-

(੨) "ਆਸਾ ਮਹਲਾ ੧॥ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ…" (ਪੰ: ੩੬੦)

(੩) "ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩ ੴ ਸਤਿਗੁਰ ਪ੍ਰਸਾਦਿ॥ ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥ ਸੇ ਸਿਰ ਕਾਤੀ ਮੁੰਨੀਅਨਿੑ ਗਲ ਵਿਚਿ ਆਵੈ ਧੂੜਿ" (ਪੰ: ੪੧੭

(੪) "ਆਸਾ ਮਹਲਾ ੧॥ ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ. ." (ਪੰ: ੪੧੭)

ਖਾਸ ਧਿਆਨ ਦੇਣਾ ਹੈ ਕਿ "ੴ" ਤੋਂ "ਤਨੁ ਮਨੁ ਥੀਵੈ ਹਰਿਆ" ਤੀਕ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਿੱਚਲੀ ਸੰਪੂਰਣ "ਗੁਰਬਾਣੀ" ਸਿਧਾਂਤਕ ਪੱਖੋਂ ਮਨੁਖਾ ਜੀਵਨ ਲਈ ਸੇਧ ਅਤੇ ਜੁਗੋ-ਜੁਗ ਅਟੱਲ ਸਚਾਈ ਵੀ ਹੈ। ਗੁਰਬਾਣੀ ਕਦੇ ਵੀ ਇਤਿਹਾਸ ਦਾ ਵਿਸ਼ਾ ਨਹੀਂ। ਉਸੇ ਤਰ੍ਹਾਂ "ਬਾਬਰ ਦੇ ਹਮਲੇ ਨਾਲ ਸੰਬੰਧਤ ਉਪ੍ਰੋਕਤ ਚਾਰੋਂ ਸ਼ਬਦ" ਵੀ ਇਤਿਹਾਸ ਨਹੀ ਹਨਂ, ਉਹ ਕੇਵਲ ਇਤਿਹਾਸਕ ਹਵਾਲਾ ਹੀ ਹਨ। ਉਸੇ ਤਰ੍ਹਾਂ ਜਿਵੇਂ ਗੁਰਬਾਣੀ `ਚ ਹੋਰ ਵੀ ਕਈ ਥਾਵੇੜ ਕੇਵਲ ਇਤਿਹਾਸਕ ਹੀ ਨਹੀਂ ਬਲਕਿ ਬਹੁਤੇਰੇ ਮਿਥਿਹਾਸਕ ਹਵਾਲੇ ਵੀ ਮਿਲਦੇ ਤੇ ਆਏ ਹੋਏ ਹਨ।

ਸਮਝਣਾ ਹੈ ਕਿ "ਬਾਬਰ ਦੇ ਹਮਲੇ ਨਾਲ ਸੰਬੰਧਤ ਉਪ੍ਰੋਕਤ ਚਾਰ ਸ਼ਬਦਾਂ ਰਾਹੀ" ਗੁਰਦੇਵ ਇਤਿਹਾਸ ਨਹੀਂ ਬਲਕਿ ਮਨੁੱਖਾ ਜੀਵਨ ਦੇ ਕਿਸੇ ਵਿਸ਼ੇਸ਼ ਸਿਧਾਂਤਕ ਪੱਖ ਨੂੰ ਹੀ ਉਜਾਗਰ ਕੀਤਾ ਹੋਇਆ ਹੈ।

ਜੇਕਰ ਇਨ੍ਹਾਂ ਸ਼ਬਦਾਂ ਦੇ ਅਰਥਾਂ ਦੀ ਗਹਿਰਾਈ `ਚ ਜਾਵੀਏ ਤਾਂ ਸਪਸ਼ਟ ਹੁੰਦੇ ਦੇਰ ਨਹੀਂ ਲਗਦੀ ਕਿ ਗੁਰਦੇਵ ਨੇ ਗੁਰਬਾਣੀ ਵਿੱਚਲੇ ਇਨ੍ਹਾਂ ਸ਼ਬਦਾਂ ਰਾਹੀਂ ਅਕਾਲਪੁਰਖ ਦੇ ਕਿਸੇ ਮੁੱਢ-ਕਦੀਮੀ ਸੁਭਾਅ ਅਤੇ ਮਨੁੱਖਾ ਜੀਵਨ ਦੇ ਕਿਸੇ ਸਦੀਵ ਕਾਲੀ ਸਿਧਾਂਤ ਨੂੰ ਹੀ ਉਜਾਗਰ ਕੀਤਾ ਹੋਇਆ ਹੈ।

ਉਪ੍ਰੰਤ ਪ੍ਰਭੂ ਦੇ ਉਸ ਮੁੱਢ-ਕਦੀਮੀ ਸੁਭਾਅ ਤੇ ਸਿਧਾਂਤ ਨੂੰ ਪ੍ਰਗਟ ਕਰਣ ਲਈ ਇਨ੍ਹਾਂ ਸ਼ਬਦਾਂ `ਚ, ਸ਼ਬਦਾਂ ਵਿੱਚਲੇ "ਗੁਰਮੱਤ ਸਿਧਾਂਤ" ਨੂੰ ਪੂਰੀ ਤਰ੍ਹਾਂ ਪ੍ਰਗਟ ਕਰਣ ਵਾਲੇ ਹੋਰ ਕਈ ਬੰਦਾਂ ਦੇ ਨਾਲ ਨਾਲ ਉਨ੍ਹਾਂ ਸ਼ਬਦਾਂ `ਚੋਂ ਹੀ ਅੱਗੇ ਦਰਜ ਕੀਤੀਆਂ ਪੰਕਤੀਆਂ ਵਿਸ਼ੇਸ਼ ਧਿਆਨ ਮੰਗਦੀਆਂ ਹਨ, ਤਾਂ ਤੇ:-

"ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥

ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥

ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ" (ਪੰ: ੩੬੦)

ਅਰਥਾਂ ਪੱਖੋਂ ਇਨ੍ਹਾਂ ਚਾਰਾਂ ਸ਼ਬਦਾਂ ਦੀ ਗਹਿਰਾਈ `ਚ ਜਾਵੀਏ ਤਾਂ ਇਹ ਵੀ ਸਮਝ ਅਉਂਦੇ ਦੇਰ ਨਹੀਂ ਲਗਦੀ ਕਿ ਗੁਰਦੇਵ ਨੇ ਇਨ੍ਹਾਂ ਸ਼ਬਦਾਂ `ਚ ਸਮੂਚੇ ਮਨੁੱਖ-ਵਰਗ ਨੂੰ ਮੁੱਖ ਚਾਰ ਭਾਗਾਂ `ਚ ਵੰਡਿਆ ਹੋਇਆ ਹੈ। ਇਸ ਤਰ੍ਹਾਂ ਮਨੁੱਖਾ ਵਰਗ ਵਿੱਚਲੇ ਉਹ ਚਾਰ ਭਾਗ ਇਸ ਤਰ੍ਹਾਂ ਦੱਸੇ ਹਨ:-

(੧) ਰਾਜਸੀ ਆਗੂ

(੨) ਧਾਰਮਿਕ ਆਗ

(੩) ਸਾਧਾਰਨ ਲੋਕਾਈ

(੪) ਉਪ੍ਰੰਤ ਇਨ੍ਹਾਂ ਤਿੰਨਾਂ ਹੀ ਵਰਗਾਂ `ਚ ਫ਼ੈਲੇ ਹੋਏ "ਗੁਰਮੁਖ ਜਨ" ਅਥਵਾ "ਪ੍ਰਭੂ ਪਿਆਰੇ"।

ਦਰਅਸਲ ਬਾਬਰ ਰਾਹੀਂ ਭਾਰਤ `ਤੇ ਹਮਲੇ ਨਾਲ ਸੰਬਧਤ ਇਨ੍ਹਾਂ ਚਾਰ ਸ਼ਬਦਾਂ ਰਾਹੀਂ ਗੁਰਦੇਵ ਸਪਸ਼ਟ ਕਰਦੇ ਹਨ ਕਿ ਜਦੋਂ ਜਦੋਂ ਵੀ ਮਨੁੱਖਾ ਵਰਗ ਦੇ ਪਹਿਲੇ ਤਿੰਨ ਭਾਗ (੧) ਰਾਜਸੀ ਆਗੂ (੨) ਧਾਰਮਿਕ ਆਗੂ ਅਤੇ (੩) ਸਾਧਾਰਨ ਲੋਕਾਈ, ਕਰਤੇ ਪ੍ਰਭੂ ਨੂੰ ਵਿਸਾਰ ਕੇ, ਭ੍ਰਸ਼ਟ ਹੋ ਜਾਂਦੇ ਹਨ, ਆਪਹੁਦਰੀਆਂ ਕਰਣ ਲੱਗ ਜਾਂਦੇ ਅਤੇ ਕੁਰਾਹੇ ਪੈ ਜਾਂਦੇ ਹਨ। ਤਾਂ ਉਸੇ ਦਾ ਨਤੀਜਾ ਹੁੰਦਾ ਹੈ ਕਿ:-

ਅਜਿਹੇ ਬਦਤੱਰ ਸਾਮਾਜਿਕ ਹਾਲਾਤਾਂ ਸਮਮੇਂ ਉਨ੍ਹਾਂ ਤਿੰਨਾਂ ਵਰਗਾਂ ਵਿੱਚਕਾਰ ਸਾਰੇ ਪਾਸੇ ਫੈਲੇ ਹੋਏ "ਗੁਰਮੁਖ ਜਨ" ਅਤੇ "ਪ੍ਰਭੂ ਪਿਆਰਿਆਂ" ਦਾ ਜੀਵਨ ਦੂਭਰ ਹੋ ਜਾਂਦਾ ਹੈ। ਇਸ ਤਰ੍ਹਾਂ ਸੰਸਾਰ ਤਲ `ਤੇ ਜਾਂ ਸੰਸਾਰ ਦੇ ਉਸ ਵਿਸ਼ੇਸ਼ ਭਾਗ ਜਾਂ ਭਾਗਾਂ `ਚ ਅਜਿਹੇ "ਗੁਰਮੁਖ ਜਨਾ" ਅਤੇ "ਪ੍ਰਭੂ ਪਿਆਰਿਆਂ" ਦੀ ਬਹੁੜੀ ਕਰਣ ਲਈ ਪ੍ਰਭੂ ਆਪ ਕੋਈ ਨਾ ਕੋਈ ਕਲਾ ਵਰਤਾਅ ਦਿੰਦਾ ਹੈ।

ਗੁਰਦੇਵ ਅਨੁਸਾਰ ਸੰਨ ੧੫੭੮ `ਚ ਬਾਬਰ ਰਾਹੀਂ ਭਾਰਤ `ਤੇ ਜਿਹੜਾ ਹਮਲਾ ਹੋਇਆ ਉਹ ਵੀ, ਪ੍ਰਭੂ ਵਲੋਂ, ਸਮਾਜਕ ਤਲ `ਤੇ ਭ੍ਰਸ਼ਟ ਹੋ ਚੁੱਕੇ, ਆਪਹੁੱਦਰੀਆਂ ਕਰ ਰਹੇ ਤੇ ਕੁਰਾਹੇ ਪੈ ਚੁੱਕੇ ਉਨ੍ਹਾਂ ਤਿਨਾਂ ਵਰਗਾਂ ਨੂੰ ਹੀ ਆਪਣੇ ਕੀਤੇ ਦੀ ਸਜ਼ਾ ਦੇਣ ਅਤੇ

ਉਸ ਦੇ ਨਾਲ-ਨਾਲ ਉਨ੍ਹਾਂ ਤਿੰਨਾਂ ਵਰਗਾਂ ਵਿੱਚਕਾਰ ਸਾਰੇ ਪਾਸੇ ਫੈਲੇ ਹੋਏ ਤੇ ਪਿਸ ਰਹੇ "ਗੁਰਮੁਖ ਜਨਾ", "ਪ੍ਰਭੂ ਪਿਆਰਿਆਂ" ਦੀ ਬਹੁੜੀ ਕਰਣਾ ਹੀ ਸੀ।

ਬੇਸ਼ੱਕ ਵਿਸ਼ੇ ਨਾਲ ਸੰਬੰਧਤ ਸਮੂਚੇ ਗੁਰਮੱਤ ਸਿਧਾਂਤਾਂ ਨੂੰ ਪ੍ਰਗਟ ਕਰਣ ਲਈ ਇਨ੍ਹਾਂ ਚੋਹਾਂ ਸ਼ਬਦਾਂ `ਚ ਹੋਰ ਵੀ ਕਈ ਬੰਦ ਹਨ। ਤਾਂ ਵੀ ਗੁਰਦੇਵ ਨੇ ਇਨ੍ਹਾਂ ਸ਼ਬਦਾਂ `ਚ ਖਾਸਕਰ ਪ੍ਰਭੂ ਦੇ ਉਸ ਉਪਰ ਵਰਣਿਤ ਵਰਤਾਰੇ ਨੂੰ ਹੇਠ ਦਿੱਤੀਆਂ ਪੰਕਤੀਆਂ ਰਾਹੀਂ ਸਪਸ਼ਟ ਵੀ ਕੀਤਾ ਹੋਇਆ ਹੈ। ਤਾਂ ਤੇ:-

"ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥

ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥

ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ" (ਪੰ: ੩੬੦)

ਇਸ ਤਰ੍ਹਾਂ ਉਨ੍ਹਾਂ ਸ਼ਬਦਾਂ ਵਿਚਲੀਆਂ ਇਨ੍ਹਾਂ ਪੰਕਤੀਆਂ "ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ" ਰਾਹੀਂ ਗੁਰਦੇਵ ਸਪਸ਼ਟ ਕਰਦੇ ਹਨ ਸੰਸਾਰ ਤਲ `ਤੇ ਜਦੋਂ ਤੇ ਜਿਸ ਭਾਗ `ਚ ਵੀ ਅਜਿਹੇ ਕਾਂਡ ਹੁੰਦੇ ਹਨ ਅਤੇ ਰਹਿੰਦੀ ਦੁਨੀਆਂ ਤੀਕ ਹੁੰਦੇ ਵੀ ਰਹਿਣਗੇ--ਉਨ੍ਹਾਂ ਲਈ ਦੋਸ਼ੀ ਕਰਤਾ ਪ੍ਰਭੂ ਨਹੀਂ ਬਲਕਿ ਉਪ੍ਰੌਕਤ ਤਿੰਨ ਵਰਗ ਹੀ ਹੁੰਦੇ ਹਨ ਜਦਕਿ ਉਸੇ ਤੋਂ ਮਨੁੱਖਾ ਵਰਗ ਦੇ ਉਸ ਚੌਥੇ ਭਾਗ ਦੀ ਪ੍ਰਭੂ ਰਾਹੀ ਬਹੁੜੀ ਕਰਣਾ ਵੀ ਹੁੰਦਾ ਹੈ।

ਅਰਥਾਂ ਪੱਖੋਂ ਜਿਉਂ ਜਿਉਂ ਸ਼ਬਦਾਂ ਦੀ ਗਹਿਰਾਈ `ਚ ਜਾਵੋ ਵਿਸ਼ਾ ਆਣੇ ਆਪ ਖੁੱਲਦਾ ਜਾਦਾ ਹੈ। ਇਹ ਗੱਲ ਹੈ ਵੱਖਰੀ ਕਿ "ਬਾਬਰ ਦੇ ਹਮਲੇ ਨਾਲ ਸੰਬੰਧਤ ਇਨ੍ਹਾਂ ਚਾਰਾਂ ਸ਼ਬਦਾਂ ਵਿੱਚਲੇ ਵਿਸ਼ੇ ਨੂੰ ਹੋਰ ਵਿਸਤਾਰ ਨਾਲ ਦੇਣ ਦੀ ਸਾਨੂੰ ਇੱਥੇ ਲੋੜ ਨਹੀਂ

ਗੁਰੂ ਕੀਆਂ ਸੰਗਤਾਂ ਦੀ ਜਾਣਕਾਰੀ ਲਈ, ਉਸ ਵਿਸ਼ੇ ਨਾਲ ਸੰਬੰਧਤ ਅਸੀਂ ਪਹਿਲਾਂ ਤੋਂ ਹੀ ਤਿੰਨ ਗੁਰਮੱਤ ਪਾਠ ਦੇ ਚੁੱਕੇ ਹੋਏ ਹਾਂ। ਸੰਗਤਾਂ ਦੇ ਸੇਵਾ `ਚ ਸਨਿਮ੍ਰ ਬੇਨਤੀ ਹੈ ਕਿ ਉਹ ਆਪ ਉਨ੍ਹਾਂ ਗੁਰਮੱਤ ਪਾਠਾਂ ਨੂੰ "www.sikhmarg.com" ਤੌਂ ਪੜ੍ਹਣ ਵਾਲਾ ਲਾਭ ਲੈ ਲੈਣ ਬਲਕਿ ਜੇ ਸੰਭਵ ਹੋਵੇ ਤਾਂ ਉਨ੍ਹਾਂ ਗੁਰਮੱਤ ਪਾਠਾਂ ਨੂੰ ਵੱਡੀ ਗਿਣਤੀ `ਚ ਸੈਂਟਰ ਪਾਸੋਂ ਮੰਗਵਾ ਕੇ ਗੁਰਮੱਤ –ਪ੍ਰਚਾਰ-ਪ੍ਰਸਾਰ ਹਿੱਤ ਸੰਗਤਾਂ ਵਿੱਚਕਾਰ ਵੰਡਣ ਲਈ ਵੀ ਅੱਗੇ ਵੀ ਆਉਣ।

ਤਾਂ ਤੇ ਉਨ੍ਹਾਂ ਤਿੰਨ ਗੁਰਮੱਤ ਪਾਠਾਂ ਦੇ ਨੰਬਰ ਅਤੇ ਨਾਮ ਇਸ ਤਰ੍ਹਾਂ ਹਨ-ਗੁਰਮੱਤ ਪਾਠ ਨੰ:

੨੦੨ "ਆਪੈ ਦੋਸੁ ਨ ਦੇਈ ਕਰਤਾ…", ਗੁਰਮੱਤ ਪਾਠ ਨੰ: ੨੦੩- "ਬਾਬਰ ਦੇ ਹਮਲੇ ਨਾਲ ਸਬੰਧਤ ਸ਼ਬਦ ਅਤੇ ਗੁਰਮੱਤ ਸੇਧਾਂ" ਅਤੇ ਗੁਰਮੱਤ ਪਾਠ ਨੰ: ੨੦੪- "ਬਾਬਰ ਦੇ ਹਮਲੇ ਨਾਲ ਸਬੰਧਤ ਸ਼ਬਦ ਅਤੇ ਅਰਥ ਵਿਚਾਰ" (ਚਲਦਾ) #234P-XII,-02.17-0217#p22v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਬਾਈਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.