.

ਧਰਮ ਦਾ ਬੁਰਕਾ

ਸੰਸਾਰ ਦੇ ਬਹੁ ਗਿਣਤੀ ਮੁਲਕਾਂ ਵਿੱਚ, ਕਾਨੂੰਨ ਦੇ ਹੁੰਦਿਆਂ ਵੀ, ਅੱਤਵਾਦ ਤੇਜ਼ੀ ਨਾਲ ਫੈਲ ਰਿਹਾ ਹੈ। ਇੱਕ ਦੂਜੇ ਨਾਲ ਵੈਰ ਵਿਰੋਧ ਤੇ ਘਿਰਨਾ, ਮਨੁਖਤਾ ਨੂੰ ਖੇਰੂੰ ਖੇਰੂੰ ਕਰਨ ਦਾ ਕਾਰਨ ਬਣੀ ਹੋਈ ਹੈ। ਬੇਸ਼ੱਕ ਇਹਨਾਂ ਵਖਰੇਵਿਆਂ ਦੇ ਕਾਰਨ ਸ਼ਿਆਸੀ ਦੱਸੇ ਜਾਣ, ਪਰ ਡੁੰਗਾਈ ਵਿੱਚ ਇਹਨਾਂ ਦਾ ਕਾਰਨ ਦੁਨੀਆਂ ਦੇ ਅਖੌਤੀ ਧਰਮ (ਮਜ਼੍ਹਬ) ਹੀ ਹਨ। ਜਿਸ (ਸੱਚੇ) ਧਰਮ ਨੇ ਮਨੁਖਤਾ ਨੂੰ ਇੱਕ ਪ੍ਰੇਮ ਦੀ ਮਾਲਾ, ਏਕਤਾ ਦੀ ਲੜੀ, ਪਿਆਰ ਦੇ ਭਾਈਚਾਰੇ, ਵਿੱਚ ਪਰੋਣਾ ਸੀ ਮਨੁੱਖ ਨੇ ਉਸੇ ਧਰਮ ਨੂੰ ਦੰਗਿਆਂ ਤੇ ਵਿਤਕਰਿਆਂ ਦਾ ਕਾਰਨ ਬਣਾਇਆ ਹੋਇਆ ਹੈ। ਸਪਸ਼ਟ ਹੈ ਕਿ ਧਰਮ ਨੂੰ ਸਹੀ ਅਰਥਾਂ ਵਿੱਚ ਨਹੀ ਜਾਣਿਆ ਜਾ ਸਕਿਆ। ਧਰਮ ਦੀ ਅਸ਼ੁੱਧ ਵਿਆਖਿਆ ਹੀ ਸਾਰੇ ਮਸਲੇ ਦੀ ਜੜ੍ਹ ਹੈ। ਰੀਤਾਂ ਰਸਮਾਂ, ਕਰਮ ਕਾਂਡਾਂ, ਪਹਿਰਾਵਿਆਂ ਤੇ ਧਾਰਮਿਕ ਚਿੰਨਾਂ ਨੂੰ ਹੀ ਧਰਮ ਸਮਝਿਆ ਜਾ ਰਿਹਾ ਹੈ, ਧਰਮ ਦੇ ਬੁਰਕੇ ਵਿੱਚ ਅਧਰਮ ਲੁਕਿਆ ਬੈਠਾ ਹੈ ਜੋ ਪਛਾਣਿਆਂ ਨਹੀ ਜਾਂਦਾ। ਅਧਿਆਤਮਿਕ ਸਿਖਲਾਈ, ਜੋ ਅੱਤਵਾਦ ਨੂੰ ਠੱਲ ਪਾਉਣ ਦਾ ਰਾਹ ਹੈ, ਪਹਿਲਾਂ ਸਕੂਲਾਂ ਤੇ ਕੌਲਜਾਂ ਵਿਚੋਂ ਬੰਦ ਕਰ ਦਿੱਤੀ ਗਈ ਤੇ ਹੁਣ ਹੌਲੀ ਹੌਲੀ ਮੰਦਰਾਂ, ਮਸੀਤਾਂ, ਚਰਚਾਂ ਤੇ ਗੁਰਦੁਅਰਿਆਂ. . ਆਦਿਕ. . ਵਿਚੋਂ ਵੀ ਅਲੋਪ ਹੋ ਰਹੀ ਹੈ ਤੇ ਇਹੀ ਅੱਤਵਾਦ ਦੇ ਫੈਲਣ ਦਾ ਇੱਕ ਵੱਡਾ ਕਾਰਨ ਹੈ।

ਮਨੁੱਖ ਦੇ ਪਦਾਰਥਵਾਦੀ ਗਿਆਨ ਨੇ ਤਾਂ ਬਹੁਤ ਤਰੱਕੀ ਕਰਕੇ ਅਨੇਕ ਸਹੂਲਤਾਂ ਪੈਦਾ ਕੀਤੀਆਂ, ਪਰ ਆਤਮਿਕ ਗਿਆਨ ਵਿੱਚ ਇਹ ਟੱਸ ਤੋਂ ਮੱਸ ਨਹੀ ਹੋਇਆ ਤੇ ਇਸ ਦਾ ਪ੍ਰਤੱਖ ਪ੍ਰਮਾਣ ਮੌਜੂਦਾ ਫੈਲ ਰਹੀ ਦਹਿਸ਼ਤਗਰਦੀ ਹੈ। ਸੰਸਾਰ ਵਿੱਚ ਅਨੇਕਾਂ ਧਰਮਾਂ ਦੀ ਹੋਂਦ ਹੀ ਧਰਮ ਦੀ ਅਸ਼ੁੱਧ ਵਿਆਖਿਆ ਦਾ ਸਬੂਤ ਹੈ ਇਸ ਲਈ ਜੇ ਬਿਸਮਿੱਲਾ ਹੀ ਗਲਤ ਹੈ, ਜੇ ਮੁੱਢੋਂ ਹੀ ਘੁੱਥਾ ਰਹਿ ਗਿਆ ਤਾਂ ਅੱਗਾ ਕਿਵੇਂ ਸੰਵਰ ਸਕਦਾ ਹੈ? ਸਾਰੀ ਮਨੁਖਤਾ ਦਾ ਧਰਮ ਇਕੋ ਹੀ ਹੈ ਤੇ ਇਹੀ ਇਕੋ ਇੱਕ ਮਨੁਖਤਾ ਦੀ ਏਕਤਾ ਦਾ ਵਸੀਲਾ ਹੈ, ਪਰ ਜੇ ਧਰਮਾਂ (ਅਸਲ ਵਿੱਚ ਮਜ਼੍ਹਬਾਂ) ਵਿੱਚ ਹੀ ਵਖਰੇਵਾਂ ਹੈ ਤਾਂ ਮਨੁਖੀ ਏਕਤਾ ਕਿਵੇਂ ਸੰਭਵ ਹੋ ਸਕਦੀ ਹੈ। ਸੰਸਾਰ ਵਿੱਚ ਜਿਨੇ ਵੀ ਪੀਰ, ਪੈਗੰਬਰ, ਗੁਰੂ, ਜਾਂ ਭਗਤ ਹੋਏ ਹਨ ਉਹਨਾਂ ਮਨੁਖਤਾ ਦੇ ਭਲੇ ਤੇ ਮਨੁਖਤਾ ਨੂੰ ਇਕੋ ਭਾਈਚਾਰੇ ਵਿੱਚ ਪਰੋਣ ਦਾ ਯਤਨ ਕੀਤਾ, ਪਰ ਮੌਜੂਦਾ ਸਮੇ ਦੇ ਵੱਖ ਵੱਖ ਧਰਮਾਂ ਦੇ ਪ੍ਰਚਾਰਕ (ਜੋ ਧਰਮ ਤੋਂ ਅਨਜਾਣ ਜਾਪਦੇ ਹਨ) ਆਪਣੇ ਆਪਣੇ ਅਖੌਤੀ ਧਰਮ ਦਾ ਪ੍ਰਚਾਰ ਕਰਕੇ ਮਨੁਖਤਾ ਵਿੱਚ ਵੈਰ ਵਿਰੋਧ ਤੇ ਘਿਰਨਾ ਦਾ ਕਾਰਨ ਬਣ ਰਹੇ ਹਨ, ਧਰਮ ਦਾ ਬੁਰਕਾ (ਨਕਾਬ) ਪਾ ਕੇ ਅਧਰਮ ਫੈਲਾ ਰਹੇ ਹਨ। ਜੋ ਧਰਮ ਪ੍ਰਚਾਰ ਮਨੁਖੀ ਏਕਤਾ ਨੂੰ ਬਰਕਰਾਰ ਨਹੀ ਰਖਦਾ, ਮਨੁਖੀ ਏਕਤਾ ਨੂੰ ਮਹੱਤਾ ਨਹੀ ਦਿੰਦਾ, ਉਹ ਧਰਮ ਪ੍ਰਚਾਰ ਨਹੀ ਹੋ ਸਕਦਾ। ਗੁਰਬਾਣੀ ਮਨੁਖੀ ਏਕਤਾ ਦਾ ਸ੍ਰੋਤ ਹੈ, ਇਕੋ ਭਾਈਚਾਰੇ ਦੀ ਪ੍ਰੇਰਨਾ ਕਰਦੀ ਹੈ, ਕਿਸੇ ਨਾਲ ਝਗੜਾ ਜਾਂ ਵੈਰ ਵਿਰੋਧ ਕਰਨ ਤੋਂ ਵਰਜਦੀ ਹੈ (1) ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ ॥ ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ ॥ 259 (2) ਵਵਾ ਵੈਰੁ ਨ ਕਰੀਐ ਕਾਹੂ ॥ ਘਟ ਘਟ ਅੰਤਰਿ ਬ੍ਰਹਮ ਸਮਾਹੂ ॥ 259

ਗੁਰਬਾਣੀ ਆਪਣੇ ਆਪਣੇ ਮਨ ਨੂੰ ਸਾਧਾਰਨ ਲਈ ਜ਼ੋਰ ਦਿੰਦੀ ਹੈ, ਆਪਣੇ ਆਪ ਨੂੰ ਵੀਚਾਰਨ ਲਈ ਪ੍ਰੇਰਦੀ ਹੈ, ਕਿਉਂਕਿ ਜਦੋਂ ਹਰ ਕੋਈ ਆਪਣੇ ਮਨ ਨੂੰ ਸਾਧਨ ਦਾ ਯਤਨ ਕਰੇਗਾ ਤਾਂ ਕਿਸੇ ਨਾਲ ਕਿਸੇ ਗਲ ਦਾ ਕੋਈ ਝਗੜਾ (ਰੋਸ), ਜਾਂ ਵੈਰ ਵਿਰੋਧ ਨਹੀ ਰਹੇਗਾ ਤਾਂ ਉਥੇ ਏਕਤਾ ਆਪਣੇ ਆਪ ਹੀ ਹੋ ਜਾਵੇਗੀ। ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥ ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥ 1382

ਇਸ ਆਪਾ ਸਵਾਰਨ ਤੋਂ ਬਿਨਾ ਮਨੁਖੀ ਏਕਤਾ ਸੰਭਵ ਹੀ ਨਹੀ। ਮਨੁੱਖ ਆਪ ਤਾਂ ਅਜੇ ਸੁਧਰਿਆ ਨਹੀ ਪਰ ਦੂਜੇ ਨੂੰ ਸਵਾਰਨ ਦਾ ਠੇਕਾ ਲਈ ਫਿਰਦਾ ਹੈ। ਗੁਰਬਾਣੀ ਦਾ ਪ੍ਰਚਾਰ ਕਰਦੇ ਕਰਦੇ ਪ੍ਰਚਾਰਕ ਇਤਹਾਸ (ਜੋ ਧਰਮ ਨਹੀ) ਦਾ ਰਲਾ ਪਾ ਕੇ ਗੁਰਬਾਣੀ ਦੇ ਉਪਦੇਸ਼ ਨੂੰ ਧੁੰਧਲਾ ਕਰਕੇ ਵੈਰ ਵਿਰੋਧਤਾ ਦੇ ਬੀ ਬੀਜ ਕੇ ਮਨੁਖੀ ਮਨੋ ਭਾਵਾਨਾਵਾਂ ਨੂੰ ਉਕਸਾ ਦਿੰਦੇ ਹਨ। ਨਿਰੋਲ ਗੁਰਬਾਣੀ ਦਾ ਪ੍ਰਚਾਰ ਹੀ ਫੈਲ ਰਹੇ ਅਤਿਵਾਦ ਦਾ ਉਪਾਉ, ਮਨੁੱਖੀ ਏਕਤਾ ਤੇ ਭਲਾਈ ਦਾ ਵਸੀਲਾ, ਹੈ। ਕਿੰਨੇ ਅਫਸੋਸ ਤੇ ਸ਼ਰਮ ਦੀ ਗਲ ਹੈ ਕਿ ਜਿਸ ਗੁਰਬਾਣੀ ਦੀ ਕਦਰ ਅਜੇ ਤਕ ਸਿੱਖ ਜਗਤ ਨਹੀ ਜਾਣ ਸਕਿਆ, ਨਿਰਮੋਲਕ ਹੀਰੇ ਨੂੰ ਛੱਡ ਕੇ ਕੌਡੀਆਂ ਨੂੰ ਸਾਂਭਣ ਤੇ ਉਭਾਰਨ ਵਿੱਚ ਲਗਾ ਹੋਇਆ ਹੈ, ਉਸ ਬਾਰੇ ਇੱਕ ਗੈਰ ਸਿੱਖ ਤੇ ਨਾਸਤਿਕ ਦੇ ਵੀਚਾਰ ਹਨ:

If some lucky men survive the 0nslaught of the third world war of atomic and hydrogen bombs, then the Sikh religion will be the only means of guiding them. When asked if the religion was not capable of guiding mankind before the third world war, he said, yes it has the capability but the Sikhs havn’t brought out in the broad daylight the splendid doctrines of this religion, which has come into existence for the benefit of the entire Mankind. This is their greatest SIN and the Sikhs cannot be freed of it. (Bertland Russel 1872-1970, a mathematician, philosopher and self identified Athiest)

ਹੀਰੇ ਦੀ ਕਦਰ ਕੇਵਲ ਜੌਹਰੀ ਹੀ ਜਾਣ ਸਕਦਾ ਹੈ ਤੇ ਉਹ ਜੌਹਰੀ ਵੀ ਇੱਕ ਐਲਾਨਿਆ ਨਾਸਤਕ? ਧਰਮ ਦੇ ਬੇਕਦਰੇ ਪੁਜਾਰੀਆਂ ਨੇ ਹੀਰੇ ਦੀ ਪੂਜਾ ਸ਼ੁਰੂ ਕਰਵਾਕੇ ਵਾਪਾਰ ਦਾ ਸਾਧਨ ਬਣਾ ਲਿਆ। ਇਹਨਾਂ ਫਰੇਬੀ ਧਰਮੀਆਂ ਨਾਲੋਂ ਤਾਂ ਨਾਸਤਿਕ ਹਜ਼ਾਰ ਦਰਜੇ ਚੰਗਾ ਹੈ ਜਿਸ ਨੇ ਅਨਮੋਲ ਹੀਰੇ ਦੀ ਪਹਿਚਾਨ ਕਰ ਲਈ।

ਧਰਮ ਦੇ ਬੁਰਕੇ ਵਿੱਚ ਲੁਕੇ ਅਧਰਮ ਦਾ ਪ੍ਰਚਾਰ ਹੀ ਟਕਸਾਲਾਂ, ਠਾਠਾਂ, ਦਰਬਾਰਾਂ ਤੇ ਹੋਰ ਸਾਧਾਂ ਦੇ ਡੇਰਿਆਂ ਦੀ ਹੋਂਦ ਦਾ ਕਾਰਨ ਹੈ। ਮਨੁੱਖ ਦਾ ਘੜਿਆ ਇਤਿਹਾਸ ਗੁਰਬਾਣੀ ਦੇ ਸੱਚ ਨਾਲ ਪੂਰਾ ਨਹੀ ਉਤਰ ਸਕਦਾ ਕਿਉਂਕਿ ਇਤਿਹਾਸ ਭੁਲਣਹਾਰ ਮਨੁੱਖ ਦਾ ਲਿਖਿਆ ਹੈ ਪਰ ਗੁਰੂ (ਸੱਚ) ਅਭੁੱਲ ਹੈ। ਮਨੁੱਖ ਇਤਿਹਾਸ ਨੂੰ ਹੀ ਪੂਰਨ ਸੱਚ ਮੰਨੀ ਬੈਠਾ ਹੈ ਭਾਵੇਂ ਗੁਰਬਾਣੀ ਦੀ ਤੁਲਨਾ ਤੇ ਪੂਰਾ ਉਤਰਦਾ ਹੋੇਵੇ ਜਾਂ ਨਾ।

ਗੁਰਬਾਣੀ ਦਾ ਕਥਨ ਹੈ ਕਿ: ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥ ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥ 1102 ਜੇ ਅਧਰਮ ਨੂੰ ਧਰਮ ਦਾ ਬੁਰਕਾ ਪਾਇਆ ਜਾ ਰਿਹਾ ਹੈ ਤਾਂ ਅਧਰਮ ਕਿਸ ਨੂੰ ਕਿਹਾ ਜਾਵੇਗਾ? ਜੇ ਮਨੁਖਤਾ ਤੇ ਜਾਨਲੇਵਾ ਹਮਲੇ ਕਰਨ ਵਾਲੇ ਧਰਮੀ ਹਨ, ਸੰਤ ਹਨ, ਬ੍ਰਹਿਮ ਗਿਆਨੀ ਹਨ, ਜ਼ੋਰੋ ਜ਼ੁਲਮ ਕਰਨ ਵਾਲੇ ਧਰਮੀ ਹਨ, ਹਰ ਥਾਂ ਸ਼ੋਰੋ ਗੁਲ ਕਰਨ ਵਾਲੇ ਧਰਮੀ ਹਨ, ਮਨੁਖਤਾ ਵਿੱਚ ਵਖਰੇਵੇਂ ਪਾਉਣ ਵਾਲੇ ਧਰਮੀ ਹਨ, ਦੂਜਿਆਂ ਦੀ ਪੱਤ ਮਿਟੀ ਵਿੱਚ ਰੋਲਣ ਵਾਲੇ ਧਰਮੀ ਹਨ, ਕਰਮਕਾਂਡੀ ਪੁਜਾਰੀ ਧਰਮੀ ਹਨ, ਤਾਂ ਅਧਰਮੀ ਕਿਨਾ ਨੂੰ ਕਿਹਾ ਜਾਵੇਗਾ? ਧਰਮ ਦਾ ਬੁਰਕਾ ਪਾ ਕੇ ਅਧਰਮੀਆਂ ਨੇ ਸਦੀਆਂ ਤੋਂ ਭੋਲੀ ਭਾਲੀ ਜਨਤਾ ਨੂੰ ਭਰਮਾਂ ਤੇ ਕਰਮ ਕਾਂਡਾਂ ਦੇ ਬੋਝ ਥੱਲੇ ਦਬਾ ਕੇ ਉਹਨਾਂ ਦਾ ਖੂਨ ਚੂਸਿਆ ਹੈ। ਜਦੋਂ ਵੀ ਕਿਸੇ ਮਹਾਨ ਆਤਮਾ ਨੇ ਇਹਨਾਂ ਭਰਮ ਭੁਲੇਖਿਆਂ ਤੇ ਕਰਮ ਕਾਂਡਾਂ ਦਾ ਵਿਰੋਧ ਕੀਤਾ ਤਾਂ ਇਹਨਾਂ ਧਰਮ ਦੇ ਫਰੇਬੀਆਂ ਤੇ ਪਖੰਡੀਆਂ ਨੇ ਉਹਨਾਂ ਨੂੰ ਸੂਲੀ ਚ੍ਹਾੜ ਦਿੱਤਾ, ਕਤਲ ਕਰ ਦਿੱਤਾ, ਤੱਤੀਆਂ ਤਵੀਆਂ ਤੇ ਬਿਠਾ ਦਿੱਤਾ, ਖਲ ਉਧੇੜ ਦਿੱਤੀ, ਜ਼ਹਿਰ ਦੇ ਦਿੱਤੀ, ਚਰਖੜੀਆਂ ਤੇ ਚ੍ਹਾੜ ਦਿੱਤਾ, ਦੇਗਾਂ ੱਿਵਚ ਉਬਾਲ ਦਿੱਤਾ…ਆਦਿਕ… ਇਹ ਜ਼ੁਲਮ ਦੇ ਫਤਵੇ ਲਾਉਣ ਵਾਲੇ ਅਧਰਮੀਆਂ ਨੇ ਧਰਮ ਦੇ ਬੁਰਕੇ ਵਿੱਚ ਹੀ ਜ਼ੁਲਮ ਕੀਤੇ ਸਨ। ਅੱਜ ਵੀ ਉਹੀ ਕੁੱਝ ਹੋ ਰਿਹਾ ਹੈ, ਉਹੀ ਜ਼ਾਲਮ ਧਰਮ ਦੇ ਬੁਰਕਿਆਂ ਵਿੱਚ ਸੱਚ ਤੇ ਚਲਣ ਵਾਲਿਆਂ ਨੂੰ, ਕਰਮ ਕਾਂਡਾਂ ਤੋਂ ਮੁਕਤੀ ਦਾ ਹੋਕਾ ਦੇਣ ਵਾਲਿਆਂ ਨੂੰ, ਅਧਰਮੀਆਂ ਦੇ ਹਕੂਮਤੀ ਪੰਜੇ ਵਿਚੋਂ ਮੁਕਤ ਕਰਾਉਣ ਵਾਲਿਆਂ ਨੂੰ, ਗੁਰਮਤ ਪ੍ਰਚਾਰਨ ਵਾਲਿਆਂ ਨੂੰ, ਜਾਨੋ ਮਾਰ ਰਹੇ ਹਨ, ਡਰਾ ਧਮਕਾ ਰਹੇ ਹਨ, ਜ਼ੋਰੋ ਜ਼ੋਰੀਂ ਆਪਣੀ ਮਨਮੱਤ ਨੂੰ ਮਨਵਾ ਰਹੇ ਹਨ। ਕੋਈ ਬੇਅਕਲ ਹੀ ਇਹਨਾਂ ਗੁੰਡਿਆਂ ਨੂੰ ਧਰਮੀ ਮੰਨੇਗਾ। ਬੀਤੇ ਸਮਿਆਂ ਵਿੱਚ ਧਰਮੀ ਲੋਕ ਮਨੁਖੀ ਭਲਾਈ, ਏਕਤਾ ਤੇ ਦੂਜਿਆਂ ਦੇ ਹੱਕਾਂ ਲਈ ਜਾਨਾਂ ਵਾਰ ਗਏ ਪਰ ਮੌਜੂਦਾ ਸਮੇ ਅੰਦਰ ਮਨੁਖੀ ਹੱਕਾਂ ਨੂੰ ਖੋਣ੍ਹ ਵਾਲੇ, ਵਖਰੇਵੇਂ ਪਾਉਣ ਵਾਲੇ ਤੇ ਜਾਨਾਂ ਲੈਣ ਵਾਲੇ ਹੀ ਧਰਮੀ ਬਣੇ ਬੈਠੇ ਹਨ। ਅਗਰ ਇਹ ਸਾਰੇ ਧਰਮੀ ਹਨ ਤਾਂ ਅਧਰਮੀ ਕਿਨਾਂ ਨੂੰ ਕਿਹਾ ਜਾਵੇ?

ਗੁਰਬਾਣੀ ਫੁਰਮਾਨ ਹੈ ਕਿ: ਦਿਲਹੁ ਮੁਹਬਤਿ ਜਿੰਨ੍ਹ੍ਹ ਸੇਈ ਸਚਿਆ ॥ ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥ 488 ਇਹ ਗੁਰਵਾਕ ਉਹਨਾਂ ਕੱਚੇ ਤੇ ਪਖੰਡੀ ਅਧਰਮੀਆਂ ਲਈ ਹੀ ਹੈ ਜਿਨ੍ਹਾ ਨੇ ਧਰਮ ਦਾ ਬੁਰਕਾ ਪਾਇਆ ਹੋਇਆ ਹੈ। ਉਹ ਸਿੱਖੀ ਬਾਣੇ ਵਿੱਚ ਦਿਸਦੇ ਸਿੱਖ, ਕਹਿੰਦੇ ਕੁਛ ਹਨ ਤੇ ਕਰਦੇ ਕੁਛ ਹਨ। ਜਿਸ ਸਿਖੀ ਬਾਣੇ ਲਈ ਨਿੱਤ ਅਰਦਾਸ ਕੀਤੀ ਜਾਂਦੀ ਹੈ, ਉਸ ਬਾਣੇ ਦੇ ਬੁਰਕੇ ਪਿਛੇ ਹੀ ਅਧਰਮੀ ਲੁਕੇ ਹੋਏ ਹਨ ਤੇ ਉਸੇ ਬਾਣੇ ਨੇ ਹੀ ਸਿੱਖ ਜਗਤ ਨੂੰ ਭਰਮਾਂ ਵਿੱਚ ਪਾਇਆ ਹੋਇਆ ਹੈ। ਗੁਰਬਾਣੀ ਕਿਸੇ ਵੀ ਬਾਹਰਲੇ ਵੇਸ, ਲਿਬਾਸ ਜਾਂ ਬਾਣੇ ਨੂੰ ਮਹੱਤਾ ਨਹੀ ਦਿੰਦੀ, ਕੇਵਲ ਅੰਦਰੂਨੀ ਗੁਣਾਂ ਦੇ ਵੇਸ ਨੂੰ ਹੀ ਅਪਨਾਇਆ ਗਿਆ ਹੈ। ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥ 1384 ਇਹ ਬਾਹਰਲਾ ਵੇਸ ਜਾਂ ਬਾਣਾ ਹੀ ਧੋਖੇ ਦਾ ਕਾਰਨ ਬਣ ਜਾਂਦਾ ਹੈ (ਅਤੇ ਬਣਿਆ ਵੀ ਹੋਇਆ ਹੈ) ਇਸੇ ਲਈ ਗੁਰਬਾਣੀ ਵਿੱਚ ਇਹ ਪ੍ਰਵਾਨ ਨਹੀ। ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ ॥ ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ ॥ ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ ॥785 ਅਗਰ ਮਨ ਵਿਕਾਰਾਂ ਦੀ ਮੈਲ ਨਾਲ ਲਬਰੇਜ਼ ਹੈ ਤਾਂ ਬਾਹਰੀ ਵੇਸ ਜਾਂ ਸਿਖੀ ਬਾਣਾ ਇੱਕ ਲੋਕ ਪਚਾਰਾ ਜਾਂ ਦਿਖਾਵੇ ਤੋਂ ਬਿਨਾ ਹੋਰ ਕੁਛ ਵੀ ਨਹੀ, ਇਸ ਦੀ ਕੋਈ ਮਹੱਤਾ ਨਹੀ ਰਹਿ ਜਾਂਦੀ ਇਹ ਇੱਕ ਧਰਮ ਦਾ ਬੁਰਕਾ ਹੀ ਹੋਵੇਗਾ ਜਿਸ ਦੇ ਪਿਛੇ ਅਧਰਮ ਲੁਕਿਆ ਹੋਇਆ ਹੈ। ਇਸ ਦੀ ਮਸਾਲ ਇੰਟਰਨੈਟ ਤੇ ਪਈਆਂ ਵੀਡੀਓਸ ਤੇ ਵੇਖੀ ਜਾ ਸਕਦੀ ਹੈ ਜਿਥੇ ਸਿਖੀ ਬਾਣੇ ਵਾਲਿਆਂ ਦੀਆਂ ਕਰਤੂਤਾਂ ਜ਼ਾਹਰ ਕੀਤੀਆਂ ਗਈਆਂ ਹਨ। ਗੁਰੂ ਦੀ ਸਿਖਿਆ ਦੁਆਰਾ ਅਪਨਾਏ ਗੁਣਾਂ ਦੇ ਵੇਸ ਬਿਨਾ ਹੋਰ ਦੂਸਰਾ ਕੋਈ ਵੇਸ, ਲਿਬਾਸ ਜਾਂ ਬਾਣਾ ਮਹੱਤਵਪੂਰਨ ਨਹੀ। ਗੁਰਬਾਣੀ ਦਾ ਕਥਨ ਹੈ ਕਿ: ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥ 598 ਜਿਸ ਅੰਮ੍ਰਿਤ ਜਲ (ਖੁਸ਼ਹਾਲੀ ਆਤਮਿਕ ਜੀਵਨ) ਦੇ ਖਜ਼ਾਨੇ ਲਈ ਤੁਸੀਂ ਜਗਤ ਵਿੱਚ ਆਏ ਹੋ ਉਹ ਗੁਰੂ ਕੋਲੋਂ ਹੀ ਪ੍ਰਾਪਤ ਹੋ ਸਕਦਾ ਹੈ। ਇਹ ਬਾਣੇ ਤੇ ਕਰਮ ਕਾਂਡਾਂ ਦੁਆਰਾ ਧਾਰਮਕ ਹੋਣ ਦੀਆਂ ਚਤੁਰਾਈਆਂ ਛਡੋ ਕਿਉਂਕਿ ਇਸ ਦੁਚਾਲ ਵਿੱਚ ਪਿਆਂ ਉਸ ਅੰ੍ਰਿਮਤ ਫਲ ਦੀ ਪ੍ਰਾਪਤੀ ਨਹੀ ਹੋ ਸਕਦੀ। ਰਾਮ ਕੋਈ ਇਆਣਾ ਨਹੀ ਤੇ ਸਭ ਮਨੁੱਖੀ ਚਤੁਰਾਈਆਂ ਤੋਂ ਜਾਣੂ ਹੈ। ਕਰੈ ਦੁਹਕਰਮ ਦਿਖਾਵੈ ਹੋਰੁ ॥ ਰਾਮ ਕੀ ਦਰਗਹ ਬਾਧਾ ਚੋਰੁ ॥ 194

ਗੁਰਬਾਣੀ ਦਾ ਕਥਨ ਹੈ ਕਿ: ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥ 788 ਪਰ ਮਨੁੱਖ ਕੰਤ ਨੂੰ ਮਨਾਇ ਬਿਨਾ ਹੀ ਧਰਮ ਸ਼ਿੰਗਾਰ ਕਰੀ ਬੈਠਾ ਹੈ, ਧਰਮੀ ਹੋਏ ਬਿਨਾ ਹੀ ਧਰਮ ਦਾ ਬੁਰਕਾ ਪਾਈ ਬੈਠਾ ਹੈ। ਇਸ ਨੂੰ ਹੀ ਅਸਲ ਵਿੱਚ ਭੇਖ ਆਖਿਆ ਗਿਆ ਹੈ ਤੇ ਇਹੀ ਧਰਮ ਦਾ ਬੁਰਕਾ ਹੈ ਜਿਸ ਪਿੱਛੇ ਅਧਰਮੀ ਲੁਕਿਆ ਬੈਠਾ ਹੈ। ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥ ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥ ਜੇ ਗੁਰਬਾਣੀ ਨਾਲ ਸਾਂਝ ਨਹੀ ਪਈ, ਗੁਰਮਤ ਦਾ ਜਾਣੂ ਨਹੀ ਹੋਇਆ ਤਾਂ ਕੀਤਾ ਧਰਮ ਸ਼ਿੰਗਾਰ (ਧਰਮੀ ਪਹਿਰਾਵਾ ਤੇ ਕਰਮ ਕਾਂਡ) ਸਭ ਵਿਅਰਥ ਹੀ ਹੈ।

ਗੁਰਬਾਣੀ ਦੀ ਸੱਚੀ ਰਹਿਤ ਸਚੁ ਕਰਣੀ ਸਚੁ ਤਾ ਕੀ ਰਹਤ ॥ਸਚੁ ਹਿਰਦੈ ਸਤਿ ਮੁਖਿ ਕਹਤ ॥ 283, (ਜੋ ਮਨ ਦੀ ਸੱਚੀ ਸੋਚ ਤੇ ਕਰਨੀ ਦਾ ਪੂਰਾ ਹੈ) ਮਨੁੱਖ ਨੂੰ ਰਾਸ ਨਹੀ ਆਈ ਕਿਉਂਕਿ ਸੱਚ ਤੇ ਚਲਣਾ ਖੰਡੇ ਦੀ ਧਾਰ ਤੇ ਚਲਣਾ ਹੈ, ਇਸ ਲਈ ਉਸ ਨੇ ਆਪਣੇ ਪਸੰਦ ਦੀ ਸੁਖਾਲੀ ਰਹਿਤ ਮਰਯਾਦਾ ਹੀ ਘੜ ਲਈ ਜੋ ਅੱਜ ਵਖਰੇਵਿਆਂ ਤੇ ਆਪਸੀ ਫੁੱਟ ਦਾ ਕਾਰਨ ਬਣੀ ਹੋਈ ਹੈ। ਜੋ ਰਹਿਤ ਮਰਯਾਦਾ ਮਨੁਖੀ ਏਕਤਾ ਦੀ ਪ੍ਰੇਰਨਾ ਨਹੀ ਕਰਦੀ ਪਰ ਵਖਰੇਵਿਆਂ ਦਾ ਕਾਰਨ ਹੈ ਉਹ ਗੁਰਬਾਣੀ ਨੂੰ ਪਰਵਾਨ ਨਹੀ। ਜਿਹੜੇ ਬੰਧਨਾਂ ਤੋਂ ਗੁਰਬਾਣੀ ਮੁਕਤ ਕਰਾਉਂਦੀ ਹੈ ਉਹੀ ਬੰਧਨ ਮਨੁੱਖ ਦੀ ਬਣਾਈ ਮਰਯਾਦਾ ਪਾ ਰਹੀ ਹੈ। ਰਹਿਤ ਮਰਯਾਦਾ ਬਨਾਉਣ ਦਾ ਕਾਰਨ ਹੀ ਦੂਜਿਆਂ ਤੇ ਹਕੂਮਤ ਕਰਨਾ ਸੀ ਨਹੀ ਤਾਂ ਗੁਰਬਾਣੀ ਤੇ ਚਲਣ ਵਾਲੇ ਨੂੰ ਹੋਰ ਕਿਹੜੀ ਮ੍ਰਯਾਦਾ ਦੀ ਲੋੜ ਹੈ? ਕੀ ਗੁਰਬਾਣੀ ਦੀ ਮਰਯਾਦਾ ਨਾਲੋਂ ਮਨੁੱਖ ਦੀ ਬਣਾਈ ਮਰਯਾਦਾ ਵਧੇਰੇ ਚੰਗੀ ਹੈ? ਗੁਰਬਾਣੀ ਦੀ ਰਹਿਤ ਮਰਯਾਦਾ ਹੈ ਕਿ: ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ ॥ ਐਸੀ ਰਹਤ ਰਹਉ ਹਰਿ ਪਾਸਾ ॥ 327 ਜਿਵੇ ਪਾਣੀ, ਅੱਗ, ਹਵਾ, ਧਰਤੀ ਅਰ ਆਕਾਸ਼ ਹਰੀ ਦੇ ਹੁਕਮ ਵਿੱਚ ਚਲ ਰਹੇ ਹਨ ਤਿਵੇਂ ਤੂੰ ਵੀ ਗੁਰੂ ਦੇ ਹੁਕਮ (ਰਹਿਤ) ਵਿੱਚ ਚਲ ਕਿਉਂਕਿ ਇਹ ਰਹਿਤ ਗੁਰੂ ਦੀ ਖੁਸ਼ੀ ਲਈ ਨਹੀ ਬਲਿਕੇ ਤੇਰੀ ਜ਼ਿੰਦਗੀ ਦੀ ਖੁਸ਼ੀ ਲਈ ਹੀ ਹੈ। ਇਹ ਰਹਿਤ ਮਰਯਾਦਾ ਸਮੂਹ ਮਨੁਖਤਾ ਦੇ ਭਲੇ ਤੇ ਏਕਤਾ ਲਈ ਹੈ ਨਾ ਕੇ ਕਿਸੇ ਇੱਕ ਫਿਰਕੇ ਲਈ। ਗੁਰਬਾਣੀ ਦੀ ਚਿਤਾਵਨੀ ਹੈ ਕਿ: ਰਹਤ ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥ 269 ਧਰਮ ਦਾ ਵਖਾਵਾ ਹੋਰ ਤੇ ਅਮਲੀ ਜ਼ਿੰਦਗੀ ਕੋਈ ਹੋਰ? ਪ੍ਰਭੂ ਨਾਲ ਕੋਈ ਪਿਆਰ ਨਹੀ, ਉਸ ਦੇ ਗੁਣਾਂ ਨਾਲ ਕੋਈ ਸਾਂਝ ਨਹੀ ਪਰ ਬੋਲਾਂ, ਕਰਮ ਕਾਂਡਾਂ ਤੇ ਪਹਿਰਾਵੇ ਨਾਲ ਸਾਧੂ, ਸੰਤ ਤੇ ਬ੍ਰਹਿਮ ਗਿਆਨੀ ਬਣਿਆ ਬੈਠਾ ਹੈ। ਧਰਮ ਦਾ ਬੁਰਕਾ ਪਾ ਕੇ ਧਰਮੀ ਨਹੀ ਹੋਇਆ ਜਾ ਸਕਦਾ। ਗੁਰਬਾਣੀ ਤੋਂ ਬਿਨਾ ਸਿੱਖ ਦੀ ਕੋਈ ਵੀ ਬਣਾਈ ਰਹਿਤ ਮਰਯਾਦਾ ਬਖੇੜਿਆਂ ਦਾ ਕਾਰਨ ਹੀ ਬਣਦੀ ਰਹੇਗੀ। ਗੁਰਬਾਣੀ (ਦੀ ਰਹਿਤ) ਹੀ ਮਨੁਖੀ ਏਕਤਾ ਦਾ ਇਕੋ ਇੱਕ ਉਪਾਉ ਹੈ। ਧਰਮੀ ਮਨੁਖ ਨੂੰ ਕਿਸੇ ਵੀ ਤਰਾਂ ਦਾ ਧਰਮੀ ਹੋਣ ਦਾ ਵਿਖਾਵਾ ਕਰਨ ਦੀ ਲੋੜ ਹੀ ਨਹੀ ਰਹਿੰਦੀ, ਉਹ ਭਾਵੇਂ ਕਿਸੇ ਵੀ ਬਾਹਰਲੇ ਵੇਸ ਵਿੱਚ ਵਿਚਰੇ, ਪਰ ਉਹ ਅੰਦਰੋਂ (ਮਨ ਦੀ ਪਵਿਤ੍ਰਤਾ ਕਰਕੇ) ਧਰਮੀ ਹੀ ਰਹੇਗਾ। ਪ੍ਰਚਲਤ ਕਥਾ ਹੈ ਕਿ ਬਾਬੇ ਨਾਨਕ ਨੂੰ ਮਿਲਣ ਆਏ ਭਾਈ ਲਹਿਣਾ ਜੀ ਉਹਨਾਂ ਨੂੰ ਪਛਾਣ ਨਾ ਸਕੇ ਕਿਉਂਕਿ ਉਹਨਾਂ ਦਾ ਪਹਿਰਾਵਾ (ਬਾਣਾ) ਆਮ ਕਿਰਤੀਆਂ ਵਰਗਾ ਸੀ, ਕੋਈ ਧਰਮੀ ਤਿਲਕ ਨਹੀ, ਕੋਈ ਜੰਝੂ ਨਹੀ, ਕੋਈ ਮਾਲਾ ਨਹੀ, ਕੋਈ ਚਿੱਟਾ ਚੋਲਾ ਨਹੀ, ਕੋਈ ਗਲ੍ਹ ਵਿੱਚ ਰੰਗਦਾਰ ਪਰਨਾ ਨਹੀ, ਕੋਈ ਉਚ ਦੁਮਾਲੜਾ ਨਹੀ, ਕੋਈ ਹਥ ਵਿੱਚ ਗੜਵਾ ਨਹੀ, ਤੇ ਸਿਰ ਤੇ ਚਿੱਕੜ ਨਾਲ ਚੋਂਦੀ ਪੱਠਿਆਂ ਦੀ ਭਰੀ ਚੁਕੀ ਹੋਈ ਸੀ। ਕਿਸੇ ਧਰਮ ਦੇ ਬੁਰਕੇ ਦਾ ਵਿਖਾਵਾ ਨਾ ਹੋਣ ਕਰਕੇ ਪਛਾਣ ਨਾ ਹੋ ਸਕੀ। ਧਰਮੀ ਪੁਰਸ਼ ਦੀ ਪਛਾਣ ਇੱਕ ਧਰਮੀ ਹੀ ਕਰ ਸਕਦਾ ਹੈ ਜਿਵੇਂ ਹੀਰੇ ਦੀ ਪਛਾਣ ਤੇ ਕਦਰ ਕੋਈ ਜੌਹਰੀ ਹੀ ਕਰ ਸਕਦਾ ਹੈ। ਧਰਮੀ ਹੋਏ ਬਿਨਾ ਧਰਮੀ ਹੋਣ ਦਾ ਵਿਖਾਵਾ ਹੀ ਇੱਕ ਭੇਖ ਹੈ, ਧਰਮ ਦਾ ਬੁਰਕਾ ਹੈ ਜਿਸ ਦੀ ਲੋੜ ਇੱਕ ਅਧਰਮੀ ਨੂੰ ਤਾਂ ਹੋ ਸਕਦੀ ਹੀ ਪਰ ਧਰਮੀ ਨੂੰ ਨਹੀ। ਕੋਈ ਅੰਮ੍ਰਿਤ ਤੇ ਕਕਾਰਾਂ ਦੇ ਬੁਰਕੇ ਪਿਛੇ ਲੁਕਿਆ ਹੈ, ਕੋਈ ਬਾਣੇ ਦੇ ਬੁਰਕੇ ਪਿਛੇ, ਕੋਈ ਰਹਿਤ ਮਰਯਾਦਾ ਦੇ ਬੁਰਕੇ ਪਿਛੇ, ਕੋਈ ਕਰਮ ਕਾਂਡਾਂ ਦੇ ਬੁਰਕੇ ਪਿਛੇ, ਕੋਈ ਜਥੇਦਾਰੀ ਦੇ ਬੁਰਕੇ ਪਿਛੇ, ਕੋਈ ਸੰਤ ਦੇ ਬੁਰਕੇ ਪਿਛੇ, ਕੋਈ ਬ੍ਰਹਿਮ ਗਿਆਨੀ ਦੇ ਬੁਰਕੇ ਪਿਛੇ---ਆਦਿਕ--- ਅਨੇਕਾਂ ਧਰਮ ਦੇ ਬੁਰਕਿਆਂ (ਵਿਚ ਲੁਕੇ ਅਧਰਮੀ ਵਾਪਾਰੀਆਂ) ਵਿਚੋਂ ਇੱਕ ਸਚੇ ਧਰਮੀ (ਗੁਰਮੁਖ) ਦੀ ਭਾਲ ਜੇ ਅਸੰਭਵ ਨਹੀ ਤਾਂ ਅਤਿ ਕਠਨ ਜ਼ਰੂਰ ਹੈ। ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥ (495) ਜਦੋਂ ਬਹੁਤਾਤ ਵਿੱਚ ਫੇਲਿਆ ਝੂਠ ਹੀ ਸੱਚ ਲਗਣ ਲਗ ਜਾਵੇ ਤਾਂ ਫੇਰ ਸੱਚ ਵੀ ਝੂਠ ਲਗਣ ਲਗਦਾ ਹੈ ਤੇ ਇਹੀ ਕਾਰਨ ਹੈ ਕਿ ਬਹੁਤਾਤ ਗੁਰਦੁਆਰਿਆਂ ਵਿੱਚ ਗੁਰਬਾਣੀ ਦਾ ਸੱਚ ਬੋਲਿਆ ਨਹੀ ਜਾ ਸਕਦਾ ਕਿਉਂਕਿ ਹੁਣ ਉਹ ਸੱਚ ਵੀ ਝੂਠ ਲਗਦਾ ਹੈ ਪਰ ਸੱਚ ਕਿਹਾ ਹੈ ਕਿਸੇ ਨੇ ਕਿ ਝੂਠ ਹਮੇਸ਼ਾ ਝੂਠ ਹੈ, ਸੱਚ ਹਮੇਸ਼ਾ ਸੱਚ॥ ਮੋਤੀ ਹੈ ਮੋਤੀ ਸਦਾ ਕੱਚ ਸਦਾ ਹੈ ਕੱਚ॥ ਅੰਤਰਿ ਸਾਚਿ ਨਾਮਿ ਰਸਿ ਰਾਤਾ ॥ ਨਾਨਕ ਤਿਸੁ ਕਿਰਪਾਲੁ ਬਿਧਾਤਾ – 194 ਸਚ (ਗੁਰਬਾਣੀ ਨਾਲ ਸਾਂਝ ਪਾਉਣ ਵਾਲੇ ਗੁਰਮੁਖ) ਨੂੰ ਕਿਸੇ ਧਰਮ ਬੁਰਕੇ (ਨਕਾਬ) ਦੀ ਲੋੜ ਨਹੀ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.