.

ਆਸਾ ਕੀ ਵਾਰ

(ਕਿਸ਼ਤ ਨੰ: 2)

ਪਉੜੀ ਪਹਿਲੀ ਅਤੇ ਸਲੋਕ

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।

ਆਸਾ ਮਹਲਾ ੧।।

ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ।।

ਸਲੋਕੁ ਮਃ ੧।।

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ।।

ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ।। ੧।।

ਪਦ ਅਰਥ:- ਬਲਿਹਾਰੀ – ਬਲਿਹਾਰ ਜਾਣਾ। ਗੁਰ ਆਪਣੇ – ਆਪਣੇ ਗਿਆਨ ਦਾਤੇ (ਕਰਤੇ) ਤੋਂ। ਦਿਉਹਾੜੀ – ਦਿਨ ਰਾਤ, ਹਰ ਰੋਜ, ਦਿਨ ਪ੍ਰਤੀ ਦਿਨ। ਸਦ ਵਾਰ – ਹਮੇਸ਼ਾ ਲਈ ਕੁਰਬਾਨ ਜਾਣਾ, ਆਪਾ ਨਿਛਾਵਰ ਕਰਨਾ। ਜਿਨਿ ਮਾਣਸ ਤੇ – ਜਿਨ੍ਹਾਂ ਨੂੰ ਮਾਣਸ ਤੋਂ। ਦੇਵਤੇ ਕੀਏ – ਦੇਵਤੇ ਬਣਾ ਕੇ ਪੇਸ਼ ਕੀਤੇ ਹਨ। ਕਰਤ – ਸੰ: ਭੇਦ ਭਾਵ ਲੁਕਾ ਵਾਲੀ, ਫਰਕ ਵਾਲੀ ਕੋਈ ਗੱਲ ਭਾਵ ਜੋ ਗੱਲ ਦੱਸਣੀ ਉਹ ਹੋਣੀ ਨਾ ਭਾਵ ਆਪਣੇ ਆਪ ਨੂੰ ਦੇਵਤਾ ਅਖਵਾਉਣਾ ਪਰ ਹੋਣਾ ਨਾ। ਕਰਤ ਨ ਲਾਗੀ ਵਾਰ – ਕੋਈ ਦੇਵਤਿਆਂ ਵਾਲੀ ਗੱਲ ਤਾਂ ਲੱਗੀ ਨਹੀਂ।

ਅਰਥ:- ਹੇ ਭਾਈ! ਮੈਂ ਆਪਣੇ ਗਿਆਨ ਦਾਤੇ (ਕਰਤੇ) ਤੋਂ ਹਮੇਸ਼ਾਂ ਲਈ ਬਲਿਹਾਰ ਹਾਂ ਜਿਸ ਦੀ ਬਖਸ਼ਿਸ਼ ਗਿਆਨ ਨਾਲ ਮੈਨੂੰ ਇਹ ਸਮਝ ਪਈ ਹੈ ਕਿ ਜਿਨ੍ਹਾਂ ਮਨੁੱਖਾਂ ਨੇ, ਆਪਣੇ ਆਪ ਨੂੰ ਮਨੁੱਖਾਂ ਤੋਂ (ਅਖੌਤੀ) ਦੇਵਤੇ ਬਣਾ ਕੇ ਪੇਸ਼ ਕੀਤਾ ਹੈ, ਮੈਨੂੰ ਤਾਂ ਇਨ੍ਹਾਂ ਵਿੱਚ ਕੋਈ ਮਨੁੱਖਾਂ ਤੋਂ ਫਰਕ ਵਾਲੀ ਵੱਖਰੀ, ਦੇਵਤਿਆਂ ਵਾਲੀ ਗੱਲ ਲੱਗੀ ਨਹੀਂ।

ਨੋਟ:- ਇਹ ਮਹਲੇ ਪਹਿਲੇ ਜੀ ਦਾ ਸਵਾਲ ਹੈ,

ਮਹਲਾ ੨।।

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ।।

ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ।। ੨।।

ਪਦ ਅਰਥ:- ਜੇ – ਜੇਕਰ। ਸਉ – ਸੈਂਕੜੇ। ਚੰਦਾ – ਚੰਦ। ਉਗਵਹਿ – ਉਗ ਖਲੋਣ ਭਾਵ ਚੜ੍ਹ ਪੈਣ। ਸੂਰਜ ਚੜਹਿ ਹਜਾਰ – ਬੇਸ਼ੱਕ ਹਜ਼ਾਰਾਂ ਸੂਰਜ ਚੜ੍ਹ ਪੈਣ। ਏਤੇ – ਏਨਾ। ਚਾਨਣ – ਚਾਨਣ। ਹੋਦਿਆ – ਹੋਣ ਦੇ ਬਾਵਜੂਦ। ਗੁਰ ਬਿਨੁ – ਗਿਆਨ ਤੋਂ ਬਿਨਾਂ। ਘੋਰ ਅੰਧਾਰ – ਘੁੱਪ ਹਨੇਰਾ ਹੈ।

ਅਰਥ:- ਮਹਲੇ ਪਹਿਲੇ ਜੀ ਦੇ ਸਵਾਲ ਨੂੰ ਸਮਰਪਤ ਉੱਤਰ:- ਜੇਕਰ ਸੈਂਕੜੈ ਚੰਦ ਚੜ੍ਹ ਪੈਣ (ਸੈਂਕੜੇ ਚੰਦ ਤਾਂ ਇੱਕ ਪਾਸੇ) ਹਜ਼ਾਰਾਂ ਸੂਰਜ ਵੀ ਚੜ੍ਹ ਪੈਣ, ਏਨਾ ਚਾਨਣ ਹੋਣ ਦੇ ਬਾਵਜੂਦ (ਮਨੁੱਖ ਦੇ ਜੀਵਨ ਵਿੱਚ) ਗਿਆਨ ਤੋਂ ਬਿਨਾਂ ਘੋਰ ਅੰਧੇਰਾ ਹੀ ਰਹੇਗਾ। ਭਾਵ ਗਿਆਨ ਤੋਂ ਬਿਨਾਂ ਇਹ ਗੱਲ ਜਾਣੀ ਨਹੀਂ ਜਾ ਸਕਦੀ। ਜੇਕਰ ਮਨੁੱਖ ਦੇ ਜੀਵਨ ਵਿੱਚ ਗਿਆਨ ਨਹੀਂ ਤਾਂ ਅਗਿਆਨਤਾ ਦੇ ਹਨੇਰੇ ਵਿੱਚ ਮਨੁੱਖ, ਮਨੁੱਖਾਂ ਨੂੰ ਦੇਵਤੇ ਬਣਾ ਕੇ ਪੇਸ਼ ਕਰਦਾ ਹੀ ਰਹੇਗਾ।

ਮਃ ੧।।

ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ।।

ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ।।

ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ।।

ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ।। ੩।।

ਪਦ ਅਰਥ:- ਨਾਨਕ – ਨਾਨਕ। ਗੁਰੂ ਨ ਚੇਤਨੀ – ਜਿਹੜੇ ਗਿਆਨ ਪ੍ਰਤੀ ਚੇਤੰਨ ਨਹੀਂ ਹਨ। ਮਨਿ ਆਪਣੇ ਸੁਚੇਤ – ਆਪਣੇ ਆਪ ਨੂੰ ਚਾਤਰ ਮੰਨਦੇ/ਸਮਝਦੇ ਹਨ। ਛੁਟੇ – ਛੱਡੇ ਹੋਏ। ਤਿਲ – ਤਿਲ। ਬੂਆੜ – ਜਿਨ੍ਹਾਂ ਤਿਲਾਂ ਦੇ ਬੂਟਿਆਂ ਦੀ ਫਲੀ ਅੰਦਰ ਬੀਜ ਦੀ ਥਾਂ ਕਾਲਖ ਹੀ ਹੁੰਦੀ ਹੈ। ਜਿਉਂ – ਜਿਵੇਂ। ਸੁੰਝੇ – ਨਿਖਸਮੇ, ਸੁੰਞੇ। ਖੇਤ – ਖੇਤ। ਖੇਤੈ ਅੰਦਰਿ – ਖੇਤ ਦੇ ਵਿੱਚ ਹੀ। ਛੁਟਿਆ – ਛੱਡਿਆ ਹੋਇਆ। ਕਹੁ ਨਾਨਕ – ਨਾਨਕ ਆਖਦਾ ਹੈ। ਸਉ - ਸੈਂਕੜੇ। ਨਾਹ – ਮਾਲਕ (ਗੁ: ਗ੍ਰੰ: ਦਰਪਣ)। ਫਲੀਅਹਿ ਫੁਲੀਅਹਿ – ਵਧਦੇ ਫੁਲਦੇ ਉਹ ਵੀ ਹਨ। ਬਪੁੜੇ – ਵਿਚਾਰੇ। ਭੀ ਤਨ ਵਿਚਿ ਸੁਆਹ – ਪਰ ਫਿਰ ਵੀ ਤਨ/ਸਰੀਰ ਭਾਵ ਹਿਰਦੇ ਅੰਦਰ ਅਗਿਆਨਤਾ ਰੂਪੀ ਕਾਲਖ ਹੀ ਹੁੰਦੀ ਹੈ। ਸੁਆਹ – ਕਾਲਖ।

ਅਰਥ:- ਹੇ ਨਾਨਕ! (ਆਪਣੇ ਆਪ ਨੂੰ ਦੇਵਤੇ ਅਖਵਾਉਣ ਵਾਲੇ ਮਨੁੱਖ) ਜੋ ਗਿਆਨ ਪ੍ਰਤੀ ਸੁਚੇਤ ਨਹੀਂ ਹਨ ਅਤੇ ਆਪਣੇ ਆਪ ਨੂੰ ਚਾਤਰ ਮੰਨਦੇ ਹਨ, ਉਨ੍ਹਾਂ ਦੀ ਹਾਲਤ (ਕਿਰਸਾਨ ਵੱਲੋਂ) ਖੇਤ ਦੇ ਅੰਦਰ ਹੀ ਨਿਖਸਮੇ/ਸੁੰਝੇ ਛੱਡੇ ਹੋਏ ਬੂਆੜ ਤਿਲਾਂ ਵਾਂਗ ਹੈ। ਜਿਵੇਂ ਖੇਤ ਦੇ ਅੰਦਰ ਨਿਖਸਮੇ ਛੱਡਿਆਂ ਹੋਇਆਂ ਬੂਆੜ ਤਿਲਾਂ (ਜਿਨ੍ਹਾਂ ਦੇ ਅੰਦਰ ਕਾਲਖ ਹੈ) ਨੂੰ ਅਪਣਾਉਣ ਵਾਲੇ ਸੈਂਕੜੇ ਲੋਕ ਹੋਰ ਵੀ ਹਨ। ਇਸੇ ਤਰ੍ਹਾਂ ਜਿਨ੍ਹਾਂ (ਅਵਤਾਰਵਾਦੀ ਦੇਵਤਿਆਂ) ਦੇ ਅੰਦਰ ਕਾਲਖ ਹੈ ਭਾਵ ਗਿਆਨ ਤੋਂ ਸੱਖਣੇ (ਆਪ ਨਿਖਸਮੇ, ਗਿਆਨ ਤੋਂ ਸੱਖਣੇ ਹਨ) ਉਨ੍ਹਾਂ ਨੂੰ ਅਪਣਾਉਣ ਵਾਲੇ ਵੀ ਸੈਂਕੜੇ ਹੋਰ ਲੋਕ ਹਨ। ਜਿਨ੍ਹਾਂ ਦੇ ਅੰਦਰ (ਅਗਿਆਨਤਾ) ਰੂਪੀ ਕਾਲਖ ਹੈ ਵਧਦੇ ਫੁਲਦੇ ਬੂਆੜ ਤਿਲਾਂ ਵਾਂਗ ਉਹ ਵੀ ਹਨ, ਬੇਸ਼ੱਕ ਉਨ੍ਹਾਂ ਦੇ ਅੰਦਰ ਬੀਜ/ਗਿਆਨ ਦੀ ਥਾਂ (ਅਗਿਆਨਤਾ ਰੂਪੀ) ਸੁਆਹ/ਕਾਲਖ ਹੀ ਹੈ।

ਨੋਟ:- ਜਿਵੇਂ ਮੌਜੂਦਾ ਸਮੇਂ ਅੰਦਰ ਜਿਹੜੇ ਅਖੌਤੀ ਸੰਤ ਬ੍ਰਹਮਗਿਆਨੀ ਅਗਿਆਨਤਾ ਖਿਲਾਰ ਰਹੇ ਹਨ ਅਤੇ ਅਨੇਕਾਂ ਲੱਖਾਂ ਲੋਕ ਉਨ੍ਹਾਂ ਦੀ ਅਗਿਆਨਤਾ ਅਪਣਾ ਰਹੇ ਹਨ ਅਤੇ ਅੱਗੇ ਤੋਂ ਅੱਗੇ ਵਧ ਫੁੱਲ ਰਹੇ ਹਨ।

ਪਉੜੀ।।

ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ।।

ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ।।

ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ।।

ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ।।

ਕਰਿ ਆਸਣੁ ਡਿਠੋ ਚਾਉ।। ੧।।

ਪਦ ਅਰਥ:- ਆਪੀਨੈ – ਆਪ ਹੀ ਨੇ। ਆਪੁ ਸਾਜਿਉ – ਉਸ ਕਰਤੇ ਨੇ ਆਪ ਹੀ ਆਪਣੇ ਤੋਂ ਆਪ ਨੂੰ ਸਾਜਿਆ ਹੈ ਭਾਵ ਆਪ ਹੀ ਆਪਣੇ ਆਪ ਤੋਂ ਸੁਤੇ ਸਿਧ ਪ੍ਰਕਾਸ਼ਮਾਨ ਹੈ। ਆਪੀਨੈ ਰਚਿਓ ਨਾਉ – ਆਪਣੇ ਆਪ ਤੋਂ ਆਪਣੀ ਰਚਨਾ ਹੀ ਉਸ ਦੀ ਵਡਿਆਈ ਹੈ। ਨਾਉ – ਨਾਮ, ਨਾਮਣਾ, ਵਡਿਆਈ (ਗੁ: ਗ੍ਰੰ: ਦਰਪਣ)। ਦੁਯੀ – ਦੂਜੇ ਨੰਬਰ `ਤੇ ਭਾਵ ਕਾਦਰ ਪਹਿਲਾਂ ਹੈ ਕੁਦਰਤਿ ਬਾਅਦ ਵਿੱਚ ਹੈ। ਕੁਦਰਤਿ ਸਾਜੀਐ – ਉਸ ਕਾਦਰ ਨੇ ਹੀ ਕੁਦਰਤਿ ਬਣਾਈ ਹੈ। ਕਰਿ ਆਸਣੁ ਡਿਠੋ ਚਾਉ – ਉਸ ਨੂੰ ਉਸ ਦੇ ਕੀਤੇ ਕੁਦਰਤਿ ਦੇ ਆਸਣੁ ਭਾਵ ਉਸ ਦੀ ਰਚਨਾ ਵਿੱਚੋਂ ਹੀ ਖਿੜੇ ਮੱਥੇ ਦੇਖਿਆ। ਡਿਠੋ – ਦੇਖਿਆ। ਚਾਉ – ਚਾਉੇ ਨਾਲ, ਖਿੜੇ ਮੱਥੇ। ਦਾਤਾ ਕਰਤਾ ਆਪਿ ਤੂੰ – ਇਕੁ ਤੂੰ ਆਪ ਹੀ ਦਾਤਾ ਅਤੇ ਆਪ ਹੀ ਕਰਤਾ ਹੈ। ਤੁਸਿ – ਤੁਸਾਂ/ਸਮੂਹ ਜੀਵਾਂ ਨੂੰ। ਦੇਵਹਿ – ਜੀਵਨ ਦੇਣ ਵਾਲਾ। ਕਰਹਿ ਪਸਾਉ – ਸਮੁੱਚਾ ਪਸਾਰਾ (ਸਿਰਜਣਾ) ਕਰਨ ਵਾਲਾ ਹੈ। ਤੂੰ ਜਾਣੋਈ ਸਭਸੈ – ਸਮੂਹ ਜੀਵਾਂ ਤੈਨੂੰ ਹੀ ਦਾਤਾ ਅਤੇ ਕਰਤਾ ਜਾਣਨਾ ਚਾਹੀਦਾ ਹੈ। ਦੇ – ਦੇਣ ਵਾਲਾ, ਦੇ ਰਿਹਾ ਹੈ, ਕਰ ਰਿਹਾ ਹੈ। ਲੈਸਹਿ – ਲੈ ਰਹੇ ਹਨ ਭਾਵ ਮਾਣ ਰਹੇ ਹਨ। ਜਿੰਦੁ – ਜੀਵ। ਕਵਾਉ – ਬਚਨ, ਹੁਕਮ (ਗੁ: ਗ੍ਰੰ: ਦਰਪਣ)। ਕਰਤੇ ਦਾ ਹੁਕਮ, ਬਚਨ ਨੂੰ ਉਸ ਦੀ ਬਖਸ਼ਿਸ਼ ਰੂਪ ਵਿੱਚ ਹੀ ਲਿਆ ਜਾ ਸਕਦਾ ਹੈ। ਸੋ ਇੱਥੇ ਕਵਾਉ ਦੇ ਅਰਥ ਬਖਸ਼ਿਸ਼ ਹੀ ਬਣਦੇ ਹਨ। ਕਰਿ ਆਸਣੁ ਡਿਠੋ ਚਾਉ – ਉਸ ਨੂੰ ਉਸ ਦੇ ਕੀਤੇ ਕੁਦਰਤਿ ਦੇ ਆਸਣੁ/ਰਚਨਾ ਵਿਚੋਂ ਹੀ ਖਿੜੇ ਮੱਥੇ ਦੇਖੋ। ਕਰਿ – ਕਰੇ ਹੋਏ, ਕੀਤੇ। ਚਾਉ – ਖਿੜੇ ਮੱਥੇ।

ਅਰਥ:- ਹੇ ਭਾਈ! ਉਸ ਕਰਤੇ ਨੇ ਆਪ ਹੀ ਆਪਣੇ ਆਪ ਤੋਂ ਆਪ ਨੂੰ ਸਾਜਿਆ ਹੈ ਭਾਵ ਉਹ ਆਪ ਆਪਣੇ ਆਪ ਤੋਂ ਸੁਤੇ ਸਿਧ ਪ੍ਰਕਾਸ਼ਮਾਨ ਹੈ। (ਉਸ ਨੂੰ ਕਿਸੇ ਨੇ ਨਹੀਂ ਬਣਾਇਆ)। ਉਸ ਦੀ ਆਪਣੇ ਆਪ ਤੋਂ ਆਪਣੀ ਰਚਨਾ ਹੀ ਉਸ ਦੀ ਵੱਡੀ ਵਡਿਆਈ ਹੈ। ਉਹ ਪਹਿਲਾਂ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਹੈ ਅਤੇ ਦੂਜੇ ਨੰ: `ਤੇ ਆਪ ਹੀ ਉਸ ਕਾਦਰ ਨੇ ਕੁਦਰਤਿ ਦੀ ਸਾਜਣਾ (ਰਚਨਾ) (creation) ਕੀਤੀ ਹੈ ਅਤੇ ਉਸ ਨੂੰ ਉਸ ਦੀ ਰਚਨਾ (creation) ਵਿੱਚੋਂ ਜਿਨ੍ਹਾਂ ਨੇ ਦੇਖਿਆ, ਉਨ੍ਹਾਂ ਨੇ ਇਹ ਆਖਿਆ ਕਿ ਦਾਤਾ ਅਤੇ ਕਰਤਾ ਤੂੰ ਆਪ ਹੀ ਹੈ ਅਤੇ ਤੂੰ ਹੀ ਸਮੂਹ ਜੀਵਾਂ ਨੂੰ ਜੀਵਨ ਦੇਣ ਵਾਲਾ ਅਤੇ ਸਮੁੱਚਾ ਪਸਾਰਾ/ਸਿਰਜਣਾ ਕਰਨ ਵਾਲਾ ਹੈ। (ਭਾਵ ਕੋਈ ਅਖੌਤੀ ਅਵਤਾਰਵਾਦੀ ਦੇਵਤਾ ਨਹੀਂ) ਸਮੂਹ ਜੀਵਾਂ ਨੂੰ, ਤੈਨੂੰ ਇਕੁ ਨੂੰ ਹੀ ਦਾਤਾ ਅਤੇ ਕਰਤਾ ਜਾਣਨਾ ਚਾਹੀਦਾ ਹੈ ਕਿਉਂਕਿ ਤੂੰ ਹੀ ਹਰੇਕ ਜੀਵ `ਤੇ ਬਖਸ਼ਿਸ਼ ਕਰ ਰਿਹਾ ਹੈ ਭਾਵ ਦਾਤਾਂ ਦੇ ਰਿਹਾ ਹੈ ਅਤੇ ਉਹ ਲੈ ਰਹੇ ਭਾਵ ਜੀਵਨ ਮਾਣ ਰਹੇ ਹਨ। (ਭਾਵ ਕੋਈ ਅਖੌਤੀ ਦੇਵਤਾ ਕਿਸੇ `ਤੇ ਕੋਈ ਬਖਸ਼ਿਸ਼ ਕਰਨ ਵਾਲਾ ਨਹੀਂ)। ਇਸ ਕਰ ਕੇ ਹੇ ਭਾਈ! ਉਸ ਕਾਦਰ ਨੂੰ ਉਸ ਦੇ ਕੀਤੇ ਕੁਦਰਤਿ ਦੇ ਆਸਣੁ/ਰਚਨਾ (creation) ਵਿੱਚੋਂ ਹੀ ਖਿੜੇ ਮੱਥੇ ਦੇਖਣਾ ਚਾਹੀਦਾ ਹੈ।

ਨੋਟ:-ਭਾਵ ਕਰਤੇ ਨੂੰ ਕਰਤੇ ਦੀ (creation) ਰਚਨਾ ਵਿੱਚੋਂ ਹੀ ਬਗੈਰ ਰੰਗ, ਨਸਲ, ਜਾਤ-ਪਾਤ, ਲਿੰਗ, ਭੇਦ ਦੇ ਦੇਖਣਾ ਚਾਹੀਦਾ ਹੈ। ਉਸ ਤੋਂ ਸਿਵਾਏ ਕੋਈ ਹੋਰ ਅਵਤਾਰਵਾਦੀ ਦਾਤਾ/ਦੇਵਤਾ ਜਾਂ ਕਰਤਾ ਨਹੀਂ ਹੈ।

ਬਲਦੇਵ ਸਿੰਘ ਟੌਰਾਂਟੋ।




.