.

ਆਸਾ ਕੀ ਵਾਰ

(ਕਿਸ਼ਤ ਨੰ: 1)

ਅਰੰਭਕਾ

ਪਿਛਲੇ ਕਾਫੀ ਅਰਸੇ ਤੋਂ ਪੜ੍ਹਨ ਤੇ ਸੁਣਨ ਨੂੰ ਮਿਲਦਾ ਰਿਹਾ ਹੈ ਕਿ ‘ਆਸਾ ਕੀ ਵਾਰ` ਬਾਣੀ ਮਨਮਤਿ ਦੀਆਂ ਧੱਜੀਆਂ ਉਡਾਉਂਦੀ ਹੈ। ਪਰ ਵੱਖ-ਵੱਖ ਵਿਆਖਿਆ ਪ੍ਰਣਾਲੀਆਂ ਪੜ੍ਹਨ ਤੋਂ ਪਤਾ ਚੱਲਿਆ ਹੈ ਕਿ ਜਿਹੜੀਆਂ ਬਿਪਰਵਾਦੀ ਮਨਮਤੀ ਧਾਰਨਾਵਾਂ ਦਾ ‘ਆਸਾ ਕੀ ਵਾਰ` ਵਿੱਚ ਖੰਡਨ ਕੀਤਾ ਗਿਆ ਹੈ, ਉਨ੍ਹਾਂ ਹੀ ਬਿਪਰਵਾਦੀ ਮਨਮਤੀ ਧਾਰਨਾਵਾਂ ਨੂੰ ਵਿਆਖਿਆ ਪ੍ਰਣਾਲੀਆਂ ਵੱਲੋਂ ਮੰਡਨ ਰੂਪ ਵਿੱਚ ਪ੍ਰਵਾਨ ਕਰ ਲਿਆ ਗਿਆ ਹੈ।

ਪ੍ਰਚਲਿਤ ਵਿਆਖਿਆ ਪ੍ਰਣਾਲੀਆਂ ‘ਆਸਾ ਦੀ ਵਾਰ` ਦੀ ਬਣਤਰ ਨੂੰ ਇਸ ਤਰ੍ਹਾਂ ਮੰਨਦੀਆਂ ਹਨ ਕਿ ਮਹਲੇ ਪੰਜਵੇਂ ਤੋਂ ਪਹਿਲਾਂ ਆਸਾ ਕੀ ਵਾਰ ਵਿੱਚ ਕੇਵਲ ਪਉੜੀਆਂ ਹੀ ਸਨ, ਇਸ ਵਾਸਤੇ ਵਾਰ ਆਸਾ ਦਾ ਭਾਵ ਲਿਖਣ ਜਾਂ ਸਮਝਣ ਵੇਲੇ ਹਰੇਕ ਪਉੜੀ ਦੇ ਸਲੋਕਾਂ ਦਾ ਧਿਆਨ ਰੱਖਣ ਦੀ ਲੋੜ ਨਹੀਂ ਹੈ।

ਜੇਕਰ ਇਸ ਨਜ਼ਰੀਏ ਨਾਲ ਦੇਖਿਆ ਜਾਏ ਤਾਂ ਇਨ੍ਹਾਂ ਦੀ ਇਹ ਦਲੀਲ, ਇਹ ਸਾਬਤ ਕਰਦੀ ਹੈ ਕਿ ਆਸਾ ਕੀ ਵਾਰ ਕੋਈ ਆਪਣੇ ਆਪ ਵਿੱਚ ਮੁਕੰਮਲ ਮਜ਼ਮੂਨ ਨਹੀਂ ਸੀ? ਜੇਕਰ ਇਨ੍ਹਾਂ ਦੀ ਇਸ ਦਲੀਲ ਨੂੰ ਇਸ ਤਰ੍ਹਾਂ ਮੰਨ ਵੀ ਲਿਆ ਜਾਵੇ ਕਿ ਮਹਲੇ ਪੰਜਵੇਂ ਨੇ ਪਉੜੀਆਂ ਦੇ ਨਾਲ ਸਲੋਕ ਦਰਜ ਕੀਤੇ ਹਨ ਤਾਂ ਫਿਰ ਇਹ ਵੀ ਗੱਲ ਨਹੀਂ ਕਹਿਣੀ ਬਣਦੀ ਕਿ ਪਉੜੀਆਂ ਨੂੰ ਵਿਚਾਰਨ ਵੇਲੇ ਸਲੋਕਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਨਹੀਂ। ਜੇਕਰ ਪਉੜੀਆਂ ਨੂੰ ਵਿਚਾਰਨ ਵੇਲੇ ਸਲੋਕਾਂ ਨੂੰ ਧਿਆਨ ਗੋਚਰਾ ਕਰਨ ਦੀ ਲੋੜ ਨਹੀਂ ਤਾਂ ਫਿਰ ਸਲੋਕਾਂ ਨੂੰ ਪਉੜੀਆਂ ਦੇ ਨਾਲ ਜੋੜਨ ਦੀ ਜ਼ਰੂਰਤ ਕਿਉਂ ਹੈ?

ਇਸ ਬਾਣੀ ਦੀ ਬਣਤਰ ਅਤੇ ਮਜ਼ਮੂਨ ਅਨੁਸਾਰ ਜੇਕਰ ਗਹੁ ਨਾਲ ਦੇਖੀਏ ਤਾਂ ਸਲੋਕਾਂ ਅਤੇ ਪਉੜੀਆਂ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਹੈ। ਜੇਕਰ ਪਉੜੀਆਂ ਨੂੰ ਸਲੋਕਾਂ ਨਾਲੋਂ ਨਿਖੇੜ ਕੇ ਦੇਖੀਏ ਤਾਂ ਕੋਈ ਮਜ਼ਮੂਨ ਹੀ ਨਹੀਂ ਬਣਦਾ। ਇਸ ਕਰ ਕੇ ਇਹ ਦੋਵੇਂ ਦਲੀਲਾਂ ‘ਆਸਾ ਕੀ ਵਾਰ` ਬਾਣੀ ਦੇ ਮਜ਼ਮੂਨ ਅਤੇ ਬਣਤਰ `ਤੇ ਖਰੀਆਂ ਨਹੀਂ ਉਤਰਦੀਆਂ।

ਦਰਅਸਲ ਇਹ ਬਾਣੀ ਮਹਲੇ ਪਹਲੇ ਅਤੇ ਮਹਲੇ ਦੂਜੇ ਦੇ ਸਮੇਂ ਤੋਂ ਪਉੜੀਆਂ ਅਤੇ ਸਲੋਕਾਂ ਦੇ ਨਾਲ ਮੁਕੰਮਲ ਮਜ਼ਮੂਨ ਹੋਣ ਦਾ ਆਪਣੇ ਆਪ ਵਿੱਚ ਆਪ ਹੀ ਸਬੂਤ ਹੈ। ਜਿਵੇਂ ਪਹਿਲਾ ਸਲੋਕ ‘ਮਹਲੇ ਪਹਲੇ ਕਾ` ਉਚਾਰਨ ਕੀਤਾ ਹੈ ਅਤੇ ਦੂਸਰਾ ਸਲੋਕ ‘ਮਹਲੇ ਦੂਜੇ ਕਾ` ਉਚਾਰਨ ਕੀਤਾ ਹੈ। ‘ਮਹਲੇ ਪਹਲੇ ਕਾ` ਸਲੋਕ ਸਵਾਲ ਰੂਪ ਵਿੱਚ ਹੈ ਅਤੇ ‘ਮਹਲੇ ਦੂਜੇ ਕਾ` ਸਲੋਕ ਜਵਾਬ ਰੂਪ ਵਿੱਚ ਹੈ। ਫਿਰ ਸਲੋਕ ਅਤੇ ਪਉੜੀ ਮਹਲੇ ਪਹਲੇ ਕੀ ਉਚਾਰਨ ਹੈ। ਫਿਰ ਦੋ ਸਲੋਕ ਅਤੇ ਪਉੜੀ ਮਹਲੇ ਪਹਿਲੇ ਕੇ ਉਚਾਰਨ ਹਨ ਅਤੇ ਫਿਰ ਮਹਲੇ ਦੂਜੇ ਕਾ ਸਲੋਕ ਅਤੇ ਪਉੜੀ ਉਚਾਰਨ ਹੈ। ਇਸ ਤਰ੍ਹਾਂ ਅੱਗੇ ਤੋਂ ਅੱਗੇ ੨੪ਵੀਂ ਪਉੜੀ ਤੱਕ ਲੜੀ ਚਲਦੀ ਹੈ।

ਇਸ ਵਾਰ ਦੇ ਅਰੰਭ ਵਿੱਚ "ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ" ਟੁੰਡੇ ਅਸ ਰਾਜੇ ਕੀ ਧੁਨੀ ਦਾ ਭਾਵ ਤਾਂ ਗਾਇਨ ਸੈਲੀ ਤੋਂ ਹੈ ਅਤੇ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਤੋਂ ਹੀ ਸਾਬਤ ਹੋ ਜਾਂਦਾ ਹੈ ਕਿ ਮਹਲੇ ਪਹਿਲੇ ਦੇ ਸਮੇਂ ਹੀ ਇਹ ਸਲੋਕ ਪਉੜੀਆਂ ਦੇ ਨਾਲ ਲਿਖੇ ਸਨ। ਜੇਕਰ ਆਸਾ ਕੀ ਵਾਰ ਦੀਆਂ ਪਹਿਲਾਂ ਸਿਰਫ ਪਉੜੀਆਂ ਹੀ ਸਨ ਤਾਂ ਸਲੋਕ ਉਦੋਂ ਕਿੱਥੇ ਸਨ? ਜਦੋਂ ਕਿ ਸਲੋਕ ਵੀ ਪਹਿਲਾਂ ਤੋਂ ਹੀ ਮੌਜੂਦ ਸਨ ਅਤੇ ਲਿਖੇ ਵੀ ਮਹਲੇ ਪਹਿਲੇ ਅਤੇ ਦੂਜੇ ਦੇ ਸਿਰਲੇਖ ਹੇਠ ਹੀ ਹਨ। ਇਥੋਂ ਇਹ ਆਪਣੇ ਆਪ ਹੀ ਸਾਬਤ ਹੋ ਜਾਂਦਾ ਹੈ ਕਿ ਪਉੜੀਆਂ ਅਤੇ ਸਲੋਕ ਸ਼ੁਰੂ ਤੋਂ ਹੀ ਇੱਕ ਮੁਕੰਮਲ ਮਜ਼ਮੂਨ ਦੇ ਰੂਪ ਵਿੱਚ ਅਨਿੱਖੜਵੇਂ ਹਨ। ਇਸ ਕਰ ਕੇ ਪਉੜੀ ਨੂੰ ਸਮਝਣ ਵੇਲੇ ਸਲੋਕਾਂ ਨੂੰ ਧਿਆਨ ਗੋਚਰਾ ਕਰਨਾ ਅਤਿਅੰਤ ਜ਼ਰੂਰੀ ਹੈ।

ਜੇਕਰ ਵੱਖ-ਵੱਖ ਵਿਆਖਿਆ ਪ੍ਰਣਾਲੀਆਂ ਦੀ ਗੱਲ ਕਰੀਏ ਤਾਂ ਸਮੁੱਚੀ ਬਾਣੀ ਦੀ ਵਿਆਖਿਆ ਗੁਰਮਤਿ ਦੇ ਮੂਲ ਸਿਧਾਂਤ ਮੂਲ ਮੰਤ੍ਰ ਤੋਂ ਹਟ ਕੇ ਹੈ ਜਾਂ ਇੰਝ ਕਹਿ ਲਵੋ ਕਿ ਮੂਲ ਸਿਧਾਂਤ ਅਨੁਸਾਰ ਕਰਤੇ ਦੇ ਅਜੂਨੀ ਹੋਣ ਦੇ ਸਿਧਾਂਤ ਦਾ ਵਿਆਖਿਆ ਪ੍ਰਣਾਲੀਆਂ ਵੱਲੋਂ ਖਿਆਲ ਨਹੀਂ ਰੱਖਿਆ ਗਿਆ।

੧) ਉਦਾਹਰਨ ਦੇ ਤੌਰ `ਤੇ ਵਾਰ ਆਸਾ ਦੀ ਪ੍ਰਚਲਿਤ ਵਿਆਖਿਆ ਉੱਪਰ ਇੱਕ ਝਾਤ ਹੈ…

ਪਉੜੀ।।

ਆਪੀਨੈੑ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ।।

ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ।।

ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ।।

ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ।।

ਮਨਿ ਅੰਧੈ ਜਨਮੁ ਗਵਾਇਆ।। ੩।।

ਵਾਰ ਆਸਾ ਦੀ ਵਿਆਖਿਆ ਉੱਪਰ ਧਿਆਨ ਕੇਂਦਰਤ ਕਰੀਏ ਤਾਂ ਵਿਆਖਿਆ ਪ੍ਰਣਾਲੀਆਂ ਵੱਲੋਂ ਉੱਪਰ ਦਿੱਤੀ ਪਉੜੀ ਦੀ ਵਿਆਖਿਆ, ਕਿਤੇ ਕਰਤੇ ਨੂੰ ਜੀਵ ਰੂਪ ਹੋ ਕੇ ਭਾਵ (ਜੰਮ ਕੇ) ਆਪ ਹੀ ਭੋਗ ਭੋਗਦਾ ਅਤੇ ਜਦੋਂ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ ਹੈ ਤਾਂ ਆਤਮਾ ਦੇ ਗਲ਼ ਵਿੱਚ ਜਮਦੂਤਾਂ ਵੱਲੋਂ ਸੰਗਲ ਪਾ ਕਰ ਕੇ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਹੈ। (ਮਾਇਆ ਦੇ ਭੋਗਾਂ ਵਿੱਚ ਹੀ ਫਸੇ ਰਹਿਣ ਦੇ ਕਾਰਨ) ਉਥੇ ਮਾਰ ਪੈਂਦੇ ਨੂੰ ਕਿਤੇ ਢੋਈ ਨਹੀਂ ਮਿਲਦੀ, ਉਸ ਵੇਲੇ ਇਸ ਦੀ ਕੋਈ ਵੀ ਕੂਕ ਸੁਣੀ ਨਹੀਂ ਜਾਂਦੀ)। ਮੂਰਖ ਮਨ (ਵਾਲਾ ਜੀਵ) ਆਪਣਾ (ਮਨੁੱਖਾ) ਜਨਮ ਅਜਾਈਂ ਗਵਾ ਲੈਂਦਾ ਹੈ।

ਜ਼ਰਾ ਗਹੁ ਨਾਲ ਦੇਖੀਏ ਤਾਂ ਇਹ ਵਿਆਖਿਆ ਇਹ ਸਾਬਤ ਕਰਦੀ ਹੈ ਕਿ ਕਰਤੇ ਨੇ ਆਪ ਹੀ ਜੀਵ ਰੂਪ ਹੋ ਕੇ ਭੋਗ ਭੋਗੇ, ਜੀਵ (ਰੂਪ ਹੋਇਆ ਫਿਰ) ਮਿੱਟੀ ਦੀ ਢੇਰੀ ਹੋ ਗਿਆ ਤਾਂ ਜਮਦੂਤਾਂ ਨੇ ਉਸ ਦੇ ਗਲ਼ ਵਿੱਚ ਸੰਗਲ ਪਾ ਕੇ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਕੀਤਾ ਫਿਰ ਉਸ ਨੂੰ (ਮਾਇਆ ਦੇ ਭੋਗਾਂ ਵਿੱਚ ਫਸੇ ਰਹਿਣ ਦੇ ਕਾਰਨ) ਉਥੇ ਮਾਰ ਪੈਂਦੇ ਨੂੰ ਕਿਤੇ ਢੋਈ ਨਹੀਂ ਮਿਲਦੀ, ਉਸ ਵੇਲੇ ਉਸ ਦੀ ਕੋਈ ਕੂਕ ਪੁਕਾਰ ਵੀ ਨਹੀਂ ਸੁਣੀ ਜਾਂਦੀ।

ਪ੍ਰਚਲਿਤ ਵਿਆਖਿਆ ਅਨੁਸਾਰ ਰੱਬ ਆਪ ਹੀ ਜੀਵ ਰੂਪ ਵੀ ਹੋਇਆ, ਗਲ਼ ਵਿੱਚ ਜਮਦੂਤਾਂ ਦੇ ਸੰਗਲ ਵੀ ਪਏ, ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਵੀ ਕੀਤਾ ਗਿਆ, (ਮਾਇਆ ਦੇ ਵਿੱਚ ਫਸੇ ਰਹਿਣ ਕਾਰਨ) ਉਥੇ ਵਿਕਾਰਾਂ ਵਿੱਚ ਫਸੇ ਰਹਿਣ ਦੇ ਕਾਰਨ ਉਥੇ ਮਾਰ ਪੈਂਦੇ ਨੂੰ ਕਿਤੇ ਢੋਈ ਵੀ ਨਹੀਂ ਮਿਲਦੀ। ਇਹ ਵੀ ਲਿਖ ਦਿੱਤਾ ਜਾਂਦਾ ਹੈ ਕਿ ਮੂਰਖ ਮਨ (ਵਾਲਾ ਜੀਵ) ਆਪਣਾ (ਮਨੁੱਖਾ) ਜੀਵਨ ਵੀ ਅਜਾਈਂ ਗਵਾ ਜਾਂਦਾ ਹੈ। ਇਹ ਪੰਗਤੀ ਕੀ ਸਾਬਤ ਕਰਦੀ ਹੈ? ਇੱਕ ਪਾਸੇ ਪਉੜੀ ਦੇ ਅਰਥ ਇਥੋਂ ਸ਼ੁਰੂ ਹੁੰਦੇ ਹਨ ਕਿ ਰੱਬ ਆਪ ਹੀ ਜੀਵ ਰੂਪ ਹੁੰਦਾ ਹੈ ਦੂਜੇ ਪਾਸੇ ਉਸੇ ਜੀਵ ਨੂੰ ਮੂਰਖ ਮਨ ਵਾਲਾ ਜੀਵ ਸਾਬਤ ਕਰ ਦਿੱਤਾ ਜਾਂਦਾ ਹੈ।

ਵਾਰ ਆਸਾ ਦੀ ਸ਼ੁਰੂਆਤ ਮੂਲ ਮੰਤ੍ਰ ਨਾਲ ਹੁੰਦੀ ਹੈ ਪਰ ਵਿਆਖਿਆ ਅੰਦਰ ਮੂਲ ਮੰਤ੍ਰ ਦਾ ਹੀ ਭੋਗ ਪਾ ਦਿੱਤਾ ਗਿਆ ਹੈ। ਸੋ ਪ੍ਰਚਲਿਤ ਵਿਆਖਿਆ ਗੁਰਮਤਿ ਦੇ ਮੂਲ ਸਿਧਾਂਤ ਅਨੁਸਾਰ ਕਰਤੇ ਦੇ ਅਜੂਨੀ ਹੋਣ ਉੱਪਰ ਸਵਾਲੀਆ ਚਿੰਨ੍ਹ ਲਗਾਉਂਦੀ ਹੈ ਅਤੇ ਅਖੌਤੀ ਬਿਪਰਵਾਦੀ ਧਰਮਰਾਜ ਦੀ ਪ੍ਰੋੜਤਾ ਕਰਦੀ ਹੋਈ ਜੀਵ ਰੂਪ ਹੋਏ ਰੱਬ ਦੇ ਗਲ਼ ਵਿੱਚ ਜਮਦੂਤਾਂ ਦੇ ਸੰਗਲ ਅਤੇ ਰੱਬ ਨੂੰ ਧਰਮਰਾਜ ਦੇ ਸਾਹਮਣੇ ਪੇਸ਼ ਕਰਦੀ ਹੋਈ ਮਾਰ ਵੀ ਪਵਾਉਂਦੀ ਹੈ।

੨) ਆਉ ਹੁਣ ਦੇਖੀਏ ਬੇਦ ਬਾਣੀ ਪ੍ਰਤੀ ਗੁਰਮਤਿ ਦਾ ਕੀ ਨਿਰਣਾ ਹੈ?

ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ।। (ਪੰਨਾ ੫੫੯)

ਬ੍ਰਹਮੇ ਨੇ ਜੋ ਬੇਦ (ਵੇਦ) ਬਾਣੀ ਉਚਾਰਨ ਕੀਤੀ ਹੈ ਉਹ ਅਗਿਆਨਤਾ ਦਾ ਫੈਲਾਉ ਕਰਦੀ ਹੈ ਭਾਵ ਮਾਨਵਤਾ ਨੂੰ ਰੰਗ, ਨਸਲ, ਜਾਤ-ਪਾਤ ਦੇ ਭੇਦ-ਭਾਵ ਵਿੱਚ ਵੰਡਦੀ ਹੈ।

ਜਦੋਂ ਵਾਰ ਆਸਾ ਦੀ ਬਾਣੀ ਦੀ ਅੱਗੇ ਦਿੱਤੀ ਪੰਗਤੀ ਦੀ ਵਿਆਖਿਆ ਪੜ੍ਹੀ ਦੀ ਹੈ ਤਾਂ ਬੇਦ, ਪੁਰਾਣ ਆਦਿਕ ਨੂੰ (ਕਰਤੇ) ਦੀ ਕਲਾ ਦਰਸਾ ਦਿੱਤਾ ਜਾਂਦਾ ਹੈ।

"ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ।। "

੩) ਇਸੇ ਤਰ੍ਹਾਂ ਇੰਦਰ ਰਾਜਾ ਗੁਰਮਤਿ ਸਿਧਾਂਤ ਦੇ ਨਜ਼ਰੀਏ ਨਾਲ ਕੁਕਰਮੀ ਹੈ।

ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ।।

ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ।। ੧।।

ਜਦੋਂ ਵਾਰ ਆਸਾ ਦੀ ਅੱਗੇ ਦਿੱਤੀ ਪੰਗਤੀ ਦੀ ਵਿਆਖਿਆ ਪੜ੍ਹੀ ਦੀ ਹੈ ਤਾਂ ਇੰਦਰ ਰੱਬ ਦੇ ਭੈਅ ਵਿੱਚ ਸਿਰ ਭਾਰ ਫਿਰ ਰਿਹਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇੰਦਰ ਤਾਂ ਰੱਬ ਦੇ ਭੈਅ ਵਿੱਚ ਰਹਿਣ ਵਾਲਾ ਬੰਦਾ ਸੀ ਅਤੇ ਜੋ ਕੁੱਝ ਉਸ ਨੇ ਕੀਤਾ ਉਹ ਰੱਬ ਦੇ ਭੈਅ ਵਿੱਚ ਕੀਤਾ। ਇਸ ਨਾਲ ਉਸ ਦੇ ਕੀਤੇ ਕੁਕਰਮ, ਕਰਤੇ ਦੇ ਭੈਅ ਵਿੱਚ ਹੀ ਕੀਤੇ ਸਾਬਤ ਹੋ ਗਏ। ਜਦੋਂ ਕਿ ਉਹ ਰੱਬ ਦੇ ਭੈਅ ਤੋਂ ਮੁਨਕਰ ਸੀ।

ਭੈ ਵਿਚਿ ਇੰਦ ਫਿਰੈ ਸਿਰ ਭਾਰਿ।।

੪) ਅੱਗੇ ਦਿੱਤੇ ਸਲੋਕ ਦੀ ਜੇਕਰ ਪ੍ਰਚਲਿਤ ਵਿਆਖਿਆ ਪੜ੍ਹੀਏ ਤਾਂ:-

ਮਹਲਾ ੨।।

ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ।।

ਇਕਨਾੑ ਹੁਕਮਿ ਸਮਾਇ ਲਏ ਇਕਨਾੑ ਹੁਕਮੇ ਕਰੇ ਵਿਣਾਸੁ।।

ਇਕਨਾੑ ਭਾਣੈ ਕਢਿ ਲਏ ਇਕਨਾੑ ਮਾਇਆ ਵਿਚਿ ਨਿਵਾਸੁ।।

ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ।।

ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ।। ੩।।

ਇਹ ਸਾਬਤ ਹੁੰਦਾ ਹੈ ਕਿ ਰੱਬ ਆਪ ਹੀ ਕਈ ਜੀਵਾਂ ਨੂੰ ਆਪਣੇ ਹੁਕਮ (ਇਸ ਸੰਸਾਰ ਸਾਗਰ ਵਿੱਚੋਂ ਬਚਾ ਕੇ) ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਤਾਂ ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ ਹੀ ਇਸੇ ਵਿੱਚ ਡੋਬ ਦਿੰਦਾ ਹੈ। ਕਈ ਜੀਵਾਂ ਨੂੰ ਆਪਣੀ ਰਜ਼ਾ ਅਨੁਸਾਰ ਮਾਇਆ ਦੇ ਮੋਹ ਵਿੱਚੋਂ ਕੱਢ ਲੈਂਦਾ ਹੈ, ਕਈਆਂ ਨੂੰ ਇਸੇ ਵਿੱਚ ਹੀ ਫਸਾਈ ਰੱਖਦਾ ਹੈ।

ਇਸ ਨਜ਼ਰੀਏ ਨਾਲ ਤਾਂ ਫਿਰ ਕਿਸੇ ਕਿਸਮ ਦੇ ਪ੍ਰਚਾਰ ਦੀ ਲੋੜ ਹੀ ਨਹੀਂ ਰਹਿ ਜਾਂਦੀ ਕਿਉਂਕਿ ਕਰਤਾ ਆਪ ਹੀ ਤਾਂ ਮਨੁੱਖ ਨੂੰ ਚੰਗੇ ਮਾੜੇ ਪਾਸੇ ਲਗਾਉਂਦਾ ਹੈ।

ਇਸੇ ਸਲੋਕ ਦੀ ਪਹਿਲੀ ਪੰਗਤੀ "ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ।। " ਦੀ ਵਿਆਖਿਆ ਦਾ "ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰ।। " ਵਾਲੇ ਸਲੋਕ ਦੀ ਵਿਆਖਿਆ ਕਰ ਕੇ ਆਪਸ ਵਿੱਚ ਵਿਰੋਧਾਭਾਸ ਦਰਸਾ ਦਿੱਤਾ ਜਾਂਦਾ ਹੈ ਕਿ ਸਾਰਾ ਜਗਤ ਛਲ ਰੂਪ ਹੈ। ਇੱਥੇ "ਇਹੁ ਜਗੁ ਸਚੇ ਕੀ ਹੈ ਕੋਠੜੀ ਸਚੇ ਕਾ ਵਿੱਚ ਵਾਸੁ।। " ਵਾਲੇ ਸਲੋਕ ਨੂੰ ਵਿਆਖਿਆ ਪ੍ਰਣਾਲੀਆਂ ਵੱਲੋਂ ਅੱਖੋਂ ਪਰੋਖਿਆ ਕਰ ਕੇ ਸਾਰਾ ਕੁੱਝ ਕੂੜ ਦਰਸਾ ਦਿੱਤਾ ਜਾਂਦਾ ਹੈ, ਜਦੋਂ ਕਿ ਗੱਲ ਕਿਸੇ ਹੋਰ ਸੰਦਰਭ ਵਿੱਚ ਹੋ ਰਹੀ ਹੈ।

੫) ਅਖੌਤੀ ਧਰਮਰਾਜ ਵਾਲੇ ਬਿਪਰਵਾਦੀ ਸਿਧਾਂਤ ਨੂੰ "ਨਾਨਕ ਜੀਅ ਉਪਾਇ ਕੈ ਲਿਖ ਨਾਵੈ ਧਰਮ ਬਹਾਲਿਆ।। ੨।। " ਪਉੜੀ ਨੰ: ੨ ਦੀ ਵਿਆਖਿਆ ਅੰਦਰ ਸਵੀਕਾਰ ਕਰ ਲਿਆ ਜਾਂਦਾ ਹੈ ਕਿ ਪਰਮਾਤਮਾ ਨੇ ਜੀਵਾਂ ਨੂੰ ਪੈਦਾ ਕਰ ਕੇ ਉਨ੍ਹਾਂ ਦੇ ਸਿਰ ਧਰਮ ਰਾਜ ਮੁਕੱਰਰ ਕੀਤਾ ਹੋਇਆ ਹੈ। ਪਉੜੀ ਨੰ: ੩ ਦੀ ਵਿਆਖਿਆ ਅੰਦਰ "ਆਪੀਨੈੑ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ।। "ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ।। " ਰੱਬ ਨੂੰ ਪਹਿਲਾਂ ਜੀਵ ਰੂਪ ਹੋ ਕਰ ਕੇ ਪਦਾਰਥਾਂ ਦੇ ਰੰਗ ਮਾਣਦਾ ਅਤੇ ਫਿਰ ਜਦੋਂ ਜੀਵ ਦੁਨੀਆ ਦੇ ਧੰਦਿਆਂ ਵਿੱਚ ਫਸਿਆ ਹੋਇਆ ਮਰਦਾ ਹੈ ਤਾਂ ਇਸ ਦੇ ਗਲ਼ ਵਿੱਚ ਸੰਗਲ ਪਾ ਕੇ ਅੱਗੇ ਲਾ ਲਿਆ ਜਾਂਦਾ ਹੈ ਅਤੇ ਧਰਮਰਾਜ ਦੇ ਸਾਹਮਣੇ ਪੇਸ਼ ਕਰ ਦਿੱਤਾ ਜਾਂਦਾ ਹੈ। ਫਿਰ ਧਰਮਰਾਜ ਨਿਆਂ ਕਰਦਾ ਹੈ। ਅੱਗੇ ਜਾ ਕੇ ਪਉੜੀ ਨੰ: ੨੦ ਤੋਂ ਪਹਿਲੇ ਸਲੋਕ ਦੀ ਵਿਆਖਿਆ ਅੰਦਰ:-

"ਦੀਬਾਨੁ ਏਕੋ ਕਲਮ ਏਕਾ ਹਮਾ ਤੁਮਾੑ ਮੇਲੁ।। ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ।। ੨।। " ਵਾਲੇ ਸਲੋਕ ਦੀ ਪ੍ਰਚਲਿਤ ਵਿਆਖਿਆ ਅੰਦਰ ਪ੍ਰਭੂ ਨੂੰ ਆਪ ਜੀਵਾਂ ਨੂੰ ਲੇਖਾ-ਜੋਖਾ ਕਰਨ ਵਾਲਾ ਦਰਸਾ ਦਿੱਤਾ ਜਾਂਦਾ ਹੈ ਤੇ ਮੰਦੇ ਮਨੁੱਖਾਂ ਨੂੰ ਤੇਲ ਵਾਂਗ ਪੀੜਨ ਵਾਲਾ ਦਰਸਾ ਦਿੱਤਾ ਜਾਂਦਾ ਹੈ।

੬) ਇਸੇ ਤਰ੍ਹਾਂ ਅਗਲੇਰੇ ਸਲੋਕ ਦੀ ਪ੍ਰਚਲਿਤ ਵਿਆਖਿਆ ਜੇ ਪੜ੍ਹੀ ਦੀ ਹੈ ਤਾਂ:-

"ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤਾ ਮਸਤਕਿ ਲਾਈਐ।। "

ਜਿਸ ਪਾਖੰਡ ਦਾ ਇਸ ਪਉੜੀ ਅੰਦਰ ਖੰਡਨ ਕੀਤਾ ਹੈ, ਉਸ ਪਾਖੰਡ ਦਾ ਵਿਆਖਿਆ ਪ੍ਰਣਾਲੀਆਂ ਅੰਦਰ ਮੰਡਨ ਇਸ ਤਰ੍ਹਾਂ ਕਰ ਦਿੱਤਾ ਗਿਆ ਹੈ ਕਿ ਜੇਕਰ ਮੈਨੂੰ ਸੰਤਾਂ ਦੇ ਪੈਰਾਂ ਦੀ ਖਾਕ ਦਾ ਦਾਨ ਮਿਲ ਜਾਏ ਤਾਂ ਮੱਥੇ `ਤੇ ਲਾਉਣੀ ਚਾਹੀਦੀ ਹੈ। ਇਹ ਮਿਲਦੀ ਤਾਂ ਹੈ ਜੇ ਭਾਗ ਚੰਗੇ ਹੋਣ। ਜਦੋਂ ਪਾਖੰਡੀ ਅਖੌਤੀ ਸੰਤ, ਲੋਕਾਂ ਨੂੰ ਆਪਣੇ ਪਿੱਛੇ ਲਗਾਉਂਦੇ ਹਨ ਤਾਂ ਇਹ ਹੀ ਕਹਿ ਕੇ ਲਗਾਉਂਦੇ ਹਨ ਕਿ ਖਾਕ ਮਿਲਦੀ ਤਾਂ ਹੈ ਜੇਕਰ ਭਾਗ ਚੰਗੇ ਹੋਣ ਅਤੇ ਇਨ੍ਹਾਂ ਦੇ ਪਿਛਲੱਗ ਇਕਦਮ ਆਪਣੇ ਚੰਗੇ ਭਾਗ ਆਪ ਹੀ ਘੜ ਲੈਂਦੇ ਹਨ ਅਤੇ ਇਨ੍ਹਾਂ ਦੇ ਪੈਰਾਂ ਦੀ ਖਾਕ ਚੁੱਕ ਕੇ ਆਪਣੇ ਮੱਥੇ `ਤੇ ਲਗਾ ਕੇ ਆਪਣੇ ਆਪ ਭਾਗਾਂ ਵਾਲੇ ਬਣ ਜਾਂਦੇ ਹਨ।

ਇਹ ਟੂਕ ਮਾਤ੍ਰ ਉਦਾਹਰਨਾਂ ਸਿਰਫ ਵਾਰ ਆਸਾ ਦੀਆਂ ਵਿਆਖਿਆ ਪ੍ਰਣਾਲੀਆਂ ਵਿੱਚੋਂ ਹੀ ਨਮੂਨੇ ਵਜੋਂ ਪੇਸ਼ ਕੀਤੀਆਂ ਹਨ। ਇਸ ਤਰ੍ਹਾਂ ਦੀਆਂ ਅਨੇਕਾਂ ਹੀ ਹੋਰ ਹਜ਼ਾਰਾਂ ਉਦਾਹਰਨਾਂ ਹਨ ਜੋ ਪਾਠਕਾਂ ਦੇ ਸਾਹਮਣੇ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਇਥੋਂ ਪਾਠਕ ਆਪ ਹੀ ਸੋਚਣ ਕਿ ਅਸੀਂ ਇੱਕੀਵੀਂ ਸਦੀ ਦੇ ਵਿੱਚ ਕਿੱਥੇ ਕੁ ਖੜੇ ਹਾਂ? ਪਰ ਰੌਲ਼ਾ ਬ੍ਰਹਮ ਗਿਆਨ ਦੀ (ਅਖੌਤੀ) ਮਹਾਪੁਰਖਾਂ ਦੀ ਕਮਾਈ ਦਾ ਪਾਇਆ ਜਾ ਰਿਹਾ ਹੈ।

ਕੁਝ ਗੱਲਾਂ ਵਿਆਕਰਣ ਸੰਬੰਧੀ:-

ਜੇਕਰ ਵਿਆਕਰਣ ਦੀ ਗੱਲ ਕਰੀਏ ਤਾਂ ਵਿਆਕਰਣ ਹਰੇਕ ਭਾਸ਼ਾ ਦਾ ਅਨਿਖੜਵਾਂ ਅੰਗ ਹੁੰਦੀ ਹੈ।

  1. ਵਿਆਕਰਣ ਭਾਸ਼ਾ ਦੇ ਰੂਪ ਨੂੰ ਨਿਖਾਰਦੀ ਹੈ ਅਤੇ ਜਦੋਂ ਭਾਸ਼ਾ ਦਾ ਰੂਪ ਨਿਖਰਦਾ ਹੈ ਤਾਂ ਸ਼ਬਦਾਂ ਦੇ ਜੋੜਾਂ ਵਿੱਚ ਇਕਸਾਰਤਾ ਭਾਸਦੀ ਹੈ। ਜਦੋਂ ਸ਼ਬਦਾਂ ਦੇ ਜੋੜਾਂ ਵਿੱਚ ਇਕਸਾਰਤਾ ਭਾਸਦੀ ਹੈ ਤਾਂ ਲਿਖਣ, ਪੜ੍ਹਨ, ਬੋਲਣ ਵਾਲੇ ਦੇ ਸਮਝਣਾਉਣ ਅਤੇ ਸੁਣਨ ਵਾਲੇ ਦੀ ਸਮਝ ਵਿੱਚ ਪਕੜ/ਮਜਬੂਤੀ ਆਉਂਦੀ ਹੈ।
  2. ਜਦੋਂ ਵੀ ਕੋਈ ਵਿਅਕਤੀ ਕਿਸੇ ਵੀ ਭਾਸ਼ਾ ਦਾ ਗਿਆਤਾ ਬੋਲਦਾ ਜਾਂ ਲਿਖਦਾ ਹੈ ਤਾਂ ਉਹ ਬੋਲ ਜਾਂ ਲਿਖ ਰਿਹਾ ਮਨੁੱਖ ਵਿਆਕਰਣ ਅਨੁਸਾਰ ਹੀ ਬੋਲਦਾ ਅਤੇ ਲਿਖਦਾ ਹੈ। ਜੇਕਰ ਬੋਲਣ ਜਾਂ ਲਿਖਣ ਵਾਲੇ ਵੱਲੋਂ ਵਿਆਕਰਣਕ ਨਿਯਮਾਂ ਨੂੰ ਧਿਆਨ ਵਿੱਚ ਨਾ ਰੱਖਿਆ ਜਾਏ ਤਾਂ, ਨਾ ਤਾਂ ਬੋਲਣ ਵਾਲੇ ਅਤੇ ਨਾ ਹੀ ਲਿਖਣ ਵਾਲੇ ਦੀ ਕਹੀ ਜਾਂ ਲਿਖੀ ਹੋਈ ਗੱਲ ਸਮਝ ਹੀ ਪੈ ਸਕਦੀ ਹੈ।
  3. ਮਿਸਾਲ ਵਜੋਂ ਜਿਵੇਂ "ਗਿਆ ਨਹੀਂ ਸਕੂਲ ਬੱਚਾ ਘਰ ਆਇਆ ਵਾਪਸ ਹੀ। " ਇੱਥੇ ਇਸ ਪੰਗਤੀ ਅੰਦਰ ਇਕਸਾਰਤਾ ਨਜ਼ਰ ਨਹੀਂ ਆਉਂਦੀ ਅਤੇ ਨਾ ਹੀ ਕੋਈ ਫਿਕਰਾ ਬਣਦਾ ਹੈ। ਜੇਕਰ ਇਨ੍ਹਾਂ ਹੀ ਸ਼ਬਦਾਂ ਨੂੰ ਵਿਆਕਰਣਕ ਭਾਸ਼ਾਈ ਤਰਤੀਬ ਦੇ ਦਈਏ "ਸਕੂਲ ਗਿਆ ਬੱਚਾ, ਘਰ ਵਾਪਸ ਹੀ ਨਹੀਂ ਆਇਆ" ਤਾਂ ਫਿਕਰਾ ਵੀ ਸਪੱਸ਼ਟ ਹੋ ਜਾਂਦਾ ਹੈ। ਸੋ ਵਿਆਕਰਣ ਹਰੇਕ ਭਾਸ਼ਾ ਦਾ ਅਨਿੱਖੜਵਾਂ ਅੰਗ ਹੈ।

ਗੁਰਬਾਣੀ, ਸੱਚ ਨੂੰ ਸਮਰਪਤ ਇੱਕ ਸਿਧਾਂਤਕ ਰਚਨਾ ਹੈ ਅਤੇ ਰਚਣਹਾਰਿਆਂ ਨੇ ਇਸ ਨੂੰ ਕਾਵਿ ਰੂਪ ਵਿੱਚ ਸਿਰਜਿਆ ਹੈ। ਹੁਣ ਜੇਕਰ ਵਾਰਤਕ ਲੇਖਣੀ ਦੀ ਗੱਲ ਕਰੀਏ ਤਾਂ ਵਾਰਤਕ ਲਿਖਣ ਵੇਲੇ ਸ਼ਬਦਾਂ ਨੂੰ ਤਰਤੀਬ ਅਤੇ ਢੁੱਕਦੀ ਜਗ੍ਹਾ ਵਿਸਰਾਮ ਚਿੰਨ੍ਹ ਦੇਣੇ ਅਤੇ ਫਿਕਰਾ ਖਤਮ ਹੋਣ ਤੋਂ ਉਪਰੰਤ ਅਗਲਾ ਫਿਕਰਾ ਸ਼ੁਰੂ ਕਰਨ ਤੋਂ ਪਹਿਲਾਂ ਡੰਡੀ ਲਾਉਣੀ ਆਦਿਕ ਲਗਾਉਣੀ ਵਿਆਕਰਣ ਦੇ ਮੁਢਲੇ ਨਿਯਮ ਹਨ।

ਕਾਵਿ ਪਿੰਗਲ ਦੇ ਨਿਯਮ ਨੂੰ ਮੁੱਖ ਰੱਖ ਕੇ ਰਚਿਆ ਜਾਂਦਾ ਹੈ ਜੋ ਵਾਰਤਕ ਸ਼ਬਦਾਂ ਦੇ ਸੰਗ੍ਰਹਿ ਨੂੰ ਇੱਕ ਲੈਅ ਵਿੱਚ ਪਰੋਂਦਾ ਹੈ। ਜਿਸ ਨੂੰ ਚਿਤਰਣ ਵੇਲੇ ਲਗਾਂ, ਮਾਤਰਾਂ, ਅੱਖਰਾਂ ਦੀ ਗਿਣਤੀ ਮਿਣਤੀ ਰਾਗ ਜਾਂ ਰਾਗ ਰਹਿਤ, ਆਧਾਰਤ ਸ਼ਬਦ ਦੇ ਤੋਲ ਮਾਪ ਅਤੇ ਸਿਧਾਂਤ ਦੇ ਪਹਿਲੂ ਨੂੰ ਮੁੱਖ ਰੱਖ ਕੇ ਚਿਤਰਿਆ ਜਾਂਦਾ ਹੈ। ਜਦੋਂ ਵੀ ਕਿਸੇ ਵੱਲੋਂ ਉਚ-ਪੱਧਰੀ ਸਿਧਾਂਤਕ ਕਾਵਿ ਰਚਨਾ ਜਿਸ ਵੀ ਭਾਸ਼ਾ ਵਿੱਚ ਸਿਰਜੀ ਜਾਂਦੀ ਹੈ ਤਾਂ ਉਸ ਭਾਸ਼ਾ ਦੇ ਵਿਆਕਰਣ ਨਿਯਮ ਦਾ ਵੀ ਪੂਰਾ-ਪੂਰਾ ਖਿਆਲ ਰੱਖਦਾ ਹੈ ਤਾਂ ਜੋ ਕਿ ਲਿਖਿਆ ਹੋਇਆ ਪੜ੍ਹਨ ਵਾਲੇ ਪਾਠਕ ਦੇ ਸੁਖੈਨ ਸਮਝ ਪੈ ਸਕੇ। ਇਸ ਤਰ੍ਹਾਂ ਫਿਰ ਕਾਵਿ ਅਤੇ ਭਾਸ਼ਾ ਦੇ ਬੱਝਵੇਂ ਨਿਯਮ ਦੇ ਸਿਰਜੇ ਹੋਏ ਸਿਧਾਂਤ ਨੂੰ ਵਾਰਤਕ ਵਿੱਚ ਅਰਥਾਉਣ ਵੇਲੇ ਰਚਨਾ ਦੇ ਸਿਧਾਂਤਕ ਅਤੇ ਵਿਆਕਰਣ ਪੱਖ ਨੂੰ ਮੂਹਰੇ ਰੱਖੀਏ ਤਾਂ ਸ਼ਬਦਾਂ ਤੋਂ ਸ਼ਬਦ ਆਪਣੇ ਆਪ ਵਰਤਮਾਨ, ਭੂਤ, ਭਵਿੱਖ, ਲਿੰਗ, ਪੁਲਿੰਗ, ਇਕਵਚਨ, ਬਹੁਵਚਨ ਆਦਿ ਵਿਆਕਰਣਕ ਨਿਯਮ ਸਿਰਜਦੇ ਹਨ।

ਉਦਾਹਰਨ ਵਜੋਂ

ਮੇਲਾ ਸੁਣਿ ਸਿਵਰਾਤ ਦਾ ਬਾਬਾ ਅਚਲ ਵਿਟਾਲੇ ਆਈ। -ਭਾਈ ਗੁਰਦਾਸ ਜੀ।

ਇਸ ਪੰਗਤੀ ਅੰਦਰ ਵਰਤਿਆ ਸ਼ਬਦ (ਆਈ) ਇਸਤ੍ਰੀ ਲਿੰਗ ਹੈ ਪਰ ਸ਼ਬਦ (ਬਾਬਾ) ਪੁਲਿੰਗ ਹੈ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਇੱਥੇ ਸ਼ਬਦ ਤਾਂ ‘ਆਈ` ਦੀ ਥਾਂ ‘ਆਇਆ` ਆਉਣਾ ਚਾਹੀਦਾ ਸੀ। ਜੇਕਰ ਵਾਰਤਕ ਲੇਖਣੀ ਹੁੰਦੀ ਤਾਂ ਸ਼ਬਦ ‘ਆਇਆ` ਹੀ ਵਰਤਿਆ ਜਾਣਾ ਸੀ। ਇੱਥੇ ਇਸ ਪੰਗਤੀ ਅੰਦਰ ਕਾਵਿਕ ਭਾਸ਼ਾ ਦੀ ਲੈਅ ਤੋਲ ਮਾਪ ਨੂੰ ਪੂਰਾ ਰੱਖਣ ਵਾਸਤੇ ਸ਼ਬਦ ‘ਆਈ` ਵਰਤਿਆ ਹੈ ਅਤੇ ਜਦੋਂ ਸ਼ਬਦ ਬਾਬਾ ਦੇ ਨਾਲ ਆਈ ਸ਼ਬਦ ਜੁੜਿਆ ਤਾਂ ਵਾਰਤਕ ਵਿੱਚ ਅਰਥਾਉਣ ਵੇਲੇ ਪੁਲਿੰਗ ਵਾਚਕ, ਆਇਆ ਹੀ ਅਰਥਾਇਆ ਜਾਵੇਗਾ। ਇਸ ਤਰ੍ਹਾਂ ਕਾਵਿਕ ਭਾਸ਼ਾ ਅੰਦਰ ਸ਼ਬਦਾਂ ਦੇ ਲਿੰਗ, ਪੁਲਿੰਗ, ਇੱਕ ਵਚਨ, ਬਹੁਵਚਨ, ਸੰਬੰਧਤ ਸ਼ਬਦਾਂ ਦੇ ਨਾਲ ਜੁੜ ਕੇ ਬਦਲਦੇ ਹਨ।

ਜੇਕਰ ਪ੍ਰਚਲਿਤ ਵਿਆਕਰਣ ਦੀ ਗੱਲ ਕਰੀਏ ਤਾਂ ਇਸ ਰਾਹੀਂ ਉੱਪਰ ਦਿੱਤੇ ਹਵਾਲਿਆਂ ਅਨੁਸਾਰ ਤਾਂ ਗੁਰਮਤਿ ਦਾ ਮੂਲ ਸਿਧਾਂਤ ਮੂਲ ਮੰਤ੍ਰ ਨੂੰ ਹੀ ਸਪੱਸ਼ਟ ਨਹੀਂ ਹੁੰਦਾ, ਕਿਉਂਕਿ ਇਹ ਕਿਤੇ ਰੱਬ ਨੂੰ ਬੰਦਾ ਅਤੇ ਬੰਦੇ ਨੂੰ ਰੱਬ ਕਿਤੇ ਰੱਬ ਨੂੰ ਜੰਮਦਾ ਕਿਤੇ ਰੱਬ ਨੂੰ ਮਰਦਾ ਦਰਸਾ ਰਹੀ ਹੈ। ਸੋ ਸਿਧਾਂਤਕ ਰਚਨਾ ਨੂੰ ਸਿਧਾਂਤਕ ਵਿਆਕਰਣ ਨੂੰ ਮੁਖ ਰੱਖ ਕੇ ਵਿਚਾਰਨ ਦੀ ਜ਼ਰੂਰਤ ਹੈ ਜੋ ਰੱਬ ਨੂੰ ਰੱਬ ਅਤੇ ਬੰਦੇ ਨੂੰ ਬੰਦਾ ਸਾਬਤ ਕਰੇ, ਨਾ ਕਿ ਉਹ ਵਿਆਕਰਣ ਹੈ ਜੋ ਬੰਦੇ ਨੂੰ ਰੱਬ ਅਤੇ ਰੱਬ ਨੂੰ ਬੰਦਾ, ਵਰਤਮਾਨ ਨੂੰ ਭੂਤ ਅਤੇ ਭੂਤ ਨੂੰ ਭਵਿੱਖ, ਭਵਿੱਖ ਨੂੰ ਭੂਤ ਅਤੇ ਪੁਲਿੰਗ ਨੂੰ ਲਿੰਗ ਅਤੇ ਲਿੰਗ ਨੂੰ ਪੁਲਿੰਗ ਸਾਬਤ ਕਰਦੀ ਹੋਵੇ।

ਭੁੱਲ ਚੁੱਕ ਦੀ ਖਿਮਾ

ਗੁਰੂ ਗ੍ਰੰਥ ਦੇ ਪੰਥ ਦਾ ਦਾਸ

ਬਲਦੇਵ ਸਿੰਘ ਟੌਰਾਂਟੋ।




.