.

ਗੁਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਗੁਰ ਪ੍ਰਸਾਦਿ

ਗੁਰ+ਪ੍ਰਸਾਦਿ= ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਮਿਹਰ ਦੁਆਰਾ

ਗੁਰ ਕੌਣ
ਗੁਰਬਾਣੀ ਵਿਚ ਅਜਿਹੀ ਪਰਉਪਕਾਰੀ ਸ਼ਖਸ਼ੀਅਤ ਜਿਸ ਵਿਚ ਵਾਹਿਗੁਰੂ ਵਰਗੇ ਲੱਛਣ ਸਮਾ ਗਏ ਹੋਣ ਉਸ ਗੁਣਨਿਧਾਨ, ਕ੍ਰਿਪਾਲੂ ਨੂੰ ‘ਗੁਰ (ਗੁਰੂ), ਗੁਰੁ ਪਰਮੇਸਰ, ਆਦਿ ਪੁਰਖੁ, ਪਾਰਬ੍ਰਹਮ, ਹਰੀ, ਕਰਤਾ, ਦਾਤਾ, ਸਤਿਗੁਰ (ਸਤਿਗੁਰੂ) ਆਦਿ ਕਹਿ ਕੇ ਸਤਿਕਾਰਿਆ ਤੇ ਯਾਦ ਕੀਤਾ ਗਿਆ ਹੈ:

ਗੁਰੁ ਪਰਮੇਸਰ ਏਕੋ ਜਾਣ।।(ਪੰਨਾ ੮੬੪)
ਗੁਰ ਪਾਰਬ੍ਰਹਮ ਏਕੈ ਹੀ ਜਾਨੈ।। (ਪੰਨਾ ੮੮੭)
ਗੁਰੁ ਕਰਤਾ ਗੁਰੁ ਕਰਣੈ ਯੋਗ।।ਗੁਰੁ ਪਰਮੇਸਰੁ ਹੈ ਭੀ ਹੋਗੁ।। (ਪੰਨਾ ੮੬੪)
ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ।। (ਪੰਨਾ ੭੨੬)
ਗੁਰ ਸਤਿਗੁਰ ਕਾ ਜੋ ਸਿਖ ਅਖਾਏ ਸੋ ਭਲਕੇ ਉਠਿ ਹਰਿ ਨਾਮੁ ਧਿਆਏ।। (ਪੰਨਾ ੩੦੫)
ਗੁਰ ਪਾਰਬ੍ਰਹਮ ਪਰਮੇਸੁਰ ਸੋਇ।। (ਪੰਨਾ ੧੨੭੧)
ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਰ ਅਲਖ ਅਭੇਵ।। (ਪੰਨਾ ੫੨੨)
ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ ॥ ੧ ॥ (ਪੰਨਾ ੮੬੪)
ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ ॥ (ਪੰਨਾ ੫੩)

ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ ॥
ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ ਤਰਾਇ ॥ ੨ ॥
ਅਪਰੰਪਰ ਪਾਰਬ੍ਰਹਮ ਪਰਮੇਸਰ, ਨਾਨਕ ਗੁਰੁ ਮਿਲਿਆ ਸੋਈ ਜੀਉ। (ਪੰਨਾ ੫੯੯)

ਤਹ ਜਨਮ ਨ ਮਰਣਾ ਆਵਣ ਜਾਣਾ ਬਹੁੜਿ ਨ ਪਾਈਐ ਜੁੋਨੀਐ ॥
ਨਾਨਕ ਗੁਰੁ ਪਰਮੇਸਰੁ ਪਾਇਆ ਜਿਸੁ ਪ੍ਰਸਾਦਿ ਇਛ ਪੁਨੀਐ ॥ ੪ ॥ ੬ ॥ ੯ ॥(ਪੰਨਾ ੭੮੩)
ਗੁਰੁ ਆਦਿ ਪੁਰਖੁ ਹਰਿ ਪਾਇਆ।। (ਗੁ. ਗ੍ਰੰ. ਪੰ. ੮੭੯)


ਜਿਸ ਦਾ ਮਨ ਗੁਰਚਰਨੀ ਲਗਦਾ ਹੈ ਉਸਦੇ ਸਾਰੇ ਦੁੱਖ-ਦਰਦ ਤੇ ਭਰਮ ਦੂਰ ਹੋ ਜਾਂਦੇ ਹਨ।ਗੁਰੂ ਦੀ ਸੇਵਾ ਕਰਨ ਨਾਲ ਮਾਣ ਮਿਲਦਾ ਹੈ ਇਸ ਲਈ ਗੁਰੂ ਤੋਂ ਕੁਰਬਾਨ ਜਾਈਦਾ ਹੈ। ਗੁਰੂ ਦਾ ਦਰਸ਼ਨ ਕੀਤੇ ਤੇ ਮਨ ਨਿਹਾਲ ਹੋ ਜਾਂਦਾ ਹੈ। ਗੁਰੂ ਦੇ ਸੇਵਕ ਦੀ ਮਿਹਨਤ ਹਰ ਵਾਰ ਹਰ ਤਰ੍ਹਾਂ ਵਰ ਆਉਂਦੀ ਹੈ।ਗੁਰੂ ਦੇ ਸੇਵਕ ਨੂੰ ਕੋਈ ਦੁਖ ਨਹੀਂ ਸਹਿਣਾ ਪੈਂਦਾ।ਗੁਰੂ ਦੇ ਸੇਵਕ ਦੀ ਹੋਂਦ ਹਰ ਦਿਸ਼ਾ ਵਿਚ ਹੋ ਜਾਂਦੀ ਹੈ।ਗੁਰੂ ਦੀ ਮਹਿਮਾ ਬਿਆਨੀ ਨਹੀਂ ਜਾ ਸਕਦੀ। ਪਰਮਾਤਮਾ ਗੁਰੂ ਵਿਚ ਵਸਦਾ ਹੈ।ਗੁਰੂ ਜੀ ਫੁਰਮਾਉਂਦੇ ਹਨ ਜਿਸ ਦੇ ਵੱਡੇ ਭਾਗ ਹਨ ਉਨ੍ਹਾਂ ਦਾ ਮਨ ਗੁਰਚਰਨੀ ਲਗਦਾ ਹੈ:

ਗੁਰੁ ਪਰਮੇਸਰੁ ਏਕੋ ਜਾਣੁ ॥ ਜੋ ਤਿਸੁ ਭਾਵੈ ਸੋ ਪਰਵਾਣੁ ॥ ੧ ॥ ਰਹਾਉ ॥ ਗੁਰ ਚਰਣੀ ਜਾ ਕਾ ਮਨੁ ਲਾਗੈ ॥ ਦੂਖੁ ਦਰਦੁ ਭ੍ਰਮੁ ਤਾ ਕਾ ਭਾਗੈ ॥ ਗੁਰ ਕੀ ਸੇਵਾ ਪਾਏ ਮਾਨੁ ॥ ਗੁਰ ਊਪਰਿ ਸਦਾ ਕੁਰਬਾਨੁ ॥ ੨ ॥ ਗੁਰ ਕਾ ਦਰਸਨੁ ਦੇਖਿ ਨਿਹਾਲ ॥ ਗੁਰ ਕੇ ਸੇਵਕ ਕੀ ਪੂਰਨ ਘਾਲ ॥ ਗੁਰ ਕੇ ਸੇਵਕ ਕਉ ਦੁਖੁ ਨ ਬਿਆਪੈ ॥ ਗੁਰ ਕਾ ਸੇਵਕੁ ਦਹ ਦਿਸਿ ਜਾਪੈ ॥ ੩ ॥ ਗੁਰ ਕੀ ਮਹਿਮਾ ਕਥਨੁ ਨ ਜਾਇ ॥ ਪਾਰਬ੍ਰਹਮੁ ਗੁਰੁ ਰਹਿਆ ਸਮਾਇ ॥ ਕਹੁ ਨਾਨਕ ਜਾ ਕੇ ਪੂਰੇ ਭਾਗ ॥ ਗੁਰ ਚਰਣੀ ਤਾ ਕਾ ਮਨੁ ਲਾਗ ॥ ੪ ॥ ੬ ॥ ੮ ॥(ਪੰਨਾ ੮੬੪)

ਗੁਰੂ ਦੀ ਮੂਰਤ (ਬ੍ਰਹਿਮੰਡੀ ਰਚਨਾ) ਨੂੰ ਹਮੇਸ਼ਾਂ ਮਨ ਵਿਚ ਧਿਆਨ ਵਿਚ ਰਖਣਾ ਚਾਹੀਦਾ ਹੈ। (ਏਥੇ ‘ਸਭਨਾਂ ਜੀਆ ਕਾ ਏਕੋ ਦਾਤਾ’ ਵਲ ਇਸ਼ਾਰਾ ਹੇ)। ਗੁਰੂ ਦੇ ਸ਼ਬਦਾਂ (ਗੁਰਬਾਣੀ) ਨੂੰ ਮਨ ਵਿਚ ਮੰਤਰ ਸਮਝਣਾ ਚਾਹੀਦਾ ਹੈ।ਉਸ ਦੇ ਚਰਨਾਂ ਨੂੰ ਹਿਰਦੇ ਵਿਚ ਧਾਰਨਾ ਚਾਹੀਦਾ ਹੈ।ਗੁਰੂ ਨੂੰ ਪਾਰਬ੍ਰਹਮ ਕਰਕੇ ਨਮਸਕਾਰ ਕਰਨੀ ਚਾਹੀਦੀ ਹੈ।ਕਿਸੇ ਸੰਸਾਰੀ ਨੂੰ ਇਸ ਭਰਮ ਭੁਲੇਖੇ ਵਿਚ ਨਹੀਂ ਹੋਣਾ ਚਾਹੀਦਾ ਕਿ ਗੁਰੂ ਬਿਨਾ ਕਿਸੇ ਦਾ ਪਾਰ ਉਤਾਰਾ ਹੋ ਸਕਦਾ ਹੈ।ਗੁਰੂ ਤਾਂ ਭੁੱਲੇ ਨੁੰ ਰਸਤੇ ਪਾਉਂਦਾ ਹੈ। ਹੋਰ ਸਭ ਕੁਝ ਛੱਡਵਾ ਕੇ ਭਗਤੀ ਵਲ ਲਾਉਂਦਾ ਹੈ। ਜਨਮ ਮਰਨ ਦੀ ਫਿਕਰ ਮਿਟਾ ਦਿੰਦਾ ਹੈ। ਪੂਰੇ ਗੁਰੂ ਦੀ ਵਡਿਆਈ ਬਹੁਤ ਵੱਡੀ ਹੈ।ਗੁਰੂ ਦੀ ਕਿਰਪਾ ਦੁਆਰਾ ਨਾਮ ਦਾ ਕਮਲ ਦਿਲ ਵਿਚ ਖਿੜ ਉਠਦਾ ਹੈ ਤੇ ਅੰਦਰ ਦੇ ਹਨੇਰੇ ਵਿਚ ਚਾਨਣ ਫੈਲ ਜਾਂਦਾ ਹੈ। ਜਿਸ ਨੂੰ ਵੀ ਅਪਣੇ ਅੰਦਰ ਗਿਆਨ ਰੂਪੀ ਪ੍ਰਕਾਸ਼ ਹੋਇਆ ਉਹ ਸਭ ਗੁਰੂ ਤੋਂ ਹੀ ਪ੍ਰਾਪਤ ਕੀਤਾ।ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਦੀ ਹੋਂਦ ਸਵੀਕਾਰ ਕੀਤੀ ਤੇ ਮਨ ਨਾਮ ਵਿਚ ਮੁਗਧ ਹੋ ਗਿਆ। ਗੁਰੂ ਤਾਂ ਆਪ ਸ਼੍ਰਿਸ਼ਟੀ ਕਰਤਾ ਹੈ ਉਹ ਸਭ ਕੁਝ ਕਰਨ ਯੋਗ ਹੈ। ਗੁਰੂ ਪਰਮਾਤਮਾ ਹੈ ਭੀ ਤੇ ਅੱਗੇ ਨੂੰ ਹੋਵੇਗਾ ਭੀ।ਗੁਰੂ ਜੀ ਫੁਰਮਾਉਂਦੇ ਹਨ ਕਿ ਪ੍ਰਭੂ ਨੇ ਇਹੋ ਜਣਾਇਆ ਹੈ ਕਿ ਗੁਰੂ ਬਿਨਾ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ।

ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥ ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ ॥ ਗੁਰ ਕੇ ਚਰਨ ਰਿਦੈ ਲੈ ਧਾਰਉ ॥ ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ ॥ ੧ ॥ ਮਤ ਕੋ ਭਰਮਿ ਭੁਲੈ ਸੰਸਾਰਿ ॥ ਗੁਰ ਬਿਨੁ ਕੋਇ ਨ ਉਤਰਸਿ ਪਾਰਿ ॥ ੧ ॥ ਰਹਾਉ ॥ ਭੂਲੇ ਕਉ ਗੁਰਿ ਮਾਰਗਿ ਪਾਇਆ ॥ ਅਵਰ ਤਿਆਗਿ ਹਰਿ ਭਗਤੀ ਲਾਇਆ ॥ ਜਨਮ ਮਰਨ ਕੀ ਤ੍ਰਾਸ ਮਿਟਾਈ ॥ ਗੁਰ ਪੂਰੇ ਕੀ ਬੇਅੰਤ ਵਡਾਈ ॥ ੨ ॥ ਗੁਰ ਪ੍ਰਸਾਦਿ ਊਰਧ ਕਮਲ ਬਿਗਾਸ ॥ ਅੰਧਕਾਰ ਮਹਿ ਭਇਆ ਪ੍ਰਗਾਸ ॥ ਜਿਨਿ ਕੀਆ ਸੋ ਗੁਰ ਤੇ ਜਾਨਿਆ ॥ ਗੁਰ ਕਿਰਪਾ ਤੇ ਮੁਗਧ ਮਨੁ ਮਾਨਿਆ ॥ ੩ ॥ ਗੁਰੁ ਕਰਤਾ ਗੁਰੁ ਕਰਣੈ ਜੋਗੁ ॥ ਗੁਰੁ ਪਰਮੇਸਰੁ ਹੈ ਭੀ ਹੋਗੁ ॥ ਕਹੁ ਨਾਨਕ ਪ੍ਰਭਿ ਇਹੈ ਜਨਾਈ ॥ ਬਿਨੁ ਗੁਰ ਮੁਕਤਿ ਨ ਪਾਈਐ ਭਾਈ ॥ ੪ ॥ ੫ ॥ ੭ ॥ (ਪੰਨਾ ੮੬੪-੮੬੫)

ਇਸੇ ਲਈ ਗੁਰੂ ਮੇਰੀ ਪੂਜਾ ਹੈ, ਮੇਰਾ ਗੋਬਿੰਦ ਹੈ, ਮੇਰਾ ਭਗਵੰਤ ਹੈ, ਮੇਰਾ ਪਾਰਬ੍ਰਹਮ ਹੈ।ਗੁਰੂ ਮੇਰਾ ਦੇਵਤਾ ਹੈ ਜਿਸ ਬਾਰੇ ਨਾ ਪੂਰਾ ਸਮਝਿਆ ਨਾ ਬਿਆਨਿਆ ਜਾ ਸਕਦਾ ਹੈ।ਸਭ ਗੁਰੂ ਦੇ ਚਰਨ ਪੂਜਦੇ ਹਨ। ਮੇਰਾ ਗੁਰੂ ਬਿਨਾਂ ਹੋਰ ਕੋਈ ਥਾਂ ਨਹੀਂ। ਬਸ ਦਿਨ ਰਾਤ ਗੁਰੂ ਦਾ ਨਾਮ ਜਪੀ ਜਾਵਾਂ।ਮੇਰਾ ਸਾਰਾ ਗਿਆਨ ਗੁਰੂ ਤੋਂ ਹੈ ਤੇ ਮੇਰੇ ਹਿਰਦੇ ਵਿਚ ਉਸ ਦਾ ਹੀ ਧਿਆਨ ਹੈ।ਗੁਰੂ ਗੋਪਾਲ ਪੁਰਖ ਭਗਵਾਨ ਹੈ।ਸ਼ਰਧਾ ਨਾਲ ਹੱਥ ਜੋੜ ਕੇ ਗੁਰੂ ਦੀ ਸ਼ਰਨੀ ਰਹਿ ਰਿਹਾ ਹਾਂ। ਗੁਰੂ ਬਿਨਾ ਮੈਂ ਕੁਝ ਵੀ ਨਹੀਂ।ਗੁਰੂ ਜੱਗ ਸਮੁੰਦਰ ਪਾਰ ਕਰਵਾਉਣ ਵਾਲਾ ਜਹਾਜ਼ ਹੈ।ਗੁਰੂ ਦੀ ਸੇਵਾ ਰਾਹੀਂ ਯਮ ਤੋਂ ਛੁਟਕਾਰਾ ਹੋਣਾ ਹੈ। ਗੁਰੂ ਦੇ ਦਿਤੇ ਮੰਤਰ ਰਾਹੀਂ ਅਗਿਆਨ ਹਨੇਰੇ ਵਿਚ ਚਾਨਣ ਹੁੰਦਾ ਹੈ। ਗੁਰੂ ਸਦਕਾ ਸਾਰਿਆਂ ਦਾ ਪਾਰ ਉਤਾਰਾ ਹੁੰਦਾ ਹੈ।ਜਦ ਵਡਭਾਗਾਂ ਨਾਲ ਪੂਰਾ ਗੁਰੂ ਮਿਲਦਾ ਹੈ ਤਾਂ ਉਸ ਦੀ ਸੇਵਾ ਕਰਕੇ ਕੋਈ ਦੁੱਖ ਨਹੀਂ ਲੱਗਦਾ। ਗੁਰੂ ਦਾ ਸ਼ਬਦ ਕੋਈ ਮੇਟ ਨਹੀਂ ਸਕਦਾ। ਮੇਰਾ ਗੁਰੂ ਨਾਨਕ ਹੈ ਜੋ ਖੁਦ ਪ੍ਰਮਾਤਮਾ ਹੈ।

ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥ ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ ॥ ਗੁਰੁ ਮੇਰਾ ਦੇਉ ਅਲਖ ਅਭੇਉ ॥ ਸਰਬ ਪੂਜ ਚਰਨ ਗੁਰ ਸੇਉ ॥ ੧ ॥ ਗੁਰ ਬਿਨੁ ਅਵਰੁ ਨਾਹੀ ਮੈ ਥਾਉ ॥ ਅਨਦਿਨੁ ਜਪਉ ਗੁਰੂ ਗੁਰ ਨਾਉ॥੧॥ ਰਹਾਉ ॥ ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ ॥ ਗੁਰੁ ਗੋਪਾਲੁ ਪੁਰਖੁ ਭਗਵਾਨੁ ॥ ਗੁਰ ਕੀ ਸਰਣਿ ਰਹਉ ਕਰ ਜੋਰਿ ॥ ਗੁਰੂ ਬਿਨਾ ਮੈ ਨਾਹੀ ਹੋਰੁ ॥ ੨ ॥ ਗੁਰੁ ਬੋਹਿਥੁ ਤਾਰੇ ਭਵ ਪਾਰਿ ॥ ਗੁਰ ਸੇਵਾ ਜਮ ਤੇ ਛੁਟਕਾਰਿ ॥ ਅੰਧਕਾਰ ਮਹਿ ਗੁਰ ਮੰਤ੍ਰੁ ਉਜਾਰਾ ॥ ਗੁਰ ਕੈ ਸੰਗਿ ਸਗਲ ਨਿਸਤਾਰਾ ॥ ੩ ॥ ਗੁਰੁ ਪੂਰਾ ਪਾਈਐ ਵਡਭਾਗੀ ॥ ਗੁਰ ਕੀ ਸੇਵਾ ਦੂਖੁ ਨ ਲਾਗੀ ॥ ਗੁਰ ਕਾ ਸਬਦੁ ਨ ਮੇਟੈ ਕੋਇ ॥ ਗੁਰੁ ਨਾਨਕੁ ਨਾਨਕੁ ਹਰਿ ਸੋਇ ॥ ੪ ॥ ੭ ॥ ੯ ॥(ਪੰਨਾ ੮੬੪-੮੬੫)

ਗੁਰੂ ਦੇ ਸ਼ਬਦ ਰਾਹੀਂ ਪ੍ਰਭ-ਸਿਮਰਨ-ਰੂਪ ਜੀਵਨ ਆਦਰਸ਼ ਮਿਲਦਾ ਹੈ, ਸੋ ਗੁਰੂ ਦੀ ਕਿਰਪਾ ਪ੍ਰਾਪਤ ਕਰ ਕੇ ਸਿਮਰਨ ਕਰੀਏ: ਪ੍ਰਭੂ ਨੇ ਸਿਮਰਨ ਦੀ ਅਜਿਹੀ ਬਣਤ ਬਣਾਈ ਹੈ ਜੋ ਮੁਕੰਮਲ ਹੈ ਬਿਨਾਂ ਕਿਸੇ ਊਣਤਾ ਦੇ ਹੈ। ਜੀਵ ਨੂੰ ਗੁਰੂ ਦੀ ਸਿਖਿਆ ਤੇ ਚੱਲ ਕੇ ਸਿਮਰਨ ਦਾ ਰੰਗ ਮਾਨਣਾ ਚਾਹੀਦਾ ਹੈ। ਪ੍ਰਭੂ ਹੈ ਤਾਂ ਅਪਹੁੰਚ ਭਾਵ ਇੰਦਰੀਆਂ ਦੀ ਪਹੁੰਚ ਤੋਂ ਦ੍ਰਿਸ਼ਟ ਹੈ, ਪਰ ਗੁਰੂ ਦੇ ਸਨਮੁੱਖ ਹੋਇਆਂ ਉਸ ਦੀ ਸੂਝ ਪੈਂਦੀ ਹੈ:

ਗੁਰ ਪਰਸਾਦੀ ਸੇਵੀਐ ਸਚੁ ਸਬਦਿ ਨੀਸਾਣੁ ॥ ਪੂਰਾ ਥਾਟੁ ਬਣਾਇਆ ਰੰਗੁ ਗੁਰਮਤਿ ਮਾਣੁ ॥ ਅਗਮ ਅਗੋਚਰੁ ਅਲਖੁ ਹੈ ਗੁਰਮੁਖਿ ਹਰਿ ਜਾਣੁ ॥ ੧੧ ॥ (ਪੰਨਾ ੭੮੯)

ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ॥ ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ ॥ ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ॥ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ॥ ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ ॥ ੧੨ ॥ (ਪੰਨਾ ੭੮੯)

ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਜਦ ਤੋਂ ਅਪਰੰਪਰ ਪਾਰਬ੍ਰਹਮ ਪਰਮੇਸ਼ਵਰ ਮੈਨੂੰ ਗੁਰੂ ਸਰੂਪ ਹੋ ਕੇ ਮਿਲਿਆ ਹੈ, ਭਾਵ ਮੈਨੂੰ ਅੰਤਰ-ਆਤਮੇ ਵਿਚ ਉਸ ਨੇ ਸੋਝੀ ਬਖਸ਼ੀ ਹੈ ਤਦ ਤੋਂ ਮੈਨੂੰ ਪ੍ਰਤੀਤ ਹੋ ਰਿਹਾ ਹੈ ਕਿ ਉਹ ਹਰੀ ਪਰਮਾਤਮਾ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਸਾਰੀ ਰਚਨਾ ਦਾ ਮੂਲ ਤੱਤ ਉਹ ਆਪ ਹੀ ਹੈ ਜਿਸ ਦੀ ਜੋਤ ਹਰ ਥਾਂ ਹੈ ਤੇ ਕਰਤਾ ਤੇ ਮੇਰੇ ਵਿਚ ਕੋਈ ਕੋਈ ਫਰਕ ਨਹੀਂ । ਇਸ ਤੋਂ ਸਾਫ ਜ਼ਾਹਿਰ ਹੈ ਕਿ ਗੁਰੂ ਨਾਨਕ ਦਾ ਗੁਰੂ ਆਪ ਵਾਹਿਗੁਰੂ ਸੀ ਤੇ ਵਾਹਿਗੁਰੂ ਤੇ ਗੁਰੂ ਨਾਨਕ ਵਿਚ ਕੋਈ ਭੇਦ ਨਹੀਂ ਸੀ ਰਹਿ ਗਿਆ:

ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ ॥ ੫ ॥ ੧੧ ॥ (ਪੰਨਾ ੫੯੯)

ਸੁਖਮਨੀ ਬਾਣੀ ਵਿਚ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ ਕਿ ‘ਜਿਸ ਤੇ ਪ੍ਰਭੂ ਅਪਣੀ ਕਿਰਪਾ ਕਰਦਾ ਹੈ ਗੁਰੂ ਦਾ ਉਹ ਸੇਵਕ ਕਿਸੇ ਤੋਂ ਨਹੀਂ ਡਰਦਾ । ਵਾਹਿਗੁਰੂ ਜਿਹੋ ਜਿਹਾ ਹੈ ਉਸ ਨੇ ਊਹੋ ਜਿਹਾ ਵਿਖਾ ਦਿਤਾ ਹੈ ਭਾਵ ਪ੍ਰਮਾਤਮਾ ਨੇ ਦਰਸ਼ਨ ਦੇ ਹੋ ਗਏ ਹਨ ਤੇ ਸੋਝੀ ਪ੍ਰਾਪਤ ਹੋ ਗਈ ਹੈ ਕਿ ਦਿਸਦਾ ਸੰਸਾਰ ਵੀ ਉਹ ਆਪ ਹੈ ਤੇ ਸਭ ਵਿਚ ਜੋਤ ਵੀ ਉਹ ਆਪ ਹੀ ਹੈ। ਇਸੇ ਕਰਕੇ ਜੋ ਮਨੁਖ ਪ੍ਰਭੂ ਕਿਰਪਾ ਦਾ ਪਾਤਰ ਬਣਦਾ ਹੈ, ਉਸ ਨੂੰ ਫਿਰ ਕਿਸੇ ਤੋਂ ਕੋਈ ਡਰ ਨਹੀਂ ਰਹਿ ਜਾਂਦਾ ਤੇ ਉਹ ਨਿਰਭਉ ਹੋ ਕੇ ਵਿਚਰਦਾ ਹੈ ਕਿਉਂਕਿ ਉਸ ਨੂੰ ਪ੍ਰਭੂ ਉਹੋ ਜਿਹਾ ਹੀ ਦਿਸ ਪੈਂਦਾ ਹੈ ਜਿਹੋ ਜਿਹਾ ਉਹ ਅਸਲ ਵਿਚ ਹੈ, ਭਾਵ ਇਹ ਗਿਆਨ ਹੋ ਜਾਂਦਾ ਹੈ ਕਿ ਪ੍ਰਭੂ ਅਪਣੇ ਰਚੇ ਹੋਏ ਜਗਤ ਵਿਚ ਆਪ ਵਿਆਪਕ ਹਨ।ਨਿਤ ਅਜਿਹਾ ਵਿਚਾਰ ਕਰਦਿਆਂ ਉਸ ਸੇਵਕ ਨੂੰ ਵਿਚਾਰ ਵਿਚ ਸਫਲਤਾ ਮਿਲ ਜਾਂਦੀ ਹੈ ਭਾਵ ਗੁਰੂ ਦੀ ਕਿਰਪਾ ਦੁਆਰਾ ਉਸ ਨੂੰ ਸਾਰੀ ਅਸਲੀਅਤ ਦੀ ਸਮਝ ਆ ਜਾਂਦੀ ਹੈ ਕਿ ਵਾਹਿਗੁਰੂ ਹਰ ਸਰੀਰ ਵਿਚ ਸੂਖਮ ਰੂਪ ਵਿਚ ਹੈ ਅਤੇ ਉਸ ਦੇ ਸਾਰੇ ਰਚੇ ਸਰੀਰ ਅਸਥੂਲ ਹਨ ਭਾਵ ਸੂਖਮ ਅਸਥੂਲ ਉਹ ਹੀ ਹੈ ਹੋਰ ਕੋਈ ਨਹੀਂ:

ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ॥ਸੋ ਸੇਵਕੁ ਕਹੁ ਕਿਸ ਤੇ ਡਰੈ ॥ ਜੈਸਾ ਸਾ ਤੈਸਾ ਦ੍ਰਿਸਟਾਇਆ॥ਅਪੁਨੇ ਕਾਰਜ ਮਹਿ ਆਪਿ ਸਮਾਇਆ ॥ ਸੋਧਤ ਸੋਧਤ ਸੋਧਤ ਸੀਝਿਆ ॥ ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥ ਜਬ ਦੇਖਉ ਤਬ ਸਭੁ ਕਿਛੁ ਮੂਲੁ ॥ ਨਾਨਕ ਸੋ ਸੂਖਮੁ ਸੋਈ ਅਸਥੂਲੁ ॥ ੫ ॥ (ਪੰਨਾ ੨੮੧)

ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ ਕਿਉਂਕਿ ਗੁਰੂ ਦੇ ਸੱਚੇ ਸ਼ਬਦ ਰਾਹੀਂ ਉਸਦੇ ਜਨਮਾ-ਜਨਮਾਂਤਰਾ ਦੇ ਕੀਤੇ ਕਰਮਾਂ ਦਾ ਲੇਖਾ ਨਿਬੜ ਜਾਂਦਾ ਹੈ:

ਨਦਰਿ ਕਰੇ ਤਾ ਮੇਲਿ ਮਿਲਾਏ ॥ ਗੁਣ ਸੰਗ੍ਰਹਿ ਅਉਗਣ ਸਬਦਿ ਜਲਾਏ॥ਗੁਰਮੁਖਿ ਨਾਮੁ ਪਦਾਰਥੁ ਪਾਏ ॥ ੬ ॥ (ਪੰਨਾ ੨੨੨)

ਇਸੇ ਲਈ ਏਥੇ ਤਾਰਨਹਾਰੇ ਗੁਰੂ ਅੱਗੇ ਤਾਰਨ ਲਈ ਅਤੇ ਭਗਤੀ ਲਈ ਬੇਨਤੀ ਕੀਤੀ ਗਈ ਹੈ ।ਜਪ ਤਪ ਸੰਜਮ ਕਰਮ ਨਾ ਜਾਨਣ ਬਾਰੇ ਅਤੇ ਪ੍ਰਭੂ ਦਾ ਨਾਮ ਜਪਣ ਦੀ ਬਿਨੈ ਕਰਦਿਆਂ ਭਗਤ ਜਨ ਗੁਰ ਪਰਮੇਸ਼ਵਰ ਨੂੰ ਮਿਲਣ ਤੇ ਸੱਚੇ ਸ਼ਬਦ ਰਾਹੀਂ ਪ੍ਰਾਪਤੀ ਨਾਲ ਗੱਲ ਨਿਬੜਣ ਦੀ ਗੱਲ ਕਰਦਾ ਹੈ:

ਗੁਰ ਤਾਰਿ ਤਾਰਣਹਾਰਿਆ॥ ਦੇਹਿ ਭਗਤਿ ਪੂਰਨ ਅਵਿਨਾਸੀ ਹਉ ਤੁਝ ਕਉ ਬਲਿਹਾਰਿਆ॥੧॥ (ਪੰਨਾ ੯੭੯)
ਜਪ ਤਪ ਸੰਜਮ ਕਰਮ ਨ ਜਾਨਾ ਨਾਮੁ ਜਪੀ ਪ੍ਰਭ ਤੇਰਾ॥ਗੁਰੁ ਪਰਮੇਸਰੁ ਨਾਨਕ ਭੇਟਿਓ ਸਾਚੈ ਸਬਦਿ ਨਿਬੇਰਾ॥੩॥੬॥ (ਪੰਨਾ ੮੭੮)

ਜਿਨ੍ਹਾਂ ਤੋਂ ਗੁਰੂ ਪ੍ਰਸੰਨ ਹੋਵੇ ਉਨ੍ਹਾਂ ਦੇ ਹਿਰਦੇ ਵਿਚ ਨਾਮ ਵਸਦਾ ਹੈ, ਬੁਰੀ ਮੱਤ ਦੂਰ ਹੋ ਜਾਂਦੀ ਹੈ ਮਾਨ ਅਭਿਮਾਨ ਦਾ ਭਰਮ ਟੁੱਟ ਜਾਂਦਾ ਹੈ ਤੇ ਸਬਦ ਨਾਲ ਜੁੜ ਕੇ ਭਵਜਲ ਪਾਰ ਹੋ ਜਾਂਦਾ ਹੈ। ਜਿਨ੍ਹਾਂ ਦੀ ਪਰਖ ਲਈ ਗੁਰੂ ਪਰਚਾ ਪਾਉਂਦਾ ਹੈ ੳਨ੍ਹਾਂ ਦਾ ਜੱਗ ਤੇ ਜਨਮ ਸਕਾਰਥਾ ਹੈ।ਗੁਰੂ ਦੀ ਸ਼ਰਣ ਵਿਚ ਪਹੁੰਚ ਗੁਰੂ ਨਾਲ ਜੁੜ ਕੇ ਭਗਤੀ ਕੀਤਿਆਂ ਮੁਕਤੀ ਪ੍ਰਾਪਤ ਹੁੰਦੀ ਹੈ:

ਗੁਰੁ ਜਿਨੑ ਕਉ ਸੁਪ੍ਰਸੰਨੁ ਨਾਮੁ ਹਰਿ ਰਿਦੈ ਨਿਵਾਸੈ॥ ਜਿਨੑ ਕਉ ਗੁਰੁ ਸੁਪ੍ਰਸੰਨੁ ਦੁਰਤੁ ਦੂਰੰਤਰਿ ਨਾਸੈ ॥ ਗੁਰੁ ਜਿਨੑ ਕਉ ਸੁਪ੍ਰਸੰਨੁ ਮਾਨੁ ਅਭਿਮਾਨੁ ਨਿਵਾਰੈ ॥ ਜਿਨੑ ਕਉ ਗੁਰੁ ਸੁਪ੍ਰਸੰਨੁ ਸਬਦਿ ਲਗਿ ਭਵਜਲੁ ਤਾਰੈ ॥ ਪਰਚਉ ਪ੍ਰਮਾਣੁ ਗੁਰ ਪਾਇਅਉ ਤਿਨ ਸਕਯਥਉ ਜਨਮੁ ਜਗਿ ॥ ਸ੍ਰੀ ਗੁਰੂ ਸਰਣਿ ਭਜੁ ਕਲੵ ਕਬਿ ਭੁਗਤਿ ਮੁਕਤਿ ਸਭ ਗੁਰੂ ਲਗਿ ॥ ੧੧ ॥ (ਪੰਨਾ ੧੩੯੮)

ਗੁਰੂ, ਸਤਿਗੁਰੂ, ਪਰਮੇਸ਼ਵਰ, ਵਾਹਿਗੁਰੂ ਨੂੰ ਇੱਕ ਹੀ ਹਸਤੀ ਮੰਨਦਿਆਂ ਗੁਰਬਾਣੀ ਕਹਿੰਦੀ ਹੈ ਕਿ ਜਿਸ ਨੇ ਸਦਾ ਥਿਰ ਤੇ ਵਿਆਪਕ ਪ੍ਰਭੂ ਨੂੰ ਜਾਣ ਲਿਆ ਹੈ, ਉਸ ਦਾ ਨਾਮ ਸਤਿਗੁਰੂ ਹੈ ਜਿਸ ਸੰਗਤ ਵਿਚ ਰਹਿ ਕੇ ਸਿੱਖ ਵਿਕਾਰਾਂ ਤੋਂ ਬਚ ਜਾਂਦਾ ਹੈ ਤੇ ਜਿਸਦੇ ਮਿਲਿਆਂ ਮਨ ਵਿਚ ਆਨੰਦ ਪੈਦਾ ਹੋ ਜਾਏ, ਮਨ ਦੀ ਡਾਵਾਂ ਡੋਲ ਹਾਲਤ ਖਤਮ ਹੋ ਜਾਏ, ਪਰਮਾਤਮਾ ਦੇ ਮਿਲਾਪ ਦੀ ਸਭ ਤੋਂ ਉਚੀ ਅਵਸਥਾ ਪੈਦਾ ਹੋ ਜਾਏ, ਉਸ ਨੂੰ ਗੁਰੂ ਕਿਹਾ ਜਾ ਸਕਦਾ ਹੈ:

ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ॥ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ॥ ੧ ॥(ਪੰਨਾ ੨੮੬)
ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ॥ਮਨ ਕੀ ਦੁਬਿਧਾ ਬਿਨਸਿਜਾਇ ਹਰਿ ਪਰਮ ਪਦੁ ਲਹੀਐ॥੧॥ (ਪੰਨਾ ੧੬੮)

ਸਤਿਗੁਰੂ ਸਿੱਖ ਨੂੰ ਪ੍ਰਤਿਪਾਲਦਾ ਹੈ। ਸੇਵਕ ਤੇ ਗੁਰੂ ਸਦਾ ਦਿਆਲੂ ਹੁੰਦਾ ਹੈ ਤੇ ਉਸ ਦੀ ਮੰਦੀ ਮਤ ਲਾਹ ਦਿੰਦਾ ਹੈ। ਗੁਰੂ ਦੇ ਬਚਨ ਪਾਕੇ ਸਿੱਖ ਹਰਿ ਨਾਮ ਉਚਾਰਦਾ ਹੈ ਤੇ ਨਾਮ ਰਾਹੀਂ ਸਤਿਗੁਰ ਸਿੱਖ ਦੇ ਜਗ ਬੰਧਨ ਕੱਟ ਦਿੰਦਾ ਹੈ ਤੇ ਸਿੱਖ ਵਿਕਾਰਾਂ ਤੋਂ ਹਟ ਜਾਦਾ ਹੈ।ਜਦ ਸਤਿਗੁਰੂ ਸਿੱਖ ਨੂੰ ਨਾਮ ਧਨ ਦਿੰਦਾ ਹੈ ਤਾਂ ਸਿੱਖ ਵਡਭਾਗਾ ਹੋ ਜਾਂਦਾ ਹੈ ਤੇ ਸਿੱਖ ਦਾ ਅੱਗਾ ਪਿੱਛਾ ਸੰਵਰ ਜਾਂਦਾ ਹੈ। ਇਸਤਰ੍ਹਾਂ ਸਤਿਗੁਰ ਸਿੱਖ ਦੀ ਦਿਲੋਂ ਸੰਭਾਲ ਕਰਦਾ ਹੈ।

ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ ਸੇਵਕ ਕਉ ਗੁਰੁ ਸਦਾ ਦਇਆਲ ॥ ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥ ਗੁਰ ਬਚਨੀ ਹਰਿ ਨਾਮੁ ਉਚਰੈ ॥ ਸਤਿਗੁਰੁ ਸਿਖ ਕੇ ਬੰਧਨ ਕਾਟੈ ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ॥ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥ ਗੁਰ ਕਾ ਸਿਖੁ ਵਡਭਾਗੀ ਹੇ॥ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ॥ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ॥ ੧ ॥ (ਪੰਨਾ ੨੮੬)

ਜੋ ਸੇਵਕ ਗੁਰੂ ਦੇ ਗ੍ਰਹਿ ਵਿਖੇ ਰਹਿ ਕੇ ਗੁਰੂ ਦੀ ਆਗਿਆ ਮਨ ਵਿਚ ਮੰਨਦਾ ਹੈ, ਅਪਣੇ ਆਪ ਨੂੰ ਕੁਛ ਨਹੀਂ ਜਣਾਉਂਦਾ, ਹਿਰਦੇ ਵਿਚ ਹਮੇਸ਼ਾ ਹਰੀ ਦਾ ਨਾਮ ਧਿਆਉਂਦਾ ਹੈ ਤੇ ਇਸ ਤਰ੍ਹਾਂ ਅਪਣਾ ਮਨ ਸਤਿਗੁਰ ਦੀ ਝੋਲੀ ਪਾ ਦਿੰਦਾ ਹੈ ਉਸ ਸੇਵਕ ਦੇ ਸਾਰੇ ਕਾਰਜ ਰਾਸ ਹੁੰਦੇ ਹਨ। ਜੋ ਗੁਰੂ ਦੀ ਸੇਵਾ ਨਿਸ਼ਕਾਮ ਕਰਦਾ ਹੈ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜਿਸ ਤੇ ਵਾਹਿਗੁਰੂ ਆਪ ਕਿਰਪਾ ਕਰਦਾ ਹੈ ਗੁਰੂ ਜੀ ਫੁਰਮਾਉਂਦੇ ਹਨ ਉਹੀ ਸੇਵਕ ਨੂੰ ਗੁਰੂ ਤੋਂ ਮੱਤ ਲੈਂਦਾ ਹੈ:

ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ॥ ਗੁਰ ਕੀ ਆਗਿਆ ਮਨ ਮਹਿ ਸਹੈ ॥ ਆਪਸ ਕਉ ਕਰਿ ਕਛੁ ਨ ਜਨਾਵੈ ॥ ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥ ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥ ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥ ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ॥ ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ॥ ੨ ॥(ਪੰਨਾ ੨੮੬-੨੮੭)

ਜੋ ਸੇਵਕ ਗੁਰੂ ਦੇ ਮਨ ਦੀ ਸੌ ਫੀ ਸਦੀ ਮੰਨਦਾ ਹੈ ਉਹ ਪਰਮੇਸ਼ਵਰ ਦੀ ਗਤ ਨੂੰ ਜਾਣ ਜਾਂਦਾ ਹੈ। ਸਤਿਗੁਰੂ ਉਹੀ ਹੈ ਜਿਸਦੇ ਹਿਰਦੇ ਵਿਚ ਹਰੀ ਦਾ ਨਾਮ ਹੈ, ਮੈਂ ਉਸ ਗੁਰੂ ਦੇ ਵਾਰ ਵਾਰ ਵਾਰੇ ਜਾਵਾਂ।

ਬੀਸ ਬਿਸਵੇ ਗੁਰ ਕਾ ਮਨੁ ਮਾਨੈ॥ ਸੋ ਸੇਵਕੁ ਪਰਮੇਸਰੁ ਕੀ ਗਤਿ ਜਾਨੈ ॥ ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ ॥ ਅਨਿਕ ਬਾਰ ਗੁਰ ਕਉ ਬਲਿ ਜਾਉ ॥ (ਪੰਨਾ ੨੮੭)

ਅਜਿਹਾ ਗੁਣੀਨਿਧਾਨ ਪਿਆਰਾ ਸਤਿਗੁਰ ਮਿਲੇ ਕਿਵੇਂ ਜਿਸ ਨੂੰ ਮਿਲ ਕੇ ਮੈਂ ਪਲ ਪਲ ਨਮਸਕਾਰ ਕਰਦਾ ਜਾਵਾਂ? ੲਸ ਦਾ ਜਵਾਬ ਦਿੰਦਿਆਂ ਗੁਰੂ ਜੀ ਕਹਿੰਦੇ ਹਨ ਉਹ ਸਤਿਗੁਰ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਹੀ ਮਿਲ ਸਕਦਾ ਹੈ ਜਿਸ ਦੀ ਚਰਨ ਧੂੜ ਮਸਤਕ ਨੂੰ ਲਾ ਕੇ ਮੇਰੀ ਇਛਾ ਪੂਰੀ ਹੋ ਜਾਵੇਗੀ।

ਮੇਰਾ ਸਤਿਗੁਰੁ ਪਿਆਰਾ ਕਿਤੁ ਬਿਧਿ ਮਿਲੈ॥ ਹਉ ਖਿਨੁ ਖਿਨੁ ਕਰੀ ਨਮਸਕਾਰੁ ਮੇਰਾ ਗੁਰੁ ਪੂਰਾ ਕਿਉ ਮਿਲੈ ॥ ੧ ॥ ਰਹਾਉ ॥ ਕਰਿ ਕਿਰਪਾ ਹਰਿ ਮੇਲਿਆ ਮੇਰਾ ਸਤਿਗੁਰੁ ਪੂਰਾ ॥ ਇਛ ਪੁੰਨੀ ਜਨ ਕੇਰੀਆ ਲੇ ਸਤਿਗੁਰ ਧੂਰਾ ॥ ੨ ॥ (ਪੰਨਾ ੧੬੮)
ਸ਼ਬਦ ਗੁਰੂ
ਸਾਰਾ ਸੰਸਾਰ ਸਤਿਗੁਰ ਨੂੰ ਸ਼੍ਰਿਸ਼ਟੀ ਵਿਚ ਰੋਜ਼ ਹੀ ਵੇਖਦਾ ਹੈ (ਸਰਗੁਣ ਸਰੂਪ)। ਪੰਰਤੂ ਉਸ ਨੂੰ ਵੇਖਣ ਨਾਲ ਹੀ ਮੁਕਤੀ ਨਹੀਂ ਹੋਣੀ ਜਦ ਤਕ ਉਸ ਦੇ ਸ਼ਬਦ ਦੀ ਵੀਚਾਰ ਨਾ ਕੀਤਾ ਜਾਵੇ।ਸ਼ਬਦ ਗਿਆਨ ਨਾਮ ਨਾਲ ਪਿਆਰ ਨਹੀਂ ਜੁੜਦਾ ਜਿਸ ਬਿਨਾ ਹਉਮੈਂ ਨਹੀਂ ਜਾਂਦੀ। ਉਹ ਜਿਸ ਤੇ ਬਖਸ਼ਿਸ਼ ਕਰਦਾ ਹੈ ਸਾਰੀ ਦੁਚਿਤੀ ਤੇ ਵਿਕਾਰ ਦੂਰ ਕਰਕੇ ਅਪਣੇ ਨਾਲ ਮਿਲਾ ਲੈਂਦਾ ਹੈ।

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥
ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥ ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ ॥ (ਪੰਨਾ ੫੯੪)

ਗੁਰਬਾਣੀ ਨੂੰ ਗੁਰੂ ਅਰਜਨ ਦੇਵ ਜੀ ਗੁਰ ਵਚਨ ਫੁਰਮਾਉਂਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਨੂੰ ਗੁਰੂ ਦੇ ਵਚਨ ਤੋਂ ਹੀ ਪਰਮਗੱਤ ਪਰਾਪਤ ਹੋਈ ਹੈ ਤੇ ਇਸ ਤਰ੍ਹਾਂ ਪੂਰੇ ਗੁਰੂ ਨੇ ਮੇਰੀ ਪੂਜ ਰੱਖੀ ਹੈ।ਗੁਰੂ ਦੇ ਵਚਨਾਂ ਸਦਕਾ ਹੀ ਮੈਂ ਨਾਮ ਧਿਆਇਆ ਹੈ ਤੇ ਗੁਰੂ ਦੀ ਕਿਰਪਾ ਸਦਕਾ ਹੀ ਵਾਹਿਗੁਰੂ ਦੇ ਚਰਨi ਨਿਵਾਸ ਮਿਲਿਆ ਹੈ।ਗੁਰ ਵਚਨਾਂ ਨੂੰ ਸੁਣ ਕੇ ਮੈਂ ਰਸਨਾ ਰਾਹੀਂ ਉਸ ਦਾ ਬਖਾਣ ਕੀਤਾ ਹੈ ਤੇ ਗੁਰੂ ਕਿਰਪਾ ਸਦਕਾ ਹੀ ਮੇਰੀ ਬਾਣੀ ਅੰਮ੍ਰਿਤ ਮਈ ਹੋ ਗਈ ਹੈ।ਗੁਰ ਵਚਨਾਂ ਸਦਕਾ ਮੇਰੀ ਮੈਂ ਮੁਕ ਗਈ ਹੈ ਤੇ ਮੇਰਾ ਪਰਤਾਪ ਏਨਾ ਵੱਡਾ ਹੋ ਗਿਆ ਹੈ। ਗੁਰੂ ਦੇ ਵਚਨਾਂ ਸਦਕਾ ਮੇਰਾ ਭਰਮ ਮਿਟ ਗਿਆ ਹੈ ਤੇ ਹਰ ਇਕ ਵਿਚ ਬ੍ਰਹਮ ਵੇਖਿਆ ਹੈ ਤੇ ਰਾਜ ਯੋਗ ਮਾਣਿਆ ਹੈ।ਗੁਰੂ ਦੇ ਵਚਨਾਂ ਸਦਕਾ ਇਹ ਸਾਰੀ ਸੰਗਤ ਵੀ ਤਰ ਗਈ ਹੈ ਤੇ ਮੇਰੇ ਸਾਰੇ ਕਾਰਜ ਸਿੱਧ ਹੋ ਗਏ ਹਨ ਤੇ ਨੌ ਨਿਧਾਂ ਪ੍ਰਾਪਤ ਕੀਤੀਆ ਹਨ।ਜਿਸ ਜਿਸ ਨੇ ਵੀ ਗੁਰੂ ਦੀ ਆਸ਼ਾ ਕੀਤੀ ਉਸਦੇ ਗਲੋਂ ਯਮ ਦੀ ਫਾਂਸੀ ਕੱਟੀ ਗਈ ਭਾਵ ਮੇਰਾ ਆਉਣ ਜਾਣ ਖਤਮ ਹੋ ਗਿਆ।ਗੁਰੂ ਦੇ ਵਚਨਾਂ ਸਦਕਾ ਮੇਰੇ ਕਰਮ ਭਾਵ ਨਸੀਬ ਜਾਗ ਪਏ ਹਨ ਤੇ ਪਾਰਬ੍ਰਹਮ ਰੂਪ ਗੁਰੂ ਮਿਲ ਗਿਆ।

ਗੁਰ ਕੈ ਬਚਨਿ ਮੋਹਿ ਪਰਮ ਗਤਿ ਪਾਈ ॥ ਗੁਰਿ ਪੂਰੈ ਮੇਰੀ ਪੈਜ ਰਖਾਈ ॥ ੧ ॥ ਗੁਰ ਕੈ ਬਚਨਿ ਧਿਆਇਓ ਮੋਹਿ ਨਾਉ ॥ ਗੁਰ ਪਰ ਸਾਦਿ ਮੋਹਿ ਮਿਲਿਆ ਥਾਉ ॥ ੧ ॥ ਰਹਾਉ ॥ ਗੁਰ ਕੈ ਬਚਨਿ ਸੁਣਿ ਰਸਨ ਵਖਾਣੀ ॥ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ॥ ੨ ॥ ਗੁਰ ਕੈ ਬਚਨਿ ਮਿਟਿਆ ਮੇਰਾ ਆਪੁ ॥ ਗੁਰ ਕੀ ਦਇਆ ਤੇ ਮੇਰਾ ਵਡ ਪਰਤਾਪੁ ॥ ੩ ॥ ਗੁਰ ਕੈ ਬਚਨਿ ਮਿਟਿਆ ਮੇਰਾ ਭਰਮੁ ॥ ਗੁਰ ਕੈ ਬਚਨਿ ਪੇਖਿਓ ਸਭੁ ਬ੍ਰਹਮੁ॥ ੪ ॥ਗੁਰ ਕੈ ਬਚਨਿ ਕੀਨੋ ਰਾਜੁ ਜੋਗੁ ॥ ਗੁਰ ਕੈ ਸੰਗਿ ਤਰਿਆ ਸਭੁ ਲੋਗੁ ॥ ੫ ॥ ਗੁਰ ਕੈ ਬਚਨਿ ਮੇਰੇ ਕਾਰਜ ਸਿਧਿ ॥ ਗੁਰ ਕੈ ਬਚਨਿ ਪਾਇਆ ਨਾਉ ਨਿਧਿ ॥ ੬ ॥ ਜਿਨਿ ਜਿਨਿ ਕੀਨੀ ਮੇਰੇ ਗੁਰ ਕੀ ਆਸਾ ॥ ਤਿਸ ਕੀ ਕਟੀਐ ਜਮ ਕੀ ਫਾਸਾ ॥ ੭ ॥ ਗੁਰ ਕੈ ਬਚਨਿ ਜਾਗਿਆ ਮੇਰਾ ਕਰਮੁ ॥ ਨਾਨਕ ਗੁਰੁ ਭੇਟਿਆ ਪਾਰਬ੍ਰਹਮੁ ॥ ੮ ॥ ੮ ॥ (ਪੰਨਾ ੨੩੯)

ਅਸਲ ਵਿਚ ਇਹੀ ਮੁੱਖ ਕਾਰਣ ਹੈ ਕਿ ਗੁਰੂ ਨਾਨਕ ਵਿਚਾਰ ਧਾਰਾ ਵਿਚ ਵਿਅਕਤੀ ਗਤ ਗੁਰੂ ਦੀ ਥਾਂ, ਗੁਰੂ ਦੀ ਬਾਣੀ ਭਾਵ ਗੁਰੂ ਗਿਆਨ ਨੂੰ ਹੀ ਗੁਰੁ ਰੂਪ ਵਿਚ ਪ੍ਰਵਾਨ ਕੀਤਾ ਗਿਆ ਹੈ। ਸਤਿਗੁਰਾਂ ਦਾ ਆਤਮਕ ਰੂਪ ਦੇਣ ਵਾਲਾ ਨਾਮ-ਜਲ ਹੈ ਜਿਸ ਨੂੰ ਸਿੱਖ ਹਰ ਵੇਲੇ ਅਪਣੇ ਹਿਰਦੇ ਵਿਚ ਸਾਂਭ ਰੱਖਦਾ ਹੈ। ਗੁਰੂ ਬਾਣੀ ਉਚਾਰਦਾ ਹੈ ਅਤੇ ਗੁਰੂ ਦਾ ਜਿਹੜਾ ਸਿੱਖ ਸੇਵਕ ਉਸ ਬਾਣੀ
ਉਤੇ ਸ਼ਰਧਾ ਰੱਖਦਾ ਹੈ ਗੁਰੂ ਉਸਨੂੰ ਸੰਸਾਰ ਭਵਸਾਗਰ ਤੋਂ ਪਾਰ ਲੰਘਾਉਂਦਾ ਹੈ।

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥ ੫ ॥ (ਪੰਨਾ ੯੮੨)

ਗੁਰ+ਪ੍ਰਸਾਦਿ ਭਾਵ ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਮਿਹਰ ਦੁਆਰਾ (ਨਾਮ ਜਪਣ, ਪਾਉਣ ਤੇ ਸਮਾਉਣ ਦੀ ਲੋਚਾ) ਗੁਰਬਾਣੀ ਵਿਚ ਅਜਿਹੀ ਪਰਉਪਕਾਰੀ ਸ਼ਖਸ਼ੀਅਤ ਜਿਸ ਵਿਚ ਵਾਹਿਗੁਰੂ ਵਰਗੇ ਲੱਛਣ ਸਮਾ ਗਏ ਹੋਣ ਉਸ ਗੁਣਨਿਧਾਨ, ਕ੍ਰਿਪਾਲੂ ਨੂੰ ‘ਗੁਰ (ਗੁਰੂ), ਗੁਰੁ ਪਰਮੇਸਰ, ਆਦਿ ਪੁਰਖੁ, ਪਾਰਬ੍ਰਹਮ, ਹਰੀ, ਕਰਤਾ, ਦਾਤਾ, ਸਤਿਗੁਰ (ਸਤਿਗੁਰੂ) ਆਦਿ ਕਹਿ ਕੇ ਸਤਿਕਾਰਿਆ ਤੇ ਯਾਦ ਕੀਤਾ ਗਿਆ ਹੈ।ਜਿਸ ਦਾ ਮਨ ਗੁਰਚਰਨੀ ਲਗਦਾ ਹੈ ਉਸਦੇ ਸਾਰੇ ਦੁੱਖ-ਦਰਦ ਤੇ ਭਰਮ ਦੂਰ ਹੋ ਜਾਂਦੇ ਹਨ।ਗੁਰੂ ਦੀ ਸੇਵਾ ਕਰਨ ਨਾਲ ਮਾਣ ਮਿਲਦਾ ਹੈ ਇਸ ਲਈ ਗੁਰੂ ਤੋਂ ਕੁਰਬਾਨ ਜਾਈਦਾ ਹੈ। ਗੁਰੂ ਦਾ ਦਰਸ਼ਨ ਕੀਤੇ ਤੇ ਮਨ ਨਿਹਾਲ ਹੋ ਜਾਂਦਾ ਹੈ। ਗੁਰੂ ਦੇ ਸੇਵਕ ਦੀ ਮਿਹਨਤ ਹਰ ਵਾਰ ਹਰ ਤਰ੍ਹਾਂ ਵਰ ਆਉਂਦੀ ਹੈ।ਗੁਰੂ ਦੇ ਸੇਵਕ ਨੂੰ ਕੋਈ ਦੁਖ ਨਹੀਂ ਸਹਿਣਾ ਪੈਂਦਾ।ਗੁਰੂ ਦੇ ਸੇਵਕ ਦੀ ਹੋਂਦ ਹਰ ਦਿਸ਼ਾ ਵਿਚ ਹੋ ਜਾਂਦੀ ਹੈ।। ਪੂਰੇ ਗੁਰੂ ਦੀ ਵਡਿਆਈ ਬਹੁਤ ਵੱਡੀ ਹੈ।ਗੁਰੂ ਦੀ ਮਹਿਮਾ ਬਿਆਨੀ ਨਹੀਂ ਜਾ ਸਕਦੀ। ਪਰਮਾਤਮਾ ਗੁਰੂ ਵਿਚ ਵਸਦਾ ਹੈ।ਉਸ ਦੇ ਚਰਨਾਂ ਨੂੰ ਹਿਰਦੇ ਵਿਚ ਧਾਰਨਾ ਚਾਹੀਦਾ ਹੈ।ਗੁਰੂ ਜੀ ਫੁਰਮਾਉਂਦੇ ਹਨ ਜਿਸ ਦੇ ਵੱਡੇ ਭਾਗ ਹਨ ਉਨ੍ਹਾਂ ਦਾ ਮਨ ਗੁਰਚਰਨੀ ਲਗਦਾ ਹੈ।ਗੁਰੂ ਦੇ ਸ਼ਬਦਾਂ (ਗੁਰਬਾਣੀ) ਨੂੰ ਮਨ ਵਿਚ ਮੰਤਰ ਸਮਝਣਾ ਚਾਹੀਦਾ ਹੈ।ਗੁਰੂ ਨੂੰ ਪਾਰਬ੍ਰਹਮ ਕਰਕੇ ਨਮਸਕਾਰ ਕਰਨੀ ਚਾਹੀਦੀ ਹੈ।ਕਿਸੇ ਸੰਸਾਰੀ ਨੂੰ ਇਸ ਭਰਮ ਭੁਲੇਖੇ ਵਿਚ ਨਹੀਂ ਹੋਣਾ ਚਾਹੀਦਾ ਕਿ ਗੁਰੂ ਬਿਨਾ ਕਿਸੇ ਦਾ ਪਾਰ ਉਤਾਰਾ ਹੋ ਸਕਦਾ ਹੈ।ਗੁਰੂ ਤਾਂ ਭੁੱਲੇ ਨੁੰ ਰਸਤੇ ਪਾਉਂਦਾ ਹੈ। ਹੋਰ ਸਭ ਕੁਝ ਛੱਡਵਾ ਕੇ ਭਗਤੀ ਵਲ ਲਾਉਂਦਾ ਹੈ। ਜਨਮ ਮਰਨ ਦੀ ਫਿਕਰ ਮਿਟਾ ਦਿੰਦਾ ਹੈ।ਗੁਰੂ ਦੀ ਕਿਰਪਾ ਦੁਆਰਾ ਨਾਮ ਦਾ ਕਮਲ ਦਿਲ ਵਿਚ ਖਿੜ ਉਠਦਾ ਹੈ ਤੇ ਅੰਦਰ ਦੇ ਹਨੇਰੇ ਵਿਚ ਚਾਨਣ ਫੈਲ ਜਾਂਦਾ ਹੈ। ਜਿਸ ਨੂੰ ਵੀ ਅਪਣੇ ਅੰਦਰ ਗਿਆਨ ਰੂਪੀ ਪ੍ਰਕਾਸ਼ ਹੋਇਆ ਉਹ ਸਭ ਗੁਰੂ ਤੋਂ ਹੀ ਪ੍ਰਾਪਤ ਕੀਤਾ।ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਦੀ ਹੋਂਦ ਸਵੀਕਾਰ ਕੀਤੀ ਤੇ ਮਨ ਨਾਮ ਵਿਚ ਮੁਗਧ ਹੋ ਗਿਆ। ਗੁਰੂ ਤਾਂ ਆਪ ਸ਼੍ਰਿਸ਼ਟੀ ਕਰਤਾ ਹੈ ਉਹ ਸਭ ਕੁਝ ਕਰਨ ਯੋਗ ਹੈ। ਗੁਰੂ ਪਰਮਾਤਮਾ ਹੈ ਭੀ ਤੇ ਅੱਗੇ ਨੂੰ ਹੋਵੇਗਾ ਭੀ।ਗੁਰੂ ਜੀ ਫੁਰਮਾਉਂਦੇ ਹਨ ਕਿ ਪ੍ਰਭੂ ਨੇ ਇਹੋ ਜਣਾਇਆ ਹੈ ਕਿ ਗੁਰੂ ਬਿਨਾ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ।ਗੁਰੂ ਦੇ ਸ਼ਬਦ ਰਾਹੀਂ ਪ੍ਰਭ-ਸਿਮਰਨ-ਰੂਪ ਜੀਵਨ ਆਦਰਸ਼ ਮਿਲਦਾ ਹੈ, ਸੋ ਗੁਰੂ ਦੀ ਕਿਰਪਾ ਪ੍ਰਾਪਤ ਕਰ ਕੇ ਸਿਮਰਨ ਕਰੀਏ: ਪ੍ਰਭੂ ਨੇ ਸਿਮਰਨ ਦੀ ਅਜਿਹੀ ਬਣਤ ਬਣਾਈ ਹੈ ਜੋ ਮੁਕੰਮਲ ਹੈ ਬਿਨਾਂ ਕਿਸੇ ਊਣਤਾ ਦੇ ਹੈ। ਜੀਵ ਨੂੰ ਗੁਰੂ ਦੀ ਸਿਖਿਆ ਤੇ ਚੱਲ ਕੇ ਸਿਮਰਨ ਦਾ ਰੰਗ ਮਾਨਣਾ ਚਾਹੀਦਾ ਹੈ। ਪ੍ਰਭੂ ਹੈ ਤਾਂ ਅਪਹੁੰਚ ਭਾਵ ਇੰਦਰੀਆਂ ਦੀ ਪਹੁੰਚ ਤੋਂ ਦ੍ਰਿਸ਼ਟ ਹੈ, ਪਰ ਗੁਰੂ ਦੇ ਸਨਮੁੱਖ ਹੋਇਆਂ ਉਸ ਦੀ ਸੂਝ ਪੈਂਦੀ ਹੈ।ਸਾਰਾ ਸੰਸਾਰ ਸਤਿਗੁਰ ਨੂੰ ਸ਼੍ਰਿਸ਼ਟੀ ਵਿਚ ਰੋਜ਼ ਹੀ ਵੇਖਦਾ ਹੈ (ਸਰਗੁਣ ਸਰੂਪ)। ਪਰ ਉਸ ਨੂੰ ਵੇਖਣ ਨਾਲ ਹੀ ਮੁਕਤੀ ਨਹੀਂ ਹੋਣੀ ਜਦ ਤਕ ਉਸ ਦੇ ਸ਼ਬਦ ਦੀ ਵੀਚਾਰ ਨਾ ਕੀਤਾ ਜਾਵੇ।ਸ਼ਬਦ ਗਿਆਨ ਨਾਮ ਨਾਲ ਪਿਆਰ ਨਹੀਂ ਜੁੜਦਾ ਜਿਸ ਬਿਨਾ ਹਉਮੈਂ ਨਹੀਂ ਜਾਂਦੀ। ਉਹ ਜਿਸ ਤੇ ਬਖਸ਼ਿਸ਼ ਕਰਦਾ ਹੈ ਸਾਰੀ ਦੁਚਿਤੀ ਤੇ ਵਿਕਾਰ ਦੂਰ ਕਰਕੇ ਅਪਣੇ ਨਾਲ ਮਿਲਾ ਲੈਂਦਾ ਹੈ।ਗੁਰੂ ਨਾਨਕ ਦੇਵ ਜੀ ਅਪਣਾ ਗੁਰੂ ਵਾਹਿਗੁਰੂ ਨੂੰ ਹੀ ਮੰਨਦੇ ਫੁਰਮਾਉਂਦੇ ਹਨ ਕਿ ਜਦ ਤੋਂ ਅਪਰੰਪਰ ਪਾਰਬ੍ਰਹਮ ਪਰਮੇਸ਼ਵਰ ਮੈਨੂੰ ਗੁਰੂ ਸਰੂਪ ਹੋ ਕੇ ਮਿਲਿਆ ਹੈ, ਭਾਵ ਮੈਨੂੰ ਅੰਤਰ-ਆਤਮੇ ਵਿਚ ਉਸ ਨੇ ਸੋਝੀ ਬਖਸ਼ੀ ਹੈ ਤਦ ਤੋਂ ਮੈਨੂੰ ਪ੍ਰਤੀਤ ਹੋ ਰਿਹਾ ਹੈ ਕਿ ਉਹ ਹਰੀ ਪਰਮਾਤਮਾ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਸਾਰੀ ਰਚਨਾ ਦਾ ਮੂਲ ਤੱਤ ਉਹ ਆਪ ਹੀ ਹੈ ਜਿਸ ਦੀ ਜੋਤ ਹਰ ਥਾਂ ਹੈ ਤੇ ਕਰਤਾ ਤੇ ਮੇਰੇ ਵਿਚ ਕੋਈ ਕੋਈ ਫਰਕ ਨਹੀਂ । ਇਸ ਤੋਂ ਸਾਫ ਜ਼ਾਹਿਰ ਹੈ ਕਿ ਗੁਰੂ ਨਾਨਕ ਦਾ ਗੁਰੂ ਆਪ ਵਾਹਿਗੁਰੂ ਸੀ ਤੇ ਵਾਹਿਗੁਰੂ ਤੇ ਗੁਰੂ ਨਾਨਕ ਵਿਚ ਕੋਈ ਭੇਦ ਨਹੀਂ ਸੀ ਰਹਿ ਗਿਆ।
.