.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਅਠਾਰ੍ਹਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਇਸਤ੍ਰੀ ਅਤੇ ਪੁਰਖ ਵਿਚਾਲੇ ਸਮਾਜਕ ਵਿੱਤਕਰਾ? - ਸੰਸਾਰ ਪਧਰ `ਤੇ "ਪੁਰਖ ਪ੍ਰਧਾਨ ਸਮਾਜ" ਲਗਭਗ ਸਦਾ ਤੋਂ ਹੀ ਇਸਤ੍ਰੀ ਵਰਗ ਨੂੰ ਦੁਬੇਲ ਬਣਾ ਕੇ ਰਖਣ ਲਈ ਅਨੇਕਾਂ ਸਿੱਧੇ ਤੇ ਅਸਿੱਧੇ ਢੰਗ ਵਰਤਦਾ ਆ ਰਿਹਾ ਹੈ। ਉਸੇ ਦਾ ਨਤੀਜਾ, ਇਸ ਪੱਖੌਂ ਮਨੁੱਖ ਵਰਗ ਵਿੱਚਲੇ ਅਜਿਹੇ ਗੁਮਰਾਹ ਲੋਕ ਬੇਸ਼ੱਕ ਅਣਜਾਣੇ `ਚ ਹੀ ਸਹੀ, ਪਰ ਇੱਕ ਅੰਦਾਜ਼ੇ ਮੁਤਾਬਿਕ ਪ੍ਰਭੂ ਵਲੋਂ ਮਨੁੱਖ ਜਾਤੀ ਨੂੰ ਇਸਤ੍ਰੀ-ਪੁਰਖ ਦੋਨਾਂ ਲਈ ਬਖਸ਼ੀ ਹੋਈ ਸਾਂਝੀ ੧੦੦% ਤਾਕਤ `ਚੋਂ, ਲਗਭਗ ੭੫% ਤੋਂ ਵੱਧ ਤਾਕਤ ਮਨੁੱਖ ਆਪਣੇ ਨਿਹਿਤ ਸੁਆਰਥਾ ਅਤੇ ਹੰਕਾਰ ਵੱਸ ਹੋ ਕੇ ਕੇਵਲ ਇਸਤ੍ਰੀ ਵਰਗ ਨੂੰ ਦੁਬੇਲ ਬਣਾ ਕੇ ਰਖਣ ਤੇ ਉਸਨੂੰ ਦਬਾਉਣ `ਤੇ ਹੀ ਖਰਚ ਕਰ ਦਿੰਦਾ ਹੈ।

ਦੂਰ ਕਿਉਂ ਜਾਵੀਏ, ਸਭ ਤੋਂ ਵੱਧ ਤਾਂ ਭਾਰਤ `ਚ ਹੀ, ਇਸਤ੍ਰੀ ਨੂੰ ਦੇਵੀ ਕਹਿਣ ਤੇ ਮੰਨਣ ਵਾਲੇ ਬ੍ਰਾਹਮਣ ਵਰਗ ਨੇ, ਰੀਤੀ ਰਿਵਾਜਾਂ, ਸਗਨਾਂ, ਤਿਉਹਾਰਾਂ ਰਸਤੇ ਇਹੀ ਕੁੱਝ ਕੀਤਾ ਹੋਇਆ ਹੈ। ਮਨੂ ਸੰਿਮ੍ਰਤੀ ਅਤੇ ਗਰੁੜ ਪੁਰਾਣ ਵਰਗੀਆਂ ਬਹੁਤੇਰੀਆਂ ਬ੍ਰਹਮਣੀ ਰਚਨਾਵਾਂ ਇਸੇ ਸਚਾਈ ਦਾ ਪ੍ਰਕਟ ਸਬੂਤ ਹਨ। ਜਦਕਿ ਇਹ ਵਿਸ਼ਾ ਅਸੀਂ ਵੱਖਰੇ ਤੌਰ `ਤੇ ਗੁਰਮੱਤ ਪਾਠ ਨੰ: ੧੧੧ "ਸੋ ਕਿਉ ਮੰਦਾ ਆਖੀਐ … "`ਚ ਵੀ ਲੈ ਚੁੱਕੇ ਹੋਏ ਹਾਂ।

ਉਪ੍ਰੰਤ ਅਸਾਂ ਇਸ ਵਿਸ਼ੇ ਨੂੰ ਸੈਂਟਰ ਦੀ ਪੁਸਤਕ "ਬਾਣੀ ਆਸਾ ਕੀ ਵਾਰ-ਸਟੀਕ ਅਤੇ ਗੁਰਮੱਤ ਵਿਚਾਰ ਦਰਸ਼ਨ" `ਚ ਵੀ ਪਉੜੀ ਨੰ: ੧੯ ਨਾਲ ਸੰਬੰਧਤ ਸਲੋਕਾਂ ਦੀ ਵਿਚਾਰ ਕਰਦੇ ਸਮੇ ‘ਅਤੇ ਕੁੱਝ ਹੋਰ ਸੰਬੰਧਤ ਗੁਰਮੱਤ ਪਾਠਾਂ `ਚ ਵੀ ਖੁੱਲ ਕੇ ਲਿਆ ਹੋਇਆ ਹੈ।

ਜਦਕਿ ਇਥੇ ਅਸਾਂ ਕੇਵਲ ਇਤਨਾ ਹੀ ਧਿਆਣ ਦੁਆਉਣਾ ਹੈ ਕਿ ਸੰਸਾਰ ਤਲ `ਤੇ ਇਸ ਜਟਿਲ ਵਿਸ਼ੇ ਸੰਬੰਧੀ ਜੇਕਰ ਸਭ ਤੋਂ ਪਹਿਲਾਂ ਪੁਰਖ ਜਾਤੀ ਨੂੰ ਸਖ਼ਤ ਤਾੜਣਾ ਕੀਤੀ ਅਤੇ ਇਸ ਪੱਖੋਂ ਉਸਨੂੰ ਸੁਚੇਤ ਕੀਤਾ ਤਾਂ ਉਹ ਵੀ ਗੁਰਬਾਣੀ ਰਾਹੀਂ ਗੁਰੂ ਪਾਤਸ਼ਾਹ ਨੇ ਹੀ ਕੀਤਾ। ਤਾਂ ਤੇ "ਇਸਤ੍ਰੀ ਤੇ ਪੁਰਖ ਵਿਚਾਲੇ ਸਮਾਜਿਕ ਵਿੱਤਕਰਾ?" ਵਾਲੇ ਇਸ ਹੱਥਲੇ ਮੁੱਦੇ ਨਾਲ ਸੰਬੰਧਤ ਕੁੱਝ ਵਿਸ਼ੇਸ਼ ਨੁੱਕਤੇ:-

(ੳ) "ਭੰਡਹੁ ਹੀ ਭੰਡੁ ਊਪਜੈ…" - ਉਂਝ ਤਾਂ ਸੰਬੰਧਤ ਵਿਸ਼ੇ ਨੂੰ ਪੂਰੀ ਤਰ੍ਹਾਂ ਸਮਝਣ ਲਈ ਹਰੇਕ ਨੂੰ, ਪ੍ਰਕਰਣ ਨਾਲ ਸੰਬੰਧਤ "ਬਾਣੀ ਆਸਾ ਕੀ ਵਾਰ" ਵਿੱਚਲੇ ਸਲੋਕ "ਭੰਡਿ ਜੰਮੀਐ ਭੰਡਿ ਨਿੰਮੀਐ… ਸੋ ਕਿਉ ਮੰਦਾ ਆਖੀਐ…" ਦਾ ਗਹਿਰਾਈ ਤੋਂ ਅਧਯੱਣ ਕਰਣ ਦੀ ਲੋੜ ਹੈ। ਗੁਰਬਾਣੀ ਰਾਹੀਂ ਪਾਤਸ਼ਾਹ ਨੇ "ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ" (ਪੰ: ੪੭੩) ਵਾਲੇ ਸਲੋਕ `ਚ ਪੂਰੀ ਤਰ੍ਹਾਂ ਸਪਸ਼ਟ ਕੀਤਾ ਹੋਇਆ ਹੈ ਕਿ ਸੰਸਾਰ ਦੀਆਂ ਜਿਹੜੀਆਂ ਲੋੜਾਂ ਇਸਤ੍ਰੀ ਸਰੀਰ ਤੋਂ ਪੂਰੀਆਂ ਹੁੰਦੀਆਂ ਹਨ, ਉਹ ਮਨੁੱਖ ਦਾ ਸਰੀਰ ਕਿਸੇ ਤਰ੍ਹਾਂ ਵੀ ਪੂਰੀਆਂ ਨਹੀਂ ਕਰ ਸਕਦਾ।

ਇਸੇ ਤਰ੍ਹਾਂ ਅਕਾਲਪੁਰਖ ਦੇ ਉਸੇ ਨੇਮ `ਚ ਜਿਹੜੀਆਂ ਲੋੜਾਂ ਮਨੁੱਖਾ ਸਰੀਰ ਰਾਹੀਂ ਪੂਰੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਇਸਤ੍ਰੀ ਦਾ ਸਰੀਰ, ਕਤੇਈ ਪੂਰੀਆਂ ਨਹੀਂ ਕਰ ਸਕਦਾ। ਇਸ ਲਈ ਸੰਸਾਰ ਚੱਕਰ ਨੂੰ ਚਲਾਉਣ ਲਈ "ਨਰ ਤੇ ਮਾਦਾ" ਦੋਨਾਂ ਸਰੀਰਾਂ ਦੀ ਬਰਾਬਰ ਦੀ ਤੇ ਇਕੋ ਜਿਹੀ ਲੋੜ ਹੈ। ਇਨ੍ਹਾਂ `ਚੋ ਕਿਸੇ ਇੱਕ ਸਰੀਰ ਦੀ ਲੋੜ ਘੱਟ ਤੇ ਦੂਜੇ ਦੀ ਵੱਧ ਨਹੀਂ। ਇਸ ਤਰ੍ਹਾਂ ਸਪਸ਼ਟ ਕੀਤਾ ਕਿ "ਨਰ ਤੇ ਮਾਦਾ" ਦੋਵੇਂ ਸਰੀਰ ਇੱਕ ਦੂਜੇ ਦੇ ਪੂਰਕ ਹਨ ਅਤੇ ਬਰਾਬਰ ਦੇ ਸਤਿਕਾਰ ਦੇ ਹੱਕਦਾਰ ਹਨ

ਬਲਕਿ "ਬਾਣੀ ਆਸਾ ਕੀ ਵਾਰ" ਵਿੱਚਲੇ "ਭੰਡਿ ਜੰਮੀਐ ਭੰਡਿ ਨਿੰਮੀਐ" ਵਾਲੇ ਸਲੋਕ ਵਿੱਚਲੀ ਪੰਕਤੀ "ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ" ਰਾਹੀਂ ਤਾਂ ਗੁਰਦੇਵ ਨੇ ਪੁਰਖ ਵਰਗ ਵਿੱਚਲੇ ਅਜਿਹੇ ਲੋਕਾਂ ਨੂੰ ਇਥੋਂ ਤੀਕ ਚੇਤਾਇਆਂ ਹੋਇਆ ਹੈ ਕਿ "ਐ ਇਸਤ੍ਰੀ ਵਰਗ ਬਾਰੇ ਇੰਨੇ ਹੀਨ ਭਾਵ ਰਖਣ ਵਾਲੇ ਮਨੁੱਖ! ਤੂੰ ਇਹ ਤਾਂ ਕਹਿ ਸਕਦਾ ਹੈ "ਮੈ ਇਸਤ੍ਰੀ ਵਰਗ ਨਾਲ ਨਫ਼ਰਤ ਕਰਦਾ ਹਾਂ", "ਇਸਤ੍ਰੀ ਨੂੰ ਘਟੀਆ ਮੰਣਦਾ ਹਾਂ", "ਮੈ ਸ਼ਾਦੀ ਨਹੀਂ ਕਰਵਾਈ", "ਮੈਂ ਕਿਸੇ ਧੀ (ਪੁਤ੍ਰੀ) ਨੂੰ ਜਨਮ ਨਹੀਂ ਦਿੱਤਾ", ਇਥੋਂ ਤੀਕ ਕਿ "ਤੂੰ ਇਹ ਵੀ ਕਹਿ ਸਕਦਾ ਹੈਂ "ਮੇਰੀ ਕੋਈ ਭੈਣ ਵੀ ਨਹੀਂ"।

ਇਸ ਸਾਰੇ ਦੇ ਬਾਵਜੂਦ, ਐ ਭਾਈ! ਤਾਂ ਵੀ ਤੂੰ ਇਹ ਨਹੀਂ ਕਹਿ ਸਕਦਾ ਕਿ ਤੂੰ ਕਿਸੇ ਇਸਤ੍ਰੀ ਦੀ ਕੁਖੋਂ ਜਨਮ ਨਹੀਂ ਲਿਆ। ਇਸ ਤੋਂ ਬਾਅਦ, ਤੂੰ ਇਹ ਵੀ ਨਹੀਂ ਕਹਿ ਸਕਦਾ ਕਿ ਜਿਸ ਇਸਤ੍ਰੀ ਦੀ ਕੁਖੋਂ ਤੂੰ ਜਨਮ ਲਿਆ ਹੈ, ਅਤੇ ਜਿਸ ਇਸਤ੍ਰੀ ਕਾਰਣ ਤੂੰ ਸੰਸਾਰ `ਚ ਆਇਆ, ਤੇਰੀ ਉਸ ਮਾਂ ਨੂੰ ਜਨਮ ਦੇਣ ਵਾਲੀ, ਭਾਵ ਤੇਰੀ ਉਸ ਮਾਂੑ ਦੀ ਮਾਂ, - ਵੀ ਕੋਈ ਇਸਤ੍ਰੀ ਨਹੀਂ ਸੀ। ਸਪਸ਼ਟ ਹੈ ਜਿਹੜਾ ਵੀ ਮਨੁੱਖ ਸੰਸਾਰ `ਚ ਜਨਮ ਲੈਂਦਾ ਹੈ, ਜੇ ਉਹ ਸਚਮੁਚ ਇਸ ਪੱਖੋਂ ਇਮਾਨਦਾਰ ਹੈ ਤਾਂ ਉਹ ਕਿਸੇ ਤਰ੍ਹਾਂ ਵੀ "ਇਸਤ੍ਰੀ ਅਤੇ ਪੁਰਖ ਦੋਨਾਂ ਸਰੀਰਾਂ ਦੇ ਆਪਣੇ-ਆਪਣੇ ਮਹੱਤਵ ਤੋਂ ਇਨਕਾਰੀ ਨਹੀਂ ਹੋ ਸਕਦਾ"।

(ਅ) "ਨਾਨਕ ਭੰਡੈ ਬਾਹਰਾ…"- ਬਲਕਿ ਗੁਰਦੇਵ ਨੇ ਉਸ "ਭੰਡਿ ਜੰਮੀਐ ਭੰਡਿ ਨਿੰਮੀਐ. . ੁ" (ਪੰ: ੪੭੩) ਵਾਲੇ ਸਲੋਕ `ਚ ਇਹ ਵੀ ਫ਼ੁਰਮਾਇਆ ਹੈ ਕਿ ਅਕਾਲਪੁਰਖੁ ਜਿਸ ਨੇ ਇਹ ਸਾਰੀ ਰਚਨਾ ਰਚੀ, ਉਸ ਨੇ ਆਪ ਹੀ, ਸੰਸਾਰ ਦੇ ਚਲਣ ਨੂੰ ਚਲਾਉਣ ਲਈ "ਨਰ ਤੇ ਮਾਦਾ" ਵਾਲਾ ਇਹ ਨਿਯਮ ਵੀ ਕਾਇਮ ਕੀਤਾ ਹੋਇਆ ਹੈ। ਇਸ ਤੋਂ ਵੱਡੀ ਗੱਲ, "ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ" ਕਰਤਾ ਆਪ ਅਜੂਨੀ ਵੀ ਹੈ ਤੇ ਸੈਭੰ ਵੀ। ਕਿਉਂਕਿ ਪ੍ਰਭੂ ਤਾਂ ਸਰੀਰਧਾਰੀ ਹੀ ਨਹੀਂ ਇਸ ਲਈ ਉਸ ਨੂੰ ਆਪਣੇ ਲਈ ਨਾ ਕਿਸੇ ‘ਇਸਤ੍ਰੀ` ਸਰੀਰ ਦੀ ਲੋੜ ਹੈ ਤੇ ਨਾ ‘ਮਰਦ` ਸਰੀਰ ਦੀ।

ਸਪਸ਼ਟ ਹੈ, ਜਿਸ ਕਰਤੇ ਨੇ ‘ਪੁਰਖ’ ਸਰੀਰ ਦੇ ਨਾਲ-ਨਾਲ ‘ਇਸਤ੍ਰੀ’ ਦੇ ਸਰੀਰ ਨੂੰ ਵੀ ਘੜਿਆ ਹੈ ਤਾਂ ਕੇਵਲ ਇਸ ਲਈ ਕਿਉਂਕਿ ਉਸ ਦੀ ਇਸ ਰਚਨਾ ਨੂੰ ਚਲਾਉਣ ਲਈ ਦੋਨਾਂ ਸਰੀਰਾਂ ਦੀ ਇਕੋ ਜਿਹੀ ਲੋੜ ਹੈ, ਉਸ ਪੱਖੋਂ ਇੱਕ ਦੀ ਲੋੜ ਘੱਟ ਤੇ ਦੂਜੇ ਦੇ ਸਰੀਰ ਦੀ ਲੋੜ ਵੱਧ ਨਹੀਂ। ਤਾਂ ਤੇ ਇਸਤ੍ਰੀ ਜਾਂ ਪੁਰਖ, ਜਿਹੜੇ ਲੋਕ ਵੀ ਇਨ੍ਹਾਂ `ਚ ਭੇਦ ਜਾਂ ਵਿਤੱਕਰਾ ਕਰਦੇ ਹਨ, "ਉਹ ਇੱਕ ਪਾਸੇ ਤਾਂ ਕਰਤਾਰ ਦੀ ਕਰਣੀ `ਤੇ ਕਿਉਂ-ਕਿੰਤੂ ਕਰਣ ਦੇ ਦੋਸ਼ੀ, ਬੇਮੁੱਖ ਤੇ ਦੇਣਦਾਰ ਹਨ"। ਦੂਜੇ "ੳਜਿਹੇ ਲੋਕ, ਅਸਲ `ਚ ਪ੍ਰਵਾਰਕ ਜੀਵਨ ਦਾ ਯੋਗ ਲਾਭ ਲੈਣ ਤੋਂ ਵੀ ਵਾਂਝੇ ਹੀ ਰਹਿ ਜਾਂਦੇ ਹਨ।

(ੲ) "ਜਿਤੁ ਮੁਖਿ ਸਦਾ ਸਾਲਾਹੀਐ…" - ਉਸ "ਭੰਡਿ ਜੰਮੀਐ ਭੰਡਿ ਨਿੰਮੀਐ" ਵਾਲੇ ਸਲੋਕ `ਚ ਹੀ ਪਾਤਸ਼ਾਹ ਇਥੋਂ ਤੀਕ ਵੀ ਸਪਸ਼ਟ ਕਰਦੇ ਹਨ ਜੇਕਰ ਮਨੁੱਖ ਚਾਹੁੰਦਾ ਹੈ ਕਿ ਉਸ ਦੇ ਜੀਵਨ `ਚ ਟਿਕਾਅ ਆਵੇ, ਜੀਵਨ `ਚ ਇਲਾਹੀ ਗੁਣਾਂ ਦਾ ਪ੍ਰਕਾਸ਼ ਹੋਵੇ ਅਤੇ ਉਹ ਪ੍ਰਭੂ ਦਰ `ਤੇ ਵੀ ਸਨਮਾਣਿਆ ਜਾਵੇ; ਤਾਂ ਜ਼ਰੂਰੀ ਇਹ ਵੀ ਜ਼ਰੂਰੀ ਹੈ ਕਿ ਮਨੁੱਖ, ਅਕਾਲਪੁਰਖੁ ਦੇ ਬਖਸ਼ੇ ਜੀਵਨ `ਚ ਇਸਤ੍ਰੀ ਹੋਵੇ ਜਾਂ ਮਰਦ, ਉਸ ਦੀਆਂ ਸਮੂਹ ਦਾਤਾਂ ਦਾ ਇਕੋ ਜਿਹਾ ਸਤਿਕਾਰ ਕਰੇ।

ਉਹ ਇਹ ਵੀ ਸਮਝ ਕੇ ਚੱਲੇ ਕਿ "ਨਾਰੀ ਪੁਰਖੁ, ਪੁਰਖੁ ਸਭ ਨਾਰੀ, ਸਭੁ ਏਕੋ ਪੁਰਖੁ ਮੁਰਾਰੇ" (ਪੰ: ੯੮੩) ਅਨੁਸਾਰ ਨਾਰੀ ਹੋਵੇ ਜਾਂ ਪੁਰਖ, ਸਾਰਿਆਂ ਅੰਦਰ ਇਕੋ ਹੀ ਕਰਤੇ ਦਾ ਨੂਰ ਪਸਰ ਰਿਹਾ ਹੈ। ਉਸ ਸਲੋਕ `ਚ ਫ਼ੈਸਲਾ ਹੈ, "ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ" (ਪੰ: ੪੭੩) ਭਾਵ ਪ੍ਰਭੂ ਦੀ ਰਜ਼ਾ `ਚ ਚੱਲਣ ਵਾਲੇ ਅਜਿਹੇ ਗੁਰਮੁਖ ਜਨ ਹੀ ਸੰਸਾਰ `ਚ ਵਿਚਰਦੇ ਹੋਏ ਜੀਂਦੇ ਜੀਅ ਆਤਮਕ ਪੱਖੋਂ ਅਨੰਦਤ ਤੇ ਸੰਤੋਖੀ ਜੀਵਨ ਬਤੀਤ ਕਰਦੇ ਹਨ। ਉਪ੍ਰੰਤ ਉਹ ਸਰੀਰ ਤਿਆਗਣ ਬਾਅਦ ਵੀ ਕਰਤੇ ਪ੍ਰਭੂ ਦੇ ਦਰਬਾਰ `ਚ ਕਬੂਲ ਹੋ ਜਾਦੇ ਹਨ। ਭਾਵ ਉਹ ਮੁੜ ਜਨਮਾਂ, ਜੂਨਾਂ ਤੇ ਭਿੰਨ-ਭਿੰਨ ਗਰਭਾਂ ਵਾਲੇ ਗੇੜ `ਚ ਨਹੀਂ ਪੈਂਦੇ, ਸਦਾ ਲਈ ਆਪਣੇ ਅਸਲੇ ਪ੍ਰਭੂ `ਚ ਹੀ ਸਮਾਅ ਜਾਂਦੇ ਹਨ।

(ਸ) "ਸੋ ਕਿਉ ਮੰਦਾ ਆਖੀਐ" - ਸੰਬੰਧਤ ਸਲੋਕ ਵਿੱਚਲੀ ਪੰਕਤੀ "ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ" ਰਾਹੀਂ ਤਾਂ ਇਸਤ੍ਰੀ ਵਰਗ ਨੂੰ ਆਪਣੇ ਤੋਂ ਨੀਵਾਂ ਤੇ ਘਟੀਆ ਸਮਝਣ ਵਾਲੇ ਮਨੁੱਖ ਨੂੰ ਗੁਰਦੇਵ ਸੁਆਲ ਕਰਦੇ ਹਨ, "ਐ ਮਨੁੱਖ! ਅੱਜ ਤੀਕ ਸੰਸਾਰ `ਚ ਜਿਤਨੀਆਂ ਵੀ ਮਹਾਨ ਹਸਤੀਆਂ ਹੋਈਆਂ ਹਨ ਅਤੇ ਜਿਨ੍ਹਾਂ ਦਾ ਤੂੰ ਖ਼ੁੱਦ ਵੀ ਸਤਿਕਾਰ ਕਰਦਾ ਹੈਂ। ਬਲਕਿ ਜਿਨ੍ਹਾਂ ਅਗੇ ਤੂੰ ਆਪਣਾ ਸਿਰ ਝੁਕਾਉਂਦਾ, ਨਿਵਾਂਉਂਦਾ ਅਤੇ ਜਿਨ੍ਹਾਂ ਦੇ ਸਨਮੁਖ ਨਤ-ਮਸਤਕ ਵੀ ਹੁੰਦਾ ਹੈਂ।

ਇਤਨਾ ਹੀ ਨਹੀਂ ਬਲਕਿ ਅੱਜ ਤੀਕ ਸੰਸਾਰ `ਚ ਜਿਹੜੇ ਵੀ ਵੱਡੇ-ਵੱਡੇ ਰਾਜੇ-ਮਹਾਰਾਜੇ, ਮਹਾਬਲੀ, ਸੂਰਮੇ, ਪੀਰ, ਪੈਗੰਬਰ, ਔਲੀਏ, ਗੁਰੂ ਤੇ ਅਵਤਾਰ ਆਏ, ਉਨ੍ਹਾਂ ਸਾਰਿਆਂ ਨੂੰ ਜਨਮ ਦੇਣ ਵਾਲੀਆਂ ਵੀ ਇਸਤ੍ਰੀਆਂ ਹੀ ਸਨ। ਤਾਂ ਭਾਈ! ਤੂੰ ਆਪ ਹੀ ਦੱਸ ਕਿ ਉਸੇ ਇਸਤ੍ਰੀ ਨੂੰ ਤੂੰ ਕਿਸ ਮ੍ਹੂੰਹ ਨਾਲ ਆਪਣੇ ਤੋਂ ਘਟੀਆ ਸਮਝਦਾ, ਕਹਿੰਦਾ ਅਤੇ ਇਸਤ੍ਰੀ ਵਰਗ ਦੀ ਅਵਹੇਲਣਾ ਕਰਦਾ ਹੈਂ?

"ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ. ."-ਫ਼ਿਰ ਇਥੇ ਹੀ ਬੱਸ ਨਹੀਂ, ਜਿਥੋਂ ਤੀਕ ਪੁਰਖ ਵਰਗ, ਕਾਮ-ਭੁੱਖ ਆਦਿ ਦਾ ਗ਼ੁਲਾਮ ਹੋ ਕੇ, ਆਪਣੇ ਨਿਹਿਤ ਸੁਆਰਥਾਂ ਖ਼ਾਤਿਰ ਇਸਤ੍ਰੀ ਵਰਗ `ਤੇ ਜ਼ੁਲਮ-ਜ਼ਿਆਦਤੀਆਂ ਤੇ ਉਸਦਾ ਸ਼ੋਸ਼ਣ ਕਰਦਾ ਹੈ, ਅਗਿਆਨਤਾ ਵੱਸ ਉਹ ਸਮਾਜ ਦੀ ਵੱਡੀ ਤਾਕਤ ਨੂੰ ਤੱਬਾਹ ਕਰਣ ਲਈ ਜ਼ਿਮੇਵਾਰ ਤੇ ਵੱਡਾ ਕਸੂਰਵਾਰ ਵੀ ਹੈ।

ਦਰਅਸਲ ਇਹ ਅਜਿਹਾ ਘਿਨਾਉਣਾ ਤੇ ਵੱਡਾ ਅਪਰਾਧ ਅਤੇ ਮੁਘਾਰ ਹੈ ਜਿਸ ਰਸਤੇ ਮਨੁੱਖ ਭਾਪ ਪਰਖ ਵਰਗ, ਅਨੇਕਾਂ ਸਮਾਜਕ ਗੁਣਾਹਾਂ-ਜੁਰਮਾਂ, ਅਉਗੁਣਾ, ਬੁਰਾਈਆਂ ਤੇ ਏਡਜ਼ ਆਦਿ ਸੰਕ੍ਰਾਮਿਕ ਬਿਮਾਰੀਆਂ ਨੂੰ ਜਨਮ ਦੇਣ ਦਾ ਜ਼ਿਮੇਵਾਰ ਵੀ ਸਾਬਤ ਹੁੰਦਾ ਹੈ। ਇਹੀ ਨਹੀਂ ਗੁਰਬਾਣੀ ਅਨੁਸਾਰ ਤਾਂ ਅਜਿਹਾ ਮਨੁੱਖ ਕਰਤੇ ਦੇ ਦਰ `ਤੇ ਵੀ ਕਬੂਲ ਨਹੀਂ ਹੁੰਦਾ। ਬਲਕਿ ਇਸ ਸੰਬੰਧੀ ਗੁਰਦੇਵ ਨੇ ਗੁਰਬਾਣੀ `ਚ ਹੀ ਹੋਰ ਵੀ ਕਈ ਥਾਵੇਂ ਅਜਿਹੇ ਮਨੁੱਖ ਨੂੰ ਵੰਗਾਰਿਆ ਹੈ, ਜਿਵੇਂ:-

"ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ, ਬੂਝਹੁ ਬ੍ਰਹਮ ਗਿਆਨੀ" (ਪੰ: ੮੭੯) ਭਾਵ ਪੁਰਖ ਹੋਵੇ ਜਾਂ ਇਸਤ੍ਰੀ, ਇਸ `ਚ ਭੇਦ ਨਹੀਂ। ਜਦਕਿ ਇਸ ਰੱਬੀ ਸੱਚ ਨੂੰ ਸਮਝਣ ਲਈ ਵੀ ਵਿਵੇਕ ਬੁੱਧ ਦੀ ਲੋੜ ਹੈ। ਉਸ ਤੋਂ ਬਿਨਾ, ਅਗਿਆਨੀ ਮਨੁੱਖ, ਜੀਵਨ ਦੇ ਇੰਨ੍ਹਾਂ ਗੁਮਰਾਹਕੁਣ ਕਰਮਾਂ `ਚ ਹੀ ਫ਼ਸਿਆ ਰਹਿਕੇ ਸੰਪੂਰਣ ਮਨੁੱਖ ਜਾਤੀ ਦੀ ਤੱਬਾਹੀ ਦਾ ਕਾਰਣ ਹੀ ਬਣਿਆ ਰਵੇਗਾ। ਇਸੇਤਰ੍ਹਾਂ ਹੋਰ:-

"ਨਾਰੀ ਪੁਰਖੁ, ਪੁਰਖੁ ਸਭ ਨਾਰੀ, ਸਭੁ ਏਕੋ ਪੁਰਖੁ ਮੁਰਾਰੇ" (ਪੰ: ੯੮੩) ਭਾਵ ਇਸਤ੍ਰੀਆਂ ਹੋਣ ਜਾਂ ਮਰਦ, ਸਾਰਿਆਂ ਅੰਦਰ ਕੇਵਲ ਇਕੋ ਕਰਤੇ ਦਾ ਹੀ ਨੂਰ ਹੈ। ਬਲਕਿ ਗੁਰਬਾਣੀ ਅਨੁਸਾਰ ਤਾਂ:-

"ਏਤੇ ਅਉਰਤ ਮਰਦਾ ਸਾਜੇ, ਏ ਸਭ ਰੂਪ ਤੁਮਾੑਰੇ" (ਪੰ: ੧੩੪੯) ਭਾਵ ਹੇ ਪ੍ਰਭੂ! ਮਰਦ ਹਨ ਜਾਂ ਔਰਤਾਂ, ਇੰਨ੍ਹਾਂ ਸਾਰਿਆਂ ਅੰਦਰ ਤੇਰਾ ਹੀ ਵਾਸਾ ਅਤੇ ਇਹ ਸਾਰੇ ਤੇਰੀ ਹੋਂਦ ਦਾ ਹੀ ਪ੍ਰਗਟਾਵਾ ਹਨ।

ਇਹੀ ਨਹੀਂ ਗੁਰਦੇਵ ਨੇ "ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ. ." (ਪੰ: ੪੭੨) ਵਾਲੇ ਸਲੋਕ `ਚ ਵੀ ਵੱਡੀ ਦ੍ਰਿੜ੍ਹਤਾ ਨਾਲ ਇਸੇ ਵਿਸ਼ੇ ਨੂੰ ਹੀ ਨਿਭਾਇਆ ਹੋਇਆ ਹੈ।

ਜਦਕਿ "ਪੁਰਖ ਪ੍ਰਧਾਨ ਸਮਾਜ" ਦੇ ਇਤਹਾਸ `ਚ ਮਨੁੱਖਾ ਨਸਲ ਜੜ੍ਹ `ਚ ਲਗੀ ਹੋਈ ਇਸ ਸੰਕ੍ਰਾਮਿਕ ਬਿਮਾਰੀ ਅਤੇ ਮਨੁੱਖਾ ਦੀ ਜੜ੍ਹ `ਚ ਲੱਗੇ ਹੋਏ ਇਸ ਮਾਰੂ ਰੋਗ ਨੂੰ ਵੀ ਸੰਸਾਰ ਤਲ `ਤੇ ਸਭ ਤੋਂ ਪਹਿਲਾਂ, ਗੁਰਬਾਣੀ ਅਤੇ ਗੁਰੂ ਸਾਹਿਬਾਨ ਨੇ ਹੀ ਵੰਗਾਰਿਆ ਅਤੇ ਮਨੁੱਖ ਨੂੰ ਸੁਚੇਤ ਵੀ ਕੀਤਾ ਹੈ।

ਕਾਸ਼! ਇਸ ਪੱਖੋਂ ਅਗਿਆਨਤਾ ਦੇ ਹਨੇਰੇ `ਚ ਠੋਕਰਾਂ ਖਾ ਰਹੇ, ਅਜੋਕੇ ਬਹੁਤੇ ਨਾਮ ਧਰੀਕ ਸਿੱਖ ਵੀ ਗੁਰਬਾਣੀ ਦੇ ਇਸ ਚਾਨਣ ਨੂੰ ਹੰਡਾਉਣ ਅਤੇ ਸੰਸਾਰ ਦੀ ਵੀ ਅਗਵਾਹੀ ਕਰਣ ਯੋਗ ਬਣਨ।

ਨਿਰਗੁਨ ਤੇ ਸਰਗੁਨ ਵਾਲਾ ਪਾੜਾ? - ਵਿਸ਼ੇ ਸੰਬੰਧੀ ਅਸਾਂ ਇਥੇ ਕੇਵਲ ਇਹੀ ਦੇਖਣਾ ਹੈ ਕਿ ਗੁਰਬਾਣੀ ਦੇ ਪ੍ਰਕਾਸ਼ ਤੇ ਗੁਰੂ ਸਾਹਿਬਾਨ ਦੇ ਆਗਮਨ ਤੋਂ ਪਹਿਲਾਂ ਲੋਕਾਈ ਵਿਚਾਲੇ ਇਹ ਵੀ ਇੱਕ ਬਹੁਤ ਵੱਡਾ ਪਾੜਾ ਬਣਿਆ ਹੋਇਆ ਸੀ। ਮਨੁੱਖ ਨਿਰਗੁਨ ਕਿਸੇ ਵੱਖਰੀ ਹਸਤੀ ਨੂੰ ਅਤੇ ਸਰਗੁਨ ਕਿਸੇ ਦੂਜੀ ਹਸਤੀ ਨੂੰ ਮਂਨੀ ਬੈਠਾ ਸੀ। ਜਿਸ ਕਾਰਣ ਲੰਮੇ ਸਮੇਂ ਤੋਂ ਇਸ ਪਖੌਂ ਵੀ ਲੋਕਾਈ ਦੋ ਵੱਡੇ ਤੇ ਬਰਾਬਰ ਦੇ ਹਿੱਸਿਆਂ ‘ਸਚ ਵੰਡੀ ਪਈ ਸੀ।

ਉਂਝ "ਨਿਰਗੁਨ ਤੇ ਸਰਗੁਨ" ਵਾਲਾ ਵਿਸ਼ਾ ਵੀ ਅਸੀਂ ਗੁਰਮੱਤ ਪਾਠ ੧੩੧ `ਚ ਨਿਭਾਅ ਚੁੱਕੇ ਹੋਏ ਹਾਂ ਤੇ ਵਿਸ਼ੇ ਸੰਬੰਧੀ ਲੋੜੀਂਦੇ ਵੇਰਵੇ ਲਈ, ਉਸ ਗੁਰਮੱਤ ਪਾਠ ਦਾ ਲਾਭ ਵੀ ਲਿਆ ਜਾ ਸਕਦਾ ਹੈ। ਖ਼ੈਰ! ਲੰਮੇਂ ਸਮੇਂ ਤੋਂ ਇੱਕ ਤਾਂ ਉਹ ਸਨ, ਜਿਹੜੇ ਕਹਿੰਦੇ ਤੇ ਮੰਣਦੇ ਸਨ ਕਿ ਪ੍ਰਮਾਤਮਾ ਦਾ ਕੋਈ ਰੂਪ, ਰੰਗ, ਆਕਾਰ ਨਹੀਂ। ਦਰਅਸਲ ਉਹ ਲੋਕ ਪ੍ਰਭੂ ਨੂੰ ਨਿਰਗੁਨ ਕਹਿੰਦੇ ਤੇ ਮੰਣਦੇ ਹੋਏ ਵੀ ਗੁਰਬਾਣੀ ਰਾਹੀਂ ਪ੍ਰਗਟ ਇਸਦੀ ਸਚਾਈ ਤੀਕ ਨਹੀਂ ਸਨ ਪੁੱਜੇ ਹੋਏ।

ਦੂਜੇ ਉਹ ਲੋਕ ਵੀ ਸਨ ਜਿਹੜੇ ਕਹਿੰਦੇ ਤੇ ਮੰਣਦੇ ਸਨ, ਪ੍ਰਭੂ ਦੀ ਹੋਂਦ ਤਾਂ ਹੈ ਪਰ ਉਸ ਦੀ ਯਾਦ, ਉਸ ਦਾ ਸਿਮਰਨ ਤੇ ਪੂਜਾ-ਅਰਚਾ ਲਈ ਧਿਆਨ ਟਿਕਾਉਣ ਲਈ, ਅਖਾਂ ਸਾਹਮਣੇ ਕਿਸੇ ਸਥੂਲ ਸਰੂਪ ਅਥਵਾ ਵਸਤੂ ਦਾ ਹੋਣਾ ਜ਼ਰੂਰੀ ਹੈ; ਉਨ੍ਹਾਂ ਅਨੁਸਾਰ ਉਸ ਤੋਂ ਬਿਨਾ ਪ੍ਰਭੂ `ਤੇ ਧਿਆਨ ਕੇਂਦ੍ਰਿਤ ਕਰਣਾ ਸੰਭਵ ਨਹੀਂ ਸੀ। ਅਸਲ `ਚ ਅਜਿਹੀ ਸੋਚਣੀ ਵਾਲਿਆਂ ਨੂੰ ਹੀ ਸਰਗੁਨ ਦੇ ਉਪਾਸ਼ਕ ਕਿਹਾ ਜਾਂਦਾ ਸੀ। ਉਪ੍ਰੰਤ ਪ੍ਰਭੂ ਦੇ ਵੱਖਰੇ ਸਰਗੁਣ ਸਰੂਪ ਸੰਬੰਧੀ ਇਸੇ ਸੋਚਣੀ ਤੋਂ ਜਨਮ ਲਿਆ ਸਾਕਤ ਮੱਤ ਭਾਵ ਪ੍ਰਭੂ ਦੀਆਂ ਵੱਖ-ਵੱਖ ਸ਼ਕਤੀਆਂ ਦੀ ਪੂਜਾ ਦੀ ਵਾਲੀ ਪ੍ਰੀਪਾਟੀ ਨੇ।

ਉਸੇ ਸੋਚਣੀ ਤੋਂ ਅਰੰਭ ਹੁੰਦੀ ਹੈ ਦੇਵੀਆਂ-ਦੇਵਤੇ ਤੇ ਮਿੱਥੇ ਹੋਏ ਭਗਵਾਨਾਂ ਦੀ ਪੂਜਾ। ਉਪ੍ਰੰਤ ਪ੍ਰਭੂ ਦੀ ਪੈਦਾ ਕਰਣ-ਪਾਲਨਾ ਕਰਣ ਅਤੇ ਸੰਘਾਰ ਕਰਣ ਵਾਲੀ ਬ੍ਰਹਮਾ ਵਿਸ਼ਨੂ ਤੇ ਮਹੇਸ਼, ਭਿੰਨ ਭਿੰਨ ਤਿੰਨ ਦਵਤਿਆਂ ਦੇ ਹੀ ਕੇਵਲ ਵਿਸ਼ਵਾਸ ਹੀ ਨਹੀਂ ਬਲਕਿ ਹਵਾ, ਪਾਣੀ, ਅਗਨੀ, ਆਦਿ ਨੂੰ ਵੀ ਦੇਵੀ-ਦੇਵਤਿਆਂ ਦੇ ਵੱਖ-ਵੱਖ ਨਾਮ ਦਿੱਤੇ ਗਏ ਅਤੇ ਉਨ੍ਹਾਂ ਦੀਆਂ ਭਿੰਨ ਭਿੰਨ ਮੂਰਤੀਆਂ ਵੀ ਘੜੀਆਂ ਗਈਆਂ। ਫ਼ਿਰ ਉਨ੍ਹਾਂ ਮੂਰਤੀਆਂ ਨਾਲ ਸੰਬੰਧਤ ਕਰਕੇ ਅਨੇਕਾਂ ਕਹਾਣੀਆਂ ਵੀ ਪ੍ਰਚਲਤ ਹੋਈਆਂ।

ਜਦਕਿ ਇਸੇ ਸਾਕਤ ਮੱਤ ਅਥਵਾ ਸ਼ਕਤੀ ਪੂਜਾ ਦਾ ਹੀ ਅਗ਼ਲਾ ਪੜਾਅ ਤੇ ਕੱਦਮ ਸੀ ਨਦੀਆਂ, ਬਿਰਖਾਂ, ਮੜ੍ਹੀਆਂ, ਪਸ਼ੂਆਂ, ਸਪਾਂ, ਪੰਖੀਆਂ, ਮਗਰਮਛਾਂ ਆਦਿ ਦੀ ਪੂਜਾ। ਇਸੇ ਸਾਰੇ ਤੋਂ ਬੁਨਿਆਦ ਬਝਦੀ ਹੈ ਸਗਨਾਂ-ਅਪਸਗਨਾਂ, ਰੀਤਾਂ-ਅਪਰੀਤਾਂ, ਵਹਿਮ-ਸਹਿਮ, ਟੇਵੇ, ਮੁਹੂਰਤ, ਜੋਤਸ਼, ਜਨਮ ਪਤ੍ਰੀਆਂ, ਵਰਣ-ਵੰਡ, ਸੁੱਚ-ਭਿੱਟ, ਪ੍ਰਛਾਵੇ ਅਤੇ ਬੇਅੰਤ ਪ੍ਰਪਰਾਵਾਂ, ਤਿਉਹਾਰ, ਰੀਤੀ-ਰਿਵਾਜ, ਸਮਾਜਿਕ ਵਿੱਤਕਰੇ ਅਤੇ ਭੇਦ-ਭਾਵ ਆਦਿ। ਜਦਕਿ ਗੁਰਬਾਣੀ ਅਨੁਸਾਰ ਤਾਂ ਇਹ ਸਭ ਤਾਂ:-

() "ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ।। ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ।। ੩ ।। ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮ ਨਹੀ ਜਾਨਾ॥ ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ" (ਪੰ: ੩੩੨)

() "ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ" (ਪੰ: ੧੨੯)

() "ਚਾਰੇ ਵੇਦ ਬ੍ਰਹਮੇ ਕਉ ਦੀਏ, ਪੜਿ ਪੜਿ ਕਰੇ ਵੀਚਾਰੀ॥ ਤਾ ਕਾ ਹੁਕਮੁ ਨ ਬੂਝੈ ਬਪੁੜਾ, ਨਰਕਿ ਸੁਰਗਿ ਅਵਤਾਰੀ॥ ੬ ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ, ਕਿਆ ਕਰਿ ਆਖਿ ਵੀਚਾਰੀ" (ਪੰ: ੪੨੩)

() ". . ਕੇਤੇ ਪਵਣ ਪਾਣੀ ਵੈਸੰਤਰ, ਕੇਤੇ ਕਾਨ ਮਹੇਸ॥ ਕੇਤੇ ਬਰਮੇ ਘਾੜਤਿ ਘੜੀਅਹਿ, ਰੂਪ ਰੰਗ ਕੇ ਵੇਸ॥ ਕੇਤੀਆ ਕਰਮ ਭੂਮੀ, ਮੇਰ ਕੇਤੇ, ਕੇਤੇ ਧੂ ਉਪਦੇਸ॥ ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ॥ ਕੇਤੇ ਸਿਧ ਬੁਧ ਨਾਥ ਕੇਤੇ, ਕੇਤੇ ਦੇਵੀ ਵੇਸ॥ ਕੇਤੇ ਦੇਵ ਦਾਨਵ ਮੁਨਿ ਕੇਤੇ, ਕੇਤੇ ਰਤਨ ਸਮੁੰਦ॥ ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ. ." (ਬਾਣੀ ਜਪੁ)

() "ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੁਡਹਿ ਤੇਹਿ॥  ਗੁਰ ਬਿਨੁ ਅਲਖੁ ਨ ਲਖੀਐ ਭਾਈ ਜਗੁ ਬੂਡੈ ਪਤਿ ਖੋਇ" (ਪੰ: ੬੩੭)

() "ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ" (ਪੰ: ੫੨੫) ਆਦਿ, ਉਪ੍ਰੰਤ ਸਗਨਾਂ ਮੁਹੁਰਤਾਂ ਆਦਿ ਬਾਰੇ:-

() "ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ" (ਪੰ: ੪੦੧) ਬਲਕਿ

() "ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ॥ ਸਫਲੁ ਦਰਸਨੁ ਨੇਤ੍ਰ ਪੇਖਤ ਤਰਿਆ॥ ਧੰਨੁ ਮੂਰਤ ਚਸੇ ਪਲ ਘੜੀਆ, ਧੰਨਿ ਸੁ ਓਇ ਸੰਜੋਗਾ ਜੀਉ" (ਪੰ: ੯੯) ਆਦਿ

ਇਸ ਤਰ੍ਹਾਂ ਗੁਰਬਾਣੀ ਅਨੁਸਾਰ ਉਨ੍ਹਾਂ ਆਪ ਮਿੱਥੇ ਦੇਵੀਆਂ-ਦੇਵਤਿਆਂ ਅਤੇ ਭਗਵਾਨਾਂ ਆਦਿ ਤੋਂ ਮਨੋ-ਕਮਨਾਵਾਂ ਦੀ ਪੂਰਤੀ ਵਾਲੇ ਵਿਸ਼ਵਾਸਾਂ ਬਾਅਦ ਉਨ੍ਹਾਂ ਦੇਵੀਆਂ-ਦੇਵਤਿਆਂ ਨੂੰ ਖੁਸ਼ ਕਰਣ ਲਈ "ਸਰਜੀਉ ਕਾਟਹਿ ਨਿਰਜੀਉ ਪੂਜਹਿ…" (ਪੰ: ੩੩੨) ਅਨੁਸਾਰ ਜਾਨਵਰਾਂ ਆਦਿ ਦੀਆਂ ਬਲਕਿ ਆਦਿ ਦੀਆਂ ਹੀ ਨਹੀ, ਮਨੁੱਖਾਂ ਦੀਆਂ ਬਲੀਆਂ ਦੇਣ ਦਾ ਵੀ ਵਿਧਾਨ ਮਿਲਦਾ ਹੈ।

ਜਦਕਿ ਇਸ ਸਾਰੇ ਦੀ ਜੜ੍ਹ `ਚੋਂ ਹੀ ਜਨਮ ਲੈਂਦੇ ਹਨ ਸਰੀਰ ਪੂਜਾ ਦੇ ਅਨੇਕਾਂ ਭਿਅੰਕਰ ਅਤੇ ਨਿਰਦਯਤਾ ਭਰਪੂਰ ਕਾਰੇ ਅਤੇ ਕੁਕਰਮ। ਇਹ ਸਾਰੇ ਉਸ ਕਾਲਪਨਿਕ ਸਰਗੁਣ ਦੀ ਪੂਜਾ ਦਾ ਹੀ ਨਤੀਜਾ ਹੈ ਕਿ ਮਨੁੱਖ ਪਰਉਪਕਾਰੀ ਬਨਣ ਦੀ ਬਜਾਏ, ਨਿਹਿਤ ਸੁਆਰਥੀ ਤੇ ਲੋਭੀ ਬਣਦਾ ਗਿਆ। ਇਹੀ ਸੁਆਰਥਵਾਦ ਵਧਿਆ ਬੇਅੰਤ ਘਿਨਾਉਣੇ ਅਪਰਾਧਾਂ-ਜੁਰਮਾਂ ਤੇ ਧਰਮ ਦੇ ਪਰਦੇ ਹੇਠ ਪਾਖੰਡਾਂ- ਵੱਲ। ਦਰਅਸਲ ਅਗਿਆਨਤਾ ਵੱਸ ਇਹ ਸਭ, ਪ੍ਰਗਟ ਕੀਤੇ ਹੋਏ ਇਸੇ ਸਰਗੁਨ ਪੂਜਾ ਦੇ ਹੀ ਰੂਪ ਹਨ।

ਜਦਕਿ ਸੰਸਾਰ ਤਲ `ਤੇ ਇਹ ਮਾਨ ਵੀ ਗੁਰਬਾਣੀ ਅਤੇ ਗੁਰੂ ਸਾਹਿਬਾਨ ਨੂੰ ਪ੍ਰਾਪਤ ਹੈ। ਕਿਉਂਕਿ "ਗੁਰਬਾਣੀ ਇਸੁ ਜਗ ਮਹਿ ਚਾਨਣੁ" (ਪੰ: ੬੭) ਗੁਰਦੇਵ ਨੇ ਗੁਰਬਾਣੀ ਰਾਹੀਂ "ਸਰਗੁਨ ਤੇ ਨਿਰਗੁਨ" ਸੰਬੰਧੀ ਉਸ ਚਲਦੇ ਆ ਰਹੇ ਉਸ ਪਾੜੇ ਨੂੰ ਵੀ ਕੇਵਲ ਵੰਗਾਰਿਆ ਹੀ ਨਹੀ ਬਲਕਿ ਗੁਰਬਾਣੀ ਰਾਹੀਂ ਵਿਸ਼ੇ ਨੂੰ ਪੂਰੀ ਤਰ੍ਹਾਂ ਸਪਸ਼ਟ ਵੀ ਕੀਤ। ਸਪਸ਼ਟ ਕਤਿਾ ਕਿ ਇਹ ਦੋਵੇਂ ਅਕਾਲਪੁਰਖ ਦੇ ਆਪਣੇ ਹੀ ਭਿੰਨ-ਭਿੰਨ ਰੂਪ ਹਨ। ਜਦਕਿ "ਸਰਗੁਨ ਤੇ ਨਿਰਗੁਨ" ਵਾਲੇ ਵਿਸ਼ੇ ਨਾਲ ਸੰਬੰਧਤ ਹਰੇਕ ਪੱਖੋਂ ਸਪਸ਼ਟਤਾ ਲਈ ਵੀ ਗੁਰਬਾਣੀ `ਚ ਬੇਅੰਤ ਫ਼ੁਰਮਾਨ ਪ੍ਰਾਪਤ ਹਨ। ਜਿਵੇ:-

() "ਓਅੰ ਗੁਰਮੁਖਿ ਕੀਓ ਅਕਾਰਾ॥ ਏਕਹਿ ਸੂਤਿ ਪਰੋਵਨਹਾਰਾ॥ ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ॥ ਨਿਰਗੁਨ ਤੇ ਸਰਗੁਨ ਦ੍ਰਿਸਟਾਰੰ (ਪੰ: ੨੫੦)

() "ਨਿਰਗੁਨੁ ਆਪਿ, ਸਰਗੁਨੁ ਭੀ ਓਹੀ॥ ਕਲਾ ਧਾਰਿ ਜਿਨਿ ਸਗਲੀ ਮੋਹੀ" (ਪੰ: ੨੮੭)

() "ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ॥ ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ" (ਪੰ: ੨੯੦)

() "ਰਾਜ ਜੋਬਨ ਪ੍ਰਭ ਤੂੰ ਧਨੀ॥ ਤੂੰ ਨਿਰਗੁਨ ਤੂੰ ਸਰਗੁਨੀ" (ਪੰ: ੨੧੧)

() "ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ॥ ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ" (ਪੰ: ੨੫੦)

ਇਸ ਤਰ੍ਹਾਂ ਸੰਸਾਰ ਤਲ `ਤੇ ਸਭ ਤੌਂ ਪਹਿਲਾਂ ਗੁਰਬਾਣੀ ਨੇ ਹੀ ਸਪਸ਼ਟ ਕੀਤਾ ਕਿ "ਸਰਗੁਨ ਤੇ ਨਿਰਗੁਨ" ਦੋਵੇਂ ਕਰਤਾਰ ਦੇ ਆਪਣੇ ਹੀ ਭਿੰਨ-ਭਿੰਨ ਪ੍ਰਗਟਾਵੇ ਹਨ। ਗੁਰਬਾਣੀ ਦੇ ਪ੍ਰਕਾਸ਼ ਰਾਹੀਂ ਇਸ ਪੱਖੋਂ ਸਦੀਆਂ ਤੋਂ ਕੁਰਾਹੇ ਪਏ ਮਨੁੱਖ ਨੂੰ ਸਮਝਾਇਆ ਕਿ ਐ ਭਾਈ! ਮੂਰਤੀਆਂ-ਤਸਵੀਰਾਂ, ਦੇਵੀ-ਦੇਵਤੇ ਅਥਵਾ ਸਰੀਰ ਪੂਜਾ, ਉਪ੍ਰੰਤ ਪ੍ਰਭੂ ਦਾ ਜੂਨੀਆਂ `ਚ ਆਉਣਾ ਅਤੇ ਸਗਨਾਂ-ਅਪਸਗਨਾਂ ਆਦਿ ਦੇ ਵਿਸ਼ਵਾਸ ਨਿਹਿਤ ਅਗਿਆਨਤਾ ਦੂ ਉਪਜ ਅਤੇ ਬੇਅੰਤ ਸਾਮਾਜਿਕ ਗੁਣਾਹਾਂ-ਜੁਰਮਾ, ਕਰਮ ਕਾਂਡਾਂ ਪਾਖੰਡਾ ਅਤੇ ਅੰਧ-ਵਿਸ਼ਵਾਸਾਂ ਨੂੰ ਜਨਮ ਦੇਣ ਲਈ ਖੁੱਲਾ ਰਸਤਾ ਹਨ।

ਇਸ ਲਈ ਜੇਕਰ ਅੱਜ ਵੀ ਮਨੁੱਖ ਗੁਰਬਾਣੀ ਅਤੇ ਗੁਰੂ ਪਾਤਸ਼ਾਹ ਰਾਹੀਂ ਪ੍ਰਗਟ ਇਸ ਵਿਚਾਰ ਲੜੀ ਅਧੀਨ ਚੱਲ ਰਹੀਆਂ ਮੂਲ ਸਚਾਈਆ ਨੂੰ ਸਮਝ ਲਵੇ ਤਾਂ ਅਨੰਤ ਪਾਖੰਡ ਕਰਮਾਂ ਬਲਕਿ ਧਰਮ ਦੇ ਪਰਦੇ ਹੇਠ ਹੋ ਰਹੀਆਂ ਠੱਗੀਆਂ, ਜੁਰਮਾਂ ਚੋਂ ਨਿਕਲ ਅਤੇ ਪੂਰੀ ਤਰ੍ਹਾਂ ਬੱਚ ਸਕਦਾ ਹੈ।

ਬਲਕਿ ਇਸ ਨਾਲ ਮਨੁੱਖ ਨੂੰ ਨਦੀਆਂ, ਬਿਰਖਾਂ, ਮੜ੍ਹੀਆਂ, ਪਸ਼ੂਆਂ ਆਦਿ ਦੀ ਪੂਜਾ ਤੋਂ ਵੀ ਛੁਟਕਾਰਾ ਮਿਲ ਜਾਵੇਗਾ ਅਤੇ ਪਾਖੰਡੀ-ਦੰਭੀ ਗੁਰੂਆਂ-ਸੰਤਾਂ-ਸਾਧਾਂ ਦੇ ਡੇਰਿਆਂ ਦਾ ਵੀ ਆਪਣੇ ਆਪ ਭੋਗ ਪੈ ਜਾਵੇਗਾ। ਸ਼ਾਰਿਆ ਤੋਂ ਵੱਡੀ ਗੱਲ ਇਹ ਵੀ ਕਿ ਮਨੁੱਖ ਨੂੰ ਆਪਣੇ ਇਕੋ-ਇਕ ਸਿਰਜਣਹਾਰ-ਅਕਾਲਪਰਖ ਦੀ ਪਛਾਣ ਵੀ ਆਵੇਗੀ। (ਚਲਦਾ) #234P-XVIII,-02.17-0217#p18v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XVIII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਅਠਾਰ੍ਹਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.