.

ਗੁਰ ਪ੍ਰਸਾਦਿ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਗੁਰ ਪ੍ਰਸਾਦਿ:

ਗੁਰਪਰਸਾਦਿ= ਗੁਰ + ਪਰਸਾਦਿ= ਗੁਰੂ ਦੀ ਕਿਰਪਾ (ਪ੍ਰਸਾਦਿ) ਦੁਆਰਾ।

ਗੁਰੂ ਦੀ ਕਿਰਪਾ (ਪ੍ਰਸਾਦਿ) ਉਸੇ ਜਨ ਤੇ ਹੁੰਦੀ ਹੈ ਜਿਸ ਉਪਰ ਵਾਹਿਗੁਰੂ ਦੀ ਕਿਰਪਾ ਹੋਵੇ:

ਗੁਰਪਰਸਾਦੀ ਸੋਈ ਜਨੁ ਪਾਏ ਜਿਨ ਕਉ ਕਿਰਪਾ ਤੁਮਾਰੀ ।। (ਪੰਨਾ ੫੦੬)

ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ । ਜਦ ਵਾਹਿਗੁਰੂ ਨਦਰਿ ਨਿਹਾਰਦਾ ਹੈ, ਤਾਂ ਆਉਣ ਜਾਣ ਤੇ ਯਮਾਂ ਦੀ ਮਾਰ ਤੋਂ ਛੁਟਕਾਰਾ ਮਿਲ ਜਾਂਦਾ ਹੈ:

ਗੁਰਪਰਸਾਦੀ ਛੂਟੀਐ ਕਿਰਪਾ ਆਪ ਕਰੇਇ।। (ਪੰਨਾ ੯੩੪)
ਗੁਰਪਰਸਾਦੀ ਨਦਰਿ ਨਿਹਾਰਾ।। (ਪੰਨਾ ੧੦੬)
ਗੁਰਪਰਸਾਦੀ ਜਮ ਕਾ ਭਉ ਭਾਗੈ।। (ਪੰਨਾ ੧੦੪੫)


ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਸਾਰੀ ਪੁੱਠੀ ਮੱਤ ਖਤਮ ਹੋ ਹੈ ਜਾਂਦੀ ਹੈ, ਮਨ ਦਾ ਭਰਮ ਮਿਟ ਜਾਂਦਾ ਹੈ ਤੇ ਹਉਮੈ ਮਿਟ ਜਾਂਦੀ ਹੈ:

ਗੁਰਪਰਸਾਦੀ ਦੁਰਮਤਿ ਖੋਈ।। (ਪੰਨਾ ੩੫੭)
ਗੁਰਪਰਸਾਦਿ ਭਰਮ ਕਾ ਨਾਸੁ।। (ਪੰਨਾ ੨੯੪)
ਗੁਰਪਰਸਾਦੀ ਹਉਮੈ ਜਾਇ।।(ਪੰਨਾ ੬੬੬)


ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਜਨ ਆਪਾ ਪਛਾਣਦਾ ਹੈ, ਭਾਵ ਉਹ ਕੀ ਹੈ, ਉਹ ਕਿਸ ਲਈ ਜਨਮਿਆ ਹੈ ਤੇ ਉਸ ਨੇ ਜੀਵਨ ਵਿਚ ਕੀ ਕਰਨਾ ਹੈ। ਉਸਦੀ ਬੁੱਧੀ ਦਾ ਕਮਲ ਖਿਲ ਜਾਂਦਾ ਹੈ ਤੇ ਮਾਇਆ ਵਿਚ ਰਹਿੰਦਿਆਂ ਮਾਇਆ ਤੋਂ ਨਿਰਲੇਪ ਰਹਿਣ ਦਾ ਵੱਲ ਆ ਜਾਦਾ ਹੈ:

ਗੁਰਪਰਸਾਦੀ ਆਪੁ ਪਛਾਣੈ।। (ਪੰਨਾ ੮੮)
ਗੁਰਪਰਸਾਦੀ ਆਪੁ ਪਛਾਣੈ ਕਮਲੁ ਬਿਗਸੂ ਬੁਧਿ ਤਾਹਾ ਰੇ।।(ਪੰਨਾ ੧੦੫੬)
ਗੁਰਪਰਸਾਦੀ ਜੀਵਤ ਮਰੈ।। (ਪੰਨਾ ੬੬੨)
ਗੁਰਪਰਸਾਦੀ ਆਪੋ ਚੀਨੈ ਜੀਵਤਿਆ ਇਵ ਮਰੀਐ।।(ਪੰਨਾ ੯੩੫)


ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਵਾਹਿਗੁਰੂ ਦੀ ਸਮਝ ਆਉਂਦੀ ਹੈ, ਸੱਚ ਦਾ ਪਤਾ ਲਗਦਾ ਹੈ ਤੇ ਮੁਕਤੀ ਦਾ ਦਵਾਰ ਮਿਲਦਾ ਹੈ:

ਗੁਰਪਰਸਾਦੀ ਜਾਨਿਆ।। (ਪੰਨਾ ੬੫੭)
ਗੁਰਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ।। (ਪੰਨਾ ੧੧੩੨)
ਗੁਰਪਰਸਾਦੀ ਬੂਝਿ ਸਚਿ ਸਮਾਈਐ।। (ਪੰਨਾ ੧੪੭)
ਗੁਰਪਰਸਾਦੀ ਬੂਝੀਐ ਤਾ ਪਾਏ ਮੋਖ ਦੁਆਰੁ।। (ਪੰਨਾ ੩੬)

ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਜਿਸ ਨੇ ਵਾਹਿਗੁਰੂ ਨੂੰ ਪਛਾਣ ਲਿਆ ਉਹ ਗੁਣਾਂ ਦੀ ਖਾਣ ਹੋ ਗਿਆ

ਗੁਰਪਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ।। (ਪੰਨਾ ੭੭੩)

ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਜੀਵ ਸਾਰੇ ਵਿਸ਼ਵ ਦਾ ਕਰਤਾ ਇਕੋ ਨੂੰ ਹੀ ਮੰਨਦਾ ਹੈ ਮਨ ਦੀ ਹਰ ਸ਼ਕ ਮਿਟ ਜਾਂਦੀ ਹੈ ਤੇ ਹੋਰ ਦੂਜੇ ਨਾਲ ਪ੍ਰੇਮ ਨਹੀਂ ਪਾਉਂਦਾ:

ਗੁਰਪਰਸਾਦੀ ਏਕੋ ਜਾਣੈ।।(ਪੰਨਾ ੬੬੨)
ਗੁਰਪਰਸਾਦੀ ਏਕੋ ਜਾਣੈ ਚੂਕੈ ਮਨਹੁ ਅੰਦੇਸਾ।।(ਪੰਨਾ ੧੨੫੭)
ਗੁਰਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ।।(ਪੰਨਾ ੪੪੧)


ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਵਾਹਿਗੁਰੂ ਦਾ ਨਾਮ ਪਿਆਰਾ ਲਗਦਾ ਹੈ ਤੇ ਸਚ ਨਾਲ ਚਿੱਤ ਜੁੜਦਾ ਹੈ ਤੇ ਸੱਚੇ ਵਿਚ ਸਮਾਉਂਦਾ ਹੈ:

ਗੁਰਪਰਸਾਦੀ ਨਾਮ ਪਿਆਰੁ ।। (ਪੰਨਾ ੧੧੭੫)
ਗੁਰਪਰਸਾਦਿ ਵਸੈ ਮਨਿ ਆਇ।। (ਪੰਨਾ ੩੬੨)
ਗੁਰਪਰਸਾਦੀ ਹਰਿ ਨਾਮੁ ਸਮਾਲਿ ।। (ਪੰਨਾ ੧੧੨੯)
ਗੁਰਪਰਸਾਦੀ ਉਬਰੇ ਸਚਾ ਨਾਮੁ ਸੰਮਾਲਿ।। (ਪੰਨਾ ੧੦੦੯)
ਗੁਰਪਰਸਾਦੀ ਸਚਿ ਚਿਤੁ ਲਾਏ।। (ਪੰਨਾ ੧੧੨)


ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਵਿਚ ਗੁਰਪ੍ਰਸਾਦਿ ਦੀ ਵਿਆਖਿਆ ਕਰਦਿਆਂ ਸਲੋਕ ਵਿਚ ਵਾਹਿਗੁਰੂ ਨੂੰ ਗੁਰਦੇਵ ਮੰਨ ਕੇ ਕਿਰਪਾ (ਪ੍ਰਸਾਦਿ) ਰਾਹੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਿਟਾਉਣ ਦੀ ਜਾਚਨਾ ਕੀਤੀ ਹੈ:

ਕਾਮ ਕ੍ਰੋਧੁ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ॥ ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ ॥ ੧ ॥(ਪੰਨਾ ੨੬੯)

ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਜਨ ਮਾਇਆ ਤੋਂ ਨਿਕਲ ਕੇ ਪ੍ਰਮਾਤਮਾਂ ਦੀ ਸ਼ਰਨ ਜਾ ਲੈਂਦਾ ਹੈ ਜਿੱਥੋਂ ਉਸ ਨੂੰ ਸੱਚ ਦਾ ਗਿਆਨ ਹੁੰਦਾ ਹੈ ਤੇ ਸੱਚ ਵਿਚੋਂ ਹੀ ਸੁੱਖ ਮਿਲਣ ਲਗਦਾ ਹੈ:

ਗੁਰਪਰਸਾਦੀ ਉਬਰੇ ਹਰਿ ਕੀ ਸਰਣਾਈ ।। (ਪੰਨਾ ੧੦੧੧)
ਗੁਰਪਰਸਾਦਿ ਸਚੁ ਨਦਰੀ ਆਵੈ ਸਚੇ ਹੀ ਸੁਖੁ ਪਾਵਣਿਆ।। (ਪੰਨਾ ੧੨੦)

ਗੁਰੂ ਦੀ ਕਿਰਪਾ (ਪ੍ਰਸਾਦਿ) ਦੁਆਰਾ ਜਨ ਦਾ ਮਨ ਸੱਚੇ ਵਾਹਿਗੁਰੂ ਦੇ ਨਾਮ ਵਿਚ ਲੱਗ ਜਾਂਦਾ ਹੈ ਤੇ ਉਹ ਪ੍ਰਮਾਤਮਾ ਦੀ ਸਿਫਤ ਸਲਾਹ ਤੇ ਨਾਮ ਭਗਤੀ ਵਿਚ ਲਗ ਜਾਂਦਾ ਹੈ ਜਿਸ ਨਾਲ ਉਸ ਦਾ ਮਾਇਆ ਜਗਤ ਤੋਂ ਧਿਆਨ ਛੁੱਟ ਜਾਂਦਾ ਹੈ: ਅਗਿਆਨ ਜਾਂਦਾ ਰਹਿੰਦਾ ਹੈ ਤੇ ਸਹੀ ਗਿਆਨ (ਆਪੇ ਦੀ ਪਛਾਣ) ਦੀ ਰੋਸ਼ਨੀ ਮਨ ਵਿਚ ਹੋ ਜਾਂਦੀ ਹੈ ਤੇ ਸਾਰੀਆਂ ਦੁਚਿਤੀਆਂ ਤੇ ਚਿੰਤਾਵਾਂ ਹਟ ਜਾਂਦੀਆਂ ਹਨ। ਨਾਮ ਨਾਲ ਜੁੜਿਆ ਮਨ ਸਹਿਜੇ ਸਹਿਜੇ ਉਸ ਪ੍ਰਮਾਤਮਾ ਨਾਲ ਜੁੜਦਾ ਜਾਂਦਾ ਹੈ ਤੇ ਪਵਿਤਰ ਮਨ ਵਿਚ ਸਾਰੇ ਸੁੱਖਾਂ ਦਾ ਵਾਸਾ ਹੋ ਜਾਂਦਾ ਹੈ। ਗੁਰੂ ਦੀ ਮਿਹਰ ਸਦਕਾ ਹੀ ਵਾਹਿਗੁਰੂ ਮਨ ਵਿਚ ਪ੍ਰਗਟ ਹੁੰਦਾ ਹੈ:

ਗੁਰਪਰਸਾਦਿ ਨਾਮ ਮਨੁ ਲਾਗਾ।। (ਪੰਨਾ ੧੮੪)
ਗੁਰਪਰਸਾਦੀ ਸਾਲਾਹੀਐ ਹਰਿ ਭਗਤੀ ਰਾਪੈ।। (ਪੰਨਾ ੯੫੩)
ਗੁਰਪਰਸਾਦਿ ਰਹੇ ਲਿਵ ਲਾਇ।। (ਪੰਨਾ ੯੩੨)
ਗੁਰਪਰਸਾਦੀ ਤ੍ਰਿਕੁਟੀ ਛੂਟੈ ਚਉਥੈ ਪਦਿ ਲਿਵ ਲਾਈ।। (ਪੰਨਾ ੯੦੯)
ਗੁਰਪਰਸਾਦੀ ਏਕ ਲਿਵ ਲਾਗੀ ਦੁਬਿਧਾ ਤਦੇ ਬਿਨਾਸੀ ।। (ਪੰਨਾ ੯੯੩)
ਗੁਰਪਰਸਾਦਿ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ।। (ਪੰਨਾ ੬੧੦)
ਗੁਰਪਰਸਾਦਿ ਮਿਟਿਆ ਅੰਧਿਆਰਾ ਘਟਿ ਚਾਨਣੁ ਆਪ ਪਛਾਨਣਿਆ।। (ਪੰਨਾ ੧੨੯)
ਗੁਰਪਰਸਾਦਿ ਸਹਜ ਘਰ ਵਸਿਆ ਮਿਟਿਆ ਅੰਧੇਰਾ ਚੰਦੁ ਚੜ੍ਹਿਆ। (ਪੰਨਾ ੩੯੩)
ਗੁਰਪਰਸਾਦੀ ਪਾਈਐ ਅੰਤਰਿ ਕਪਟ ਖੁਲਾਹੀ।। (ਪੰਨਾ ੩੨੫)
ਗੁਰਪਰਸਾਦਿ ਘਰ ਹੀ ਪਰਗਾਸਿਆ ਸਹਜੇ ਸਹਜਿ ਸਮਾਈ।। (ਪੰਨਾ ੧੨੭੩)
ਗੁਰਪਰਸਾਦਿ ਭਇਓ ਮਨੁ ਨਿਰਮਲੁ ਸਰਬ ਸੁਖਾ ਸੁਖ ਪਾਇਅਉ।। (ਪੰਨਾ ੪੯੬)
ਗੁਰਪਰਸਾਦੀ ਪਰਗਟੁ ਹੋਈ।। (ਪੰਨਾ ੧੦੫੪)

ਗੁਰੂ ਦੀ ਕਿਰਪਾ (ਪ੍ਰਸਾਦਿ) ਦੁਆਰਾ ਸੱਚੇ ਪਰਮ ਪਿਤਾ ਪਰਮਾਤਾਮਾ ਦਾ ਨਾਮ ਜਪਕੇ, ਧਿਆਕੇ, ਉਸ ਨਾਲ ਲਿਵ ਲਾਕੇ, ਸ਼ਾਂਤ ਹੋ, ਜਨ ਉਸ ਜੇਹਾ ਹੋਕੇ ਉਸ ਨਾਲ ਮਿਲ ਜਾਂਦਾ ਹੈ ਤੇ ਆਵਾਗਮਨ ਤੋਂ ਮੁਕਤ ਹੋ ਜਾਂਦਾ ਹੈ:

ਗੁਰਪਰਸਾਦਿ ਨਿਰੰਜਨ ਪਾਵਉ।। (ਪੰਨਾ ੫੨੫)
ਗੁਰਪਰਸਾਦਿ ਨਿਰੰਜਨ ਪਾਇਆ ਸਾਚੈ ਸਬਦਿ ਵੀਚਾਰੀ।। (ਪੰਨਾ ੧੨੩੪)
ਗੁਰਪਰਸਾਦਿ ਘਰ ਹੀ ਪਿਰ ਪਾਇਆ ਤਉ ਨਾਨਕ ਤਪਤਿ ਬੁਝਾਈ।। (ਪੰਨਾ ੧੨੭੩)
ਗੁਰਪਰਸਾਦੀ ਮਿਲੈ ਹਰਿ ਸੋਈ।। (ਪੰਨਾ ੨੩੦੦
ਗੁਰਪਰਸਾਦੀ ਉਤਰੇ ਪਾਰਿ।। (ਪੰਨਾ ੯੭੧)
ਗੁਰਪਰਸਾਦੀ ਏਕੋ ਬੂਝੈ ਏਕਸੁ ਮਾਹਿ ਸਮਾਏ ।।(ਪੰਨਾ ੭੩੨)
ਗੁਰਪਰਸਾਦੀ ਸਾਚੁ ਸਮਾਇ।। (ਪੰਨਾ ੧੧੭੪)
ਗੁਰਪਰਸਾਦਿ ਮੁਕਤਿ ਗਤਿ ਪਾਏ।।(ਪੰਨਾ ੧੧੨)


ਇਸ ਤਰਾਂ ਜਨ ਗੁਰੂ ਦੀ ਕਿਰਪਾ (ਪ੍ਰਸਾਦਿ) ਦੁਆਰਾ ਅਨਭਉ ਬ੍ਰਹਮ ਵਿਚ ਮਿਲ ਪਰਮ ਪਦ ਪਰਾਪਤ ਕਰਦਾ ਹੈ:

ਗੁਰਪਰਸਾਦੀ ਜਾਣੀਐ ਤਉ ਅਨਭਉ ਪਾਵੈ।। (ਪੰਨਾ ੭੨੫)
ਗੁਰਪਰਸਾਦੀ ਬ੍ਰਹਮ ਸਮਾਉ।। (ਪੰਨਾ ੩੫੫)
ਗੁਰਪਰਸਾਦਿ ਪਰਮ ਪਦ ਪਾਏ।। (ਪੰਨਾ ੨੨੩)


ਗੁਰਪਰਸਾਦਿ= ਗੁਰ + ਪਰਸਾਦਿ= ਗੁਰੂ ਦੀ ਕਿਰਪਾ (ਪ੍ਰਸਾਦਿ) ਦੁਆਰਾ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਤੇ ਉਸ ਵਿਚ ਮਿਲ ਕੇ ਮੁਕਤੀ ਪਾਈ ਜਾ ਸਕਦੀ ਹੈ।ਗੁਰੂ ਦੀ ਕਿਰਪਾ (ਪ੍ਰਸਾਦਿ) ਉਸੇ ਜਨ ਤੇ ਹੁੰਦੀ ਹੈ ਜਿਸ ਉਪਰ ਵਾਹਿਗੁਰੂ ਦੀ ਕਿਰਪਾ ਹੋਵੇ। ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ।ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਸਾਰੀ ਪੁੱਠੀ ਮੱਤ ਖਤਮ ਹੋ ਜਾਂਦੀ ਹੈ, ਮਨ ਦਾ ਭਰਮ ਮਿਟ ਜਾਂਦਾ ਹੈ ਤੇ ਹਉਮੈ ਮਿਟ ਜਾਂਦੀ ਹੈ।ਅਗਿਆਨ ਜਾਂਦਾ ਰਹਿੰਦਾ ਹੈ ਤੇ ਸਹੀ ਗਿਆਨ (ਆਪੇ ਦੀ ਪਛਾਣ) ਦੀ ਰੋਸ਼ਨੀ ਮਨ ਵਿਚ ਹੋ ਜਾਂਦੀ ਹੈ ਤੇ ਸਾਰੀਆਂ ਦੁਚਿਤੀਆਂ ਤੇ ਚਿੰਤਾਵਾਂ ਹਟ ਜਾਂਦੀਆਂ ਹਨ।ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਜਨ ਆਪਾ ਪਛਾਣਦਾ ਹੈ, ਭਾਵ ਉਹ ਕੀ ਹੈ, ਉਹ ਕਿਸ ਲਈ ਜਨਮਿਆ ਹੈ ਤੇ ਉਸ ਨੇ ਜੀਵਨ ਵਿਚ ਕੀ ਕਰਨਾ ਹੈ। ਉਸਦੀ ਬੁੱਧੀ ਦਾ ਕਮਲ ਖਿਲ ਜਾਂਦਾ ਹੈ ਤੇ ਮਾਇਆ ਵਿਚ ਰਹਿੰਦਿਆਂ ਮਾਇਆ ਤੋਂ ਨਿਰਲੇਪ ਰਹਿਣ ਦਾ ਵੱਲ ਆ ਜਾਦਾ ਹੈ।ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਵਾਹਿਗੁਰੂ ਦੀ ਸਮਝ ਆਉਂਦੀ ਹੈ, ਸੱਚ ਦਾ ਪਤਾ ਲਗਦਾ ਹੈ ਤੇ ਮੁਕਤੀ ਦਾ ਦਵਾਰ ਮਿਲਦਾ ਹੈ।ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਜਿਸ ਨੇ ਵਾਹਿਗੁਰੂ ਨੂੰ ਪਛਾਣ ਲਿਆ ਉਹ ਗੁਣਾਂ ਦੀ ਖਾਣ ਹੋ ਗਿਆ। ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਜੀਵ ਸਾਰੇ ਵਿਸ਼ਵ ਦਾ ਕਰਤਾ ਇਕੋ ਨੂੰ ਹੀ ਮੰਨਦਾ ਹੈ ਮਨ ਦੀ ਹਰ ਸ਼ਕ ਮਿਟ ਜਾਂਦੀ ਹੈ ਤੇ ਹੋਰ ਦੂਜੇ ਨਾਲ ਪ੍ਰੇਮ ਨਹੀਂ ਪਾਉਂਦਾ।ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਵਾਹਿਗੁਰੂ ਦਾ ਨਾਮ ਪਿਆਰਾ ਲਗਦਾ ਹੈ ਤੇ ਸਚ ਨਾਲ ਚਿੱਤ ਜੁੜਦਾ ਹੈ ਤੇ ਸੱਚੇ ਵਿਚ ਸਮਾਉਂਦਾ ਹੈ।ਗੁਰੂ ਦੀ ਕਿਰਪਾ (ਪ੍ਰਸਾਦਿ) ਦੁਆਰਾ ਜਨ ਦਾ ਮਨ ਸੱਚੇ ਵਾਹਿਗੁਰੂ ਦੇ ਨਾਮ ਵਿਚ ਲੱਗ ਜਾਂਦਾ ਹੈ ਤੇ ਉਹ ਪ੍ਰਮਾਤਮਾ ਦੀ ਸਿਫਤ ਸਲਾਹ ਤੇ ਨਾਮ ਭਗਤੀ ਵਿਚ ਲਗ ਜਾਂਦਾ ਹੈ ਜਿਸ ਨਾਲ ਉਸ ਦਾ ਮਾਇਆ ਜਗਤ ਤੋਂ ਧਿਆਨ ਛੁੱਟ ਜਾਂਦਾ ਹੈ।ਨਾਮ ਨਾਲ ਜੁੜਿਆ ਮਨ ਸਹਿਜੇ ਸਹਿਜੇ ਉਸ ਪ੍ਰਮਾਤਮਾ ਨਾਲ ਜੁੜਦਾ ਜਾਂਦਾ ਹੈ ਤੇ ਪਵਿਤਰ ਮਨ ਵਿਚ ਸਾਰੇ ਸੁੱਖਾਂ ਦਾ ਵਾਸਾ ਹੋ ਜਾਂਦਾ ਹੈ। ਗੁਰੂ ਦੀ ਮਿਹਰ ਸਦਕਾ ਹੀ ਵਾਹਿਗੁਰੂ ਮਨ ਵਿਚ ਪ੍ਰਗਟ ਹੁੰਦਾ ਹੈ। ਜਦ ਵਾਹਿਗੁਰੂ ਨਦਰਿ ਨਿਹਾਰਦਾ ਹੈ, ਤਾਂ ਆਉਣ ਜਾਣ ਤੇ ਯਮਾਂ ਦੀ ਮਾਰ ਤੋਂ ਛੁਟਕਾਰਾ ਮਿਲ ਜਾਂਦਾ ਹੈ।




.