.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਸਤਾਰ੍ਹਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਗੁਰਬਾਣੀ ਇਸੁ ਜਗ ਮਹਿ ਚਾਨਣੁ" - ਸੰਸਾਰ ਦਾ ਇਤਿਹਾਸ ਹਜ਼ਾਰਾਂ ਤਾਂ ਕੀ ਲਖਾਂ ਸਾਲ ਪੁਰਾਣਾ ਵੀ ਕਿਹਾ ਜਾ ਸਕਦਾ ਹੈ। ਇਸ ਦੌਰਾਨ ਅੱਜ ਤੀਕ ਜਿਸ-ਜਿਸ ਨੇ ਵੀ ਮਨੁੱਖ ਮਾਤ੍ਰ ਦੀ ਭਲਾਈ ਲਈ ਜੋ ਕੁੱਝ ਵੀ ਕੀਤਾ, ਸਾਡੇ ਲਈ ਸਾਰੇ ਸਤਿਕਾਰਯੋਗ ਹਨ। ਇਸ ਤਰ੍ਹਾਂ ਗੁਰਬਾਣੀ ਦਾ ਪ੍ਰਕਾਸ਼ ਹੋਣ ਤੀਕ ਵੀ ਸੰਸਾਰ ਤੱਲ `ਤੇ ਜਿਤਨੇ ਵੀ ਅਜਿਹੇ ਸੱਜਨ ਉਭਰੇ ਅਤੇ ਜਿਸ-ਜਿਸ ਨੇ ਵੀ ਮਨੁੱਖੀ ਭਲਾਈ ਦੇ ਖੇਤ੍ਰ `ਚ ਜਿਸ ਪੱਖੋਂ ਵੀ ਨਾਮਨਾ ਖੱਟਿਆ ਉਹ ਵੀ ਸਾਰੇ ਸਤਿਕਾਰਯੋਗ ਹਨ।

ਇਸ ਤੋਂ ਇਲਾਵਾ ਸੰਸਾਰ ਤੱਲ `ਤੇ ਜਿੱਤਣੀਆਂ ਵੀ ਧਾਰਮਿਕ ਰਚਨਾਵਾਂ ਪ੍ਰਾਪਤ ਹਨ, ਘੱਟ ਜਾਂ ਵੱਧ, "ਵੇਦਾ ਮਹਿ ਨਾਮੁ ਉਤਮੁ, ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ॥ ਕਹੈ ਨਾਨਕੁ, ਜਿਨ ਸਚੁ ਤਜਿਆ, ਕੂੜੇ ਲਾਗੇ, ਤਿਨੀ ਜਨਮੁ ਜੂਐ ਹਾਰਿਆ" (ਪੰ: ੯੧੯) ਅਨੁਸਾਰ ਜਿਨ੍ਹਾਂ-ਜਿਨ੍ਹਾਂ `ਚ ਵੀ ਇੱਕ ਕਰਤੇ ਅਕਾਲਪੁਰਖ ਦੀ ਗੱਲ ਕੀਤੀ ਹੋਈ ਹੈ ਸਾਡੇ ਲਈ ਉਹ ਵੀ ਸਤਿਕਾਰ ਯੋਗ ਹਨ।

ਇਸ ਸਾਰੇ ਦੇ ਬਾਵਜੂਦ ਜਿਸ ਸਦੀਵੀ ਅਤੇ ਇਲਾਹੀ ਸੱਚ ਦਾ ਪ੍ਰਕਾਸ਼ "ਗੁਰੂ ਨਾਨਕ ਪਾਤਸ਼ਾਹ ਦੇ ਆਗਮਨ, ਉਪ੍ਰੰਤ "ੴ" ਤੋਂ "ਤਨੁ ਮਨੁ ਥੀਵੈ ਹਰਿਆ ਤੀਕ" "ਅੱਖਰ ਰੂਪ" "ਗੁਰਬਾਣੀ ਦੇ ਭੰਡਾਰ" "ਜੁਗੋ-ਜੁਗ ਅਟੱਲ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਰਾਹੀਂ ਹੋਇਆ, ਉਹ ਸਚਮੁਚ ਹੀ ਵਿਲੱਖਣ, ਹੈਰਾਣਕੁਣ, ਵਿਸਮਾਦ ਭਰਪੂਰ ਤੇ ਮਨੁੱਖ ਦੇ ਮਨ ਨੂੰ ਚਕ੍ਰਿਤ ਕਰਣ ਵਾਲਾ ਹੈ।

ਬਲਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੇ ਤਾਂ ਅਨੰਤ ਸਰਬਕਾਲੀ ਤੇ ਰੱਬੀ ਸੱਚਾਈਆਂ ਦੇ ਨਾਲ-ਨਾਲ, ਸਮੂਚੇ ਮਨੁੱਖ ਮਾਤ੍ਰ ਨੂੰ ਅਜਿਹੇ ਸੰਕ੍ਰਾਮਿਕ ਰੋਗਾਂ ਵੱਲੋਂ ਵੀ ਸੁਚੇਤ ਕੀਤਾ ਹੋਇਆ ਹੈ ਜਿਹੜੇ ਲੰਮੇਂ ਸਮੇਂ ਤੋਂ ਮਨੁੱਖਾ ਨਸਲ ਦੀ ਜੜ੍ਹ `ਚ, ਨਸਲ-ਦਰ-ਨਸਲ ਘੁਣ ਵਾਂਙ ਲੱਗੇ ਹੋਏ ਸਨ ਪਰ ਉਸ ਤੋਂ ਪਹਿਲਾਂ ਉਹ ਕਦੇਵੀ ਕਿਸੇ ਮਨੁੱਖ, ਸਮੁਦਾਇ ਜਾਂ ਮੰਨੇ ਜਾਂਦੇ ਧਰਮ ਜਾਂ ਉਨ੍ਹਾਂ ਆਗੂਆਂ ਦੀ ਸਮਝ `ਚ ਵੀ ਨਹੀਂ ਸਨ ਆਏ। ਉਸ ਦੇ ਉਲਟ ਮਨੁੱਖ ਉਨ੍ਹਾਂ ਨੂੰ ਵੀ ਲਗਾਤਾਰ ਅੰਮ੍ਰਿਤ ਮੰਨ ਕੇ ਛੱਕਦਾ ਆ ਰਿਹਾ ਤੇ ਦਿਨੋ ਦਿਨ ਆਪਣੀ ਹੀ ਨਸਲ ਦੀ ਤੱਬਾਹੀ ਨੂੰ ਸੱਦਾ ਵੀ ਦਿੰਦਾ ਆ ਰਿਹਾ ਸੀ।

ਉਪ੍ਰੰਤ, ਆਪਣੇ ਦਸ ਗੁਰੂ ਜਾਮਿਆ ਦੌਰਾਨ ਲਗਾਤਾਰ ੨੩੯ ਸਾਲਾਂ ਦਾ ਲੰਮਾਂ ਸਮਾਂ ਲਗਾ ਕੇ ਅਤੇ ਅਣਥਕ ਘਾਲਣਾਵਾਂ ਘਾਲ ਕੇ ਗੁਰਦੇਵ ਨੇ ਸਮੂਚੇ ਮਨੁਖ ਮਾਤ੍ਰ ਨੂੰ "ਗੁਰਬਾਣੀ ਦੇ ਪ੍ਰਕਾਸ਼ ਰਾਹੀਂ" ਉਨ੍ਹਾਂ ਦਾਨਵੀ ਤੇ ਖ਼ਤਰਨਾਕ ਅਗਿਆਨਤਾਵਾਂ ਵੱਲੋਂ ਗੁਰਬਾਣੀ ਦੇ ਪ੍ਰਸਾਰ ਰਾਹੀਂ ਕੇਵਲ ਸੁਚੇਤ ਹੀ ਨਹੀਂ ਕੀਤਾ, ਬਲਕਿ ਉਨ੍ਹਾਂ ਦੇ ਨਿਵਾਰਣ ਲਈ, ਆਪਣੇ ਸਰੀਰਾਂ ਤੇ ਹੰਡਾ ਕੇ ਜਗਾਇਆ ਅਤੇ ਬਦਲੇ `ਚ ਮਨੁੱਖ ਨੂੰ ਸੁਚੱਜੇ ਜੀਵਨ ਰਾਹ `ਤੇ ਲਈ ਪ੍ਰੇਰਿਆ ਵੀ।

ਉਹ ਇਸ ਲਈ ਤਾ ਕਿ ਮਨੁੱਖ ਦੀ ਨਸਲ, ਉਨ੍ਹਾਂ ਸੰਕ੍ਰਾਮਿਕ ਦਾਨਵੀ ਰੋਗਾਂ ਰਾਹੀਂ ਹੋ ਰਹੀ ਅਪਣੀ ਉਸ ਸੰਭਾਵੀ ਤੱਬਾਹੀ ਤੋਂ ਬੱਚ ਸਕੇ। ਜਦਕਿ ਮਨੁੱਖ ਸਮਾਜ ਦਾ ਵੱਡਾ ਹਿੱਸਾ, ਗੁਰਬਾਣੀ ਰਾਹੀਂ ਪ੍ਰਗਟ, ਉਨ੍ਹਾਂ ਚੇਤਾਵਣੀਆਂ ਤੋਂ ਅਣਜਾਣ ਤੇ ਲਾਪਰਵਾਹ ਰਹਿਕੇ ਅੱਜ ਵੀ ਜਿਵੇਂ ਕਿ ਲਗਾਤਾਰ ਆਪਣੇ ਲਈ ਕਬਰ ਖੋਦਣ `ਚ ਹੀ ਲੱਗਾ ਹੋਇਆ ਹੈ। ਤਾਂ ਤੇ ਕੁੱਝ ਸੰਬੰਧਤ ਵਿਸ਼ੇ ਮਿਸਾਲ ਵਜੋਂ:-

"ਇਕੋ ਇਕ" ਅਕਾਲਪੁਰਖ ਵਾਲੇ ਸੱਚ ਵੱਲੋਂ ਅਗਿਆਨਤਾ- ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ, ਸ਼ੱਕ ਨਹੀਂ ਸੰਸਾਰ ਦੇ ਕੁੱਝ ਵਰਗਾਂ `ਚ "ਵੇਦਾ ਮਹਿ ਨਾਮੁ ਉਤਮੁ…" ਭਾਵ ਕਿਸੇ ਹੱਦ ਤੀਕ "ਏਕੋ ਬ੍ਰਹਮ" ਵਾਲੀ ਵਿਚਾਰਧਾਰਾ ਵੀ ਮੌਜੂਦ ਸੀ। ਉਸ ਤੋਂ ਬਾਅਦ ਇੱਕ ਅਲਾਹ ਅਤੇ ਇੱਕ ਗਾਡ ਵਾਲੀ ਗੱਲ ਵੀ ਮਿਲਦੀ ਹੈ, ਪਰ ਅਧੂਰੀ। ਕਿਉਂਕਿ ਮੁਸਲਮਾਨ ਵੀਰ ‘ਇਕ ਅਲ੍ਹਾ ਤਾਲਾ’ ਦੀ ਗੱਲ ਤਾਂ ਜ਼ਰੂਰ ਕਰਦੇ ਹਨ ਪਰ ਉਨ੍ਹਾਂ ਦਾ ਰੱਬ ਇਸਾਈਆਂ ਦੇ ‘ਗਾਡ’ ਤੋਂ ਵੱਖਰਾ ਸੀ ਤੇ ਹੈ। ਇੱਕ ਰੱਬ ਦੇ ਪੁਜਾਰੀ ਹੋਣ ਦੇ ਬਾਵਜੂਦ, ਮਨੁੱਖ-ਮਨੁੱਖ ਤੋਂ ਕੱਟਿਆ ਵੱਖ-ਵੱਖ ਖੈਮਿਆਂ `ਚ ਖਲੋਤਾ, ਇੱਕ ਦੂਜੇ ਦੇ ਖੂਨ ਦਾ ਪਿਆਸਾ ਬਣਿਆ ਹੋਇਆ ਸੀ। ਇਹ ਗੱਲ ਤਾਂ ਫ਼ਿਰ ਵੀ ਉਨ੍ਹਾਂ ਦੀ ਹੈ ਜਿਹੜੇ "ਇਕੋ ਇਕ" ਵਾਹਿਦ ਹਸਤੀ "ਰੂਪ-ਰੰਗ-ਰੇਖ" ਤੋਂ ਨਿਆਰੇ ਰੱਬ ਦੀ ਗੱਲ ਕਰਦੇ ਸਨ।

ਇਸ ਤੋਂ ਬਾਅਦ ਕੁਰਾਹੇ ਪਏ ਹੋਏ ਉਹ ਲੋਕ ਵੀ ਸਨ, ਜਿੰਨ੍ਹਾਂ ਦੇ ਭਗਵਾਨ ਕਿਸੇ ਇੱਕ ਧਿਰ ਦੀ ਰਾਖੀ ਤੇ ਦੂਜੇ ਦੇ ਸੰਘਾਰ ਲਈ ਬਾਰ ਬਾਰ ਜਨਮ ਧਾਰ ਕੇ ਆਉਂਦੇ ਅਤੇ ਖੁਦ ਵੀ ਜਨਮ-ਮਰਨ ਦੀ ਖੇਡ `ਚ ਹੀ ਫ਼ਸੇ ਹੋਏ ਸਨ। ਫ਼ਿਰ ਇਸੇ ਅਗਿਆਨਤਾ ਦਾ ਇੱਕ ਉਹ ਰੂਪ ਹੋਰ, ਜਿੱਥੇ ਕਰਤੇ ਦੀਆਂ ਭਿੰਨ-ਭਿੰਨ ਦਾਤਾਂ ਭਾਵ ਸ਼ਕਤੀਆਂ ਦੀ ਪੂਜਾ ਦਾ ਹੀ ਵਿਧਾਨ ਹੈ ਜਿਵੇਂ ਹਵਾ, ਪਾਣੀ, ਅਗਨੀ, ਅੰਨ, ਨਦੀਆਂ, ਪੇੜਾਂ ਆਦਿ ਦੀ ਪੂਜਾ ਅਤੇ ਉਨ੍ਹਾਂ ਦੇ ਇਨ੍ਹਾਂ ਇਸ਼ਟਾਂ ਦੀ ਗਿਣਤੀ ਵੀ ਤਿੰਨ ਕ੍ਰੋੜ ਦੱਸੀ ਜਾਂਦੀ ਹੈ। ਗੁਰਬਾਣੀ `ਚ ਉਨ੍ਹਾਂ ਨੂੰ ਹੀ ਸਾਕਤ ਮਤੀਏ ਭਾਵ ਕਰਤੇ ਦੀਆਂ ਸ਼ਕਤੀਆਂ ਦੇ ਪੂਜਾਰੀ ਕਿਹਾ ਹੈ।

ਉਥੇ ਉਨ੍ਹਾਂ ਅਨੁਸਾਰ ਜਗਤ ਨੂੰ ਪੈਦਾ ਕਰਣ ਵਾਲਾ ਬ੍ਰਹਮਾ, ਪਾਲਣਾ ਕਰਣ ਵਾਲਾ ਵਿਸ਼ਨੂ ਅਤੇ ਮਾਰਣ ਵਾਲਾ ਮਹੇਸ਼ ਅਥਵਾ ਸ਼ਿਵਜੀ ਹੈ। ਇਸੇ ਸੰਪੂਰਣ ਅਗਿਆਨਤਾ ਦਾ ਹੀ ਅਗਲਾ ਪੜਾਅ ਸਾਬਤ ਹੁੰਦਾ ਹੈ ਅਜੋਕਾ ਲੈਨਿਨ ਵਾਦ ਤੇ ਮਾਰਕਸ ਵਾਦ ਭਾਵ ਕਮਿਉਨਿਜ਼ਮ, ਸਾਮਵਾਦ ਅਥਵਾ ਨਾਸਤਿਕਤਾ।

ਫ਼ਿਰ ਇਹ ਵੀ ਕੇਵਲ ਗੁਰੂ ਨਾਨਕ ਪਾਤਸ਼ਾਹ ਅਥਵਾ ਗੁਰਬਾਣੀ ਦੇ ਹਿੱਸੇ `ਚ ਹੀ ਆਉਂਦਾ ਹੈ ਜਦੋਂ ਆਪ ਨੇ ਸੰਸਾਰ ਨੂੰ ਵੰਗਾਰ ਕੇ ਕਿਹਾ ਕਿ ਐ ਦੁਨੀਆ ਦੇ ਲੋਕੋ! ਪ੍ਰਭੂ ਅਕਾਲਪੁਰਖ ਵੱਖ ਵੱਖ ਲੋਕਾਂ ਦਾ ਵੱਖ-ਵੱਖ ਨਹੀਂ ਹੁੰਦਾ, ਸਾਰੇ ਸੰਸਾਰ ਦਾ ਕਰਤਾ-ਹਰਤਾ-ਰਾਜ਼ਕ ਤੇ "ਰੂਪ-ਰੰਗ-ਰੇਖ" ਤੋਂ ਨਿਆਰਾ ਕੇਵਲ ਤੇ ਕੇਵਲ ਇਕੋ ਹੀ ਹੈ ਜਿਵੇਂ ਕਿ ਗੁਰਬਾਣੀ ਫ਼ੁਰਮਾਨ ਹਨ:-

() "ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥ ਕਰਿ ਆਸਣੁ ਡਿਠੋ ਚਾਉ" (ਪੰ: ੪੬੨)।

() ਆਪੇ ਥਾਪਿ ਉਥਾਪੇ ਆਪੇ॥ ਤੁਝ ਤੇ ਬਾਹਰਿ ਕਛੂ ਨ ਹੋਵੈ, ਤੂੰ ਆਪੇ ਕਾਰੈ ਲਾਵਣਿਆ॥ ੬ ਆਪੇ ਮਾਰੇ ਆਪਿ ਜੀਵਾਏ॥ ਆਪੇ ਮੇਲੇ ਮੇਲਿ ਮਿਲਾਏ. ." (ਪੰ: ੧੨੫)

() "ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ" (ਜਪੁ) ਜਾਂ

() "ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ" (ਪੰ: ੧੩੫) ਪੁਨਾ

() "ਏਕੋ ਏਕੁ ਆਪਿ ਇਕੁ, ਏਕੈ ਏਕੈ ਹੈ ਸਗਲਾ ਪਾਸਾਰੇ" (ਪੰ: ੩੭੯) ਹੋਰ

() ਪੂਰਿ ਰਹਿਆ ਸ੍ਰਬ ਠਾਇ ਹਮਾਰਾ ਖਸਮੁ ਸੋਇ॥ ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ" (ਪੰ: ੩੯੮) ਆਦਿ ਬੇਅੰਤ ਸੰਬੰਧਤ ਗੁਰਬਾਣੀ ਫ਼ੁਰਮਾਨ ਪ੍ਰਾਪਤ ਹਨ

ਇਸ ਤਰ੍ਹਾਂ ਗੁਰਦੇਵ ਨੇ ਉਚੀ ਆਵਾਜ਼ ਨਾਲ, ਮਾਨਵ ਜਾਤੀ ਦੀ ਇਸ ਸੰਬੰਧੀ ਅਗਿਅਨਤਾ ਨੂੰ ਵੰਗਾਰਿਆ ਤੇ ਵਿਸ਼ੇ ਨੂੰ ਸਪਸ਼ਟ ਵੀ ਕੀਤਾ। ਇਸ ਤਰ੍ਹਾਂ ਸੰਸਾਰ ਭਰ ਦੇ ਸਮੂਚੇ ਮਨੁੱਖ ਮਾਤ੍ਰ ਨੂੰ ਉਸ ਦੇ "ਇਕੋ ਇਕ" ਅਸਲੇ ਅਤੇ ਉਸ ਦੇ ਕਰਤੇ "ਇਕੋ ਇਕ" ਅਕਾਲਪੁਰਖ ਨਾਲ ਜੋੜਿਆ। ਹੋਰ:-

ਸਾਰੇ ਮਨੁੱਖਮਾਤ੍ਰ ਤੇ ਸਾਰੇ ਸੰਸਾਰ ਦਾ "ਗੁਰੂ" ਵੀ ਇਕੋ ਹੀ ਹੈ- ਹੁਣ ਤੀਕ ਵੇਰਵੇ ਤੋਂ ਇਹ ਵੀ ਸਮਝਦੇ ਆ ਰਹੇ ਹਾਂ ਕਿ ਗੁਰਬਾਣੀ ਨੇ ਸੰਸਾਰ ਤੱਲ `ਤੇ ਇਸ ਭੇਦ ਨੂੰ ਵੀ ਖੋਲ੍ਹਿਆ ਅਤੇ ਐਲਾਣਿਆ ਕਿ ਸੰਸਾਰ ਭਰ ਦੇ ਮਨੁੱਖ ਮਾਤ੍ਰ ਦਾ ਗੁਰੂ ਵੀ "ਇਕੋ ਇਕ" ਹੈ, ਭਿੰਨ ਭਿੰਨ ਗੁਰੂ ਨਹੀਂ ਹਨ ਅਤੇ ਮਨੁੱਖਾ ਸਰੀਰ ਕਦੇ ਵੀ ਗੁਰੂ ਨਹੀਂ ਹੁੰਦਾ। ਇਥੋਂ ਤੀਕ ਕਿ ਦਸੋਂ ਪਾਤਸ਼ਾਹੀਆਂ ਨੇ ਵੀ ਸੰਪੂਰਣ ਗੁਰਬਾਣੀ ਰਚਨਾ `ਚ ਆਪਣੇ ਅਤੀ ਸਤਿਕਾਰ ਜੋਗ ਸਰੀਰਾਂ ਨੂੰ ਵੀ, ਸੰਸਾਰ ਤਲ ਦੇ ਉਸ ਸਦਾ ਥਿਰ "ਇਕੋ ਇਕ" "ਇਲਾਹੀ ਗੁਰੂ" ਤੋਂ ਵੱਖ ਕਰਕੇ ਹੀ ਬਿਆਣਿਆ ਹੈ।

"ਸਮੂਚੇ ਮਨੁੱਖ ਮਾਤ੍ਰ ਤੇ ਖਾਸਕਰ "ਗੁਰਬਾਣੀ ਆਧਾਰਤ" ਸੰਸਾਰ ਤਲ ਦੇ ਜਿਸ ਸਦਾ ਥਿਰ ਇਕੋ-ਇਕ "ਗੁਰੂ", ਸਤਿਗੁਰੂ, ਸ਼ਬਦ, ਸ਼ਬਦ-ਗੁਰੂ, ਗਿਆਨ-ਗੁਰੂ ਵਾਲੇ "ਪ੍ਰਭੂ ਦੇ ਵਿਸ਼ੇਸ਼ ਗੁਣ" "ਗੁਰਬਾਣੀ-ਗੁਰੂ" ਅਥਵਾ ਉਸ "ਇਕੋ-ਇਕ" "ਗੁਰੂ" ਦਾ ਸਿਧਾ ਸੰਬੰਧ, ਪ੍ਰਭੂ ਦੀਆਂ ਅਰਬਾਂ-ਖਰਬਾਂ ਜੂਨਾ ਚੋਂ "ਇਕੋ-ਇਕ" "ਦੁਰਲਭ ਜੂਨ, ਮਨੁੱਖਾ ਜਨਮ ਦੀ ਸਫ਼ਲਤਾ ਤੇ ਅਸਫ਼ਲਤਾ ਨਾਲ ਵੀ ਹੈ।

ਇਸ ਤਰ੍ਹਾਂ ਗੁਰਦੇਵ ਨੇ ਸਮੂਚੇ ਮਨੁੱਖ ਮਾਤ੍ਰ ਦੇ ਜਿਸ ਇਲਾਹੀ ਤੇ "ਇਕੋ-ਇਕ ਗੁਰੂ" "ਗੁਰਬਾਣੀ-ਗੁਰੂ" ਬਾਰੇ ਗੁਰਬਾਣੀ ਰਾਹੀਂ ਸਪਸ਼ਟ ਕੀਤਾ, ਮਨੁੱਖ ਉਸ "ਇਕੋ-ਇਕ" "ਗੁਰੂ" ਬਾਰੇ ਸਦਾ ਤੋਂ ਅਣਜਾਣ ਸੀ ਅਤੇ ਅੱਜ ਵੀ ਹੈ। ਇਹ ਵੀ ਕਿ ਮਨੁੱਖ ਉਦੋਂ ਤੀਕ ਇਸ ਪੱਖੋਂ ਅਣਜਾਣ ਹੀ ਰਵੇਗਾ ਜਦੋਂ ਤੀਕ, ਮਨੁੱਖ ਪੂਰਣ ਸਮ੍ਰਪਣ ਦੀ ਭਾਵਨਾ ਨਾਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾਂ `ਚ ਨਹੀਂ ਆਵੇਗਾ। ਇਹ ਵੀ ਕਿ ਉਦੋਂ ਤੀਕ ਕੱਚੇ ਗੁਰੂ ਇਸਦਾ ਸ਼ੋਸ਼ਣ ਹੀ ਕਰਦੇ ਰਹਿਣ ਗੇ।

ਜਦਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸੰਪੂਰਣ ਬਾਣੀ ਦਾ ਮੁਖ ਵਿਸ਼ਾ ਹੀ ਭਾਵ "ਇਕੋ-ਇਕ" ਅਕਾਲਪੁਰਖ `ਚ ਅਭੇਦ ਹੋਣ ਲਈ "ਗੁਰਪ੍ਰਸਾਦਿ" ਭਾਵ ਸੰਸਾਰ ਤਲ `ਤੇ ਸਮੂਚੇ ਮਨੁੱਖ ਮਾਤ੍ਰ "ਇਕੋ ਇੱਕ ਗੁਰੂ" ਦੀ ਬਖ਼ਸ਼ਿਸ਼ ਅਤੇ ਕ੍ਰਿਪਾ `ਤੇ ਹੀ ਆਸ਼੍ਰਿਤ ਹੈ ਉਸ ਤੋਂ ਬਿਨਾ ਸੰਭਵ ਨਹੀਂ। ਇਹ ਵੀ ਕਿ ਗੁਰਬਾਣੀ ਰਾਹੀਂ ਪ੍ਰਗਟ ਉਸ ਸਦੀਵੀ ਤੇ ਸਰਬਕਾਲੀ ਗੁਰੂ ਬਾਰੇ ਇਥੋਂ ਤੀਕ ਵੀ ਪੜ੍ਹ ਆਏ ਹਾਂ "ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ" (ਪੰ: ੪੬੩)। ਭਾਵ ਉਸ "ਇਕੋ ਇੱਕ ਸ਼ਬਦ-ਗੁਰੂ" ਦੀ ਕ੍ਰਿਪਾ ਤੋਂ ਬਿਨਾ ਮਨੁੱਖਾ ਜੀਵਨ ਅੰਦਰੋਂ ਭਟਕਣਾ, ਤ੍ਰਿਸ਼ਨਾ, ਵਿਕਾਰਾਂ ਆਦਿ ਦੀ ਉਪਜ - ਅਗਿਆਨਤਾ ਦੇ ਹਨੇਰੇ ਨੂੰ ਨਹੀਂ ਕੱਟਿਆ ਜਾ ਸਕਦਾ।

ਕਿਉਂਕਿ ਹੁਣ ਤੀਕ ਇਸ ਸਮੂਚੇ ਮਨੁੱਖ ਮਾਤ੍ਰ ਦੇ "ਇਕੋ ਇੱਕ ਗੁਰੂ" ਵਾਲੇ ਵਿਸ਼ੇ ਨੂੰ ਖੁੱਲ ਕੇ ਲੇਂਦੇ ਆ ਰਹੇ ਹਾਂ ਇਸ ਲਈ ਇਥੇ ਕੇਵਲ ਇਤਨਾ ਹੀ ਧਿਆਣ ਪੁਆਉਣਾ ਹੈ ਕਿ ਬੇਸ਼ੱਕ ਭਾਰਤੀ ਸ਼ੰਸਕ੍ਰਿਤੀ `ਚ ਵੀ ਮਨੁੱਖ ਨੇ ਸਦਾ ਤੋਂ ਗੁਰੂ ਵਾਲੀ ਲੋੜ ਨੂੰ ਤਾਂ ਮਹਿਸੂਸ ਕੀਤਾ ਪਰ ਉਹਵੀ ਉਸ ਸਦੀਵੀ ਗੁਰੂ ਦੀ ਪਛਾਣ ਨਾ ਕਰ ਸਕੇਾ। ਭਾਰਤ ਦੀਆਂ ਪੁਰਾਤਨ ਰਚਨਾਵਾਂ `ਚ ਵੀ ਗੁਰੂ ਦੀ ਲੋੜ `ਤੇ ਵੱਡਾ ਜ਼ੋਰ ਦਿੱਤਾ ਹੋਇਆ ਹੈ ਪਰ ਮਨੁੱਖ ਮਾਤ੍ਰ ਦੇ ਇਕੋ ਇੱਕ ‘ਗੁਰੂ’ ਬਾਰੇ ਸਪਸ਼ਟ ਨਾ ਹੋ ਸਕੇ।

ਉਸੇ ਦਾ ਨਤੀਜਾ ਸੀ ਕਿ ਅੱਜ ਜਨਾਂ-ਖਨਾਂ ਵੀ ਗੁਰੂ’ ਬਣਿਆ ਹੋਇਆ ਹੈ। ਇਥੋਂ ਤੀਕ ਕਿ ਮਾਮੂਲੀ ਤੋਂ ਮਾਮੂਲੀ ਸੰਸਾਰਕ ਹੁੱਨਰ ਜਿਵੇਂ ਰਾਗ ਵਿੱਦਿਆ ਨੂੰ ਸਿਖਾਉਣ, ਮੱਲ ਅਖਾੜੇ ਚਲਾਉਣ, ਯੋਗ ਆਸ਼੍ਰਮ ਤੇ ਤੈਰਾਕੀ ਆਦਿ ਸਿਖਾਉਣ, ਬਲਕਿ ਸਕੂਲਾਂ `ਚ ਅਧਿਆਪਕ ਉਹ ਵੀ ਸਾਰੇ ਦੇ ਸਾਰੇ ਹੀ ਗੁਰੂ ਹਨ। ਪਰ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਅਤੇ ਗੁਰਬਾਣੀ ਦੇ ਪ੍ਰਕਾਸ਼ ਤੋਂ ਪਹਿਲਾਂ ਕਿਸੇ ਨੂੰ ਵੀ:-

"ਇਕੋ-ਇਕ" "ਇਲਾਹੀ" ਤੇ "ਗੁਰੁ ਪਰਮੇਸਰੁ ਪਾਰਬ੍ਰਹਮੁ. ." (ਪੰ: ੪੯) ਵਾਲਾ ਵਿਸ਼ਾ ਕਿਸੇ ਦੀ ਸਮਝ `ਚ ਨਹੀਂ ਸੀ ਆਇਆ। ਉਹ "ਸਤਿਗੁਰੂ", ਜਿਸ ਬਾਰੇ ਬੇਅੰਤ ਫ਼ੁਰਮਾਨ ਹਨ ਜਿਵੇਂ:-

() "ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ" (ਪੰ: ੪੭੦)

() "ਗੁਰੁ ਪਰਮੇਸਰੁ ਏਕੁ ਹੈ, ਸਭ ਮਹਿ ਰਹਿਆ ਸਮਾਇ" (ਪੰ: ੫੩) ਆਦਿ

ਸੰਪੂਰਣ ਗੁਰਬਾਣੀ `ਚ "ਗੁਰੂ" "ਸਤਿਗੁਰੂ" ‘ਸ਼ਬਦ ਗੁਰੂ’ ਆਦਿ ਸਮੂਚੀ ਸ਼ਬਦਾਵਲੀ ਸੰਸਾਰ ਭਰ ਦੇ ਮਨੁੱਖ ਮਾਤ੍ਰ ਦੇ "ਇਕੋ ਇਕ" "ਗੁਰੂ" ਲਈ ਹੀ ਆਈ ਹੈ। ਉਹ ‘ਗੁਰੂ’ ਜਿਹੜਾ ਹਉਮੈ, ਵਿਕਾਰਾਂ ਦਾ ਨਾਸ ਕਰਕੇ, ਮਨੁੱਖਾ ਜੀਵਨ ਨੂੰ ਜੀਂਦੇ ਜੀਅ ਕਰਤੇ ਪ੍ਰਭੂ `ਚ ਅਭੇਦ ਕਰਣ ਦੇ ਸਮ੍ਰਥ ਹੈ।

ਜਦਕਿ ਉਸ "ਇਕੋ ਇੱਕ ਗੁਰੂ" ਨੂੰ ਭੁਲਵਾ ਕੇ ਅਤੇ ਖ਼ੁੱਦ ਬੇਅੰਤ ਇਲਾਹੀ ਗੁਣਾਂ ਦੇ ਦਾਅਵੇਦਾਰ ਬਣੇ ਹੋਏ ਪਾਖੰਡੀਆਂ-ਦੰਭੀਆਂ ਦੀਆਂ ਦੁਕਾਨਾਂ ਖੁੱਲ੍ਹਦੀਆਂ ਆਈਆਂ ਤੇ ਖੁੱਲ ਰਹੀਆਂ ਹਨ।

"ਗੁਰਬਾਣੀ ਗੁਰੂ" ਦੇ ਸਿੱਖ ਹੋਣ ਦੇ ਨਾਤੇ, ਸਮੂਹ ਸੰਗਤਾ ਨੂੰ ਵਿਸ਼ੇ ਨੂੰ ਨਿਰੋਲ ਗੁਰਬਾਣੀ ਆਧਾਰਤ "ਇਕੋ ਇੱਕ ਗੁਰੂ" - "ਸਤਿਗੁਰੂ" ਦੀ ਪਹਿਚਾਣ ਕਰਣ ਤੇ ਉਸ ਨੂੰ ਸਮਝਣ ਦੀ ਲੋੜ ਹੈ।

ਸਮੂਚੇ ਮਨੁੱਖਮਾਤ੍ਰ ਦਾ ਮਨੁੱਖੀ ਭਾਈਚਾਰਾ ਵੀ ਇਕੋ ਹੀ ਹੈ- ਅੱਜ ਵੀ ਮਨੁੱਖ ਉਸੇ ਵਿੱਤਕਰੇ ਤੇ ਸੰਕੀਰਣਤਾ ਨੂੰ ਪਾਲ ਰਿਹਾ ਹੈ ਜਿਹੜੀ ਇਸ ਨੂੰ ਮਨੁੱਖਾ ਨਸਲ ਦੀ ਉਸਾਰੀ ਵੱਲ ਨਹੀਂ, ਬਲਕਿ ਪੂਰ੍ਹਾਂ ਤੱਬਾਹੀ ਵੱਲ ਹੀ ਲਿਜਾਅ ਰਹੀ ਹੈ। ਇਸ ਲਈ ਜਦੋਂ ਤੀਕ ਮਨੁੱਖ, "ਗੁਰਬਾਣੀ-ਗੁਰੂ" ਰਾਹੀਂ ਬਖਸ਼ੇ ਹੋਏ "ਸਮੂਚੇ ਮਨੁੱਖੀ ਭਾਈਚਾਰੇ ਸੰਬੰਧੀ ਮਨੁੱਖਾ ਜਨਮ ਦੇ ਸੱਚ ਨੂੰ ਨਹੀਂ ਸਮਝੇ ਅਤੇ ਕਬੂਲੇਗਾ, ਇਹ ਇਸ ਪੱਖੋਂ ਆਪਣੀ ਬਰਬਾਦੀ ਤੋਂ ਬਿਲਕੁਲ ਨਹੀਂ ਬੱਚ ਸਕੇਗਾ। ਗੁਰਬਾਣੀ ਫ਼ੁਰਮਾਣ ਹਨ:-

() "ਸਭ ਮਹਿ ਜੋਤਿ ਜੋਤਿ ਹੈ ਸੋਇ, ਤਿਸ ਦੈ ਚਾਨਣਿ, ਸਭ ਮਹਿ ਚਾਨਣੁ ਹੋਇ" (ਪੰ: ੧੩)

() "ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ" (ਪੰ: ੧੩੪੯)

() "ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ" (ਪੰ: ੧੫)

() "ਨਾ ਕੋ ਮੇਰਾ ਦੁਸਮਨੁ ਰਹਿਆ ਨ ਹਮ ਕਿਸ ਕੇ ਬੈਰਾਈ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ॥ ੨ ॥ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ" (ਪੰ: ੬੭੧)

() "ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ ਨਉ ਨਿਧਿ ਤੇਰੈ ਅਖੁਟ ਭੰਡਾਰਾ" (ਪੰ: ੯੭).

() "ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ" (ਪੰ: ੬੧੧) ਆਦਿ

ਇਸ ਤਰ੍ਹਾਂ ਗੁਰਬਾਣੀ ਦਾ ਫ਼ੈਸਲਾ ਹੈ, ਮਨੁੱਖ ਚਾਹੇ ਕੋਈ ਤੇ ਕਿਸੇ ਵੀ ਜਾਤ, ਧਰਮ, ਦੇਸ ਦਾ ਵਾਸੀ ਕਿਉਂ ਨਾ ਹੋਵੇ, ਸਭ ਅੰਦਰ ਅੰਸ਼ ਉਸ ਅਕਾਲਪੁਰਖ ਦਾ ਹੀ ਹੈ।

ਦੂਜੇ ਪਾਸੇ-ਬੰਦੇ ਦੀ ਅਜੋਕੀ ਤੱਬਾਹੀ ਵੱਲ ਦੇਖੋ ਤਾਂ ਕਿੱਧਰੇ ਕਾਲੇ-ਗੋਰੇ ਦੇ ਫ਼ਰਕ, ਜਾਤ-ਪਾਤ ਦੀ ਵੰਡ, ਦੇਸੀ-ਵਿਦੇਸੀ ਦੇ ਝਗੜੇ, ਬ੍ਰਾਹਮਣੀ ਵਰਣ-ਵੰਡ ਕਾਰਣ ਊਚ-ਨੀਚ ਵਾਲਾ ਰਾਖਸ਼, ਜਿਸ ਨੇ ਲੱਖਾਂ ਨੂੰ ਸ਼ੂਦਰ ਤੇ ਦਲਿਤ ਬਣਾ ਕੇ ਰਖ ਦਿੱਤਾ ਤੇ ਉਹ ਸਮਜਕ ਤਲ `ਤੇ ਨਿੱਤ ਕੁਚਲੇ ਜਾ ਰਹੇ ਹਨ।

ਜਦਕਿ ਉਸ ਸਾਰੇ ਦੇ ਉਲਟ ਅਜਿਹੇ ਸਪਸ਼ਟ ਫ਼ੈਸਲੇ ਵੀ ਕੇਵਲ ਗੁਰਬਾਣੀ ਦੇ ਹੀ ਹਨ ਕਿ:-

"ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ" (ਪੰ: ੭੪੭) ਭਾਵ ਸਾਰਿਆਂ ਨੂੰ ਪੈਦਾ ਕਰਣ ਵਾਲੇ ਅਕਾਲਪੁਰਖ ਨੇ, ਮਨੁੱਖ ਲਈ ਇਹ ਵੱਖ ਵੱਖ ਵਰਣ ਨਹੀਂ ਘੜੇ ਹੋਏ ਤਾਂ ਤੇ:-

"ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ, ਘਟਿ ਘਟਿ ਨਾਨਕ ਮਾਝਾ" (ਉਹੀ ਪੰ: ੭੪੭)

ਭਾਵ "ਸਦਾ ਥਿਰ ਗੁਰੂ" - "ਸਤਿਗੁਰੂ" ਦੇ ਦੱਸੇ ਜੀਵਨ ਰਾਹ `ਤੇ ਚੱਲਣ ਵਾਲੇ ਇੰਨ੍ਹਾਂ ਝਮੇਲਿਆਂ `ਚ ਨਹੀਂ ਪੈਂਦੇ। ਖੂਬੀ ਇਹ ਕਿ ਪੂਰੇ ਸੰਸਾਰ ਦੀ ਤਾਂ ਗੱਲ ਹੀ ਛੱਡ ਦੇਵੋ, ਵਰਣ ਵੰਡ ਦੇ ਨਾਮ `ਤੇ ਬਾਕੀ ਤਿਨਾਂ ਵਰਗਾਂ ਨੂੰ ਆਪਣੇ ਅਧੀਨ ਚਲਾਉਣ ਵਾਲਾ ਬ੍ਰਾਹਮਣ, ਅੱਜ ਆਪ ਵੀ ਅਨੇਕਾਂ ਜਾਤਾਂ-ਗੋਤਾਂ ਤੇ ਉਪ ਗੋਤਾਂ ਤੋਂ ਨਹੀਂ ਬੱਚ ਸਕਿਆ, ਉਥੇ ਵੀ ਰੋਟੀ-ਬੇਟੀ ਤੀਕ ਦੀ ਸਾਂਝ ਨਹੀਂ ਰਹੀ।

ਕੀ ਵਿਸ਼ੇ ਸੰਬੰਧੀ ਅਜੇ ਵੀ ਗੁਰਬਾਣੀ ਰਾਹੀਂ ਪ੍ਰਗਟ ਮਨੁੱਖਾ ਜੀਵਨ ਦੇ ਇਸ ਸੱਚ ਨੂੰ ਸਮਝਣ ਦੀ ਲੋੜ ਨਹੀਂ?

ਅਕਾਲਪਰਖ ਵੱਲੋਂ ਸਮੂਚੇ ਮਨੁੱਖਮਾਤ੍ਰ ਲਈ ਧਰਮ ਵੀ ਭਿੰਨ-ਭਿੰਨ ਨਹੀਂ ਹਨ, ਪ੍ਰਭੂ ਵੱਲੋਂ ਸੰਸਾਰ ਭਰ ਦੇ ਸਮੂਹ ਮਨੁੱਖਾਂ ਦਾ ਇਲਾਹੀ ਤੇ ਮੂਲ ਧਰਮ ਵੀ ਇਕੋ ਹੀ ਹੈ- ਅਜੋਕਾ ਮਨੁੱਖ ਜਿਹੜਾ, ਸੰਸਾਰ ਤਲ `ਤੇ ਅੱਜ ਹਜ਼ਾਰਾਂ ਧਰਮਾਂ ਤੇ ਫ਼ਿਰਕਿਆਂ `ਚ ਵੰਡਿਆ ਪਿਆ ਹੈ। ਗੁਰਬਾਣੀ ਦੀ ਡੁੰਘਾਈ `ਚ ਜਾਵੋ, ਸਮਝ ਆਉਂਦੇ ਦੇਰ ਨਹੀਂ ਲਗੇਗੀ ਕਿ ਸੰਸਾਰ ਭਰ `ਚ ਸਭ ਤੋਂ ਪਹਿਲਾਂ ਇਹ ਵੀ "ਗੁਰਬਾਣੀ-ਗੁਰੂ" ਨੇ ਹੀ ਸਪਸ਼ਟ ਕੀਤਾ ਹੈ ਕਿ ਪ੍ਰਭੂ ਨੇ ਮਨੁੱਖ ਨੂੰ ਵੱਖ-ਵੱਖ ਧਰਮਾਂ ਅਤੇ ਫ਼ਿਰਕਿਆਂ `ਚ ਨਹੀਂ ਵੰਡਿਆ ਹੋਇਆ।

ਜਿਸ ਨੂੰ ਮਨੁੱਖ ਅੱਜ ਵੱਖ-ਵੱਖ ਧਰਮ ਵਰਣ ਤੇ ਫ਼ਿਰਕੇ ਮੰਨੀ ਬੈਠਾ ਹੈ ਇਹ ਕੇਵਲ ਮਨੁੱਖ-ਮਨੁੱਖ ਦੇ ਵਿਚਾਰਧਾਰਾਂਵਾਂ ਆਦਿ ਦੇ ਟਕਰਾਅ ਅਤੇ ਨਿਰੋਲ ਮਨੁੱਖ ਦੀ ਅਗਿਆਣਤਾ ਦੀ ਹੀ ਉਪਜ ਹਨ। ਬਲਕਿ ਇਹ ਤਾਂ ਕੇਵਲ ਮਨੁੱਖ ਦੇ ਸੁਆਰਥਾਂ ਦਾ ਟਕਰਾਅ ਅਤੇ ਆਪਸੀ ਲੁੱਟ-ਖੋਹ-ਠੱਗੀਆਂ ਅਤੇ ਗੁਰਬਾਣੀ ਅਨੁਸਾਰ ਨਿਰੋਲ ‘ਮਤੀ ਮਿਥਿਆ’ ਵੀ ਹਨ। ਜਦਕਿ "ਗੁਰਬਾਣੀ-ਗੁਰੂ" ਅਨੁਸਾਰ ਤਾਂ:-

() "ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ॥ ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ॥ ਸਰਬ ਸਬਦੰ ਏਕ ਸਬਦੰ…" (ਪੰ: ੪੬੯)

() "ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ" (ਪੰ: ੨੬੬

() "ਖਤ੍ਰੀ ਬ੍ਰਾਹਮਣ ਸੂਦ ਵੈਸ, ਸਭ ਏਕੈ ਨਾਮਿ ਤਰਾਨਥ॥ ਗੁਰੁ ਨਾਨਕੁ ਉਪਦੇਸੁ ਕਹਤੁ ਹੈ, ਜੋ ਸੁਨੈ ਸੋ ਪਾਰਿ ਪਰਾਨਥ" (ਪੰ: ੧੦੦੧)

() "ਏਕੋ ਧਰਮੁ ਦ੍ਰਿੜੈ ਸਚੁ ਕੋਈ।। ਗੁਰਮਤਿ ਪੂਰਾ ਜੁਗਿ ਜੁਗਿ ਸੋਈ।। ਅਨਹਦਿ ਰਾਤਾ ਏਕ ਲਿਵ ਤਾਰ।। ਓਹੁ ਗੁਰਮੁਖਿ ਪਾਵੈ ਅਲਖ ਅਪਾਰ" (ਪ: ੧੧੮੮)

() "ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ॥ ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ" (ਪੰ: ੩੦੯) ਆਦਿ

ਹੋਰ ਵੱਡੀ ਅਤੇ ਕੁਦਰਤੀ ਪਹਿਚਾਣ, "ਜਾਤੀ ਦੈ ਕਿਆ ਹਥਿ, ਸਚੁ ਪਰਖੀਐ॥ ਮਹੁਰਾ ਹੋਵੈ ਹਥਿ, ਮਰੀਐ ਚਖੀਅ" (ਪੰ: ੧੪੨) ਅਨੁਸਾਰ ਮਨੁੱਖਾ ਸਰੀਰ ਦੇ ਰੋਗ ਜਿਵੇਂ ਪੇਟ ਦਰਦ, ਸਿਰਦਰਦ ਆਦਿ ਅਨੰਤ ਸਰੀਰਕ ਰੋਗ ਅਤੇ ਬਿਮਾਰੀਆਂ ਹਿੰਦੂ, ਮੁਸਲਿਮ, ਸਿੱਖ, ਇਸਾਈ, ਦੇਸ਼ੀ-ਵਿਦੇਸ਼ੀ ਤੇ ਭਾਰਤੀ ਆਦਿ ਨੂੰ ਉਨ੍ਹਾਂ ਦੇ ਵੱਖ ਵੱਖ ਧਰਮ ਦੇਖ ਕੇ ੜੱਖ-ਵੱਖ ਨਹੀਂ ਲਗਦੀਆਂ।

ਵਿਚਾਰਣ ਦਾ ਵਿਸ਼ਾ ਇਸ ਤਰ੍ਹਾਂ ਵੀ ਹੈ ਕਿ ਜਨਮ ਵੇਲੇ ਬੱਚਿਆਂ ਦੇ ਹੱਸਣ, ਖੇਡਣ, ਰੋਣ, ਭੁੱਖ ਨੀਂਦ ਤੇ ਬੋਲੀ ਆਦਿ `ਚ ਧਰਮਾਂ-ਦੇਸ਼ਾਂ ਕਰ ਕੇ ਕਦੇ ਅੰਤਰ ਨਹੀਂ ਆਉਂਦਾ। ਕੋਈ ਗੂੰਗਾ ਵਿਅਕਤੀ ਭਾਵੇਂ, ਕਿਸੇ ਵੀ ਦੇਸ-ਧਰਮ ਚ ਪੈਦਾ ਹੋਇਆ ਹੋਵੇ, ਉਨ੍ਹਾਂ ਦੀ ਬੋਲੀ ਕਦੇ ਵੀ ਵੱਖ-ਵੱਖ ਨਹੀਂ ਹੁੰਦੀ।

ਇਥੋਂ ਤੀਕ ਕਿ ਸ਼ੇਖ ਫ਼ਰੀਦ ਜੀ ਪਾਕਪਟਨ ਅਤੇ ਮੁਸਲਮਾਨ ਧਰਮ `ਚੋਂ ਸਨ, ਤ੍ਰਿਲੋਚਨ ਜੀ ਬੰਗਾਲ ਤੋਂ ਅਤੇ ਜਨਮ ਦੇ ਬ੍ਰਾਹਮਣ ਸਨ, ਜੈਦੇਵ ਜੀ ਗੁਜਰਾਤ ਤੋਂ, ਨਾਮਦੇਵ ਅਤੇ ਕਬੀਰ ਜੀ ਬਨਾਰਸ `ਚ ਅਖੌਤੀ ਸ਼ੂਦਰ ਵਰਣ `ਚ ਜਨਮੇ ਸਨ। ਇਸੇਤਰ੍ਹਾਂ ਗਰਬਾਣੀ ਵਿੱਚਲੇ ਪੰਦ੍ਰਾਂ ਦੇ ਪੰਦ੍ਰਾਂ ਭਗਤ ਜਨਮ ਕਰਕੇ ਭਿੰਨ-ਭਿੰਨ ਜਾਤਾਂ ਵਰਣਾਂ ਤੇ ਪ੍ਰਾਂਤਾਂ ਤੋਂ ਹੀ ਸਨ। ਭਾਈ "ਸਤਾ ਤੇ ਬਲਵੰਡ ਜੀ" ਜਨਮ ਤੋਂ ਮੁਸਲਮਾਨ ਧਰਮ ਨਾਲ ਸੰਬੰਧਤ ਸਨ ਉਪ੍ਰੰਤ ਯਾਰਾਂ ਦੇ ਯਾਰਾਂ ਭੱਟ, ਬ੍ਰਾਹਮਣ ਕੁਲ `ਚੋਂ ਸਨ।

ਜਦਕਿ "ਪੰਚਾ ਕਾ ਗੁਰੁ ਏਕੁ ਧਿਆਨੁ" (ਬਾਣੀ ਜਪੁ) ਅਨੁਸਾਰ ਮਨੁੱਖਾ ਜੀਵਨ ਦੀ ਪੰਚ ਅਵਸਥਾ `ਚ ਪੁਜੱਣ ਤੋਂ ਬਾਅਦ ਉਨ੍ਹਾਂ ਦੇ ਗੁਰੂ-ਧਰਮ ਤੇ ਰੱਬ ਵੀ ਵੱਖ ਵੱਖ ਨਹੀਂ ਸਨ ਰਹਿ ਚੁੱਕੇ।

ਕੀ ਕਿਸੇ ਇਸ ਤੋਂ ਵੀ ਕਿਸੇ ਵੱਡੇ ਸਬੂਤ ਦੀ ਲੋੜ ਹੈ ਕਿ ਸੰਸਾਰ ਤਲ `ਤੇ ਮਨੁੱਖ ਚਾਹੇ ਕਿਸੇ ਵੀ ਧਰਮ-ਜਾਤੀ `ਚ ਪੈਦਾ ਹੋਇਆ ਹੋਵੇ, ਜੀਵਨ ਦੌਰਾਨ ਸੱਚ, ਇਲਾਹੀ ਅਤੇ ਰੱਬੀ ਧਰਮ ਦੀ ਪ੍ਰਾਪਤੀ ਉਪ੍ਰੰਤ "ਪੰਚਾ ਕਾ ਗੁਰੁ ਏਕੁ ਧਿਆਨੁ" (ਬਾਣੀ ਜਪੁ) ਅਨੁਸਾਰ ਮਨੁੱਖਾ ਜੀਵਨ ਦੇ ਪੰਚ ਅਵਸਥਾ `ਚ ਪੁਜੱਣ ਤੋਂ ਬਾਅਦ ਉਨ੍ਹਾਂ ਸਮੂਹ ਲੋਕਾਂ ਦੇ ਗੁਰੂ-ਧਰਮ ਤੇ ਰੱਬ ਵੱਖ ਵੱਖ ਨਹੀਂ ਰਹਿ ਜਾਂਦੇ। (ਚਲਦਾ) #234P-XVII,-02.17-0217#p17v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XVII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਸਤਾਰ੍ਹਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.