.

ਬੱਚੇ ਮਾਤਾ ਪਿਤਾ ਦਾ ਕਹਿਣਾ ਕਿਉਂ ਨਹੀਂ ਮੰਨਦੇ ਹਨ? (ਭਾਗ ੬)

ਬੱਚੇ ਸਕੂਲ ਵਿੱਚ ਕਿਸ ਤਰ੍ਹਾਂ ਸਫਲਤਾ ਨਾਲ ਸਿਖਿਆ ਲੈ ਸਕਦੇ ਹਨ?

Why children do not listen to the parents? (Part 6)

How to ensure that child has productive time in the School education

ਮਾਤਾ ਪਿਤਾ ਬੱਚੇ ਦੀ ਸਕੂਲ ਦੀ ਸਿਖਿਆ ਇੱਕ ਕੋਰੀ ਕਾਪੀ ਕਿਤਾਬ ਦੀ ਤਰ੍ਹਾਂ ਆਰੰਭ ਕਰਦੇ ਹਨ, ਜਿਸ ਦੇ ਸਾਰੇ ਪੰਨੇ ਤਾਜ਼ੇ ਤੇ ਸਾਫ ਹੁੰਦੇ ਹਨ। ਸਕੂਲ ਦੇ ਪਹਿਲੇ ਦਿਨ ਬੱਚਾ ਬੜੇ ਚਾਅ ਨਾਲ ਸਵੇਰੇ ਜਲਦੀ ਉੱਠ ਕੇ ਤਿਆਰ ਹੁੰਦਾ ਹੈ ਤੇ ਸਮੇਂ ਤੋਂ ਪਹਿਲਾਂ ਸਕੂਲ ਪਹੁੰਚ ਜਾਂਦਾ ਹੈ। ਆਰੰਭ ਤਾਂ ਬਹੁਤ ਸੋਹਣਾ ਹੁੰਦਾ ਹੈ, ਪਰੰਤੂ ਹੌਲੀ ਹੌਲੀ ਪਰਿਵਾਰ ਦੇ ਮਾਹੌਲ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਬੱਚਾ ਦੇਰ ਨਾਲ ਸੌਂਦਾ ਹੈ, ਫਿਰ ਦੇਰ ਨਾਲ ਉੱਠਦਾ ਹੈ, ਸਕੂਲੇ ਕਾਹਲੀ ਕਾਹਲੀ ਦੌੜਦਾ ਹੈ, ਕੁੱਝ ਕਾਪੀਆਂ ਕਿਤਾਬਾਂ ਘਰ ਵਿੱਚ ਛੱਡ ਜਾਂਦਾ ਹੈ ਤੇ ਕਦੀ ਸਕੂਲੇ ਛੱਡ ਆਉਂਦਾ ਹੈ। ਦੋਸਤਾਂ ਕੋਲੋਂ ਨਕਲ ਕਰਨ ਲਈ ਦੌੜਦਾ ਹੈ। ਅਖੀਰਲੇ ਸਮੇਂ ਸਕੂਲ ਦਾ ਕੰਮ, ਆਖਰੀ ਦਿਨ ਇਮਤਿਹਾਨ ਦੀ ਤਿਆਰੀ, ਸਕੂਲ ਦੀ ਅਸਾਈਨਮੈਂਟ ਭੁਲ ਜਾਣਾ, ਘਟੀਆਂ ਰਾਜਨੀਤੀ ਤੇ ਆਦਤਾਂ, ਆਦਿ ਦੀ ਲਪੇਟ ਵਿੱਚ ਆ ਜਾਂਦਾ ਹੈ। ਸਕੂਲ ਵਿੱਚ ਜਾ ਕੇ ਕਰਨਾ ਤਾਂ ਜੀਵਨ ਦਾ ਵਿਕਾਸ ਤੇ ਤਰੱਕੀ ਸੀ, ਪਰ ਉਲਟੇ ਪੈਰੀ ਨਿਵਾਣਤਾ ਵੱਲ ਚਲ ਪਿਆ। ਜੀਵਨ ਵਿੱਚ ਉਤਰਾਅ ਚੜ੍ਹਾਅ ਤੇ ਸਮੇਂ ਨਾਲ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ, ਇਸ ਲਈ ਜੇਕਰ ਮੁਸ਼ਕਲਾਂ ਦਾ ਮੁਕਾਬਲਾ ਕਰਨਾ ਸਿਖਣਾਂ ਹੈ ਤਾਂ ਗੁਰੂ ਗਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਦ੍ਰਿੜਤਾ ਨਾਲ ਗੁਰਮਤਿ ਦੇ ਮਾਰਗ ਤੇ ਚਲਣਾ ਪਵੇਗਾ।

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ ੨੦॥ (੧੪੧੨)

ਜਦੋਂ ਮੌਸਮ ਬਦਲਦਾ ਹੈ, ਗਰਮੀ ਤੋਂ ਬਰਸਾਤ ਤੇ ਫਿਰ ਸਰਦੀਆਂ ਆ ਜਾਂਦੀਆਂ ਹਨ। ਇਨ੍ਹਾਂ ਨਾਲ ਪਰਿਵਾਰ ਦੇ ਜੀਵਨ ਤੇ ਅਸਰ ਪੈਂਦਾ ਹੈ ਤੇ ਮਾਤਾ ਪਿਤਾ ਅਤੇ ਬੱਚੇ ਦੋਵਾਂ ਲਈ ਹੋਰ ਮੁਸ਼ਕਲਾਂ ਵਿੱਚ ਵਾਧਾ ਹੋ ਜਾਂਦਾ ਹੈ। ਬਦਲਦੇ ਵਾਤਾਵਰਨ ਨਾਲ ਬੱਚੇ ਦੇ ਮਨ ਅੰਦਰ ਬੇਚੈਨੀ ਫੈਲਦੀ ਹੈ, ਫਿਕਰ ਕਰਨ ਲਗਦਾ ਹੈ, ਚਿੜਚਿੜਾ ਸੁਭਾਅ ਹੋ ਜਾਂਦਾ ਹੈ। ਨਵੇਂ ਵਾਤਾਵਰਨ, ਨਵੇਂ ਸਕੂਲ, ਨਵੇਂ ਅਧਿਆਪਕ, ਨਵੇਂ ਮਾਹੌਲ, ਸਖਤ ਅਨੁਸ਼ਾਸਨ ਵਿੱਚ ਬੱਚੇ ਲਈ ਆਪਣੇ ਆਪ ਨੂੰ ਵਾਰ ਵਾਰ ਬਦਲਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਬੱਚਾ ਭਾਵਕ ਹੋਣਾ ਸ਼ੁਰੂ ਹੋ ਜਾਂਦਾ ਹੈ, ਸਵਾਲ ਜੁਆਬ ਕਰਨੇ ਸ਼ੁਰੂ ਕਰ ਦਿੰਦਾ ਹੈ, ਅੱਗੋਂ ਬੋਲਣਾ ਸ਼ੁਰੂ ਕਰ ਦਿੰਦਾ ਹੈ, ਛੋਟੇ ਭੈਣਾਂ ਭਰਾਵਾਂ ਨਾਲ ਲੜਨਾ ਸ਼ੁਰੂ ਕਰ ਦਿੰਦਾ ਹੈ, ਇਕੱਲਾ ਲੁਕ ਕੇ ਬੈਠਣਾ ਸ਼ੁਰੂ ਕਰ ਦਿੰਦਾ ਹੈ, ਆਦਿ। ਮਾਤਾ ਪਿਤਾ ਲਈ ਬੱਚੇ ਨੂੰ ਸਮਝਾਣਾ ਜਾਂ ਕਾਬੂ ਵਿੱਚ ਰੱਖਣਾ ਮੁਸ਼ਕਲ ਹੋ ਜਾਂਦਾ ਹੈ, ਬੇਬਸੀ ਦੀ ਹਾਲਤ ਵਿੱਚ ਮਾਤਾ ਪਿਤਾ ਨੂੰ ਗੁਸਾ ਵੀ ਆ ਸਕਦਾ ਹੈ, ਜਿਸ ਨਾਲ ਸਥਿੱਤੀ ਹੋਰ ਵਿਗੜ ਸਕਦੀ ਹੈ। ਇਹ ਸੋਚ ਕੇ ਚੱਲਣਾ ਕਿ ਇਹ ਹਰ ਘਰ ਦੀ ਮੁਸੀਬਤ ਹੈ, ਕੋਈ ਵਿਕਸਤ ਸੋਚ ਨਹੀਂ ਹੈ। ਸੋਚਣਾ ਤੇ ਵਿਚਰਨਾ ਇਹ ਹੈ ਕਿ ਇਸ ਦਾ ਹੱਲ ਕਿਸ ਤਰ੍ਹਾਂ ਖੋਜਿਆ ਜਾਵੇ ਤੇ ਕਿਸ ਤਰ੍ਹਾਂ ਲਾਗੂ ਕੀਤਾ ਜਾਵੇ। ਜਦੋਂ ਭਵਿੱਖ ਦੀ ਸਫਲਤਾ ਲਈ ਯੋਜਨਾ ਬਣਾਣੀ ਹੈ ਤਾਂ ਫਾਲਤੂ ਗੱਲਾਂ ਜਾਂ ਅਸਫਲਤਾਵਾਂ ਨੂੰ ਛੱਡ ਕੇ ਇਹ ਮੰਤਵ ਹੋਣਾ ਚਾਹੀਦਾ ਹੈ ਕਿ ਬੱਚਾ ਕਿਸ ਤਰ੍ਹਾਂ ਖੁਸ਼ ਹੋ ਸਕਦਾ ਹੈ ਤੇ ਕਿਸ ਤਰ੍ਹਾਂ ਸਫਲਤਾ ਦੀ ਮੰਜ਼ਲ ਵੱਲ ਜਾ ਸਕਦਾ ਹੈ।

ਸਿਰੀਰਾਗੁ ਮਹਲਾ ੫॥ ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ॥ ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ॥ ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ॥ ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ॥ ੧ ਸਾਹਿਬੁ ਨਿਤਾਣਿਆ ਕਾ ਤਾਣੁ॥ ਆਇ ਨ ਜਾਈ ਥਿਰੁ ਸਦਾ ਗੁਰ ਸਬਦੀ ਸਚੁ ਜਾਣੁ॥ ੧ ॥ ਰਹਾਉ॥ (੭੦)

ਕਈ ਮਾਤਾ ਪਿਤਾ ਇਹ ਨਹੀਂ ਸਮਝ ਸਕਦੇ ਕਿ ਜੇਕਰ ਬੱਚੇ ਵੱਡੇ ਹੋ ਰਹੇ ਹਨ ਤਾਂ ਉਨ੍ਹਾਂ ਦਾ ਉਮਰ ਦੇ ਨਾਲ ਨਾਲ ਮਾਨਸਿਕ ਵਿਕਾਸ ਵੀ ਹੋ ਰਿਹਾ ਹੈ ਤੇ ਨਾਲ ਦੀ ਨਾਲ ਉਨ੍ਹਾਂ ਉਪਰ ਅੰਦਰੂਨੀ ਤੇ ਬਾਹਰੀ ਵਾਤਾਵਰਨ ਦਾ ਅਸਰ ਵੀ ਹੋ ਰਿਹਾ ਹੈ। ਜੇਕਰ ਮਾਤਾ ਪਿਤਾ ਬੱਚੇ ਉਪਰ ਆਪਣੀ ਬਚਪਨ ਵਾਲੀ ਹਕੂਮਤ ਜਾਰੀ ਰੱਖਦੇ ਹਨ ਤਾਂ ਬੱਚਾ ਉਸ ਦਾ ਵਿਰੋਧ ਵੀ ਕਰ ਸਕਦਾ ਹੈ। ਬਹੁਤ ਸਾਰੇ ਘਰਾਂ ਵਿੱਚ ਬੱਚੇ ਨੂੰ ਉਸ ਦੇ ਘਰ ਦੇ ਨਾਂ (Pet name) ਨਾਲ ਬੁਲਾਇਆ ਜਾਂਦਾ ਹੈ। ਜੇਕਰ ਬੱਚੇ ਦੇ ਦੋਸਤਾਂ ਸਾਹਮਣੇ ਉਸ ਨੂੰ ਪਿੰਕੀ ਵਗੈਰਾ ਕਹਿ ਕੇ ਬੁਲਾਇਆ ਜਾਵੇਗਾ ਤਾਂ ਹੋ ਸਕਦਾ ਹੈ, ਉਹ ਪਸੰਦ ਨਾ ਕਰੇ।

ਹੇਠ ਲਿਖੇ ਇਹ ਕੁੱਝ ਤਰੀਕੇ ਹਨ, ਜਿਨ੍ਹਾਂ ਨੂੰ ਵਰਤ ਕੇ ਬੱਚਿਆਂ ਦੇ ਜੀਵਨ ਨੂੰ ਸਹੀ ਦਿਸ਼ਾ ਵੱਲ ਮੋੜਿਆ ਜਾ ਸਕਦਾ ਹੈ, ਬੱਚਿਆਂ ਤੇ ਪਰਿਵਾਰ ਦਾ ਜੀਵਨ ਸਫਲ ਬਣਾਇਆ ਜਾ ਸਕਦਾ ਹੈ।

ਬੱਚੇ ਸਬੰਧੀ ਆਪਣੀਆਂ ਅੱਖਾਂ ਹਮੇਸ਼ਾਂ ਖੋਲ ਕੇ ਰੱਖੋ: ਕਈ ਵਾਰੀ ਵੇਖਣ ਵਿੱਚ ਆਉਂਦਾ ਹੈ ਕਿ ਬੱਚੇ ਨੂੰ ਠੀਕ ਮਹਿਸੂਸ ਨਹੀਂ ਹੁੰਦਾ ਹੈ, ਪਰੰਤੂ ਮਾਤਾ ਪਿਤਾ ਧਿਆਨ ਨਹੀਂ ਦਿੰਦੇ ਹਨ ਤੇ ਆਪਣੇ ਕੰਮਾਂ ਕਾਜਾਂ ਵਿੱਚ ਮਗਨ ਰਹਿੰਦੇ ਹਨ। ਸਾਰੇ ਮਾਪਿਆਂ ਨੂੰ ਕੰਮ ਦੀ ਜਿੰਮੇਵਾਰੀ ਰਹਿੰਦੀ ਹੈ, ਤੇ ਚਾਰੇ ਪਾਸਿਆ ਤੋਂ ਕੰਮ ਦਾ ਦਬਾਅ ਰਹਿੰਦਾ ਹੈ, ਜਿਸ ਕਰਕੇ ਉਹ ਸਾਰਾ ਸਮਾਂ ਰੁਝੇ ਰਹਿੰਦੇ ਹਨ। ਜੇਕਰ ਬੱਚਾ ਰੁੱਸਿਆ ਰਹਿੰਦਾ ਹੈ, ਜਾ ਚੁੱਪ ਕਰਕੇ ਬੈਠਾ ਰਹਿੰਦਾ ਹੈ, ਤਾਂ ਉਹ ਕੁੱਝ ਸੰਕੇਤ ਦੇ ਰਿਹਾ ਹੈ। ਆਮ ਤੌਰ ਤੇ ਮਾਤਾ ਪਿਤਾ ਅਜੇਹੇ ਸੰਕੇਤਾਂ ਦਾ ਧਿਆਨ ਨਹੀਂ ਦਿੰਦੇ ਹਨ, ਪਰੰਤੂ ਹੋਸ਼ ਉਦੋਂ ਆਂਉਂਦੀ ਹੈ, ਜਦੋਂ ਸਥਿੱਤੀ ਆਪੇ ਤੋਂ ਬਾਹਰ ਹੋ ਜਾਂਦੀ ਹੈ। ਫਿਰ ਪਛਤਾਉਂਦੇ ਹਨ ਕਿ ਬੱਚਾ ਕਹਿ ਤਾਂ ਰਿਹਾ ਸੀ, ਪਰੰਤੂ ਅਸੀਂ ਰੁਝੇਵੇ ਕਰਕੇ ਧਿਆਨ ਨਹੀਂ ਦਿਤਾ। ਇਸ ਲਈ ਹਮੇਸ਼ਾਂ ਸੁਚੇਤ ਰਹਿਣਾ ਚਾਹੀਦਾ ਹੈ ਤੇ ਸਮੱਸਿਆ ਦੇ ਵਧਣ ਤੋਂ ਪਹਿਲਾਂ ਹੀ ਹੱਲ ਲੱਭ ਲੈਂਣਾ ਚਾਹੀਦਾ ਹੈ। ਹਮੇਸ਼ਾਂ ਵੇਖਦੇ ਰਹਿਣਾ ਚਾਹੀਦਾ ਹੈ ਕਿ ਬੱਚਾ ਰੁੱਸਿਆ ਜਾਂ ਉਦਾਸ ਤੇ ਨਹੀਂ ਰਹਿੰਦਾ ਹੈ, ਚੁੱਪ ਕਰਕੇ ਇਕੱਲਾ ਤੇ ਨਹੀਂ ਬੈਠਾ ਰਹਿੰਦਾ ਹੈ, ਛੋਟੀ ਛੋਟੀ ਗੱਲ ਤੇ ਖਿਝਦਾ ਜਾਂ ਲੜਦਾ ਤਾਂ ਨਹੀਂ ਹੈ, ਬੱਚਿਆ ਨਾਲ ਕਿਤੇ ਲੜਾਈ ਤਾਂ ਨਹੀਂ ਹੋਈ ਹੈ, ਦੋਸਤਾਂ ਨੇ ਬੁਲਾਣਾਂ ਜਾ ਆਉਂਣਾ ਤੇ ਨਹੀਂ ਬੰਦ ਕਰ ਦਿਤਾ ਹੈ, ਬੱਚਾ ਸਕੂਲ ਵਿੱਚ ਆਪਣੇ ਆਪ ਨੂੰ ਓਪਰਾ ਓਪਰਾ ਤੇ ਮਹਿਸੂਸ ਨਹੀਂ ਕਰਦਾ ਹੈ, ਆਦਿ। ਹੋ ਸਕਦਾ ਹੈ ਕਿ ਜਦੋਂ ਸਾਨੂੰ ਦੇਰ ਬਾਅਦ ਪਤਾ ਲੱਗੇ ਤਾਂ ਉਦੋਂ ਤਕ ਸਥਿੱਤੀ ਬਹੁਤ ਖਰਾਬ ਹੋ ਚੁਕੀ ਹੋਵੇ। ਅਜੇਹੀ ਸਥਿੱਤੀ ਨੂੰ ਹੱਲ ਕਰਨ ਵਿੱਚ ਬਹੁਤ ਸਮਾਂ ਬਰਬਾਦ ਹੁੰਦਾ ਹੈ, ਤੇ ਮਾਤਾ ਪਿਤਾ ਨੂੰ ਵੀ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥ (੪੧੭)

ਇਸ ਲਈ ਅੱਖਾਂ ਮੀਟ ਕੇ ਅਵੇਸਲੇ ਨਹੀਂ ਰਹਿਣਾ ਹੈ, ਬੱਚੇ ਦੇ ਸੁਭਾਅ ਸਬੰਧੀ ਹਮੇਸ਼ਾਂ ਸੁਚੇਤ ਰਹਿਣਾ ਚਾਹੀਦਾ ਹੈ। ਗੁਰਬਾਣੀ ਅਨੁਸਾਰ ਜੀਵਨ ਵਿੱਚ ਸੇਧ ਲੈਂਣ ਦੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ।

ਗਾਏ ਸੁਨੇ ਆਂਖੇ ਮੀਚੈ, ਪਾਈਐ ਨ ਪਰਮਪਦੁ॥ ਗੁਰ ਉਪਦੇਸੁ, ਗਹਿ ਜਉ ਲਉ, ਨ ਕਮਾਈਐ॥ ੪੩੯॥ (ਕਬਿਤ ਭਾਈ ਗੁਰਦਾਸ ਜੀ)

ਬੱਚਿਆਂ ਦੇ ਅਧਿਆਪਕਾ ਨਾਲ ਸਬੰਧ ਤੇ ਤਾਲਮੇਲ ਬਣਾ ਕੇ ਰੱਖਣਾ: ਮਾਤਾ ਪਿਤਾ ਨੂੰ ਕੋਸ਼ਿਸ ਕਰਨੀ ਚਾਹੀਦੀ ਹੈ ਕਿ ਬੱਚੇ ਦੇ ਅਧਿਆਪਕਾਂ ਨਾਲ ਸਬੰਧ ਕਾਇਮ ਕੀਤਾ ਜਾਵੇ ਤਾਂ ਜੋ ਬੱਚੇ ਦੀ ਪੜ੍ਹਾਈ ਤੇ ਉਸ ਸਬੰਧੀ ਹੋਰ ਜਾਣਕਾਰੀ ਮਿਲਦੀ ਰਹੇ। ਕਈ ਮਾਤਾ ਪਿਤਾ ਤਾਂ ਅਧਿਆਪਕਾਂ ਨੂੰ ਬੱਚਿਆਂ ਦਾ ਦੁਸ਼ਮਣ ਸਮਝਦੇ ਹਨ, ਪਰੰਤੂ ਉਹ ਇਹ ਨਹੀਂ ਸਮਝਦੇ ਕਿ ਅਧਿਆਪਕਾਂ ਦਾ ਕੰਮ ਬੱਚਿਆਂ ਦਾ ਭਲਾ ਕਰਨਾ ਤੇ ਉਨ੍ਹਾਂ ਦਾ ਵਿਕਾਸ ਕਰਨਾ ਹੁੰਦਾ ਹੈ। ਜੇਕਰ ਕੋਈ ਐਸਾ ਮਸਲਾ ਹੈ ਤਾਂ ਅਧਿਆਪਕ ਨਾਲ ਤਾਲਮੇਲ ਬਣਾ ਕੇ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੁੱਝ ਲੋਕ ਤਾਂ ਮਸਲਾ ਹੱਲ ਕਰਨ ਦੀ ਬਜਾਏ ਅਧਿਆਪਕ ਉੱਪਰ ਇਲਜਾਮ ਲਾਉਂਣ ਲਗ ਜਾਂਦੇ ਹਨ। ਪ੍ਰਿੰਸੀਪਲ ਕੋਲ ਜਾਣ ਦੀ ਬਜਾਏ ਪਹਿਲਾਂ ਅਧਿਆਪਕ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਕਰ ਕੋਈ ਘਰੇਲੂ ਮਸਲਾ ਹੈ ਤਾਂ ਉਸ ਨੂੰ ਸਮੇਂ ਤੋਂ ਪਹਿਲਾਂ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬੱਚੇ ਦੀ ਪੜ੍ਹਾਈ ਦਾ ਨੁਕਸਾਨ, ਸਕੂਲ ਵਿੱਚ ਕੋਈ ਖਰਾਬੀ ਕਰਨੀ, ਜਾਂ ਘੱਟ ਨੰਬਰ ਆਉਂਣ ਤੋਂ ਬਾਅਦ ਸੁਤੇ ਉੱਠਣ ਨਾਲ ਕੋਈ ਲਾਭ ਨਹੀਂ ਹੋਣਾ ਹੈ, ਸਮੇਂ ਤੋਂ ਪਹਿਲਾਂ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ। ਜੇਕਰ ਘਰ ਵਿੱਚ ਕੋਈ ਬੀਮਾਰ ਹੈ ਜਾਂ ਕੋਈ ਮਾਇਕ ਮੁਸ਼ਕਲ ਹੈ, ਮਾਤਾ ਪਿਤਾ ਦੀ ਆਪਸ ਵਿੱਚ ਅਣਬਣ ਹੈ, ਦੂਸਰੇ ਬੱਚਿਆ ਕਰਕੇ ਪਰੇਸ਼ਾਨੀ ਹੈ, ਜਾ ਕੋਈ ਹੋਰ ਕਾਰਨ ਹੈ, ਜਿਸ ਨਾਲ ਬੱਚੇ ਦੀ ਪੜ੍ਹਾਈ ਖਰਾਬ ਹੋ ਸਕਦੀ ਹੈ ਤਾਂ ਅਧਿਆਪਕ ਨਾਲ ਸਾਲਾਹ ਕੀਤੀ ਜਾ ਸਕਦੀ ਹੈ ਤਾਂ ਜੋ ਕੋਈ ਹੱਲ ਲੱਭਿਆ ਜਾ ਸਕੇ। ਭਾਂਵੇ ਲੋਕੀ ਸਹਿਮਤ ਨਾ ਹੋਣ, ਪਰੰਤੂ ਜਿਆਦਾ ਤਰ ਅਧਿਆਪਕ ਖੁਲੇ ਦਿਲ ਨਾਲ ਬੱਚੇ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਗੁਰੂ ਗਰੰਥ ਸਾਹਿਬ ਵਿੱਚ ਸਿੱਖ ਨੂੰ ਸਮਝਾਇਆ ਗਿਆ ਹੈ ਕਿ ਸਬਰ ਵਾਲਾ ਜੀਵਨ ਬਤੀਤ ਕਰਨਾ ਹੈ ਤੇ ਆਪਣੇ ਸਬਦ ਗੁਰੂ ਤੇ ਪੂਰਾ ਭਰੋਸਾ ਰੱਖਣਾ ਹੈ। ਠੀਕ ਉਸੇ ਤਰ੍ਹਾਂ ਦੁਨਿਆਵੀ ਗੁਰੂ (ਅਧਿਆਪਕ) ਤੇ ਵੀ ਭਰੋਸਾ ਰੱਖਣਾ ਚਾਹੀਦਾ ਹੈ।

ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿੑ॥ ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ॥ ੧੧੬॥ (੧੩੮੪)

ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ॥ ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ॥ (੨੮੫)

ਗੁਰੂ ਗਰੰਥ ਸਾਹਿਬ ਵਿੱਚ ਸਾਰਿਆਂ ਨੂੰ ਇਕੋ ਜਿਹਾ ਉਪਦੇਸ ਦਿਤਾ ਗਿਆ ਹੈ। ਪ੍ਰੇਮ ਦੀ ਬਰਕਤ ਨਾਲ ਗੁਰੂ ਆਪਣੇ ਸਿੱਖ ਨਾਲ ਇਕ-ਰੂਪ ਹੋ ਜਾਂਦਾ ਹੈ ਅਤੇ ਸਿੱਖ ਗੁਰੂ ਵਿੱਚ ਲੀਨ ਹੋ ਜਾਂਦਾ ਹੈ। ਸਿੱਖ ਵੀ ਗੁਰੂ ਦੇ ਉਪਦੇਸ਼ ਅਨੁਸਾਰ ਆਪਣੇ ਨਿਜੀ ਜੀਵਨ ਵਿੱਚ ਵਿਚਰਦਾ ਰਹਿੰਦਾ ਹੈ। ਗੁਰੂ ਜਿਸ ਮਨੁੱਖ ਨੂੰ ਅਕਾਲ ਪੁਰਖੁ ਦੀ ਸਿਫਤ ਸਾਲਾਹ ਕਰਨ ਦਾ ਮੰਤਰ ਹਿਰਦੇ ਵਿੱਚ ਵਸਾਣ ਲਈ ਦੇ ਦਿੰਦਾ ਹੈ, ਉਸ ਮਨੁੱਖ ਦੇ ਅੰਦਰ ਅਕਾਲ ਪੁਰਖੁ ਵਰਗੇ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ, ਫਿਰ ਉਸ ਮਨੁੱਖ ਨੂੰ ਹਰੇਕ ਦੇ ਅੰਦਰ ਅਕਾਲ ਪੁਰਖੁ ਵਸਦਾ ਵਿਖਾਈ ਦਿੰਦਾ ਹੈ।

ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥ ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ॥ ੮॥ ੨॥ ੯॥ (੪੪੪)

ਬੱਚੇ ਅੰਦਰ ਸਮਾਜ ਸੇਵਾ ਲਈ ਗੁਣ ਪੈਦਾ ਕਰਨੇ: ਜਿਥੇ ਬੱਚੇ ਨੇ ਪੜ੍ਹਾਈ ਵਿੱਚ ਅਵਲ ਨੰਬਰ ਲੈਣੇ ਹਨ, ਉਥੇ ਨਾਲ ਦੀ ਨਾਲ ਬੱਚੇ ਅੰਦਰ ਸਮਾਜ ਸੇਵਾ ਲਈ ਵੀ ਗੁਣ ਪੈਦਾ ਕਰਨੇ ਚਾਹੀਦੇ ਹਨ। ਹੋਰ ਵਿਦਿਆਰਥੀਆਂ ਨੂੰ ਨਾਲ ਲੈ ਕੇ ਕਿਸ ਤਰ੍ਹਾਂ ਚਲਣਾ ਹੈ, ਦੋਸਤੀ ਦਾ ਮਾਹੌਲ ਕਿਸ ਤਰ੍ਹਾਂ ਪੈਦਾ ਕਰਨਾ ਹੈ। ਇੱਕ ਸੰਤੁਸ਼ਟ ਵਿਦਿਆਰਥੀ ਹੀ ਪੂਰੀ ਲਗਨ ਤੇ ਖੁਸ਼ੀ ਨਾਲ ਪੜ੍ਹ ਸਕਦਾ ਹੈ। ਉਹ ਲੋਕ ਬੜੇ ਭੁਲੇਖੇ ਵਿੱਚ ਹਨ, ਜਿਹੜੇ ਕਿ ਇਹ ਸੋਚਦੇ ਹਨ ਕਿ ਸਕੂਲ ਸਿਰਫ ਡਿਗਰੀਆਂ ਲੈਣ ਲਈ ਹੀ ਹੁੰਦੇ ਹਨ ਤੇ ਸਮਾਜਕ ਜੀਵਨ ਦੀ ਕੋਈ ਲੋੜ ਨਹੀਂ ਹੈ। ਸਮਾਜਕ ਗੁਣ ਪੈਦਾ ਕਰਨ ਲਈ ਕੁੱਝ ਨਿਯਮ ਬਣਾਣੇ ਪੈਂਦੇ ਹਨ ਤੇ ਉਨ੍ਹਾਂ ਦਾ ਪਾਲਣ ਕਰਨਾ ਪੈਂਦਾ ਹੈ। ਆਪਣਾ ਖਾਣ, ਪੀਣ, ਸੌਣ, ਉੱਠਣ, ਪੜ੍ਹਨ ਦਾ ਸਮਾਂ ਨੀਯਤ ਕਰਕੇ, ਉਸ ਦਾ ਪਾਲਣ ਕਰਨਾ ਚਾਹੀਦਾ ਹੈ। ਕਿਸੇ ਬਾਰੇ ਕੁੱਝ ਸੋਚਣ ਤੇ ਕਰਨ ਤੋਂ ਪਹਿਲਾਂ ਬੱਚੇ ਦੇ ਮਨ ਅੰਦਰ ਇਹ ਵੀਚਾਰਨ ਦੀ ਆਦਤ ਪਾਣੀ ਚਾਹੀਦੀ ਹੈ, ਕਿ ਜੇਕਰ ਉਹ ਵੀ ਦੂਸਰੇ ਦੀ ਅਜੇਹੀ ਸਥਿੱਤੀ ਵਾਂਗੂ ਹੁੰਦਾ ਤਾਂ ਉਹ ਕੀ ਕਰਦਾ। ਇਸ ਤਰ੍ਹਾਂ ਵੀਚਾਰਨ ਨਾਲ ਬੱਚੇ ਦੇ ਮਨ ਅੰਦਰ ਇੱਕ ਚੰਗਾ ਆਚਰਨ ਪੈਦਾ ਹੋਵੇਗਾ, ਤੇ ਉਸ ਦਾ ਸੁਭਾਅ ਦੂਸਰਿਆਂ ਪ੍ਰਤੀ ਦਇਆਲਤਾ ਤੇ ਨਿਰਵੈਰਤਾ ਵਾਲਾ ਬਣ ਜਾਵੇਗਾ। ਬੱਚੇ ਨੂੰ ਆਪਣੇ ਦੁਖ ਤਖਲੀਫ ਤੇ ਪਰੇਸ਼ਾਨੀਆਂ ਸਾਂਝੀਆਂ ਕਰਨੀਆਂ ਸਿਖਾਈਆਂ ਜਾ ਸਕਦੀਆਂ ਹਨ, ਇਸ ਨਾਲ ਉਸ ਦਾ ਮਨ ਹਲਕਾ ਹੋ ਜਾਵੇਗਾ। ਬਿਨਾ ਕਿਸੇ ਦੂਸਰੇ ਨੂੰ ਦੁਖ ਦਿਤੇ ਬੱਚੇ ਨੂੰ ਆਪਣੀਆਂ ਪਰੇਸ਼ਾਨੀਆਂ ਤੇ ਗੁਸੇ ਤੇ ਕਾਬੂ ਕਰਨ ਦੀ ਜਾਚ ਸਿਖਾਣੀ ਚਾਹੀਦੀ ਹੈ। ਕਿਸੇ ਨੂੰ ਲੱਤ ਨਹੀਂ ਮਾਰਨੀ, ਧੱਕਾ ਨਹੀਂ ਮਾਰਨਾ, ਕੱਟਣਾ ਨਹੀਂ, ਥੁਕਣਾ ਨਹੀਂ, ਗੰਦੇ ਬੋਲ ਜਾਂ ਗਾਲੀਆਂ ਨਹੀਂ ਕੱਢਣੀਆਂ, ਆਦਿ। ਸਬਦ ਗੁਰੂ ਅਨੁਸਾਰ ਕੀਤੀ ਹੋਈ ਸੇਵਾ ਹੀ ਮਨੁੱਖ ਨੂੰ ਸਫਲ ਜੀਵਨ ਵੱਲ ਲਿਜਾ ਸਕਦੀ ਹੈ।

ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ॥ ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤਿ ਸੁਆਮੀ॥ (੨੮੬-੨੮੭)

ਬੱਚੇ ਨੂੰ ਆਪਣੇ ਪੈਰਾਂ ਤੇ ਆਪ ਖੜਾ ਹੋਣਾ ਸਿਖਾਓ: ਜਦੋਂ ਬੱਚਾ ਨਵੀਆਂ ਨਵੀਆਂ ਗੱਲਾਂ ਤਰੀਕੇ ਤੇ ਕੰਮ ਸਿਖਦਾ ਹੈ, ਤਾਂ ਉਸ ਦਾ ਆਤਮ ਵਿਸ਼ਵਾਸ ਵਧਦਾ ਹੈ ਤੇ ਉਹ ਆਪਣੇ ਪੈਰਾਂ ਤੇ ਆਪ ਖੜਾ ਹੋਣਾ ਸਿਖ ਜਾਂਦਾ ਹੈ। ਚਾਹੀਦਾ ਹੈ ਕਿ ਬੱਚਾ ਹਰ ਸਾਲ ਕੋਈ ਨਾ ਕੋਈ ਨਵਾਂ ਗੁਣ ਤੇ ਜਿੰਮੇਵਾਰੀ ਸਿਖੇ ਤੇ ਉਸ ਤੇ ਮਾਣ ਕਰ ਸਕੇ ਤਾਂ ਜੋ ਉਸ ਦਾ ਉਤਸ਼ਾਹ ਵਧਦਾ ਰਹੇ। ਬੱਚਿਆਂ ਨੂੰ ਆਪਣੇ ਕਪੜੇ ਚੁਣਨੇ, ਪਾਣੇ, ਬੂਟ ਪਾਣੇ, ਸਕੂਲ ਦਾ ਬਸਤਾ ਤਿਆਰ ਕਰਨਾ, ਰੋਟੀ ਦਾ ਡੱਬਾ, ਆਪਣੇ ਆਪ ਉਠਣਾ, ਕਿਤਾਬਾ ਕਾਪੀਆਂ ਠੀਕ ਤਰ੍ਹਾਂ ਰੱਖਣੀਆਂ, ਮਾਤਾ ਪਿਤਾ ਦੀ ਘਰ ਦੇ ਕੰਮਾਂ ਵਿੱਚ ਸਹਾਇਤਾ ਕਰਨੀ, ਆਦਿ ਕੰਮ ਕਰਨੇ ਸਿਖਣੇ ਚਾਹੀਦੇ ਹਨ। ਜਿਸ ਤਰ੍ਹਾਂ ਬੱਚਾ ਵੱਡਾ ਹੁੰਦਾ ਹੈ, ਉਸ ਨੂੰ ਆਪਣੇ ਆਪ ਖਾਣਾ, ਘਰ ਦਾ ਕੰਮ ਕਰਨਾ, ਸਕੂਲ ਦਾ ਕੰਮ ਕਰਨਾ, ਸਕੂਲ ਦਾ ਪਰਾਜੈਕਟ ਤਿਆਰ ਕਰਨਾ, ਸਿਖਿਆ ਵਾਲੀਆਂ ਖੇਡਾਂ ਖੇਡਣੀਆਂ, ਆਦਿ ਦੀ ਜਾਚ ਸਿਖਣੀ ਚਾਹੀਦੀ ਹੈ। ਬੱਚੇ ਦਾ ਸਕੂਲ ਦਾ ਕੰਮ ਮਾਤਾ ਪਿਤਾ ਨੂੰ ਕਰਨ ਦੀ ਬਜਾਏ, ਬੱਚੇ ਨੂੰ ਆਪ ਕਰਨ ਦੀ ਆਦਤ ਪਾਣੀ ਚਾਹੀਦੀ ਹੈ। ਮਾਤਾ ਪਿਤਾ ਨੂੰ ਬੱਚੇ ਦੇ ਕੀਤੇ ਕੰਮ ਵੇਖ ਕੇ, ਉਸ ਦੇ ਕੰਮ ਕਰਨ ਦੇ ਤਰੀਕੇ ਨੂੰ ਠੀਕ ਕਰਨ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਮੁਸ਼ਕਲ ਕੰਮ ਕਰਨ ਵਿੱਚ ਸਹਾਇਤਾ ਤੇ ਅਗਵਾਈ ਦਿਤੀ ਜਾ ਸਕਦੀ ਹੈ। ਬੱਚੇ ਨੂੰ ਆਪਣੇ ਕੰਮ ਆਪ ਕਰਨ ਦੀ ਜਾਚ ਸਿਖਣੀ ਚਾਹੀਦੀ ਹੈ, ਤਾਂ ਜੋ ਜੀਵਨ ਵਿੱਚ ਇਜਤ, ਮਾਣ ਤੇ ਭਰੋਸੇ ਨਾਲ ਚਲ ਸਕੇ।

"ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ ੨੦॥" (੪੭੪)

ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ (੧੪੨)

ਗੱਲਬਾਤ ਕਰਨ ਵਿੱਚ ਮਾਤਾ ਪਿਤਾ ਤੇ ਬੱਚਿਆਂ ਦਾ ਆਪਸ ਵਿੱਚ ਪ੍ਰੇਮ ਪਿਆਰ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ: ਬੱਚਿਆਂ ਦਾ ਮਾਤਾ ਪਿਤਾ ਕੋਲੋਂ ਡਰਦੇ ਰਹਿਣਾ ਠੀਕ ਨਹੀਂ ਹੈ। ਭਾਵੇਂ ਕੋਈ ਭੈੜੇ ਤੋਂ ਭੈੜਾ ਮਸਲਾ ਹੋਵੇ, ਮਸਲਾ ਬਹੁਤ ਉਲਝ ਗਿਆ ਹੋਵੇ, ਕੋਈ ਚੀਜ਼ ਖਰਾਬ ਹੋ ਗਈ ਹੋਵੇ, ਤਾਂ ਵੀ ਬੱਚੇ ਦੇ ਮਨ ਵਿੱਚ ਇਹ ਨਹੀਂ ਹੋਣਾ ਚਾਹੀਦਾ ਹੈ ਕਿ ਮਾਤਾ ਪਿਤਾ ਉਸ ਨੂੰ ਨਫਰਤ ਕਰਨਗੇ ਜਾਂ ਮਾਰਨਗੇ। ਮਾਤਾ ਪਿਤਾ ਨੂੰ ਨਿਰਾਸ਼ਤਾ ਹੋ ਸਕਦੀ ਹੈ, ਪਰੰਤੂ ਬੱਚੇ ਦੇ ਮਨ ਵਿੱਚ ਹੋਣਾ ਚਾਹੀਦਾ ਹੈ ਕਿ ਮਾਤਾ ਪਿਤਾ ਉਸ ਦੀ ਸਹਾਇਤਾ ਕਰਨ ਲਈ ਹਨ। ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਬੱਚਿਆਂ ਨਾਲ ਰੋਜ਼ਾਨਾ ਗੱਲਬਾਤ ਕਰਨ, ਆਪਸ ਵਿੱਚ ਹੱਸਣ ਖੇਡਣ, ਖੁਸ਼ੀ ਸਾਂਝੀ ਕਰਨ, ਖਾਣਾ ਇਕੱਠੇ ਖਾਣ, ਕਹਾਣੀਆਂ ਸੁਣਾਣ, ਆਦਿ। ਬੱਚੇ ਨਾਲ ਸਮਾਂ ਬਿਤਾਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਲੱਗੇ ਕਿ ਉਹ ਵੀ ਆਪ ਦੇ ਜੀਵਨ ਦਾ ਹਿਸਾ ਹੈ। ਭਾਵੇ ਥੋੜਾ ਸਮਾਂ ਹੀ ਹੋਵੇ ਪਰੰਤੂ ਰੋਜ਼ਾਨਾ ਕੁੱਝ ਸਮਾਂ ਕੱਢੋ। ਬੱਚੇ ਨਾਲ ਗੱਲਬਾਤ ਕਰਨ ਸਮੇਂ, ਸਕੂਲੇ ਛੱਡਣ ਵੇਲੇ, ਵਾਪਿਸ ਲਿਆਣ ਵੇਲੇ, ਆਪਣਾ ਮੋਬਾਈਲ ਜਾਂ ਕੰਮਪਿਊਟਰ ਬੰਦ ਕਰ ਦਿਉ। ਬੱਚੇ ਨਾਲ ਅੱਖਾਂ ਨਾਲ ਅੱਖਾਂ ਮਿਲਾ ਕੇ ਗੱਲਬਾਤ ਕਰੋ। ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਬੱਚਿਆਂ ਨਾਲ ਉਸੇ ਤਰੀਕੇ ਨਾਲ ਗੱਲਬਾਤ ਕਰਨ, ਜਿਸ ਤਰ੍ਹਾਂ ਤੁਸੀ ਚਾਹੁੰਦੇ ਹੋ ਕਿ ਬੱਚਾ ਦੂਸਰਿਆਂ ਨਾਲ ਗੱਲਬਾਤ ਕਰੇ। ਜਿਥੋਂ ਤਕ ਹੋ ਸਕੇ ਮਾਤਾ ਪਿਤਾ ਦਾ ਤਰੀਕਾ ਆਸ਼ਾਵਾਦੀ, ਉਤਸ਼ਾਹ ਦੇਣ ਵਾਲਾ ਤੇ ਠੀਕ ਹੋਣਾ ਚਾਹੀਦਾ ਹੈ। ਜੇਕਰ ਕੋਈ ਮਜਬੂਰੀ ਜਾਂ ਮੁਸ਼ਕਲ ਹੋਵੇ, ਜਿਸ ਕਰਕੇ ਬੱਚੇ ਦੀ ਇਛਾ ਪੂਰੀ ਨਹੀਂ ਕਰ ਸਕਦੇ ਤਾਂ ਗੱਲਬਾਤ ਕਰਨ ਸਮੇਂ ਪੱਕੇ, ਠੀਕ ਤੇ ਭਰੋਸੇ ਵਾਲੇ ਲਗਣੇ ਚਾਹੀਦੇ ਹਨ। ਮਾਤਾ ਪਿਤਾ ਬੱਚੇ ਨੂੰ ਬਿਨਾ ਉੱਚੀ ਬੋਲੇ ਪਿਆਰ ਨਾਲ ਸਮਝਾ ਸਕਦੇ ਹਨ ਤੇ ਵਿਸ਼ਵਾਸ ਦੇ ਮਾਹੌਲ ਵਿੱਚ ਸਹਾਇਤਾ ਕਰ ਸਕਦੇ ਹਨ।

ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ॥ ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ॥ (੨੮੫)

ਗੁਰਦੁਆਰਾ ਸਾਹਿਬ ਬਹੁਤ ਵੱਡਾ ਸਿਖਿਆ ਦਾ ਕੇਂਦਰ ਬਣ ਸਕਦਾ ਹੈ: ਬੱਚਿਆਂ ਨੂੰ ਅਵਲ ਦਰਜ਼ੇ ਦੀ ਸਿਖਿਆ ਦੇਣ ਲਈ ਗੁਰਦੁਆਰਾ ਸਾਹਿਬ ਬਹੁਤ ਸਹਾਈ ਹੋ ਸਕਦੇ ਹਨ। ਬਿਨਾ ਕਿਸੇ ਉਚੇਚੇ ਉਪਰਾਲੇ ਕਰਨ ਦੇ ਬੱਚੇ ਬਹੁਤ ਸਾਰੀਆਂ ਚੰਗੀਆਂ ਆਦਤਾਂ ਸਿਖ ਸਕਦੇ ਹਨ। ਆਪਸ ਵਿੱਚ ਕਿਸ ਤਰ੍ਹਾਂ ਮਿਲਵਰਤਨ ਕਰਨਾ, ਲੰਗਰ ਬਣਾਣਾ ਤੇ ਵਰਤਾਣਾ, ਦਰਬਾਰ ਹਾਲ ਵਿੱਚ ਕਿਸ ਤਰ੍ਹਾਂ ਬੈਠਣਾਂ, ਗੁਰਬਾਣੀ ਸੁਣਨੀ, ਸਮਝਣੀ, ਗਾਇਨ ਕਰਨੀ, ਜੀਵਨ ਵਿੱਚ ਅਪਨਾਉਣੀ ਤੇ ਇੱਕ ਦੂਜੇ ਦੀ ਸਹਾਇਤਾ ਕਰਨੀ, ਆਦਿ।

ਇਹ ਸਭ ਕੁੱਝ ਸਮਝਣ, ਸਿਖਣ ਤੇ ਜੀਵਨ ਵਿੱਚ ਅਪਨਾਣ ਲਈ ਸਭ ਤੋਂ ਉੱਤਮ ਤੇ ਕਾਰਗਰ ਤਰੀਕਾ ਹੈ ਕਿ, ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਤੋਂ ਸੇਧ ਲਈ ਜਾਵੇ ਤੇ ਗੁਰਬਾਣੀ ਅਨੁਸਾਰ ਦੱਸੀ ਗਈ ਸਿਖਿਆਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਜਾਵੇ।

ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ॥ ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ॥ ੮॥ (੭੫੯)

"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ"

(Dr. Sarbjit Singh)

Vashi, Navi Mumbai - 400703.

Email = sarbjitsingh@yahoo.com,

Web= http://www.geocities.ws/sarbjitsingh/

http://www.sikhmarg.com/article-dr-sarbjit.html
.