.

ਧੂਰਤੁ ਸੋਈ ਜਿ ਧੁਰ ਕਉ ਲਾਗੈ॥ …

ਧਰਮ-ਸਥਾਨਾਂ ਦੇ ਪੁਜਾਰੀ ਅਤੇ ਧਰਮ-ਪ੍ਰਚਾਰਕ ਗ੍ਰੰਥ-ਗਿਆਨ, ਮਲੂਕੀ ਵੇਸ, ਮੱਕਾਰ ਪੱਤੇਬਾਜ਼ੀਆਂ ਅਤੇ ਦਿਖਾਵੇ ਦੇ ਧਰਮ-ਕਰਮ (ਕਰਮਕਾਂਡ) ਸੰਪੰਨ ਕਰਨ ਦੀ ‘ਸਮਝ’ ਤੇ ‘ਸਮਰਥਾ’ ਸਦਕਾ ਆਪਣੇ ਆਪ ਨੂੰ ਪ੍ਰਭੂ ਦੇ ਉੱਚਤਮ ਭਗਤ ਸਮਝਦੇ/ਦੱਸਦੇ ਸਨ/ਹਨ! ! ਅਤੇ, ਇਨ੍ਹਾਂ ‘ਉੱਚਤਮ ਪ੍ਰਭੂ-ਭਗਤਾਂ’ ਦੇ ਮਗਰ ਲੱਗੇ ਲੋਕ ਵੀ ‘ਇਤਿਹਾਸਕ’ ਧਰਮ-ਸਥਾਨਾਂ ਦੀਆਂ ਆਲੀਸ਼ਾਨ ਇਮਾਰਤਾਂ ਦੇ ‘ਦਰਸ਼ਨ’ ਕਰਨ, ਨਿਰਜਿੰਦ ਕਾਲਪਨਿਕ ਮੂਰਤੀਆਂ ਅੱਗੇ ਸਿਰ ਝੁਕਾਉਣ, ਪੱਥਰਾਂ ਉੱਤੇ ਮੱਥੇ ਰਗੜਣ, ਅੰਮ੍ਰਿਤ ਗਰਦਾਨੇ ਜਾਂਦੇ ਪਾਣੀਆਂ ਵਿੱਚ ਟੁਬਕੀਆਂ ਲਾਉਣ ਅਤੇ ਭੇਟਾਵਾਂ ਅਰਪਣ ਕਰਕੇ ਪੁਜਾਰੀਆਂ ਕੋਲੋਂ, ਮਨ ਦੀਆਂ ਦੁਨਿਆਵੀ ਮੁਰਾਦਾਂ ਪੂਰੀਆਂ ਕਰਵਾਉਣ ਲਈ, ਕਰਮ-ਕਾਂਡ ਸੰਪੰਨ ਕਰਵਾਉਣ ਨੂੰ ਹੀ ਪ੍ਰਭੂ-ਭਗਤੀ ਤੇ ਧਰਮ ਸਮਝੀ ਬੈਠੇ ਹਨ! ਧਰਮ ਦੇ ਨਾਮ ਧਰੀਕ ਪ੍ਰਚਾਰਕਾਂ ਤੇ ਪੈਰੋਕਾਰਾਂ ਦੇ ਮਨ ਦਾ ਇਹ ਬਹੁਤ ਵੱਡਾ ਭਰਮ-ਰੋਗ ਹੈ। ਇਸ ਦੀਰਘ ਰੋਗ ਦੇ ਰੋਗੀ ਪ੍ਰਚਾਰਕ ਅਤੇ ਪੈਰੋਕਾਰ ਆਪਣਾ ਦੁਰਲੱਭ ਮਾਨਵ-ਜੀਵਨ ਵਿਅਰਥ ਗਵਾ ਲੈਂਦੇ ਹਨ। ਇਸ ਸੱਚ ਨੂੰ ਮੁੱਖ ਰੱਖਦਿਆਂ ਬਾਣੀਕਾਰਾਂ ਨੇ ਆਪਣੀ ਬਾਣੀ ਵਿੱਚ ਕਈ ਥਾਂਈਂ ਪ੍ਰਭੂ ਦੇ ਸੱਚੇ ਭਗਤ ਦੇ ਗੁਣਾਂ ਬਾਰੇ ਵਿਚਾਰ ਕੀਤੀ ਹੈ। ਸੱਚੇ ਪ੍ਰਭੂ-ਭਗਤ ਦੀ ਪਰਿਭਾਸ਼ਾ ਉਲੀਕਦੇ ਹੋਏ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ:

ਧੂਰਤੁ ਸੋਈ ਜਿ ਧੁਰ ਕਉ ਲਾਗੈ॥

ਸੋਈ ਧੁਰੰਧਰੁ ਸੋਈ ਬਸੁੰਧਰੁ ਹਰਿ ਏਕ ਪ੍ਰੇਮ ਰਸ ਪਾਗੈ॥ ਰਹਾਉ॥

ਬਲਬੰਚ ਕਰੈ ਨ ਜਾਨੈ ਲਾਭੈ ਸੋ ਧੂਰਤੁ ਨਹੀ ਮੂੜਾ॥

ਸੁਆਰਥੁ ਤਿਆਗਿ ਅਸਾਰਥਿ ਰਚਿਓ ਨਹ ਸਿਮਰੈ ਪ੍ਰਭੁ ਰੂੜਾ॥ ੧॥

ਸੋਈ ਚਤੁਰੁ ਸਿਆਣਾ ਪੰਡਿਤੁ ਸੋ ਸੂਰਾ ਸੋ ਦਾਨਾਂ॥

ਸਾਧ ਸੰਗਿ ਜਿਨਿ ਹਰਿ ਹਰਿ ਜਪਿਓ ਨਾਨਕ ਸੋ ਪਰਵਾਨਾ॥ ੨॥ ਸਾਰਗ ਮ: ੫ ੮/੭੭੯

ਸ਼ਬਦ ਅਰਥ:- ਧੂਰਤੁ: ਧੁਰ=ਧੁਰਾ, ਮੂਲ; ਰਤੁ=ਪ੍ਰੇਮ; ਧੂਰਤੁ: ਸ੍ਰਿਸ਼ਟੀ ਦੇ ਮੂਲ (ਧੁਰ) ਪ੍ਰਭੂ ਨਾਲ ਪ੍ਰੇਮ (ਰਤੁ) ਕਰਨ ਵਾਲਾ, ਪ੍ਰਭੂ-ਭਗਤ। ਜਿ: ਜੋ, ਜਿਹੜਾ। ਧੁਰ: ਧੁਰਾ ਜਿਸ ਦੁਆਲੇ ਸਾਰੀ ਕਾਇਨਾਤ ਘੁੰਮਦੀ ਹੈ, ਸਿਰਜਨਹਾਰ, ਪ੍ਰਭੂ-ਪਰਮਾਤਮਾ। ਧੁਰੰਧਰੁ: ਉੱਚਤਮ ਵਿਦਵਾਨ, ਬ੍ਰਹਮ-ਗਿਆਨੀ, ਆਤਮ-ਗਿਆਨੀ। ਬਸੁੰਧਰੁ: ਵਸੁ: ਧਨ-ਦੌਲਤ, ਗਿਆਨ ਦੀ ਰੌਸ਼ਨੀ/ਪ੍ਰਕਾਸ਼; ਧਰੁ: ਧਾਰੀ, ਧਾਰਨ ਵਾਲਾ, ਰੱਖਣ ਵਾਲਾ; ਬਸੁੰਧਰੁ: ਵਸੁੰਧਰੁ: ਗਿਆਨ-ਪ੍ਰਕਾਸ਼ ਦਾ ਧਾਰਨੀ, ਗਿਆਨ-ਧਨ ਦਾ ਮਾਲਿਕ, ਦੌਲਤਮੰਦ, ਧਨਵਾਨ। ਪਾਗੈ: ਪਾਗਣਾ: ਲੀਨ ਹੋਣਾ, ਮਗਨ ਹੋਣਾ; ਪਾਗੇ: ਲੀਨ ਹੋਵੇ, ਮਗਨ ਹੋਵੇ। ਰਹਾਉ।

ਬਲਬੰਚ: ਬਲ=ਜ਼ੋਰ+ਬੰਚ=ਛਲ/ਕਪਟ; ਬਲਬੰਚ: ਬਲ/ਜ਼ੋਰ ਤੇ ਛਲ-ਕਪਟ ਨਾਲ ਲੁੱਟਣਾ ਤੇ ਠੱਗਣਾ। (ਨੋਟ:-ਮਨੁੱਖਾ ਸਮਾਜ ਵਿੱਚ ਮਨੁੱਖਤਾ ਨੂੰ ਬੇਰਹਿਮੀ ਨਾਲ ਲੁੱਟਣ ਤੇ ਠੱਗਣ ਵਾਲੀਆਂ ਦੋ ਮੁੱਖ ਸ਼੍ਰੇਣੀਆਂ ਹਨ: ਪਹਿਲੀ, ਰਾਜਾ/ਸ਼ਾਸਕ ਸ਼੍ਰੇਣੀ ਜੋ ਜ਼ੋਰ ਨਾਲ ਲੋਕਾਂ ਨੂੰ ਲੁੱਟਦੀ ਤੇ ਉਨ੍ਹਾਂ ਦਾ ਲਹੂ ਪੀਂਦੀ ਹੈ; ਅਤੇ ਦੂਜੀ, ਪੁਜਾਰੀ ਸ਼੍ਰੇਣੀ ਜੋ ਰੱਬ ਦੇ ਬੰਦਿਆਂ ਨੂੰ ਰੱਬ ਦੇ ਹੀ ਨਾਮ `ਤੇ ਛਲ-ਕਪਟ ਨਾਲ ਠੱਗਦੀ ਹੈ।) ਮੂੜਾ: ਅਗਿਆਨੀ, ਮੂਰਖ। ਅਸਰਥਿ: ਸਾਰਥ: ਅਰਥ/ਧਨ; ਅਸਾਰਥ/ਅਸਰਥ: ਨਿਰਧਨ, ਘਾਟੇ ਦਾ ਕਰਮ। ਰਚਿਓ: ਲੀਨ/ਮਗਨ/ਮਸਤ ਹੋਇਆ। ਰੂੜਾ: ਸਿਆਣਾ, ਸ੍ਰੇਸ਼ਟ, ਪ੍ਰਵਾਣਿਤ, ਪ੍ਰਸਿੱਧ। ੧।

ਚਤੁਰ: ਸੁਚੇਤ, ਸੁਜਾਨ, ਸਿਆਣਾ। ਪੰਡਿਤ: (ਅਧਿਆਤਮ) ਗਿਆਨੀ, ਇੰਦ੍ਰੀਆਤਮਿਕ ਸੰਜਮ ਵਾਲਾ। ਸੂਰਾ: ਦਲੇਰ, ਸਾਹਸੀ, ਡਟ ਕੇ ਮੁਕਾਬਲਾ ਕਰਨ ਵਾਲਾ। ਦਾਨਾਂ: ਚੇਤਨ, ਬੁੱਧੀਮਾਨ, ਗਿਆਨੀ। ਪਰਵਾਨਾ: ਪ੍ਰਮਾਣਿਤ, ਮਕਬੂਲ, ਸਵਿਕਾਰਿਆ ਗਿਆ। ੨।

ਭਾਵ ਅਰਥ:- ਉਹ ਮਨੁੱਖ ਹੀ ਪ੍ਰਭੂ ਦਾ ਭਗਤ ਹੈ ਜਿਸ ਦੀ ਲਗਨ ਸ੍ਰਿਸ਼ਟੀ ਦੇ ਮੂਲ (ਧੁਰੇ) ਸਿਰਜਨਹਾਰ ਪ੍ਰਭੂ ਨਾਲ ਲੱਗੀ ਹੋਈ ਹੈ। ਉਹ ਮਨੁੱਖ ਹੀ ਬ੍ਰਹਮਗਿਆਨੀ ਹੈ, ਓਹੀ ਅਧਿਆਤਮਿਕ ਗਿਆਨ ਰੂਪੀ ਧਨ ਦਾ ਮਾਲਿਕ (ਗਿਆਨੀ) ਹੈ ਜਿਹੜਾ ਕੇਵਲ ਤੇ ਕੇਵਲ ਪ੍ਰਭੂ ਦੇ ਪ੍ਰੇਮ ਵਿੱਚ ਹੀ ਮਗਨ ਰਹਿੰਦਾ ਹੈ। ੧। ਰਹਾਉ।

ਜੋ ਮਨੁੱਖ ਜ਼ੋਰ ਤੇ ਛਲ-ਕਪਟ ਨਾਲ ਦੂਸਰਿਆਂ ਨੂੰ ਲੁੱਟਦਾ/ਠੱਗਦਾ ਰਹਿੰਦਾ ਹੈ, (ਪਰੰਤੂ) ਆਪਣੇ ਆਤਮਿਕ ਨਫ਼ੇ-ਨੁਕਸਾਨ ਦੀ ਸਮਝ ਨਹੀਂ ਰੱਖਦਾ, ਉਹ ਪ੍ਰਭੂ-ਭਗਤ ਨਹੀਂ, ਸਗੋਂ ਉਹ ਅਗਿਆਨੀ ਤੇ ਮੂਰਖ ਹੈ। ਉਹ ਆਪਣੇ ਫ਼ਾਇਦੇ ਦੇ ਅਸਲੀ ਕਰਮ ਛੱਡ ਕੇ ਘਾਟੇ ਦੇ ਧੰਦੇ ਕਰ ਰਿਹਾ ਹੈ। (ਕਿਉਂਕਿ) ਉਹ ਸਰਵ-ਸ੍ਰੇਸ਼ਟ ਸਿਰਜਨਹਾਰ ਦਾ ਨਾਮ ਨਹੀਂ ਸਿਮਰਦਾ। ੧।

ਉਹੀ ਮਨੁੱਖ ਸੁਚੇਤ, ਸਿਆਣਾ, ਗਿਆਨੀ ਤੇ (ਵਿਕਾਰਾਂ ਨਾਲ ਲੜਨ ਵਾਲਾ) ਸੂਰਮਾ ਹੈ ਜਿਹੜਾ ਸੱਚੀ ਸੰਗਤ ਵਿੱਚ ਬੈਠ ਕੇ ਹਰਿਨਾਮ ਦਾ ਸਿਮਰਨ ਕਰਦਾ ਹੈ। ਹੇ ਨਾਨਕ! (ਸੱਚੀ ਸੰਗਤ ਵਿੱਚ ਬੈਠ ਕੇ) ਨਾਮ ਸਿਮਰਨ ਕਰਨ ਵਾਲਾ ਮਨੁੱਖ ਹੀ ਰੱਬ ਦੇ ਦਰ `ਤੇ ਪ੍ਰਵਾਣ ਹੁੰਦਾ ਹੈ। ੨।

ਗੁਰੂ ਅਰਜਨ ਦੇਵ ਜੀ ਦੇ ਉਕਤ ਵਿਚਾਰੇ ਸ਼ਬਦ ਵਿੱਚੋਂ ਹੇਠ ਲਿਖੇ ਮਹੱਤਵਪੂਰਨ ਸਿੱਖਿਆਦਾਇਕ ਨੁਕਤੇ ਉਘੜ ਕੇ ਸਾਹਮਨੇ ਆਉਂਦੇ ਹਨ:- ੧. ਪ੍ਰਭੂ-ਭਗਤ (ਧੂਰਤੁ), ਬ੍ਰਹਮਗਿਆਨੀ (ਧੁਰੰਧਰੁ) ਦੀ ਪਦਵੀ ਪ੍ਰਾਪਤ ਕਰਨ ਅਤੇ ਅਧਿਆਤਮਿਕ ਗਿਆਨ ਦਾ ਧਨੀ (ਬਸੁੰਧਰੁ) ਬਣਨ/ਅਖਵਾਉਣ ਵਾਸਤੇ ਮਨੁੱਖ ਨੂੰ ਮਾਇਆ-ਮੁਕਤ ਹੋ ਕੇ ਪ੍ਰਭੂ ਨਾਲ ਲਿਵ ਲਾਉਣ ਦੀ ਲੋੜ ਹੈ। ੨. ਜਿਹੜਾ ਬੰਦਾ ਸੱਚੀ ਸੰਗਤ ਵਿੱਚ ਬੈਠ ਕੇ ਸ਼ੁੱਧ ਮਨ ਨਾਲ ਪ੍ਰਭੂ ਦੇ ਨਾਮ (ਦੈਵੀ ਗੁਣਾਂ) ਦੀ ਵਿਚਾਰ ਕਰਦਾ ਹੈ, ਉਹੀ ਸੁਚੇਤ, ਸਿਆਣਾ, ਗਿਆਨੀ ਤੇ (ਵਿਕਾਰਾਂ ਨਾਲ ਲੜਣ ਵਾਲਾ) ਸੂਰਬੀਰ ਹੈ। ਅਜਿਹਾ ਸੂਰਬੀਰ ਬੰਦਾ ਹੀ ਸੱਚਾ ਪ੍ਰਭੂ-ਭਗਤ ਹੈ; ਅਤੇ ਅਜਿਹਾ ਭਗਤ ਹੀ ਰੱਬ ਦੇ ਦਰ `ਤੇ ਸਵੀਕਾਰਿਆ ਜਾਂਦਾ ਹੈ।

੩. ਜਿਹੜਾ ਨਾਮ-ਵਿਹੂਣਾ ਭੇਖੀ ਪਾਖੰਡੀ ਮੱਕਾਰ ਮਨੁੱਖ, ਆਪਣੇ ਆਤਮਿਕ ਨਫ਼ਾ-ਨੁਕਸਾਨ ਦੀ ਪ੍ਰਵਾਹ ਨਾ ਕਰਦਾ ਹੋਇਆ, ਦੂਸਰਿਆਂ ਨੂੰ ਬਲ ਨਾਲ ਲੁੱਟ ਕੇ ਤੇ ਛਲ ਨਾਲ ਠੱਗ ਕੇ ਆਪਣੇ ਲਈ ਸੰਸਾਰਕ ਸੁੱਖ ਪ੍ਰਾਪਤ ਕਰਦਾ ਹੈ, ਉਹ ਗਿਆਨੀ ਨਹੀਂ ਸਗੋਂ ਮਹਾਂ ਮੂਰਖ ਹੈ।

ਬ੍ਰਹਮ-ਗਿਆਨੀ ਬਾਣੀਕਾਰਾਂ ਦੀਆਂ ਸਚਿਆਰ ਸ਼ਖ਼ਸੀਅਤਾਂ ਉਪਰੋਕਤ ਪਹਿਲੇ ਦੋ ਆਤਮਿਕ ਗੁਣਾਂ ਨਾਲ ਪਰਿਪੂਰਨ ਸਨ, ਪਰੰਤੂ ਤੀਸਰੇ ਲੱਛਣ ਦੀ ਪੂਰਣ ਅਣਹੋਂਦ ਸੀ। ਬਾਣੀਕਾਰ ਸੋਚਣੀ, ਕਥਨੀ, ਕਰਨੀ ਤੇ ਰਹਿਣੀ ਪੱਖੋਂ, ਨਿਰਸੰਦੇਹ, ਪ੍ਰਭੂ ਦੇ ਉੱਚਤਮ ਭਗਤ ਸਨ; ਅਤੇ ਸਹੀ ਅਰਥਾਂ ਵਿੱਚ ਧੂਰਤੁ, ਬਸੁੰਧਰ ਤੇ ਧੁਰੰਧਰੁ ਹੋਣ ਕਾਰਣ ਉਹ ਸੰਤ, ਸਾਧ, ਬਾਬਾ, ਬ੍ਰਹਮਗਿਆਨੀ ਅਤੇ ਗੁਰੂ ਆਦਿ ਦੀ ਉਪਾਧੀ ਦੇ ਹੱਕਦਾਰ ਸਨ। ਪਰੰਤੂ, ਉੱਚਤਮ ਹੋਣ ਦੇ ਬਾਵਜੂਦ ਵੀ, ਉਹ ਇਤਨੇ ਨਿਰਮਾਣ, ਨਿਮਾਣੇ ਤੇ ਮਸਕੀਨ ਸਨ ਕਿ ਉਨ੍ਹਾਂ ਨੇ ਆਪਣੇ ਨਾਵਾਂ ਨਾਲ ਕਦੇ ਵੀ ਕੋਈ ਅਜਿਹਾ ਸਤਿਕਾਰ-ਸੂਚਕ ਲਕਬ ਨਹੀਂ ਵਰਤਿਆ! ਉਨ੍ਹਾਂ ਦੀ ਇਸੇ ਆਤਮਿਕ ਉੱਚਤਾ ਤੇ ਸੁਭਾਉ ਦੀ ਸੁੱਚਤਾ ਕਰਕੇ ਹੀ ਲੋਕ ਉਨ੍ਹਾਂ ਨੂੰ ਗੁਰੂ ਕਹਿ ਕੇ ਯਾਦ ਕਰਦੇ ਹਨ।

ਗੁਰਮਤਿ ਦੇ ਬਿਲਕੁਲ ਉਲਟ, ਅੱਜ ਗੁਰਮਤਿ ਦੇ ਧਰਮ-ਖੇਤ ਉੱਤੇ ਨਦੀਨ ਵਾਂਙ ਛਾ ਚੁੱਕੇ ਧਾਨਕ ਰੂਪ ਭੇਖੀ ਪ੍ਰਭੂ-ਭਗਤਾਂ, ਸੰਤਾਂ-ਸਾਧਾਂ, ਗਿਆਨੀਆਂ, ਬ੍ਰਹਮਗਿਆਨੀਆਂ, ਬਾਬਿਆਂ ਤੇ ਡੇਰੇਦਾਰਾਂ ਆਦਿ ਦੇ ਗ਼ਲੀਜ਼ ਕਿਰਦਾਰ ਵਿੱਚ ਪਹਿਲੇ ਦੋ ਦੈਵੀ ਗੁਣਾਂ ਦੀ ਪੂਰਣ ਅਣਹੋਂਦ ਹੈ, ਪਰੰਤੂ ਤੀਜਾ ਲੱਛਣ (ਦਰਅਸਲ ਕੁਲੱਛਣ) ਕੁੱਟ ਕੁੱਟ ਕੇ ਭਰਿਆ ਹੋਇਆ ਹੈ। ਨਾਮ-ਵਿਹੂਣੇ ਇਹ ਕੁਲੱਛਣੇ ਛੂਛੇ ਆਪਣਾ ਛੂਛਾਪਣ ਛੁਪਾਉਣ ਵਾਸਤੇ, ਗੁਰ-ਸਿੱਖਆ ਦੇ ਬਿਲਕੁਲ ਉਲਟ, ਆਪਣੇ ਨਾਂਵਾਂ ਨਾਲ ਸਾਧ, ਸੰਤ, ਮਹੰਤ, ਬਾਬਾ, ਗਿਆਨੀ, ਬ੍ਰਹਮਗਿਆਨੀ, ਗੁਰੂ, ਖ਼ਾਲਸਾ, ਭਾਈ ਤੇ ਪ੍ਰਚਾਰਕ ਆਦਿ ਦੀਆਂ ਪਦਵੀਆਂ ਜੋੜ ਕੇ ਵਲ-ਛਲ ਨਾਲ ਲੋਕਾਂ ਨੂੰ ਨਿਰਲੱਜ ਹੋ ਕੇ ਠੱਗਦੇ ਫਿਰਦੇ ਹਨ।

ਪਾਠਕ ਸੱਜਨੋਂ! ਪਾਖੰਡੀਆਂ ਦੀ ਇਸ ਮੂੜ੍ਹ-ਮੰਡਲੀ ਦੇ ਨਦੀਨ ਦੀ ਮਾਰੂ ਦਾਬ ਹੇਠੋਂ ਨਿਕਲਣ ਦਾ ਇੱਕੋ ਹੀ ਸਾਧਨ ਹੈ: ਗੁਰਮਤਿ-ਗਿਆਨ! ! ! ਗੁਰਮਤਿ-ਗਿਆਨ ਨੂੰ ਪ੍ਰਾਪਤ ਕਰਨ ਲਈ ਸਾਨੂੰ ਇਨ੍ਹਾਂ ਨਾਮ-ਵਿਹੂਣੇ ਮੱਕਾਰ ਪਾਜੀਆਂ ਦਾ ਪੱਲਾ ਛੱਡ ਕੇ, ਗੁਰਬਾਣੀ ਨੂੰ ਆਪ ਸਮਝ-ਵਿਚਾਰ ਕੇ, ਗੁਰੂ (ਗ੍ਰੰਥ) ਦੇ ਲੜ ਲੱਗਣ ਦੀ ਲੋੜ ਹੈ!

ਗੁਰਇੰਦਰ ਸਿੰਘ ਪਾਲ

ਜੂਨ 5, 2017.




.