.

ਆਵਾਗਵਣ

(ਕਿਸ਼ਤ ਤੀਜੀ)

ਜਰਨੈਲ ਸਿੰਘ

5-ਦੁਰਲੱਭ ਮਨੁੱਖਾ ਜੂਨ

ਆਵਾਗਵਣ ਦੇ ਸਿਧਾਂਤ ਵਿੱਚ ਮਨੁੱਖਾ ਜੂਨ ਨੂੰ ਸ਼੍ਰੇਸ਼ਟ ਮੰਨਿਆ ਗਿਆ ਹੈ। ਗੁਰਬਾਣੀ ਵਿੱਚ ਵੀ ਮਨੁੱਖੀ ਦੇਹ ਨੂੰ ਦੁਰਲੱਭ ਕਿਹਾ ਗਿਆ ਹੈ। ਪਰ ਦੋਨਾਂ ਦੇ ਕਹਿਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਆਵਾਗਵਣ ਅਨੁਸਾਰ ਮਨੁੱਖਾ ਜਨਮ ਸ੍ਰੇਸ਼ਟ ਕਹਿ ਕੇ ਨਾਲ ਹੀ ਨੀਵੀਆਂ ਜਾਤਾਂ ਅਤੇ ਔਰਤ ਦੇ ਮਨੁੱਖਾ ਜਨਮ ਨੂੰ ਇੱਕ ਸਜ਼ਾ ਵੀ ਗਿਣਿਆ ਗਿਆ ਹੈ। ਇਸੇ ਕਰਕੇ ਕਬੀਰ ਸਾਹਿਬ ਨੂੰ ਪੁੱਛਣਾ ਪਿਆ ਕਿ ਬ੍ਰਾਹਮਣ ਕਿਵੇਂ ਬਾਕੀਆਂ ਨਾਲੋਂ ਚੰਗਾ ਹੋਇਆ। ਉਸ ਦੀਆਂ ਰਗਾਂ ਵਿੱਚ ਕਿਹੜਾ ਲਹੂ ਦੀ ਜਗ੍ਹਾ ਦੁੱਧ ਵਗ ਰਿਹਾ ਹੈ। (10) ਫਿਰ ਇੱਕ ਪਾਸੇ ਇਹ ਜੂਨ ਸ਼੍ਰੇਸ਼ਟ ਮੰਨੀ ਜਾਂਦੀ ਹੈ ਦੂਜੇ ਪਾਸੇ ਇਸੇ ਜੂਨ ਨੁੰ ਕਰਮਾਂ ਦੀ ਸਜ਼ਾ ਕਰਕੇ ਵਾਰ ਵਾਰ ਜਨਮ ਲੈਣ ਵਾਲੀ ਵੀ ਕਿਹਾ ਗਿਆ ਹੈ। ਆਵਾਗਵਣ ਦੇ ਸਿਧਾਂਤ ਵਿੱਚ ਇੱਕ ਅਜੀਬ ਅਸੰਗਤੀ ਜਾਂ ਅੰਤਰ ਵਿਰੋਧ ਹੈ। ਇੱਕ ਪਾਸੇ ਇਹ ਮਨੁੱਖਾ ਜਨਮ ਨੂੰ ਸਰਵ ਸ੍ਰੇਸ਼ਟ ਮੰਨਦੇ ਨੇ ਪਰ ਨਾਲ ਹੀ ਇਸੇ ਜਨਮ ਨੂੰ ਵਾਰ ਵਾਰ ਹੁੰਦਾ ਦੱਸਦੇ ਨੇ। ਜੋ ਚੀਜ਼ ਵਾਰ ਵਾਰ ਬਿਨਾ ਕਿਸੇ ਕੋਸ਼ਿਸ਼ ਦੇ ਮਿਲੇ ਉਹ ਵਧੀਆ ਜਾਂ ਸ਼੍ਰੇਸ਼ਟ ਕਿਵੇ ਹੋ ਸਕਦੀ ਹੈ। ਗੁਰਬਾਣੀ ਮਨੁੱਖਾ ਜਨਮ ਨੂੰ ਦੁਰਲੱਭ ਆਖਦੀ ਹੈ ਕਿਉਂਕਿ ਇਹ ਬੇਸ਼ਕੀਮਤੀ ਮੌਕਾ ਹੈ। ਗੁਰਬਾਣੀ ਵਿੱਚ ਇਹ ਵਿਤਕਰਾ ਵੀ ਨਹੀਂ ਕੀਤਾ ਗਿਆ ਕਿ ਜਨਮ ਕਿਹੜੀ ਜਾਤ ਦਾ ਹੈ ਅਤੇ ਔਰਤ ਜਾਂ ਮਰਦ ਦਾ ਹੈ। ਇਹ ਦੁਰਲੱਭ ਹੈ ਕਿਉਂਕਿ ਇਸ ਨੂੰ ਕਰਤਾਰ ਨੇ ਬੜਾ ਸਮਾਂ ਲਾ ਜੋੜਿਆ ਹੈ। "ਚਿਰੰਕਾਲ ਇਹੁ ਦੇਹ ਸੰਜਰੀਆ" ਪੰਨਾ 176. ਅਗਰ, ਜਿਸ ਕਰਤਾਰ ਨੇ ਇਸ ਨੂੰ ਸਿਰਜਿਆ ਹੈ, ਉਸ ਦਾ ਹੁਕਮ ਜਾਂ ਨਾਮ ਇਸ ਜੂਨ ਵਿੱਚ ਨਹੀਂ ਬੁਝਿਆ, ਤਾਂ ਇਹ ਮਾਨੋ ਖੇਹ ਬਰਾਬਰ ਹੈ। "ਚਿਰੰਕਾਲ ਪਾਈ ਦੁਲਭ ਦੇਹ॥ ਨਾਮ ਬਿਹੂਣੀ ਹੋਈ ਖੇਹ॥ ਪਸੂ ਪਰੇਤ ਮੁਗਧ ਤੇ ਬੁਰੀ॥ ਤਿਸਹਿ ਨ ਬੂਝੈ ਜਿਨਿ ਏਹ ਸਿਰੀ॥" ਪੰਨਾ 890. ਬਾਕੀ ਜਿੰਨੀਆਂ ਵੀ ਜੂਨਾਂ ਅਕਾਲ ਪੁਰਖ ਦੇ ਹੁਕਮ ਅੰਦਰ ਜੰਮ ਕੇ ਜੀ ਅਤੇ ਮਰ ਰਹੀਆਂ ਹਨ ਪਰ ਉਹ ਅਕਾਲ ਪੁਰਖ ਦੇ ਹੁਕਮ ਨੂੰ ਬੁਝ ਉਸ ਤੇ ਤੁਰਨ ਵਿੱਚ ਅਸਮਰੱਥ ਨੇ। ਮਨੁੱਖਾ ਜੂਨ ਇਸ ਸਮਰੱਥਾ ਕਾਰਨ ਹੀ ਦੁਰਲੱਭ ਕਹੀ ਗਈ ਹੈ। ਇਸੇ ਕਰਕੇ ਕਿਹਾ ਗਿਆ ਹੈ "ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥" ਪੰਨਾ 12. ਗੁਰਬਾਣੀ ਤਾਂ ਬਲਕਿ ਚਤਾਵਨੀ ਦੇ ਰਹੀ ਹੈ ਕਿ ਵੇਲਾ ਬੀਤਦਾ ਜਾ ਰਿਹਾ ਹੈ "ਅਉਸਰੁ ਬੀਤਓ ਜਾਤੁ ਹੈ" ਪੰਨਾ 727. ਗੁਰਬਾਣੀ ਇਹ ਵੀ ਕਹਿੰਦੀ ਹੈ ਕਿ ਇਹ ਮੌਕਾ ਫਿਰ ਹੱਥ ਨਹੀਂ ਆਉਣਾ। ਇਹ ਗੱਲ ਵੀ ਆਵਾਗਵਣ ਦੇ ਉਲਟ ਜਾਂਦੀ ਹੈ ਕਿਉਂਕਿ ਆਵਾਗਵਣ ਮੁਤਾਬਿਕ ਮੌਕੇ ਤਾਂ ਬੇਸ਼ੁਮਾਰ ਮਿਲਦੇ ਨੇ। ਕਬੀਰ ਸਾਹਿਬ ਦੀ ਪੁਕਾਰ ਸੁਣੋ "ਇਹੀ ਤੇਰਾ ਅਉਸਰੁ ਇਹ ਤੇਰੀ ਬਾਰ॥ ਘਟ ਭੀਤਰਿ ਤੂ ਦੇਖੁ ਬਿਚਾਰਿ॥ ਕਹਤ ਕਬੀਰੁ ਜੀਤਿ ਕੈ ਹਾਰਿ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ॥ ਪੰਨਾ 1159

6-ਧਰਮ ਰਾਜ, ਚਿਤ੍ਰਗੁਪਤ, 84 ਲੱਖ ਜੂਨਾਂ ਆਦਿ

ਗੁਰਬਾਣੀ ਅਤੇ ਆਵਾਗਵਣ ਦੇ ਸਿਧਾਂਤ ਵਿੱਚ ਇੱਕ ਵੱਡਾ ਫਰਕ ਇਹ ਹੈ ਕਿ ਗੁਰਬਾਣੀ ਹਰ ਗੱਲ ਦਲੀਲ਼ ਅਤੇ ਤਰਕ ਅਧਾਰਿਤ ਕਰਦੀ ਹੈ ਜਦ ਕਿ ਆਵਾਗਵਣ ਵਿੱਚ ਬੇਅੰਤ ਬੇਤੁਕੀਆ ਬਿਨਾ ਸਿਰ ਪੈਰ ਦੀਆਂ ਗੱਲ਼ਾਂ ਕੀਤੀਆਂ ਗਈਆਂ ਹਨ। ਆਵਾਗਵਣ ਅਨੁਸਾਰ ਇੱਕ ਧਰਮ ਰਾਜ ਹੈ ਅਤੇ ਇੱਕ ਉਹਦਾ ਮੁਨਸ਼ੀ ਚਿਤ੍ਰਗੁਪਤ ਹੈ ਜੋ ਸਾਰੇ ਜੀਵਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਗੁਪਤ ਤਰੀਕੇ ਰਾਹੀਂ ਲਿਖ ਰਿਹਾ ਹੈ। ਜਿਸ ਰਜਿਸਟਰ ਵਿੱਚ ਇਹ ਹਿਸਾਬ ਦਰਜ਼ ਹੋ ਰਿਹਾ ਹੈ ਉਸ ਦਾ ਨਾਂ ਅਗੁਸੰਧਾਨੀ ਹੈ ਅਤੇ ਇਸ ਰਜਿਸਟਰ ਦੇ ਹਿਸਾਬ ਮੁਤਾਬਿਕ ਧਰਮ ਰਾਜ, ਜਿਸ ਨੂੰ ਯਮਰਾਜ ਵੀ ਕਿਹਾ ਜਾਂਦਾ ਹੈ, ਫੈਸਲਾ ਕਰਦਾ ਹੈ ਕਿ ਜੀਵ ਨੇ ਕਿਹੜੀ ਜੂਨ ਵਿੱਚ ਅਗਲਾ ਜਨਮ ਲੈਣਾ ਹੈ। ਇਸੇ ਤਰ੍ਹਾਂ ਕੁਲ ਜੂਨਾਂ ਦੀ ਗਿਣਤੀ ਵੀ 84 ਲੱਖ ਦੱਸੀ ਗਈ ਹੈ। ਗੁਰਬਾਣੀ ਇਹਨਾਂ ਸਾਰੀਆਂ ਗੱਲਾਂ ਦਾ ਖੰਡਨ ਕਰਦੀ ਹੈ। ਇਹ ਗੱਲ ਹਾਸੋ ਹੀਣੀ ਹੈ ਕਿ ਕੋਈ ਦੁਨੀਆ ਦੇ ਹਰ ਬੰਦੇ ਦੇ ਕੀਤੇ ਕਰਮਾਂ ਦਾ ਲੇਖਾਂ ਜੋਖਾ ਕਿਸੇ ਇੱਕ ਕਿਤਾਬ ਵਿੱਚ ਲਿਖ ਸਕੇ। ਗੁਰਬਾਣੀ ਇਸ ਗਲ ਨੂੰ ਤਾਂ ਮੰਨਦੀ ਹੈ ਕਿ ਸਾਡੇ ਕੀਤੇ ਕਰਮਾਂ ਦਾ ਸਾਡੇ ਤੇ ਅਸਰ ਪੈਂਦਾ ਹੈ। ਹਰ ਇਨਸਾਨ ਜਿਹੋ ਜਿਹੇ ਕਰਮ ਕਰ ਰਿਹਾ ਹੀ ਓਹੋ ਜਿਹੇ ਉਸ ਦੇ ਸੰਸਕਾਰ ਬਣਦੇ ਜਾ ਰਹੇ ਨੇ। ਇਹ ਹੀ ਉਸਦੇ ਪੂਰਬਲੇ ਕਰਮ ਨੇ। ਇਸੇ ਕਰਕੇ ਗੁਰਬਾਣੀ ਵਿੱਚ ਕਰਮਾਂ ਨੁੰ ਹੀ ਚਿਤਰਗੁਪਤ ਕਿਹਾ ਗਿਆ ਹੈ। ਗੁਰਵਾਕ ਹਨ "ਕੋਮਲ ਬੰਧਨ ਬਾਧੀਆ ਨਾਨਕ ਕਰਮਹਿ ਲੇਖ॥" ਪੰਨਾ 928 "ਚਿਤ ਗੁਪਤ ਕਰਮਹਿ ਜਾਨ॥" ਪੰਨਾ 838. ਗੁਰਬਾਣੀ ਇਹ ਵੀ ਕਹਿੰਦੀ ਹੈ ਕਿ ਧਰਮ ਰਾਜ ਵਰਗੇ ਦੇਵਤਿਆਂ ਦੀ ਗਿਣਤੀ ਅਨੇਕਾਂ ਹੋ ਸਕਦੀ ਹੈ। "ਅਨਿਕ ਧਰਮ ਅਨਿਕ ਕੁਮੇਰ"॥ ਪੰਨਾ 1236. ਇਸ ਤਰ੍ਹਾਂ ਕਹਿ ਕੇ ਗੁਰਬਾਣੀ ਇੱਕ ਧਰਮ ਰਾਜ ਦੀ ਹੋਂਦ ਤੋਂ ਇਨਕਾਰੀ ਹੋ ਰਹੀ ਹੈ। ਆਵਾਗਵਣ ਅਨੁਸਾਰ ਇਸ ਦੇ ਧਰਮ ਰਾਜ ਦਾ ਲੇਖਾ, ਚਾਹੇ ਚੰਗਾ ਚਾਹੇ ਮੰਦਾ, ਪਰ ਅਟੱਲ ਹੈ। ਪਰ ਗੁਰਬਾਣੀ ਧਰਮ ਰਾਜ ਨੂੰ ਵਿਅੰਗ ਨਾਲ ਕਹਿੰਦੀ ਹੇ ਕਿ ਉਸਦੇ ਲਿਖੇ ਲੇਖਾਂ ਦੇ ਤਾਂ ਕਾਗਜ਼ ਪਾਟ ਜਾਂਦੇ ਨੇ। "ਧਰਮ ਰਾਇ ਅਬ ਕਹਾ ਕਰੈਗੋ ਜਬ ਫਾਟਿਓ ਸਗਲੋ ਲੇਖਾ॥" ਪੰਨਾ 614. ਧਰਮ ਰਾਜ, ਚਿਤ੍ਰਗੁਪਤ ਆਦਿ ਦੀ ਕਲਪਨਾ ਅਕਾਲ ਪੁਰਖ ਦੀ ਹਕੂਮਤ ਵਿਰੁੱਧ ਲੁਕਵੀਂ ਬਗਾਵਤ ਹੈ। ਇਸੇ ਕਰਕੇ ਗੁਰਬਾਣੀ ਇਸ ਦਾ ਖੰਡਨ ਕਰਦੀ ਹੈ। ਇਸੇ ਤਰ੍ਹਾਂ 84 ਲੱਖ ਜੂਨਾਂ ਦਾ ਖਿਆਲ ਅਸਿਧੇ ਤੌਰ ਤੇ ਇਹ ਕਹਿ ਰਿਹਾ ਹੈ ਕਿ ਅਕਾਲ ਪੁਰਖ ਦੀ ਰਚਨਾ ਨੂੰ ਗਿਣਿਆਂ ਮਿਣਿਆਂ ਜਾ ਸਕਦਾ ਹੈ ਜਦ ਕਿ ਗੁਰਬਾਣੀ ਅਕਾਲ ਪੁਰਖ ਦੀ ਰਚਨਾ ਨੂੰ ਅਗਾਧ, ਅਬੋਧ ਅਤੇ ਅਕੱਥ ਕਹਿੰਦੀ ਨਹੀਂ ਥੱਕਦੀ।

7-ਮ੍ਰਿਤਕ ਸੰਸਕਾਰ

ਅੰਤਮ ਸੰਸਕਾਰ ਦੇ ਸਮੇ ਜੋ ਕਿਰਿਆ ਕਰਮ ਕਰਦੇ ਹਾਂ ਉਸ ਦਾ ਆਵਾਗਵਣ ਦੇ ਸਿਧਾਂਤ ਨਾਲ ਗੂੜਾਂ ਸਬੰਧ ਹੈ। ਮੁਰਦੇ ਨੂੰ ਦਫਨਾਇਆ ਜਾਂਦਾ ਹੈ ਕਿਉਂਕਿ ਕਿਆਮਤ ਵੇਲੇ ਉਸ ਦਾ ਫੈਸਲਾ ਹੋਣਾ ਹੈ। ਮੁਰਦੇ ਦੇ ਸਰੀਰ ਨੂੰ ਜਲਾ ਦਿਤਾ ਜਾਂਦਾ ਹੈ ਕਿਉਂਕਿ ਹੁਣ ਉਸ ਨੇ ਨਵਾਂ ਸਰੀਰ ਧਾਰਨ ਕਰ ਲੈਣਾ ਹੈ। ਸ਼ਰਾਧ ਦੀ ਪ੍ਰਥਾ ਜਿਸ ਨੂੰ ਗੁਰੂ ਸਾਹਿਬ ਨੇ ਨਕਾਰਿਆ ਦਾ ਸਬੰਧ ਵੀ ਪੁਨਰ ਜਨਮ ਨਾਲ ਹੈ। ਇਹ ਮੰਨਿਆਂ ਜਾਂਦਾ ਹੈ ਕਿ ਪ੍ਰਾਣੀ ਮਰਨ ਤੋਂ ਬਾਅਦ ਵੀ ਆਪਣੇ ਪਿਛੇ ਰਹੇ ਪਰਿਵਾਰ ਤੇ ਮਾੜਾ ਅਸਰ ਪਾ ਸਕਦਾ ਹੈ ਅਗਰ ਉਸਦੇ ਨਮਿਤ ਸਰਾਧ ਨ ਕੀਤੇ ਗਏ। ਹਿੰਦੂ ਧਰਮ ਵਿੱਚ ਸਤੀ ਪ੍ਰਥਾ ਦਾ ਸਬੰਧ ਵੀ ਪੁਨਰ ਜਨਮ ਨਾਲ ਹੈ। ਔਰਤ ਨੂੰ ਉਸਦੇ ਪਤੀ ਨਾਲ ਇਹ ਕਹਿ ਕੇ ਸਾੜਿਆ ਜਾਂਦਾ ਸੀ ਕਿ ਉਹਨਾ ਦਾ ਸਾਥ ਅਗਲੇ ਜਨਮ ਵਿੱਚ ਵੀ ਬਣਿਆ ਰਹੇ। ਗੁਰੂ ਸਾਹਿਬ ਨੇ ਇਹ ਪ੍ਰਥਾ ਦੀ ਵਿਰੋਧਤਾ ਹੀ ਨਹੀ ਕੀਤੀ ਬਲਕਿ ਇਸ ਤੋਂ ਦਲੀਲ ਨਾਲ ਵਰਜਿਆ ਵੀ। ਗੁਰਬਾਣੀ ਕਿਸੇ ਕਿਸਮ ਦੇ ਮ੍ਰਿਤਕ ਸੰਸਕਾਰ ਨੂੰ ਵੀ ਮਾਨਤਾ ਨਹੀਂ ਦਿੰਦੀ। ਗੁਰੂ ਸਾਹਿਬ ਕਹਿੰਦੇ ਨੇ ਮੁਰਦੇ ਸਰੀਰ ਨਾਲ ਜਿਸ ਤਰ੍ਹਾ ਮਰਜੀ ਕਰੋ ਇਸ ਦਾ ਕੋਈ ਮਾਇਨਾ ਨਹੀ ਅਤੇ ਨ ਹੀ ਮ੍ਰਿਤਕ ਨੂੰ ਇਸ ਦਾ ਕੋਈ ਲਾਭ ਹੈ। "ਜੇ ਮਿਰਤਕ ਕੳੇੁ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਕਿਆ ਘਟਿ ਜਾਈ॥" ਪੰਨਾ 1160

8-ਮੁਕਤੀ

ਆਵਾਗਵਣ ਤੋਂ ਛੁੱਟਣ ਦੇ ਵੱਖ ਵੱਖ ਤਰੀਕੇ ਦੱਸੇ ਗਏ ਨੇ। ਬੁਧ ਧਰਮ ਗਿਆਨ ਤੇ ਜ਼ੋਰ ਦਿੰਦਾ ਹੈ ਜਿਸ ਨਾਲ ਕਾਮਨਾ (desire) ਜੋ ਦੁਖ ਅਤੇ ਪੁਨਰ ਜਨਮ ਦਾ ਕਾਰਨ ਹੈ ਖਤਮ ਹੋ ਜਾਂਦੀ ਹੈ। ਜੈਨ ਧਰਮ ਵਿੱਚ ਅਹਿੰਸਾ, ਤਪ, ਸਾਧਨਾ ਆਦਿ ਰਸਤੇ ਦੱਸੇ ਗਏ ਨੇ। ਹਿੰਦੂ ਧਰਮ ਵਿੱਚ ਸ਼ਾਸਤਰਾਂ ਮੁਤਾਬਕ ਜਿੰਦਗੀ ਜੀਉਣ ਤੇ ਜ਼ੋਰ ਦਿੱਤਾ ਗਿਆ ਹੈ। ਜਦੋਂ ਇਸ ਤਰਾਂ ਕੀਤੇ ਚੰਗੇ ਕਰਮ ਦੇ ਫਲਸਰੂਪ ਆਤਮਾ ਪਰਮਾਤਮਾਂ ਵਿੱਚ ਲੀਨ ਹੋਣ ਦੇ ਕਾਬਲ ਹੋ ਜਾਂਦੀ ਹੈ ਤਾਂ ਆਵਾਗਵਣ ਖ਼ਤਮ ਹੋ ਜਾਂਦਾ ਹੈ। ਮੁਕਤ ਹੋਣ ਤੋਂ ਕੀ ਮਤਲਬ ਹੈ ਇਹ ਸੋਚਣ ਦੀ ਲੋੜ ਹੈ। ਕੀ ਮੁਕਤ ਹੋਣ ਨਾਲ ਜਨਮ ਮਰਣ ਦਾ ਚੱਕ੍ਰ ਖਤਮ ਹੋ ਜਾਂਦਾ ਹੈ। ਅਗਰ ਇਹ ਗੱਲ ਹੈ ਤਾਂ ਫਿਰ ਉਪਰ ਦੱਸੇ ਸਾਰੇ ਨੁਸਖੇ ਮਾਨਵ ਜਾਤੀ ਤੇ ਕੋਈ ਅਸਰ ਨਹੀਂ ਕਰ ਰਹੇ ਕਿਉਕਿ ਮਾਨਵ ਜਾਤੀ ਦੀ ਤਾਂ ਹਰ ਪਲ ਗਿਣਤੀ ਵਧਦੀ ਜਾ ਰਹੀ ਹੈ। ਇਸ ਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਕੋਈ ਵੀ ਮਨੁੱਖ ਆਵਗਵਣ ਦੇ ਚੱਕਰ ਚੋਂ ਨਿਕਲ ਨਹੀਂ ਪਾ ਰਿਹਾ। ਬਲਕਿ ਜਿਨ੍ਹਾਂ ਨੂੰ ਘਟੀਆ ਜੂਨਾਂ ਕਿਹਾ ਜਾਂਦਾ ਹੈ ਉਹ ਵੀ ਸ਼ਾਇਦ "ਚੰਗੇ ਕਰਮ" ਕਰਕੇ ਤਰੱਕੀ ਪਾ ਮਨੁੱਖ ਬਣਦੇ ਜਾ ਰਹੇ ਨੇ। ਇਹ ਕਿਵੇਂ ਸੰਭਵ ਹੋ ਰਿਹਾ ਹੈ ਇਸ ਵਾਰੇ ਆਵਗਵਣ ਦਾ ਸਿਧਾਂਤ ਚੁੱਪ ਹੈ। ਕਿਉਂਕਿ ਇਹ ਸਿਧਾਂਤ ਤਰਕ ਜਾਂ ਦਲੀਲ਼ ਅਧਾਰਿਤ ਨਹੀਂ ਹੈ ਇਸੇ ਕਰਕੇ ਇਹੋ ਜਿਹੀਆਂ ਅਸੰਗਤੀਆਂ ਆਪਣਾ ਸਿਰ ਚੁੱਕ ਰਹੀਆਂ ਹਨ। ਗੁਰਬਾਣੀ ਦਾ ਫਲਸਫਾ ਬਿਬੇਕ ਤੇ ਟਿਕਿਆ ਹੋਇਆ ਹੋਣ ਕਰਕੇ ਮੌਤ ਤੋਂ ਬਾਅਦ ਦੀ ਮੁਕਤੀ ਨੂੰ ਮਾਨਤਾ ਨਹੀਂ ਦਿੰਦਾ। ਮੌਤ ਤੋਂ ਬਾਅਦ ਕੀ ਹੁੰਦਾ ਹੈ ਇਸ ਦਾ ਕਿਸੇ ਨੂੰ ਕੋਈ ਭੇਤ ਨਹੀਂ। ਗੁਰਬਾਣੀ ਮੁਕਤੀ ਨੂੰ ਜਨਮ ਮਰਨ ਦੇ ਗੇੜ ਨਾਲ ਨਹੀਂ ਜੋੜਦੀ। ਮੁਕਤ ਹੋਣ ਦਾ ਮਤਲਬ ਹਉਮੇ ਤੋਂ ਉਪਜਦੇ ਵਿਕਾਰਾਂ ਦਾ ਖਾਤਮਾ ਕਰ ਕਰਤਾਰ ਦੇ ਹੁਕਮ ਨੂੰ ਸਿਰ ਝਕਾਉਣਾ ਹੈ। ਗੁਰਬਾਣੀ ਇਸੇ ਜਨਮ ਵਿੱਚ ਸੱਚ ਨਾਲ ਜੁੜ ਕੇ ਮੁਕਤ ਹੋਣ ਦੀ ਦੁਹਾਈ ਦਿੰਦੀ ਹੈ। "ਸਭੁ ਮੁਕਤੁ ਹੋਆਂ ਸੈਸਾਰੜਾਂ ਨਾਨਕ ਸਚੀ ਬੇੜੀ ਚਾੜਿ ਜੀਉ॥" ਪੰਨਾ 75

ਗੁਰਬਾਣੀ ਦਾ ਆਵਾਗਵਣ

ਹੁਣ ਤਕ ਦੀ ਵਿਚਾਰ ਵਿੱਚ ਅਸੀਂ ਇਹ ਦੇਖਿਆ ਹੈ ਕਿ ਗੁਰਬਾਣੀ ਪ੍ਰਚਲਤ ਆਵਾਗਵਣ ਦਾ ਖੰਡਨ ਕਰਦੀ ਹੈ। ਕੀ ਫਿਰ ਗੁਰਬਾਣੀ ਦਾ ਆਪਣਾ ਕੋਈ ਨਿਵੇਕਲਾ ਆਵਾਗਵਣ ਦਾ ਸਿਧਾਂਤ ਹੈ? ਆਪਾਂ ਲੇਖ ਦੇ ਸ਼ੁਰੂ ਵਿੱਚ ਹੀ ਇਹ ਕਿਹਾ ਸੀ ਕਿ ਆਵਾਗਵਣ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾ ਵਾਰ ਆਉਂਦਾ ਹੈ। ਆਪਾਂ ਇਹ ਵੀ ਸਮਝਿਆ ਸੀ ਕਿ ਆਵਾਗਵਣ ਭਾਰਤ ਦੀ ਆਬੋ ਹਵਾ ਦਾ ਇੱਕ ਹਿੱਸਾ ਬਣ ਚੁੱਕਾ ਹੈ। ਇਸ ਲਈ ਗੁਰੂ ਸਹਿਬਾਨ ਇਸ ਵਿਸ਼ੇ ਤੇ ਜਰੂਰ ਗੌਰ ਕੀਤਾ ਹੋਵੇਗਾ। ਹਿੰਦੂ ਧਰਮ ਦਾ ਆਵਾਗਵਣ ਤਾਂ ਗੁਰਬਾਣੀ ਨਾਲ ਬਿਲਕੁਲ ਮੇਲ ਨਹੀਂ ਖਾਂਦਾ। ਹਿੰਦੂ ਧਰਮ ਵਿੱਚ ਆਵਾਗਵਣ ਜਿਸ ਕਰਮ ਸਿਧਾਂਤ ਪਰ ਟਿਕਿਆ ਹੋਇਆ ਹੈ ਉਹ ਬਹਤ ਹੀ ਸ਼ਾਤਿਰ ਦਿਮਾਗ ਦੀ ਕਾਢ ਹੈ। ਸਮਾਜ ਦੇ ਇੱਕ ਫਿਰਕੇ ਦੀ ਲੁੱਟ ਖਸੁੱਟ ਕਾਇਮ ਰੱਖਣ ਲਈ ਕੀਤਾ ਗਿਆ ਅਤੇ ਹੋ ਰਿਹਾ ਭਿਆਨਕ ਕੁਕਰਮ ਹੈ। ਇਹ ਧਰਮ ਦੇ ਬੁਰਕੇ ਹੇਠ ਮਾਨਵਤਾ ਦਾ ਘਾਣ ਹੈ। ਦੁਨੀਆ ਦਾ ਕੋਈ ਵੀ ਕਨੂੰਨ ਇਸ ਨੂੰ ਸਹੀ ਨਹੀਂ ਮੰਨੇਗਾ ਪਰ ਕਿਉਂਜੋ ਇਹ ਧਰਮ ਦੇ ਨਾਂ ਹੇਠ ਹੋ ਰਿਹਾ ਹੈ ਇਸ ਲਈ ਸਭ ਚੁੱਪ ਚਾਪ ਦੇਖ ਰਹੇ ਨੇ। ਇੱਕ ਇਨਸਾਨ ਸਿਰਫ ਉਸਦੇ ਜਨਮ (ਜਾਤ) ਕਾਰਨ ਹੀ ਘਟੀਆ ਗਿਣਿਆ ਜਾਂਦਾ ਹੈ ਬੇਸ਼ਕ ਉਸਦਾ ਆਚਰਣ ਬਹੁਤ ਹੀ ਸਲਾਹੁਣ ਯੋਗ ਹੋਵੇ। ਦੂਸਰੇ ਇਨਸਾਨ ਨੂੰ ਉਸਦੀ ਜਾਤ ਦੀ ਬਦੌਲਤ ਵਧੀਆ ਮੰਨਿਆ ਜਾਂਦਾ ਹੈ ਬੇਸ਼ਕ ਉਹ ਰੱਜ ਕੇ ਕਮੀਨਾ ਹੋਵੇ। ਹਿੰਦੂ ਧਰਮ ਅੰਦਰ ਪੈਦਾ ਹੋਏ ਬੱਚੇ ਲਈ ਇਸ ਦੀ ਕੈਦ ਚੋਂ ਛੁਟਣਾ ਲਗਭਗ ਨਾਮੁਮਕਿਨ ਹੈ। ਕਬੀਰ ਸਾਹਿਬ ਇਸੇ ਗਲ ਵਲ ਇਸ਼ਾਰਾ ਕਰ ਰਹੇ ਨੇ ਜਦੋਂ ਕਹਿੰਦੇ ਨੇ।

ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ॥ ਸਾਂਕਲ ਜੇਵਰੀ ਲੈ ਹੈ ਆਈ॥ 1॥ ਆਪਨ ਨਗਰੁ ਆਪ ਤੈ ਬਾਧਿਆ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ॥ ਰਹਾਓ॥ ਕਟੀ ਕਟੇ ਤੂਟਿ ਨਹ ਜਾਈ॥ ਸਾ ਸਾਪਨਿ ਹੋਇ ਜਗ ਕਉ ਖਾਈ॥ 2॥ ਹਮ ਦੇਖਤ ਜਿਨਿ ਸਭੁ ਜਗੁ ਲੂਟਿਆ॥ ਕਹੁ ਕਬੀਰ ਮੈ ਰਾਮ ਕਹਿ ਛੂਟਿਆ॥ 3॥ ਪੰਨਾ 329

ਕਬੀਰ ਸਾਹਿਬ ਦੀ ਇੱਕ ਗਲ ਨੋਟ ਕਰਨ ਵਾਲੀ ਇਹ ਹੈ ਕਿ ਉਹ ਇਥੈ ਮਨੁ ਸਿਮ੍ਰਿਤੀ ਵਲ ਇਸ਼ਾਰਾ ਕਰ ਰਹੇ ਨੇ। ਆਪਾਂ ਉਪਰ ਵਿਚਾਰ ਕਰਦਿਆਂ ਵੀ ਇਹੀ ਸਮਝਿਆਂ ਸੀ ਕਿ ਵੇਦਾਂ ਦੇ ਸਮੇਂ ਤੋਂ ਬਾਅਦ ਹੀ ਬ੍ਰਹਮਾਨ ਸੂਤਰਾ, ਉਪਨਿਸ਼ਧਾਂ, ਗਰੁੜ ਪਰਾਣ ਅਤੇ ਮਨੂ ਸਿਮ੍ਰਤੀ ਆਦਿ ਰਾਹੀਂ ਕਰਮ ਸਿਧਾਂਤ ਦਾ ਜਾਲ ਵਿਛਾਇਆ ਗਿਆ ਹੈ।

ਅਗਰ ਗੁਰਬਾਣੀ ਇਹਨਾਂ ਗੱਲਾਂ ਦਾ ਖੰਡਣ ਕਰਦੀ ਹੈ ਤਾਂ ਕੀ ਗੁਰਬਾਣੀ ਦਾ ਆਵਾਗਵਣ ਦਾ ਕੋਈ ਨਿਵੇਕਲਾ ਸਿਧਾਂਤ ਹੈ। ਗੁਰਬਾਣੀ ਵਿੱਚ ਦੋ ਤਰ੍ਹਾਂ ਦੇ ਆਵਾਗਵਣ ਦੀ ਗੱਲ ਕੀਤੀ ਗਈ ਹੈ।

  1. ਜਨਮ ਅਤੇ ਮੌਤ ਜੋ ਕੁਦਰਤੀ ਨਿਯਮਾਂ ਅਧੀਨ ਨਿਰੰਤਰ ਹੋ ਰਹੀ ਹੈ। ਇਸ ਨੂੰ ਅਸੀ ਕੁਦਰਤੀ ਆਵਾਗਵਣ ਕਹਿ ਸਕਦੇ ਹਾਂ। ਇਹ ਆਵਾਗਵਣ ਸਾਰੀਆਂ ਜੁਨਾਂ ਦਾ ਹੁੰਦਾ ਹੈ।
  2. ਮਨੁੱਖ ਆਪਣੀ ਜਿੰਦਗੀ ਵਿੱਚ ਹੀ ਕਈ ਵਾਰ ਮਰਦਾ ਹੈ ਅਤੇ ਫਿਰ ਜੀਉਂਦਾ ਹੋ ਜਾਂਦਾ ਹੈ। ਇਸ ਨੂੰ ਅਸੀਂ ਜੀਉਂਦੇ ਜੀਅ ਆਵਾਗਵਣ ਕਹਿ ਸਕਦੇ ਹਾਂ। ਇਹ ਆਵਾਗਵਣ ਸਿਰਫ ਮਨੁੱਖ ਦਾ ਹੁੰਦਾ ਹੈ।

ਇਹ ਦੋਨੋਂ ਆਵਾਗਵਣ ਹਉਮੇ ਦੀ ਉਪਜ ਨੇ। ਗੁਰ ਨਾਨਕ ਸਾਹਿਬ ਆਸਾ ਦੀ ਵਾਰ ਵਿੱਚ ਹਉਮੇ ਦੇ ਵਿਸ਼ੇ ਤੇ ਆਪਣੇ ਸਲੋਕ ਵਿੱਚ ਇਨ੍ਹਾਂ ਦੋਨਾਂ ਤਰ੍ਹਾਂ ਦੇ ਆਵਾਗਵਣ ਦਾ ਜ਼ਿਕਰ ਕਰਦੇ ਨੇ। ਪਹਿਲੀ ਸਤਰ ਵਿੱਚ ਕੁਦਰਤੀ ਆਵਾਗਵਣ ਦਾ ਜ਼ਿਕਰ ਕਰ ਕੇ ਫਿਰ ਦੂਜੀ ਸਤਰ ਤੋਂ ਜੀਉਂਦੇ ਜੀ ਆਵਾਗਵਣ ਭੋਗਦੇ ਇਨਸਾਨ ਦਾ ਜ਼ਿਕਰ ਕਰਦੇ ਨੇ ਕਿ ਕਿਵੇਂ ਉਹ ਸਾਰੀ ਉਮਰ ਹਉਮੇ ਵਿੱਚ ਹਉ ਹਉ ਕਰਦਾ ਫਿਰਦਾ ਹੈ। ਸੋਲਕ ਦੇ ਅਖੀਰ ਵਿੱਚ ਫਿਰ ਕੁਦਰਤੀ ਆਵਾਗਵਣ ਦਾ ਜ਼ਿਕਰ ਕਰਦੇ ਨੇ ਅਤੇ ਇਹ ਵੀ ਦੱਸਦੇ ਨੇ ਕਿ ਇਹ ਸਭ ਕੁੱਝ ਕਰਤਾਰ ਦੇ ਹੁਕਮ ਅੰਦਰ ਹੋ ਰਿਹਾ ਹੈ। ਪੂਰਾ ਸਲੋਕ ਇਸ ਤਰ੍ਹਾਂ ਹੈ।

ਹਉ ਵਿਚਿ ਆਇਆ ਹਉ ਵਿਚਿ ਗਇਆ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ॥ ਹਉ ਵਿਚਿ ਦਿਤਾ ਹਉ ਵਿਚਿ ਲਇਆ॥ ਹਉ ਵਿਚਿ ਖਟਿਆ ਹਉ ਵਿਚਿ ਗਇਆ॥ ਹਉ ਵਿਚਿ ਸਚਿਆਰੁ ਕੂੜਿਆਰੁ॥ ਹਉ ਵਿਚਿ ਪਾਪ ਪੁੰਨ ਵੀਚਾਰੁ॥ ਹਉ ਵਿਚਿ ਨਰਕਿ ਸੁਰਰਿ ਅਵਤਾਰੁ॥ ਹਉ ਵਿਚਿ ਹਸੈ ਹਉ ਵਿਚਿ ਰੋਵੈ॥ ਹਉ ਵਿਚਿ ਭਰੀਐ ਹਉ ਵਿਚਿ ਧੋਵੈ॥ ਹਉ ਵਿਚਿ ਜਾਤੀ ਜਿਨਸੀ ਖੋਵੈ॥ ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ॥ ਮੋਖ ਮੁਕਤਿ ਕੀ ਸਾਰ ਨ ਜਾਣਾ॥ ਹਉ ਵਿਚਿ ਮਾਇਆ ਹਉ ਵਿਚਿ ਛਾਇਆ॥ ਹਉਮੈ ਕਰਿ ਕਰਿ ਜੰਤ ਉਪਾਇਆ॥ ਹਉਮੈ ਬੂਝੈ ਤਾ ਦਰੁ ਸੂਝੈ॥ ਗਿਆਨ ਬਿਹੂਣਾ ਕਥਿ ਕਥਿ ਲੂਝੈ॥ ਨਾਨਕ ਹੁਕਮੀ ਲਿਖੀਐ ਲੇਖੁ॥ ਜੇਹਾ ਵੇਖਹਿ ਤੇਹਾ ਵੇਖੁ॥ ਪੰਨਾ 466

ਆਓ ਹੁਣ ਦੋਹਾਂ ਆਵਾਗਵਣਾਂ ਨੂੰ ਜਰਾ ਵਿਸਥਾਰ ਨਾਲ ਸਮਝੀਏ। ---ਚਲਦਾ
.