.

ਨਿਰਭਉੁ ਨਿਰਵੈਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਨਿਰਭਉੁ ਨਿਰਵੈਰੁ
ਨਿਰਭਉ ਤੇ ਨਿਰਵੈਰੁ ਨਿਰੰਕਾਰ ਦੇ ਭਾਵਵਾਚਕ ਨਾਮ ਹਨ:
ਨਿਰਭਉ ਨਿਰੰਕਾਰੁ ਨਿਰਵੈਰੁ ਪੂਰਨ ਜੋਤਿ ਸਮਾਈ ॥(ਪੰਨਾ ੫੯੬)
ਨਿਰਭਉ ਤੇ ਨਿਰਵੈਰੁ ਵਾਹਿਗੁਰੂ ਦੇ ਦੋ ਵੱਖ ਲੱਛਣ ਦਰਸਾਉਂਦੇ ਹਨ
ਨਿਰਭਉੁ
ਨਿਰ+ਭਉ= ਬਿਨਾ ਕਿਸੇ ਡਰ ਦੇ; ਜੋ ਨਾ ਕਿਸੇ ਨੂੰ ਡਰਾਉਂਦਾ ਹੈ ਤੇ ਨਾ ਕਿਸੇ ਤੋਂ ਡਰਦਾ ਹੈ:
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ (ਪੰਨਾ ੧੪੨੭)
ਗੁਰਬਾਣੀ ਨਿਰਭਉ ਨੂੰ ਇਕ ਹਸਤੀ ਦੇ ਰੂਪ ਵਿਚ ਪੇਸ਼ ਕਰਦੀ ਹੈ। ਹੇਠਲੀਆਂ ਤੁਕਾਂ ਨਿਰਭਉ ਨਿਰੰਕਾਰ ਦੇ ਭਾਵਵਾਚਕ ਨਾਮ ਦੇ ਨਾਲ ਨਾਲ ਉਸ ਇਕੋ ਦਾ ਨਾਮ ਸਚੁ ਹੋਣਾ ਤੇ ਉਸਦੇ ਦਾਤਾ ਸਰੂਪ ਨੂੰ ਦਰਸਾਉਂਦੀਆਂ ਹਨ ਤੇ ਸਤਿਨਾਮ ਨਾਲ ਵੀ ਜੋੜਦੀਆਂ ਹਨ:
ਨਿਰਭਉ ਨਿਰੰਕਾਰੁ ਸਚੁ ਏਕੁ ॥ ੧ ॥ (ਪੰਨਾ ੪੬੪)
ਨਿਰਭਉ ਨਿਰੰਕਾਰੁ ਸਤਿ ਨਾਮੁ।। (ਪੰਨਾ ੯੯੮)
ਨਿਰਭਉ ਨਿਰੰਕਾਰੁ ਸਚੁ ਨਾਮੁ।। (ਪੰਨਾ ੪੬੫)
ਨਿਰਭਉ ਦਾਤਾ ਸਦਾ ਮਨ ਹੋਇ।। (ਪੰਨਾ ੨੨੩) ਪਿ
ਨਿਰਭਉ ਨਿਰੰਕਾਰੁ ਦਾਤਾਰੁ।। (ਪੰਨਾ ੮੯੩)
ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥ (ਪੰਨਾ ੪੬੪)
ਨਿਰਭਉ ਨਿਰੰਕਾਰੁ ਅਥਾਹ ਅਤੋਲੇ।। (ਪੰਨਾ ੯੯)


ਨਿਰਭਉ ਪਰਮਾਤਮਾ ਆਪ ਆਕਾਰ ਹੈ ਆਪ ਹੀ ਨਿਰੰਕਾਰ ਹੈ ਤੇ ਹਰ ਦਿਲ ਹਰ ਥਾਂ ਉਹ ਵਸਦਾ ਹੈ:
ਆਪਿ ਆਕਾਰ ਹੈ ਆਪਿ ਨਿਰੰਕਾਰ।। ਘਟ ਘਟ ਘਟਿ ਸਭ ਘਟ ਆਧਾਰੁ।।੩।। (ਪੰਨਾ ੮੬੩)
ਸਾਰੀ ਸ਼੍ਰਿਸਟੀ ਉਸ ਨੇ ਹੀ ਸਾਜੀ ਹੈ ਇਸ ਲਈ ਅਪਣੀ ਸਾਜੀ ਸ਼੍ਰਿਸ਼ਟੀ ਨੂੰ ਉਹ ਕਿਉਂ ਡਰਾਏੇਗਾ ਤੇ ਅਪਣੀ ਸਾਜਨਾ ਤੋਂ ਡਰੇਗਾ ਵੀ ਕਿਉਂ? ਉਹ ਤਾਂ ਦਿਆਲੂ ਹੈ, ਉਹ ਤਾਂ ਸਾਰਿਆਂ ਦਾ ਰਖਵਾਲਾ ਹੈ:
ਨਿਰਭਉ ਨਿਰੰਕਾਰੁ ਦਇਅਲੀਆ।। (ਪੰਨਾ ੧੦੦੪)
ਨਿਰਭਉ ਸਤਿਗੁਰੁ ਹੈ ਰਖਵਾਲਾ॥ (ਪੰਨਾ ੧੦੪੨)

ਉਹ ਨਿਰਭਉ ਪਰਮਾਤਮਾ ਸਭ ਥਾਂ ਨਿਰੰਤਰ ਜੋਤ ਬਣ ਕੇ ਵਸਿਆ ਹੋਇਆ ਤੇ ਘਟ ਘਟ ਦੀ ਜਾਣਦਾ ਬੁਝਦਾ ਹੈ:
ਨਿਰਭਉ ਆਪਿ ਨਿਰੰਤਰਿ ਜੋਤਿ।। (ਪੰਨਾ ੪੧੩)
ਸਾਰੀ ਰਚਨਾ ਭੈ ਵਿਚ ਹੈ ਸਿਰਫ ਵਾਹਿਗੁਰੂ ਹੀ ਨਿਰਭਉ ਹੈ:
ਭੈ ਵਿਚਿ ਸਭੁ ਆਕਾਰੁ ਹੈ ਨਿਰਭਉ ਹਰਿ ਜੀੳ ਸੋਇ । (ਪੰਨਾ ੫੮੬)
ਨਿਰਭਉ ਤੋਂ ਅਣਜਾਣ ਸਾਰੀ ਦੁਨੀਆਂ ਅਣਜਾਣੇ ਭੈ ਵਿਚ ਹੈ। ਭੈ ਵਿਚ ਪੌਣ ਲਗਾਤਾਰ ਵਗਦੀ ਹੈ, ਭੈ ਵਿਚ ਲੱਖਾਂ ਦਰਿਆ ਵਹਿ ਰਹੇ ਹਨ, ਭੈ ਵਿਚ ਹੀ ਅਗਨੀ ਬੇਗਾਰ ਢੋਂਦੀ ਹੈ।ਭੈ ਵਿਚ ਹੀ ਧਰਤੀ ਸਾਰਾ ਭਾਰ ਅਪਣੇ ਸਿਰ ਤੇ ਚੁੱਕਿਆ ਹੋਇਆ ਹੈ।ਭੈ ਵਿਚ ਬੱਦਲ ਸਿਰ ਭਾਰ ਫਿਰ ਰਹੇ ਹਨ, ਭੈ ਵਿਚ ਹੀ ਧਰਮਰਾਜ ਸਾਰੇ ਲੇਖੇ ਨੇਕ ਨੀਅਤ ਨਾਲ ਕਰੀ ਜਾਂਦਾ ਹੈ, ਸੂਰਜ ਤੇ ਚੰਦ ਵੀ ਭੈ ਵਿਚ ਬੇਅੰਤ ਕ੍ਰੋੜਾਂ ਕੋਹਾਂ ਚੱਲੀ ਜਾਂਦੇ ਹਨ।ਸਾਰੇ ਸਿੱਧ, ਬੋਧੀ, ਦੇਵਤੇ ਤੇ ਨਾਥ ਉਸ ਦੇ ਭੈ ਵਿਚ ਹਨ, ਭੈ ਵਿਚ ਹੀ ਆਕਾਸ਼ ਇਸ ਤਰ੍ਹਾਂ ਫੈਲਿਆ ਹੋਇਆ ਹੈ।ਸਾਰੇ ਜੋਧੇ ਮਹਾਬਲੀ ਸੂਰਬੀਰ ਭੈ ਵਿਚ ਹਨ।ਭੈ ਵਿਚ ਕ੍ਰੋੜਾਂ ਇਸ ਦੁਨੀਆਂ ਵਿਚ ਆੳਂਦੇ ਹਨ ਤੇ ਕ੍ਰੋੜਾਂ ਹੀ ਭੈ ਵਿਚ ਚਲੇ ਜਾਂਦੇ ਹਨ।
ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ ਚਲਹਿ ਲਖ ਦਰੀਆਉ ॥ ਭੈ ਵਿਚਿ ਅਗਨਿ ਕਢੈ ਵੇਗਾਰਿ ॥ ਭੈ ਵਿਚਿ ਧਰਤੀ ਦਬੀ ਭਾਰਿ ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥ ਭੈ ਵਿਚਿ ਰਾਜਾ ਧਰਮੁ ਦੁਆਰੁ ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥ ਭੈ ਵਿਚਿ ਸਿਧ ਬੁਧ ਸੁਰ ਨਾਥ ॥ ਭੈ ਵਿਚਿ ਆਡਾਣੇ ਆਕਾਸ ॥ ਭੈ ਵਿਚਿ ਜੋਧ ਮਹਾਬਲ ਸੂਰ ॥ ਭੈ ਵਿਚਿ ਆਵਹਿ ਜਾਵਹਿ ਪੂਰ ॥
ਸਾਰਿਆਂ ਦੇ ਲੇਖਾਂ ਵਿਚ ਭਉ ਲਿਖਿਆ ਹੋਇਆ ਹੈ। ਗੁਰੂ ਜੀ ਫੁਰਮਾਉਂਦੇ ਹਨ,“ਇਕੋ ਇਕ ਪਰਮਾਤਮਾ ਹੀ ਹੈ ਜੋ ਨਿਰਭੳੇੁ ਹੈ”।
ਸਗਲਿਆ ਭਉ ਲਿਖਿਆ ਸਿਰਿ ਲੇਖੁ ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥ ੧ ॥( ਪੰਨਾ ੪੬੪)
ਉਹ ਹੀ ਨਿਰਭਉ ਹੋ ਸਕਦਾ ਹੈ ਜਿਸ ਨੇ ਕਿਸੇ ਦਾ ਕੁਝ ਦੇਣਾ ਨਹੀਂ। ਪਰਮਾਤਮਾ ਦਾ ਕੋਈ ਲੇਖਾ ਜੋਖਾ ਨਹੀਂ, ਉਹ ਤਾਂ ਸਾਰੀ ਕੁਦਰਤ ਰਚਨਾ ਨੂੰ ਵੇਖਦਾ ਹੈ ਸਾਂਭਦਾ ਹੈ। ਉਹ ਤਾਂ ਆਪ ਸਾਰੇ ਖਲਜਗਣਾ ਤੋਂ ਪਰੇ ਹੈ, ਜਨਮ ਮਰਨ ਦੇ ਚੱਕਰ ਵਿਚ ਨਹੀਂ, ਅਪਣਾ ਆਪਾ ਸਾਜਣ ਵਾਲਾ ਵੀ ਉਹ ਆਪ ਹੀ ਹੈ। ਗੁਰੂ ਜੀ ਫੁਰਮਾਉਂਦੇ ਹਨ ‘ਉਸ ਨੂੰ ਗੁਰੂ ਦੀ ਦਿਤੀ ਮੱਤ ਨਾਲ ਹੀ ਪਾਇਆ ਜਾ ਸਕਦਾ ਹੈ:
ਨਿਰਭਉ ਸੋ ਸਿਰਿ ਨਾਹੀ ਲੇਖਾ॥ਆਪਿ ਅਲੇਖੁ ਕੁਦਰਤਿ ਹੈ ਦੇਖਾ॥ ਆਪਿ ਅਤੀਤੁ ਅਜੋਨੀ ਸੰਭਉ ਨਾਨਕ ਗੁਰਮਤਿ ਸੋ ਪਾਇਆ॥੧੨ ॥ (ਪੰਨਾ ੧੦੪੨)
ਅੰਦਰ ਦੀ ਹਾਲਤ ਕੀ ਹੈ ਇਹ ਤਾਂ ਸੱਚਾ ਸਤਿਗੁਰ ਹੀ ਜਾਣਦਾ ਹੈ। ਜਿਸ ਨੇ ਗੁਰੂ ਦੇ ਸ਼ਬਦ ਭਾਵ ਨਾਮ ਨੂੰ ਪਛਾਣ ਲਿਆ ਉਹ ਨਿਰਭਉ ਹੋ ਗਿਆ।ਉਹ ਅਪਣਾ ਅੰਦਰ ਹੀ ਵੇਖ ਕੇ ਹੀ ਸਾਰੀ ਨਿਰੰਤਰ ਰਚਨਾ ਦਾ ਭੇਦ ਪਾ ਲੈਂਦਾ ਹੈ ਤੇ ਉਸਦਾ ਮਨ ਅਖੀਰ ਤਕ ਨਹੀਂ ਡੋਲਦਾ। ਜੋ ਅੰਦਰ ਵਸਦਾ ਹੈ ਉਹੀ ਨਿਰਭਉ ਪਰਮਾਤਮਾ ਹੈ। ਦਿਨ ਰਾਤ ਉਸੇ ਨਿਰੰਜਨ ਵਾਹਿਗੁਰੂ ਦੇ ਨਾਮ ਦਾ ਰਸ ਸਰੀਰ ਵਿਚ ਹੋਣਾ ਲੋੜੀਂਦਾ ਹੈ । ਗੁਰੂ ਜੀ ਫੁਰਮਾਉਂਦੇ ਹਨ ਕਿ ਹਰੀ ਦਾ ਜਸ ਸੰਗਤ ਵਿਚੋਂ ਪਰਾਪਤ ਕਰਨ ਨਾਲ ਸਹਜੇ ਸਹਜੇ ਉਸ ਵਾਹਿਗੁਰੂ ਨਾਲ ਮੇਲ ਹੋ ਜਾਂਦਾ ਹੈ:
ਅੰਤਰ ਕੀ ਗਤਿ ਸਤਿਗੁਰੁ ਜਾਣੈ ॥ ਸੋ ਨਿਰਭਉ ਗੁਰ ਸਬਦਿ ਪਛਾਣੈ ॥ ਅੰਤਰੁ ਦੇਖਿ ਨਿਰੰਤਰਿ ਬੂਝੈ ਅੰਤ ਨ ਮਨੁ ਡੋਲਾਇਆ ॥ ੧੩ ॥ ਨਿਰਭਉ ਸੋ ਅਭ ਅੰਤਰਿ ਵਸਿਆ॥ਅਹਿਨਿਸਿ ਨਾਮਿ ਨਿਰੰਜਨ ਰਸਿਆ॥ਨਾਨਕ ਹਰਿ ਜਸੁ ਸੰਗਤਿ ਪਾਈਐ ਹਰਿ ਸਹਜੇ ਸਹਜਿ ਮਿਲਾਇਆ॥ ੧੪ ॥ (ਪੰਨਾ ੧੦੪੨)
ਵਾਹਿਗੁਰੂ ਦਾ ਨਾਮ ਲਏ ਬਿਨਾ ਕੋਈ ਨਿਰਭਉ ਨਹੀਂ ਬਣ ਸਕਦਾ:
ਵਿਣੁ ਨਾਵੈ ਨਿਰਭਉ ਕਹਾ ਕਿਆ ਜਾਣਾ ਅਭਿਮਾਨ ।। (ਪੰਨਾ ੯੩੫)
ਗੁਰੁ ਜੀ ਫੁਰਮਾਉਂਦੇ ਹਨ ਕਿ ਨਾਮ ਬਿਨਾ ਕੋਈ ਸ਼ਬਦ (ਨਾਮ) ਦੇ ਵਿਚਾਰ ਕੀਤੇ ਬਿਨਾ ਨਿਰਭਉ ਨਹੀਂ ਬਣ ਸਕਦਾ:
ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ ਜਿਚਰੁ ਸਬਦਿ ਨ ਕਰੇ ਵਿਚਾਰੁ ॥ ੧ ॥ (ਪੰ ੫੮੮)
ਜਦ ਨਾਮ ਹਿਰਦੇ ਵਸ ਜਾਂਦਾ ਹੈ ਤੇ ਪਰਮਾਤਮਾ ਨੂੰ ਭਗਤੀ ਭਾ ਜਾਂਦੀ ਹੈ ਤਾਂ ਜਨ ਨਿਰਭਉ ਬਣ ਜਾਂਦਾ ਹੈ ਤੇ ਸਾਰੇ ਭਉ ਮਿਟ ਜਾਂਦੇ ਹਨ: ਨਿਰਭਉ ਭਏ ਹਿਰਦੈ ਨਾਮੁ ਵਸਿਆ ਅਪੁਨੇ ਸਤਿਗੁਰ ਕੈ ਮਨਿ ਭਾਣੇ।। (ਪੰਨਾ ੬੧੪)
ਨਿਰਭਉ ਮਨਿ ਵਸਿਆ ਲਿਵ ਲਾਈ ।। (ਪੰਨਾ ੧੦੨੩)
ਸੰਗਿ ਰਾਤੇ ਭ੍ਰਮੁ ਭਉ ਨਸੈ ॥ ੩ ॥(ਪੰਨਾ ੨੦੧)
ਨਿਰਭਉ ਜਪੈ ਸਗਲ ਭਉ ਮਿਟੈ।। (ਪੰਨਾ ੨੯੩)

ਇਸ ਲਈ ਨਿਰਭਉ ਪਦ ਪ੍ਰਾਪਤ ਕਰਨ ਲਈ ਨਾਮ ਧਿਆਉਣਾ, ਵਾਹਿਗੁਰੂ ਨਾਲ ਧਿਆਨ ਲਾਉਣਾ, ਹਰ ਰੰਗ ਵਿਚ ਨਿਰਭਉ ਪਰਮਾਤਮਾ ਨੂੰ ਹੀ ਜਪਣਾ ਹੈ:
ਨਿਰਭਉ ਨਾਮੁ ਧਿਆਇਆ।। (ਪੰਨਾ ੬੬੨)
ਨਿਰਭਉ ਕੈ ਘਰਿ ਤਾੜੀ ਲਾਵੈ।।(ਪੰਨਾ ੨੨੬)
ਨਿਰਭਉ ਨਾਮੁ ਜਪਹੁ ਹਰ ਰੰਗੇ।। (ਪੰਨਾ ੬੮੪)
ਨਿਰਭਉ ਨਾਮੁ ਜਪਉ ਤੇਰਾ ਰਸਨਾ।। (ਪੰਨਾ ੧੧੫੪)
ਜੋ ਨਿਰਭਉ ਪਦ ਪ੍ਰਾਪਤ ਕਰਦਾ ਹੈ ਉਸ ਦੇ ਘਰ ਅੰਦਰ ਅਨੰਦ ਦੇ ਵਾਜੇ ਵਜਦੇ ਹਨ:
ਨਿਰਭਉ ਕੈ ਘਰਿ ਬਜਾਵਹਿ ਤੂਰ।। (ਪੰਨਾ ੯੭੧)
ਇਸ ਲਈ ਨਿਰਭਉ ਹੋਣ ਲਈ ਭਗਵਾਨ ਦਾ ਨਾਮ ਜਪੋ ਤੇ ਸਾਧਸੰਗਤ ਵਿਚ ਮਿਲ ਕੇ ਨਾਮ ਦਾਨ ਵੰਡੋ:
ਨਿਰਭਉ ਹੋਇ ਭਜਹੁ ਭਗਵਾਨ ॥ ਸਾਧਸੰਗਤਿ ਮਿਲਿ ਕੀਨੋ ਦਾਨੁ ॥ ੩ ॥ (ਪੰਨਾ ੨੦੧)
ਜਿਉ ਤੁਮ ਰਾਖਹੁ ਤਿਵ ਹੀ ਰਹਨਾ॥ ਜੋ ਤੁਮ ਕਹਹੁ ਸੋਈ ਮੋਹਿ ਕਰਨਾ॥ਜਹ ਪੇਖਉ ਤਹਾ ਤੁਮ ਬਸਨਾ॥ਨਿਰਭਉ ਨਾਮੁ ਜਪਉ ਤੇਰਾ ਰਸਨਾ ॥ ੨ ॥ ਤੂੰ ਮੇਰੀ ਨਵ ਨਿਧਿ ਤੂੰ ਭੰਡਾਰੁ ॥ ਰੰਗ ਰਸਾ ਤੂੰ ਮਨਹਿ ਅਧਾਰੁ ॥ ਤੂੰ ਮੇਰੀ ਸੋਭਾ ਤੁਮ ਸੰਗਿ ਰਚੀਆ ॥ ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ॥ ੩ ॥ ਮਨ ਤਨ ਅੰਤਰਿ ਤੁਹੀ ਧਿਆਇਆ ॥ ਮਰਮੁ ਤੁਮਾਰਾ ਗੁਰ ਤੇ ਪਾਇਆ ॥ ਸਤਿਗੁਰ ਤੇ ਦ੍ਰਿੜਿਆ ਇਕੁ ਏਕੈ ॥ ਨਾਨਕ ਦਾਸ ਹਰਿ ਹਰਿ ਹਰਿ ਟੇਕੈ ॥ ੪ ॥ ੧੮ ॥ ੮੭ ॥ (ਪੰਨਾ ੧੮੧)
ਕਹੁ ਨਾਨਕ ਸੋਈ ਨਰੁ ਸੁਖੀਆ ਰਾਮ ਨਾਮ ਗੁਨ ਗਾਵੈ ॥ ਅਉਰ ਸਗਲ ਜਗੁ ਮਾਇਆ ਮੋਹਿਆ ਨਿਰਭੈ ਪਦੁ ਨਹੀ ਪਾਵੈ ॥ ੩ ॥ ੮ ॥ (ਪੰਨਾ ੨੨੦)

ਜਿਨ੍ਹਾਂ ਨੂੰ ਪਰਮਾਤਮਾ ਦਾ ਭਉ ਪੈ ਗਿਆ ਉਹ ਉਦੋਂ ਖੁਦ ਨਿਰਭਉ ਹੋ ਗਏ ਜਦ ਉਨ੍ਹਾਂ ਨੇ ਹੋਰ ਸਾਰੇ (ਜੀਣ-ਮਰਨ) ਤਕ ਦਾ ਭਉ ਮਿਟਾ ਦਿਤਾ ਤੇ ਜਦ ਭਉ ਮੁਕਦਾ ਹੈ ਤਾਂ ਨਿਰਭਉ ਹੋ ਕੇ ਵਸੀਦਾ ਹੈ।
ਸੇ ਨਿਰਭਉ ਜਿਨ ਭਉ ਪਇਆ। (੧੧੮੦)
ਭਉ ਭਾਗਾ ਨਿਰਭਉ ਮਨਿ ਬਸੈ।। (ਪੰਨਾ ੮੯੩)
ਭਉ ਚੂਕਾ ਨਿਰਭਉ ਹੋਇ ਬਸੈ।। (ਪੰਨਾ ੨੮੭)

ਇਸ ਭੈ ਦਾ ਨਾਸ ਕਰਨ ਵਾਲਾ ਤੇ ਪੁਠੀ ਮਤ ਸਿਧੀ ਕਰਨ ਵਾਲਾ ਇਸ ਕਲਯੁਗ ਵਿਚ ਨਾਮ ਹੀ ਹੈ:

ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ ॥ (ਪੰਨਾ ੧੪੨੭)

ਜੋ ਵਾਹਿਗੁਰੂ ਦਾ ਨਾਮ ਧਿਆਉਂਦੇ ਹਨ ਉਹ ਇਸ ਜੁਗ ਵਿਚ ਸੁਖੀ ਵਸਦੇ ਹਨ। ਜਿਨ੍ਹਾਂ ਨੇ ਹਰੀ ਦਾ ਨਾਮ ਧਿਆਇਆ ਉਹ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਗਏ ਤੇ ਯਮ ਦੀ ਫਾਸੀ ਟੁੱਟ ਗਈ।ਜਿਨ੍ਹਾਂ ਨੇ ਨਿਰਭਉੇ ਵਾਹਿਗੁਰੂ ਧਿਆਇਆ ਉਨ੍ਹਾਂ ਦੇ ਸਾਰੇ ਡਰ ਭਉ ਦੂਰ ਹੋ ਗਏ।
ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ ॥ ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ॥ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥(ਪੰਨਾ ੧੧)
ਅਨਭਉ ਪਦ ਭਾਵ ਜਿਥੇ ਭਉ ਹੈ ਹੀ ਨਹੀਂ , ਆਪਾ ਗਵਾਉਣ ਪਿਛੋਂ ਹੀ ਮਿਲਦਾ ਹੈ।ਇਹ ਉਚਿਉਂ ਉਚਾ ਪਦ ਪਵਿਤਰ ਸ਼ਬਦ ਭਾਵ ਨਾਮ ਕਮਾਉਣ ਤੇ ਹੀ ਮਿਲਦਾ ਹੈ:
ਅਨਭਉ ਪਦੁ ਪਾਵੈ ਆਪੁ ਗਵਾਏ ॥ ਊਚੀ ਪਦਵੀ ਊਚੋ ਊਚਾ ਨਿਰਮਲ ਸਬਦੁ ਕਮਾਇਆ ॥ ੪।। (ਪੰਨਾ ੧੦੪੧-੧੦੪੨)

ਨਿਰਵੈਰ
ਨਿਰ+ਵੈਰ=ਜੋ ਬਿਨਾ ਕਿਸੇ ਵੈਰ ਦੇ ਹੈ।
ਸੱਚਾ ਸਤਿਗੁਰ ਪਰਮ ਪੁਰਖ ਪ੍ਰਭੂ ਦਾਤਾ ਨਿਰਵੈਰ ਹੈ। ਉਸ ਦਾ ਕਿਸੇ ਨਾਲ ਵੈਰ ਨਹੀਂ:
ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ॥ (ਪੰਨਾ ੧੧੪੧)
ਉਹ ਆਪ ਵੀ ਨਿਰਵੈਰ ਹੈ ਤੇ ਉਸਦੇ ਭਗਤ ਵੀ ਨਿਰਵੈਰ ਹਨ;
ਪਾਰਬ੍ਰਹਮ ਕੇ ਭਗਤ ਨਿਰਵੈਰ ॥ (ਪੰਨਾ ੧੧੪੫)
ਉਹ ਆਪ ਤਾਂ ਨਿਰਵੈਰ ਹੈ ਹੀ ਉਸ ਦੇ ਸੰਤ ਵੀ ਨਿਰਮਲ ਹਨ ਪਵਿਤਰ ਹਨ।
ਤੂੰ ਨਿਰਵੈਰੁ ਸੰਤ ਤੇਰੇ ਨਿਰਮਲ ॥ (ਪੰਨਾ ੧੦੮)
ਸਤਿਗੁਰੁ ਨਿਰਵੈਰ ਹੈ ਜਿਸ ਲਈ ਪੁਤ੍ਰ ਤੇ ਸ਼ਤਰੂ ਇਕ ਸਮਾਨ ਹਨ, ਉਹ ਸਾਰਿਆਂ ਦੇ ਔਗੁਣ ਕੱਟਕੇ ਸ਼ੁਧ ਦੇਹਾਂ ਕਰ ਦਿੰਦਾ ਹੈ:ੋ
ਸਤਿਗੁਰੁ ਨਿਰਵੈਰੁ ਪੁਤ੍ਰ ਸਤ੍ਰ ਸਮਾਨੇ ਅਉਗਣ ਕਟੇ ਕਰੇ ਸੁਧੁ ਦੇਹਾ ॥ (ਪੰਨਾ ੯੬੦-੯੬੧)
ਜੋ ਉਸ ਨਿਰਵੈਰ ਪ੍ਰਭੂ ਨਾਲ ਵੈਰ ਰਚਾਉਂਦਾ ਹੈ ਉਸ ਸਿਰ ਸਾਰੇ ਜਗਤ ਦੇ ਪਾਪ ਪੈ ਜਾਂਦੇ ਹਨ ਤੇ ਧਰਮ ਤੇ ਨਿਆਇ ਉਸ ਲਈ ਕੋਈ ਮਾਇਨਾ ਨਹੀਂ ਰਖਦੇ:
ਨਿਰਵੈਰ ਨਾਲਿ ਜਿ ਵੈਰ ਰਚਾਏ, ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ। (ਪੰਨਾ ੩੦੭)
ਵੈਰ ਕਰਹਿ ਨਿਰਵੈਰ ਨਾਲਿ, ਧਰਮ ਨਿਆਇ ਪਚੰਦੇ ।। (ਪੰਨਾ ੩੦੬)
ਇਸ ਲਈ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ ਕਰਨਾ ਚਾਹੀਦਾ।ਹਰ ਦਿਲ ਹਰ ਥਾਂ ਜਲ ਵਿਚ ਥਲ ਵਿਚ ਵਾਹਿਗੁਰੂ ਵਸਦਾ ਹੈ।ਵਿਰਲੇ ਹੀ ਵਾਹਿਗੁਰੂ ਦੀ ਮਿਹਰ ਸਦਕਾ ਉਸ ਦਾ ਨਾਮ ਜਪਦੇ ਹਨ ਜਿਸ ਨਾਲ ਵੈਰ ਵਿਰੋਧ ਮਨ ਤੋਂ ਮਿਟ ਜਾਂਦਾ ਹੈ।
ਵਵਾ ਵੈਰੁ ਨ ਕਰੀਐ ਕਾਹੂ ॥ ਘਟ ਘਟ ਅੰਤਰਿ ਬ੍ਰਹਮ ਸਮਾਹੂ ॥ ਵਾਸੁਦੇਵ ਜਲ ਥਲ ਮਹਿ ਰਵਿਆ ॥ ਗੁਰ ਪ੍ਰਸਾਦਿ ਵਿਰਲੈ ਹੀ ਗਵਿਆ ॥ ਵੈਰ ਵਿਰੋਧ ਮਿਟੇ ਤਿਹ ਮਨ ਤੇ ॥ (ਪੰਨਾ ੨੫੯)
ਨਿਰਭਉ ਤੇ ਨਿਰਵੈਰੁ ਨਿਰੰਕਾਰ ਦੇ ਭਾਵਵਾਚਕ ਨਾਮ ਹਨ ਜੋ ਵਾਹਿਗੁਰੂ ਦੇ ਦੋ ਵੱਖ ਲੱਛਣ ਦਰਸਾਉਂਦੇ ਹਨ।ਗੁਰਬਾਣੀ ਨਿਰਭਉ ਤੇ ਨਿਰਵੈਰ ਨੂੰ ਇਕ ਹਸਤੀ ਦੇ ਰੂਪ ਵਿਚ ਪੇਸ਼ ਕਰਦੀ ਹੈ ਜਿਥੇ ਨਿਰਭਉ ਤੇ ਨਿਰਵੈਰੁ ਦਾ ਸਰੂਪ ਸਤਿਨਾਮ ਵਾਹਿਗੁਰੂ ਨਾਲ ਜੋੜਿਆ ਗਿਆ ਹੈ।ਸੱਚਾ ਸਤਿਗੁਰ ਪਰਮ ਪੁਰਖ ਪ੍ਰਭੂ ਦਾਤਾ ਬਿਨਾ ਕਿਸੇ ਭਉ ਦੇ ਜਾਂ ਵੈਰ ਦੇ ਹੈ।ਨਿਰਭੳ=ਨਿਰ+ਭਉ=ਬਿਨਾ ਕਿਸੇ ਡਰ ਦੇ; ਜੋ ਨਾ ਕਿਸੇ ਨੂੰ ਡਰਾਉਂਦਾ ਹੈ ਤੇ ਨਾ ਕਿਸੇ ਤੋਂ ਡਰਦਾ ਹੈ: ਨਿਰਵੈਰ=ਨਿਰ+ਵੈਰ=ਜੋ ਬਿਨਾ ਕਿਸੇ ਵੈਰ ਦੇ ਹੈ।ਸਾਰੀ ਰਚਨਾ ਉਸੇ ਦੀ ਹੀ ਰਚੀ ਹੈ ਇਸ ਲਈ ਅਪਣੀ ਸਾਜੀ ਸ਼੍ਰਿਸ਼ਟੀ ਨੂੰ ਉਹ ਕਿਉਂ ਡਰਾਏੇਗਾ ਤੇ ਅਪਣੀ ਸਾਜਨਾ ਤੋਂ ਡਰੇਗਾ ਵੀ ਕਿਉਂ? ਕਿਉਂ ਉਹ ਕਿਸੇ ਨਾਲ ਵੈਰ ਵਿਰੋਧ ਰਖੇਗਾ? ਕਿਉਂ ਉਸ ਨਾਲ ਕੋਈ ਵੈਰ ਪਾਲੇਗਾ?ਉਹ ਤਾਂ ਦਿਆਲੂ ਹੈ, ਉਹ ਤਾਂ ਸਾਰਿਆਂ ਦਾ ਰਖਵਾਲਾ ਹੈ।ਜਿਨ੍ਹਾਂ ਨੇ ਨਿਰਭਉੇ ਵਾਹਿਗੁਰੂ ਧਿਆਇਆ ਉਨ੍ਹਾਂ ਦੇ ਸਾਰੇ ਡਰ ਭਉ ਦੂਰ ਹੋ ਗਏ।ਜੋ ਵਾਹਿਗੁਰੂ ਦਾ ਨਾਮ ਧਿਆਉਂਦੇ ਹਨ ਉਹ ਇਸ ਜੁਗ ਵਿਚ ਸੁਖੀ ਵਸਦੇ ਹਨ ਤੇ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਗਏ ਤੇ ਯਮ ਦੀ ਫਾਸੀ ਟੁੱਟ ਗਈ।ਅਨਭਉ ਪਦ ਭਾਵ ਜਿਥੇ ਭਉ ਹੈ ਹੀ ਨਹੀਂ, ਆਪਾ ਗਵਾਉਣ ਪਿਛੋਂ ਹੀ ਮਿਲਦਾ ਹੈ।ਇਹ ਉਚਿਉਂ ਉਚਾ ਪਦ ਪਵਿਤਰ ਸ਼ਬਦ ਭਾਵ ਨਾਮ ਕਮਾਉਣ ਤੇ ਹੀ ਮਿਲਦਾ ਹੈ।ਵਿਰਲੇ ਹੀ ਵਾਹਿਗੁਰੂ ਦੀ ਮਿਹਰ ਸਦਕਾ ਉਸ ਦਾ ਨਾਮ ਜਪਦੇ ਹਨ: ਨਾ ਨਾਲਮ ਜਪਣ ਵੈਰ ਵਿਰੋਧ ਮਨ ਤੋਂ ਮਿਟ ਜਾਂਦਾ ਹੈ।ਸਤਿਗੁਰੁ ਨਿਰਵੈਰ ਹੈ ਜਿਸ ਲਈ ਪੁਤ੍ਰ ਤੇ ਸ਼ਤਰੂ ਇਕ ਸਮਾਨ ਹਨ, ਉਹ ਸਾਰਿਆਂ ਦੇ ਔਗੁਣ ਕੱਟਕੇ ਦੇਹਾਂ ਸ਼ੁਧ ਕਰ ਦਿੰਦਾ ਹੈ।ਹਰ ਦਿਲ, ਹਰ ਥਾਂ, ਜਲ ਵਿਚ, ਥਲ ਵਿਚ, ਵਾਹਿਗੁਰੂ ਵਸਦਾ ਹੈ ।ਸਭਨਾ ਵਿਚ ਉਸਨੂੰ ਸਮਝਕੇ ਸਭ ਨਾਲ ਪ੍ਰੇਮ ਕਰਨਾ ਚਾਹੀਦਾ ਹੈ ਤੇ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ ਕਰਨਾ ਚਾਹੀਦਾ। ਵਾਹਿਗੁਰੂ ਦਾ ਨਾਮ ਜਪਿਆਂ ਹੀ ਨਿਰਭਉ ਤੇ ਨਿਰਵੈਰ ਪਦ ਪ੍ਰਾਪਤ ਹੁੰਦੇ ਹਨ।
.