.

ਬੱਚੇ ਮਾਤਾ ਪਿਤਾ ਦਾ ਕਹਿਣਾ ਕਿਉਂ ਨਹੀਂ ਮੰਨਦੇ ਹਨ? (ਭਾਗ ੪)

ਬੱਚਿਆਂ ਨਾਲ ਕਿਸ ਤਰ੍ਹਾਂ ਗੱਲਬਾਤ ਕਰਨੀ ਚਾਹੀਦੀ ਹੈ

Why children do not listen to the parents? (Part 4)

How to communicate with the children

ਹਰੇਕ ਇਨਸਾਨ ਦੀ ਇਛਾਂ ਹੁੰਦੀ ਹੈ ਕਿ ਦੂਸਰੇ ਉਸ ਨੂੰ ਸੁਣਨ, ਸਮਝਣ ਤੇ ਉਸ ਦੀ ਪ੍ਰਸੰਸਾ ਕਰਨ। ਇਸੇ ਤਰ੍ਹਾਂ ਹਰੇਕ ਬੱਚੇ ਦੀ ਵੀ ਇਛਾਂ ਹੁੰਦੀ ਹੈ ਕਿ ਉਸ ਦੇ ਮਾਤਾ ਪਿਤਾ ਅਤੇ ਦੂਸਰੇ ਲੋਕ ਉਸ ਨੂੰ ਸੁਣਨ ਤੇ ਉਸ ਦੀ ਪ੍ਰਸੰਸਾ ਕਰਨ। ਜਦੋਂ ਬੱਚਾ ਛੋਟਾ ਹੁੰਦਾ ਹੈ ਤਾਂ ਮਾਤਾ ਪਿਤਾ ਉਸ ਦੀ ਹਰੇਕ ਗੱਲ ਨੂੰ ਜਾਂ ਈਨ ਨੂੰ ਪੂਰਾ ਕਰਨ ਦਾ ਯਤਨ ਕਰਦੇ ਹਨ। ਬੱਚਾ ਥੋੜਾ ਵੱਡਾ ਹੁੰਦਾ ਹੈ ਤਾਂ ਮਾਤਾ ਪਿਤਾ ਉਸ ਦੇ ਦੋਸਤ ਵੀ ਬਣਦੇ ਹਨ। ਪਰੰਤੂ ਬੱਚੇ ਦੀ ਹਰੇਕ ਖਾਹਿਸ਼ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਪੁਰਾਣੀ ਬਚਪਨ ਦੀ ਆਦਤ ਕਰਕੇ ਉਹ ਜਿਦ ਵੀ ਕਰਦਾ ਹੈ। ਅਜੇਹੀ ਸਥਿੱਤੀ ਵਿੱਚ ਸਖਤੀ ਵੀ ਕੰਮ ਕਰਦੀ ਹੈ ਤੇ ਕਈ ਵਾਰੀ ਸਮਝਾਣਾ ਵੀ ਮੁਸ਼ਕਲ ਹੋ ਜਾਂਦਾ ਹੈ। ਬੱਚੇ ਦੀ ਬੁਧੀ ਦਾ ਵਿਕਾਸ ਉਮਰ ਦਾ ਨਾਲ ਹੌਲੀ ਹੌਲੀ ਹੁੰਦਾ ਹੈ, ਇਸ ਲਈ ਬੱਚਿਆਂ ਨਾਲ ਸਬੰਧ ਬਣਾਣ ਲਈ ਤੇ ਉਨ੍ਹਾਂ ਦੇ ਜੀਵਨ ਦੇ ਵਿਕਾਸ ਲਈ ਨਿਰੰਤਰ ਉਪਰਾਲੇ ਕਰਦੇ ਰਹਿਣਾ ਹੈ।

ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ॥ (੧੧੦੯)

ਬੱਚੇ ਆਪਣੀਆਂ ਭਾਵਨਾਵਾਂ ਤੇ ਕਾਬੂ ਨਹੀਂ ਰਖ ਸਕਦੇ ਹਨ: ਇਸ ਲਈ ਜਦੋਂ ਬੱਚੇ ਆਪਣੀ ਇਛਾਂ ਕਿਸੇ ਦੂਸਰੇ ਨੂੰ ਨਾ ਦੱਸ ਸਕਣ, ਜਾਂ ਉਸ ਨੂੰ ਠੀਕ ਤਰ੍ਹਾਂ ਨਾ ਸਮਝਾ ਸਕਣ, ਤਾਂ ਅਕਸਰ ਬੱਚੇ ਚਿੜਚਿੜੇ ਹੋ ਜਾਂਦੇ ਹਨ। ਅਜੇਹੀ ਸਥਿੱਤੀ ਵਿੱਚ ਬੱਚੇ ਨੂੰ ਚੁਪ ਕਰਨ ਲਈ ਜਾਂ ਰੋਣਾ ਬੰਦ ਕਰਨ ਲਈ ਕਹਿਣ ਨਾਲ ਕੋਈ ਲਾਭ ਨਹੀਂ ਹੁੰਦਾ। ਬਲਕਿ ਬੱਚੇ ਨੂੰ ਆਪਣੀ ਗੱਲ ਕਰਨ ਵਿੱਚ ਤੇ ਉਸ ਨੂੰ ਆਪਣੀ ਭਾਵਨਾਂ ਦੱਸਣ ਲਈ ਸਹਾਇਤਾ ਕਰਨੀ ਚਾਹੀਦੀ ਹੈ। ਬੱਚਿਆਂ ਦੀਆਂ ਭਾਵਨਾਂਵਾਂ ਜਾਂ ਆਮ ਮਨੁੱਖ ਦੀ ਭਾਵਨਾਂ ਨੂੰ ਜਾਨਣ ਲਈ ਸਾਨੂੰ ਗੁਰੂ ਦੇ ਦਰ ਤੇ ਆਉਂਣਾ ਪਵੇਗਾ, ਗੁਰੂ ਦੀ ਮਤ ਅਪਨਾਣੀ ਪਵੇਗੀ।

ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ॥ (੯੨੨)

ਪ੍ਰੇਮ ਤੇ ਸਰਬੱਤ ਦੇ ਭਲੇ ਵਿੱਚ ਉਹੀ ਮਨੁੱਖ ਪੂਰਾ ਉੱਤਰ ਸਕਦਾ ਹੈ, ਜਿਹੜਾ ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝ ਲੈਂਦਾ ਹੈ ਤੇ ਉਸ ਦੀ ਰਜ਼ਾ ਵਿੱਚ ਰਹਿਣਾ ਕਬੂਲ ਕਰ ਲੈਂਦਾ ਹੈ। ਅਸਲੀ ਮਨੁੱਖ ਉਹੀ ਹੈ, ਜੋ ਕਿ ਸਾਰਿਆ (ਬੱਚੇ ਜਾਂ ਵੱਡੇ) ਵਿੱਚ, ਉਸ ਅਕਾਲ ਪੁਰਖੁ ਨੂੰ ਵਸਦਾ ਵੇਖਦਾ ਹੈ, ਕਿਉਂਕਿ ਅਜੇਹਾ ਮਨੁੱਖ ਹੀ ਉਸ ਅਕਾਲ ਪੁਰਖੁ ਦੇ ਭੇਦ ਨੂੰ ਸਮਝਣ ਦੀ ਦਿਸ਼ਾ ਵਲ ਜਾ ਸਕਦਾ ਹੈ।

ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ॥ ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ॥ ੩॥ (੧੩੫੦)

ਮਾਤਾ ਪਿਤਾ ਨੂੰ ਬੱਚਿਆਂ ਨਾਲ ਗੱਲਬਾਤ ਕਰਨ ਲਈ ਉਚੇਚਾ ਸਮਾਂ ਕੱਢਣਾ ਚਾਹੀਦਾ ਹੈ: ਜੇਕਰ ਮਾਤਾ ਪਿਤਾ ਚਾਹੁੰਦੇ ਹਨ ਕਿ ਬੱਚੇ ਉਨ੍ਹਾਂ ਦੀ ਗੱਲ ਸੁਣਨ ਤਾਂ ਜਰੂਰੀ ਹੈ ਕਿ ਪਹਿਲਾਂ ਮਾਤਾ ਪਿਤਾ ਵੀ ਆਪਣੇ ਬੱਚਿਆਂ ਦੀ ਗੱਲਬਾਤ ਸੁਣਨ ਦੀ ਆਦਤ ਪਾਉਣ। ਜਦੋਂ ਕੋਈ ਬੱਚੇ ਦੀ ਗੱਲ ਨੂੰ ਨਹੀਂ ਸੁਣਦਾ ਹੈ ਤਾਂ ਬੱਚਾ ਖਿਝਣ ਲੱਗ ਪੈਂਦਾ ਹੈ ਤੇ ਚਿੜਚਿੜੇ ਸੁਭਾਅ ਵਾਲਾ ਬਣ ਜਾਂਦਾ ਹੈ, ਚੀਕਣ ਲਗ ਪੈਂਦਾ ਹੈ, ਚੀਜ਼ਾਂ ਸੁਟਣੀਆਂ ਸ਼ੁਰੂ ਕਰ ਦਿੰਦਾ ਹੈ। ਜੇਕਰ ਬੱਚੇ ਦੀ ਗੱਲਬਾਤ ਨੂੰ ਧਿਆਨ ਨਾਲ ਸੁਣਿਆ ਜਾਵੇ, ਉਸ ਨੂੰ ਆਪਣੀ ਭਾਵਨਾਂ ਦੱਸਣ ਲਈ ਮੌਕਾ ਦਿਤਾ ਜਾਵੇ ਤੇ ਸਹਾਇਤਾ ਕੀਤੀ ਜਾਵੇ ਤਾਂ ਬੱਚੇ ਨੂੰ ਆਪਣੀ ਮੁਸ਼ਕਲ ਸਮਝਣ ਵਿੱਚ ਤੇ ਉਸ ਦਾ ਹੱਲ ਲੱਭਣ ਵਿੱਚ ਸਹਾਇਤਾ ਮਿਲ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਬੱਚਾ ਆਪਣੀਆਂ ਭਾਵਨਾਂਵਾਂ ਤੇ ਕਾਬੂ ਕਰਨਾ ਸਿਖ ਜਾਂਦਾ ਹੈ ਤੇ ਰੋਜਾਨਾਂ ਦੀ ਚਿੜਚਿੜ ਤੇ ਰੋਣਾਂ ਘਟ ਜਾਂਦਾ ਹੈ। ਜਦੋਂ ਅਸੀਂ ਬੱਚਿਆਂ ਨੂੰ ਸੁਣਨਾ ਸ਼ੁਰੂ ਕਰ ਦਿੰਦੇ ਹਾਂ, ਤਾਂ ਬੱਚੇ ਵੀ ਆਪਣੇ ਮਾਤਾ ਪਿਤਾ ਦਾ ਕਹਿਣਾਂ ਮੰਨਣਾਂ ਸ਼ੁਰੂ ਕਰ ਦਿੰਦੇ ਹਨ। ਇਸ ਲਈ ਬੱਚਿਆਂ ਨਾਲ ਗੱਲਬਾਤ ਕਰਨ ਲਈ ਉਚੇਚਾ ਸਮਾਂ ਕੱਢਣਾ ਬਹੁਤ ਜਰੂਰੀ ਹੈ, ਤਾਂ ਜੋ ਮਾਤਾ ਪਿਤਾ ਦਾ ਬੱਚਿਆਂ ਨਾਲ ਸਬੰਧ ਬਣਿਆ ਰਹੇ। ਭਾਂਵੇ ਕਿਸੇ ਤਰ੍ਹਾਂ ਦੀ ਸਥਿੱਤੀ ਹੋਵੇ, ਆਪਣਾ ਕੰਮ ਬੰਦ ਕਰਕੇ ਬੱਚਿਆਂ ਲਈ ਕੁੱਝ ਸਮਾਂ ਜਰੂਰ ਕੱਢਣਾ ਚਾਹੀਦੀ ਹੈ। ਬੱਚਿਆਂ ਨਾਲ ਅੱਖਾਂ ਨਾਲ ਅੱਖਾਂ ਮਿਲਾ ਕੇ ਸਾਂਝ ਪੈਦਾ ਕਰਨੀ ਬਹੁਤ ਸਹਾਇਕ ਹੁੰਦੀ ਹੈ। ਬੱਚਾ ਜੋ ਕੁੱਝ ਵੀ ਕਹਿ ਰਿਹਾ ਹੈ ਉਸ ਨੂੰ ਸੁਣਨ ਦੇ ਨਾਲ ਨਾਲ ਇਹ ਵੀ ਬੋਲਦੇ ਰਹਿਣਾ ਚਾਹੀਦਾ ਹੈ, ਜਿਸ ਤਰ੍ਹਾਂ ਕਿ "ਹਾਂ", "ਠੀਕ ਹੈ", "ਹੋਰ ਦੱਸੋ", ਆਦਿ। ਬੱਚੇ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਉਚੇਚਾ ਧਿਆਨ ਦੇਣ ਦੀ ਲੋੜ ਹੈ। ਮੁਸ਼ਕਲ ਸਥਿੱਤੀ ਵਿੱਚ ਬੱਚੇ ਦਾ ਕਹਿਣਾਂ ਮੰਨਿਆ ਜਾ ਸਕਦਾ ਹੈ, ਹੌਸਲਾ ਦਿਤਾ ਜਾ ਸਕਦਾ ਹੈ, ਪਿਆਰ ਨਾਲ ਸਮਝਾਇਆ ਜਾ ਸਕਦਾ ਹੈ, ਜਾਂ ਬੱਚੇ ਦੀ ਖਾਣ ਦੀ ਪਸੰਦ ਦੀ ਚੀਜ਼ ਬਣਾ ਕੇ ਖੁਸ਼ ਕੀਤਾ ਜਾ ਸਕਦਾ ਹੈ। ਬੱਚੇ ਨਾਲ ਸਬੰਧ ਕਾਇਮ ਕਰਨ ਲਈ ਲਗਾਤਾਰ ਉਪਰਾਲੇ ਦੀ ਲੋੜ ਹੈ। ਇਹ ਹਮੇਸ਼ਾਂ ਧਿਆਨ ਵਿੱਚ ਰੱਖਣਾ ਹੈ, ਕਿ ਸਬੰਧ ਕਾਇਮ ਕਰਨ ਲਈ ਬਹੁਤ ਸਮਾਂ ਲਗ ਸਕਦਾ ਹੈ, ਪਰੰਤੂ ਭਰੋਸਾ ਪਲ ਭਰ ਵਿੱਚ ਟੁਟ ਸਕਦਾ ਹੈ। ਇਸ ਲਈ ਲਗਾਤਾਰ ਸੁਚੇਤ ਰਹਿਣ ਤੇ ਉਪਰਾਲੇ ਕਰਨ ਦੀ ਲੋੜ ਹੈ।

ਚਲੇ ਚਲਣਹਾਰ ਵਿਚਾਰਾ ਲੇਇ ਮਨੋ॥ ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ ਖਿਨੋ॥ ੭॥ (੪੮੮)

ਮਾਤਾ ਪਿਤਾ ਨੂੰ ਬੱਚਿਆਂ ਨਾਲ ਸੋਚ ਵਿਚਾਰ ਕੇ ਧਿਆਨ ਨਾਲ ਗੱਲਬਾਤ ਕਰਨੀ ਚਾਹੀਦਾ ਹੈ: ਮਾਤਾ ਪਿਤਾ ਕਿਹੋ ਜਿਹੇ ਸਬਦਾ ਨਾਲ, ਕਿਸ ਤਰ੍ਹਾਂ ਦੇ ਲਹਿਜੇ ਨਾਲ, ਕਿਸ ਤਰ੍ਹਾਂ ਦਾ ਮੂੰਹ ਬਣਾ ਕੇ, ਕਿਸ ਤਰ੍ਹਾਂ ਨਾਲ ਅੱਖਾਂ ਨਾਲ ਵੇਖ ਕੇ ਬੱਚਿਆਂ ਨਾਲ ਗੱਲਬਾਤ ਕਰਦੇ ਹਨ, ਇਨ੍ਹਾਂ ਸਭ ਦਾ ਬੱਚੇ ਦੇ ਮਾਤਾ ਪਿਤਾ ਨਾਲ ਤਾਲਮੇਲ ਬਣਾਣ ਉੱਪਰ ਤੇ ਬੱਚੇ ਦੇ ਵਤੀਰੇ ਉੱਪਰ ਬਹੁਤ ਪ੍ਰਭਾਵ ਪੈਂਦਾ ਹੈ। ਜਿਥੋਂ ਤਕ ਹੋ ਸਕੇ ਮਾਤਾ ਪਿਤਾ ਦਾ ਗੱਲਬਾਤ ਕਰਨ ਦਾ ਤਰੀਕਾ ਆਸ਼ਾਵਾਦੀ, ਉਤਸ਼ਾਹ ਦੇਣ ਵਾਲਾ ਤੇ ਠੀਕ ਹੋਣਾ ਚਾਹੀਦਾ ਹੈ। ਜੇਕਰ ਕੋਈ ਮਜਬੂਰੀ ਜਾਂ ਮੁਸ਼ਕਲ ਹੋਵੇ, ਜਿਸ ਕਰਕੇ ਬੱਚੇ ਦੀ ਇੱਛਾ ਪੂਰੀ ਨਹੀਂ ਕਰ ਸਕਦੇ ਤਾਂ ਗੱਲਬਾਤ ਕਰਨ ਸਮੇਂ ਪੱਕੇ, ਠੀਕ ਤੇ ਭਰੋਸੇ ਵਾਲੇ ਲਗਣੇ ਚਾਹੀਦੇ ਹਨ। ਮਾਤਾ ਪਿਤਾ ਬੱਚੇ ਨੂੰ ਡਾਂਵਾਂਡੋਲ, ਅਨਿਸ਼ਚਤ ਤੇ ਸ਼ੱਕ ਵਾਲੇ ਨਹੀਂ ਲੱਗਣੇ ਚਾਹੀਦੇ ਹਨ। ਮਾਤਾ ਪਿਤਾ ਬੱਚੇ ਨੂੰ ਬਿਨਾ ਉੱਚੀ ਬੋਲੇ ਪਿਆਰ ਨਾਲ ਸਮਝਾ ਸਕਦੇ ਹਨ।

ਸਚੁ ਵਾਪਾਰੁ ਕਰਹੁ ਵਾਪਾਰੀ॥ ਦਰਗਹ ਨਿਬਹੈ ਖੇਪ ਤੁਮਾਰੀ॥ ਏਕਾ ਟੇਕ ਰਖਹੁ ਮਨ ਮਾਹਿ॥ ਨਾਨਕ ਬਹੁਰਿ ਨ ਆਵਹਿ ਜਾਹਿ॥ ੬॥ (੨੯੩)

ਬੱਚਿਆਂ ਨੂੰ ਪ੍ਰੇਸ਼ਾਨ ਕਰਨਾ ਤੇ ਨਿੰਦਣਾ ਨਹੀਂ: ਇਹ ਬਹੁਤ ਜਰੂਰੀ ਹੈ ਕਿ ਬੱਚਿਆਂ ਦੇ ਚੰਗੇ ਕੰਮਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਚੰਗੀਆਂ ਉਪਲਬਧੀਆਂ ਤੇ ਕਹਿਣਾਂ ਮੰਨਣ ਲਈ ਇਨਾਮ ਵੀ ਦੇਣਾਂ ਚਾਹੀਦਾ ਹੈ। ਬੱਚਿਆਂ ਦਾ ਟਾਈਮ ਟੇਬਲ ਬਣਾਣਾ ਚਾਹੀਦਾ ਹੈ, ਕਿ ਉਨ੍ਹਾਂ ਨੇ ਕਿਸ ਸਮੇਂ ਕੀ ਕੀ ਕਰਨਾ ਹੈ। ਜੇਕਰ ਕੋਈ ਖੇਡਣ ਵੇਲੇ ਰੋਕੇ ਤਾਂ ਬੱਚੇ ਨੂੰ ਚੰਗਾ ਨਹੀਂ ਲਗਦਾ ਹੈ। ਜੇਕਰ ਬੱਚੇ ਦਾ ਟਾਈਮ ਟੇਬਲ ਬਣਿਆ ਹੋਵੇਗਾ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਹੋਵੇਗਾ ਕਿ ਕੀ ਕਰਨਾ ਹੈ, ਇਸ ਲਈ ਡਾਂਟਣ ਦੀ ਲੋੜ ਨਹੀਂ ਪਵੇਗੀ।

ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥ ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥ ੧੨੯॥ (੧੩੮੪)

ਨਿਮਰਤਾ, ਸ਼ਾਂਤੀ ਤੇ ਦ੍ਰਿੜਤਾ: ਜੇਕਰ ਕੋਈ ਪੱਕਾ ਫੈਸਲਾ ਕੀਤਾ ਗਿਆ ਹੈ ਤਾਂ ਉਸ ਤੇ ਦ੍ਰਿੜ ਰਹਿਣਾ ਚਾਹੀਦਾ ਹੈ। ਅਜੇਹੇ ਫੈਸਲਾ ਕਰਨ ਲਈ ਆਪਣੇ ਜੀਵਨ ਸਾਥੀ ਦੀ ਸਹਿਮਤੀ ਤੇ ਸਾਥ ਬਹੁਤ ਜਰੂਰੀ ਹੈ। ਹੋ ਸਕਦਾ ਹੈ ਕਿ ਬੱਚਿਆਂ ਨੂੰ ਭਾਂਵੇਂ ਮਾਤਾ/ਪਿਤਾ ਦੀ ਇਹ ਗੱਲ ਪਸੰਦ ਨਾ ਆਵੇ ਤੇ ਉਹ ਪਿਤਾ/ਮਾਤਾ ਦਾ ਆਸਰਾ ਲੈਂਣ ਦੀ ਕੋਸ਼ਿਸ਼ ਕਰਨ। ਇਸ ਲਈ ਦੋਵਾਂ ਨੂੰ ਦ੍ਰਿੜ ਰਹਿਣਾ ਚਾਹੀਦਾ ਹੈ, ਤੇ ਆਪਣੀ ਗੱਲ ਪਿਆਰ ਨਾਲ ਸਮਝਾਣੀ ਚਾਹੀਦੀ ਹੈ। ਇਹ ਦ੍ਰਿੜਤਾਂ ਰੋਜਾਨਾ ਦੀ ਆਦਤ ਨਹੀਂ ਬਣ ਜਾਣੀ ਚਾਹੀਦੀ, ਕਿਉਂਕਿ ਵਾਰ ਵਾਰ ਅਜੇਹੇ ਹਾਲਾਤ ਵਿੱਚ ਬੱਚਾ ਇਕੱਲਾ ਤੇ ਬੇਸਹਾਰਾ ਸਮਝਣ ਲਗ ਜਾਂਦਾ ਹੈ। ਹੋਰ ਬਾਕੀ ਸਭ ਕੰਮ ਨਿਮਰਤਾ, ਸ਼ਾਂਤੀ ਤੇ ਪਿਆਰ ਨਾਲ ਹੋਣੇ ਚਾਹੀਦੇ ਹਨ।

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ ੨੦॥ (੧੪੧੨)

ਦੂਰੋਂ ਆਵਾਜ਼ ਮਾਰਨ ਦੀ ਬਜਾਏ ਬੱਚਿਆਂ ਨਾਲ ਅੱਖਾਂ ਨਾਲ ਅੱਖਾਂ ਮਿਲਾ ਕੇ ਸਾਂਝ ਪੈਦਾ ਕਰਨੀ: ਬੱਚੇ ਦਾ ਸੁਣਨਾ ਇਸ ਗੱਲ ਤੇ ਨਿਰਭਰ ਕਰਦਾ ਹੈ, ਕਿ ਮਾਤਾ ਪਿਤਾ ਬੱਚੇ ਨੂੰ ਕਿਸ ਤਰ੍ਹਾਂ ਬੁਲਾਉਂਦੇ ਹਨ। ਜੇਕਰ ਬੱਚਾ ਦੂਸਰੇ ਕਮਰੇ ਵਿੱਚ ਖੇਡ ਰਿਹਾ ਹੈ ਤਾਂ ਉਹ ਆਪਣੇ ਕੰਮ ਵਿੱਚ ਮਸਤ ਰਹਿੰਦਾ ਹੈ, ਇਸ ਲਈ ਜਰੂਰੀ ਨਹੀਂ ਕਿ ਉਹ ਗੱਲ ਸੁਣੇਗਾ। ਬੱਚਿਆਂ ਨਾਲ ਅੱਖਾਂ ਨਾਲ ਅੱਖਾਂ ਮਿਲਾ ਕੇ ਸਾਂਝ ਪੈਦਾ ਕਰਨੀ ਬਹੁਤ ਸਹਾਇਕ ਹੁੰਦੀ ਹੈ। ਆਪ ਨੀਵੇਂ ਹੋ ਕੇ ਜਾਂ ਮੇਜ ਤੇ ਇਕੋ ਜਿਹੀ ਉਚਾਈ ਤੇ ਹੋ ਕੇ ਗੱਲਬਾਤ ਕਰਨੀ ਚਾਹੀਦੀ ਹੈ। ਬੱਚੇ ਲਈ ਆਪਣਾ ਉਚੇਚਾ ਸਮਾਂ ਕੱਢਣਾ ਚਾਹੀਦਾ ਹੈ ਤੇ ਉਸ ਦੀ ਗੱਲ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਮਿਤਰਤਾ ਵਾਲਾ ਮਹੌਲ ਪੈਦਾ ਕਰਕੇ ਇੱਕ ਦੋਸਤ ਦੀ ਤਰ੍ਹਾਂ ਸਾਂਝ ਪੈਦਾ ਕਰਨ ਨਾਲ ਬੱਚਾ ਚੰਗੀਆਂ ਆਦਤਾਂ ਸਿਖਦਾ ਹੈ।

ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ॥ ੩॥ (੬੭੧)

ਬੱਚੇ ਨੂੰ ਕੰਮ ਕਰਨ ਲਈ ਤੇ ਸਾਂਝ ਪੈਦਾ ਕਰਨ ਲਈ ਉਤਸ਼ਾਹਤ ਕਰੋ: ਬੱਚੇ ਦੇ ਨੁਕਸ ਕੱਢਣ ਦੀ ਬਜਾਏ, ਉਸ ਨੂੰ ਕੰਮ ਕਰਨ ਦਾ ਤਰੀਕਾ ਠੀਕ ਤਰ੍ਹਾਂ ਸਮਝਾਣਾ ਚਾਹੀਦਾ ਹੈ। ਜੇਕਰ ਸਮਝ ਨਹੀਂ ਆਂਉਂਦੀ ਤਾਂ ਦੁਬਾਰਾ ਸਰਲ ਲਫਜ਼ਾਂ ਵਿੱਚ ਸਮਝਾ ਦੇਣਾ ਚਾਹੀਦਾ ਹੈ। ਘਰ ਦੇ ਕੰਮਾਂ ਵਿੱਚ ਬੱਚੇ ਦਾ ਸਾਥ ਲੈਣਾਂ ਚਾਹੀਦਾ ਹੈ ਤਾਂ ਜੋ ਉਸ ਨੂੰ ਘਰ ਦੇ ਕੰਮ ਕਰਨੇ ਆ ਜਾਣ। ਜੇਕਰ ਬੱਚਾ ਗਲਤੀ ਕਰਦਾ ਹੈ ਤਾਂ ਉਸ ਨੂੰ ਪਿਆਰ ਨਾਲ ਦੁਬਾਰਾ ਸਮਝਾਇਆ ਜਾ ਸਕਦਾ ਹੈ ਜਾਂ ਦੁਬਾਰਾ ਕਰ ਕੇ ਵਿਖਾਇਆ ਜਾ ਸਕਦਾ ਹੈ। ਸਮੇਂ ਅਨੁਸਾਰ ਬੱਚੇ ਦੇ ਕੰਮਾਂ ਦੀ ਵੰਡ ਕਰਨ ਨਾਲ ਆਪਸੀ ਖਿਚੋਤਾਨ ਘਟਾਈ ਜਾ ਸਕਦੀ ਹੈ। ਇਸ ਲਈ ਗੁਰਬਾਣੀ ਦੁਆਰਾ ਅਕਾਲ ਪੁਰਖ ਦੇ ਹੁਕਮੁ ਨੂੰ ਸਮਝਣਾ ਹੈ ਤੇ ਉਸ ਦੇ ਗੁਣਾਂ ਨੂੰ ਜੀਵਨ ਵਿੱਚ ਅਪਨਾ ਕੇ ਬੱਚਿਆਂ ਨਾਲ ਸਾਂਝ ਪੈਦਾ ਕਰਨੀ ਹੈ।

ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥ ਜੇ ਗੁਣ ਹੋਵਨਿੑ ਸਾਜਨਾ ਮਿਲਿ ਸਾਝ ਕਰੀਜੈ॥ ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥ (੭੬੫, ੭੬੬)

ਬੱਚਿਆ ਨੂੰ ਲਿਖਣ ਦਾ ਤੇ ਲੇਬਲ ਲਗਾਣ ਦਾ ਕੰਮ ਚੰਗਾ ਲਗਦਾ ਹੈ: ਬੱਚਿਆ ਨੂੰ ਚੰਗੀਆਂ ਆਦਤਾ ਪਾਣ ਲਈ ਲੇਬਲ ਬਣਾ ਕੇ ਲੋੜੀਦੀਆਂ ਥਾਂਵਾਂ ਤੇ ਲਗਾਏ ਜਾ ਸਕਦੇ ਹਨ। ਬੱਚਿਆ ਦੇ ਗਿਆਨ ਵਿੱਚ ਵਾਧਾਂ ਕਰਨ ਲਈ ਤੇ ਜੀਵਨ ਸੰਬੰਧੀ ਸਿਖਿਆ ਦੇਣ ਲਈ ਵੱਖ ਵੱਖ ਤਰ੍ਹਾਂ ਦੇ ਮਾਡਲ ਬਣਾ ਕੇ ਸਮਝਾਇਆ ਜਾ ਸਕਦਾ ਹੈ। ਰੋਜਾਨਾ ਕੰਮ ਕਰਨ ਲਈ ਟਾਈਮ ਟੇਬਲ ਬਣਾਇਆ ਜਾ ਸਕਦਾ ਹੈ। ਬੱਚਿਆ ਦਾ ਹੌਸਲਾ ਵਧਾਣ ਲਈ ਇਨਾਮ ਤੇ ਨੰਬਰ ਦਿਤੇ ਜਾ ਸਕਦੇ ਹਨ। ਚੰਗੇ ਕੰਮਾਂ ਲਈ ਸਟਾਰ ਦਿਤੇ ਜਾ ਸਕਦੇ ਹਨ। ਬੱਚਿਆ ਨੂੰ ਲਿਖਣ ਦਾ ਬਹੁਤ ਸ਼ੌਕ ਹੁੰਦਾ ਹੈ, ਤੇ ਲੇਬਲ ਲਗਾਣ ਦਾ ਕੰਮ ਚੰਗਾ ਲਗਦਾ ਹੈ। ਅਜੇਹੇ ਕੰਮ ਵਿੱਚ ਬੱਚਿਆ ਦਾ ਸਾਥ ਲੈਣਾਂ ਚਾਹੀਦਾ ਹੈ, ਤਾਂ ਜੋ ਬੱਚਿਆ ਨਾਲ ਦੋਸਤੀ ਤੇ ਪਿਆਰ ਕਾਇਮ ਕੀਤਾ ਜਾ ਸਕੇ।

ਆਪਣੇ ਅੰਦਰ ਤੇ ਬੱਚਿਆਂ ਦੇ ਅੰਦਰ ਉੱਚਾ ਆਚਰਨ ਤੇ ਚੰਗੇ ਗੁਣ ਪੈਦਾ ਕਰਨ ਲਈ, ਗੁਰੂ ਦੇ ਕਹੇ ਅਨੁਸਾਰ, ਉਸ ਅਕਾਲ ਪੁਰਖੁ ਨੂੰ ਗੁਰਬਾਣੀ ਦੁਆਰਾ ਚੇਤੇ ਕਰਦੇ ਰਹੋ। ਅਕਾਲ ਪੁਰਖੁ ਨੂੰ ਚਿਤ ਵਿੱਚ ਵਸਾਣ ਨਾਲ ਮਨੁੱਖ ਦੇ ਮਨ ਵਿੱਚ ਸੁਖਾਂ ਦਾ ਵਾਸਾ ਹੋ ਜਾਂਦਾ ਹੈ, ਸਦਾ ਸੁਖ ਸ਼ਾਤੀ ਬਣੀ ਰਹਿੰਦੀ ਹੈ ਤੇ ਦੁਖਾਂ ਦਾ ਨਾਸ ਹੋ ਜਾਂਦਾ ਹੈ। ਇਸ ਲਈ ਆਪਣੇ ਗੁਰੂ ਦੇ ਉਪਦੇਸ਼ ਅਨੁਸਾਰ ਚਲ ਕੇ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕਰਦੇ ਰਹੋ ਤੇ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰਦੇ ਰਹੋ। ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਚਲਣ ਦਾ ਨਤੀਜਾ ਇਹ ਹੋਵੇਗਾ ਕਿ ਅਸੀਂ ਸਦਾ ਆਤਮਕ ਆਨੰਦ ਮਾਣਦੇ ਰਹਿ ਸਕਦੇ ਹਾਂ। ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਨੂੰ ਹਰ ਵੇਲੇ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖੋ ਤੇ ਸ਼ਬਦ ਅਨੁਸਾਰ ਆਪਣੇ ਜੀਵਨ ਦੀ ਘਾੜਤ ਘੜਦੇ ਰਹੋ। ਜੇਕਰ ਗੁਰ-ਸ਼ਬਦ ਦੀ ਬਰਕਤ ਨਾਲ ਆਪਣੇ ਹਿਰਦੇ-ਘਰ ਵਿੱਚ ਅਡੋਲ ਟਿਕੇ ਰਹੋਗੇ, ਤਾਂ ਭਟਕਣਾ ਮੁੱਕ ਜਾਏਗੀ ਤੇ ਅਕਾਲ ਪੁਰਖੁ ਨੂੰ ਆਪਣੇ ਅੰਦਰੋਂ ਹੀ ਲੱਭ ਸਕੋਗੇ। ਆਪਣੇ ਜੀਵਨ ਨੂੰ ਵਿਕਾਰਾਂ ਤੋਂ ਬਚਾਣ ਲਈ, ਆਪਣੇ ਮਨ ਵਿੱਚ ਕਦੇ ਵੀ ਕਿਸੇ ਦਾ ਬੁਰਾ ਨਾ ਸੋਚੋ, ਕਦੇ ਵੀ ਮਨ ਵਿੱਚ ਇਹ ਅਜੇਹੀ ਇੱਛਾ ਪੈਦਾ ਨਾ ਹੋਣ ਦਿਓ, ਜਿਸ ਨਾਲ ਕਿਸੇ ਦਾ ਨੁਕਸਾਨ ਹੋਵੇ। ਇਸ ਦਾ ਨਤੀਜਾ ਇਹ ਹੋਵੇਗਾ ਕਿ ਤੁਹਾਨੂੰ ਵੀ ਕੋਈ ਦੁਖ ਨਹੀਂ ਲਗ ਸਕੇਗਾ। ਜਿਸ ਮਨੁੱਖ ਨੂੰ ਗੁਰੂ ਨੇ ਅਕਾਲ ਪੁਰਖੁ ਦਾ ਨਾਮੁ ਹੀ, ਟੂਣੇ ਜਾਂ ਮੰਤਰ ਦੇ ਤੌਰ ਤੇ ਦਿੱਤਾ, ਉਹ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਆਪਣੇ ਅੰਦਰ ਅਕਾਲ ਪੁਰਖੁ ਦੇ ਨਾਮੁ ਤੋਂ ਪੈਦਾ ਹੋਇਆ ਆਤਮਕ ਆਨੰਦ ਹਰ ਵੇਲੇ ਪਛਾਣਦਾ ਤੇ ਮਾਣਦਾ ਰਹਿੰਦਾ ਹੈ।

ਆਸਾ ਮਹਲਾ ੫॥ ਜਾ ਕੈ ਸਿਮਰਨਿ ਸੂਖ ਨਿਵਾਸੁ॥ ਭਈ ਕਲਿਆਣ ਦੁਖ ਹੋਵਤ ਨਾਸੁ॥ ੧॥ ਅਨਦੁ ਕਰਹੁ ਪ੍ਰਭ ਕੇ ਗੁਨ ਗਾਵਹੁ॥ ਸਤਿਗੁਰੁ ਅਪਨਾ ਸਦ ਸਦਾ ਮਨਾਵਹੁ॥ ੧॥ ਰਹਾਉ॥ ਸਤਿਗੁਰ ਕਾ ਸਚੁ ਸਬਦੁ ਕਮਾਵਹੁ॥ ਥਿਰੁ ਘਰਿ ਬੈਠੇ ਪ੍ਰਭੁ ਅਪਨਾ ਪਾਵਹੁ॥ ੨॥ ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥ ੩॥ ਹਰਿ ਹਰਿ ਤੰਤੁ ਮੰਤੁ ਗੁਰਿ ਦੀਨਾੑ॥ ਇਹੁ ਸੁਖੁ ਨਾਨਕ ਅਨਦਿਨੁ ਚੀਨਾੑ॥ ੪॥ ੧੧॥ ੬੨॥ (੩੮੬)

"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ"

(Dr. Sarbjit Singh)

Vashi, Navi Mumbai - 400703.

Email = sarbjitsingh@yahoo.com,

Web= http://www.geocities.ws/sarbjitsingh/

http://www.sikhmarg.com/article-dr-sarbjit.html
.