.

ਆਵਾਗਵਣ

(ਕਿਸ਼ਤ ਦੂਜੀ)

ਜਰਨੈਲ ਸਿੰਘ

ਆਵਾਗਵਣ ਅਤੇ ਗੁਰਬਾਣੀ

ਉੱਪਰ ਦਿੱਤੀ ਵਿਚਾਰ ਤੋਂ ਆਵਾਗਵਣ ਦੇ ਸਿਧਾਂਤ ਵਾਰੇ ਕੁੱਝ ਗੱਲਾਂ ਉਭਰ ਕੇ ਸਾਹਮਣੇ ਆਉਂਦੀਆਂ ਹਨ। ਆਪਾਂ ਉਹਨਾਂ ਗੱਲਾਂ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਇਹ ਨਿਰਣਾ ਕਰ ਸਕਦੇ ਹਾਂ ਕਿ ਗੁਰਬਾਣੀ ਇਹਨਾਂ ਦਾ ਖੰਡਣ ਕਰਦੀ ਹੈ ਜਾਂ ਮੰਡਣ ਕਰਦੀ ਹੈ ਜਾਂ ਫਿਰ ਆਪਣਾ ਨਿਵੇਕਲਾ ਸਿਧਾਂਤ ਪੇਸ਼ ਕਰ ਰਹੀ ਹੈ। ਜਨਮ ਤੇ ਮੌਤ ਇੱਕ ਪ੍ਰਤੱਖ ਸਚਾਈ ਹੈ। ਹਰ ਪਲ਼ ਕੁੱਝ ਜੰਮਦਾ ਤੇ ਮਰਦਾ ਹੈ। ਗੁਰਬਾਣੀ ਇਸ ਸੱਚ ਵਾਰੇ ਕੀ ਕਹਿੰਦੀ ਹੈ। ਕੀ ਆਵਾਗਵਣ ਦਾ ਸਿਧਾਂਤ ਇਸ ਸੱਚ ਦੀਆ ਹੋਰ ਪਰਤਾਂ ਖੋਲਦਾ ਹੈ ਜਾਂ ਇਸ ਦਾ ਮਕਸਦ ਕੁੱਝ ਹੋਰ ਹੈ। ਆਪਾਂ ਇਸ ਸਭ ਤੇ ਵੀ ਵਿਚਾਰ ਕਰਾਂਗੇ।

1. ਜਨਮ ਕਿਉਂ ਹੁੰਦਾ ਹੈ

ਆਵਾਗਵਣ ਦੇ ਸਿਧਾਂਤ ਅਨੁਸਾਰ ਸੰਸਾਰ ਅੰਦਰ ਜਨਮ ਦਾ ਮੂਲ ਕਾਰਨ ਜੀਵ ਦੇ ਕਰਮ ਹਨ। ਕਰਮ ਹੀ ਜਨਮ ਦਾ ਕਾਰਣ ਬਣਦਾ ਹੈ ਅਤੇ ਕਰਮ ਹੀ ਅਗੇ ਜਨਮ ਮਰਣ ਦੇ ਗੇੜ ਵਿੱਚ ਪਾਉਂਦੇ ਨੇ। ਪਰ ਗੁਰਬਾਣੀ ਇਸ ਗਲ ਨਾਲ ਸਹਿਮਤ ਨਹੀਂ। ਗੁਰਬਾਣੀ ਕਰਮ ਨੂੰ ਨਹੀਂ ਬਲਕਿ ਹਉਮੇ ਨੂੰ ਜਨਮ ਦਾ ਫੌਰੀ ਕਾਰਨ ਮੰਨਦੀ ਹੈ। ਹਉਮੇ ਖੁਦ ਕਰਤਾਰ ਦੇ ਹੁਕਮ ਅਧੀਨ ਗਿਣਿਆ ਗਿਆ ਹੈ। ਸਿਧਾਂ ਦੇ ਪ੍ਰਸ਼ਨ ਦਾ ਉੱਤਰ ਦਿੰਦਿਆ ਗੁਰੂ ਨਾਨਕ ਸਾਹਿਬ ਕਹਿੰਦੇ ਨੇ।

ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ॥

ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ॥ (ਪੰਨਾ 946)

ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਹਨ:

ਹਉ ਵਿਚਿ ਮਾਇਆ ਹਉ ਵਿਚਿ ਛਾਇਆ॥ ਹਉਮੈ ਕਰਿ ਕਰਿ ਜੰਤ ਉਪਾਇਆ॥ ਹਉਮੈ ਬੂਝੈ ਤਾ ਦਰੁ ਸੂਝੈ॥ ਗਿਆਨ ਬਿਹੂਣਾ ਕਥਿ ਕਥਿ ਲੂਝੈ॥ ਨਾਨਕ ਹੁਕਮੀ ਲਿਖੀਐ ਲੇਖੁ॥ ਜੇਹਾ ਵੇਖਹਿ ਤੇਹਾ ਵੇਖੁ॥ ਪੰਨਾ 466

ਰਾਗ ਗਉੜੀ ਵਿੱਚ ਗੁਰੂ ਨਾਨਕ ਸਾਹਿਬ ਦੱਸਦੇ ਨੇ ਕਿ ਮਨੁੱਖ ਦਾ ਜਨਮ ਅਤੇ ਮੌਤ ਕਰਤਾਰ ਦਾ ਹੁਕਮ ਹੈ। "ਹੁਕਮੇ ਆਵੈ ਹੁਕਮੇ ਜਾਇ॥ ਆਗੈ ਪਾਛੈ ਹੁਕਮਿ ਸਮਾਇ॥" ਪਂਨਾ 151

ਆਵਤ ਹੁਕਮਿ ਬਿਨਾਸ ਹੁਕਮਿ ਆਗਿਆ ਭਿੰਨ ਨ ਕੋਇ॥

ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ॥ (ਮਹਲਾ 5, ਪੰਨਾ 251)

ਗੁਰੂ ਗ੍ਰੰਥ ਸਾਹਿਬ ਵਿੱਚ ਇਸ ਗੱਲ ਨੂੰ ਬੜੀ ਹੀ ਸਟੀਕ ਦਲੀਲ ਨਾਲ ਰੱਦ ਕੀਤਾ ਗਿਆ ਹੈ ਕਿ ਜਨਮ ਚੰਗੇ ਮਾੜੈ ਕੀਤੇ ਕਰਮਾਂ ਕਾਰਨ ਹੁੰਦਾ ਹੈ। ਗੁਰੂ ਸਾਹਿਬ ਪੁਛਦੇ ਨੇ ਕਿ ਜਦੋਂ ਕੁੱਝ ਵੀ ਨਹੀਂ ਸੀ ਭਾਵ ਸ੍ਰਿਸ਼ਟੀ ਹਾਲੇ ਬਣੀ ਹੀ ਨਹੀਂ ਸੀ, ਉਦੋਂ ਕਿਹੜੇ ਕਰਮਾਂ ਕਾਰਨ ਮਨੁੱਖ ਦਾ ਜਨਮ ਹੋਇਆ ਹੋਵੇਗਾ। ਗੁਰੂ ਨਾਨਕ ਸਾਹਿਬ ਮਾਰੂ ਰਾਗ ਕਹਿੰਦੇ ਨੇ ਕਿ ਜਦੋਂ ਅਰਬਦ ਨਰਬਦ ਸਾਲ ਪਹਿਲਾਂ ਸਿਰਫ ਧੁੰਧੂਕਾਰ ਹੀ ਸੀ ਉਦੋਂ ਤਾਂ ਕਿਸੇ ਕਰਮ ਧਰਮ ਦੀ ਹੋਂਦ ਹੀ ਨਹੀਂ ਸੀ।

ਕਰਮ ਧਰਮ ਨਹੀ ਮਾਇਆ ਮਾਖੀ॥ ਜਾਤਿ ਜਨਮੁ ਨਹੀ ਦੀਸੈ ਆਖੀ॥ ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ॥ ਪੰਨਾ 1035

ਜਦੋਂ ਕਰਮ ਦੀ ਹੋਂਦ ਹੀ ਨਹੀਂ ਸੀ ਤਾਂ ਫਿਰ ਜਦੋਂ ਪਹਿਲੇ ਮਨੁੱਖ ਦਾ ਜਨਮ ਹੋਇਆ ਹੋਵੇਗਾ ਉਹ ਕਿਹੜੇ ਕਰਮਾਂ ਕਰਕੇ ਹੋਇਆ ਸੀ। ਜਦੋਂ ਸ੍ਰਿਸ਼ਟੀ ਦੀ ਰਚਨਾ ਹੀ ਨਹੀ ਸੀ ਹੋਈ ਉਦੋਂ ਪਾਪ ਪੁੰਨ ਕੌਣ ਕਰਦਾ ਸੀ। ਫਿਰ ਜੂਨੀਆ ਦਾ ਚੱਕ੍ਰ ਕਿਵੇਂ ਸ਼ੁਰੂ ਹੋ ਗਿਆ। "ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ॥ ਪਾਪ ਪੁੰਨ ਤਬ ਕਹ ਤੇ ਹੋਤਾ॥" ਪੰਨਾ 290. ਇਸੇ ਕਰਕੇ ਗੁਰੂ ਅਰਜਨ ਸਾਹਿਬ ਸਵਾਲ ਕਰਦੇ ਨੇ ਕਿ

ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ॥ ਅਪਨਾ ਖੇਲੁ ਆਪਿ ਕਰ ਦੇਖੈ ਠਾਕੁਰਿ ਰਚਿਨ ਰਚਾਇਆ॥ ਪੰਨਾ 748

ਕਬੀਰ ਸਾਹਿਬ ਪੁਛਦੇ ਨੇ ਕਿ ਤੁਸੀਂ ਕਹਿੰਦੇ ਹੋ ਕਿ ਪੰਜਾ ਤੱਤਾਂ ਦਾ ਸਰੀਰ ਬਣਿਆਂ ਅਤੇ ਕਰਮਾਂ ਦਾ ਬੱਧਾ ਜੀਵ ਹੈ। ਪਰ ਇਹ ਪੰਜ ਤੱਤ ਕਿਥੋਂ ਆਏ ਅਤੇ ਕਰਮ ਕੀਹਨੇ ਬਣਾਏ।

ਪੰਚ ਤਤੁ ਮਿਲਿ ਕਾਇਆ ਕੀਨਹੀ ਤਤੁ ਕਹਾ ਤੇ ਕੀਨੁ ਰੇ॥ ਕਰਮ ਬਧ ਤੁਮ ਜੀਉ ਕਹਤ ਹੋ ਕਰਮਹਿ ਕਿਨਿ ਜੀਉ ਦੀਨੁ ਰੇ॥ ਪੰਨਾ 870

ਗੁਰੂ ਸਾਹਿਬ ਆਪਣੀ ਦਲੀਲ ਰਾਹੀਂ ਸਾਡੀ ਸੋਚ ਨੂੰ ਦੂਰ ੳਸ ਦਿਸਹੱਦੇ ਤੱਕ ਜਾਣ ਲਈ ਪ੍ਰੇਰਦੇ ਨੇ ਜਿਥੋਂ ਕਾਇਨਾਤ ਦੀ ਸ਼ੁਰੂਆਤ ਹੂੰਦੀ ਹੈ ਤਾਂ ਜੋ ਗੱਲ ਪੂਰੀ ਸਪੱਸ਼ਟ ਹੋ ਜਾਏ। ਜਦੋਂ ਧਰਤੀ ਤੇ ਕੋਈ ਜੀਵ ਹੈ ਹੀ ਨਹੀਂ ਸੀ ਉਦੋਂ ਜੀਵ ਨੂੰ ਕਿਸ ਤਰ੍ਹਾਂ ਪੈਦਾ ਹੋਇਆ ਹੋਵੇਗਾ। "ਜਬ ਇਹੁ ਨ ਸੋ ਤਬ ਕਿਨਹਿ ਉਪਾਇਆ॥"। ਗੁਰੂ ਸਾਹਿਬ ਆਪਣੇ ਸਵਾਲਾਂ ਦਾ ਜਵਾਬ ਵੀ ਨਾਲ ਹੀ ਦੇ ਰਹੇ ਨੇ ਕਿ ਇਹ ਸਭ ਕਰਤਾਰ ਦੇ ਹੁਕਮ ਅਧੀਨ ਹੋ ਰਿਹਾ ਹੈ ਅਤੇ ਅੱਸ਼ ਅੱਸ਼ ਕਰ ਉੱਠਦੇ ਨੇ ਕਿ ਦੇਖੋ "ਕਵਨ ਮੂਲ ਤੇ ਕਿਆ ਪ੍ਰਗਟਾਇਆ॥" ਪੰਨਾ 1146. ਗੁਰਬਾਣੀ ਪੈਰ ਪੈਰ ਤੇ ਕਰਤਾਰ ਦੀ ਕੁਦਰਤ ਦੇ ਬਲਿਹਾਰੇ ਜਾਂਦੀ ਹੈ।

ਗੁਰਬਾਣੀ ਦਾ ਜਨਮ ਅਤੇ ਮੌਤ ਵਾਰੇ ਪੈਂਤੜਾ ਵਿਗਿਆਨਿਕ ਸੋਚ ਨਾਲ ਮੇਲ ਖਾਂਦਾ ਹੈ। ਜਨਮ ਅਤੇ ਮੌਤ ਕੁਦਰਤ ਦੇ ਇੱਕ ਬੱਧੇ ਨਿਯਮ ਅਧੀਨ ਵਾਪਰ ਰਹੇ ਨੇ। ਅਗਰ ਮੌਤ ਨਾ ਹੋਵੇ ਤਾਂ ਵੀ ਅਗਰ ਜਨਮ ਨ ਹੋਵੇ ਤਾਂ ਵੀ ਇਸ ਸੰਸਾਰ ਵਿੱਚ ਗਦਰ ਅਤੇ ਅਰਾਜਕਤਾ ਫੈਲ ਜਾਏਗੀ। ਚਾਰਲਸ ਡਾਰਵਿਨ (Charles Darwin) ਆਪਣੀ ਕਿਤਾਬ ਔਰਿਜਨ ਆਫ ਸਪੀਸੀਜ਼ (Origin of Species) ਵਿੱਚ ਲਿਖਦਾ ਹੈ ਕਿ "There is no exception to the rule that every organic being increases at so high a rate, that if not destroyed, the earth would soon be covered by the progeny of a single pair." (8) ਮੌਤ ਜਿੰਦਗੀ ਲਈ ਜ਼ਰੂਰੀ ਹੈ। "ਜੋ ਦੀਸੈ ਸੋ ਉਪਜੈ ਬਿਨਸੈ" (ਪੰਨਾ 352) ਮੁਤਾਬਿਕ ਕੁਦਰਤ ਦਾ ਕਿਆ ਸੋਹਣਾ ਵਿਧਾਨ ਹੈ ਕਿ ਆਪਣੀ ਹਉਮੇ ਕਾਰਨ ਸਾਰੇ ਜੀਵ ਜੰਤ ਪੇੜ ਪੌਦੇ ਕੀੜੇ ਪਤੰਗੇ ਇਸ ਸੰਸਾਰ ਵਿੱਚ ਪੈਦਾ ਹੋ ਰਹੇ ਨੇ ਅਤੇ ਇੱਕ ਦੂਜੈ ਦਾ ਅਹਾਰ ਕਰ ਮੌਤ ਵੀ ਸਿਰਜ ਰਹੇ ਨੇ। "ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ॥" ਪੰਨਾ 955. (9) ਸ਼ੇਰ ਗਾਂ ਨੂੰ ਖਾਦਾ ਹੈ। ਗਾਂ ਘਾਹ ਛੱਕਦੀ ਹੀ। ਪੰਛੀ ਰੋਜ਼ਾਨਾ ਸੈਂਕੜੈ ਕੀਤੇ ਪਤੰਗੇ ਖਾ ਜਾਂਦੇ ਨੇ ਅਤੇ ਜਾਨਵਰ ਇਹਨਾਂ ਪੰਛੀਆਂ ਨੂੰ ਖਾ ਜਾਂਦੇ ਨੇ। ਆਪਣੇ ਘਰ ਦੇ ਪਿਛਵਾੜੇ ਜਾਂ ਆਪਣੇ ਖੇਤ ਦੇ ਬੰਨੇ ਖੜ ਕੇ ਜਰਾ ਨਜ਼ਾਰਾ ਦੇਖੋ ਕਿਵੇਂ ਪੰਛੀ ਕੀੜੇ ਮਕੌੜਿਆਂ ਦਾ ਅਹਾਰ ਕਰ ਰਹੇ ਨੇ। ਜਿਸ ਨੂੰ ਡਾਰਵਿਨ ਆਪਣੀ ਉਪਰੋਕਿਤ ਕਿਤਾਬ ਵਿੱਚ ਜੀਣ ਦੀ ਜਦੋ ਜਹਦ (Struggle for Existence) ਆਖਦਾ ਹੈ ਗੁਰਬਾਣੀ ਉਸਨੂੰ ਹਉਮੇ ਦੱਸਦੀ ਹੈ। ਅਕਾਲ ਪੁਰਖ ਦੇ ਹੁਕਮ ਦਾ ਇਹ ਵਿਧਾਨ ਹੈ ਕਿ ਹਰ ਜੀਵ ਆਪਣੀ ਹੋਂਦ ਨੂੰ ਬਚਾਉਣ ਦੀ ਜਦੋ ਜਹਦ ਵਿੱਚ ਜੁੱਟਿਆ ਹੋਇਆ ਹੈ। ਇਸ ਜਦੋ ਜਹਦ ਪਿੱਛੇ ਤਾਕਤ ਉਸਦੀ ਹਉਮੇ ਹੈ। ਆਪਣੀ ਹੋਂਦ ਨੂੰ ਬਚਾਉਂਦਾ ਦੂਜਿਆ ਦੀ ਹੋਂਦ ਵੀ ਖਤਮ ਕਰਦਾ ਹੈ। ਅਗਰ ਮਨੁੱਖ ਦੀ ਹਉਮੇ ਨੂੰ ਕਦੇ ਘਾਤਕ ਸੱਟ ਵੱਜੇ ਤਾਂ ਉਹ ਖੁਦਕਸ਼ੀ ਵੀ ਕਰ ਲੈਂਦਾ ਹੈ। ਇਹ ਵੀ ਇੱਕ ਵਿਗਿਆਨਿਕ ਸਚਾਈ ਹੈ ਜੋ ਸਾਬਤ ਕਰਦੀ ਹੈ ਕਿ ਮਨੁੱਖ ਦੀ ਹਉੇਮੇ ਹੀ ਉਸ ਨੂੰ ਜਿੰਦਾ ਰੱਖ ਰਹੀ ਹੈ।

2. ਕਰਮਾਂ ਦਾ ਕਰਜ਼ ਅਤੇ ਪੂੰਜੀ

ਆਵਾਗਵਣ ਦੇ ਸਿਧਾਂਤ ਅੰਦਰ ਮਨੁੱਖ ਦੇ ਕੀਤੇ ਕਰਮ ਇੱਕ ਤਰ੍ਹਾਂ ਦਾ ਕਰਜ਼ ਜਾਂ ਜਮਾਂ ਪੂੰਜੀ ਨੇ ਜੋ ਇੱਕ ਜਨਮ ਤੋਂ ਦੂਜੇ ਜਨਮ ਵਿੱਚ ਵੀ ਮਨੁੱਖ ਦੇ ਨਾਲ ਹੀ ਜਾਂਦੇ ਨੇ। ਗੁਰਬਾਣੀ ਇਸ ਗਲ ਨਾਲ ਸਹਿਮਤ ਨਹੀਂ ਹੈ। ਆਵਾਗਵਣ ਅਨੁਸਾਰ ਇਹ ਕਰਜ਼ ਚੁਕਾਉਣ ਲਈ ਜਾਂ ਜਮਾਂ ਪੂੰਜੀ ਦਾ ਭੁਗਤਾਨ ਹਾਸਲ ਕਰਨ ਲਈ ਹੀ ਮਨੁੱਖ ਭਿੰਨ ਭਿੰਨ ਜੂਨੀਆਂ ਵਿੱਚ ਭਟਕਦਾ ਅਤੇ ਦੁੱਖ ਸੁੱਖ ਪਉਂਦਾ ਹੈ। ਇਸ ਲਈ ਹਿੰਦੂ ਧਰਮ ਵਿੱਚ ਤਾਂ ਖਾਸ ਕਰਮ ਵੀ ਖਾਸ ਮਨੋਰਥ ਪ੍ਰਾਪਤੀ ਲਈ ਮਿਥੇ ਗਏ ਨੇ। ਇਹ ਸਭ ਕੁੱਝ ਇਸ ਮਨੌਤ ਤੇ ਟਿਕਿਆ ਹੋਇਆ ਹੈ ਕਿ ਮਨੁੱਖ ਇਹ ਜਾਨਣ ਦੇ ਕਾਬਲ ਹੈ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੇ। ਹਿੰਦੂ ਧਰਮ ਵਿੱਚ ਤਾਂ ਇਥੋਂ ਤਕ ਵੀ ਲਿਖਿਆ ਮਿਲਦਾ ਹੈ ਕਿ ਕਿਹੜੇ ਕਰਮ ਦੀ ਕਿਹੜੀ ਸਜ਼ਾ ਜਾਂ ਇਨਾਮ ਅਗਲੇ ਜਨਮ ਵਿੱਚ ਮਿਲਦੀ ਹੈ। ਮਨੁੱਖ ਦਾ ਨਰ ਜਾਂ ਮਾਦਾ ਹੋਣਾ ਵੀ ਪਿਛਲੇ ਕੀਤੇ ਕਰਮਾਂ ਤੇ ਨਿਰਭਰ ਕਰਦਾ ਹੈ। ਇਸ ਗੱਲ ਦੇ ਸਹਾਰੇ ਪੁਜਾਰੀ ਜਾਂ ਹਾਕਮ ਧਿਰ ਹਮੇਸ਼ਾਂ ਮਨਚਾਹੀਆਂ ਕਰਨ ਵਿੱਚ ਕਾਮਯਾਬ ਰਹੀ ਹੈ। ਇਸਲਾਮ ਵਿੱਚ ਤਾਂ ਇਹ ਵੀ ਮੰਨਿਆ ਗਿਆ ਹੈ ਕਿ ਅਗਰ ਕੋਈ ਸ਼ਹੀਦ ਹੁੰਦਾ ਹੈ ਤਾਂ ਉਸ ਦਾ ਬਹਿਸ਼ਤ ਵਿੱਚ ਹੂਰਾਂ ਇੰਤਜ਼ਾਰ ਕਰਦੀਆਂ ਹਨ। ਬੇਅੰਤ ਲੋਕ ਸਿਰਫ ਇਸ ਲਾਲਚ ਨੂੰ ਹੀ ਸ਼ਹੀਦ ਹੋ ਜਾਂਦੇ ਨੇ। ਹਿੰਦੂ ਧਰਮ ਵਿੱਚ ਅਗਲੇ ਜਨਮ ਦੇ ਸੁਖ ਲਈ ਲੋਕ ਆਪਣੇ ਆਪ ਨੂੰ ਆਰੇ ਨਾਲ ਚੁਰਵਾਉਂਦੇ ਰਹੇ ਨੇ। ਗੁਰੂ ਨਾਨਕ ਸਾਹਿਬ ਜਪ ਦੇ ਸ਼ੁਰੂ ਵਿੱਚ ਹੀ ਇਹ ਆਖਦੇ ਨੇ ਕਿ ਸਾਰੇ ਅਕਾਰ ਹੁਕਮ ਤਹਿਤ ਬਣ ਢਹਿ ਰਹੇ ਨੇ ਭਾਵ ਸਾਰੀ ਉਤਪਤੀ ਅਤੇ ਬਿਨਾਸ ਕਰਤੇ ਦੇ ਹੁਕਮ ਅਨੁਸਾਰ ਹੋ ਰਹੀ ਹੈ। ਪਰ ਨਾਲ ਇਹ ਵੀ ਆਖਦੇ ਨੇ ਕਿ ਇਸ ਹੁਕਮ ਨੂੰ ਕੋਈ ਵੀ ਬਿਆਨ ਨਹੀਂ ਕਰ ਸਕਦਾ। ਕਹਿਣ ਦਾ ਭਾਵ ਕਲਾਕਾਰ ਨੂੰ ਕ੍ਰਿਤ ਸਿਰਜਦਿਆਂ ਤਾਂ ਸਾਫ ਦੇਖ ਤੇ ਮਹਿਸੂਸ ਕਰ ਸਕਦੇ ਹੋ ਪਰ ਉਹ ਕਿਵੇਂ ਅਤੇ ਕਿਉਂ ਸਿਰਜ ਰਿਹਾ ਹੈ ਇਹ ਭੇਤ ਕਿਸੇ ਨਹੀਂ ਪਾਇਆ। ਮੌਤ ਤੋਂ ਬਾਅਦ ਕੀ ਹੁੰਦਾ ਹੈ ਇਸ ਦਾ ਕਿਸੇ ਨੂੰ ਕੋਈ ਭੇਤ ਨਹੀਂ ਹੈ। ਗੁਰਵਾਕ ਹੈ,

"ਇਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥" ਪੰਨਾ 648

ਗੁਰੂ ਨਾਨਕ ਸਾਹਿਬ ਦਾ ਹੀ ਪੰਨਾ 466 ਤੇ ਇੱਕ ਸਲੋਕ "ਮਿਟੀ ਮੁਸਲਮਾਨ ਕੀ …" ਹੈ। ਇਸ ਸਲੋਕ ਵਿੱਚ ਆਪਣੇ ਨਿਵੇਕਲੇ ਅੰਦਾਜ ਵਿੱਚ ਉਹ ਦਸਦੇ ਨੇ ਮੌਤ ਤੋ ਬਾਅਦ ਜੀਵ ਨਾਲ ਕੀ ਹੁੰਦਾ ਹੈ ਇਹ ਤਾਂ ਪਤਾ ਨਹੀ ਪਰ ਜਿਸ ਮਿੱਟੀ ਨਾਲ ਰਲ ਸਰੀਰ ਮਿੱਟੀ ਬਣ ਗਿਆ ਉਹ ਮਿੱਟੀ ਘੁਮਿਆਰ ਦੇ ਆਵੇ ਚ ਅੱਗ ਨਾਲ ਸੜਦੀ ਜ਼ਰੂਰ ਦੇਖੀ ਜਾ ਸਕਦੀ ਹੈ।

ਕਰਮਾਂ ਦੇ ਫਲ ਨੂੰ ਅਗਲੇ ਜਨਮ ਵਿੱਚ ਮਿਲਣਾ ਕਹਿਣਾਂ ਅਸਲ ਵਿੱਚ ਬੜੀ ਹੀ ਸ਼ਾਤਰ ਚਾਲ ਹੈ। ਕਰਮਾਂ ਦੇ ਭੰਬਲਭੂਸੇ ਵਿੱਚ ਪਾ ਲੋਕਾਂ ਦੀ ਲੁੱਟ ਖਸੁੱਟ ਕਰਨ ਦਾ ਜਰੀਹਾ ਹੈ ਜੋ ਅੱਜ ਵੀ ਬੇਰੋਕ ਚਲ ਰਿਹਾਂ ਹੈ। ਇਸ ਨਾਲ ਕਰਮਾਂ ਦੀ ਇਸ ਜਨਮ ਵਿੱਚ ਕੋਈ ਅਹਿਮੀਅਤ ਨਹੀਂ ਰਹਿੰਦੀ। ਇਸ ਜਨਮ ਵਿੱਚ ਜੋ ਹੋ ਰਿਹਾ ਹੈ ਉਹ ਪਿਛਲੇ ਜਨਮ ਵਿੱਚ ਕਿਸੇ ਹੋਰ ਸਰੀਰ ਦੇ ਕਰਮ ਸਨ ਅਤੇ ਜੋ ਇਸ ਜਨਮ ਵਿੱਚ ਅਸੀਂ ਕਰ ਰਹੇ ਹਾਂ ਉਹ ਕੋਈ ਹੋਰ ਸਰੀਰ ਭੁਗਤੇਗਾ। ਇੱਕ ਤਰ੍ਹਾਂ ਨਾਲ ਆਵਾਗਵਣ ਅਨੁਸਾਰ ਤਾਂ ਚੰਗੇ ਮਾੜੇ ਕੰਮ ਕਹਿਣ ਕਰਨ ਦੀਆ ਗੱਲਾਂ ਬਣ ਕੇ ਰਹਿ ਗਏ। ਪਰ ਗੁਰ ਨਾਨਕ ਸਾਹਿਬ ਇਸ ਨੂੰ ਨਕਾਰਦੇ ਹੋਏ ਕਹਿੰਦੇ ਨੇ ਕਿ ਜਨਮ ਅਤੇ ਮੌਤ ਤਾਂ ਕਰਤਾਰ ਦੇ ਹੁਕਮ ਵਿੱਚ ਹੋ ਰਹੇ ਨੇ ਪਰ ਜੋ ਅਸੀ ਇਸ ਜਨਮ ਵਿੱਚ ਕਰਦੇ ਹਾਂ ਉਹ ਆਪ ਹੀ ਭੁਗਤਦੇ ਹਾਂ। "ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕੁ ਹੁਕਮੀ ਆਵਹੁ ਜਾਹੁ॥" ਪੰਨਾ 4

ਗੁਰਬਾਣੀ ਵਿੱਚ ਇਸ ਗਲ ਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਮਨੁੱਖ ਦੇ ਕੁੱਝ ਵਸ ਨਹੀਂ ਕਿ ਉਹ ਮਿੱਥ ਕੇ, ਹਠ ਨਾਲ ਕੋਈ ਪ੍ਰਾਪਤੀ ਹਾਸਲ ਕਰ ਸਕੇ। ਗੁਰਵਾਕ ਹੈ "ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ॥ ਅਸਾ ਜੋਰੁ ਨਾਹੀ ਹੇ ਕਿਛੁ ਕਰਿ ਸਾਕਹ ਜਿਉ ਭਾਵੈ ਤਿਵੈ ਬਖਸਿ॥" ਪੰਨਾ 736. ਪਰ ਕਰਮ ਸਿਧਾਂਤ ਇਸ ਦੇ ਉਲਟ ਹਠ ਨਾਲ ਪ੍ਰਾਪਤੀ ਤੇ ਜ਼ੋਰ ਦਿੰਦਾ ਹੈ। ਗੁਰਬਾਣੀ ਅਨੁਸਾਰ ਅਜਿਹੇ ਕਰਮਾਂ ਦਾ ਕੋਈ ਲਾਭ ਨਹੀਂ ਮਿਲਦਾ। ਇਹ ਤਾਂ ਰੇਤ ਦੇ ਮਹਿਲ ਉਸਾਰਣ ਵਾਲੀ ਗਲ ਹੈ। "ਮਨਹਠਿ ਕਰਮ ਕਰੈ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ॥" ਪੰਨਾ 835. ਗੁਰਬਾਣੀ ਅਨੁਸਾਰ ਹੱਠ ਨਾਲ ਕੀਤੇ ਕਰਮ ਹਉਮੇ ਨੂੰ ਤੂਲ ਦਿੰਦੇ ਨੇ ਅਤੇ ੳਲਟਾ ਆਵਾਗਵਣ ਦੇ ਚੱਕਰ ਵਿੱਚ ਪਾਉਂਦੇ ਨੇ। "ਬਿਨੁ ਨਾਵੈ ਜਿ ਕਰਮ ਕਮਾਵਣੇ ਨਿਤ ਹਉਮੈ ਹੋਇ ਖੁਆਰੁ॥" ਪੰਨਾ 1314. ਇਸੇ ਕਰਕੇ ਗੁਰਬਾਣੀ ਵਿੱਚ ਸਿਰਫ ਹੁਕਮ ਅਨੁਸਾਰ ਜ਼ਿੰਦਗੀ ਜੀਉਣ ਤੋਂ ਬਿਨਾ ਹੋਰ ਕੋਈ ਕਰਮ ਕਾਂਡ ਕਰਨ ਦੀ ਹਦਾਇਤ ਨਹੀਂ ਹੈ। ਗੁਰੂ ਨਾਨਕ ਸਾਹਿਬ ਦੇ ਬਚਨ ਹਨ "ਐਥੈ ੳਥੈ ਨਿਬਹੀ ਨਾਲ। ਵਿਣ ਨਾਵੈ ਹੋਰਿ ਕਰਮ ਨ ਭਾਲਿ॥" ਪੰਨਾ 355."ੳਥੈ" ਦਾ ਭਾਵ ਕੋਈ ਅਗਲਾ ਜਨਮ ਨਹੀਂ ਹੋ ਸਕਦਾ ਕਿਉਂਕਿ ਗੁਰੂ ਇਸ ਕਰਮ ਨੂੰ ਸਰੀਰ ਅੰਦਰ ਬੀਜਣ ਦੀ ਗਲ ਕਰਦੇ ਨੇ। ਗੁਰਵਾਕ ਹੈ "ਕਾਇਆ ਨਗਰ ਮਹਿ ਕਰਮ ਹਰਿ ਬੋਵਹੁ ਜਾਮੈ ਹਰਿਆ ਖੇਤ॥" ਅਤੇ ਆਪਣੇ ਮਨ ਨੂੰ ਬੈਲ ਬਣਾ ਇਸ ਫਸਲ ਨੂੰ ਪਾਣੀ ਦੇਣ ਦੀ ਹਦਾਇਤ ਹੈ। ਗੁਰੂ ਕਹਿੰਦੇ ਨੇ "ਮਨੂਆ ਅਸਿਥਰੁ ਬੈਲੁ ਮਨੁ ਜੋਵਹੁ ਹਰਿ ਸਿੰਚਹੁ ਗੁਰਮਤਿ ਜੇਤੁ॥" ਪੰਨਾ 368. ਗੁਰੂ ਇਹ ਗਲ ਹੋਰ ਵੀ ਸਪਸ਼ਟ ਕਰ ਦਿੰਦੇ ਨੇ ਜਦੋਂ ਪੰਨਾ 730 ਤੇ ਕਹਿੰਦੇ ਨੇ "ਮਤੁ ਕੋ ਜਾਣੈ ਜਾਇ ਅਗੈ ਪਾਇਸੀ॥ ਜੇਹੇ ਕਰਮ ਕਮਾਇ ਤੇਹਾ ਹੋਇਸੀ॥" ਧਾਰਮਕ ਕੰਮ ਜਾਣੀ ਪੁੰਨ ਦਾਨ, ਪੂਜਾ ਪਾਠ, ਅਖੰਡ ਪਾਠ ਆਦਿ ਨੂੰ ਗੁਰੂ ਪ੍ਰਵਾਨਗੀ ਨਹੀ ਦੇ ਰਹੇ ਜਦੋਂ ਉਹ ਕਹਿੰਦੇ ਨੇ "ਬੇਦ ਸਾਸਤ੍ਰ ਜਨ ਧਿਆਵਹਿ ਤਰਣ ਕਉ ਸੰਸਾਰੁ॥ ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰ" ਪੰਨਾ 405."ਨਾਮੁ ਅਚਾਰ" ਦਾ ਭਾਵ ਹੈ ਹੁਕਮ ਵਿੱਚ ਜੀਵਨ ਜੀਉਂਦਿਆਂ ਬਣਿਆ ਅਚਾਰ ਵਿਉਹਾਰ। ਕਰਮ ਨੂੰ ਗੁਰਬਾਣੀ ਵਿੱਚ ਗਿਆਨ ਪ੍ਰਾਪਤੀ ਦਾ ਸਾਧਨ ਦੱਸਿਆ ਹੈ। ਜਿਵੇਂ ਫੁਲ ਦੇ ਖਿੜਣ ਦਾ ਮਨੋਰਥ ਫਲ ਲਗਣਾ ਹੈ। ਭਗਤ ਰਵੀਦਾਸ ਜੀ ਦੇ ਬਚਨ ਨੇ "ਫਲ ਕਾਰਨ ਫੂਲੀ ਬਨਰਾਇ॥ ਫਲੁ ਲਾਗਾ ਤਬ ਫੂਲੁ ਬਿਲਾਇ॥ ਗਿਆਨੈ ਕਾਰਨ ਕਰਮ ਅਭਿਆਸੁ॥ ਗਿਆਨੁ ਭਇਆ ਤਹ ਕਰਮਹ ਨਾਸੁ॥" ਪੰਨਾ 1167. ਗੁਰੂ ਨਾਨਕ ਸਾਹਿਬ ਬਸੰਤ ਰਾਗ ਵਿੱਚ ਫੁਰਮਾਉਂਦੇ ਨੇ "ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ॥ ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨੁ॥" ਪੰਨਾ 1168. ਭਾਵ ਜਦੋਂ ਕਰਮ ਨੂੰ ਗਿਆਨ ਦਾ ਫਲ ਲਗਦਾ ਹੈ ਤਾਂ ਨਾਲ ਹੀ ਹਉਮੇ ਦਾ ਨਾਸ ਹੋ ਇਸ ਰੁਖ ਦੀ ਠੰਡੀ ਸੰਘਣੀ ਛਾਂ ਵੀ ਮਿਲਦੀ ਹੈ। ਕਰਤਾਰ ਨੇ ਸ੍ਰਿਸ਼ਟੀ ਦੀ ਰਚਨਾ ਕਰ ਇਸ ਦਾ ਕਾਰ ਵਿਹਾਰ ਚਲਾਉਣ ਲਈ ਮਾਇਆ ਰਚੀ। ਸਾਰੇ ਜੀਵ ਇਸ ਮਾਇਆ ਦੇ ਅਸਰ ਹੇਠ ਕਰਮ ਕਰਦੇ ਨੇ ਅਤੇ ਉਹ ਦੋ ਪ੍ਰਕਾਰ ਦੇ ਫਲ ਪਰਾਪਤ ਕਰਦੇ ਨੇ। ਅੰਮ੍ਰਿਤ ਅਤੇ ਬਿਖ। "ਨਾਨਕ ਮਾਇਆ ਕਰਮ ਬਿਰਖੁ ਫਲ ਅੰਮ੍ਰਿਤ ਫਲ ਵਿਸੁ॥ ਸਭ ਕਾਰਣ ਕਰਤਾ ਕਰੇ ਜਿਸੁ ਖਵਾਲੇ ਤਿਸੁ॥" ਪੰਨਾ 1290

3. ਆਵਾਗਵਣ-ਇੱਕ ਅਮੁੱਕ ਚੱਕ੍ਰ

ਆਵਾਗਵਣ ਇੱਕ ਅਮੁੱਕ ਚੱਕਰ ਦੀ ਤਰ੍ਹਾਂ ਹੈ। ਇਸ ਸਿਧਾਂਤ ਦੇ ਹਿਸਾਬ ਨਾਲ ਸ੍ਰਿਸ਼ਟੀ ਦਾ ਕਦੇ ਅੰਤ ਨਹੀਂ ਹੋਇਆ ਤੇ ਨ ਹੀ ਹੋਏਗਾ। ਇਹ ਆਪਣੇ ਆਪ ਵਿੱਚ ਬੜੀ ਹੀ ਤਰਕਹੀਣ ਗੱਲ ਹੈ। ਦੂਜੇ ਇਹ ਸ੍ਰਿਸਟੀ ਦੀ ਰਚਨਾ ਚੋਂ ਕਰਤੇ ਦੀ ਭੂਮਿਕਾ ਨੂੰ ਲਗਭਗ ਖਤਮ ਕਰਨ ਦੇ ਤੁਲ ਹੈ। ਜੀਵ ਆਪਣੇ ਕੀਤੇ ਕਰਮਾਂ ਮੁਤਾਬਿਕ ਵਾਰ ਵਾਰ ਭਿੰਨ ਭਿੰਨ ਜੂਨੀਆਂ ਵਿੱਚ ਜਨਮ ਲੈ ਰਹੇ ਨੇ ਜੋ ਕਦੀ ਵੀ ਨ ਖ਼ਤਮ ਹੋਣ ਵਾਲਾ ਸਿਲਸਿਲਾ ਹੈ। ਅਗਰ ਇਹ ਸਿਲਸਿਲਾ ਖ਼ਤਮ ਹੁੰਦਾ ਹੈ ਤਾਂ ਆਵਾਗਵਣ ਦਾ ਸਿਧਾਂਤ ਆਪਣੇ ਆਪ ਗਲਤ ਸਿੱਧ ਹੋ ਜਾਂਦਾ ਹੈ। ਅਗਰ ਅਸੀ ਇਹ ਮੰਨ ਲਈਏ ਕਿ ਸ੍ਰਿਸ਼ਟੀ ਦਾ ਖਾਤਮਾ ਕਿਸੇ ਇੱਕ ਦਿਨ ਹੋ ਜਾਂਦਾ ਹੈ ਤਾਂ ਉਸ ਦਿਨ ਮਰਨ ਵਾਲੇ ਸਾਰੇ ਜੀਵ ਆਪਣੇ ਕੀਤੇ ਚੰਗੇ ਮੰਦੇ ਕੰਮਾਂ ਦੀ ਨਾਂ ਤਾਂ ਸਜ਼ਾ ਪਾਉਂਦੇ ਨੇ ਅਤੇ ਨ ਹੀ ਕੋਈ ਲਾਭ ਲੈ ਸਕਦੇ ਨੇ ਕਿੳਕਿ ਉਹਨਾਂ ਦਾ ਅਗਲਾ ਜਨਮ ਤਾਂ ਹੋਇਆ ਹੀ ਨਹੀ। ਇਸੇ ਕਰਕੇ ਆਵਾਗਵਣ ਦਾ ਸਿਧਾਂਤ ਇੱਕ ਅਮੁੱਕ ਚੱਕ੍ਰ ਹੈ ਜਿਸ ਵਿੱਚ ਸ੍ਰਿਸ਼ਟੀ ਦਾ ਕਦੀ ਵੀ ਖਾਤਮਾ ਨਹੀਂ ਹੁੰਦਾ। ਗੁਰਬਾਣੀ ਇਸ ਗਲ ਨਾਲ ਸਹਿਮਤ ਨਹੀਂ। ਗੁਰਬਾਣੀ ਅਨੁਸਾਰ ਕਰਤਾਰ ਕਦੀ ਵੀ ਸ੍ਰਿਸ਼ਟੀ ਦਾ ਅੰਤ ਕਰ ਸਕਦਾ ਹੈ। ਜੋ ਵੀ ਦਿਸਦਾ ਹੈ ਬਿਨਸਣਹਾਰ ਹੈ। "ਸਗਲ ਪਾਸਾਰੁ ਦੀਸੈ ਪਾਸਾਰਾ॥ ਬਿਨਸਿ ਜਾਇਗੋ ਸਗਲ ਆਕਾਰਾ॥" ਪੰਨਾ 237. ਇਹ ਦਿਸਦਾ ਸੰਸਾਰ ਬਿਨਸਣਹਾਰ ਹੈ ਪਰ ਕਰਤਾਰ ਆਪ ਏਕੰਕਾਰ ਹੈ। ਏਕੰਕਾਰ ਤੋਂ ਹੀ ਉਹ ਆਪ ਬਿਸਥਾਰ ਕਰ ਇਹ ਸ੍ਰਿਸ਼ਟੀ ਬਣਦਾ ਹੈ। "ਕਈ ਵਾਰ ਪਸਰਿਓ ਪਾਸਾਰ॥ ਸਦਾ ਸਦਾ ਇਕੁ ਏਕੰਕਾਰ॥" ਪੰਨਾ 276. ਹੋਰ ਵੀ ਕਈ ਪ੍ਰਮਾਣ ਗੁਰਬਾਣੀ ਵਿੱਚ ਮਿਲਦੇ ਨੇ

ਸਾਂਗੁ ਉਤਾਰਿ ਥੰਮਿਓ ਪਾਸਾਰਾ॥ ਤਬ ਏਕੋ ਏਕੰਕਾਰਾ॥ ਪੰਨਾ 736

ਤਿਸੁ ਭਾਵੇ ਤਾਂ ਕਰੇ ਬਿਸਥਾਰੁ॥ ਤਿਸੁ ਭਾਵੈ ਤਾਂ ਏਕੰਕਾਰ॥ ਪੰਨਾ 294

ਸ੍ਰਿਸਟਿ ਉਪਾਇ ਕੀਆ ਪਾਸਾਰਾ॥ ਪੰਨਾ 1035

ਆਪੈ ਥਾਪਿ ਉਥਾਪੇ ਆਪੇ॥ ਸਚਾ ਹੁਕਮੁ ਸਚਾ ਪਾਸਾਰਾ ਹੋਰ ਹੋਰਨਿ ਹੁਕਮੁ ਨ ਹੋਈ ਹੇ॥ ਪੰਨਾ 1045

ਸੋ ਗੁਰਬਾਣੀ ਅਤੇ ਆਵਾਗਵਣ ਇਥੇ ਬਿਲਕੁਲ ਮੇਲ ਨਹੀਂ ਖਾ ਰਹੇ।

4. ਜੀਵਆਤਮਾ, ਹੰਸ

ਆਵਾਗਵਣ ਦਾ ਸਿਧਾਂਤ ਆਤਮਾ (ਬੁਧ ਧਰਮ ਵਿੱਚ ਅਨਾਤਮਾ) ਜਾਂ ਜੀਵਆਤਮਾ ਦੀ ਹੋਂਦ ਨੂੰ ਮਾਨਤਾ ਦਿੰਦਾ ਹੈ। ਇਹ ਇਸ ਦੀ ਮੁੱਖ ਧਾਰਣਾ ਹੈ। ਦੇਹ ਨੂੰ ਇਸ ਆਤਮਾ ਦਾ ਚੋਲਾ ਕਿਹਾ ਜਾਂਦਾ ਹੈ ਜੋ ਮੌਤ ਵਕਤ ਇਸ ਚੋਲੇ ਨੂੰ ਤਿਆਗ ਦੂਜਾ ਚੋਲਾ ਪਹਿਨ ਲੈਂਦੀ ਹੈ। ਗੁਰਬਾਣੀ ਦੀ ਗੁਰਦਵਾਰਿਆਂ ਅੰਦਰ ਹੁੰਦੀ ਵਿਆਖਿਆ ਵਿੱਚ ਵੀ ਆਤਮਾ, ਜੀਵਆਤਮਾ ਅਤੇ ਰੂਹ ਲਫ਼ਜ਼ ਅਕਸਰ ਸੁਣੇ ਜਾ ਸਕਦੇ ਨੇ। ਪਰ ਇਹ ਇੱਕ ਬੜੀ ਹੀ ਦਿਲਚਸਪ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੀਵਆਤਮਾ ਅਤੇ ਰੂਹ ਲਫਜ਼ ਇੱਕ ਵਾਰ ਵੀ ਨਹੀਂ ਆਏ ਜਦ ਕਿ ਇਹ ਦੋਨੋਂ ਲਫਜ਼ ਗੁਰੂ ਸਾਹਿਬ ਵੇਲੇ ਪ੍ਰਚਲਤ ਵੀ ਸਨ। ਆਤਮਾ ਲਫਜ਼ ਕੋਈ 11 ਕੁ ਵਾਰ ਆਇਆ ਹੈ। ਪੰਜ ਵਾਰ ਤੀਜੇ ਗੁਰੂ, ਦੋ ਦੋ ਵਾਰ ਪਹਿਲੇ ਅਤੇ ਦੂਜੇ ਗੁਰੂ ਅਤੇ ਦੋ ਵਾਰ ਭੱਟਾਂ ਦੀ ਬਾਣੀ ਵਿੱਚ। ਪਰ ਇਹ ਇੱਕ ਵਾਰ ਵੀ ਰੂਹ (soul) ਜਾ ਜਵਿਆਤਮਾ ਦੇ ਅਰਥਾਂ ਵਿੱਚ ਨਹੀ ਆਇਆ। ਹਰ ਜਗ੍ਹਾ ਇਸ ਦੇ ਅਰਥ ਮਨ ਜਾਂ ਸਵੈ (self) ਹੀ ਬਣਦੇ ਢੁਕਦੇ ਹਨ। ਹਾਂ ਦੋ ਜਗ੍ਹਾ ਇਸ ਨਾਲ ਰਾਮ ਅਤੇ ਦੇੳ ਲਗਾ ਕਿ ਰੱਬ ਦੇ ਅਰਥਾਂ ਵਿੱਚ ਜ਼ਰੂਰ ਵਰਤਿਆ ਗਿਆ ਹੈ। ਕੀ ਇਹ ਸਾਡੇ ਲਈ ਬਹੁਤ ਵੱਡਾ ਸਬੂਤ ਨਹੀਂ ਕਿ ਗੁਰਬਾਣੀ ਜੀਵਆਤਮਾ ਤੇ ਅਧਾਰਿਤ ਆਵਾਗਵਣ ਨੂੰ ਨਕਾਰਦੀ ਹੈ। ਆਵਾਗਵਣ ਦੇ ਸਿਧਾਂਤ ਦੀ ਮੁਖ ਧਾਰਣਾ ਹੀ ਗੁਰਬਾਣੀ ਵਿੱਚ ਪ੍ਰਵਾਨ ਨਹੀਂ ਕੀਤੀ ਗਈ। ਇਸ ਦਾ ਜ਼ਿਕਰ ਤਕ ਨਹੀਂ ਕੀਤਾ ਗਿਆ।

ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਹੋਰ ਸ਼ਬਦ (ਹੰਸ) ਕਈ ਵਾਰ ਆਉਦਾ ਹੈ ਜਿਸਦੇ ਅਰਥ ਵਿਦਵਾਨ (ਪ੍ਰੋ ਸਾਹਿਬ ਸਿੰਘ ਸਮੇਤ) ਜੀਵਆਤਮਾ ਕਰਦੇ ਨੇ। ਹੁਣ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਅਗਰ ਗੁਰੂ ਸਾਹਿਬ "ਹੰਸ" ਨੂੰ ਜੀਵਆਤਮਾ ਦੇ ਪ੍ਰਤੀਕ ਵਜੋਂ ਵਰਤਦੇ ਹਨ ਤਾਂ ਕੀ ਕਾਰਣ ਹੈ ਉਹਨਾ ਜੀਵਆਤਮਾ ਇੱਕ ਵਾਰ ਵੀ ਨਹੀਂ ਵਰਤਿਆ। ਕੀ ਉਹ ਸਚਮੁਚ ਹੀ ਇਸ ਸ਼ਬਦ ਨੂੰ ਜੀਵਆਤਮਾ ਦੇ ਪ੍ਰਤੀਕ ਵਜੋਂ ਵਰਤ ਰਹੇ ਹਨ ਜਾਂ ਕਿਸੇ ਹੋਰ ਅਰਥਾਂ ਵਿੱਚ। ਆਓ ਜਰਾ ਉਹਨਾਂ ਸ਼ਬਦਾ ਦੇ ਅਰਥਾਂ ਤੇ ਗੌਰ ਕਰੀਏ ਜਿਨ੍ਹਾਂ ਵਿੱਚ "ਹੰਸ" ਲਫਜ਼ ਆਉਂਦਾ ਹੈ। ਗੁਰਬਾਣੀ ਵਿੱਚ ਹੰਸ ਸ਼ਬਦ ਕਈ ਵਾਰ ਆਉਦਾ ਹੈ ਅਤੇ ਇਸ ਦੇ ਅਰਥ ਅਕਸਰ ਇਸ ਤਰ੍ਹਾਂ ਕੀਤੇ ਜਾਂਦੇ ਨੇ ਕਿ ਹੰਸ ਜਾਣੀ ਜੀਵਆਤਮਾ ਮੌਤ ਸਮੇ ਸਰੀਰ ਤਿਆਗ ਉਡਾਰੀ ਮਾਰ ਜਾਂਦਾ ਹੈ। ਭਾਈ ਕਾਹਨ ਸਿੰਘ ਇਸ ਸ਼ਬਦ ਦੇ ਕੋਈ ਪੰਦਰਾ ਕੁ ਅਰਥ ਕਰਦੇ ਨੇ। ਸਭ ਤੋਂ ਪਹਿਲੇ ਨੰਬਰ ਤੇ ਉਹ ਇਸ ਪੰਛੀ ਨੂੰ ਝੂਠ ਸੱਚ ਦਾ ਨਿਤਾਰਾ ਕਰਨ ਵਾਲੇ ਬਿਬੇਕ ਦਾ ਪ੍ਰਤੀਕ ਲਿਖਦੇ ਨੇ ਕਿਉੀਕ ਇਸ ਪੰਛੀ ਦੀ ਚੁੰਝ ਵਿੱਚ ਖਟਾਸ ਹੋਣ ਕਾਰਨ ਜਦੋਂ ਇਹ ਚੁੰਝ ਦੁੱਧ ਵਿੱਚ ਪਾਉਂਦਾ ਹੈ ਤਾਂ ਦੁਧ ਅਤੇ ਪਾਣੀ ਅਲੱਗ ਅਲੱਗ ਹੋ ਜਾਂਦੇ ਨੇ। (7) ਆਉ ਹੁਣ ਅਸਾਂ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਇਸ ਸ਼ਬਦ ਦੇ ਅਰਥ ਸਮਝਣ ਦਾ ਯਤਨ ਕਰੀਏ। ਗੁਰ ਨਾਨਕ ਸਾਹਿਬ ਦਾ ਇੱਕ ਸ਼ਬਦ ਪੰਨਾ 137 ਤੇ ਇਸ ਤਰ੍ਹਾਂ ਹੈ।

ਪਹਿਲੈ ਪਿਆਰਿ ਲਗਾ ਥਣ ਦੁਧਿ॥ ਦੂਜੇ ਮਾਇ ਬਾਪ ਕੀ ਸੁਧਿ॥ ਤੀਜੈ ਭਯਾ ਭਾਭੀ ਬੇਬ। ਚਉਥੈ ਪਿਆਰਿ ਉਪੰਨੀ ਖੇਡ॥ ਪੰਜਵੈ ਖਾਣ ਪੀਅਣ ਕੀ ਧਾਤੁ॥ ਛਿਵੈ ਕਾਮੁ ਨ ਪੁਛੈ ਜਾਤਿ॥ ਸਤਵੈ ਸੰਜਿ ਕੀਆ ਘਰ ਵਾਸੁ॥ ਅਠਵੈ ਕ੍ਰੋਧੁ ਹੋਆ ਤਨ ਨਾਸੁ॥ ਨਾਵੈ ਧਉਲੇ ਉਭੇ ਸਾਹ॥ ਦਸਵੈ ਦਧਾ ਹੋਆ ਸੁਆਹ॥ ਗਏ ਸਿਗੀਤ ਪੁਕਾਰੀ ਧਾਹ॥ ਉਡਿਆ ਹੰਸੁ ਦਸਾਏ ਰਾਹ॥ ਆਇਆ ਗਇਆ ਮੁਇਆ ਨਾਉ॥ ਪਿਛੈ ਪਤਲਿ ਸਦਿਹੁ ਕਾਵ॥ ਨਾਨਕ ਮਨਮੁਖਿ ਅੰਧੁ ਪਿਆਰੁ। ਬਾਝੁ ਗੁਰੂ ਡੁਬਾ ਸੰਸਾਰ॥ 2॥

ਪ੍ਰੌ ਸਾਹਿਬ ਸਿੰਘ ਨੇ ਹੰਸ ਵਾਲੀ ਪੰਗਤੀ ਦੇ ਅਰਥ ਕਰਦਿਆਂ ਲਿਖਿਆ ਹੈ "ਜੀਵਆਤਮਾ ਸਰੀਰ ਵਿੱਚੋਂ ਨਿਕਲ ਕੇ ਅਗਾਂਹ ਦੇ ਰਾਹ ਪੁਛਦਾ ਹੈ"। "ਦਸਾਏ" ਦਾ ਅਰਥ ਪੁੱਛਦਾ ਨਹੀਂ ਢੁੱਕਦਾ ਬਲਕਿ ਦੱਸਦਾ ਹੋਣਾ ਚਾਹੀਦਾ ਹੈ। ਅਗਰ ਅਸੀਂ ਦੱਸਦਾ ਅਰਥ ਕਰਦੇ ਹਾਂ ਤਾਂ ਅਗਲੀਆਂ ਪਿਛਲੀਆ ਸਤਰਾਂ ਦੇ ਅਰਥ ਵੀ ਮੇਲ ਖਾਣ ਲਗ ਜਾਂਦੇ ਨੇ। ਪਹਿਲੀ ਸਤਰ ਹੈ "ਗਏ ਸਿਗੀਤ ਪੁਕਾਰੀ ਧਾਹ॥" ਜੋ ਸਾਂਥੀ ਸਿਵਿਆਂ ਤਕ ਜਾਂਦੇ ਨੇ ਉਹ ਧਾਹੀਂ ਰੋਂਦੇ ਹੇ। ਮਰ ਚੁੱਕਾ ਪ੍ਰਾਣੀ (ੳਡਿਆਂ ਹੰਸੁ) ਉਹਨਾਂ ਨੂੰ ਇੱਕ ਤਰਾਂ ਨਾਲ ਰਾਹ ਦੱਸ ਜਾਂਦਾ ਹੈ (ਕਿ ਸਭ ਦਾ ਅੰਤ ਮੌਤ ਹੈ) ਭਾਵ ਸਿਖਿਆ ਦੇ ਜਾਂਦਾ ਹੈ। ਅਗਰ ਗੁਰੂ ਨਾਨਕ ਸਾਹਿਬ ਦਾ ਇਥੇ ਭਾਵ ਜੀਵਆਤਮਾ ਦੇ ਸਰੀਰ ਛੱਡਣ ਤੋਂ ਹੁੰਦਾ ਤਾਂ ਉਹ ਅਗਲੀ ਸਤਰ ਵਿੱਚ ਇਹ ਨਾ ਕਹਿੰਦੇ ਕਿ ਮਰਨ ਤੋਂ ਬਾਅਦ ਜੀਵਆਤਮਾ ਲਈ ਜੋ ਪਤਲਿ ਕਿਰਿਆ ਕੀਤੀ ਜਾਂਦੀ ਹੈ ਉਹ ਕਾਂ ਹੀ ਖਾਂਦੇ ਨੇ ਭਾਵ ਇਹ ਵਿਅਰਥ ਹੈ। ਇਥੇ ਇੱਕ ਗਲ ਹੋਰ ਨੋਟ ਕਰਨ ਵਾਲੀ ਹੈ ਕਿ ਗੁਰਬਾਣੀ ਅਨੁਸਾਰ ਮਰਨ ਤੋਂ ਬਾਅਦ ਕੀ ਹੁੰਦਾ ਹੈ ਇਸ ਦਾ ਕਿਸੇ ਨੂੰ ਵੀ ਕੋਈ ਭੇਦ ਨਹੀਂ। ਇਹ ਕਰਤਾਰ ਦੀ ਖੇਡ ਹੈ। ਸੋ ਇੱਥੇ ਜੀਵਆਤਮ ਦੇ ਸਰੀਰ ਛੱਡਣ ਤੋਂ ਬਾਅਦ ਰਾਹ ਪੁਛਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਉਪਰ ਵਾਲਾ ਸਲੋਕ ਗੁਰ ਨਾਨਕ ਸਾਹਿਬ ਦਾ ਵਾਰ ਮਾਝ ਕੀ ਦਾ ਪਹਿਲਾ ਸਲੋਕ ਸੀ। ਇਸੇ ਵਾਰ ਦੀ ਚੌਥੀ ਪੌੜੀ ਵਿੱਚ ੳੇਹ ਫਿਰ ਇਹ ਸ਼ਬਦ ਵਰਤਦੇ ਨੇ।

ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ॥ ਤਿਨ ਹੀ ਕੀਆ ਵਿਜੋਗੁ ਜਿਨਿ ਉਪਇਆ॥ ਮੂਰਖੁ ਭੋਗੈ ਭੋਗੁ ਦੁਖ ਸਬਾਇਆ॥ ਸੁਖਹੁ ਉਠੇ ਰੋਗ ਪਾਪ ਕਮਾਇਆ॥ ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ॥ ਮੂਰਖ ਗਣਤ ਗਣਾਇ ਝਗੜਾ ਪਾਇਆ॥ ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ॥ ਕਰਤਾ ਕਰੇ ਸੁ ਹੋਗੁ ਚਲੈ ਚਲਾਇਆ॥ 4॥ ਪਂਨਾ 139

ਪ੍ਰੋ ਸਾਹਿਬ ਸਿੰਘ ਇਸ ਦੇ ਅਰਥ ਕਰਦਿਆਂ ਲਿਖਦੇ ਨੇ "ਸਰੀਰ ਤੇ ਜੀਵ (ਆਤਮਾ) ਦਾ ਸੰਜੋਗ ਮਿਥ ਕੇ (ਪਰਮਾਤਮਾ ਨੇ ਇਹਨਾਂ ਨੂੰ ਮਨੁਖਾਂ ਜਨਮ ਵਿੱਚ) ਇਕੱਠਾ ਕਰ ਦਿਤਾ ਹੈ। ਜਿਸ (ਪ੍ਰਭੂ) ਨੇ (ਸਰੀਰ ਤੇ ਜੀਵ ਨੂੰ) ਪੈਦਾ ਕੀਤਾ ਹੈ ਉਸ ਨੇ ਹੀ (ਇਹਨਾਂ ਲਈ) ਵਿਛੋੜਾ (ਭੀ) ਬਣਾ ਰੱਖਿਆ ਹੈ। (ਪਰ ਇਸ ਵਿਛੋੜੇ ਨੂੰ ਭੁਲਾ ਕੇ) ਮੂਰਖ (ਜੀਵ) ਭੋਗ ਭੋਗਦਾ ਰਹਿੰਦਾ ਹੈ (ਜੋ) ਸਾਰੇ ਦੁੱਖਾਂ ਦਾ (ਮੂਲ ਬਣਦਾ) ਹੈ। ਪਾਪ ਕਮਾਣ ਦੇ ਕਾਰਨ (ਭੋਗਾਂ ਦੇ) ਸੁਖ ਤੋਂ ਰੋਗ ਪੈਦਾ ਹੁੰਦੇ ਹਨ। (ਘੋਗਾਂ ਦੀ ਖ਼ੁਸ਼ੀ ਤੋਂ ਚਿੰਤਾ (ਤੇ ਅੰਤ ਨੂੰ) ਵਿਛੋੜਾ ਪੈਦਾ ਕਰ ਕੇ ਜਨਮ ਮਰਨ ਦਾ ਲੰਮਾ ਝੰਬੇਲਾ ਸਹੇੜ ਲੈਂਦਾ ਹੈ। (ਜਨਮ ਮਰਨ ਦੇ ਗੇੜ ਨੂੰ ਮੁਕਾਣ ਦੀ ਤਾਕਤ ਸਤਿਗੁਰੂ ਦੇ ਹੱਥ ਵਿੱਚ ਹੈ, (ਜਿਸ ਨੂੰ ਗੁਰੂ ਮਿਲਦਾ ਹੈ ਉਸ ਦਾ ਇਹ) ਝੰਬੇਲਾ ਮੁੱਕ ਜਾਂਦਾ ਹੈ। (ਜੀਵਾਂ ਦੀ ਕੋਈ) ਆਪਣੀ ਚਲਾਈ ਸਿਆਣਪ ਚੱਲ ਨਹੀਂ ਸਕਦੀ, ਜੋ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ।" ਜਦੋਂ ਇਸ ਵਾਰ ਦਾ ੳਹ ਪਉੜੀ-ਵਾਰ ਭਾਵ ਦਿੰਦੇ ਨੇ ਤਾਂ ਇਸ ਪਉੜੀ ਦਾ ਭਾਵ ਇਸ ਤਰ੍ਹਾਂ ਕਰਦੇ ਨੇ, "ਮੂਰਖ ਪਰਾਈ ਵਸਤ ਨੂੰ ਆਪਣੀ ਜਾਣ ਕੇ ਭੋਗਾਂ ਵਿੱਚ ਪ੍ਰਵਿਰਤ ਹੁੰਦਾ ਹੈ ਤੇ ਦੁਖ ਉਠਾਂਦਾ ਹੈ"। ਇਹ ਦੋਨੋਂ ਅਰਥ ਪੂਰੀ ਤਰ੍ਹਾਂ ਮੇਲ ਵੀ ਨਹੀਂ ਖਾਂਦੇ। ਇਸ ਪੌੜੀ ਦੇ ਅਰਥ ਇਸ ਤਰ੍ਹਾਂ ਬਣਦੇ ਨੇ, "ਜਿਸ ਕਰਤਾਰ ਨੇ ਸਰੀਰ ਅਤੇ ਬਿਬੇਕ ਬੁਧੀ (ਹੰਸ) ਦਾ ਸਜੋਗ ਬਣਾਇਆ ਹੈ। ਉਸੇ ਕਰਤਾਰ ਨੇ (ਮਾਇਆ ਉਪਾ ਕੇ) ਮਨੁੱਖ ਦਾ ਬਿਬੇਕ ਬੁਧ ਤੋਂ ਵਿਛੋੜਾ ਵੀ ਬਣਾ ਦਿੱਤਾ। ਇਸ ਵਿਛੋੜੇ ਕਾਰਨ ਮੂਰਖ ਮਨੁੱਖ ਭੋਗ ਵਿਲਾਸ ਵਿੱਚ ਖਚਤ ਹੋ ਸੁਖ ਭੋਗਦਾ ਭੋਗਦਾ ਪਾਪ ਕਮਾਉਂਦਾ ਹੈ ਅਤੇ ਰੋਗ ਸਹੇੜਦਾ ਹੈ ਅਤੇ ਦੁਖ ਸੁਖ ਦੇ ਝਗੜੇ ਵਿੱਚ ਪੈ ਜਾਂਦਾ ਹੈ। ਰਿਣਤੀਆਂ ਮਿਣਤੀਆ ਕਰਦਾ ਹੈ ਕਿ ਉਸ ਨੂੰ ਕਿਥੋਂ ਸੁੱਖ ਮਿਲਦਾ ਹੈ ਕਿਥੋਂ ਦੁੱਖ। ਇਸ ਝਗੜੇ ਦਾ ਨਿਬੇੜਾ ਸਤਿਗੁਰ (ਬਿਬੇਕ ਬੁਧ) ਪਾਸ ਹੈ। ਕਰਤਾਰ ਹੀ ਸਭ ਕਰਨ ਵਾਲਾ ਹੈ।"

ਗੁਰਬਾਣੀ ਵਿੱਚ ਹੰਸ ਤਿੰਨ੍ਹ ਅਰਥਾਂ ਵਿੱਚ ਵਰਤਿਆ ਮਿਲਦਾ ਹੈ। ਹੰਸ ਪੰਛੀ, ਬਿਬੇਕ ਬੁਧ ਅਤੇ ਮਨੁੱਖ ਦੀ ਮੌਤ। ਕਿਉਂਕਿ ਹੰਸ ਦਾ ਇੱਕ ਪ੍ਰਚਲਤ ਅਰਥ ਜੀਵਆਤਮਾ ਵੀ ਹੈ ਅਤੇ ਹਿੰਦੂ ਧਰਮ ਵਿੱਚ ਇਹ ਮੰਨਿਆ ਗਿਆ ਹੈ ਕਿ ਮੌਤ ਵੇਲੇ ਜੀਵਆਤਮਾ ਸਰੀਰ ਚੋਂ ਨਿਕਲ ਜਾਂਦੀ ਹੈ ਇਸ ਲਈ ਮਨੱਖ ਦੀ ਮੌਤ ਵੇਲੇ ਇਹ ਮੁਹਾਵਰਾ ਆਮ ਵਰਤਿਆ ਜਾਂਦਾ ਹੈ ਕਿ ਹੰਸ ਉਡ ਗਿਆ ਜਾਂ ਚਲਾ ਗਿਆ। ਹੰਸ ਦੇ ਅਰਥਾਂ ਦੀ ਆਪਾਂ ਇੱਕ ਉਦਾਹਰਣ ਹੋਰ ਲੈਂਦੇ ਹਾਂ। ਇਹ ਰਾਗ ਗੁਜਰੀ ਵਿੱਚ ਗੁਰੂ ਅਮਰਦਾਸ ਦੀ ਵਾਰ ਦੀ ਸੱਤਵੀਂ ਪੋੜੀ ਦਾ ਪਹਿਲਾ ਸਲੋਕ ਹੈ।

ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ॥ ਏਸ ਨੂੰ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆਂ ਨਾਲਿ ਨ ਜਾਇ॥ ਕਾਇਆ ਮਿਟੀ ਅੰਧੁ ਹੈ ਪਉਣੈ ਪੁਛਹੁ ਜਾਇ॥ ਹਉ ਤਾ ਮਾਇਆ ਮੋਹਿਆ ਫਿਰ ਫਿਰ ਆਵਾ ਜਾਇ॥ ਨਾਨਕ ਹੁਕਮੁ ਨ ਜਾਤੋ ਖਸਮ ਕਾ ਜਿ ਰਹਾ ਸਚਿ ਸਮਾਇ॥ ਪੰਨਾ 510

ਪ੍ਰੌ ਸਾਹਿਬ ਸਿੰਘ ਇਸ ਦੇ ਅਰਥ ਕਰਦਿਆ ਲਿਖਦੇ ਨੇ ਕਿ "ਸਰੀਰ ਤੇ ਆਤਮਾ ਦਾ ਕੱਚਾ ਜਿਹਾ ਪਿਆਰ ਹੈ, (ਅੰਤ ਵੇਲੇ ਇਹ ਆਤਮਾ ਸਰੀਰ ਨੂੰ) ਡਿੱਗੇ ਨੂੰ ਹੀ ਛੱਡ ਕੇ ਤੁਰ ਜਾਂਦਾ ਹੈ ਜਦੋਂ (ਆਖਰ) ਤੁਰਨ ਵੇਲੇ ਇਸ ਸਰੀਰ ਨਾਲ ਨਹੀਂ ਜਾਂਦਾ ਤਾਂ ਇਸ ਨੂੰ ਝੂਠ ਬੋਲ ਬੋਲ ਕੇ ਪਾਲਣ ਦਾ ਕੀਹ ਲਾਭ? (ਸਰੀਰੀ ਤਾਂ ਮਿੱਟੀ ਸਮਝੋ) ਗਯਾਨਹੀਣ ਹੈ। ਝੂਠ ਬੋਲ ਬੋਲ ਕੇ ਇਸ ਨੂੰ ਪਾਲਿਆਂ ਆਖਰ ਲੇਖਾ ਜੀਵਆਤਮਾ ਤੋਂ ਹੀ ਮੰਗਿਆ ਜਾਂਦਾ ਹੈ। ਜੀਵਾਤਮਾ ਨੂੰ ਜੇ ਪੁੱਛੇ (ਕਿ ਇਹ ਸਰੀਰ ਪਾਲਣ ਵਿੱਚ ਹੀ ਕਿਉਂ ਲੱਗਾ ਰਿਹਾ, ਤਾਂ ਇਸ ਦਾ ਉੱਤਰ ਹੈ ਕਿ) ਮੈ ਮਾਇਆ ਦੇ ਮੋਹ ਵਿੱਚ ਫਸਿਆ ਮੁੜ ਮੁੜ ਜਨਮ ਮਰਨ ਵਿੱਚ ਪਿਆ ਰਿਹਾ; ਹੇ ਨਾਨਕ! ਮੈਂ ਖਸਮ ਦਾ ਹੁਕਮ ਨਾਹ ਪਛਾਣਿਆ ਜਿਸ ਦੀ ਬਰਕਤਿ ਨਾਲ ਸੱਚੇ ਪ੍ਰਭੂ ਵਿੱਚ ਟਿਕਿਆ ਰਹਿੰਦਾ"। ਇਹਨਾਂ ਅਰਥਾਂ ਤੇ ਗੌਰ ਕਰਕੇ ਦੇਖੋ। ਕਈ ਸਵਾਲ ਉੱਠਦੇ ਨੇ ਕਈ ਕੁਸੰਗਤੀਆਂ ਨਜ਼ਰ ਆਉਂਦੀਆਂ ਹਨ। ਸਰੀਰ ਅਤੇ ਆਤਮਾ ਦਾ ਪਿਆਰ ਕੱਚਾ ਹੈ ਕਿੳਂਕਿ ਸਰੀਰ ਮਰਨ ਵੇਲੇ ਆਤਮਾ ਦੇ ਨਾਲ ਨਹੀਂ ਜਾਂਦਾ ਇਸ ਲਈ ਇਸ ਨੂੰ ਝੂਠ ਬੋਲ ਕੇ ਪਾਲਣ ਦਾ ਕੀ ਲਾਭ? ਆਤਮਾ ਸਰੀਰ ਨੂੰ ਕਿਹੜਾ ਝੂਠ ਬੋਲ ਕੇ ਪਾਲਦੀ ਹੈ? ਆਤਮਾ ਸਰੀਰ ਨੂੰ ਕੀ ਖੁਆਉਂਦੀ ਹੈ? ਅਗਰ ਆਤਮਾ ਮਾਇਆ ਦੇ ਅਸਰ ਹੇਠ ਹੈ ਤਾਂ ਇਸ ਵਿੱਚ ਸਰੀਰ ਦਾ ਕੀ ਕਸੂਰ? ਅਗਰ ਸਰੀਰ ਗਿਆਨਹੀਣ ਹੈ ਤਾਂ ਲੇਖਾ ਜੀਵਆਤਮਾ ਨੂੰ ਕਿਉਂ ਦੇਣਾਂ ਪੈਂਦੇ ਹੈ। ਕੀ ਆਤਮਾ ਦਾ ਕੋਈ ਕਸੂਰ ਨਹੀਂ? ਦਰਅਸਲ ਇਹ ਕੁਸੰਗਤੀਆਂ ਇਸ ਲਈ ਉਠ ਰਹੀਆਂ ਹਨ ਕਿਉਂਕਿ ਹਿੰਦੂ ਮੱਤ ਦੇ ਆਵਾਗਵਣ ਅਨੁਸਾਰ ਇੱਥੇ ਵੀ ਆਤਮਾ ਅਤੇ ਕਾਇਆ ਦੀ ਅਲੱਗ ਅਲੱਗ ਹੋਂਦ ਮੰਨ ਕੇ ਅਰਥ ਕੀਤੇ ਗਏ ਨੇ। ਗੁਰਬਾਣੀ ਵਿੱਚ ਤਾਂ ਕਾਇਆ ਨੂੰ ਹੀ ਦੋਨੋਂ ਚੰਗੇ ਮੰਦੇ ਕਰਮਾਂ ਦਾ ਜਿੰਮੇਵਾਰ ਠਹਿਰਾਇਆ ਗਿਆ ਹੈ। ਇਸੇ ਕਰਕੇ ਗੁਰਬਾਣੀ ਵਿੱਚ ਸਰੀਰ ਨੂੰ ਹੀ ਸਵਾਲ ਕੀਤਾ ਗਿਆ ਹੈ ਕਿ ਇਸ ਸੰਸਾਰ ਵਿੱਚ ਆ ਕੇ ਤੇਰੀ ਕਿਆ ਕਾਰਗੁਜ਼ਾਰੀ ਹੈ? ਗੁਰ ਨਾਨਕ ਸਾਹਿਬ ਦੇ ਬਚਨ ਨੇ "ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ੳਠਾਵਹਿ ਭਾਰੋ॥ ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ॥" ਪੰਨਾ 154. ਕਾਇਆ ਵਾਰੇ ਇਹ ਵੀ ਕਿਹਾ ਗਿਆ ਹੈ ਕਿ "ਕਾਇਆ ਅੰਦਰਿ ਆਪੇ ਵਸੈ ਅਲਖੁ ਨ ਲਖਿਆ ਜਾਈ॥ ਮਨਮੁਖੁ ਮੁਗਧੁ ਬੂਝੈ ਨਾਹੀ ਬਾਹਿਰ ਭਾਲਣਿ ਜਾਈ॥" ਪੰਨਾ 754.

ਜਿਵੇਂ ਆਪਾਂ ਉਪਰ ਦੱਸ ਆਏ ਹਾਂ ਕਿ ਇਹ ਸਲੋਕ ਰਾਗ ਗੁਜਰੀ ਵਿੱਚ ਗੁਰੂ ਅਮਰਦਾਸ ਦੀ ਵਾਰ ਦੀ ਸੱਤਵੀਂ ਪੋੜੀ ਦਾ ਪਹਿਲਾ ਸਲੋਕ ਹੈ। ਦੁਜਾ ਸੋਲਕ ਵੀ ਗੁਰੂ ਅਮਰਦਾਸ ਦਾ ਹੀ ਹੈ। ਇਸ ਗੱਲ ਤੇ ਸਾਰੇ ਰਜ਼ਾਮੰਦ ਨੇ ਕਿ ਵਾਰਾਂ ਦੇ ਸਲੋਕ ਪਉੜੀ ਦੇ ਭਾਵ ਅਰਥ ਨੂੰ ਹੀ ਨਿਖਾਰਦੇ ਨੇ। ਇਸ ਪਉੜੀ ਦੀ ਆਖਰੀ ਪੰਗਤੀ ਇਸ ਤਰ੍ਹਾਂ ਹੈ "ਗੁਣਵੰਤੀ ਸਾਲਾਹਿਆ ਸਦਾ ਥਿਰੁ ਨਿਹਚਲੁ ਹਰਿ ਪੂਰਾ॥"। ਸੋ ਇਸ ਪਉੜੀ ਦਾ ਭਾਵ ਹੋਇਆ ਕਿ ਗੁਣਾਂ ਨਾਲ ਅਡੋਲ ਪ੍ਰਭੂ ਦੀ ਸਿਫਤ ਸਲਾਹ ਹੁੰਦੀ ਹੈ। ਪਉੜੀ ਦੇ ਦੂਜੇ ਸਲੋਕ ਵਿੱਚ ਵੀ ਇਸੇ "ਨਿਹਚਲ ਨਾਮ ਧਨੁ" ਦੀ ਗਲ ਕੀਤੀ ਗਈ ਹੈ ਜੋ ਮਨਮੁਖ ਬੰਦੇ ਦੇ ਹੱਥ ਨਹੀਂ ਆਉਂਦਾ। ਪਉੜੀ ਦੇ ਪਹਿਲੇ ਸਲੋਕ, ਜਿਸ ਦੀ ਆਪਾਂ ਵਿਚਾਰ ਕਰ ਰਹੇ ਹਾਂ, ਦਾ ਭਾਵ ਵੀ ਇਹੀ ਬਣਦਾ ਹੈ। ਗੁਰੂ ਸਾਹਿਬ ਸਮਝਾ ਰਹੇ ਨੇ ਕਿ ਜੇ ਕਾਇਆ ਦੀ ਬਿਬੇਕ ਬੁਧ ਨਾਲ ਪਰੀਤ ਟੁਟ ਜਾਏ ਤਾਂ ਕੀ ਹੁੰਦਾ ਹੈ। ਇਹ ਕੂੜ ਦੀ ਕਮਾਈ ਕਰਦੀ ਹੈ ਜੋ ਨਾਲ ਨਹੀਂ ਜਾਂਦੀ। ਗੁਰੂ (ਪਉਣ) ਤੋਂ ਪੁਛਿਆਂ ਪਤਾ ਚਲਦਾ ਹੈ ਕਿ ਬਿਬੇਕ ਹੀਣ ਕਾਇਆ ਗਿਆਨਹੀਣ ਤੇ ਮਿਰਤਕ (ਮਿੱਟੀ) ਬਣ ਜਾਂਦੀ ਹੈ, ਮਾਇਆ ਦੇ ਨਸ਼ੇ ਵਿੱਚ ਆਵਾਗਵਣ ਕਰਦੀ ਹੈ। ਇਸ ਨੇ ਕਰਤਾਰ ਦਾ ਹੁਕਮ ਨਹੀਂ ਬੁੱਝਿਆ ਨਹੀ ਤਾਂ ਸੱਚੇ (ਅਡੋਲ) ਪ੍ਰਭੂ ਨਾਲ ਮੇਲ ਹੋ ਸਕਦਾ ਸੀ। ਦੂਜੇ ਸਲੋਕ ਵਿੱਚ ਜਿਸ ਨਿਹਚਲ ਨਾਮ ਧਨ ਦੀ ਉਸਤਤਿ ਕੀਤੀ ਹੈ ਪਹਿਲੇ ਸਲੋਕ ਵਿੱਚ ਉਸੇ ਨਾਮ ਧਨ ਨੂੰ ਖੋ ਦੇਣ ਉਪਰੰਤ ਜੀਵ ਦੀ ਹਾਲਤ ਬਿਆਨ ਕੀਤੀ ਹੈ। --ਚਲਦਾ




.