.

ਆਖਰ ਡੇਰਿਆਂ ਵੱਲ ਕਿਓਂ ਭੱਜ ਰਹੇ ਹਨ ਸਿੱਖ?
ਸਵੈ-ਪੜਚੋਲ

ਗੁਰਪ੍ਰੀਤ ਸਿੰਘ

ਪਿਛਲੇ ਕਈ ਸਾਲਾਂ ਤੋਂ ਡੇਰੇਵਾਦ ਬਾਰੇ ਅਖਬਾਰਾਂ ਵਿੱਚ ਬਹੁਤ ਸਾਰਾ ਮੈਟਰ ਛਪਦਾ ਆ ਰਿਹਾ ਹੈ। ਹੁਣ ਜਦੋਂ ਤੋਂ ਵਿਗਿਆਨੀ ਖੋਜਾਂ ਨੇ ਯੂ-ਟਿਊਬ, ਵਟਸਅੱਪ, ਫੇਸ ਬੁੱਕ ਨਾਮ ਦੀਆਂ ਸਾਈਟਾਂ ਖੋਲ੍ਹੀਆਂ ਹਨ ਉਦੋਂ ਤੋਂ ਹੋਰ ਵੀ ਇਸ ਬਾਰੇ ਇੱਕ ਤੋਂ ਵੱਧ ਡੇਰਿਆਂ ਬਾਰੇ ਪਤਾ ਲੱਗ ਰਿਹਾ ਹੈ। ਟਾਈਮ ਟੀ. ਵੀ. ਜਾਂ ਪੰਜਾਬੀ ਦੇ ਕੋਈ ਵੀ ਚੈਨਲ ਤੋਂ, ਕਥਾ ਕਰਨ ਵਾਲੇ ਵੀ ਅਕਸਰ ਹੁਣ ਡੇਰਿਆਂ ਬਾਰੇ ਬੋਲਣ ਲੱਗ ਪਏ ਹਨ, ਪਰ ਕਈ ਅਜਿਹੇ ਹਨ ਜੋ ਡੇਰਿਆਂ ਤੇ ਡੇਰੇਦਾਰਾਂ ਬਾਰੇ ਇਹਨਾਂ ਹੀ ਸਟੇਜਾਂ ਤੋਂ ਵੀ ਪਰਚਾਰ ਕਰਦੇ ਹਨ। ਪਰ ਇਸ ਦੇ ਉਲਟ ਇਹ ਪਰਚਾਰਕ ਜਿੰਨਾਂ ਮਰਜ਼ੀ ਰੌਲਾ ਪਾਈ ਜਾਣ, {ਜਿੰਨ੍ਹਾਂ ਦੇ ਆਪਣੇ ਚੈਨਲ ਹਨ ਜਾਂ ਪੰਜਾਬ ਵਿੱਚ ਹੋਰ ਬਹੁਤ ਸਾਰੇ ਚੈਨਲ ਹਨ ਜੋ ਉਹਨਾਂ ਦੇ ਪਰੋਗਰਾਮਾਂ ਨੂੰ ਲਗਾਤਾਰ ਵਿਖਾਈ ਜਾ ਰਹੇ ਹਨ} ਪਰਚਾਰਕਾਂ ਦੇ ਰੌਲਾ ਪਾਉਣ ਨਾਲ ਉਹਨਾਂ ਦੀ ਸਿਹਤ `ਤੇ ਕੋਈ ਅਸਰ ਪੈਣ ਵਾਲਾ ਨਹੀਂ ਹੈ। ਉਹ ‘ਅਸਰ-ਪਰੂਫ` ਹੋ ਚੁੱਕੇ ਹਨ। ਕੌਮ ਦਾ ਕੁੱਝ ਸੁਧਰਨਾਂ ਨਹੀਂ, ਉਹਨਾਂ ਦਾ ਕੁੱਝ ਵਿਗੜਨਾਂ ਨਹੀਂ। ਇਹ ਗੱਲ ਹਰ ਸਿੱਖ ਨੂੰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ, ਕਿਓਂ ਕਿ ਉਹ ਵੀ ਜਾਣਦੇ ਹਨ ਕਿ ਇਹਨਾਂ ਪਰਚਾਰਕਾਂ ਵਿੱਚ {ਸਮੇਤ ਲਿਖਾਰੀਆਂ ਦੇ} ਕਿੰਨੀ ਕੁ ਸਿੱਖੀ ਹੈ? ਅਕਾਲ ਤਖਤ ਦਾ ਸਿਧਾਂਤ ਜੋ ਬਹੁਤੇ ਲਈ ਫਿਰਦੇ ਹਨ ਉਹ ਉਹਨਾਂ ਲਈ ਕੋਈ ਅਰਥ ਨਹੀਂ ਰੱਖਦਾ ਕਿਓਂ ਕਿ ਇਹ ਆਪ ਹੀ ਉਹਨਾਂ ਦੇ ਪੈਰੀਂ ਪੈਂਦੇ ਹਨ। ਫਿਰ ਉਹਨਾਂ ਕੋਲੋਂ ਇਹਨਾਂ ਨੇ ਸਿਰੋਪੇ ਵੀ ਲੈਣੇ ਹੁੰਦੇ ਹਨ ਤੇ ਲਫਾਫਾ ਵੀ। ਜਿਸ ਵਿੱਚ ਸੰਗਤਾਂ ਨੂੰ ਪਤਾ ਨਹੀਂ ਹੁੰਦਾ ਕਿ ਇਸ ਵਿੱਚ ਕਿੰਨੇ ਦਾ ਚੈਕ ਪਾਇਆ ਹੈ? ਖੈਰ! ਵਿਸ਼ੇ ਤੋਂ ਬਾਹਰ ਨਾਂ ਜਾਵਾਂ।
ਡੇਰੇਦਾਰ ਦੇ ਵਿਰੁੱਧ ਕਿਸੇ ਨੇ ਕਿਤਾਬ ਲਿਖੀ ਹੈ, ਸਿਰਲੇਖ ਹੈ ‘ਡੇਰੇਦਾਰ ਤੇ ਸਿੱਖ`। ਇਸ ਤੋਂ ਪਹਿਲਾਂ ਕਿ ਸਿੱਖਾਂ ਕੋਲ ਜਾਵੇ ਉਸ `ਤੇ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਗਈ {ਕਿਓਂ? ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ} ਤਾਂ ਕਿ ਡੇਰੇਦਾਰਾਂ ਦੀ ਇਹ ਦੁਕਾਨ ਚੱਲਦੀ ਰਹੇ। ਕਿਓਂ ਕਿ ਇਹਨਾਂ ਡੇਰੇਦਾਰਾਂ ਦੀ ਅਸਲੀ ਸਰਪ੍ਰਸਤ ਸਰਕਾਰ ਹੀ ਹੈ ਤੇ ਇੱਕ ਬਹੁਤ ਵੱਡਾ ‘ਵੋਟ ਬੈਂਕ` ਵੀ। ਜਿੰਨਾਂ ਇਹਨਾਂ ਦੇ ਵਿਰੁੱਧ ਬੋਲਿਆ ਜਾਂਦਾ ਹੈ ਉਸ ਦਾ ਅਸਰ ਇਹਨਾਂ ਨੂੰ ਛੱਡ ਆਮ ਸਿੱਖ ਉੱਤੇ ਕਿਓਂ ਨਹੀਂ ਹੁੰਦਾ, ਇਹ ਸੋਚਣ ਵਾਲੀ ਗੱਲ ਹੈ। ਪਰ ਬਹੁਤਿਆਂ ਦਾ ਧਿਆਨ ਇਸ ਪਾਸੇ ਵੱਲ ਜਾਂਦਾ ਵੀ ਨਹੀਂ ਹੈ। ਮਨ ਬਾਰੇ ਗੁਰਬਾਣੀ ਵਿੱਚ ਬਹੁਤ ਕੁੱਝ ਆਇਆ ਹੈ ਤੇ ਕਈ ਵਾਰੀ ਆਇਆ ਹੈ। ਮਨ ਨੂੰ ਸਮਝਾਉਣ ਲਈ ਗੁਰੂ ਸਾਹਿਬਾਨਾਂ ਤੇ ਭਗਤਾਂ ਨੇ ਕੀ ਕਿਹਾ ਹੈ, ਸ਼ਾਇਦ ਇਸ ਬਾਰੇ ਕਦੀ ਕਿਸੇ ਨੇ ਵਿਆਖਿਆ ਨਹੀਂ ਕੀਤੀ। ਹਾਂ! ਏਨਾਂ ਜ਼ਰੂਰ ਕਹਿ ਛੱਡਦੇ ਹਨ ਕਿ ਭਰਾਓ, ਆਪਣੇ ਮਨ ਨੂੰ ਸਮਝਾਓ। ਪਰ ਮਨ ਕਿਵੇਂ ਸਮਝੇ, ਕੌਣ ਸਮਝਾਵੇ ਤੇ ਕਿਵੇਂ ਸਮਝਾਵੇ, ਕੋਈ ਦੱਸੇ ਤਾਂ ਸਹੀ। ਜਵਾਬ ਹੈ ਬਾਣੀ ਪੜ੍ਹੋ, ਤੇ ਸਮਝੋ, ਵੀਚਾਰੋ। ਪਰ ਸਮਝ ਕਿੱਦਾਂ ਆਵੇ? ਕਿਵੇਂ ਵੀਚਾਰਿਆ ਜਾਵੇ? ਇਹੋ ਹੀ ਔਖੀ ਖੇਡ ਹੈ। ਹਰ ਆਮ ਤੇ ਖਾਸ ਮਨੁੱਖ ਨੂੰ ਏਨਾਂ ‘ਸ਼ਾਰਟ ਕੱਟ` ਚਾਹੀਦਾ ਹੈ ਕਿ ਇਧਰ ਕਿਸੇ ਦੇ ਪੈਰੀਂ ਪਏ ਨਹੀਂ ਕਿ ਓਧਰ ਕੰਮ ਹੋ ਗਿਆ। ਪੈਰੀਂ ਪੈਣ ਦੀ ਦੇਰ ਸੀ ਕਿ ਨੌਕਰੀ ਮਿਲ ਗਈ, ਰਿਸ਼ਤਾ ਹੋ ਗਿਆ, ਲੜਕਾ ਬਾਹਰ ਚਲਾ ਗਿਆ, ਤੇ ਫਿਰ ਪੈਸੇ ਦੀ ਬਰਸਾਤ ਹੋਣੀ ਸ਼ੁਰੂ ਹੋ ਗਈ। ਇਹ ਕੌਣ ਕੰਮ ਕਰਦਾ ਫਿਰੇ ਕਿ ਪਹਿਲਾਂ ਬਾਣੀ ਪੜ੍ਹੇ, ਫਿਰ ਅਰਦਾਸ ਕਰੇ ਤੇ ਪਤਾ ਨਹੀਂ ਕਿ ਆਖਰ ਰੱਬ ਸੁਣੇ ਵੀ ਕਿ ਨਾਂ?
ਮਨ ਆਪਣੇ ਆਪ ਵਿੱਚ ਬਹੁਤ ਵੱਡੀ ਤਾਕਤ ਹੈ। ਇਸ ਲਈ ਇਸ ਨੂੰ ਕਾਬੂ ਰੱਖਣਾਂ ਵੀ ਏਨਾਂ ਅਸਾਨ ਨਹੀਂ ਹੈ। ਬੰਗਾਲ ਦਾ ਇੱਕ ਕੇਸ਼ਵ ਚੰਦਰ ਹੋਇਆ ਹੈ ਜਿਸ ਨੇ ਧਰਮ ਤੇ ਬਹੁਤ ਕਿਤਾਬਾਂ ਲਿਖੀਆਂ ਤੇ ਬਾਅਦ ਵਿੱਚ ਉਹ ਨਾਸਤਿਕ ਹੋ ਗਿਆ। ਉਹ ਕਹਿੰਦਾ ਹੈ, ‘ਜਿਸ ਮਨ ਨੂੰ ਤੁਸੀਂ ਜਿੱਤ ਨਹੀਂ ਸਕਦੇ ਉਸ ਨਾਲ ਲੜਨਾਂ ਕੋਈ ਅਕਲਮੰਦੀ ਨਹੀਂ ਹੈ। ਸੋ ਮਨ ਦੇ ਮਗਰ ਲੱਗ ਜਾਓ ਤੇ ਆਪਣੀ ਜ਼ਿੰਦਗੀ ਐਸ਼ ਨਾਲ ਜੀਓ। ` ਮਨ ਬਾਰੇ ਗੁਰੂ ਸਾਹਿਬਾਨਾਂ ਨੇ ਇਹ ਵੀ ਸਮਝਾਇਆ ਹੈ ਕਿ-
‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ।।
ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ।। ੬੫੧।। ਤੇ
ਮਨ ਰੇ ਕਹਾ ਭਇਓ ਤੈ ਬਉਰਾ, ਮਨ ਮੇਰੋ ਬਸਿ ਨਾਹਿ, ਅਬ ਮਨ ਜਾਗਤ ਰਹੁ ਰੇ ਭਾਈ ੩੩੯।।
ਆਦਿ ਅਨੇਕਾਂ ਫੁਰਮਾਨ ਮਿਲ ਜਾਂਦੇ ਹਨ ਜੋ ਕਿਤੇ ਮਨ ਨੂੰ ਸਮਝਾਉਣ ਵਾਸਤੇ ਹਨ, ਕਿਤੇ ਜਗਾਉਣ ਲਈ ਹਨ, ਕਿਤੇ ਸਮਝਣ ਲਈ ਹਨ ਤੇ ਕਿਤੇ ਉਪਦੇਸ਼ ਦੇਣ ਲਈ ਹਨ ਜੇ ਕੋਈ ਜਾਣ ਬੁੱਝ ਕੇ ਗਲਤ ਕੰਮ ਕਰੇ ਤੇ ਮੁਕਰ ਜਾਵੇ, ‘ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ`।। ੧੩੭੬।। ਮਨ ਬਾਰੇ ਜਿਵੇਂ ਕਿ ਉਪਰ ਲਿਖ ਚੁੱਕਾਂ ਹਾਂ, ਇੱਕ ਬਹੁਤ ਵੱਡੀ ਤਾਕਤ ਹੈ। ਇਹ ਕਿਸੇ ਦੇ ਅਧੀਨ ਨਹੀਂ ਸਗੋਂ ਵੇਖਿਆ ਜਾਵੇ ਤਾਂ ਮਨੁੱਖ ਨੂੰ ਚਲਾਉਣ ਵਾਲਾ ਹੀ ਇਹੋ ਹੈ। ਦੁਨੀਆਂ ਅੰਦਰ ਜੋ ਫਸਾਦ ਤੇ ਹੋਰ ਬਹੁਤ ਕੁੱਝ ਵਾਪਰਦਾ ਹੈ, ਉਹ ਮਨ ਦੀ ਖੇਡ ਹੈ। ਧਾਰਮਿਕ ਬੰਦੇ ਵੀ ਜਦੋਂ ਖਤਰਨਾਕ ਸਜ਼ਾਵਾਂ ਦਿੰਦੇ ਸਨ ਤਾਂ ਉਹ ਵੀ ਮਨ ਦੇ ਮਗਰ ਲੱਗ ਕੇ ਸਜ਼ਾਵਾਂ ਦਿੰਦੇ ਸਨ। ਦੂਰ ਕਿਓਂ ਜਾਓ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾਉਣ ਦਾ ਕੰਮ ਉਹਨਾਂ ਦਿਖਾਵਟੀ ਧਰਮੀਆਂ ਦਾ ਹੀ ਕੰਮ ਸੀ। ਢੱਡਰੀਆਂ ਵਾਲੇ ਤੇ ਹਮਲਾ ਕਰਨਾਂ ਵੀ ਤਾਂ ਅਖੌਤੀ ਗਾਤਰੇਧਾਰੀ ਧਰਮੀਆਂ {ਨਾਂ ਕਿ ਅੰਮ੍ਰਿਤਧਾਰੀਆਂ} ਦੇ ਮਨ ਦਾ ਕੰਮ ਸੀ।
ਵਿਸ਼ਾ ਸ਼ੁਰੂ ਕੀਤਾ ਹੈ ਕਿ ਆਖਰ ਡੇਰਿਆਂ ਵੱਲ ਕਿਓਂ ਭੱਜ ਰਹੇ ਹਨ ਸਿੱਖ? ਪਹਿਲੀ ਗੱਲ ਤਾਂ ਇਹ ਹੈ ਮਨੁੱਖ ਚਾਹੁੰਦਾ ਕੀ ਹੈ? ਜੋ ਮਨੁੱਖ ਚਾਹੁੰਦਾ ਹੈ, ਕੀ ਗੁਰਬਾਣੀ ਉਸਦੀ ਪੂਰਤੀ ਕਰਦੀ ਹੈ ਜਾਂ ਕਰ ਸਕਦੀ ਹੈ? ਸਾਡੇ ਮਨ ਦੀਆਂ ਏਨੀਆਂ ਖਾਹਿਸ਼ਾਂ ਹਨ ਕਿ ਬੰਦਾ ਸੋਚਦਾ ਹੈ, ਕਿ ਇੱਕ ਇੱਕ ਕਰਕੇ ਇਹ ਸਾਰੀਆਂ ਪੂਰੀਆਂ ਹੋ ਜਾਣ। ਸਾਡੇ ਵਿੱਚੋਂ ਬਹੁਤੇ ਬੰਦੇ ਅੰਮ੍ਰਿਤ ਛਕ ਕੇ ਵੀ ਦੇਹਧਾਰੀ ਗੁਰੂ ਦੀ ਹੋਂਦ ਨੂੰ ਮੰਨਦੇ ਹਨ। ਜੇ ਉਹ ਨਾਂ ਵੀ ਮੰਨਣ, ਤਾਂ ਉਹ ਹੋਰ ਧਾਗੇ, ਤਵੀਤਾਂ, ਜਾਦੂ, ਟੂਣਿਆਂ ਵਿੱਚ ਵਿਸ਼ਵਾਸ਼ ਕਰਦੇ ਹਨ। ਬਹੁਤਿਆਂ ਦਾ ਪਾਠ ਤਾਂ ਆਪਣੀ ਸੁਵਾਰਥ ਪੂਰਤੀ ਕਰਨ ਕਰ ਕੇ ਹੁੰਦਾ ਹੈ। ਇਸੇ ਲਈ ਕਈ ਵਰ੍ਹਾਂ ਬਹੁਤੇ ਪਾਠ ਕਰਨ ਵਾਲੇ ਵੀ ਕਹਿ ਦਿੰਦੇ ਹਨ ਕਿ ਕੋਈ ਚਮਤਕਾਰ ਤਾਂ ਹੋਇਆ ਨਹੀਂ। ਗੁਰਬਾਣੀ ਪੜ੍ਹਨ ਸਮਝਣ ਦਾ ਅਰਥ ਹੈ ਕਿ ਆਪਣਾਂ ਚਾਲ ਚਲਣ ਠੀਕ ਕਰਨਾਂ, ਤੇ ਇੱਕ ਪਰਮਾਤਮਾਂ `ਤੇ ਵਿਸ਼ਵਾਸ਼ ਕਰਨਾਂ ਤੇ ਆਪਣੇ ਆਪ ਦੀ ਸਵੈ-ਪੜਚੋਲ ਕਰਕੇ ਆਪਣੇ ਔਗੁਣਾਂ ਨੂੰ ਦੂਰ ਕਰਦੇ ਜਾਣਾਂ, ਜਦੋਂ ਕਿ ਦੇਹਧਾਰੀ `ਤੇ ਵਿਸ਼ਵਾਸ਼ ਕਰਨ ਦਾ ਮਤਲਬ ਹੈ ਸਾਰਾ ਕੁੱਝ ਓਸੇ `ਤੇ ਸੁੱਟ ਦਿਓ ਉਹ ਆਪੇ ਹੀ ਕੰਮ ਕਰੇਗਾ ਤੇ ਕਰੇਗਾ ਉਦੋਂ ਜਦੋਂ ਉਸਦੀ ਮਰਜ਼ੀ ਹੋਵੇਗੀ ਤੇ ਉਸਦੀ ਮਰਜ਼ੀ ਕਦੀ ਨਹੀਂ ਹੁੰਦੀ। ਡੇਰਿਆਂ ਵੱਲ ਜਾਣ ਦਾ ਮਤਲਬ ਚਾਲ ਚਲਣ ਨਾਲ ਨਹੀਂ ਹੈ, ਵਿਸ਼ਵਾਸ਼ ਆਪਣੇ ਉਸ ਗੁਰੂ `ਤੇ ਕਰਨਾਂ ਜਿਸ ਕੋਲੋਂ ਤੁਸੀਂ ਨਾਮ ਲਿਆ ਹੈ। ਇਥੇ ਢਾਰਸ ਹੋ ਜਾਂਦੀ ਹੈ, ਪਰ ਗੁਰਬਾਣੀ `ਤੇ ਢਾਰਸ ਨਹੀਂ ਹੁੰਦੀ। ਮਨੁੱਖ {ਜਿਸ ਨੂੰ ਸਿੱਖ ਇੱਕ ‘ਆਮ ਬੰਦੇ` ਨੂੰ ‘ਗੁਰੂ` ਮੰਨ ਲੈਂਦੇ ਹਨ}, ਬੋਲ ਕੇ ਦੱਸ ਦਵੇਗਾ ਕਿ ਕੰਮ ਹੋ ਜਾਵੇਗਾ, ਗੁਰਬਾਣੀ ਇਹ ਨਹੀਂ ਦੱਸੇਗੀ ਕਿ ਕੰਮ ਹੋਵੇਗਾ ਕਿ ਨਹੀਂ। ਬੱਸ ਇਥੋਂ ਹੀ ਇਹ ਖੇਡ ਵਿਗੜ ਜਾਂਦੀ ਹੈ। ਜਿੱਥੇ ਇਹ ਖੇਡ ਵਿਗੜਦੀ ਹੈ ਓਥੇ ਅਜਿਹਾ ਸੰਜੋਗ ਬਣਦਾ ਚਲਾ ਜਾਂਦਾ ਹੈ ਕਿ ਸਿੱਖ ਗੁਰਬਾਣੀ ਨਾਲੋਂ ਟੁੱਟ ਕੇ ਡੇਰਿਆਂ ਵੱਲ ਭੱਜਾ ਤੁਰਿਆ ਜਾਂਦਾ ਹੈ। ਇਥੇ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਨਾਂ ਕਿਸੇ ਨਿਤਨੇਮ ਦੀ ਗੱਲ, ਨਾਂ ਅਰਦਾਸ ਦੀ ਗੱਲ, ਨਾਂ ਇਥੇ ਕੋਈ ਗੁਰਦੁਆਰਿਆਂ ਵਿੱਚ ਲੜਾਈ ਝਗੜੇ ਵਾਲਾ ਹਾਲ, ਨਾਂ ਦਸਮ ਗਰੰਥ ਦਾ ਰੌਲਾ ਰੱਪਾ, ਨਾਂ ਕਿਹੜੀਆਂ ਬਾਣੀਆਂ ਪੜ੍ਹਨੀਆਂ ਹਨ, ਕਿਹੜੀਆਂ ਨਹੀਂ, ਨਾਂ ਰਹਿਤ ਮਰਿਆਦਾ ਦੀ ਗੱਲ, ਆਏ ਦਿਨ ਜਦੋਂ ਵੇਖੋ ਤਲਵਾਰਾਂ ਨਾਲ ਬਿਨਾਂ ਮਤਲਬ ਖੂਨ ਖਰਾਬਾ ਕਰਦੇ ਜਾਣਾਂ ਤੇ ਫਿਰ ਗਵਾਹੀਆਂ ਲਈ ਕੋਰਟ ਕਚਹਿਰੀਆਂ ਵਿੱਚ ਭੱਜੇ ਫਿਰਨਾਂ, ਜੋ ਬਹੁਤੇ ਸਿੱਖਾਂ ਨੂੰ ਪ੍ਰਵਾਨ ਨਹੀਂ ਹੈ। ਜਿਸ ਕਾਰਨ ਸਿੱਖ ਡੇਰਿਆਂ ਵੱਲ ਜਾਂਦਾ ਹੈ ਉਸ ਦੇ ਕੁੱਝ ਕਾਰਨ ਹਨ ਜਿਸ ਨੂੰ ਸਮਝਣ ਦੀ ਲੋੜ ਹੈ। ਮਨੁੱਖ ਦੀ ਸੱਭ ਤੋਂ ਵੱਡੀ ਤੇ ਬੁਨਿਆਦੀ ਲੋੜ ਹੈ-
1. ਪੈਸਾ - ਉਸ ਦਾ ਕੋਈ ਵੀ ਤਰੀਕਾ ਹੋਵੇ, ਮਿਲੇ ਸਹੀ। ਚੰਗੀ ਨੌਕਰੀ, ਚੰਗਾ ਵਪਾਰ ਚਲੇ, ਇੱਕ ਟਰੱਕ ਹੋਵੇ ਤੇ ਫਿਰ ਇੱਕ ਦੇ ਦੋ, ਤੇ ਦੋ ਦੇ ਤਿੰਨ। ਬਾਹਰ ਜਾਣ ਦੀ ਲਾਲਸਾ ਵੀ ਪੈਸੇ ਖਾਤਰ ਹੈ। ਇਹ ਇਨਸਾਨ ਦੀ ਵੱਡੀ ਮਜ਼ਬੂਰੀ ਹੈ ਕਿ ਇਥੇ ਜਿੰਨੀ ਮਿਹਨਤ ਕਰਨ ਨਾਲ ਪੈਸਾ ਮਿਲਦਾ ਹੈ ਓਥੇ ਵੀ ਏਨੀ ਮਿਹਨਤ ਕਰਨ ਨਾਲ ਜ਼ਿਆਦਾ ਪੈਸਾ ਮਿਲ ਜਾਂਦਾ ਹੈ। ਇਸ ਲਈ ਬਾਹਰ ਜਾਣਾਂ ਮਨੁੱਖ ਦੀ ਮਜ਼ਬੂਰੀ ਬਣ ਜਾਂਦਾ ਹੈ।
2. ਰੋਜ਼ਗਾਰ ਮਿਲਣ ਦੀ ਆਸ - ਕਈਆਂ ਨੂੰ ਇਹ ਭਰਮ ਵੀ ਹੁੰਦਾ ਹੈ ਕਿ ਕਿਸੇ ਡੇਰੇ ਜਾਣ ਨਾਲ ਤੇ ਮਹਾਰਾਜ ਜੀ ਦੀ ਸੰਗਤ ਕੀਤਿਆਂ ਸ਼ਾਇਦ ਕੁੱਝ ਬਖਸ਼ਿਸ਼ ਹੋ ਜਾਵੇ।
3. ਬੀਮਾਰੀ ਤੋਂ ਛੁਟਕਾਰਾ - ਕੋਈ ਬੀਮਾਰੀ ਤੋਂ ਨਿਜਾਤ ਮਿਲ ਜਾਵੇ, ਕਿਸੇ ਤਰ੍ਹਾਂ ਵੀ ਸਹੀ, ਅਰਾਮ ਮਿਲ ਜਾਵੇ। ਬੀਮਾਰੀ ਜਿਸ ਦਾ ਇਲਾਜ ਨਾਂ ਲੱਭੇ, ਉਸ ਤੋਂ ਹਤਾਸ਼ ਹੋਣਾਂ ਵੀ ਮਨੁੱਖ ਦੀ ਮਜ਼ਬੂਰੀ ਹੈ। ਇਸ ਲਈ ਉਹ ਅਰਾਮ ਦੀ ਖਾਤਰ ਇਸ ਪਾਸੇ ਜਾਂਦਾ ਹੈ ਕਿ ਸ਼ਾਇਦ ਕਿਸੇ ਦੇ ਚਰਨੀਂ ਪਿਆਂ ਕੋਈ `ਚਮਤਕਾਰ` ਹੋ ਜਾਵੇ। ਪਰ ਇਹ ਵੀ ਅਸੰਭਵ ਹੈ ਕਿਓਂ ਕਿ ਹਰ ਚੀਜ਼ ਨਕਲੀ ਹੈ, ਮਿਲਾਵਟ ਵਾਲੀ ਹੈ, ਇਥੋਂ ਤੱਕ ਕੇ ਹਵਾ ਵੀ ਸ਼ੁੱਧ ਨਹੀਂ ਹੈ, ਇਸ ਲਈ ਤੰਦਰੁਸਤ ਰਹਿਣਾਂ ਵੀ ਅਸਾਨ ਨਹੀਂ ਹੈ।
4. ਚੰਗੇ ਰਿਸ਼ਤਿਆਂ ਦੀ ਆਸ – ਰਿਸ਼ਤੇ ਕਰਨ ਵਿੱਚ ਅੱਜ ਏਨਾਂ ਧੋਖਾ ਹਰ ਪਾਸੇ ਹੋ ਰਿਹਾ ਹੈ ਕਿ ਕੋਈ ਵੀ ਬੰਦਾ ਇਸ ਪਾਸੇ ਤੋਂ ਈਮਾਨਦਾਰ ਨਜ਼ਰ ਨਹੀਂ ਆਉਂਦਾ। ਦੋਵੇਂ ਧਿਰਾਂ ਹੀ ਕੁੱਝ ਲੁਕਾ ਰੱਖ ਜਾਂਦੀਆਂ ਹਨ। ਇਥੋਂ ਤੱਕ ਵਿਚੋਲੇ ਵੀ ਭੇਦ ਰੱਖ ਜਾਂਦੇ ਹਨ। ਅਖਬਾਰਾਂ ਰਾਹੀਂ ਜਾਂ ਹੋਰ ਜੋ ਵੀ ਸਾਧਨ ਹਨ ਉਹਨਾਂ ਵਿੱਚ ਵੀ ਕੋਈ ਅਸਲੀਅਤ ਸਾਹਮਣੇ ਰੱਖਣ ਲਈ ਤਿਆਰ ਨਹੀਂ ਹੈ। ਲੜਕਾ/ਲੜਕੀ ਕਿੰਨਾਂ ਪੜ੍ਹਿਆ ਹੈ? ਲੜਕੇ ਦੀ ਕੀ ਕਮਾਈ ਹੈ। ਰਿਸ਼ਤਾ ਕਰਨ ਵੇਲੇ ਵਧਾ ਚੜ੍ਹਾ ਕੇ ਦੱਸਿਆ ਜਾਂਦਾ ਹੈ ਤੇ ਜਦੋਂ ਫੇਰੇ ਹੋ ਜਾਂਦੇ ਹਨ ਪਤਾ ਉਦੋਂ ਲੱਗਦਾ ਹੈ ਕਿ ਪੜ੍ਹਾਈ ਲਿਖਾਈ ਕਿੰਨੀ ਹੈ, ਕੀ ਕਾਰੋਬਾਰ ਕਰਦਾ ਹੈ ਤੇ ਕਿੰਨੀ ਕਮਾਈ ਹੈ, ਨਸ਼ਾ ਕਿੰਨਾਂ ਕੁ ਤੇ ਕਿਹੜਾ ਕਿਹੜਾ ਕਰਦਾ ਹੈ ਆਦਿ ਮਸਲਿਆਂ ਨੂੰ ਗੌਣ ਕਰ ਦਿੱਤਾ ਜਾਂਦਾ ਹੈ। ਇਹ ਗੱਲਾਂ ਆਮ ਵਾਪਰਦੀਆਂ ਹਨ ਤੇ ਬੰਦਾ ਸੋਚਦਾ ਹੈ ਕਿ ਡੇਰੇ ਜਾਣ ਨਾਲ ਅਜਿਹੀਆਂ ਸਮੱਸਿਆਵਾਂ ਮਿੰਟਾਂ ਵਿੱਚ ਹੱਲ ਹੋ ਜਾਣਗੀਆਂ ਤੇ ਕੋਈ ਸਤਿਸੰਗੀ ਹੀ ਸਹੀ ਰਿਸ਼ਤਾ ਕਰਵਾ ਦਵੇਗਾ, ਕਿਓਂ ਕਿ ਮਹਾਰਾਜ ਜੀ ‘ਵਿਚੋਲੇ ਦੇ ਤੌਰ `ਤੇ ਵਿੱਚ` ਤਾਂ ਹਨ ਹੀ।
5. ਪੁੱਤਰ ਦੀ ਆਸ – ਬਹੁਤੇ ਲੋਕ ਗੁਰਦੁਆਰਿਆਂ ਵਿੱਚ ਜਾ ਕੇ ਮੱਥੇ ਟੇਕਦੇ ਹਨ ਤੇ ਪੁੱਤਰ ਦੀ ਦਾਤ ਮੰਗਦੇ ਹਨ, {ਪੁੱਤਰੀਆਂ ਦੀ ਨਹੀਂ}, ਪਰ ਕਈ ਸਾਲ ਤੱਕ ਜਦੋਂ ਇਧਰੋਂ ਕੁੱਝ ਵੀ ਹਾਸਲ ਨਹੀਂ ਹੁੰਦਾ ਤਾਂ ਉਹ ਫਿਰ ਹਾਰ ਕੇ ਡੇਰੇਦਾਰਾਂ ਦੀ ਸ਼ਰਨੀ ਪੈਂਦੇ ਹਨ ਜੋ ਕਿ ਇਹ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੈ। ਡੇਰਿਆਂ ਵੱਲ ਜਾਣ ਵਾਲੇ ਬੰਦੇ ਦੀ ਮੋਟੀ ਸੋਚ ਇਹ ਕੰਮ ਕਰਦੀ ਹੈ ਕਿ ਬਾਣੀ ਨੂੰ ਪੜ੍ਹਨ ਦਾ ਕੰਮ ਉਹਨਾਂ ਲੋਕਾਂ ਦਾ ਹੈ ਜਿੰਨ੍ਹਾਂ ਨੇ ਪਰਚਾਰ ਕਰਨਾਂ ਹੈ ਜਾਂ ਫਿਰ ਲੇਖਕ ਵਰਗ ਦਾ ਕੰਮ ਹੈ। ਪਰ ਵੱਡੀ ਸਮੱਸਿਆ ਇਹ ਵੀ ਹੈ ਕਿ ਪਰਚਾਰਕ ਨੇ ਵੀ ਓਨਾਂ ਕਰੰਟ ਛੱਡਣਾਂ ਹੈ ਜਿਸ ਨਾਲ ਉਸਦੀ ਭੇਟਾ ਤਿਆਰ ਰਹੇ। ਗੁਰਦੁਆਰੇ ਤੋਂ ਜੋ ਭੇਟਾ ਮਿਲਣੀ ਹੈ ਉਹ ਤਾਂ ਹੈ ਹੀ, ਸੰਗਤ ਵਲੋਂ ਵੱਖਰੀ। ਇਸ ਲਈ ਉਹ ਅਜਿਹੀਆਂ ਗੱਲਾਂ ਨਹੀਂ ਦੱਸਣਗੇ ਕਿ ‘ਦਾਤੈ ਦਾਤਿ ਰਖੀ ਹਥਿ ਆਪਣੈ ਜਿਸੁ ਭਾਵੈ ਤਿਸੁ ਦੇਈ`।। ੬੦੪।। ਲੋਕਾਈ ਨੂੰ ਵਹਿਮਾਂ ਭਰਮਾਂ `ਚ ਕੱਢਣ ਲਈ ਪਰਚਾਰਕ ਨੂੰ ਵਿਆਖਿਆ ਅਜਿਹੇ ਫੁਰਮਾਨਾਂ ਨਾਲ ਕਰਨੀ ਚਾਹੀਦੀ ਹੈ ਤੇ ਜੋ ਹੋਰ ਸਬੰਧਤ ਫੁਰਮਾਨ ਹੋਣ।
6. ਪਰਮਾਤਮਾਂ ਨੂੰ ਮਿਲਣ ਦੀ ਇੱਛਾ – ਬਹੁਤੇ ਡੇਰੇਦਾਰਾਂ ਵਿੱਚੋਂ ਕੁੱਝ ਤਾਂ ਅਜਿਹੇ ਹਨ ਜੋ ਪਰਮਾਤਮਾਂ ਨੂੰ ਮਿਲਣ ਦਾ ਰਸਤਾ ਦੱਸਦੇ ਹਨ। ਇਸ ਰਸਤੇ ਨੂੰ ਮਿਲਣ ਦੀ ਕੁੰਜੀ ਉਹਨਾਂ ਕੋਲ ਹੁੰਦੀ ਹੈ ਤੇ ਇਹ ਕੁੰਜੀ ਹੈ ‘ਗੁਪਤ ਨਾਮ ਦਾਨ` ਜਿਸ ਦਾ ਪਤਾ ਉਹ ਕੇਵਲ ਉਹਨਾਂ ਨੂੰ ਦੱਸਦੇ ਹਨ ਜੋ ਉਹਨਾਂ ਦੇ ਸਤਿਸੰਗੀ ਹੀ ਨਾਂ ਹੋਣ ਸਗੋਂ ਉਹਨਾਂ ਨੇ ਨਾਮ ਦਾਨ ਵੀ ਉਸੇ ਡੇਰੇ ਦੇ ਮਹਾਰਾਜ ਕੋਲੋਂ ਲਿਆ ਹੋਵੇ। ਹੋਰ ਕਿਸੇ ਨੂੰ ਦੱਸਣ ਨਾਲ ਬਾਕੀ ਦੇ ਪਤਾ ਨਹੀਂ ਉਹਨਾਂ ਲੋਕਾਂ ਦੀਆਂ ਲੱਤਾਂ ਖਿੱਚ ਲੈਣਗੇ ਜਿੰਨ੍ਹਾਂ ਨੇ ਨਾਮ ਲਿਆ ਹੈ। ਰੱਬ ਨਾਲ ਮਿਲਣਾਂ ਏਨਾਂ ਅਸਾਨ ਨਹੀਂ ਹੈ ਜਿੰਨਾਂ ਇਹਨਾਂ ਲੋਕਾਂ ਨੇ ਸਮਝ ਰੱਖਿਆ ਹੈ। ਸਹੀ ਗੱਲ ਤਾਂ ਇਹ ਹੈ ਕਿ ਜੇ ਲੋਕਾਂ ਨੂੰ ਗੁਰਬਾਣੀ ਦੀ ਸਮਝ ਲੱਗ ਗਈ ਤਾਂ ਵਿਹਲੇ ਬੈਠੇ ਲੋਕਾਂ ਨੂੰ ਪੁੱਛੇਗਾ ਕੌਣ? ਹੁਣ ਤਾਂ ਇਹ ਗੱਲ ਵੀ ਸਾਹਮਣੇ ਆ ਗਈ ਹੈ ਕਿ ਇਹ ਇੱਕ ਬਹੁਤ ਵੱਡਾ ‘ਵੋਟ ਬੈਂਕ` ਬਣ ਕੇ ਰਹਿ ਗਿਆ ਹੈ ਇਸੇ ਕਰਕੇ ਤਾਂ ਸਿੱਖ {?} ਰਾਜਨੀਤਕ {?} ਲੀਡਰ {?} ਇਹਨਾਂ ਦੇ ਪੈਰੀਂ ਪੈ ਕੇ ਵੋਟਾਂ ਲੈਣ ਲਈ ਮੰਗਤਿਆਂ ਵਾਂਙ ਮੰਗਣ ਤੁਰ ਪਏ ਹਨ। ਹੋਰ ਅੰਦਰ ਖਾਤੇ ਕੀ ਕੁੱਝ ਹੋ ਰਿਹਾ ਹੈ ਉਹ ਵੀ ਛੁਪਿਆ ਹੋਇਆ ਨਹੀਂ ਹੈ।
7. ਗੁਰਦੁਆਰਿਆਂ ਵਿੱਚ ਕਿਰਪਾਨਾਂ ਨਾਲ ਲਹੂ ਲੁਹਾਨ ਹੋਣਾਂ – ਗੁਰਦੁਆਰਿਆਂ ਵਿੱਚ ਹੁਣ ਤੋਂ ਹੀ ਨਹੀਂ ਬਹੁਤ ਸਮੇਂ ਤੋਂ ਤਲਵਾਰਾਂ ਨਿਕਲਦੀਆਂ ਰਹੀਆਂ ਹਨ। ਇਸ ਗੱਲ ਦੀ ਪੁਸ਼ਟੀ ਤਾਂ ਪ੍ਰੋ. ਸਾਹਿਬ ਸਿੰਘ ਨੇ ਹੀ ਆਪਣੀਆਂ ਲਿਖਤਾਂ ਵਿੱਚ {ਅਚਰਜ ਖੇਡ} ਕੀਤੀ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਸਮੇਂ ਦਰਬਾਰ ਸਾਹਿਬ ਵਿੱਚ ਵੀ ਖੂਨ ਖਰਾਬਾ ਜਦੋਂ ਹੋਇਆ ਤਾਂ ਬਹੁਤੇ ਸਿੱਖ ਰਾਧਾ-ਸੁਆਮੀਆਂ ਵੱਲ ਜਾਣੇ ਸ਼ੁਰੂ ਹੋ ਗਏ ਇਸ ਲਈ ਕਿ ਉਹਨਾਂ ਨੂੰ ਖੂਨ ਖਰਾਬਾ ਪਸੰਦ ਨਹੀਂ ਸੀ। ਉਦੋਂ ਤਾਂ ਇੱਕ ਡੇਰਾ ਸੀ ਹੁਣ ਤਾਂ ਇਹ ਕਾਲਜਾਂ ਯੂਨੀਵਰਸਿਟੀਆਂ ਵਾਂਗ ਹੋ ਗਏ ਹਨ। ਇਹਨਾਂ ਦੀ ਹਾਲਤ ਤਾਂ ਇਥੋਂ ਤੱਕ ਹੋ ਗਈ ਹੈ ਜਿਵੇਂ ਡਿਪਲੋਮੇ ਡਿਗਰੀਆਂ ਲੈਣ ਲਈ ਜਦੋਂ ਕਉਂਸਲਿੰਗ ਹੁੰਦੀ ਹੈ ਤਾਂ ਓਥੇ ਕਾਲਜਾਂ ਵਾਲੇ ਭੱਜੇ ਫਿਰਦੇ ਹਨ ਕਿ ਸਾਡੇ ਕਾਲਜ ਵਿੱਚ ਦਾਖਲਾ ਲਓ। ਓਥੇ ਪੜ੍ਹਾਈ ਕਿੱਦਾਂ ਦੀ ਹੁੰਦੀ ਹੈ, ਅੱਗੇ ਕਿਸੇ ਨੂੰ ਨੌਕਰੀ ਮਿਲਦੀ ਵੀ ਹੈ ਜਾਂ ਨਹੀਂ, ਇਹ ਵੱਖਰੀ ਗੱਲ ਹੈ। ਸੋ ਇਹਨਾਂ ਦਾ ਹਾਲ ਅਜਿਹਾ ਹੈ ਕਿ ਕਿਸੇ ਨੂੰ ਰੱਬ ਮਿਲਦਾ ਹੈ ਜਾਂ ਨਹੀਂ, ਕਿਸੇ ਦੇ ਧੀ ਪੁੱਤ ਹੁੰਦਾ ਹੈ ਜਾਂ ਨਹੀਂ, ਕਿਸੇ ਦੇ ਘਰ ਮਾਇਆ ਆਉਂਦੀ ਹੈ ਜਾਂ ਨਹੀਂ, ਕੋਈ ਮਤਲਬ ਨਹੀਂ। ਬਸ! ਆ ਜਾਓ ਤੇ ਦਾਖਲਾ ਲੈ ਲਓ। ਖੈਰ! ਗੱਲ ਵਿੱਚ ਆ ਗਈ। ਪਰ ਬਹੁਤੇ ਲੋਕ ਜੋ ਅਜਿਹੇ ਖੂਨ ਖਰਾਬਿਆਂ ਤੋਂ ਡਰਦੇ ਹਨ ਉਹ ਹੀ ਛੱਡ ਕੇ ਡੇਰੇਦਾਰਾਂ ਵੱਲ ਜਾਂਦੇ ਹਨ। ਹੁਣ ਵੀ ਬਹੁਤੀ ਸਥਿਤੀ ਇਹੋ ਹੈ ਕਿ ਲੋਕ ਖੂਨ ਖਰਾਬਿਆਂ ਦੇ ਡਰ ਕਰਕੇ ਗੁਰਦੁਆਰੇ ਛੱਡ ਚੁੱਕੇ ਹਨ ਤੇ ਡੇਰਿਆਂ ਵਾਲੇ ਪਾਸੇ ਰੁਝਾਨ ਵੱਧਦਾ ਜਾ ਰਿਹਾ ਹੈ।
ਪਰ ਇੱਕ ਗੱਲ ਧਿਆਨ ਵਿੱਚ ਰੱਖ ਲੈਣੀ ਚਾਹੀਦੀ ਹੈ ਕਿ ਬਿਆਸ ਸਤਿਲੁਜ ਵਿੱਚ ਜਿੰਨਾਂ ਪਾਣੀ ਹੈ ਤੇ ਇਕੱਠਾ ਕਰਕੇ ਦੂਜੇ ਰਾਜਾਂ ਨੂੰ ਦਿੱਤਾ ਜਾ ਰਿਹਾ ਹੈ ਇਹ ਤਾਂ ਇਸੇ ਤਰ੍ਹਾਂ ਜਾਂਦਾ ਰਹੇਗਾ। ਜਿਸ ਦਿਨ ਪੂਰੇ ਦਰਿਆ ਸੁੱਕ ਗਏ, ਹੋਰ ਪਾਣੀ ਮੰਗਣ ਵਾਲੇ ਵੀ ਸੁੱਕੇ ਹੀ ਰਹਿਣਗੇ। ਇਸੇ ਤਰ੍ਹਾਂ ਗੁਰੂ ਗਰੰਥ ਸਾਹਿਬ ਦੀ ਬਾਣੀ ਹੈ। ਜਿਸ ਸਦਕਾ ਡੇਰੇ ਚੱਲ ਰਹੇ ਹਨ ਜਿਸ ਦਿਨ ਇਹ ਦਰਿਆ ਸੁੱਕ ਗਿਆ ਓਸੇ ਦਿਨ ਸਭ ਡੇਰੇ ਖਤਮ ਹੋ ਜਾਣਗੇ। ਸੁਵਾਲ ਪੈਦਾ ਹੁੰਦਾ ਹੈ ਕਿ ਫਿਰ ਇਹ ਕੀ ਕਰਨਗੇ?
8. ਗੁਰੂ ਸਾਹਿਬਾਨ ਤੇ ਭਗਤਾਂ ਦਾ ਅਨਪੜ੍ਹੇ ਹੋਣਾਂ - ਗੁਰਬਾਣੀ ਨਾਲੋਂ ਟੁੱਟਣ ਦੀ ਵੱਡੀ ਬੀਮਾਰੀ ਇੱਕ ਇਹ ਵੀ ਹੈ ਕਿ ਮਨ ਗੁਰਬਾਣੀ ਨੂੰ ਇੱਕ ਲਿਖਤੀ ਗਿਆਨ ਵਜੋਂ ਲੈਂਦਾ ਹੈ। ਬਹੁਤਾ ਪੜ੍ਹਿਆ ਲਿਖਿਆ ਵਰਗ ਬਾਣੀ ਤੋਂ ਇਸ ਲਈ ਇਨਕਾਰੀ ਹੈ ਕਿ ਇਹ ਅਨਪੜ੍ਹ ਵਿਅਕਤੀਆਂ ਦੀ ਬਾਣੀ ਹੈ। {ਇੱਕ ਲੇਖਕ ਨੇ ਕਿਸੇ ਲੇਖਕ ਬਾਰੇ ਤਾਂ ਇਥੋਂ ਤੱਕ ਲਿਖ ਦਿੱਤਾ ਕਿ ਫਲਾਣਾ ਲੇਖਕ ਤਾਂ ਕਾਲਜ ਮੂਹਰੋਂ ਨਹੀਂ ਨਿਕਲਿਆਂ। ਕੀ ਕਾਲਜ ਮੂਹਰੋਂ ਹੀ ਨਿਕਲਣ ਵਾਲੇ ਜਾਂ ਅੰਦਰੋਂ ਚੱਕਰ ਮਾਰ ਕੇ ਨਿਕਲਣ ਵਾਲੇ ਹੀ ਚੰਗਾ ਬੋਲ/ਲਿਖ ਸਕਦੇ ਹਨ, ਦੂਜੇ ਨਹੀਂ? ਮੂਹਰੋਂ ਨਿਕਲਣ ਵਾਲੇ ਤੇ ਅੰਦਰੋਂ ਨਿਕਲਣ ਵਾਲੇ ਵੀ ਕੌਮ ਦਾ ਕੀ ਸੰਵਾਰ ਰਹੇ ਹਨ, ਕੋਈ ਦੱਸਣ ਦੀ ਕੋਸ਼ਿਸ਼ ਕਰੇਗਾ? ਸਪੋਕਸਮੈਨ ਦੇ ਕਿਸੇ ਸੰਡੇ ਐਡੀਸ਼ਨ ਵਿੱਚ ਕਿਸੇ ਪ੍ਰੋਫੈਸਰ ਨੇ ਹੀ {ਮੈਨੂੰ ਨਾਮ ਯਾਦ ਨਹੀਂ ਰਿਹਾ ਤੇ ਨਾਂ ਹੀ ਮੋਬਾਈਲ ਨੰਬਰ} ਲਿਖਿਆ ਸੀ ਕਿ ਬਹੁਤੇ ਲੇਖਕ ਤਾਂ ਦਸਵੀਂ ਪਾਸ (ਤੇ ਕਈ ਨਹੀ ਵੀਂ) ਹਨ ਪਰ ਉਹ ਕੀ ਕਮਾਲ ਨਹੀਂ ਕਰ ਰਹੇ? “}} ਅੱਜ ਹਕੀਕਤ ਵੇਖੀਏ ਤਾਂ ਇੱਕ ਬਹੁਤਾ ਪੜ੍ਹਿਆ ਲਿਖਿਆ ਘੱਟ ਪੜ੍ਹੇ ਲਿਖੇ ਨੂੰ ਤਾਂ ਸਮਝਦਾ ਹੀ ਕੁੱਝ ਨਹੀਂ। ਗੁਰੂ ਸਾਹਿਬਾਨਾਂ /ਭਗਤਾਂ ਦੀ ਕਾਲਜਾਂ ਦੀ ਪੜ੍ਹਾਈ ਤਾਂ ਕਿਤੇ ਰਹੀ ਉਹ ਤਾਂ ਸਕੂਲ ਵੀ ਨਹੀਂ ਗਏ। ਤੇ ਜਦੋਂ ਇਹ ਸਕੂਲ ਹੀ ਨਹੀਂ ਗਏ ਤਾਂ ਉਹਨਾਂ ਦੇ ਵਿਚਾਰਾਂ ਨੂੰ ਕਿਓਂ ਪਰਮੁੱਖਤਾ ਦਈਏ? ਗੁਰੂ ਸਾਹਿਬਾਨਾਂ ਕੋਲ ਇੱਕ ਨਿੱਜੀ ਤਜਰਬਾ ਹੈ, ਇੱਕ ਪ੍ਰੈਕਟੀਕਲ ਲਾਈਫ ਹੈ, ਜੋ ਅੱਜ ਦੇ ਪੜ੍ਹਿਆ ਲਿਖਿਆ ਕੋਲ ਨਹੀਂ ਹੈ। {ਪਰ ਜੋ ਡੇਰੇਦਾਰ ‘ਸੰਤ, ਬ੍ਰਹਮ ਗਿਆਨੀ, ਸ੍ਰੀ ੧੦੮ ਆਦਿ ਬਣੇ ਫਿਰਦੇ ਹਨ ਇਹਨਾਂ ਕੋਲ ਤਾਂ ਪ੍ਰੈਕਟੀਕਲ ਲਾਈਫ ਵੀ ਨਹੀਂ ਹੈ} ਅੰਗਰੇਜ਼ੀ ਪੜ੍ਹਨ ਵਾਲਿਆਂ ਕੋਲ ਕਾਲਜੀ ਪੜ੍ਹਾਈ ਜ਼ਰੂਰ ਹੈ ਪਰ ਉਹਨਾਂ ਕੋਲ ਜ਼ਿੰਦਗੀ ਦਾ ਤਜਰਬਾ ਨਹੀਂ ਹੈ। ਉਹ ਨੀਤੀਆਂ ਘੜ੍ਹ ਸਕਦਾ ਹੈ, ਪਰ ਜੀਵਨ ਜਾਚ ਨਹੀਂ ਦੇ ਸਕਦਾ। ਅੰਗਰੇਜ਼ੀ ਬੋਲਣ ਵਾਲਾ ਤਾਂ ਅਨਪੜ੍ਹਿਆਂ ਸਾਹਮਣੇ ਗੱਲ ਹੀ ਅੰਗਰੇਜ਼ੀ ਵਿੱਚ ਕਰ ਜਾਂਦਾ ਹੈ ਤਾਂ ਕਿ ਅਨਪੜ੍ਹੇ ਨੂੰ ਪਤਾ ਹੀ ਨਾਂ ਲੱਗੇ ਕਿ ਉਹ ਕੀ ਕਹਿ ਗਿਆ ਹੈ? ਪਰ ਗੁਰੂ ਸਾਹਿਬਾਨਾਂ ਜਾਂ ਭਗਤਾਂ ਨੇ ਆਪਣਾ ਫੈਸਲਾ ਤਾਂ ਉਦੋਂ ਹੀ ਦਿੱਤਾ ਕਿ ‘ਪੜਿਆ ਮੂਰਖੁ ਆਖੀਐ ਜਿਸੁ ਲਭੁ ਲੋਭੁ ਅਹੰਕਾਰਾ।। ੧੪੦।।
ਗੁਰੂ ਸਾਹਿਬਾਨਾਂ ਦੀ ਇਹ ਵਿਚਾਰਧਾਰਾ {ਜੋ ਗੁਰੂ ਰੂਪ ਮਾਂ ਪਿਓਂ ਵਾਂਗ ਹੈ} ਪੱਲ ਪੱਲ ਸਾਡਾ ਮਾਰਗ ਦਰਸ਼ਨ ਕਰਦੀ ਹੈ ਤੇ ਇੱਕ ਮਾਂ ਪਿਓ ਵਾਂਗ ਸਾਡੀ ਉਂਗਲ ਫੜ ਕੇ ਰੱਖਦੀ ਹੈ ਕਿ ਕਿਧਰੇ ਮਨੁੱਖ ਥਿੜਕ ਨਾ ਜਾਵੇ। ਪਰ ਮਨ ਥਿੜਕ ਜਾਂਦਾ ਹੈ ਕਿ ਇਸ ਦੇ ਪੜ੍ਹਨ ਨਾਲ ਕੁੱਝ ਨਹੀਂ ਹੋਣਾਂ। ਆਂਢ ਗਵਾਂਢ ਕਿਸੇ ਨੇ ਦੱਸ ਪਾਈ ਕਿ ਸਾਡਾ ਵੀ ਇਹੋ ਹਾਲ ਸੀ। ਬਹੁਤ ਬਾਣੀ ਪੜ੍ਹ ਲਈ ਜਦੋਂ ਕਈ ਸਾਲ ਇਹੋ ਕੁੱਝ ਕਰਦੇ ਰਹੇ ਤੇ ਜਦੋਂ ਸਾਨੂੰ ਸੋਝੀ ਆਈ {ਜਾਂ ਕਿਸੇ ਨੇ ਦੱਸ ਦਿੱਤਾ} ਕਿ ਫਲਾਣੇ ਸੰਤ ਕੋਲ ਜਾਓ ਤਾਂ ਸਭ ਕੁੱਝ ਸਹੀ ਹੋ ਗਿਆ ਤੱਦ ਤੋਂ ਅਸੀਂ ਤਾਂ ਉਹਨਾਂ ਮਹਾਰਾਜ ਜੀ ਨੂੰ ਮੰਨਦੇ ਆ ਰਹੇ ਹਾਂ ਤੇ ਨਾਲੇ ਉਹਨਾਂ ਕੋਲੋਂ ਨਾਮ ਦਾਨ ਵੀ ਲੈ ਲਿਆ ਹੈ। ਹੁੰਦਾ ਕੀ ਹੈ? ਇਹ ਇੱਕ ਸੰਜੋਗ ਬਣਦਾ ਹੈ ਤੇ ਬੱਸ ਫਿਰ ਪੁੱਛੋ ਕੁੱਝ ਨਾਂ। ਘਰ ਵਿੱਚ ਲਹਿਰਾਂ ਬਹਿਰਾਂ ਹੋਣ ਲੱਗ ਪੈਂਦੀਆਂ ਹਨ, ਤੇ ਕਰੈਡਿਟ ਮਿਲਦਾ ਹੈ ‘ਅਖੌਤੀ ਸੰਤਾਂ ਨੂੰ`। ਇਸੇ ਕਾਰਨ ਕਰਕੇ ਇੱਕ ਦੀ ਵੇਖਾ ਸੇਖੀ ਸਾਰੇ ਉਸ ਰਾਹ ਤੁਰ ਪੈਂਦੇ ਹਨ ਤੇ ਇਹਨਾਂ ਦੀਆਂ ਗੋਲਕਾਂ ਭਰਦੀਆਂ ਚਲੀਆਂ ਜਾਂਦੀਆਂ ਹਨ। ਫਿਰ ਇੱਕ ਤੋਂ ਵੱਧ ਇੱਕ ਨਵਾਂ ਸੰਤ ਹੋਰ ਜਨਮ ਲੈ ਲੈਂਦਾ ਹੈ।
ਅਸੀਂ ਸਾਰੇ ਹੀ ਅਕਸਰ ਬੱਸਾਂ ਵਿੱਚ ਸਫਰ ਕਰਦੇ ਹਾਂ। ਰਸਤੇ ਵਿੱਚ ਜਾਂਦੇ ਟਰੱਕਾਂ ਦੇ ਪਿਛਲੇ ਪਾਸੇ ਇੱਕ ਲਾਈਨ ਲਿਖੀ ਹੁੰਦੀ ਹੈ ਕਿ ‘ਸਮੇਂ ਤੋਂ ਪਹਿਲਾਂ ਤੇ ਕਿਸਮਤ ਤੋਂ ਜ਼ਿਆਦਾ ਨਹੀਂ ਮਿਲਦਾ`। ਜਦੋਂ ਸਮਾਂ ਹੁੰਦਾ ਹੈ ਇਹ ਵਰਤਾਰਾ ਵਰਤ ਜਾਂਦਾ ਹੈ। ਕੁਦਰਤੀ ਗੱਲ ਹੈ ਕਿ ਸਮੇਂ ਦਾ ਹੋਣਾਂ ਵੀ ਜ਼ਰੂਰੀ ਹੈ ਤੇ ਕਿਸਮਤ ਦਾ ਵੀ। ਜਦੋਂ ਸਮਾਂ ਨਹੀਂ ਤਾਂ ਵਰਤਾਰਾ ਨਹੀਂ ਵਰਤਦਾ। ਜਦੋਂ ਕਿਸਮਤ ਵਿੱਚ ਨਹੀਂ ਤੇ ਉਹ ਵੀ ਨਹੀਂ ਮਿਲਦਾ। ਪਰ ਜੇ ਦੇਰ ਸਵੇਰ ਮਿਲਿਆ ਵੀ ਤਾਂ ਉਹ ਸਮੇਂ ਤੇ ਕਿਸਮਤ ਦੀ ਗੱਲ ਹੈ। ਹੁੰਦਾ ਇਹ ਹੈ ਕਿ ਜਦੋਂ ਮਨੁੱਖ ਚਾਹੁੰਦਾ ਹੈ ਉਦੋਂ ਸਮਾਂ ਨਹੀਂ ਹੁੰਦਾ ਤੇ ਨਾਂ ਹੀ ਕਿਸਮਤ ਹੁੰਦੀ ਹੈ। ਕਦੀ ਕਿਸੇ ਨੇ ਸੋਚਿਆ ਸੀ ਕਿ ਕਦੀ ਦਰਬਾਰ ਸਾਹਿਬ ਉਤੇ ਟੈਕਾਂ ਨਾਲ ਹਮਲਾ ਹੋਵੇਗਾ ਤੇ ਕਿੰਨੇ ਲੋਕ ਮਾਰੇ ਜਾਣਗੇ? ਤੇ ਫਿਰ ਪੂਰੇ ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋ ਜਾਵੇਗੀ। ਅੱਜ ਵੀ ਕਿੰਨੇ ਸਾਲ ਹੋ ਗਏ ਹਨ ਕੀ ਉਸ ਕਤਲੇਆਮ ਵਿੱਚ ਮਾਰੇ ਗਏ ਸਿੱਖਾਂ ਲਈ ਸਿੱਖਾਂ ਨੂੰ ਇਨਸਾਫ ਮਿਲਿਆ? ਕੀ ਅਸੀਂ ਕਦੀ ਆਸ ਰੱਖ ਸਕਦੇ ਹਾਂ ਇਨਸਾਫ ਮਿਲੇਗਾ? ਕੀ ਹਾਲੇ ਵੀ ਸਾਡੀ ਕਿਸਮਤ ਵਿੱਚ ਨਹੀਂ ਜਾਂ ਸਮਾਂ ਹੀ ਨਹੀਂ ਆਇਆ ਹੈ? ਕੀ ਡੇਰੇਦਾਰਾਂ ਨੂੰ ਮੰਨਣ ਵਾਲਿਆਂ ਦੇ ਪਰਿਵਾਰਾਂ ਵਿੱਚੋਂ ਕੋਈ ਜੇਲ੍ਹਾਂ ਵਿੱਚ ਨਹੀਂ ਸੜ੍ਹ ਰਿਹਾ? ਕੀ ਕਦੀ ਕਿਸੇ ਨੇ ਆਪਣੇ ਮਹਾਰਾਜ ਜੀ ਕੋਲ ਫਰਿਆਦ ਕੀਤੀ ਕਿ ਸਾਡਾ ਬੰਦਾ ਪਿਛਲੇ ੩੦-੩੫ ਸਾਲ ਤੋਂ ਜੇਲ੍ਹ ਵਿੱਚ ਬੰਦ ਹੈ ਉਸ ਨੂੰ ਛਡਵਾ ਦਿਓ? ਸਰਕਾਰਾਂ ਤੁਹਾਡੀ ਮੰਨਦੀਆਂ ਹਨ ਤੁਹਾਡੇ ਕੋਲੋਂ ਵੋਟਾਂ ਮੰਗਦੀਆਂ ਹਨ, ਕੁੱਝ ਮੱਦਦ ਕਰੋ। ਉਹ ਕਿਓਂ ਨਹੀਂ ਕਰਦੇ? ਜੇ ਮਹਾਰਾਜ ਕਿਸੇ ਹੋਰ ਕੰਮ ਲਈ ਕਹਿੰਦੇ ਹਨ ਕਿ ਸਮਾਂ ਆਉਣ `ਤੇ ਕਿਰਪਾ ਹੋ ਜਾਵੇਗੀ ਤਾਂ ਉਹ ਸਮਾਂ ਕਦੋਂ ਆਵੇਗਾ ਤੇ ਕਦੋਂ ਕਿਸਮਤ ਖੁਲ੍ਹੇਗੀ? ਕਦੀ ਇਹ ਵੀ ਸੋਚਿਆ ਸੀ ਕਿ ਅਜਿਹੇ ਕਾਰੇ ਤੋਂ ਬਾਅਦ ਸਿੱਖ ਪੰਜਾਬ ਦੀਆਂ ਤੇ ਹੋਰ ਜੇਲ੍ਹਾਂ ਵਿੱਚ ਆਪਣੀ ਜ਼ਿੰਦਗੀ ਹੀ ਬਿਤਾ ਦੇਣਗੇ? ਜੇ ਇਹ ਸਾਰਾ ਕੁੱਝ ‘ਸੰਤਾਂ` ਨਾਲ ਮਿਲ ਜਾਂਦਾ ਹੈ ਤਾਂ ਇਹ ਡੇਰੇਦਾਰ ਬੈਠੇ ਕੌਮ ਲਈ ਕਿਓਂ ਨਹੀਂ ਕੁੱਝ ਕਰਦੇ? ਕੀ ਇਹਨਾਂ ਕੋਲ ਸਿਰਫ ਪੁੱਤਰਾਂ ਦੀਆਂ, ਪੈਸੇ ਦੀਆਂ, ਬੀਮਾਰੀਆਂ ਦੀਆਂ, ਜਾਂ ਵਿਆਹ ਸ਼ਾਦੀਆਂ ਲਈ ਚੰਗੇ ਰਿਸ਼ਤੇਦਾਰ ਮਿਲਾ ਦੇਣ ਦੇ ਸਾਧਨ ਹਨ, ਕੌਮ ਲਈ ਨਹੀਂ। ਕੀ ਕੌਮ ਦੇ ਉਹ ਲੋਕ ਇਹਨਾਂ ਡੇਰੇਦਾਰਾਂ ਕੋਲ ਜਾ ਕੇ ਕਹਿਣਗੇ ਕਿ ਪਿਛਲੇ ੩੦-੩੫ ਸਾਲਾਂ ਤੋਂ ਸਾਡੇ ਬੱਚਿਆਂ ਤੇ ਕਿਰਪਾ ਕਰਕੇ ਉਹਨਾਂ ਨੂੰ ਛੁਡਵਾਓ।
ਜੇ ਕੋਈ ਇਹ ਕਹੇ ਕਿ ਗੁਰਬਾਣੀ ਕਿਸੇ ਨੂੰ ਰੋਟੀ ਨਹੀਂ ਦੇ ਸਕਦੀ, ਕੋਈ ਬੇਰੁਜ਼ਗਾਰੀ ਨਹੀਂ ਹਟਾ ਸਕਦੀ, ਕੋਈ ਕਿਸੇ ਨੂੰ ਸਜ਼ਾ ਨਹੀਂ ਦੇ ਸਕਦੀ ਤੇ ਇਸ ਦੇ ਪੜ੍ਹਨ ਨਾਲ ਕੋਈ ਫਾਇਦਾ ਨਹੀਂ ਹੈ ਉਹ ਇਹ ਗੱਲ ਦਿਲੋਂ ਕੱਢ ਦਵੇ। ਅੱਜ ਡੇਰੇ ਰੂਪੀ ਜੋ ਫੈਕਟਰੀਆਂ ਸੰਤਾਂ ਦੀਆਂ ਲੱਗ ਚੁੱਕੀਆਂ ਹਨ ਤੇ ਲੱਗੀ ਜਾ ਰਹੀਆਂ ਹਨ ਉਹ ਗੁਰਬਾਣੀ ਦੀ ਹੀ ਦੇਣ ਹੈ। ਕਿਸੇ ਡੇਰੇਦਾਰ ਨੇ ਕੁੱਝ ਨਹੀਂ ਦਿੱਤਾ ਸਗੋਂ ਕੌਮ ਦੀ ਖੁਆਰੀ ਕੀਤੀ ਹੈ ਸੋ ਲੋੜ ਹੈ ਗੁਰਬਾਣੀ ਨੂੰ ਆਪ ਪੜ੍ਹ ਕੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਜਾਗਰੂਕ ਹੋਈਏ। ਰਹੀ ਰੱਬ ਦੀ ਪ੍ਰਾਪਤੀ ਦੀ ਗੱਲ, ਜਦੋਂ ਤੁਸੀਂ ਗਿਆਨਵਾਨ ਹੋ ਗਏ, ਵਿਸ਼ਾਲ ਹਿਰਦੇ ਵਾਲੇ ਹੋ ਗਏ, ਸਮਝੋ ਰੱਬ ਦੀ ਪ੍ਰਾਪਤੀ ਹੋ ਗਈ ਤੇ ਰੱਬ ਮਿਲ ਗਿਆ। ਜੱਦ ਤੱਕ ਤੁਸੀਂ ਅਗਿਆਨੀ ਹੋ ਹਨੇਰੇ ਵਿੱਚ ਹੋ। ਮਨਸੂਰ ਦਾ ਕਥਨ ਹੈ- ‘ਜਿਸ ਕਿਸਮ ਦੀ ਬੰਦਗੀ ਤੁਸੀਂ ਕਰਦੇ ਹੋ ਖੁੱਦ ਉਹੋ ਕੁੱਝ ਹੁੰਦੇ ਹੋ। ਬੁੱਤ ਪੂਜਾ ਕਰਨ ਵਾਲਾ ਆਪ ਪੱਥਰ ਹੁੰਦਾ ਹੈ ਜੇ ਮਨੁੱਖ ਦੀ ਪੂਜਾ ਕਰੋਗੇ ਤਾਂ ਮਨੁੱਖ ਹੋਵੋਗੇ ਤੇ ਜੇ ਰੱਬ ਦੀ ਬੰਦਗੀ ਕਰੋਗੇ ਤਾਂ ਤੁਸੀਂ ਕੀ ਬਣ ਜਾਵੋਗੇ, ਇਹ ਕੋਈ ਮਨਸੂਰ ਹੀ ਦੱਸ ਸਕਦਾ ਹੈ`।
9. ਡੇਰੇਦਾਰਾਂ ਨੇ ਸਿੱਖਾਂ ਦੀ ਮਾਨਸਿਕਤਾ ਨੂੰ ਪੜ੍ਹ ਲਿਆ ਹੈ – ਕਹਿੰਦੇ ਨੇ ਚੇਹਰਾ ਮਨ ਦਾ ਪ੍ਰਤੀਬਿੰਬ ਹੁੰਦਾ ਹੈ। ਚੇਹਰਾ ਮਨ ਦੀ ਸਥਿਤੀ ਦੱਸ ਦਿੰਦਾ ਹੈ ਕਿ ਫਲਾਣਾ ਮਨੁੱਖ ਕਿਹੋ ਜਿਹਾ ਹੈ। ਫਿਰ ਉਸ ਨੂੰ ਓਸੇ ਤਰੀਕੇ ਨਾਲ ਗੱਲ ਬਾਤ ਕਰਕੇ ਉਸ ਦਾ ਭੇਦ ਲੈ ਲਿਆ ਜਾਂਦਾ ਹੈ ਤੇ ਫਿਰ ਬਲੈਕ ਮੇਲ ਕੀਤਾ ਜਾਂਦਾ ਹੈ। ਆਪੂੰ ਬਣੇ ਸੰਤ ਜਾਣਦੇ ਹਨ ਕਿ ਇਹਨਾਂ ਸਿੱਖਾਂ ਨੂੰ {ਜਾਂ ਬਹੁਤੀ ਲੋਕਾਈ ਨੂੰ} ਕੀ ਚਾਹੀਦਾ ਹੈ, ਉਹ ਓਸੇ ਹਿਸਾਬ ਨਾਲ ਚੋਗਾ ਸੁੱਟਦੇ ਹਨ। ਜਿਹੜਾ ਚੋਗਾ ਉਹ ਸੁੱਟਦੇ ਹਨ ਇਹ ਨਾਂ ਜਾਣਦੇ ਹੋਏ ਇਹਨਾਂ ਸਿੱਖਾਂ ਦੀ ਬਿਰਤੀ ਇਹ ਹੁੰਦੀ ਹੈ ਕਿ ‘ਜਿਉ ਕੂਕਰ ਹਰਕਾਇਆ ਧਾਵੈ ਦਹ ਦਿਸ ਜਾਇ।। ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭਿ ਖਾਇ।। ਪੰਨਾਂ ੫੦।। ਮਨੁੱਖ ਦੀ ਤੁਲਨਾਂ ਗੁਰੂ ਸਾਹਿਬਾਨਾਂ ਨੇ ਇੱਕ ਕੁੱਤੇ ਨਾਲ ਕੀਤੀ ਹੈ {ਕੁੱਤੇ ਨਾਲ ਹੀ ਨਹੀਂ ਬਲਕਿ ਬਾਣੀ ਪੜ੍ਹੋ ਤਾਂ ਜਾਨਵਰਾਂ ਦੇ ਨਾਲ ਵੀ ਤੁਲਨਾਂ ਕੀਤੀ ਮਿਲਦੀ ਹੈ} ਜੋ ਆਪਣੇ ਲੋਭ ਖਾਤਰ ਸਭ ਥਾਂਵਾਂ `ਤੇ ਮੂੰਹ ਮਾਰੀ ਫਿਰਦਾ ਹੈ। ਕਹਿੰਦੇ ਹਨ ਹਿਰਨਾਂ ਨੂੰ ਇਕੱਠੇ ਕਰਨ ਲਈ ਇੱਕ ਨਾਦ ਵਜਾਇਆ ਜਾਂਦਾ ਹੈ ਜਿਸ ਨਾਲ ਉਹ ਸਾਰੇ ਹਿਰਨ ਉਸ ਨਾਦ ਦੀ ਅਵਾਜ਼ ਸੁਣ ਕੇ ਉਸ ਵੱਲ ਦੌੜਦੇ ਹਨ। ਸੋ ਡੇਰੇਦਾਰ ਵੀ ਉਸ ਸ਼ਿਕਾਰੀ ਵਾਂਙ ਹਨ ਜੋ ਨਾਮ-ਨਾਮ ਦਾ, ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਮੁਕਤੀ ਹਾਸਲ ਕਰਨ ਦਾ ਨਾਦ ਵਜਾਉਂਦੇ ਹਨ ਜਿਸ ਨਾਲ ਉਹ ਸਾਰੇ ਦੌੜਦੇ ਚਲੇ ਜਾਂਦੇ ਹਨ। ਇਸ ਨੂੰ ਕਹਿੰਦੇ ਹਨ ਮਨੁੱਖ ਦੀ ਮਾਨਸਕਿਤਾ ਨੂੰ ਪੜ੍ਹਨਾਂ। ਇਹੋ ਹੀ ਸੱਭ ਤੋਂ ਵੱਡਾ ਕਾਰਨ ਹੈ ਕਿ ਸਾਡੇ ਅਨੇਕਾਂ ਪਰਚਾਰਕ ਅਜਿਹਾ ਨਾਦ ਵਜਾਉਣ ਵਿੱਚ ਅਸਫਲ ਹਨ ਜਿਸ ਕਰਕੇ ਲੋਕ ਗੁਰਬਾਣੀ ਨਾਲੋਂ ਟੁੱਟ ਰਹੇ ਹਨ ਤੇ ਟੁੱਟਦੇ ਜਾ ਰਹੇ ਹਨ। ਕੁੱਝ ਤਾਂ ਅਜਿਹੇ ਪਰਚਾਰਕ ਹਨ ਜੋ ਗੁਰਬਾਣੀ ਨੂੰ ਛੱਡ ਕੇ ਗੁਰਬਾਣੀ ਤੋਂ ਬਾਹਰ ਦੀ ਗੱਲ ਕਰਨ ਲੱਗ ਪਏ ਹਨ ਤੇ ਗੁਰਮਤਿ ਦੀ ਗੱਲ ਕਰਨ ਵਾਲਿਆਂ ਨਾਲ ਹੀ ਉਲਝੀ ਬੈਠੇ ਹਨ। ਇਹਨਾਂ ਦੀ ਇਸ ਲੜਾਈ ਨੇ ਸਿੱਖਾਂ ਨੂੰ ਗੁਰਬਾਣੀ ਤੋਂ ਜਿੱਥੇ ਦੂਰ ਕੀਤਾ ਹੈ ਓਥੇ ਇਹ ਡੇਰੇਦਾਰਾਂ ਨੂੰ ਹੀ ਵਧਾਉਣ ਦੇ ਜ਼ਿੰਮੇਵਾਰ ਹਨ ਤੇ ਗੁਰੂ ਨਾਨਕ ਵਿਚਾਰਧਾਰਾ {ਦੇ ਖਾਸ ਕਰਕੇ} ਅੰਦਰੂਨੀ ਤੌਰ `ਤੇ ਵਿਰੋਧੀ ਹਨ, ਉਹ ਵੀ ਅੰਮ੍ਰਿਤ ਛਕ ਕੇ ਗਾਤਰੇ ਪਾਕੇ ਤੇ ਲੰਮੀਆਂ ਦਾੜ੍ਹੀਆਂ ਰੱਖ ਕੇ। ਟੀ. ਵੀ. ਚੈਨਲਾਂ `ਤੇ ਆ ਕੇ ਜੋ ਪਰਚਾਰਕ ਪਰਚਾਰ ਕਰਦੇ ਹਨ ਉਹਨਾਂ ਦਾ ਮਕਸਦ ਹੀ ਗੁਰਬਾਣੀ ਨਾਲੋਂ ਤੋੜਨਾਂ ਹੈ ਨਾਂ ਕਿ ਜੋੜਨਾਂ। ਇਹ ਤਾਂ ਸਿੱਖੀ ਦੇ ਪਰਚਾਰ ਦਾ ਇੱਕ ਵਿਖਾਵਾ ਹੈ ਤੇ ਸੇਵਾ ਦਾ ਝੂਠਾ ਬਹਾਨਾਂ। ਪਾਠਕ ਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਆਪ ਪੜ੍ਹਨਾਂ ਚਾਹੀਦਾ ਹੈ। ਇੱਕ ਸਮੇਂ ਬਾਦ ਗੁਰਮਤਿ ਆਪ ਸੋਝੀ ਦੇ ਦਵੇਗੀ ਕਿ ਕੌਣ ਠੀਕ ਬੋਲਦਾ ਹੈ, ਤੇ ਕੌਣ ਗਲਤ।। ਗੁਰਬਾਣੀ ਨੇ ਸਾਫ ਫੈਸਲਾ ਦਿੱਤਾ ਹੈ ਕਿ ‘ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ।। ` ਪੰਨਾਂ ੯੩੭।। ਤੁਹਾਨੂੰ ਓਹੋ ਕੁੱਝ ਮਿਲਣਾਂ ਹੈ ਜੋ ਤੁਹਾਡੀ ਕਿਸਮਤ ਵਿੱਚ ਲਿਖਿਆ ਗਿਆ ਹੈ, ਸੋ ਕਿਸੇ ਸੰਤ ਮਹਾਰਾਜ ਕੋਲ ਜਾਣ ਨਾਲੋਂ ਚੰਗਾ ਹੈ ਆਪਣੀ ਮੇਹਨਤ ਦੀ ਕਮਾਈ ਕੀਤੀ ਜਾਵੇ ਤੇ ਰੱਬ ਦਾ ਭੈ ਮਨ ਵਿੱਚ ਰੱਖਿਆ ਜਾਵੇ।
ਇਹ ਕੁੱਝ ਕਾਰਨ ਹਨ ਜਿੰਨ੍ਹਾਂ ਕਰਕੇ ਲੋਕ ਡੇਰੇਦਾਰਾਂ ਵੱਲ ਭੱਜ ਰਹੇ ਹਨ, ਇਹਨਾਂ ਨੂੰ ਇਸ ਪਾਸੇ ਤੋਂ ਹਟਾਉਣ ਲਈ ਕੋਈ ਤਰਕ ਦਲੀਲ ਕੰਮ ਨਹੀਂ ਕਰ ਸਕਦੀ। ਹੋਰ ਸੱਭ ਗੱਲਾਂ ਨਾਲੋਂ ਸੱਭ ਤੋਂ ਵੱਡਾ ਕਾਰਨ ਜੋ ਬਣਦਾ ਹੈ ਕਿ ਸਾਡੀ ਸਿੱਖ ਲੀਡਰਸ਼ਿਪ ਨੇ ਸਿੱਖਾਂ ਨੂੰ ਹੀ ਮਰਵਾਇਆ ਹੈ। ਜੋ ਫੜ੍ਹੇ ਗਏ ਹਨ ਉਹਨਾਂ ਨੂੰ ਪਿਛਲੇ ੩੦-੩੫ ਸਾਲਾਂ ਤੋਂ ਛੱਡਣ ਦਾ ਨਾਮ ਕਿਸੇ ਸਿੱਖ ਲੀਡਰ ਨੇ ਨਹੀਂ ਕੀਤਾ ਤੇ ਨਾਂ ਹੀ ਸੁਣਵਾਈ ਕੀਤੀ ਹੈ, ਉਹ ਕਰਨਗੇ ਵੀ ਨਹੀਂ, ਚਾਹੇ ਕੋਈ ਵੀ ਪਾਰਟੀ ਜਿੱਤ ਕੇ ਆ ਜਾਵੇ, ਕਿਓਂ ਕਿ ਸਿੱਖੀ ਨੂੰ ਖਤਮ ਕਰਨ ਲਈ ‘ਇੱਕ ਨੁਕਾਤੀ` ਪਰੋਗਰਾਮ ਜੋ ਦੇਸ਼ ਦੀ ਬਹੁ ਗਿਣਤੀ ਵਲੋਂ ਉਲੀਕਿਆ ਗਿਆ ਹੈ, ਤੇ ਸਿੱਖ ਲੰਗਰ ਖਾਣ ਕਰਕੇ ਓਧਰ ਭੱਜੇ ਜਾ ਰਹੇ ਹਨ, ਇਸ ਕਰਕੇ ਲੋਕ ਡੇਰੇਦਾਰਾਂ ਵੱਲ ਜਾਣਗੇ ਹੀ। ਇਹ ਵੱਖਰੀ ਗੱਲ ਹੈ ਕਿ ਜਿੰਨ੍ਹਾਂ ਡੇਰਿਆਂ ਵਿੱਚ ਲੰਗਰ ਨਹੀਂ ਹੈ ਉਹਨਾਂ ਵੱਲ ਨਹੀਂ ਜਾਣਗੇ।




.