.

ਮਿਲਨ ਕੀ ਬਰੀਆ (ਭਾਗ 9)

ਕਈ ਜਨਮ ਗਰਭ ਹਿਰਿ ਖਰਿਆ ॥

ਜਦੋਂ ਮਾਂ ਦੇ ਪੇਟ ਵਿਚ ਬੱਚਾ ਨਾ ਠਹਿਰੇ ਤਾਂ ਉਸਨੂੰ ਬਾਂਝ ਕਹਿੰਦੇ ਹਨ। ਜੇ ਬੱਚਾ ਠਹਿਰੇ ਪਰ ਥੋੜ੍ਹੇ ਸਮੇ ਲਈ ਠਹਿਰੇ ਤਾਂ ਉਹ ਵੀ ਬਾਂਝ ਹੋ ਜਾਂਦੀ ਹੈ। ਜੇ ਬੱਚਾ ਪੈਦਾ ਹੋਣ ਸਾਰ ਹੀ ਮਰ ਜਾਏ ਤਾਂ ਵੀ ਮਾਂ ਬਾਂਝ ਕਹਿਲਾਉਂਦੀ ਹੈ। ਇੰਜ ਹੀ ਸਾਡੀ ਮੱਤ ਦੇ ਗਰਭ ਅੰਦਰ ਧਰਮ ਦੀ ਗਲ 2-3 ਪਲ ਜਾਂ 2-3 ਘੜੀਆਂ ਤਕ ਹੀ ਟਿਕਦੀ ਹੈ। ਉਸਤੋਂ ਬਾਅਦ ਉਸਦਾ ਪਤਨ ਹੋ ਜਾਂਦਾ ਹੈ। ਇਹ ‘ਗਰਭ ਹਿਰਿ ਖਰਿਆ’ ਦੀ ਅਵਸਥਾ ਹੀ ਹੈ।

ਇਕ ਹਸਪਤਾਲ ਦੀ ਕਹਾਣੀ ਸਾਂਝ ਕਰਦਾ ਹਾਂ। ਇਕ ਮਰੀਜ਼ ਬੜਾ ਹੀ ਲਾਚਾਰ ਸੀ ਜੋ ਕਿ ਆਪਣੇ ਅੰਤਲੇ ਸ੍ਵਾਸ ਗਿਣ ਰਿਹਾ ਸੀ। ਉਸਨੂੰ ਆਸ ਸੀ ਕਿ ਮੇਰਾ ਪੁੱਤਰ ਜਸਵੰਤ ਮੈਨੂੰ ਮਿਲਣ ਜ਼ਰੂਰ ਆਵੇਗਾ। ਨਰਸ ਨੂੰ ਹਰ ਰੋਜ਼ ਪੁੱਛਦਾ ਸੀ, ਕੀ ਮੇਰਾ ਪੁੱਤਰ ਆਇਆ? ਭਾਵੇਂ ਉਹ ਹੋਸ਼ ਵਿਚ ਨਹੀਂ ਸੀ ਪਰ ਫਿਰ ਵੀ ਨਰਸ ਨੂੰ ਕਹਿੰਦਾ ਸੀ ਕਿ ਮੇਰੀ ਆਕਸੀਜ਼ਨ ਲਗਾਈ ਰੱਖਣਾ! ਮੇਰਾ ਪੁੱਤਰ ਜ਼ਰੂਰ ਮਿਲਣ ਆਏਗਾ।

ਇਕ ਦਿਨ ਨਰਸ ਨੇ ਇਕ ਅਜਨਬੀ ਨੂੰ ਵੇਖਿਆ ਜੋ ਕਿ ਉਸੇ ਮਰੀਜ਼ ਦੇ ਕਮਰੇ ਦੇ ਬਾਹਰ ਖੜਾ ਸੀ। ਨਰਸ ਨੇ ਸਹਿਜੇ ਹੀ ਪੁੱਛਿਆ ਕੀ ਤੁਸੀਂ ਜਸਵੰਤ ਹੋ? ਤੁਸੀਂ ਆਪਣੇ ਪਿਤਾ ਜੀ ਨੂੰ ਲਭ ਰਹੇ ਹੋ! ਤੁਹਾਡੇ ਪਿਤਾ ਜੀ ਤੁਹਾਡੀ ਉਡੀਕ ਕਰ ਰਹੇ ਹਨ। ਉਹ ਛੇਤੀ ਨਾਲ ਜਸਵੰਤ ਨੂੰ ਲੈਕੇ ਉਸ ਮਰੀਜ਼ ਕੋਲ ਗਈ ਅਤੇ ਮਰੀਜ਼ ਦਾ ਹੱਥ ਉਸਦੇ ਪੁੱਤਰ ਦੇ ਹੱਥ ਫੜਾਕੇ ਕਹਿੰਦੀ ਹੈ ਕਿ ਇਹ ਵੇਖੋ ਤੁਹਾਡਾ ਪੁੱਤਰ ਅਇਆ ਹੈ, ਤੁਹਾਡਾ ਹੱਥ ਫੜਕੇ ਖਲੋਤਾ ਹੈ। ਜਸਵੰਤ ਨੇ ਉਸ ਬਜ਼ੁਰਗ ਦਾ ਹੱਥ ਫੜ ਲਿਆ। ਸਵੇਰ ਦੇ 10 ਵਜੇ ਸਨ ਤੇ ਸ਼ਾਮ ਦੇ 6 ਵਜ ਗਏ ਉਹ ਉਸਦਾ ਹੱਥ ਫੜਕੇ ਖੜਾ ਰਿਹਾ। ਹੋਲੇ-ਹੋਲੇ ਹੱਥ ਦੀ ਪੱਕੜ ਛੁਟਦੀ ਗਈ ਤੇ ਉਸ ਮਰੀਜ਼-ਪਿਤਾ ਦੀ ਮੌਤ ਹੋ ਗਈ। ਜਸਵੰਤ ਦੌੜਕੇ ਨਰਸ ਕੋਲ ਗਿਆ ਤੇ ਕਿਹਾ ਕਿ ਉਹ ਮਰੀਜ਼ ਨਹੀਂ ਰਿਹਾ! ਨਰਸ ਪੁੱਛਦੀ ਹੈ, ਮਰੀਜ਼? ਤੁਸੀਂ ਉਨ੍ਹਾਂ ਨੂੰ ਮਰੀਜ਼ ਕਿਉਂ ਕਹਿ ਰਹੇ ਹੋ? ਕੀ ਉਹ ਤੁਹਾਡੇ ਪਿਤਾ ਜੀ ਨਹੀਂ? ਉਸਨੇ ਕਿਹਾ, "ਨਹੀਂ! ਜਦੋਂ ਮੈਂ ਹਸਪਤਾਲ ਪਹੁੰਚਿਆ ਤੇ ਜਿਸ ਮਰੀਜ਼ ਨੂੰ ਮਿਲਣ ਆਇਆ ਸੀ ਉਸਦਾ ਕਮਰਾ ਮੈਨੂੰ ਨਹੀਂ ਸੀ ਪਤਾ। ਹੁਣੇ ਲੱਭ ਹੀ ਰਿਹਾ ਸੀ ਕਿ ਤੁਸੀਂ ਆਕੇ ਮੈਨੂੰ ਪੁੱਛਿਆ, ਕੀ ਮੈਂ ਜਸਵੰਤ ਹਾਂ? ਅਤੇ ਉਸ ਤੋਂ ਬਾਦ ਕੁਝ ਬੋਲਣ ਦਾ ਚਿੱਤ ਹੀ ਨਹੀਂ ਕੀਤਾ। ਮੈਨੂੰ ਲਗਿਆ ਕਿ ਇਸ ਮਰੀਜ਼ ਨੂੰ ਮੇਰੀ ਜ਼ਿਆਦਾ ਲੋੜ ਹੈ। ਉਨ੍ਹਾਂ ਨੇ ਮੈਨੂੰ ਆਪਣਾ ਪੁੱਤਰ ਸਮਝਕੇ ਮੇਰਾ ਹੱਥ ਫੜ ਲਿਆ ਸੀ। ਮੈਂ ਸੋਚਿਆ ਕਿ ਜੇਕਰ ਥੋੜ੍ਹੀ ਦੇਰ ਲਈ ਇਨ੍ਹਾਂ ਦਾ ਪੁੱਤਰ ਬਣ ਵੀ ਜਾਵਾਂ। ਉਨ੍ਹਾਂ ਨੂੰ ਸੁੱਖ ਮਿਲ ਰਿਹਾ ਸੀ।

ਇਸ ਘਟਨਾ ਨੂੰ ਪੜ੍ਹਕੇ ਜੇਕਰ ਸਾਨੂੰ ਕੁਝ ਚੰਗਾ ਖਿਆਲ ਆਵੇ ਪਰ ਤਾਂ ਵੀ ਉਸਤੇ ਅਮਲ ਨਾ ਕਰੀਏ ਤਾਂ ਮਾਨੋ ਸਾਡੀ ਮੱਤ ਦਾ ਗਰਭਪਾਤ ਹੋ ਗਿਆ, ਮੇਰੀ ਮਤ ਬਾਂਝ ਹੋ ਗਈ। ਇਸ ਸੱਚ ਨੂੰ ਮੇਰੀ ਮੱਤ ਆਪਣੇ ਗਰਭ ਵਿਚ ਠਹਿਰਾ ਹੀ ਨਹੀਂ ਸਕੀ। ਅਸੀਂ ਵੀ ਇੰਜ ਕਰ ਸਕਦੇ ਹਾਂ ਕਿ ਦੂਜਿਆਂ ਦੇ ਪੁੱਤਰ ਬਣ ਜਾਈਏ ਤੇ ਉਨ੍ਹਾਂ ਦੀ ਮਦਦ ਕਰੀਏ।

ਮੇਰੇ ਪਿਤਾ ਜੀ ਨੌ ਮਹੀਨੇ ਹਸਪਤਾਲ ਵਿਚ ਕੌਮਾ ਵਿਚ ਰਹੇ। ਮੇਰੇ ਨਾਨੀ ਜੀ ਤਿੰਨ ਸਾਲ ਹਸਪਤਾਲ ਵਿਚ ਰਹੇ। ਮੈਂ ਉਨ੍ਹਾਂ ਨੂੰ ਮਿਲਣ ਅਤੇ ਸੇਵਾ ਸੰਭਾਲ ਲਈ ਹਸਪਤਾਲ ਜਾਂਦਾ ਰਹਿੰਦਾ ਸੀ। ਮੈਂ ਵੇਖਦਾ ਸੀ ਕਿ ਕੁਝ ਕ੍ਰਿਸ਼ਚਨ ਲੋਕੀ ਆਉਂਦੇ ਹਨ ਤੇ ਮਰੀਜ਼ਾਂ ਦਾ ਹੱਥ ਪਕੜਕੇ ਕਹਿੰਦੇ ਹਨ ਕਿ ਅਸੀਂ ਤੁਹਾਡੇ ਲਈ ਅਰਦਾਸ ਕਰਦੇ ਹਾਂ, ਤੁਸੀਂ ਛੇਤੀ ਠੀਕ ਹੋ ਜਾਵੋਗੇ। ਪਰ ਸਾਨੂੰ ਤੇ ਧਾਰਮਕ ਕਰਮਕਾਂਡਾਂ ਤੋਂ ਵੇਲ੍ਹ ਨਹੀਂ ਮਿਲਦੀ। ਅਸੀਂ ਕਦੋਂ ਜਾਇਆ ਕਰਾਂਗੇ ਹਸਪਤਾਲਾਂ ਵਿਚ ਮਰੀਜ਼ਾ ਨੂੰ ਮਿਲਣ। ਅਸੀਂ ਕਦੋਂ ਮਰੀਜ਼ਾਂ ਦਾ ਹੱਥ ਫੜਿਆ ਕਰਾਂਗੇ। ਅਸੀਂ ਤੇ ਆਪਣੇ ਗਲੀ-ਮੁਹੱਲੇ ਵਿਚ ਜਾਂ ਰਿਸ਼ਤੇਦਾਰੀ ਵਿਚ ਕੋਈ ਬਿਮਾਰ ਹੋ ਜਾਏ ਤਾਂ ਅਸੀਂ ਉਨ੍ਹਾਂ ਦਾ ਧਿਆਨ ਨਹੀਂ ਕਰਦੇ। ਅਸੀਂ ਓਪਰਿਆਂ ਦਾ ਕਦੋਂ ਧਿਆਨ ਰੱਖਿਆ ਕਰਾਂਗੇ। ਅਸੀਂ ਕੇਵਲ ਪੜ੍ਹੀ ਜਾਂਦੇ ਹਾਂ - ‘ਨਾ ਕੋ ਬੈਰੀ ਨਹੀ ਬਿਗਾਨਾ’ (1299) ਅਸੀਂ ਇਵੇਂ ਹੀ ਪੜ੍ਹੀ ਜਾਂਦੇ ਹਾਂ ਕਿ - ‘ਕੁਦਰਤਿ ਕੇ ਸਭ ਬੰਦੇ’ (1349)। ਇੰਜ ਹੀ ਮੇਰਾ ‘ਕਈ ਜਨਮ ਸੈਲ ਗਿਰਿ ਕਰਿਆ’ ਹੋ ਰਿਹਾ ਹੈ।

ਕਈ ਜਨਮ ਸਾਖ ਕਰਿ ਉਪਾਇਆ ॥

ਰੁੱਖ ਦੀਆਂ ਜਿਹੜੀਆਂ ਟਹਿਣੀਆਂ ਦਾ ਰਾਬਤਾ ਜੜਾਂ ਤੋਂ ਟੁੱਟ ਜਾਂਦਾ ਹੈ ਉਹ ਸੁੱਕ ਜਾਂਦੀਆਂ ਹਨ। ਸੁੱਕੀਆਂ ਟਹਿਣੀਆਂ ਤੇ ਕਦੀ ਵੀ ਫੁਲ-ਪੱਤੇ ਨਹੀਂ ਪੁੰਗਰਦੇ। ਇਸੇ ਤਰ੍ਹਾਂ ਜੇ ਸਾਡੇ ਅੰਦਰ ਵੱਸਦੇ ਰੱਬ ਨਾਲ ਸੰਬੰਧ ਟੁੱਟ ਜਾਏ ਤਾਂ ਅਸੀਂ ਸੁੱਕੀ ਟਹਿਣੀ ਵਰਗੇ ਹੀ ਹਾਂ।

ਲਖ ਚਉਰਾਸੀਹ ਜੋਨਿ ਭ੍ਰਮਾਇਆ ॥

ਜਿਵੇਂ ਅਸੀਂ ਇਸ ਸ਼ਬਦ ਦੇ ਪਿਛਲੇ ਪਦਿਆਂ ਵਿਚ ਵਿਚਾਰ ਆਏ ਹਾਂ ਕਿ ਕਿਵੇਂ ਜੀਵ-ਜੰਤਾਂ ਦੀ ਜੂਨੀਆਂ ਵਾਲਾ ਸਾਡਾ ਕਿਰਦਾਰ ਬਣ ਰਿਹਾ ਹੈ। ਇਸ ਤਰ੍ਹਾਂ ਸਾਡਾ ਬਾਰ-ਬਾਰ ਜੰਮਣ-ਮਰਨ ਹੋ ਰਿਹਾ ਹੈ। ਗੁਰਬਾਣੀ ਦਾ ਫੁਰਮਾਨ ਹੈ - ਬੈਰ ਬਿਰੋਧ ਕਾਮ ਕ੍ਰੋਧ ਮੋਹ ॥ ਝੂਠ ਬਿਕਾਰ ਮਹਾ ਲੋਭ ਧ੍ਰੋਹ ॥ ਇਆਹੂ ਜੁਗਤਿ ਬਿਹਾਨੇ ਕਈ ਜਨਮ ॥ ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥ (267) ਵੈਰ-ਵਿਰੋਧ ਆਦਿ ਵਿਕਾਰਾਂ ਦੇ ਕਾਰਨ ਅਸੀਂ ਕਈ ਪਸ਼ੂ ਬਿਰਤੀਆਂ ਧਾਰਨ ਕਰਦੇ ਹਾਂ।

ਸਾਧਸੰਗਿ ਭਇਓ ਜਨਮੁ ਪਰਾਪਤਿ ॥

ਅਸੀਂ ਸਰੀਰਕ ਤੌਰ ਤੇ ਆਪਣੇ ਮਾਤਾ-ਪਿਤਾ ਦੇ ਸੰਜੋਗ ਕਾਰਨ ਪੈਦਾ ਹੁੰਦੇ ਹਾਂ ਪਰ ਗੁਰੂ ਸਾਹਿਬ ਕਹਿੰਦੇ ਹਨ - ਸਾਧਸੰਗਿ ਭਇਓ ਜਨਮੁ ਪਰਾਪਤਿ ॥ (176) ਫਿਰ ਇਹ ਵਾਲਾ ਕਿਹੜਾ ਜਨਮ ਹੈ?

ਸਾਧਸੰਗਿ ਦਾ ਭਾਵ ਹੈ ਸੱਚ ਦੀ ਮਤ ਲੈਕੇ, ਚੰਗੇ ਗੁਣਾਂ ਭਰਪੂਰ ਕਿਰਦਾਰ ਘੜਨਾ, ਇਹ ਹੀ ਨਵਾ ਜਨਮ ਪ੍ਰਾਪਤ ਕਰਨਾ ਹੈ। ਧਰਮ ਨੂੰ ਸਿੱਖਕੇ, ਅਮਲੀ ਤੋਰ ਤੇ ਵੈਸਾ ਮਨੁੱਖ ਬਣੀਏ ਤਾਂ ਜਾਨਵਰ ਬਿਰਤੀ ਨਹੀਂ ਰਹਿੰਦੀ। ਜਦੋਂ ਐਸਾ ਕਿਰਦਾਰ ਬਣ ਜਾਂਦਾ ਹੈ ਤਾਂ ਇਸਨੂੰ ਗੁਰਬਾਣੀ ਅਨੁਸਾਰ ਮਾਨਸ ਦੇਹ ਪ੍ਰਾਪਤ ਹੋਣਾ ਕਿਹਾ ਜਾਂਦਾ ਹੈ। ਅਸੀਂ ਤਾਂ ਗਲਤ ਫਹਿਮੀ ਕਰਕੇ ਸਮਝੀ ਬੈਠੇ ਸੀ ਕਿ ਮੇਰੀ ਮਾਨਸ ਦੇਹੀ ਹੈ। ਗੁਰਬਾਣੀ ਦਾ ਕਥਨ ਹੈ - ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥ (1159) ਜਿਹੜੇ ਗੁਣ ਸਾਡੀ ਜਾਨਵਰ ਬਿਰਤੀ ਨੂੰ ਸਾਧ ਦੇਣ ਉਨ੍ਹਾਂ ਨੂੰ ਅਪਣਾਈਏ ਤਾਂ ਨਵਾ ਜਨਮ ਪ੍ਰਾਪਤ ਹੋ ਸਕਦਾ ਹੈ।

ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥

ਜਦੋਂ ਸਾਡਾ ਕਿਰਦਾਰ ਜਾਨਵਰਾਂ ਵਾਲਾ ਬਣਦਾ ਹੈ ਤਾਂ ਮਾਨੋ ਅਸੀਂ ਜਾਨਵਰ ਬਿਰਤੀ ਦਾ ਸੇਵਨ ਕੀਤਾ ਹੈ। ਇਸਦੀ ਪੁਸ਼ਟੀ ਸਾਡੇ ਵਤੀਰੇ ਤੋਂ ਹੋ ਜਾਂਦੀ ਹੈ। ਰੱਬੀ ਗੁਣ ਸਧੇ ਹੁੰਦੇ ਹਨ ਜੋ ਕਿ ਕੋਮਲ ਸੁਭਾ ਘੜਦੇ ਹਨ। ਰੱਬੀ ਗੁਣਾਂ ਦਾ ਸੇਵਨ ਕਰੀਏ ਤਾਂ ਸੁਚੱਜੀ ਮਤ (ਗੁਰਮਤਿ) ਪ੍ਰਾਪਤ ਹੁੰਦੀ ਹੈ।

ਤਿਆਗਿ ਮਾਨੁ ਝੂਠੁ ਅਭਿਮਾਨੁ ॥ ਜੀਵਤ ਮਰਹਿ ਦਰਗਹ ਪਰਵਾਨੁ ॥

ਆਪਣੇ ਕਿਰਦਾਰ ਵਿਚੋਂ ਝੂਠ ਅਤੇ ਹੰਕਾਰ ਛੱਡ ਦੇਈਏ ਤਾਂ ਜਿਊਂਦਿਆਂ ਹੀ ਅੰਦਰ ਵੱਸਦੇ ਰੱਬ ਦੀ ਦਰਗਹ ਵਿਚ ਪਰਵਾਨ ਹੋ ਸਕਦੇ ਹਾਂ। ਜੇ ਇਨ੍ਹਾਂ ਪਸ਼ੂ ਬਿਰਤੀਆਂ ਵੱਲੋਂ ਮਰ ਜਾਈਏ, ਭਾਵ ਇਨ੍ਹਾਂ ਨੂੰ ਜੇ ਛੱਡ ਦੇਈਏ ਤਾਂ ਹੁਣੇ ਹੀ ਰੱਬੀ ਦਰਗਾਹ ਵਿਚ ਪਰਵਾਨ ਹੋ ਸਕਦੇ ਹਾਂ। ‘ਮਿਲੁ ਜਗਦੀਸ ਮਿਲਨ ਕੀ ਬਰੀਆ’ ਦੀ ਉੱਚੀ ਆਤਮਕ ਅਵਸਥਾ ਹਾਸਲ ਹੋ ਗਈ।

ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ ਕਰਣੈ ਜੋਗੁ ॥ ਤਾ ਮਿਲੀਐ ਜਾ ਲੈਹਿ ਮਿਲਾਇ ॥ ਕਹੁ ਨਾਨਕ ਹਰਿ ਹਰਿ ਗੁਣ ਗਾਇ ॥4॥

ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ ਕਰਣੈ ਜੋਗੁ ॥ ਜੇ ਮਨੁੱਖ ਚਾਹੇ ਤਾਂ ਇਹ ਸੰਭਵ ਹੋ ਸਕਦਾ ਹੈ ਕਿ ਉਹ ਇਨ੍ਹਾਂ ਵਿਕਾਰਾਂ ਤੋਂ ਛੁੱਟ ਸਕੇ। ਇਸ ਤੋਂ ਛੁੱਟਣ ਲਈ ਆਪਣੀ ਪੜਚੋਲ ਕਰਨੀ ਪਵੇਗੀ ਕਿ, ਮੈਂ ਕਿਵੇਂ ਕੁੱਤੇ ਵਾਂਗੂੰ ਹਰ-ਰੋਜ਼ ਭੌਕਦਾ ਹਾਂ, ਕਿਵੇਂ ਬਗੁਲਾ ਭਗਤੀ ਕਰਦਾ ਹਾਂ, ਕਿਵੇਂ ਸਿੰਮਲ ਰੁਖ ਬਣਦਾ ਹਾਂ, ਕਿਵੇਂ ਸੱਪ ਵਾਂਗੂੰ ਜ਼ਹਿਰ ਘੋਲਦਾ ਹਾਂ ਆਦਿ। ਜੇ ਆਤਮਕ ਮੌਤ ਤੇ ਪਹੁੰਚਾਉਣ ਵਾਲੀਆਂ ਬਿਰਤੀਆਂ ਵੱਲੋਂ ਤੋਬਾ ਕਰ ਲਵਾਂ ਤਾਂ ਇਨ੍ਹਾਂ ਤੋਂ ਬਚਿਆ ਜਾ ਸਕਦਾ ਹੈ। ਜੋ ਮਨੁੱਖ ਇਨ੍ਹਾਂ ਤੋਂ ਬਚਣਾ ਚਾਹੁੰਦਾ ਹੈ ਉਹ ਆਪ ਹੀ ਉਪਰਾਲਾ ਕਰੇਗਾ। ਉਸਦੀ ਥਾਂ ਤੇ ਕੋਈ ਦੂਜਾ ਉਪਰਾਲਾ ਨਹੀਂ ਕਰ ਸਕਦਾ।

ਤਾ ਮਿਲੀਐ ਜਾ ਲੈਹਿ ਮਿਲਾਇ ॥

ਕਹੁ ਨਾਨਕ ਹਰਿ ਹਰਿ ਗੁਣ ਗਾਇ ॥4॥

ਰੱਬੀ ਮਿਲਨ ਤਾਂ ਹੀ ਸੰਭਵ ਹੈ ਜੇ ਸਤਿਗੁਰ ਦੀ ਮਤ ਲੈ ਲਈਏ। ਮਨ ਜੇ ਸਤਿਗੁਰ ਦੀ ਮਤ ਨੂੰ ਲੈਂਦਾ ਹੈ ਤਾਂ ਮਾਨੋ ਉਹ ਰੱਬੀ ਗੁਣਾਂ ਨੂੰ ਗਾ ਰਿਹਾ ਹੈ, ਭਾਵ ਸ਼ੁਭ ਗੁਣਾਂ ਨੂੰ ਅਮਲ ਵਿਚ ਲਿਆ ਰਿਹਾ ਹੈ।

ਵੀਰ ਭੁਪਿੰਦਰ ਸਿੰਘ
.