.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਤੇਰ੍ਹਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਵਿਸ਼ੇ ਸੰਬੰਧੀ, ਗੁਰਬਾਣੀ ਆਧਾਰਤ ਕੁੱਝ ਹੋਰ ਵੇਰਵਾ:-

(ੳ) ਮਨ ਬਨਾਮ ਪਾਣੀ- ਮੂਲ ਰੂਪ `ਚ ‘ਮਨੁੱਖੀ ਮਨ’ ਅਤੇ ‘ਪਾਣੀ’ ਦਾ ਸੁਭਾਅ ਇਕੋ ਜਿਹਾ ਹੈ। ਪਾਣੀ ਨੂੰ ਜਦੋਂ ਤੀਕ ਕਿਸੇ ਯੋਗ ਢੰਗ ਨਾਲ ਰੋਕਣ ਦਾ ਪ੍ਰਬੰਧ ਨਾ ਕੀਤਾ ਹੋਵੇ, ਕਿਸੇ ਕਾਰਣ ਜ਼ਮੀਨ `ਤੇ ਬਿਖਰ ਚੁੱਕਾ ਪਾਣੀ ਆਪਣੇ ਆਪ ਓਧਰ ਨੂੰ ਟੁਰਣਾ ਅਰੰਭ ਕਰ ਦਿੰਦਾ ਹੈ ਜਿੱਧਰ ਵੀ ਇਸ ਨੂੰ ਢਲਾਣ ਮਿਲਦੀ ਜਾਂਦੀ ਹੈ। ਇਸ ਤਰ੍ਹਾਂ ਉਹ ਪਾਣੀ, ਤਦ ਤੀਕ ਚਲਦਾ ਰਹਿੰਦਾ ਹੈ ਜਦੋਂ ਤੀਕ ਜ਼ਮੀਨ ਉਸ ਨੂੰ ਚੂਸ ਨਾ ਲਵੇ, ਧੁੱਪ-ਗਰਮੀ ਤੇ ਸੂਰਜ ਦੀਆਂ ਕਿਰਨਾਂ ਉਸ ਨੂੰ ਸੁਕਾਅ ਨਾ ਦੇਣ ਜਾਂ ਕਿਸੇ ਟੋਏ ਆਦਿ `ਚ ਆਪਣੇ-ਆਪ ਰੁੱਕ ਕੇ ਇਕੱਠਾ ਹੀ ਨਾ ਜਾਵੇ।

ਉਪ੍ਰੰਤ ਉਸ ਟੋਏ ਆਦਿ `ਚ ਰੁਕਣ ਤੋਂ ਬਾਅਦ ਵੀ, ਉਹ ਪਾਣੀ ਜਦੋਂ ਤੀਕ ਖੁੱਲੇ `ਚ ਖੜਾ ਰਵੇਗਾ ਉਹ ਬਦਬੂਦਾਰ, ਚਿੱਕੜ ਦਾ ਰੂਪ ਧਾਰਣ ਕਰਦਾ ਜਾਵੇਗਾ। ਉਸ `ਚ ਮੱਛਰ-ਮੱਖੀਆਂ ਆਦਿ ਪੈਦਾ ਹੋ ਜਾਣਗੀਆਂ ਅਤੇ ਉਹ ਪਾਣੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਫੈਲਾਉਣ ਦਾ ਕਾਰਣ ਵੀ ਬਣੇਗਾ।

ਇਸ ਲਈ ਪਾਣੀ ਨੂੰ ਸੁਅੱਛ ਰਖਣ ਅਤੇ ਰੋਕਣ ਲਈ ਕਿਸੇ ਡੈਮ, ਨਦੀ, ਨਹਿਰ, ਨਾਲੇ, ਤਲਾਬ ਆਦਿ ਦੀ ਜਾਂ ਉਸ `ਚ `ਚ ਮਿਲਾਉਣ ਜਾਂ ਫ਼ਿਰ ਉਸ ਨੂੰ ਕਿਸੇ ਘੜੇ-ਬਰਤਨ ਆਦਿ `ਚ ਬੰਨਣ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਕਿਸੇ ਨਦੀ ਆਦਿ ਦੇ ਚਲਦੇ ਪਾਣੀ `ਚ ਮਿਲ ਜਾਣ ਤੋਂ ਬਾਅਦ ਜਾਂ ਕਿਸੇ ਘੜੇ-ਬਰਤਨ ਆਦਿ `ਚ ਬੱਝਣ ਤੋਂ ਬਾਅਦ ਉਹੀ ਪਾਣੀ ਲੋੜ ਅਨੁਸਾਰ ਵਰਤਣ ਲਈ ਸੁਅੱਛ ਤੇ ਸਾਫ਼ ਸੁੱਥਰਾ ਰਹਿੰਦਾ ਹੈ।

ਇਹੀ ਹਾਲ ਹੈ ਮਨੁੱਖੀ ਮਨ ਦਾ, ਬਿਲਕੁਲ ਪਾਣੀ ਦੀ ਨਿਆਈਂ ਮਨੁੱਖੀ ਮਨ ਨੂੰ ਵੀ ਜੇਕਰ ਨਿਗੁਰਾ ਤੇ ਬੇਮੁਹਾਰਾ ਛੱਡ ਦਿੱਤਾ ਜਾਵੇ ਤਾਂ ਸਾਡੇ ਇਸ ਮਨ ਦਾ ਵੀ ਉਹੀ ਹਾਲ ਹੁੰਦਾ ਹੈ ਜਿਹੜਾ ਕਿਸੇ ਕਾਰਣ ਜ਼ਮੀਨ `ਤੇ ਬਿਖਰਣ ਤੋਂ ਬਾਅਦ ਆਪ ਮੁਹਾਰੇ ਚਲਣ ਵਾਲੇ ਪਾਣੀ ਦਾ।

ਪਾਣੀ ਵਾਂਙ ਨਿਗੁਰਾ ਤੇ ਬੇਲਗਾਮ ਮਨ ਨੂੰ ਵੀ ਜਿੱਧਰ ਵਿਕਾਰਾਂ, ਬੁਰਾਈਆਂ ਤੇ ਅਉਗੁਣਾ ਆਦਿ ਵਾਲੀ ਢਲਾਣ ਮਿਲਦੀ ਜਾਂਦੀ ਹੈ, ਸਾਡਾ ਇਹ ਮਨ ਵੀ ਆਪਣੇ ਆਪ ਉਧਰ ਨੂੰ ਹੀ ਵੱਧਦਾ ਤੇ ਦੌੜਦਾ ਜਾਂਦਾ ਹੈ। ਉਪ੍ਰੰਤ ਸਾਡਾ ਮਨ ਵੀ ਬੁਰਾਈਆਂ, ਅਉਗੁਣਾ ਤੇ ਵਿਕਾਰਾਂ ਆਦਿ ਵੱਲ ਤਦ ਤੀਕ ਵੱਧਦਾ ਜਾਂਦਾ ਹੈ ਜਦ ਤੀਕ ਕਿ ਇਹ ਉਸ ਨਿਗੁਰੇ ਮਨੁੱਖ ਦੇ ਜੀਵਨ ਅੰਦਰੋਂ, ਸਮੂਚੀ ਮਨੁਖਤਾ ਅਤੇ ਆਤਮਕ ਗੁਣਾਂ ਦੀ ਪੂੰਜੀ ਨੂੰ ਧੋ ਕੇ ਖ਼ਤਮ ਹੀ ਨਹੀਂ ਕਰ ਦਿੰਦਾ।

ਦਰਅਸਲ ਸੰਸਾਰ ਤੱਲ ਦੇ ਜਿਨੇਂ ਵੀ ਵੱਡੇ ਤੋਂ ਵੱਡੇ ਜੁਰਮ, ਅਉਗੁਣ, ਡਕੈਤੀਆਂ, ਕਤਲੋਗ਼ਾਰਤ, ਖੂਨ-ਖਰਾਬੇ, ਜ਼ੁਲਮ, ਠੱਗੀਆਂ, ਖਡਯੰਤਰ, ਸਮਗਲਿੰਗ, ਤੱਬਾਹੀਆਂ, ਧਰਮ ਦੇ ਪਰਦੇ `ਚ ਭਿਅੰਕਰ ਧੋਖੇ ਤੇ ਪਖੰਡ ਕਰਮ ਹੁੰਦੇ ਹਨ, ਉਹ ਸਭ ਭੂਤਰੇ ਹੋਏ ਤੇ ਕੁਰਾਹੇ ਪਏ ਬੇਲਗਾਮ ਨਿਗੁਰੇ ਮਨ ਦੀ ਉਪਜ ਹੀ ਹੁੰਦੇ ਹਨ; ਇਸ ਲਈ ਉਹ ਸਭ ਮਨੁੱਖ ਸਮਾਜ ਨੂੰ, ਪ੍ਰਭੂ ਪ੍ਰਮਾਤਮਾ ਅਕਾਲਪੁਰਖ ਦੀ ਦੇਣ ਨਹੀਂ ਹੁੰਦੇ।

"ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ" (ਪੰ: ੧੪੦) ਅਨੁਸਾਰ ਸੰਸਾਰ ਤਲ ਦੇ ਸਾਰੇ ਗਿਆਨ, ਪੜ੍ਹਾਈਆਂ, ਡਿੱਗਰੀਆਂ, ਡਿਪਲੋਮੇ ਤੇ ਖੋਜਾਂ ਆਦਿ ਮਨੁੱਖ ਦੀ ਸਮਝਣ-ਸੋਚਣ ਦੀ ਤਾਕਤ `ਚ ਵਾਧਾ ਤਾਂ ਕਰਦੇ ਹਨ ਪਰ ਮਨੁੱਖ ਦੇ ਮਨ ਨੂੰ ਅਉਗੁਣਾਂ-ਵਿਕਾਰਾਂ ਤੇ ਕੁਰਾਹੇ ਪੈਣ ਤੋਂ ਨਹੀਂ ਰੋਕ ਸਕਦੇ। ਕਿਉਂਕਿ ਉਹ ਸੰਪੂਰਣ ਵਿਸ਼ਾ ਹੀ "ਗੁਰੂ ਗਿਆਨ" ਤੋਂ ਤਿਆਰ ਹੋਣ ਵਾਲੇ "ਉੱਚੇ ਤੇ ਆਤਮਕ ਪੱਖੋਂ ਇਲਾਹੀ ਗੁਣਾਂ ਨਾਲ ਭਰਪੂਰ, ਮਨੁੱਖੀ ਮਨ ਤੋਂ ਤਿਆਰ ਹੋ ਚੁੱਕੇ ਸੁਭਾਅ ਦਾ ਹੈ।

ਇਸ ਲਈ ਸ਼ੰਸਾਰਕ ਪੜ੍ਹਾਈਆਂ, ਡਿਪਲੋਮਿਆਂ ਅਤੇ ਹੁੱਨਰਾਂ ਆਦਿ ਦੇ ਨਾਲ-ਨਾਲ ਸੰਸਾਰ ਤਲ ਦੇ "ਇਕੋ-ਇਕ ਗੁਰੂ" "ਆਤਮਕ ਭਾਵ ਸ਼ਬਦ-ਗੁਰੂ, ਗੁਰਬਾਣੀ" ਨਾਲ ਘੜੇ ਹੋਏ ਮਨ ਦਾ ਸੁਭਾਅ ਹੀ, ਸੰਸਾਰ ਨੂੰ ਅਜਿਹੀਆਂ ਤੱਬਾਹੀਆ, ਜੁਰਮਾਂ ਆਦਿ ਤੋਂ ਬਚਾਉਣ ਦਾ ਇਕੋ ਇੱਕ ਸਾਧਨ ਤੇ ਰਸਤਾ ਹੈ

(ਅ) "ਜਲ ਬਿਨੁ ਕੁੰਭੁ ਨ ਹੋਇ" ? - ਸਪਸ਼ਟ ਹੈ ਕਿ ਸਲੋਕ `ਚ ਪਾਤਸ਼ਾਹ ਨੇ "ਮਨੁੱਖੀ ਮਨ" ਦੇ ਕਿਸੇ ਵਿਸ਼ੇਸ਼ ਪੱਖ ਨੂੰ ਸਮਝਾਉਣ ਤੇ ਪ੍ਰਗਟਾਉਣ ਲਈ ਹੀ ਉਚੇਚੇ "ਪਾਣੀ ਤੇ ਮਿੱਟੀ ਤੋਂ ਬਣਨ ਵਾਲੇ ਘੜੇ ਦੀ ਮਿਸਾਲ ਨੂੰ ਮਨੁੱਖੀ ਮਨ" ਨਾਲ ਸੰਬੰਧਤ ਕਰਕੇ ਵਰਤਿਆ ਹੋਇਆ ਹੈ।

ਇਹੀ ਕਾਰਣ ਹੈ ਕਿ ਸਲੋਕ ਵਿੱਚਲਾ ਿੱਟੀ ਤੇ ਪਾਣੀ ਦੇ ਮਿਲਾਪ ਤੋਂ ਬਣਨ ਵਾਲਾ ਘੜਾ (ਕੁੰਭ) ਤੇ "ਮਨੁੱਖੀ ਮਨ" ਇਨ੍ਹਾਂ ਦੀ ਆਪਸੀ ਤੇ ਕੁੱਦਰਤੀ ਸਾਂਝ ਵਾਲਾ ਪੱਖ ਵਿਸ਼ੇਸ਼ ਧਿਆਨ ਮੰਗਦਾ ਹੈ।

ਸਮਝਣਾ ਹੈ ਕਿ ਘੜਾ (ਕੁੰਭ) ਵੀ ਮਿੱਟੀ ਤੋਂ ਹੀ ਬਣਦਾ ਹੈ, ਜਦਕਿ ਉਸ ਘੜੇ ਨੂੰ ਬਨਾਉਣ ਲਈ ਵੀ ਪਾਣੀ ਦੀ ਲੋੜ ਹੁੰਦੀ ਹੈ। ਜੇ ਪਾਣੀ ਹੀ ਨਾ ਮਿਲੇ ਤਾਂ ਬਿਨਾ ਪਾਣੀ ਦੇ ਘੜਾ ਵੀ ਨਹੀਂ ਬਣ ਸਕਦਾ।

ਖੂਬੀ ਇਹ ਕਿ ਜਿਹੜਾ ਪਾਣੀ, ਘੜੇ ਨੂੰ ਬਣਾਉਂਦਾ ਹੈ, ਬਨਣ ਤੋਂ ਬਾਅਦ ਉਹੀ ਘੜਾ, ਉਸ ਨਾ ਬੱਝਣ ਅਤੇ ਨਾ ਰੁਕਣ ਵਾਲੇ ਪਾਣੀ ਨੂੰ ਵੀ ਆਪਣੇ ਅੰਦਰ ਬੰਨ੍ਹਣ ਦੇ ਕਾਬਿਲ ਤੇ ਸਮ੍ਰਥ ਹੋ ਜਾਂਦਾ ਹੈ।

ਇਸੇ ਤਰ੍ਹਾਂ ਹਰ ਸਮੇ ਵਿਕਾਰਾਂ ਅਤੇ ਅਉਗੁਣਾ ਵੱਲ਼ ਦੌੜਣ ਤੇ ਭੱਟਕਣ ਵਾਲੇ ਸਾਡੇ "ਮਨ" ਦੀ ਘਾੜਤ ਵੀ ਇੱਕ ਵਾਰ ਜਦੋਂ "ਰੱਬੀ ਆਤਮਕ ਗਿਆਨ" ਅਥਵਾ "ਇਕੋਇਕ" "ਸ਼ਬਦ-ਗੁਰੂ ਗੁਰਬਾਣੀ ਦੇ ਗਿਆਣ" ਦੀ ਕਮਾਈ ਨਾਲ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਕਿਸੇ ਵੀ ਹਾਲਤ `ਚ ਨਾ ਬੱਝਣ ਅਤੇ ਨਾ ਰੁੱਕਣ ਵਾਲਾ ਸਾਡਾ ਉਹੀ "ਨਿਗੁਰਾ ਮਨ" :-

ਜਿਹੜਾ ਵਿਕਾਰਾਂ ਦੀ ਮਾਰ ਹੇਠ ਹਰੇਕ ਕੱਚੇ-ਪੱਕੇ, ਚੰਗੇ-ਮਾੜੇ, ਸੌਖੇ ਭਾਵ ਸਮੂਹ ਸੰਸਾਰਕ ਗਿਆਨਾਂ ਦੇ ਢਹੇ ਚੜ੍ਹਣ ਤੇ ਕੁਰਾਹੇ ਪੈਣ ਵਾਲਾ ਹੁੰਦਾ ਹੈ, ਉਸ ਤੋਂ ਬਾਅਦ, ਸਾਡਾ ਉਹੀ ਮਨ ਇਤਨਾ ਵੱਧ ਤਾਕਤਵਰ ਹੋ ਜਾਂਦਾ ਹੈ ਕਿ ਵੱਡੇ ਤੋਂ ਵੱਡੇ ਕੁਰਾਹੇ ਪਾਉਣ ਵਾਲੀਆਂ ਸੰਸਾਰਕ ਅਗਿਆਨਤਾਵਾਂ, ਸਮੂਚੇ ਵਿਕਾਰ ਅਤੇ ਜੁਰਮ ਰੱਲ ਕੇ ਵੀ "ਸ਼ਬਦ-ਗੁਰੂ ਗੁਰਬਾਣੀ" ਨਾਲ ਘੜੇ ਜਾ ਚੁੱਕੇ ਸਾਡੇ ਉਸ ਮਨ `ਤੇ, ਆਪਣਾ ਬਿਲਕੁਲ ਵੀ ਮਾੜਾ ਪ੍ਰਭਾਵ ਨਹੀਂ ਪਾ ਸਕਦੇ ਤੇ ਉਥੇ ਉੱਕਾ ਹੀ ਬੇਅਸਰ ਹੋ ਜਾਂਦੇ ਹਨ।

ਇਸ ਤਰ੍ਹਾਂ "ਦਹਿ-ਦਿਸ ਧਾਵਨ" ਵਾਲਾ ਸਾਡਾ ਉਹੀ ਚੰਚਲ ਮਨ, "ਗੁਰੂ-ਗਿਆਨ" ਨਾਲ ਘੜੇ ਜਾਣ ਤੋਂ ਬਾਅਦ, ਪੂਰੀ ਤਰ੍ਹਾਂ ਬੱਝ ਕੇ ਪ੍ਰਭੂ ਚਰਣਾਂ `ਚ ਟਿੱਕ ਜਾਂਦਾ ਹੈ। ਅਜਿਹੀ ਅਵਸਥਾ `ਚ "ਸ਼ਬਦ ਗੁਰੂ" ਦਾ ਗਿਆਨ ਹੀ ਇਸਦਾ ਭੋਜਨ ਹੁੰਦਾ ਹੈ; ਜਿਵੇਂ ਘੜੇ ਨੂੰ ਬਨਾਉਣ ਬਾਅਦ ਘੜੇ `ਚ ਪਾਣੀ।

ਦੂਜੇ ਲਫ਼ਜ਼ਾਂ `ਚ ਜਿਸ "ਮਨ" ਦੀ ਵਿਕਾਰਾਂ-ਤ੍ਰਿਸ਼ਨਾ ਆਦਿ ਵਾਲੀ ਦੌੜ ਨੂੰ ਰੋਕਣਾ ਮਨੁੱਖ ਦੇ ਆਪਣੇ ਕਿਸੇ ਵੀ ਜਤਨ ਨਾਲ ਸੰਭਵ ਹੀ ਨਹੀਂ ਹੁੰਦਾ। ਫ਼ਿਰ ਉਸੇ ਮਨ ਦੀ ਘਾੜਤ ਜਦੋਂ "ਸੱਚ ਧਰਮ", "ਸ਼ਬਦ ਗੁਰੂ-ਗੁਰਬਾਣੀ" ਦੇ ਗਿਆਨ ਨਾਲ ਹੋ ਜਾਂਦੀ ਹੈ ਤਾਂ ਮਨੁੱਖ ਦਾ ਉਹੀ ਚੰਚਲ ਮਨ "ਇਲਾਹੀ ਗੁਣਾਂ" ਅਤੇ "ਆਤਮਿਕ ਗਿਆਨ" ਦੇ ਟਿਕਣ ਲਈ ਨਿਵੇਕਲਾ ਟਿਕਾਣਾ ਹੋ ਨਿੱਬੜਦਾ ਹੈ।

"ਗੁਰ ਬਿਨੁ ਗਿਆਨੁ ਨ ਹੋਇ" ਅਕੱਟ ਸਚਾਈ ਹੈ ਕਿ ਸੰਸਾਰ ਤਲ ਦੇ ਅਤੇ ਖਾਸ ਕਰ ਹਰੇਕ "ਗੁਰਬਾਣੀ" ਦੇ ਸਿੱਖ ਦੇ "ਇਕੋ ਇਕ" "ਗੁਰੂ" - "ਗੁਰਬਾਣੀ-ਗੁਰੂ" ਦੇ ਗਿਆਨ ਅਤੇ "ਸ਼ਬਦ ਗੁਰੂ" ਦੀ "ਕਮਾਈ ਤੋਂ ਬਿਨਾ" ਹਰ ਸਮੇਂ ਕੁਰਾਹੇ ਪੈਣ ਵਾਲੇ ਅਤੇ ਵਿਕਾਰਾਂ-ਅਉਗੁਣਾ, ਜੁਰਮਾਂ ਆਦਿ ਵੱਲ ਦੌੜਣ ਵਾਲੇ ਸਾਡੇ ਮਨ ਦਾ ਰੁੱਕਣਾ ਤੇ ਬੱਝਣਾ ਹੀ ਸੰਭਵ ਨਹੀਂ। ਉਪ੍ਰੰਤ ਸਾਡਾ ਇਹ ਮਨ ਜੇਕਰ ਬਝਦਾ ਹੈ ਤਾਂ ਕੇਵਲ ਉਦੋਂ, ਜਦੋਂ ਇਸਦੀ ਘਾੜਤ ਹੀ "ਸ਼ਬਦ-ਗੁਰੂ" ਦੀ ਕਮਾਈ ਨਾਲ ਹੋਈ ਹੁੰਦੀ ਹੈ ਅਜਿਹੀ ਅਵਸਥਾ `ਚ ਫ਼ਿਰ ਇਸਦਾ ਭੋਜਣ ਵੀ ਕੇਵਲ "ਪਭੂ ਦੀ ਸਿਫ਼ਤ ਸਲਾਹ" ਹੀ ਹੁੰਦਾ ਹੈ।

(ੲ) "ਗਿਆਨ ਕਾ ਬਧਾ ਮਨੁ ਰਹੈ "- ਫ਼ੁਰਮਾਨ ਹੈ "ਮਨ ਤੂੰ ਜੋਤਿ ਸਰੂਪੁ ਹੈ" ਅਸਲ `ਚ ਮਨੁੱਖੀ ਮਨ, ਰੂਪ, ਰੰਗ ਰੇਖ ਤੋਂ ਨਿਆਰਾ, ਸਦਾ ਥਿਰ ਪ੍ਰਭੂ ਦਾ ਆਪਣਾ ਨੂਰ ਤੇ ਅੰਸ਼ ਹੋਣ ਦੇ ਨਾਲ-ਨਾਲ, ਮਨ ਦੇ ਰੂਪ `ਚ ਮਨੁੱਖ ਦੇ ਕਰਮਾਂ-ਸੰਸਕਾਰਾਂ ਦਾ ਸਮੂਹ ਵੀ ਇਹੀ ਹੁੰਦਾ ਹੈ। ਜਿਹੋ ਜਿਹੇ ਮਨੁੱਖ ਦੇ ਕਰਮ-ਸੰਸਕਾਰ ਬਣਦੇ ਜਾਂਦੇ ਹਨ, ਉਹੋ ਜਿਹੀ ਉਸ ਮਨੁੱਖ ਦੇ ਮਨ ਦੀ ਘਾੜਤ ਬਣਦੀ ਜਾਂਦੀ ਹੈ ਅਤੇ ਉਸੇ ਆਧਾਰ `ਤੇ ਮਨੁੱਖ ਦਾ ਸੁਭਾਅ ਬਲਕਿ ਉਨ੍ਹਾਂ ਕਰਮਾਂ-ਸੰਸਕਾਰਾਂ `ਤੇ ਆਧਾਰਿਤ, ਨਾਲੋ-ਨਾਲ ਮਨੁੱਖ ਦੇ ਅਗਲੇ ਕਰਮਾਂ-ਸੰਸਕਾਰਾਂ ਲਈ ਜ਼ਮੀਨ ਵੀ ਤਿਆਰ ਹੁੰਦੀ ਜਾਂਦੀ ਹੈ। ਇਹ ਵੀ ਕਿ:-

"ਘੜੀਐ ਸੁਰਤਿ ਮਤਿ ਮਨਿ ਬੁਧਿ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ" (ਬਾਣੀ ਜਪੁ) ਰਾਹੀਂ ਪ੍ਰਗਟ ਇਸ ਇਲਾਹੀ ਨਿਯਮ ਅਤ ਲੜੀ `ਤੇ ਆਧਾਰਿਤ ਹੀ ਜੀਵ ਨਾਲ ਸੰਬੰਧਤ ਅਗਲਾ ਪੜਾਅ:-

". . ਕਰਮੀ ਕਰਮੀ ਹੋਇ ਵੀਚਾਰੁ॥ ਸਚਾ ਆਪਿ ਸਚਾ ਦਰਬਾਰੁ॥ ਤਿਥੈ ਸੋਹਨਿ ਪੰਚ ਪਰਵਾਣੁ॥ ਨਦਰੀ ਕਰਮਿ ਪਵੈ ਨੀਸਾਣੁ॥ ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ॥ ੩੪ ॥" (ਬਾਣੀ ਜਪੁ)

ਇਸ ਤਰ੍ਹਾਂ "ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ" (ਪੰ: ੩੩੦) ਅਨੁਸਾਰ ਮਨੁੱਖ ਦੀ ਸਰੀਰਕ ਮੌਤ ਤੋਂ ਬਾਅਦ ਵੀ, ਗੁਰਬਾਣੀ ਅਨੁਸਾਰ ਮਨੁੱਖ ਦੇ ਕਰਮਾਂ ਸੰਸਕਾਰਾਂ ਦਾ ਸਮੂਹ ਇਹ ਮਨ ਨਹੀਂ ਮਰਦਾ ਅਤੇ ਕਾਇਮ ਰਹਿੰਦਾ ਹੈ। ਉਪ੍ਰੰਤ ਉਸ ਬਿਤਾਏ ਜਾ ਚੁੱਕੇ ਮਨੁੱਖਾ ਜਨਮ ਦੌਰਾਨ ਜੀਵ ਰਾਹੀਂ ਕੀਤੇ ਕਰਮਾਂ ਦੇ ਲੇਖੇ ਜੋਖੇ ਲਈ, "ਮਨੁੱਖੀ ਮਨ" ਦੀ ਹੋਂਦ ਦੇ ਆਧਾਰ `ਤੇ ਹੀ:-

(i) ਤਿਥੈ ਸੋਹਨਿ ਪੰਚ ਪਰਵਾਣੁ" ਅਥਵਾ "ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ" (ਪੰ: ੨੭੮) "ਸਫ਼ਲ ਜੀਵਨ, ਮਨੁੱਖ ਪਹਿਲਾਂ ਤਾਂ ਜੀਂਦੇ ਜੀਅ ਹੀ ਭਾਵ ਆਪਣੇ ਜੀਵਨ ਦੌਰਾਨ ਵੀ ਪ੍ਰਭੂ ਦੀ ਸਿਫ਼ਤ ਸਲਾਹ ਕਰਦੇ ਅਤੇ ਪ੍ਰਭੂ ਨਾਲ ਇਕ-ਮਿੱਕ ਹੋ ਕੇ ਇਲਾਹੀ ਗੁਣਾਂ ਨਾਲ ਭਰਪੂਰ, ਆਤਮਕ ਪੱਖੋਂ ਅਨੰਦਤ ਜੀਵਨ ਬਤੀਤ ਕਰਦੇ ਹਨ ਉਪ੍ਰੰਤ:-

ਸਰੀਰਕ ਮੌਤ ਭਾਵ ਸਰੀਰ ਦੇ ਬਿਨਸਨ ਤੋਂ ਬਾਅਦ ਵੀ ਉਹ ਅਸਲੇ ਪ੍ਰਭੂ `ਚ ਹੀ ਸਮਾਅ ਜਾਂਦੇ ਹਨ। ਅਜਿਹੇ ਸਫ਼ਲ ਜੀਵਨ, ਮੁੜ ਜਨਮਾਂ, ਜੂਨਾਂ ਤੇ ਭਿੰਨ-ਭਿੰਨ ਗਰਭਾਂ ਦੇ ਗੇੜਾਂ `ਚ ਨਹੀਂ ਪੈਂਦੇ।

() "ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ" ਅਨੁਸਾਰ ਜਦਕਿ ਦੂਜੇ "ਕੱਚੇ ਰਹਿ ਚੁੱਕੇ ਮਨੁੱਖਾ ਜਨਮ" ਅਥਵਾ ਨਿਗੁਰੇ ਤੇ "ਬਿਰਥਾ ਗਵਾਏ ਜਾ ਚੁੱਕੇ ਮਨੁੱਖਾ ਜਨਮ", "ਕਿਰਤਿ ਕਰਮ ਕੇ ਵੀਛੁੜੇ. ." (ਪੰ: ੧੩੩) ਆਪਣੀਆਂ ਕਰਣੀਆਂ ਕਰਕੇ "ਮਨ" ਦੇ ਰੂਪ `ਚ ਪ੍ਰਭੂ ਤੋਂ ਵਿੱਛੜੇ ਰਹਿੰਦੇ ਹਨ। ਉਹ ਵੀ ਪਹਿਲਾਂ ਤਾਂ ਜੀਂਦੇ ਜੀਅ ਸੁਭਾਅ ਕਰਕੇ ਪਲ-ਪਲ ਦੀ ਭੱਟਕਣਾ ਅਤੇ ਭਿੰਨ ਭਿੰਨ ਜੂਨਾਂ-ਜਨਮਾਂ ਦੇ ਗੇੜ `ਚ ਪਏ ਰਹਿੰਦੇ ਹਨ। ਉਪ੍ਰੰਤ ਸਰੀਰ ਦੇ ਬਿਨਸਨ ਬਾਅਦ ਵੀ ਉਹ:-

() "ਤਨੁ ਜਲਿ ਬਲਿ ਮਾਟੀ ਭਇਆ, ਮਨੁ ਮਾਇਆ ਮੋਹਿ ਮਨੂਰੁ॥ ਅਉਗਣ ਫਿਰਿ ਲਾਗੂ ਭਏ, ਕੂਰਿ ਵਜਾਵੈ ਤੂਰੁ॥ ਬਿਨੁ ਸਬਦੈ ਭਰਮਾਈਐ, ਦੁਬਿਧਾ ਡੋਬੇ ਪੂਰੁ (ਪੰ: ੧੯) ਇਸੇਤਰ੍ਹਾਂ

() "ਅੰਤਰਿ ਬਾਹਰਿ ਰਵਿ ਰਹਿਆ, ਤਿਸ ਨੋ ਜਾਣੈ ਦੂਰਿ॥ ਤ੍ਰਿਸਨਾ ਲਾਗੀ ਰਚਿ ਰਹਿਆ, ਅੰਤਰਿ ਹਉਮੈ ਕੂਰਿ॥ ਭਗਤੀ ਨਾਮ ਵਿਹੂਣਿਆ ਆਵਹਿ ਵੰਞਹਿ ਪੂਰ" (ਪੰ: ੪੭) ਪੁਨਾ

() "ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ" (ਬਾਣੀ ਜਪੁ) ਹੋਰ

() "ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ॥ ਪੂਰੇ ਗੁਰ ਕੀ ਸੇਵ ਨ ਕੀਨੀ, ਬਿਰਥਾ ਜਨਮੁ ਗਵਾਇਆ" (ਪੰ: ੩੨) ਅਥਵਾ

() "ਸਤਿਗੁਰੁ ਜਿਨੀ ਨ ਸੇਵਿਓ, ਸੇ ਕਿਤੁ ਆਏ ਸੰਸਾਰਿ॥ ਜਮ ਦਰਿ ਬਧੇ ਮਾਰੀਅਹਿ, ਕੂਕ ਨ ਸੁਣੈ ਪੂਕਾਰ॥ ਬਿਰਥਾ ਜਨਮੁ ਗਵਾਇਆ, ਮਰਿ ਜੰਮਹਿ ਵਾਰੋ ਵਾਰ" (ਪੰ: ੬੯) ਹੋਰ

() "ਹਲਤਿ ਨ ਸੋਭਾ ਪਲਤਿ ਨ ਢੋਈ, ਅਹਿਲਾ ਜਨਮੁ ਗਵਾਇਆ" (ਪੰ: ੧੫੫) ਪੁਨਾ

() "ਸਬਦੁ ਨ ਜਾਣਹਿ ਸੇ ਅੰਨੇ ਬੋਲੇ, ਸੇ ਕਿਤੁ ਆਏ ਸੰਸਾਰਾ॥ ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ, ਜੰਮਹਿ ਵਾਰੋ ਵਾਰਾ॥ ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ, ਮਨਮੁਖ ਮੁਗਧ ਗੁਬਾਰਾ" (ਪੰ: ਪੰ: ੬੦੧) ਇਸੇ ਤਰ੍ਹਾਂ

() "ਨਾਮੁ ਨ ਚੇਤਹਿ, ਸਬਦੁ ਨ ਵੀਚਾਰਹਿ, ਇਹ ਮਨਮੁਖ ਕਾ ਆਚਾਰੁ॥ ਹਰਿ ਨਾਮੁ ਨ ਪਾਇਆ, ਜਨਮੁ ਬਿਰਥਾ ਗਵਾਇਆ, ਨਾਨਕ ਜਮੁ ਮਾਰਿ ਕਰੇ ਖੁਆਰ" (ਪੰ: ੫੦੮-੯) (ਅਰਥ—ਜਮ-ਜਨਮ ਮਰਨ ਗੇੜ) ਆਦਿ ਬੇਅੰਤ ਗੁਰਬਾਣੀ ਫ਼ੁਰਮਾਨ ਇਸ ਦਾ ਸਬੂਤ ਹਨ ਕਿ:-

"ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ॥ ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ॥ ਮਨਿ ਅੰਧੈ ਜਨਮੁ ਗਵਾਇਆ" (ਪੰ: ੪੬੪)

ਭਾਵ ਅਜਿਹੇ ਬਿਰਥਾ ਕੀਤੇ ਜਾ ਚੁੱਕੇ ਮਨੱਖਾ ਜਨਮ, ਪ੍ਰਭੂ ਦੇ ਸੱਚ ਨਿਆਂ `ਚ, ਮੁੜ ਉਨ੍ਹਾਂ ਹੀ ਭਿੰਨ-ਭਿੰਨ ਜੂਨਾਂ, ਜਨਮਾਂ ਤੇ ਗਰਭਾਂ ਦੇ ਗੇੜ `ਚ ਪਾਏ ਜਾਂਦੇ ਤੇ ਪਛਤਾਉਂਦੇ ਹਨ। ਕੁੱਝ ਹੋਰ:-

"ਜੇਹਾ ਵੇਖਹਿ ਤੇਹਾ ਵੇਖੁ" (ਪੰ: ੪੬੬) ਅਨੁਸਾਰ, ਮਨੁੱਖ ਜੈਸੀ ਸੰਗਤ ਕਰਦਾ ਅਤੇ ਜਿਸ ਵਾਤਾਵਰਣ `ਚ ਵਿਚਰਦਾ ਤੇ ਪਲਦਾ ਹੈ, ਉਸੇ ਤਰ੍ਹਾਂ ਦੀ ਉਸ ਦੇ ਮਨ ਦੀ ਘਾੜਤ ਬਣਦੀ ਜਾਂਦੀ ਹੈ ਅਤੇ ਉਸ ਦੇ ਜੀਵਨ `ਤੇ ਵੀ ਉਹੀ ਰੰਗ ਚੜ੍ਹਦਾ ਜਾਂਦਾ ਅਤੇ ਨਾਲ-ਨਾਲ ਕਰਮ ਵੀ ਬਣਦੇ ਜਾਂਦੇ ਹਨ।

ਇਹ ਵੀ ਕਿ "ਮਨ ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ ਰੰਗੁ ਮਾਣ" (ਪੰ: ੪੪੧) ਅਨੁਸਾਰ ਮਨੁੱਖ ਦਾ ਮਨ, ਮਨੁੱਖਾ ਜੀਵਨ ਦੌਰਾਨ ਜਦੋਂ ਤੀਕ "ਗੁਰੂ-ਗੁਰਬਾਣੀ" ਦੀ ਸ਼ਰਣ `ਚ ਆ ਕੇ "ਪ੍ਰਭੂ ਦੀ ਸਿਫ਼ਤ ਸਲਾਹ ਦੇ ਰੰਗ `ਚ ਨਹੀਂ ਰੰਗਿਆ ਜਾਂਦਾ" ਅਤੇ ਇਸਦੀ "ਆਪਣਾ ਮੂਲੁ ਪਛਾਣੁ" ਵਾਲੀ ਗੱਲ ਨਹੀਂ ਬਣਦੀ, ਤਦ ਤੀਕ ਗੁਰਬਾਣੀ `ਚ ਅਜਿਹੇ ਨਿਗੁਰੇ ਮਨ ਨੂੰ ਇਆਣਾ ਮਨ ਵੀ ਕਿਹਾ ਹੈ। ਜਿਵੇਂ:-

"ਨਿਰਗੁਨੀਆਰ ਇਆਨਿਆ, ਸੋ ਪ੍ਰਭੁ ਸਦਾ ਸਮਾਲਿ॥

ਜਿਨਿ ਕੀਆ ਤਿਸੁ ਚੀਤਿ ਰਖੁ, ਨਾਨਕ ਨਿਬਹੀ ਨਾਲਿ" (ਪੰ: ੨੬੬ ਹੋਰ

"ਨਾਲਿ ਇਆਣੇ ਦੋਸਤੀ, ਕਦੇ ਨ ਆਵੈ ਰਾਸਿ॥

ਜੇਹਾ ਜਾਣੈ ਤੇਹੋ ਵਰਤੈ, ਵੇਖਹੁ ਕੋ ਨਿਰਜਾਸਿ॥" (ਪੰ: ੪੭੪)

ਨਾਲਿ ਇਆਣੇ ਦੋਸਤੀ, ਵਡਾਰੂ ਸਿਉ ਨੇਹੁ॥

ਪਾਣੀ ਅੰਦਰਿ ਲੀਕ ਜਿਉ, ਤਿਸ ਦਾ ਥਾਉ ਨ ਥੇਹੁ॥ (ਪੰ: ੪੭੪) ਆਦਿ

ਇਹ ਵੀ ਕਿ ਮਨੁੱਖਾ ਜੂਨ ਸਮੇਂ ਪ੍ਰਭੂ ਵੱਲੋਂ ਜੀਵ ਨੂੰ "ਮਨ" ਮਿਲਦਾ ਹੀ "ਸ਼ਬਦ ਗੁਰੂ" ਦੀ ਕਮਾਈ ਰਾਹੀਂ ਵਾਪਿਸ ਆਪਣੇ ਅਸਲੇ ਪ੍ਰਭੂ ਅਕਾਲਪੁਰਖ `ਚ ਅਭੇਦ ਅਤੇ ਲੀਨ ਹੋਣ ਲਈ ਹੈ।

ਇਸ ਦੇ ਉਲਟ, "ਕੂੜੁ ਡੋਬੇ ਪੂਰੁ" (ਪੰ: ੪੬੮) ਭਾਵ ਅਸੀਂ ਇਹ ਵੀ ਸਮਝ ਆਏ ਹਾਂ ਕਿ ਮਨੁੱਖਾ ਜਨਮ ਪਾ ਕੇ ਵੀ ਜੇ ਮਨੁੱਖ ਦਾ ਮਨ, "ਗੁਰੂ-ਗੁਰਬਾਣੀ" ਦੀ ਸ਼ਰਣ `ਚ ਨਹੀਂ ਆਉਂਦਾ। ਇਹ "ਨਿਗੁਰਾ" ਤੇ "ਇਅਣਾ" ਰਹਿ ਕੇ ਹਉਮੈ ਵੱਸ ਵੱਧ ਤੋਂ ਵੱਧ ਆਪਹੁੱਦਰਾ ਅਤੇ ਮਨਮੱਤੀਆ ਜੀਵਨ ਹੀ ਬਤੀਤ ਕਰਦਾ ਹੈ। ਉਪ੍ਰੰਤ ਅਜਿਹੀ ਹਾਲਤ `ਚ ਸਾਡਾ ਇਹੀ ਮਨ, ਜੀਵਨ ਭਰ ਸਾਡੇ ਪ੍ਰਾਪਤ ਮਨੁੱਖਾ ਜਨਮ ਨੂੰ ਹੋਰ ਅਤੇ ਹੋਰ ਵੀ, ਲਗਾਤਾਰ ਕੁਰਾਹੇ ਹੀ ਪਾਉਂਦਾ ਰਹਿੰਦਾ ਹੈ।

ਇਸ ਤਰ੍ਹਾਂ ਆਪਣੇ ਹੀ ਮਨ ਦਾ ਗ਼ੁਲਾਮ ਹੋ ਚੁੱਕਾ ਮਨੁੱਖ, ਵਿਕਾਰੀ ਤੇ ਤ੍ਰਿਸ਼ਨਾਲੂ ਬਿਰਤੀ ਵਾਲਾ ਬਣਦਾ ਜਾਂਦਾ ਹੈ। ਕੁਰਾਹੇ ਪਏ ਮਨ ਕਾਰਣ, ਇਸਦੇ ਜੀਵਨ `ਚ ਬੇਅੰਤ ਮਨਮਤਾਂ, ਅਣਮੱਤਾਂ, ਹੂੜਮੱਤਾਂ, ਦੁਰਮਤਾਂ, ਕਰਮਕਾਂਡ, ਬਿਪਰਨ ਰੀਤਾਂ, ਅਉਗੁਣ, ਜੁਰਮ, ਆਦਿ ਆਪਣਾ ਟਿਕਾਣਾ ਬਨਾਂਦੇ ਜਾਂਦੇ ਹਨ। ਇਸੇ ਕਾਰਣ ਇਸ ਮਨ ਦੀ ਆਪਣੇ ਅਸਲੇ ਪ੍ਰਭੂ ਤੋਂ ਦੂਰੀ ਅਤੇ ਫ਼ਾਸਲਾ ਨਿੱਤ ਵਧਦਾ ਜਾਂਦਾਂ ਹੈ। ਇਸੇ ਤੋਂ ਜੀਵ ਲਈ ਮੁੜ ਭਿੰਨ-ਭਿੰਨ ਜੂਨਾਂ, ਜਨਮਾਂ ਤੇ ਗਰਭਾਂ ਵਾਲਾ ਗੇੜ ਹੋਰ ਵੀ ਲੰਬਾ ਹੁੰਦਾ ਜਾਂਦਾ ਹੈ।

"ਇਹੁ ਮਨੂਆ ਦਹ ਦਿਸਿ ਧਾਵਦਾ" (ਪੰ: ੫੯੯) ਠੀਕ ਉਸੇ ਤਰ੍ਹਾਂ ਜਿਵੇਂ ਜ਼ਮੀਨ `ਤੇ ਖੁਲ੍ਹਾ ਛੁੱਟਿਆ ਪਾਣੀ, ਉਸ ਪਾਣੀ ਨੂੰ ਜਿੱਧਰ ਢਲਾਣ ਮਿਲਦੀ ਹੈ, ਆਪਣੇ ਆਪ ਚਲਦਾ ਰਹਿਕੇ, ਅੰਤ ਆਪਣੀ ਹੋਂਦ ਵੀ ਗੁਆ ਲੈਂਦਾ ਹੈ, ਰੁੱਕ ਕੇ ਚਿੱਕੜ ਅਤੇ ਦਲ-ਦਲ `ਚ ਬਦਲ ਜਾਂਦਾ ਹੈ ਜਿਸ ਤੋਂ ਇਸ `ਚ ਬਦਬੂ ਪੈਦਾ ਹੋ ਜਾਂਦੀ ਹੈ, ਉਪ੍ਰੰਤ ਮੱਛਰ, ਮੱਖੀਆਂ ਅਤੇ ਅਨੇਕਾਂ ਬਿਮਾਰੀਆਂ ਦੇ ਕਿਟਾਣੂ ਵੀ ਇਸ `ਚ ਜਨਮ ਲੈਂਦੇ ਜਾਂਦੇ ਤੇ ਉਸੇ `ਚ ਆਪਣਾ ਟਿਕਾਣਾ ਵੀ ਬਣਾਦੇ ਜਾਂਦੇ ਹਨ। ਇਸ ਤਰ੍ਹਾਂ ਖੁੱਲਾ ਛੁੱਟ ਕੇ ਫੈਲ ਚੁੱਕਾ ਪਾਣੀ, ਪਾਣੀ ਨਾ ਰਹਿ ਕੇ ਆਪਣੇ ਵੱਖਰੇ ਤੋਂ ਵੱਖਰੇ ਰੂਪਾਂ ਨੂੰ ਧਾਰਣ ਕਰਦਾ ਜਾਂਦਾ ਹੈ।

ਠੀਕ ਉਸੇ ਤਰ੍ਹਾਂ ਨਿਗੁਰੇ ਤੇ ਆਪਹੁੱਦਰੇ ਮਨਮੱਤੀ ਮਨੁੱਖ ਦਾ "ਨਿਗੁਰਾ ਮਨ" ਵੀ ਆਪਣੇ ਪਾਣੀ ਦੇ ਸੁਭਾਅ ਕਾਰਣ, ਕਰਮਾਂ-ਸੰਸਕਾਰਾਂ, ਵਿਕਾਰਾਂ ਅਤੇ ਅਨਮਤੀ ਪ੍ਰਭਾਵਾਂ ਆਦਿ ਤੋਂ ਤਿਆਰ ਹੋ ਕੇ, ਮਨੁੱਖ ਨੂੰ ਆਪਣੇ ਇਸ਼ਾਰਿਆਂ `ਤੇ ਨਚਾਉਣ ਵਾਲੇ "ਗੁਮਰਾਹ ਮਨ" `ਚ ਤਬਦੀਲ ਹੁੰਦਾ ਜਾਂਦਾ ਹੈ।

ਜਦਕਿ ਮਨੁੱਖ ਦੇ ਕਰਾਹੇ ਪਏ ਉਸੇ ਮਨ ਦੀ ਜੇ ਫ਼ਿਰ ਕਿਸੇ ਸਬੱਬ ਇੱਕ ਵਾਰੀ ‘ਸੱਚ ਧਰਮ’ "ਸ਼ਬਦ ਗੁਰੂ" ਦੀ ਸ਼ਰਣ `ਚ ਆਉਣ ਕਾਰਣ ਸ਼ਬਦ-ਗੁਰੂ ਨਾਲ ਘਾੜਤ ਹੋ ਜਾਵੇ ਤਾਂ ਉਹ ਵੀ "ਗੁਰਬਾਣੀ ਗੁਰੂ ਦੇ ਗਿਆਨ" ਨਾਲ ਬੱਝ ਸਕਦਾ ਹੈ। ਇਸ ਤਰ੍ਹਾਂ ਉਸ ਮਨ ਦੀਆਂ ਸਮੂਹ ਚਤੁਰਾਈਆਂ, ਸਿਆਣਪਾਂ ਤੇ "ਦਹ-ਦਿਸ" ਧਾਵਣ ਵਾਲੀ ਬਿਰਤ ਵੀ; ਅਡੋਲਤਾ, ਸਤ-ਸੰਤੋਖ ਅਤੇ ਜੀਵਨ ਦੇ ਟਿਕਾਅ `ਚ ਬਦਲ ਜਾਂਦੀ ਹੈ।

(ਸ) "ਗੁਰ ਬਿਨੁ ਗਿਆਨੁ ਨ ਹੋਇ" - ਤਾਂ ਤੇ ਇਹ ਵੀ ਦੌਰਾਅ ਦੇਵੀਏ ਕਿ ਜਿਵੇਂ ਫੈਲ ਕੇ ਖਤਮ ਹੋਣ ਵਾਲਾ ਪਾਣੀ, ਘੜੇ ਨੂੰ ਬਨਾਉਣ ਤੋਂ ਬਾਅਦ ਉਸ ਘੜੇ `ਚ ਬੱਝਾ ਰਹਿ ਕੇ ਵਰਤਣ ਯੋਗ ਸੁਅੱਛ ਤੇ ਸਾਫ਼ ਸੁੱਥਰਾ ਰਹਿੰਦਾ ਹੈ।

ਉਸੇ ਤਰ੍ਹਾਂ ਵਿਕਾਰਾਂ, ਅਨਮਤਾਂ, ਹੂੜਮਤਾਂ, ਮਨਮਤਾਂ, ਦੁਰਮਤਾਂ, ਬਿਪਰਨ ਰੀਤਾਂ, ਕਰਮ ਕਾਂਡਾਂ ਦਾ ਹਰ ਸਮੇਂ ਸ਼ਿਕਾਰ ਰਹਿ ਕੇ ਮਨੁੱਖ ਨੂੰ ਤਬਾਹੀ ਵੱਲ ਲੈ ਜਾਣ ਵਾਲੇ ਨਿਗੁਰੇ ਮਨ ਦੀ ਘਾੜਤ ਵੀ ਜਦੋਂ "ਇਲਾਹੀ ਗਿਆਨ", "ਸ਼ਬਦ-ਗੁਰੂ" ਤੇ "ਗੁਰਬਾਣੀ-ਗੁਰੂ" ਨਾਲ ਹੋ ਜਾਂਦੀ ਹੈ, ਤਾਂ ਸਾਡਾ ਉਹੀ ਚੰਚਲ ਮਨ ਇਤਨਾ ਵੱਧ ਤਾਕਤਵਰ ਹੋ ਜਾਂਦਾ ਹੈ ਕਿ ਅਜਿਹੀ ਬਦਲੀ ਹੋਈ ਅਵਸਥਾ ਸਮੇ "ਸ਼ਬਦ-ਗੁਰੂ" "ਰੱਬੀ ਗਿਆਨ" ਹੀ ਇਸ ਦਾ ਭੋਜਣ ਅਤੇ ਸੰਪੂਰਣ ਜੀਵਨ ਰਹਿਣੀ ਵੀ ਬਣ ਜਾਂਦਾ ਹੈ।

ਬਲਕਿ "ਗੁਰੂ ਗਿਆਨ" ੀ ਘਾੜਤ ਰਾਹੀਂ ਮਨ ਦੀ ਬਦਲੀ ਹੋਈ ਅਵਸਥਾ ਸਮੇਂ ਸੰਸਾਰਕ ਮੋਹ-ਮਾਇਆ ਦੀ ਭਰਵੀਂ ਖਿੱਚ ਨਾਲ ਭਰਪੂਰ, ਕੱਚੇ ਤੇ ਕੁਰਾਹੇ ਪਾਉਣ ਵਾਲੇ ਸਮੂਹ ਸੰਸਾਰਕ ਰਸ ਵੀ ਇਸ ਦੀ ਤਾਕਤ ਸਾਹਮਣੇ ਬੇਵੱਸ ਤੇ ਕਮਜ਼ੋਰ ਪੈ ਜਾਂਦੇ ਹਨ; ਵਿਕਾਰ ਇਸ ਦੇ ਨੇੜੇ ਵੀ ਨਹੀਂ ਫਟਕ ਸਕਦੇ।

(ਹ) ਘੜਾ ਹੀ ਕਿਉਂ? - ਸਲੋਕ ਵਿੱਚਲੇ ਪ੍ਰਕਰਣ ਸੰਬੰਧੀ ਇੱਕ ਸੁਆਲ ਇਹ ਵੀ ਪੁਛਿਆ ਜਾਂਦਾ ਹੈ ਕਿ ਗੁਰਦੇਵ ਨੇ ਸਲੋਕ `ਚ ਉਚੇਚੇ "ਘੜੇ ਦੀ ਮਿਸਾਲ ਨੂੰ ਹੀ ਕਿਉਂ ਵਰਤਿਆ ਹੈ?" ਜਦਕਿ ਸੰਸਾਰ ਤਲ `ਤੇ ਇਹ ਵੀ ਸੱਚ ਹੈ ਕਿ ਸੰਸਾਰ `ਚ ਪਾਣੀ ਨੂੰ ਬੰਨ੍ਹਣ ਲਈ ਕੇਵਲ ਇੱਕ ਘੜਾ ਹੀ ਨਹੀਂ, ਬਲਕਿ ਇਸ ਕਰਮ ਲਈ ਤਾਂ ਹੋਰ ਵੀ ਬੇਅੰਤ ਸਾਧਨ ਮੌਜੂਦ ਹਨ।

ਸੰਬੰਧਤ ਵਿਸ਼ੇ ਦੀ ਤਹਿ `ਚ ਜਾਵਾਂਗੇ ਤਾਂ ਇਹ ਵੀ ਸਮਝ ਆ ਜਾਵੇਗੀ ਕਿ ਪਾਤਸ਼ਾਹ ਨੇ ਸਲੋਕ `ਚ ਉਚੇਚੇ ਘੜੇ (ਕੁੰਭ) ਦੀ ਮਿਸਾਲ ਨੂੰ ਹੀ ਕਿਉਂ ਵਰਤਿਆ ਹੈ?

ਇਸਦਾ ਇਕੋ ਹੀ ਉੱਤਰ ਹੈ ਅਤੇ ਉਹ ਇਹ ਕਿ ਸਲੋਕ `ਚ ਪਾਣੀ ਨੂੰ ਬੰਨਣ ਲਈ ਸੰਸਾਰ ਤਲ ਦੇ ਅਨੇਕਾਂ ਸਾਧਨ ਹੋਣ ਦੇ ਬਾਵਜੂਦ ਵਿਸ਼ੇ ਨੂੰ ਸਪਸ਼ਟ ਕਰਣ ਲਈ ਹੀ, ਗੁਰਦੇਵ ਨੇ ਕੇਵਲ ਢੁੱਕਵੀਂ ਮਿਸਾਲ ਕਾਰਣ ਹੀ ਘੜੇ ਨੂੰ ਵਰਤਿਆ ਹੋਇਆ ਹੈ। ਦਰਅਸਲ ਇਹ ਘੜੇ ਅਥਵਾ ਕੁੰਭ ਦੀ ਮਿਸਾਲ ਵੀ ਠੀਕ ਉਸੇ ਤਰ੍ਹਾਂ ਹੈ ਜਿਵੇਂ ਬਾਣੀ "ਆਸਾ ਕੀ ਵਾਰ" ਵਿੱਚਲੇ ਸਲੋਕ "ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ…" (ਪੰ: ੪੭੦) `ਚ ਸੰਬੰਧਤ ਵਿਸ਼ੇ ਨੂੰ ਸਪਸ਼ਟ ਕਰਣ ਲਈ ਹੀ:-

(੧) ਸੰਸਾਰ `ਚ ਬੇਅੰਤ ਪ੍ਰਕਾਰ ਦੇ ਰੁੱਖ ਹੋਣ ਦੇ ਬਾਵਜੂਦ ਗੁਰਦੇਵ ਨੇ ਕੇਵਲ ਸਿੰਮਲ ਦੇ ਰੁਖ ਦੀ ਮਿਸਾਲ ਨੂੰ, ਕੇਵਲ ਢੁੱਕਵੀਂ ਮਿਸਾਲ ਵਜੋਂ ਹੀ ਵਰਤਿਆ ਹੋਇਆ ਹੈ। ਫ਼ਿਰ ਉਸੇ ਸਲੋਕ `ਚ:-

(੨) ਬੇਅੰਤ ਪ੍ਰਕਾਰ ਦੇ ਸ਼ਿਕਾਰਾਂ `ਚੋਂ, ਕੇਵਲ ਹਿਰਣ ਦੇ ਸ਼ਿਕਾਰ ਦੀ ਮਿਸਾਲ ਨੂੰ ਹੀ, ਅਤੇ ਉਹ ਵੀ ਕੇਵਲ ਢੁੱਕਵੀਂ ਮਿਸਾਲ ਵਜੋਂ ਹੀ ਵਰਤਿਆ ਹੋਇਆ ਹੈ।

ਉਸੇ ਤਰ੍ਹਾਂ ਇਹ ਵੀ ਸਮਝ ਚੁੱਕੇ ਹਾਂ ਕਿ ਅਨੰਤ ਸੰਸਾਰਕ ਗਿਆਨ, ਪੜ੍ਹਾਈਆਂ, ਡਿੱਗਰੀਆਂ, ਡਿਪਲੋਮੇ ਤੇ ਵਿਗਿਆਣਕ ਖੋਜਾਂ ਵੀ ਮਨੁੱਖ ਦੇ ਮਨ ਨੂੰ ਟਿਕਾਅ `ਚ ਲਿਆਉਣ ਲਈ ਅਸਮ੍ਰਥ ਹੁੰਦੇ ਹਨ। ਬਲਕਿ ਉਹ ਸਮੂਹ ਸੰਸਾਰਕ ਗਿਆਨ, ਡਿਪਲੋਮੇ ਤੇ ਖੌਜਾਂ ਵੀ, ਉਲਟਾ ਮਨੁੱਖ ਦੇ ਮਨ ਅੰਦਰਲੀ ਭੁਖ ਅਤੇ ਤ੍ਰਿਸ਼ਣਾ ਦੀ ਅੱਗ ਨੂੰ ਹੋਰ ਤੇ ਹੋਰ ਭੜਕਾਉਂਦੇ ਹਨ, ਬੁਝਾਂਦੇ ਜਾਂ ਘਟਾਉਂਦੇ ਨਹੀਂ।

ਜਦਕਿ, ਮਨੁੱਖ ਦੇ ਮਨ ਦੀ ਦੌੜ ਨੂੰ ਟਿਕਾਅ `ਚ ਲਿਆਉਣ ਲਈ ਕੇਵਲ ਤੇ ਕੇਵਲ "ਸੱਚ ਧਰਮ" ਦਾ ਪ੍ਰਗਟਾਵਾ "ਇਲਾਹੀ" ਤੇ "ਸ਼ਬਦ ਗੁਰੂ ਦਾ ਗਿਆਨ" ਹੀ "ਇਕੋ ਇਕ" ਸਾਧਨ ਹੈ ਦੂਜਾ ਨਹੀਂ।

"ਇਲਾਹੀ" ਅਤੇ "ਸ਼ਬਦ ਗੁਰੂ ਦੇ ਗਿਆਨ" ਰਾਹੀਂ ਇੱਕ ਵਾਰੀ ਘੜਿਆ ਜਾ ਚੁੱਕਾ ਮਨੁੱਖ ਦਾ ਮਨ ਪੂਰੀ ਤਰ੍ਹਾਂ ਟਿੱਕ ਅਤੇ ਬੱਝ ਜਾਂਦਾ ਹੈ। ਬਲਕਿ ਇਤਨਾ ਵੱਧ ਬਲਵਾਨ ਹੋ ਜਾਂਦਾ ਹੈ ਕਿ ਅਜਿਹੀ ਅਵਸਥਾ `ਚ ਕੇਵਲ ਰੱਬੀ ਗਿਆਨ ਹੀ ਇਸ ਦੀ ਖੁਰਾਕ ਹੁੰਦੀ ਹੈ। ਸ਼ਬਦ-ਗੁਰੂ ਦੀ ਕਮਾਈ ਨਾਲ ਘੜੇ ਜਾ ਚੁੱਕੇ ਮਨ `ਤੇ ਸੰਸਾਰਕ ਮੋਹ ਮਾਇਆ ਤੇ ਵਿਕਾਰਾਂ ਦੀ ਪੱਕੜ ਹੀ ਸਦਾ ਲਈ ਮੁੱਕ ਜਾਂਦੀ ਹੈ।

ਇਸ ਤਰ੍ਹਾਂ ਇੱਕ ਵਾਰੀ "ਗੁਰਬਾਣੀ ਗੁਰੂ" ਦੀ ਕਮਾਈ ਨਾਲ ਪ੍ਰਪਕ ਹੋਣ ਤੇ ਬੱਝ ਜਾਣ ਬਾਅਦ, ਸਾਡਾ ਮਨ, ਮੁੜ ਕੁਰਾਹੇ ਨਾ ਹੀ ਪੈਂਦਾ ਹੈ ਤੇ ਨਾ ਪੈ ਸਕਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਇੱਕ ਵਾਰੀ ਪਾਣੀ ਤੋਂ ਬਣਨ ਵਾਲੇ ਘੜੇ `ਚ ਬੱਝ ਜਾਣ ਤੋਂ ਬਾਅਦ, ਸਦਾ ਫੈਲਣ ਵਾਲਾ ਪਾਣੀ ਨਹੀਂ ਫ਼ੈਲਦਾ।

ਸਲੋਕ ਵਿੱਚਲੇ ਦੋਵੇਂ ਪੱਖ? - ਇਸ ਤਰ੍ਹਾਂ ਜੇਕਰ ਸਲੋਕ ਵਿੱਚਲੇ ਦੋਵੇਂ ਪੱਖ "ਘੜਾ" ਤੇ "ਮਨ" ਆਹਮਣੇ-ਸਾਹਮਣੇ ਰਖੀਏ ਤਾਂ ਇਹ ਵੀ ਸਾਫ਼ ਹੋ ਜਾਂਦਾ ਹੈ ਕਿ ਸਲੋਕ `ਚ ਗੁਰਦੇਵ ਨੇ ਵਿਸ਼ੇ ਨੂੰ ਕੇਵਲ ਸਪਸ਼ਟ ਕਰਣ ਲਈ ਹੀ ਇੱਕ ਪਾਸੇ ਉਚੇਚੇ ਪਾਣੀ ਤੋਂ ਬਣਨ ਵਾਲੇ ਘੜੇ (ਕੁੰਭ) ਦੀ ਮਿਸਾਲ ਨੂੰ ਕੇਵਲ ਢੁੱਕਵੀਂ ਮਿਸਾਲ ਵੱਜੋਂ ਹੀ ਵਰਤਿਆ ਹੋਇਆ ਹੈ, ਨਾ ਕਿ ਸਿਧਾਂਤ ਪਖੋਂ।

ਉਪ੍ਰੰਤ ਦੂਜੇ ਪਾਸੇ ਘੜੇ ਵਾਲੀ ਉਸੇ ਮਿਸਾਲ ਨੂੰ ਆਧਾਰ ਬਣਾ ਕੇ "ਗੁਰੂ-ਗਿਆਨ" ਨਾਲ "ਘੜੇ ਜਾ ਚੁੱਕੇ" ਮਨੁੱਖੀ ਮਨ ਦੀ, ਪ੍ਰਪਕਤਾ ਨੂੰ ਸਮੂਚੇ ਮਨੁੱਖ ਮਾਤ੍ਰ ਲਈ ਪ੍ਰਗਟਾਇਆ ਹੋਇਆ ਹੈ।

ਇਸ ਤਰ੍ਹਾਂ ਪਾਣੀ ਦੀ ਵਰਤੋਂ ਨਾਲ ਹੀ ਬਣਾਏ ਹੋਏ ਘੜੇ `ਚ ਪਾਣੀ ਦੇ ਬੱਝਣ ਦਾ ਵਿਸ਼ਾ ਅਤੇ ਦੂਜੇ ਪਾਸੇ "ਇਕੋ ਇਕ" "ਗੁਰੂ ਗਿਆਨ" ਦੀ ਕਮਾਈ ਰਾਹੀਂ ਘੜੇ ਜਾ ਚੁੱਕੇ ਮਨੁੱਖੀ ਮਨ `ਚ ਆ ਚੁੱਕੇ ਪੂਰਣ ਟਿਕਾਅ ਤੇ ਉਸ ਮਨ ਦਾ "ਗੁਰੂ ਗਿਆਨ" ਰਾਹੀਂ ਪ੍ਰਭੂ ਦੀ ਸਿਫ਼ਤ ਸਲਾਹ ਵਾਲੇ ਗੁਣ ਨਾਲ ਬੱਝ ਜਾਣ ਦਾ ਵਿਸ਼ਾ।

ਇਨ੍ਹਾਂ ਦੋਨਾਂ ਪ੍ਰਕਰਣਾ ਨੂੰ ਆਹਮਣੇ-ਸਾਹਮਣੇ ਰਖਣ ਦੀ ਲੋੜ ਹੈ। ਉਪ੍ਰੰਤ ਇਨ੍ਹਾਂ ਦੋਨਾਂ ਪ੍ਰਕਰਣਾ ਨੂੰ ਆਹਮਣੇ-ਸਾਹਮਣੇ ਰਖਣ ਤੋਂ ਬਾਅਦ ਚਲਦੇ ਸਲੋਕ ਸੰਬੰਧੀ ਸਿਧਾਂਤਕ ਪੱਖੋਂ ਜਾਂ ਕਿਸੇ ਵੀ ਤਰ੍ਹਾਂ ਦਾ ਨਾ ਕੋਈ ਸ਼ੰਕਾ ਰਵੇਗਾ ਤੇ ਨਾ ਹੀ ਕੋਈ ਭਰਮ-ਭੁਲੇਖਾ ਜਾਂ ਸੁਆਲ। (ਚਲਦਾ) #234P-XIII,-02.17-0217#p13v..

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XIII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਤੇਰ੍ਹਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.