.

ੴਸਤਿਗੁਰਪ੍ਰਸਾਦਿ।।
ਖਾਲਸਾ ਪੰਥ ਬਨਾਮ ਡੇਰਾਵਾਦ
(ਭਾਗ ਚੌਥਾ)


੧੦੮ ਅਤੇ ੧੦੦੮ ਦੀਆਂ ਡਿਗਰੀਆਂ:


ਇਨ੍ਹਾਂ ਡੇਰੇਦਾਰਾਂ ਨੂੰ ਅਕਸਰ ਸੰਤ, ਪੂਰਨ ਸੰਤ, ਮਹੰਤ, ਬਾਬਾ, ਮਹਾਪੁਰਖ, ਬ੍ਰਹਮਗਿਆਨੀ ਆਦਿ ਨਾਵਾਂ ਨਾਲ ਸੰਬੋਧਤ ਕੀਤਾ ਜਾਂਦਾ ਹੈ। ਆਪਣੇ ਆਪ ਨੂੰ ਹੋਰ ਵੱਡਾ, ਸਤਿਕਾਰਤ ਅਤੇ ਮਹੱਤਵ ਪੂਰਨ ਦਰਸਾਉਣ ਲਈ ਕਈ, ਇਸ ਤੋਂ ਪਹਿਲਾਂ ਆਪਣੇ ਨਾਂਅ ਨਾਲ ੧੦੮, ੧੦੦੮ ਆਦਿ ਡਿਗਰੀਆਂ ਵੀ ਜੋੜ ਲੈਂਦੇ ਹਨ। ਮੈਂ ਇੱਕ ਐਸੇ ਹੀ ਨਵੇਂ ਬਣੇ ਅਖੌਤੀ ਸੰਤ, ਜੋ ਆਪਣੇ ਵੱਡੇ ਬਾਬੇ ਦੇ ਮਰਨ ਤੇ, ਕਈ ਹੋਰ ਚੇਲਿਆਂ ਦੇ ਲੜਾਈ ਝਗੜੇ ਤੋਂ ਬਾਅਦ ਇੱਕ ਤੋਂ ਤਿੰਨ ਬਣੀਆਂ ਗੱਦੀਆਂ `ਚੋਂ ਇੱਕ ਤੇ ਕਾਬਜ਼ ਹੋਇਆ ਸੀ, ਨੂੰ ਪੁੱਛਿਆ ਕਿ ਤੁਸੀਂ ਆਪਣੇ ਨਾਂਅ ਨਾਲ ਇਹ ਜੋ ੧੦੮ ਸ਼ਬਦ ਲਾਉਂਦੇ ਹੋ, ਇਸ ਦਾ ਕੀ ਮਤਲਬ ਹੈ? ਉਹ ਮੇਰੇ ਨੇੜੇ ਜਿਹੇ ਹੋ ਕੇ ਕਹਿਣ ਲੱਗਾ, “ਭਾਈ ਸਾਹਿਬ! ਸਾਨੂੰ ਪੂਰਾ ਤੇ ਨਹੀਂ ਜੇ ਪਤਾ ਪਰ ਇਹ ਸ਼ਬਦ ਸਤਿਕਾਰ ਵਜੋਂ ਲਾਏ ਜਾਂਦੇ ਹਨ। ਪਹਿਲਾਂ ਵੱਡੇ ਮਹਾਪੁਰਖ ਆਪਣੇ ਨਾਂਅ ਨਾਲ ਲਾਉਂਦੇ ਸਨ, ਹੁਣ ਅਸੀਂ ਗੱਦੀ ਤੇ ਬੈਠੇ ਹਾਂ, ਅਸੀਂ ਲਾਉਣਾ ਸ਼ੁਰੂ ਕਰ ਦਿੱਤਾ। ਇਹ ਸਾਡੇ ਡੇਰੇ ਦੇ ਮਹਾਪੁਰਖਾਂ ਨਾਲ ਪਹਿਲੇ ਤੋਂ ਚਲਿਆ ਆਉਂਦਾ ਹੈ”।
ਇਸ ਵਿਸ਼ੇ ਤੇ ਇੱਕ ਹੋਰ ਜੁਆਬ, ਜੋ ਇੱਕ ਹੋਰ ਡੇਰੇਦਾਰ ਵਰਿਆਮ ਸਿੰਘ ਰਤਵਾੜੇ ਵਾਲੇ ਨੇ ਦਿੱਤਾ, ਉਹ ਵੀ ਪੜ੍ਹ ਲਓ। ਇਹ ਜੁਆਬ ਉਸ ਨੇ ੧੪. ੨. ੯੭ ਨੂੰ ਆਪਣੀ ਇੰਗਲੈਂਡ ਫੇਰੀ ਸਮੇਂ ਸ੍ਰ. ਸੁਖਜਿੰਦਰ ਸਿੰਘ ਖਹਿਰਾ ਵਾਲਸਲ
(K.T.C.E. oil) ਇੰਗਲੈਂਡ ਵਾਲਿਆਂ ਦੇ ਘਰ ਪੰਜਾਬੀ ਪਤ੍ਰਿਕਾ ਆਵਾਜ਼-ਏ-ਕੌਮ ਦੇ ਆਡੀਟਰ ਸਾਹਿਬ ਨਾਲ ਇੰਟਰਵਿਊ ਵਿੱਚ ਦਿੱਤਾ ਸੀ:
ਪ੍ਰਸ਼ਨ – ਬਾਬਾ ਜੀ! ਇਹ ਵੀ ਦੱਸਣ ਦੀ ਕ੍ਰਿਪਾਲਤਾ ਕਰਨੀ, ਅੱਜਕੱਲ ਸੰਤ ਸ਼ਬਦ ਲੱਗਣ ਤੋਂ ਬਿਨਾ ਕਈ ਵਾਰੀ ੧੦੮, ੧੦੦੮ ਵੀ ਲਗਾਇਆ ਹੁੰਦਾ ਹੈ, ਇਸ ਦਾ ਕੀ ਭਾਵ ਹੈ?
ਉੱਤਰ- ਉਹ ਅਦਬ ਵਾਸਤੇ ਹੁੰਦਾ ਹੈ, ਜਿਵੇਂ ਆਪਾਂ ਲਿਖਦੇ ਹਾਂ ਵਾਰ-ਵਾਰ, ਵਾਰ ਲਿੱਖ ਕੇ ੨ ਹਿੰਸਾ ਪਾ ਦਿੱਤਾ। ਜੇ ਦੱਸ ਵਾਰ ਲਿਖਣਾ ਹੋਵੇ ਤਾਂ ੧੦ ਹਿੰਸਾ ਪਾ ਦੇਵਾਂਗੇ। ਸੋ ੧੦੮ ਨੂੰ ਸੰਪੁਰਨ ਸਮਝਿਆ ਜਾਂਦਾ ਹੈ। ਕਿਉਂਕਿ ਮਾਲਾ ਦੇ ਮਣਕੇ ੧੦੮ ਹੁੰਦੇ ਨੇ। ਸੋ ਉਹ ਜਦੋਂ ਸ੍ਰੀ ਕਹਿੰਦੇ ਨੇ, ਤਾਂ ਸ੍ਰੀ ਸ੍ਰੀ ਸ੍ਰੀ ੧੦੮ ਵਾਰੀ ਕਹਿਣ ਦੀ ਬਜਾਏ, ਸ੍ਰੀ ੧੦੮ ਪਾ ਦੇਂਦੇ ਹਨ। ਇਹ ਕੋਈ ਐਸਾ ਅਖਰ ਨਹੀਂ ਹੈ, ਇਹ ਕੇਵਲ ਆਪਣੀ ਸ਼ਰਧਾ ਦਾ ਪ੍ਰਤੀਕ ਹੋਣ ਕਰਕੇ ਕਿਸੇ ਨੇ ਲਿਖਿਆ ਹੋਣਾ ਹੈ। ਹੁਣ ਇਹ ਰਿਵਾਜ਼ ਬਣ ਗਿਆ ਹੈ। ਕਈ ਵਾਰੀ ਲਿਖਣ ਵਾਲੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਇਹਦਾ ਮਤਲਬ ਕੀ ਹੈ। ਸੋ ਕੋਈ ੧੦੦੮ ਲਿਖਦਾ ਹੈ, ਕੋਈ ਇੱਕ ਹਜ਼ਾਰ ੧੧ ਲਿਖਦਾ ਹੈ। ਕੋਈ ਹੋਰ ਆ ਜਾਵੇਗਾ ਉਹਨੇ ਇੱਕ ਲੱਖ ਲਿਖ ਦੇਣਾ ਹੈ। ਇਹਦੇ ਵਿੱਚ ਸ੍ਰੀ ਨੂੰ ਗੁਣਾ ਕੀਤਾ ਗਿਆ ਹੈ।
(ਭਾਈ ਸੁਖਵਿੰਦਰ ਸਿੰਘ ਸਭਰਾ ਦੀ ਕਿਤਾਬ “ਸੰਤਾਂ ਦੇ ਕੌਤਕ …? “ ਭਾਗ ਤੀਜਾ ਦੇ ਪੰਨਾ ੮੭ ਤੋਂ ਧੰਨਵਾਦ ਸਹਿਤ)

ਮੈਂ ਇੱਕ ਦੋ ਹੋਰ ਅਖੌਤੀ ਸਾਧਾਂ ਅਤੇ ਉਨ੍ਹਾਂ ਦੇ ਚੇਲਿਆਂ ਕੋਲੋਂ ਵੀ ਜਾਨਣ ਦੀ ਕੋਸ਼ਿਸ਼ ਕੀਤੀ ਪਰ ਕੋਈ ਤਸੱਲੀ ਵਾਲਾ ਜੁਆਬ ਨਾ ਮਿਲ ਸਕਿਆ। ਇਹੀ ੧੦੮ ਦਾ ਅੰਕ ਹਿੰਦੂ ਕੌਮ ਦੇ ਸਾਧ ਵੀ ਆਪਣੀਆਂ ਡਿਗਰੀਆਂ ਦੇ ਤੌਰ ਤੇ ਵਰਤਦੇ ਹਨ। ਬਲਕਿ ਪਹਿਲਾਂ ਇਹ ਬਹੁਤਾ ਹਿੰਦੂ ਧਰਮ ਵਿੱਚ ਹੀ ਪ੍ਰਚਲਤ ਸੀ, ਉਥੋਂ ਹੀ ਸਿੱਖ ਕੌਮ ਵਿੱਚ ਘੁਸ-ਪੈਠ ਕੀਤਾ ਹੈ। ਮੈਂ ਇੱਕ ਵਿਦਵਾਨ ਬ੍ਰਾਹਮਣ ਕੋਲੋਂ ਇਸ ਦੀ ਸਪੱਸ਼ਟਤਾ ਲੈਣੀ ਚਾਹੀ, ਤਾਂ ਉਹ ਕਹਿਣ ਲੱਗਾ, ਜੇ ਸਾਰੇ ਵੇਦਾਂ, ਸ਼ਾਸਤਰਾਂ, ਸਿਮ੍ਰਤੀਆਂ, ਪੁਰਾਣਾਂ, ਉਪਨਿਸ਼ਦਾਂ ਆਦਿ ਹਿੰਦੂ ਗ੍ਰੰਥਾਂ ਦਾ ਜੋੜ ਕਰ ਲਈਏ ਤਾਂ ਇਹ ਕੁਲ ੧੦੮ ਬਣਦਾ ਹੈ, ਜਿਸ ਦਾ ਵੇਰਵਾ ਇੰਝ ਹੈ:

ਵੇਦ- ੪ (ਚਾਰ),
ਸਾਸਤ੍ਰ- ੬ (ਛੇ),
ਪੁਰਾਣ- ੧੮ (ਅਠਾਰ੍ਹਾਂ),
ਸਿਮ੍ਰਤੀਆਂ- ੨੭ (ਸਤਾਈ),
ਉਪਨਿਸ਼ਦ- ੫੨ (ਬਵੰਜ੍ਹਾ)
ਗਾਯਤ੍ਰੀ ਮੰਤਰ- ੧ (ਇਕ)
ਕੁਲ- ੧੦੮

ਸੋ ਜਿਸ ਨੇ ਇਹ ਸਾਰੇ ਗ੍ਰੰਥ ਪੜ੍ਹੇ ਹੋਏ ਹੋਣ ਅਤੇ ਗਾਯਤ੍ਰੀ ਮੰਤ੍ਰ ਦਾ ਪੂਰਨ ਗਿਆਨ ਹੋਵੇ, ਉਹ ਆਪਣੇ ਨਾਂਅ ਨਾਲ ੧੦੮ ਲਿਖਣ ਦਾ ਅਧਿਕਾਰੀ ਹੈ। ਜਦੋਂ ਮੈਂ ੧੦੦੮ ਬਾਰੇ ਪੁਛਿਆ ਤਾਂ ਉਹ ਬੇਵਿਸ਼ਵਾਸੀ ਜਿਹੀ ਨਾਲ ਕਹਿਣ ਲੱਗਾ ਕਿ ਇਹ ਸ਼ਬਦ ਕੁੱਝ ਸਮੇਂ ਤੋਂ ਹੀ ਪ੍ਰਚਲਤ ਹੋਇਆ ਹੈ, ਜਿਸ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ। ਹੋ ਸਕਦਾ ਹੈ, ਜੇ ਦੁਨੀਆਂ ਦੇ ਸਾਰੇ ਧਰਮ ਗ੍ਰੰਥਾਂ ਦਾ ਜੋੜ ਕਰ ਲਈਏ ਤਾਂ ਸ਼ਾਇਦ ੧੦੦੮ ਬਣਦਾ ਹੋਵੇ, ਸੋ ਜਿਸ ਨੇ ਦੁਨੀਆਂ ਦੇ ਸਾਰੇ ਧਰਮਾਂ ਦੇ ਧਰਮ ਗ੍ਰੰਥ ਪੜ੍ਹੇ ਹੋਣ, ਉਹ ੧੦੦੮ ਲਿਖਣ ਦਾ ਅਧਿਕਾਰੀ ਹੋਣਾ ਚਾਹੀਦਾ ਹੈ।
ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਨ੍ਹਾਂ ਅੰਗੂਠਾ ਛਾਪਾਂ ਨੇ ਹੋਰ ਕਿਤਨੇ ਕੁ ਧਰਮਾਂ ਦੇ ਗ੍ਰੰਥ ਪੜ੍ਹੇ ਹੋਣਗੇ। ਇਨ੍ਹਾਂ ਵਿਚੋਂ ਬਹੁਤਿਆਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਪੂਰਨ ਬਾਣੀ ਵੀ ਵਿਚਾਰ ਕੇ ਨਹੀਂ ਪੜ੍ਹੀ ਹੋਣੀ, ਨਹੀਂ ਤਾਂ ਕਦੀਂ ਇਸ ਪਾਖੰਡਵਾਦ ਵਿੱਚ ਨਾ ਪੈਂਦੇ। ਕੁੱਝ ਵੀ ਕਹਿ ਲਈਏ, ਇਨ੍ਹਾਂ ੧੦੮ ਧਰਮ ਗ੍ਰੰਥਾਂ ਦਾ ਸਿੱਖ ਧਰਮ ਨਾਲ ਨੇੜੇ ਤੇੜੇ ਦਾ ਕੋਈ ਸਬੰਧ ਨਹੀਂ, ਫਿਰ ਇਹ ਸਿੱਖੀ ਭੇਖ ਵਾਲੇ ਕਿਸ ਚਾਅ ਵਿੱਚ ਇਹ ੧੦੮ ਅਤੇ ੧੦੦੮ ਆਦਿ ਦੀਆਂ ਡਿਗਰੀਆਂ ਲਾਈ ਫਿਰਦੇ ਹਨ। ਗੱਲ ਬੜੀ ਸਪੱਸ਼ਟ ਹੈ ਕਿ ਜਿਵੇਂ ਅੱਜ ਸਿੱਖ ਕੌਮ ਵਿੱਚ ਬਹੁਤੇ ਕਰਮ ਬ੍ਰਾਹਮਣੀ ਵਿਚਾਰ ਧਾਰਾ ਦੀ ਵੇਖਾ ਵੇਖੀ ਬਗ਼ੈਰ ਗੁਰਮਤਿ ਨੂੰ ਸਮਝੇ, ਵਿਚਾਰੇ ਕੀਤੇ ਜਾ ਰਹੇ ਹਨ, ਇਨ੍ਹਾਂ ਅਖੌਤੀ ਸੰਤਾਂ ਨੇ ਵੀ ਹਿੰਦੂ ਧਰਮ ਦੀ ਵੇਖਾ ਵੇਖੀ ਬਗੈਰ ਇਸ ਦਾ ਮਤਲਬ ਸਮਝੇ ਜਾਂ ਵਿਚਾਰੇ ਆਪਣੇ ਨਾਵਾਂ ਨਾਲ ੧੦੮ ਜੋੜ ਲਿਆ ਅਤੇ ਹੁਣ ਕਈਆਂ ਨੇ ਉਨ੍ਹਾਂ ਤੋਂ ਹੋਰ ਵਡੇਰਾ ਬਣਨ ਲਈ ੧੦੦੮ ਬਣਾ ਦਿੱਤਾ ਹੈ। ਇਹ ਡਿਗਰੀਆਂ ਕੇਵਲ ਆਪਣੇ ਆਪ ਨੂੰ ਬਹੁਤ ਮਹਾਨ ਦਰਸਾ ਕੇ, ਸਾਧਾਰਨ ਜਨਤਾ ਨੂੰ ਮੂਰਖ ਬਣਾਉਣ ਦਾ ਇੱਕ ਸਾਧਨ ਮਾਤਰ ਹਨ, ਇਸ ਤੋਂ ਵਧ ਘੱਟ ਇਨ੍ਹਾਂ ਦਾ ਕੋਈ ਮਹੱਤਵ ਨਹੀਂ।

ਸਿੱਖ ਇਤਿਹਾਸ ਵਿੱਚ ਸੰਤ:

ਸੋਚਣ ਵਾਲੀ ਗੱਲ ਇਹ ਹੈ ਕਿ ਫਿਰ ਸਿੱਖ ਕੌਮ ਵਿੱਚ ਇਹ ਬਾਬਿਆਂ ਅਤੇ ਡੇਰਿਆਂ ਦਾ ਹੜ੍ਹ ਕਿਥੋਂ ਅਤੇ ਕਿਵੇਂ ਆ ਗਿਆ? ਆਓ ਸਭ ਤੋਂ ਪਹਿਲਾਂ ਆਪਣੇ ਇਤਿਹਾਸ ਵਿੱਚ ਝਾਤੀ ਮਾਰੀਏ।
ਇਸ ਵਿੱਚ ਕੋਈ ਸ਼ਕ ਹੀ ਨਹੀਂ ਕਿ ਗੁਰੂ ਸਾਹਿਬਾਨ ਦੇ ਸਮੇਂ ਤੋਂ ਕੁੱਝ ਅਤਿ ਸਨਮਾਨਤ ਗੁਰਸਿੱਖ ਹੋਏ ਹਨ, ਜਿਨ੍ਹਾਂ ਨਾ ਸਿਰਫ ਆਪਣਾ ਜੀਵਨ ਗੁਰੂ ਉਪਦੇਸ਼ਾਂ ਅਨੁਸਾਰ ਢਾਲ ਕੇ, ਵੱਡੀਆਂ ਘਾਲਣਾ ਘਾਲ ਕੇ, ਉੱਚਾ ਸੁੱਚਾ ਜੀਵਨ ਜੀਅ ਕੇ, ਸੰਸਾਰ ਸਾਹਮਣੇ ਗੁਰਮਤਿ ਰਹਿਣੀ ਦੀ ਲਾਜੁਆਬ ਮਿਸਾਲ ਕਾਇਮ ਕੀਤੀ, ਸਗੋਂ ਗੁਰਮਤਿ ਦੇ ਪ੍ਰਚਾਰ, ਪ੍ਰਸਾਰ ਵਿੱਚ ਵੀ ਵੱਡਮੁੱਲਾ ਯੋਗਦਾਨ ਪਾਇਆ। ਤਿੰਨ ਗੁਰਸਿੱਖਾਂ, ਸੁੰਦਰ ਜੀ, ਸੱਤਾ ਜੀ ਅਤੇ ਬਲਵੰਡ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਕੀਤੀ ਗਈ। ਇਨ੍ਹਾਂ ਗੁਰਸਿੱਖਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਸਾਨੂੰ ਬਹੁਤ ਸਾਰੇ ਗੁਰਮਤਿ ਸਿਧਾਂਤ ਦ੍ਰਿੜ ਕਰਾਉਂਦੀ ਹੈ, ਪਰ ਕਿਸੇ ਗੁਰਸਿੱਖ ਨੂੰ ਕਦੀਂ ਸੰਤ, ਬਾਬਾ, ਮਹਾਪੁਰਖ ਜਾਂ ਬ੍ਰਹਮਗਿਆਨੀ ਨਹੀਂ ਕਿਹਾ ਗਿਆ। ਇਸ ਤੋਂ ਇਲਾਵਾ ਕੁੱਝ ਸਿੱਖ ਸਖਸ਼ੀਅਤਾਂ ਦਾ ਕੌਮ ਅੰਦਰ ਵਿਸ਼ੇਸ਼ ਸਤਿਕਾਰ ਅਤੇ ਮਹੱਤਵਪੂਰਨ ਸਥਾਨ ਹੈ, ਜਿਵੇਂ:
ਬਾਬਾ ਬੁੱਢਾ ਜੀ, ਜਿਨ੍ਹਾਂ ਨੂੰ ਗੁਰੂ ਨਾਨਕ ਪਾਤਿਸ਼ਾਹ ਤੋਂ ਲੈਕੇ, ਛੇ ਗੁਰੂ ਸਾਹਿਬਾਨ ਦੀ ਸੰਗਤ ਅਤੇ ਨੇੜਤਾ ਦਾ ਸੁਭਾਗ ਪ੍ਰਾਪਤ ਹੋਇਆ, ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗ੍ਰੰਥ ਸਾਹਿਬ (ਗੁਰੂ) ਦਾ ਪਹਿਲਾ ਪ੍ਰਕਾਸ਼ ਕਰਨ ਦਾ ਮਾਣ ਉਨ੍ਹਾਂ ਨੂੰ ਦਿੱਤਾ ਗਿਆ, ਇਸ ਤੋਂ ਉਪਰ ਹੋਰ ਕੀ ਹੋ ਸਕਦਾ ਹੈ ਕਿ ਪੰਜ ਗੁਰੂ ਸਾਹਿਬਾਨ ਨੂੰ ਗੁਰਗੱਦੀ ਤੇ ਸੁਸ਼ੋਭਿਤ ਕਰਨ ਦਾ ਸਨਮਾਨ ਉਨ੍ਹਾਂ ਨੂੰ ਮਿਲਦਾ ਰਿਹਾ।
ਦੁਨੀਆਂ ਦੇ ਸਭ ਤੋਂ ਸੁਭਾਗੇ ਵਿਅਕਤੀ, ਗੁਰੂ ਨਾਨਕ ਪਾਤਿਸ਼ਾਹ ਦੇ ਸਭ ਤੋਂ ਨੇੜਲੇ ਸਾਥੀ ਭਾਈ ਮਰਦਾਨਾ ਜੀ, ਜਿਨ੍ਹਾਂ ਨੂੰ ੫੪ ਸਾਲ ਸਤਿਗੁਰੂ ਦੀ ਸੰਗਤ ਦਾ ਸੁਭਾਗ ਪ੍ਰਾਪਤ ਹੋਇਆ।
ਭਾਈ ਗੁਰਦਾਸ ਜੀ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸਰੂਪ ਦੀ ਲਿਖਾਈ ਦਾ ਮਾਣ ਮਿਲਿਆ। ਜਿਨ੍ਹਾਂ ਦੀਆਂ ਲਿਖਤਾਂ ਦਾ ਗੁਰਬਾਣੀ ਦੀ ਵਿਆਖਿਆ ਕਰਨ ਵਿੱਚ ਵਿਸ਼ੇਸ਼ ਮਹੱਤਵ ਹੈ, ਅਤੇ ਮੁਢਲੇ ਸਿੱਖ ਇਤਿਹਾਸ ਦੇ ਕੁੱਝ ਅਨਮੋਲ ਪ੍ਰਮਾਣਿਕ ਸੋਮੇਂ ਵੀ ਇਨ੍ਹਾਂ ਵਿਚੋਂ ਪ੍ਰਾਪਤ ਹੁੰਦੇ ਹਨ।
ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਜਿਨ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਸ਼ਹਾਦਤ ਦਾ ਜਾਮ ਪੀਤਾ ਅਤੇ ਗੁਰੂ ਦੇ ਸਨਮੁਖ ਹੋਕੇ ਸ਼ਹੀਦ ਹੋਣਾ ਆਪਣਾ ਸੁਭਾਗ ਸਮਝਿਆ।
ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਜਿਨ੍ਹਾਂ ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੂੰ ਸੀਸ ਭੇਟ ਕਰ ਕੇ ਗੁਰੂ ਦੇ ਪੰਜ ਪਿਆਰੇ ਬਣਨ ਦਾ ਮਾਣ ਪ੍ਰਾਪਤ ਕੀਤਾ, ਸਭ ਤੋਂ ਪਹਿਲਾਂ ਖੰਡੇ-ਬਾਟੇ ਦੀ ਪਾਹੁਲ ਛਕਣ ਅਤੇ ਹਜ਼ਾਰਾਂ ਨੂੰ ਪਾਹੁਲ ਛਕਾਉਣ ਦਾ ਸੁਭਾਗ ਮਿਲਿਆ। ਇਨ੍ਹਾਂ ਵਿਚੋਂ ਤਿੰਨ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਅਤੇ ਦੋ ਸਤਿਗੁਰ ਦੇ ਅੰਤਮ ਸੁਆਸਾਂ ਤੱਕ ਸਤਿਗੁਰੂ ਦੀ ਹਜ਼ੂਰੀ ਵਿੱਚ ਰਹੇ।
ਭਾਈ ਮਨੀ ਸਿੰਘ ਜੀ, ਜਿਨ੍ਹਾਂ ਕੋਲੋਂ ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਦੀ ਲਿਖਾਈ ਕਰਾਈ। ਸਤਿਗੁਰੂ ਦੇ ਅਕਾਲ ਪਇਆਣੇ ਤੋਂ ਬਾਅਦ ਵੀ ਕੌਮ ਨੂੰ ਵਧੀਆ ਅਗਵਾਈ ਦੇਂਦੇ ਰਹੇ ਅਤੇ ਕੌਮ ਦੀ ਅਣਖ ਦੇ ਵਾਸਤੇ ਲਾਸਾਨੀ ਸ਼ਹਾਦਤ ਪ੍ਰਾਪਤ ਕੀਤੀ।
ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਨੇੜਤਾ ਦਾ ਸੁਭਾਗ ਪ੍ਰਾਪਤ ਹੋਇਆ, ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੇ ਕਈ ਉਤਾਰੇ ਇਨ੍ਹਾਂ ਕੋਲੋਂ ਕਰਵਾਏ। ਇੱਕ ਲਾਜੁਆਬ ਸੰਤ ਸਿਪਾਹੀ ਦਾ ਫਰਜ਼ ਅਦਾ ਕਰਦੇ ਹੋਏ, ਗੁਰਧਾਮਾਂ ਦੀ ਅਤੇ ਪੰਥਕ ਅਜ਼ਾਦੀ ਲਈ ਲਾਮਿਸਾਲ ਸ਼ਹਾਦਤ ਪ੍ਰਾਪਤ ਕੀਤੀ।
ਇਤਨੀਆਂ ਮਹਾਨ ਸ਼ਖਸ਼ੀਅਤਾਂ ਨੂੰ ਵੀ ਕੋਈ ਸੰਤ, ਮਹੰਤ, ਆਦਿ ਦੀ ਡਿਗਰੀ ਨਹੀਂ ਦਿੱਤੀ ਗਈ। ਅਜ ਵੀ ਸਾਰੀ ਕੌਮ ਇਨ੍ਹਾਂ ਨੂੰ ਭਾਈ ਮਰਦਾਨਾ, ਭਾਈ ਗੁਰਦਾਸ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ, ਭਾਈ ਮਨੀ ਸਿੰਘ ਜੀ, ਕਹਿ ਕੇ ਹੀ ਯਾਦ ਕਰਦੀ ਹੈ। ਉਮਰ ਦੇ ਸਤਿਕਾਰ, ਅਤੇ ਕੌਮ ਦੀ ਵਡੇਰੀ ਸੇਵਾ ਵਜੋਂ, ਬਾਬਾ ਬੁੱਢਾ ਜੀ ਅਤੇ ਬਾਬਾ ਦੀਪ ਸਿੰਘ ਜੀ ਦੇ ਨਾਂਅ ਨਾਲ ਬਾਬਾ ਲਫਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਹਾਂ ਇਹ ਅਲੱਗ ਗੱਲ ਹੈ ਕਿ ਅਜ ਬਹੁਤ ਸਾਰੇ ਡੇਰਿਆਂ ਨੇ ਆਪਣੇ ਸਬੰਧ ਜ਼ਬਰਦਸਤੀ ਇਨ੍ਹਾਂ ਦੇ ਨਾਵਾਂ ਨਾਲ ਜੋੜ ਕੇ, ਆਪਣੀਆਂ ਦੁਕਾਨਦਾਰੀਆਂ ਸਥਾਪਤ ਕੀਤੀਆਂ ਹੋਈਆਂ ਹਨ। ਇਨ੍ਹਾਂ ਮਹਾਨ ਸਖ਼ਸ਼ੀਅਤਾਂ ਨੇ ਤਾਂ ਆਪਣੇ ਜੀਵਨ ਕਾਲ ਵਿਚ, ਆਪਣੇ ਨਾਂਅ ਨਾਲ ਕੋਈ ਸੰਤ ਮਹੰਤ ਮਹਾਪੁਰਖ ਆਦਿ ਕੋਈ ਡਿਗਰੀ ਨਾ ਹੀ ਲਗਾਈ ਅਤੇ ਨਾ ਹੀ ਲੱਗਣ ਦਿੱਤੀ, ਇਹ ਜ਼ਬਰਦਸਤੀ ਇਨ੍ਹਾਂ ਦੇ ਪੈਰੋਕਾਰ ਬਣਨ ਦਾ ਦਾਅਵਾ ਕਰ ਕੇ ਆਪਣੇ ਆਪ ਨੂੰ ਸੰਤ, ਮਹੰਤ, ਮਹਾਪੁਰਖ ਬ੍ਰਹਮਗਿਆਨੀ ਤੇ ਹੋਰ ਪਤਾ ਨਹੀਂ ਕੀ ਕੀ ਸਦਵਾ ਰਹੇ ਹਨ।
ਉਪਰੋਕਤ ਪ੍ਰਮਾਣਾਂ ਤੋਂ ਸਪੱਸ਼ਟ ਹੈ ਕਿ ਸਿੱਖ ਇਤਿਹਾਸ ਵਿੱਚ ਕਿਸੇ ਅਤਿ ਸਨਮਾਨਤ ਸਿੱਖ ਨੂੰ ਵੀ ਕਦੇ ਸੰਤ, ਮਹੰਤ, ਮਹਾਪੁਰਖ, ਬ੍ਰਹਮਗਿਆਨੀ ਆਦਿ ਵਿਸ਼ੇਸ਼ਣਾਂ ਨਾਲ ਅਲੰਕਿਤ ਨਹੀਂ ਕੀਤਾ ਗਿਆ। ਸੋਚਣ ਵਾਲੀ ਗੱਲ ਇਹ ਹੈ, ਕਿ ਫੇਰ ਇਹ ਸਿਧਾਂਤਕ ਤੌਰ ਤੇ ਗਲਤ ਚਲਣ ਸਿੱਖ ਕੌਮ ਵਿੱਚ ਕਿਥੋਂ ਚੱਲ ਪਿਆ? ਸਾਡੇ ਸਾਹਮਣੇ ਸੱਭ ਤੋਂ ਪਹਿਲੇ ਜੋ ਨਾਂ ਆਉਂਦਾ ਹੈ, ਜਿਸ ਨਾਲ ਸਿੱਖ ਕੌਮ ਵਿੱਚ ਸਭ ਤੋਂ ਪਹਿਲਾਂ ਸੰਤ ਸ਼ਬਦ ਦੀ ਵਰਤੋਂ ਕੀਤੀ ਗਈ, ਉਹ ਮਸਤੁਆਣਾ ਜ਼ਿਲਾ ਸੰਗਰੂਰ ਦੇ ਅਤਰ ਸਿੰਘ ਦਾ ਹੈ। ਇਸ ਨੂੰ ਸੰਤ ਦੀ ਉਪਾਧੀ ਅੰਗ੍ਰੇਜ਼ ਸਰਕਾਰ ਵਲੋਂ ਦਿੱਤੀ ਗਈ, ਕਿਉਂਕਿ ਇਸ ਨੇ ਸੰਨ ੧੯੧੧ ਵਿੱਚ ਜਾਰਜ ਪੰਚਮ ਵਾਸਤੇ ਅਰਦਾਸ ਕੀਤੀ ਸੀ, ਕਿ ਅੰਗ੍ਰੇਜ਼ ਰਾਜ ਸਦਾ ਕਾਇਮ ਰਹੇ। (ਵੇਖੋ: ਭਾਈ ਸੁਖਵਿੰਦਰ ਸਿੰਘ ਸਭਰਾ ਲਿਖਤ, ਸੰਤਾਂ ਦੇ ਕੌਤਕ ਭਾਗ ੬ ਪੰਨਾ ੭), ਲੇਕਿਨ ਇਸ ਨੂੰ ਸੰਤ ਮਹਾਰਾਜ ਦੇ ਤੌਰ ਤੇ ਸਭ ਤੋਂ ਵੱਧ ਪ੍ਰਚਾਰਿਆ ਹਿੰਦੂਤਵੀ ਸ਼ਕਤੀਆਂ ਨੇ, ਜਦੋਂ ਇਸ ਨੇ ਉਸ ਵੇਲੇ ਦੀਆਂ ਸਿੱਖ ਰਿਆਸਤਾਂ ਦੇ ਰਾਜਿਆਂ, ਮਹਾਰਾਜਿਆਂ ਕੋਲੋਂ ਲੱਖਾਂ ਰੁਪਿਆ ਇਕੱਠਾ ਕਰਕੇ, ਉਸ ਪੈਸੇ ਨਾਲ ਮਦਨ ਮੋਹਨ ਮਾਲਵੀਆ ਦੇ ਕਹਿਣ ਤੇ ਬਨਾਰਸ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਕਾਇਮ ਕਰਵਾਈ। ਇਹ ਉਹ ਦੋ ਮਹਾਨ ਕਾਰਜ ਸਨ, ਜੋ ਇਨ੍ਹਾਂ ਮਹਾਪੁਰਖਾਂ ਕੀਤੇ, ਜਿਸ ਦੇ ਇਵਜ਼ ਵਿੱਚ ਸਿੱਖ ਸਿਧਾਂਤਾਂ ਦੇ ਉਲਟ ਇਸ ਨੂੰ ਗੈਰ ਸਿੱਖ ਤਾਕਤਾਂ ਨੇ ਸੰਤ ਬਣਾਕੇ, ਸਿੱਖ ਕੌਮ ਅੰਦਰ ਇੱਕ ਵੱਡੇ ਰੋਗ ਦੀ ਸ਼ੁਰੂਆਤ ਕੀਤੀ।

(ਦਾਸ ਦੀ ਨਵੀਂ ਕਿਤਾਬ “ਖਾਲਸਾ ਪੰਥ ਬਨਾਮ ਡੇਰਾਵਾਦ” ਸੰਪੂਰਨਤਾ ਦੇ ਨੇੜੇ ਹੈ। ਇਸ ਦਾ ਇੱਕ ਭਾਗ ਹਰ ਹਫਤੇ ਇਸ ਵੈਬ ਸਾਈਟ ਤੇ ਛਾਪਿਆ ਜਾ ਰਿਹਾ ਹੈ। ਸੂਝਵਾਨ ਪਾਠਕਾਂ ਨੂੰ ਇਸ ਬਾਰੇ ਉਸਾਰੂ ਸੁਝਾਅ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ। ਕਿਤਾਬ ਛਪਣ ਤੋਂ ਪਹਿਲਾਂ ਆਏ ਹਰ ਸੁਝਾਅ ਨੂੰ ਜੀ ਆਇਆ ਆਖਿਆ ਜਾਵੇਗਾ ਅਤੇ ਲੇਖਕ ਸੁਝਾਅ ਭੇਜਣ ਵਾਲਿਆਂ ਦਾ ਧੰਨਵਾਦੀ ਹੋਵੇਗਾ)

ਰਾਜਿੰਦਰ ਸਿੰਘ
(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)
email: rajindersinghskp@yahoo.co.in
.