.

'ਅਕਾਲ ਚੈਨਲ' ਦਾ ਗੁਰੂ ਰਵਿਦਾਸ ਜੀ ਦੀ 'ਦਸਤਾਰ' ਵਾਲੀ ਫੋਟੇ 'ਤੇ 'ਭਗਤ' ਸ਼ਬਦ ਵਰਤਣ ਤੇ ਕੀਤਾ ਵਿਰੋਧ'

ਪਿਛਲੇ ਦਿਨੀ ‘ਸ਼ੋਸ਼ਲ ਮੀਡੀਆ’(ਫੇਸਬੁੱਕ) ਤੇ ਇੱਟਲੀ ਦੇ ਕੁਝ ਲੋਕਾਂ ਨੇ ਇਕ ਵੀਡੀਓ ਪਾਕੇ ‘ਅਕਾਲ ਚੈਨਲ’ ਦਾ ਦੋ ਗੱਲਾਂ (ਕਾਰਨਾਂ) ਨੂੰ ਲੈਕੇ ਵਿਰੋਧ ਕੀਤਾ ਗਿਆ। ਕਾਰਨ ? ‘ਅਕਾਲ ਚੈਨਲ’ ਨੇ ਗੁਰੁ ਰਵਿਦਾਸ ਜੀ ਦਾ ਇਕ ਵਿਸ਼ੇਸ਼ ਪ੍ਰੋਗਾਰਾਮ ਪੇਸ਼ ਕੀਤਾ ਸੀ,ਜਿਸ ਵਿਚ ਇਸ ‘ਚੈਨਲ’ ਵਲੋਂ ਗੁਰੁ ਰਵਿਦਾਸ ਜੀ ਦੀ ਇਸ ਪ੍ਰੋਗ੍ਰਾਮ ਵਿਚ ਇਕ ਜੁੜਤ ਫੋਟੋ ਰੱਖੀ ਗਈ ਸੀ, ਉਹਨਾਂ ਦੋ ਫੋਟੂਆਂ ਵਿਚੋਂ ਇਕ ਦੇ ਸਿਰ ਤੇ ਦਸਤਾਰ ਨੂੰ ਲੈਕੇ ਅਤੇ ਦੂਜਾ ‘ਰਵਿਦਾਸ’ ਜੀ ਨੂੰ ਵਾਰ-ਵਾਰ ‘ਭਗਤ’ ਸ਼ਬਦ ਵਰਤਣ ਦਾ ਹੈ ।

ਉੰਜ ਇਸ ਪ੍ਰੋਗ੍ਰਾਮ ਵਿਚ ਇਹ ਵੀ ਕਿਹਾ ਗਿਆ ਹੈ ਕਿ, “ਗੁਰੁ ਗ੍ਰੰਥ ਸਾਹਿਬ ਵਿਚ ਸਾਰੇ ਮਹਾਂਪੁਰਸ਼ ਗੁਰੂ ਸਰੂਪ ਹਨ ਇਹਨਾਂ ਵਿਚੋਂ ਕੋਈ ਵੱਡਾ-ਛੋਟਾ ਨਹੀਂ ਹੈ ਅਤੇ ‘ਭਗਤ’ ਸ਼ਬਦ ਵਾਰੇ ਦੱਸਿਆ ਗਿਆ ਹੈ ਕਿ ‘ਭਗਤ’ ਸ਼ਬਦ ਕੋਈ ਛੋਟਾ ਸ਼ਬਦ ਨਹੀਂ ਹੈ,’ਭੱਟਾਂ’ ਨੇ ਵੀ ਗੁਰੁ ਨਾਨਕ ਸਾਹਿਬ ਦੀ ਉਪਮਾਂ ਕਰਦੇ ਸਮੇਂ ਗੁਰੁ ਨਾਨਕ’ ਨੂੰ ‘ਭਗਤ’ ਕਿਹਾ ਹੈ।”ਇਸ ਤੋਂ ਇਲਾਵਾ ਅਖੌਤੀ ਨੀਵੀਆਂ ਸਮਝੀਆਂ ਜਾਂਦੀਆਂ ਜਾਤੀਆਂ ਦੇ ਦੁੱਖ-ਦਰਦ ਵੀ ਸਾਂਝੇ ਕੀਤੇ ਹਨ।

ਪਰ ਵਿਰੋਧ ਕਰਨ ਵਾਲਿਆ ਨੇ ਹੋਰ ਸਾਰੀਆਂ ਗੱਲਾਂ ਨੂੰ ਛੱਡ ਕੇ ਸਿਰਫ ਉਪਰੋਕਤ ਦੋ ਗੱਲਾਂ ਦਾ ਨੋਟਿਸ ਲਿਆਂ ਅਤੇ ਵਿਰੋਧ ਕੀਤਾ ਹੈ। ਕੀ ਇਹ ਵਿਰੋਧ ਜਾਇਜ਼ ਹੈ ?

ਭਾਵੇਂ ਮੈਨੂੰ ਉੱਕਾ ਹੀ ਪਤਾ ਨਹੀ, ਇਹ ਚੈਨਲ ਕਿਥੋ ਚਲਦਾ,ਕੌਣ ਚਲਾਉਦਾ ਹੈ ਅਤੇ ਨਾਂ ਹੀ ਮੈਨੂੰ ਇਹ ਪ੍ਰੋਗਰਾਮ ਵੇਖਣ ਤੋਂ ਪਹਿਲਾਂ ਕਦੀ ਇਸ ਚੈਂਨਲ’ ਨੂੰ ਵੇਖਣ ਦਾ ਸਬੱਬ ਬਣਿਆਂ ਅਤੇ ਮੈਂ 'ਚੈਨਲ' ਦੀਆਂ ਸਾਰੀਆਂ ਗੱਲਾਂ ਨਾਲ ਭਾਵੇਂ ਸਹਿਮਤ ਵੀ ਨਹੀਂ ,ਪਰ ਜਿਨ੍ਹਾਂ ਗੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਫਿਰ ਵੀ ਉਸ ਵਿਸ਼ੇ ਤੇ ਆਪ ਸਭ ਨਾਲ ਵਿਚਾਰ ਸਾਂਝੇ ਕਰਨੇ ਚਾਹਾਂਗਾ।

ਸਮਝਦਾਰ ਲੋਕ ਇਹ ਸਭ ਜਾਣਦੇ ਹਨ ਕਿ, ਕਿਸੇ ਦੇ ਸਿਰ ਤੋਂ ਦਸਤਾਰ ਲਾਹੁਣੀ ਉਸ ਦਾ ਅਪਮਾਨ ਕਰਨਾ ਹੁੰਦਾ ਤੇ ਕਿਸੇ ਦੇ ਸਿਰ ਤੇ ਦਸਤਾਰ ਸਜਾਉਣੀ ‘ਸਨਮਾਨ’ ਕਰਨਾ ਹੁੰਦਾ ਹੈ ਅਤੇ ਇਹ ਸਨਮਾਨ ਗੈਰ ਸਿੱਖਾਂ ਦਾ ਵੀ ਸਟੇਜਾਂ ਤੇ ਆਮ ਕੀਤਾ ਗਿਆ ਵੇਖਿਆ ਜਾ ਸਕਦਾ ਹੈ।ਇਸ ਤੋਂ ਅਗਲੀ ਗੱਲ, ਇਸ ਪ੍ਰੋਗਰਾਮ ਵਿਚ ਇਹ ਜੋ ਫੋਟੋ ਲਗਾਈ ਹੋਈ ਹੈ, ਇਸ ਜੁੜਤ ਫੋਟੋ ਦੀ ਪਹਿਲੀ ਫੋਟੋ ਵਿਚ ਗੁਰੁ ਰਵਿਦਾਸ ਜੀ ਦੀ ਗਿੱਚੀ ਤੇ ਔਰਤਾਂ ਵਾਂਗ ਜੂੜਾ ਕੀਤਾ ਹੋਇਆ ਹੈ ਅਤੇ ਦੂਜੀ ਤੇ ਦਸਤਾਰ ਸਜਾਈ ਹੋਈ ਹੈ।ਹੈਰਾਨੀ ਦੀ ਗੱਲ ਹੈ ਕਿ ਇਹ ਲੋਕ ਦਸਤਾਰ ਵਾਲੀ ਫੋਟੋ ਦਾ ਤਾਂ ਵਿਰੋਧ ਕਰ ਰਹੇ ਹਨ, ਗਿੱਚੀ ਤੇ ਜੂੜੇ ਵਾਲੀ ਫੋਟੋ ਤੇ ਅੱਜ ਤੱਕ ਕਿਸੇ ਨੇ ਮੂੰਹ ਤੱਕ ਨਹੀਂ ਖੋਲਿਆ। ਇਸ ਤੋਂ ਅੱਗੇ ਹੋਰ ਹੈਰਾਨੀ ਦੀ ਗੱਲ ਇਹ ਹੈ, ਵਿਰੋਧ ਕਰਨ ਵਾਲੀ ਪਾਰਟੀ (ਵੀਡੀਓ ਵਿਚ) ਆਖ ਰਹੀ ਹੈ “ਨਵਦੀਪ ਕੌਰ ਜੀ! (ਜੋ ਲੜਕੀ ਇਹ ਪ੍ਰੋਗਰਾਮ ਪੇਸ਼ ਕਰ ਰਹੀ ਹੈ) ਤੁਹਾਡੀ ਐਨੀ ਔਕਾਤ ਨਹੀਂ, ਕਿ ਤੁਸੀਂ ਸਾਡੇ ਗੁਰੂ ਦਾ ਸਰੂਪ ਨੂੰ ਬਦਲ ਸਕੋ, ਜਾਂ ਦਸਤਾਰ ਸਜਾ ਸਕੋ।ਜੇ ਇਤਿਹਾਸ ਜਾਣੀਏ , ਤਾਂ ਜੋ ਤੁਹਾਡੇ ਸਿਰਾਂ ਤੇ ਦਸਤਾਰਾਂ ਹਨ, ਇਹ ਤੁਹਾਡੇ ਸਿਰਾਂ ਤੇ ਪਗੜੀਆਂ ਹਨ,ਸਾਡੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਕਰਕੇ ਹਨ ਅਤੇ ਨਾਲ ਹੀ ਕਹਿ ਰਹੇ ਹਨ, ਕਿ ਜਦੋਂ ਦਸਤਾਰ ਸਜਾਉਣ ਦੀ ਗੱਲ ਸੀ, ਉਦੋ ਤੁਹਾਡੇ ਕਾਇਰ ਲੋਕ ਗੁਰੁ ਜੀ ਨੂੰ ਪਿੱਠ ਦਿਖਾਕੇ ਦੌੜ ਗਏ ਸਨ ਅਤੇ ਗੁਰੁ ਰਵਿਦਾਸ ਜੀ ਦੇ ਪੁੱਤਰਾਂ ਨੇ ਗੁਰੁ ਗੌਬਿੰਦ ਸਿੰਘ ਦੇ ਚਰਨਾਂ ‘ਚ ਸੀਸ ਧਰ ਦਿੱਤਾ ਸੀ, ਤੇ ਗੁਰੁ ਗੌਬਿੰਦ ਸਿੰਘ ਜੀ ਨੇ ਉਹਨਾਂ ਦੇ ਸਿਰ ਤੇ ਦਸਤਾਰ ਸਜਾਈ ਸੀ।”

ਇਹੋ ਜਿਹੀਆਂ ਹਾਸੋਹੀਣੀਆਂ ਤੇ ਆਪਾਂ ਵਿਰੋਧੀ ਗੱਲਾਂ ਕਰਨ ਵਾਲਿਆਂ ਤੇ ਤਰਸ ਹੀ ਕੀਤਾ ਜਾ ਸਕਦਾ ਹੈ, ਜਿਹੜੇ ਆਪ ਹੀ ਕਹੀ ਜਾਂਦੇ ਨੇ ਕਿ “ਸਾਡੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਕਰਕੇ ਦਸਤਾਰਾਂ ਸਜਾਈਆਂ ਗਈਆਂ ਹਨ ਅਤੇ ਗੁਰੁ ਰਵਿਦਾਸ ਜੀ ਦੇ ਪੁੱਤਰਾਂ ਨੇ ਜਦ ਗੁਰੁ ਗੌਬਿੰਦ ਜੀ ਦੇ ਚਰਨਾਂ ‘ਚ ਸੀਸ ਧਰ ਦਿੱਤੇ ਤਾਂ ਗੁਰੁ ਗੌਬਿੰਦ ਸਿੰਘ ਜੀ ਨੇ ਸਾਡੇ ਆਪ ਦਸਤਾਰਾਂ ਸਜਾਈਆਂ। ਇਹਨਾਂ ਦੀਆਂ ਇਹਨਾਂ ਗੱਲਾਂ ਤੋਂ ਸਪਸ਼ਟ ਹੁੰਦਾ ਹੈ,ਕਿ ਇਹ ਲੋਕ ਸਭ ਕੁਝ ਜਾਣਦੇ ਹੋਏ, ਜੇ ਇਸ ਤਰਾਂ ਵਿਰੋਧ ਕਰ ਰਹੇਂ ਹਨ, ਤਾਂ ਕਿਤੇ ਨਾ ਕਿਤੇ ਗੜਬੜ ਲਗਦੀ ਹੈ। ਜਿਸ ਕਰਕੇ ਇਹ ਆਪਣੇ ਸਿੱਖ ਭਰਾਵਾਂ ਦਾ ਬਿਨਾਂ ਵਜ਼ਾ ਵਿਰੋਧ ਕਰ ਰਹੇ ਹਨ ਅਤੇ ਇਹਨਾਂ ਨੂੰ ਉਹ ਸਾਰੇ ਪ੍ਰੋਗਰਾਮ ਪਸੰਦ ਹਨ, ਜਿਹੜੇ ਬ੍ਰਾਹਮਵਾਦ ਮੁਤਾਬਕ ਹੋ ਰਹੇ ਹਨ ।ਇਹ ਗੱਲ ਇਸ ਕਰਕੇ ਨਿੱਖਰਕੇ ਸਾਹਮਣੇ ਆ ਰਹੀ ਹੈ ਕਿ ਜਦ, ਗੁਰੁ ਰਵਿਦਾਸ ਜੀ ਦੀ ਵਿਚਾਰਧਾਰਾ ਦੇ ਉਲਟ ਸਾਰੇ ਤਰਾਂ ਦੇ ਕਰਮਕਾਂਡ ਸਾਡੇ ਬਹੁਤੇ ਮੰਦਰਾਂ ‘ਤੇ ਡੇਰਿਆ ਵਿਚ ਸ਼ਰੇਆਮ ਹੋ ਰਹੇ ਹਨ, ਉਸ ਦਾ ਵਿਰੋਧ ਨਹੀਂ ਹੋ ਰਿਹਾ , ਇਥੋ ਤੱਕ ਗੁਰੁ ਰਵਿਦਾਸ ਜੀ ਦੀ ਬਾਣੀ ਵਿਚ ਸ਼ਰੇਆਮ ਮਿਲਾਵਟ ਕੀਤੀ ਗਈ, ਜਿਸ ਦਾ ‘ਚੱਕ ਹਕੀਮਾਂ’ (ਫਗਵਾੜਾ ) ਦੇ ਮੁਖੀ ਮਹੰਤ ਪ੍ਰਸ਼ੋਤਮ ਦਾਸ ਨੇ ਕੁਝ ਸਮਾਂ ਪਹਿਲਾਂ ਸਖਤ ਵਿਰੋਧ ਕੀਤਾ ਸੀ ਅਤੇ ਪ੍ਰੈੱਸ ਕਾਨਫ੍ਰੰਸ ਕਰਕੇ ਵੱਖ –ਵੱਖ ਅਖ਼ਵਾਰਾਂ ਵਿਚ ਬਿਆਨ ਦਿੱਤਾ “ਕਿ ‘ਚੱਕ ਹਕੀਮ’ ‘ਦੇਹਰਾ ਦੇ ਪਹਿਲੇ ਸੇਵਕ ਸੰਤ ਹੀਰਾ ਦਾਸ ਦੇ 1912 ਵਿਚ ਲਿਖੇ ‘ਸ੍ਰੀ ਗੁਰੂ ਰਵਿਦਾਸ ਦੀਪ ਗਰੰਥ’ ਵਿਚੋਂ ਵੱਡੀ ਪੱਧਰ ਤੇ ਰਚਨਾਵਾਂ ਚੋਰੀ ਕਰਕੇ ਗੁਰੂ ਰਵਿਦਾਸ ਜੀ ਦੀ ਬਾਣੀ ਬਣਾਈ ਗਈ 'ਤੇ ਅਮ੍ਰਿਤਬਾਣੀ’ ਵਿਚ ਪਾ ਦਿਤੀ ਅਤੇ ਇਹਨਾਂ ਰਚਨਾਵਾਂ ਵਿਚੋਂ ਸੰਤ ਹੀਰਾ ਦਾਸ ਨਾਮ ਕੱਟਕੇ ‘ਰਵਿਦਾਸ ਜੀ ਦਾ ਨਾਮ ਲਿਖ ਦਿਤਾ।” ਜਿਸ ਕਰਕੇ ਮਹੰਤ ਪ੍ਰਸ਼ੋਤਮ ਦਾਸ ਜੀ ਨੇ ਕੋਰਟ ਵਿਚ ਕੇਸ ਦਰਜ ਕਰਵਾ ਦਿਤਾ ਸੀ।ਅੱਜ ਵੀ ਉਸ ਕੱਚੀ ਬਾਣੀ ਨੂੰ ਗੁਰੂ ਰਵਿਦਾਸ ਜੀ ਦੀ ਬਾਣੀ ਬਣਾਕੇ ਲੋਕਾਂ ਵਿਚ ਪ੍ਰਚਾਰਿਆ ਜਾ ਰਿਹਾ ਹੈ, ਸਤਿਕਾਰ ਦਿੱਤਾ ਜਾ ਰਿਹਾ ਹੈ, ਪਰ ਇਹ ਲੋਕ ਚੁੱਪ ਹਨ, ਜਿਸ ਦਾ ਵਿਸਤਾਰ ਦੇ ਵਿਚ ਮੈਂ ਆਪਣੇ ਲੇਖ ਵਿਚ ਪਹਿਲਾਂ ਜਿਕਰ ਕਰ ਚੁੱਕਾਂ ਹਾਂ।

ਇਸ ਤੋਂ ਅਗਲੀ ਗੱਲ ਸਾਡੇ ਗੈਰ ਸਿੱਖ ਰਹਿਬਰਾਂ ਨੇ ਵੀ ਦਸਤਾਰਾਂ ਸਜਾਈਆਂ ਹਨ।ਸਤਿਕਾਰ ਯੋਗ ਜੋਤੀ ਰਾਓ ਫੂਲੇ ਜੀ, ਡਾ.ਭੀਮ ਰਾਓ ਅੰਬੇਡਕਰ ਜੀ,ਅਤੇ ਬਾਬੂ ਕਾਂਸ਼ੀ ਰਾਮ ਜੀ ਨੂੰ ਤਾਂ ਕਈ ਵਾਰ ਦਸਤਾਰ ਸਜਾਈ ਗਈ ਅਤੇ ਕਿਰਪਾਨ ਭੇਟ ਕੀਤੀ ਗਈ, ਅਤੇ ਹੋਰ ਅਨੇਕਾਂ ਲੀਡਰਾਂ ਨੂੰ ਦਸਤਾਰ ਸਜਾਈ ਗਈ ਹੈ। ਜਿਵੇਂ ਸਭ ਨੂੰ ਪਤਾ ਹੀ ਹੈ ਕਿ ਡਾ.ਭੀਮ ਰਾਓ ‘ਅੰਬੇਡਕਰ’ ਜੀ ਤਾਂ ਖੁਦ੍ਹ “ਵਿਸਾਖੀ ਵਾਲੇ ਦਿਨ 1936 ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ‘ਸਰਬ ਹਿੰਦ ਸਿੱਖ ਸੰਮੇਲਨ ਦੇ ਜਲਸੇ ਵਿਚ, ਦਸਤਾਰ ਸਜਾ ਕੇ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਅਤੇ ਸੱਤ ਕਰੋੜ ਅਛੂਤਾਂ ਨੂੰ ਸਿੱਖੀ ਵਿਚ ਪ੍ਰਵੇਸ਼ ਕਰਾਉਣ ਦੇ ਨਿਸਚੇ ਵਜੋਂ ਆਪਣੇ ਭਤੀਜੇ ਨੂੰ ‘ਅੰਮ੍ਰਿਤ’ਛਕਾ ਕੇ ‘ਸਿੰਘ’ ਵੀ ਸਜਵਾਇਆ ਸੀ। ਅੰਮ੍ਰਿਤਸਰ ਸਾਹਿਬ ਵਿਚ ਹੋਏ ਸੰਮੇਲਨ ਤੋਂ ਬਾਅਦ ਬਾਬਾ ਸਾਹਿਬ ਨੇ ਆਪਣੇ ਪੁੱਤਰ ਜਸਵੰਤ ਰਾਓ ਅਤੇ ਭਤੀਜੇ ਨੂੰ ਹਰਿਮੰਦਰ ਸਾਹਿਬ ਭੇਜਿਆ ਅਤੇ ਉਨ੍ਹਾਂ ਨੇ ਸਿੱਖ ਧਰਮ ਨੂੰ ਅਮਲੀ ਰੂਪ ਵਿਚ ਨੇੜੇ ਹੋਕੇ ਵੇਖਿਆ (ਵਾਚਿਆ) ‘ਤੇ ਬਾਬਾ ਸਹਿਬ ‘ਅੰਬੇਡਕਰ’ ਜੀ ਨੂੰ ਆਪਣੀ ਪੂਰੀ ਰਿਪੋਰਟ ਦਿੱਤੀ।ਜਿਸ ਕਰਕੇ 24 ਜੁਲਾਈ ਅਤੇ 8 ਅਗਸਤ 1936 ਨੂੰ ਛਪੇ ਬਾਬਾ ਸਹਿਬ ਅੰਬੇਡਕਰ ਜੀ ਦੇ ਬਿਆਨ ਸਪੱਸ਼ਟ ਕਰਦੇ ਹਨ,ਕਿ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ‘ਸਿੱਖ ਧਰਮ’ ਨੂੰ ਚਾਹੁੰਦੇ ਹਨ।ਇਸ ਲਈ ਡਾ. ਅੰਬੇਡਕਰ ਜੀ ਨੇ ਕਿਹਾ ਸੀ,ਕਿ “ਇਹ ਦੇਸ਼ ਦੇ ਹਿਤ ਵਿਚ ਹੈ ਕਿ ਜੇਕਰ ‘ਅਛੂਤਾਂ’ ਨੇ ਧਰਮ ਪਰਿਵਰਤਨ ਕਰਨਾ ਹੈ ਤਾਂ ਅਛੂਤ ‘ਸਿੱਖ ਧਰਮ’ ਕਬੂਲ ਕਰ ਲੈਣ।”

ਇਸ ਤੋਂ ਇਲਾਵਾ ਗੁਰੂ ਰਵਿਦਾਸ ਜੀ ਦੇ ਨਾਮ ਤੇ ਚੱਲ ਰਹੇ ਲਗਭਗ ਸਾਰੇ ਡੇਰਿਆਂ ਦੇ ਮੁਖੀ ਸੰਤ ਦਸਤਾਰਾਂ ਬੰਨਦੇ ਹਨ ਅਤੇ ਸਾਡੇ ਸਮਾਜ ਦੇ ਬਹੁਤ ਸਾਰੇ ਲੋਕ ਦਸਤਾਰ ਬੰਨਦੇ ਹਨ। ਜੇਕਰ ਦਸਤਾਰ ਇਹਨਾਂ ਸਭ ਦੀ ਸ਼ਾਨ ਹੈ, ਫਿਰ ਵਿਰੋਧ ਕਿਉਂ ? ਕੀ ਦਸਤਾਰ ਦਾ ਵਿਰੋਧ ਕਰਨ ਵਾਲੇ ਸਾਥੀ ਉਪਰੋਕਤ ਆਪਣੇ ਮਹਾਂਪੁਰਸ਼ਾਂ ਤੋਂ ਵੀ ਜਿਆਦਾ ਸਿਆਣੇ ਹੋਂ ਗਏ ?

ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ, ਗੁਰੂ ਰਵਿਦਾਸ ਜੀ ਤੁਹਾਡਾ ਇਕੱਲਿਆਂ ਦਾ ਗੁਰੁ ਨਹੀਂ ਹੈ, ਇਹ ਸਾਡਾ ਭਾਵ- ਸਿੱਖ ਧਰਮ ਨੂੰ ਮੰਨਣ ਤੇ ਦਸਤਾਰ ਬੰਨਣ ਵਾਲਿਆਂ ਦਾ ਵੀ ਹੈ, ਜਿਹੜੇ ਦਸਤਾਰ ਨੂੰ ਬੰਨਦੇ ਤੇ ਪਸੰਦ ਕਰਦੇ ਹਨ। ਜੇ ਤੁਹਾਨੂੰ ਨੰਗੇ ਸਿਰ ਵਾਲੀ ਅਤੇ ਗੁਰੂ ਜੀ ਦੀ ਗਿੱਚੀ ਤੇ ਔਰਤਾਂ ਵਾਂਗ ਕੀਤੇ ਹੋਏ ਜੂੜੇ ਵਾਲੀ ਫੋਟੋ ਪਸੰਦ ਹੈ, ਜੀ ਸਦਕੇ ਕਰੀ ਜਾਵੋ, ਜੇਕਰ ਕਿਸੇ ਨੂੰ ਆਪਣੇ ਰਹਿਬਰ ਤੇ ਦਸਤਾਰ ਵਾਲੀ ਫੋਟੋ ਚੰਗੀ ਲੱਗਦੀ ਹੈ ,ਤਾਂ ਤੁਹਾਡਾ ਵੀ ਹੱਕ ਨਹੀਂ ਬਣਦਾ ਕਿ ਇਸ ਦਾ ਵਿਰੋਧ ਕਰਕੇ , ਆਪਣੇ ਦੂਜੇ ਭਰਾਵਾਂ ਦੇ ਹੱਕ ਖੋਹਣ ਦਾ ਯਤਨ ਕਰੋਂ । ਤੁਹਾਨੂੰ/ਸਾਨੂੰ ਇਸ ਗੱਲ ਦਾ ਵੀ ਗਿਆਨ ਹੋਣਾ ਚਾਹੀਂਦਾ ਹੈ ਕਿ ਗੁਰੂ ਰਵਿਦਾਸ ਜੀ ਨੂੰ ਇਸ ਦੇਸ਼ ਵਿਚ ਵੱਖ-ਵੱਖ ਕਈ ਥਾਵਾਂ ਤੇ ਭਸ਼ਾਵਾਂ ਵਿਚ ਲੱਗ-ਭੱਗ ਨੌ ਨਾਵਾਂ ਨਾਲ ਰਈਦਾਸ, ਰਯਦਾਸ, ਰੂਈਦਾਸ, ਰੂਹਦਾਸ, ਰੋਹਿਦਾਸ, ਰੁਦਰਦਾਸ, ਰਾਮਦਾਸ, ਰੈਦਾਸ ਅਤੇ ਰਵਿਦਾਸ ਜੀ ਆਦਿ ਨਾਂ ਨਾਲ ਯਾਦ ਕੀਤਾ ਜਾਂਦਾ ਹੈ ।(ਹਵਾਲਾ-ਕਾਂਸ਼ੀ ਨਾਥ ਉਪਾਧਿਆਇ ) ਜੇ ਇਹਨਾਂ ਦਾ ਵਿਰੋਧ ਕਰਨਾ ਨਹੀਂ ਬਣਦਾ, ਤਾਂ ਫਿਰ ਦਸਤਾਰ ਦਾ ਕਿਉਂ ?

ਅਗਲਾ ਕਾਰਨ –‘ਭਗਤ’ ਸ਼ਬਦ ਵਰਤਨ ਵਾਰੇ।ਜ਼ਾਤ-ਪਾਤ ਦੇ ਹਾਮੀ ਅਤੇ ਅਛੂਤ ਸਮਝੇ ਜਾਂਦੇ ਮਹਾਂਪੁਰਸ਼ਾ ਦੇ ਵਿਰੋਧੀਆਂ ਨੇ ‘ਭਗਤ’ ਸ਼ਬਦ ਨੂੰ ਇਸ ਤਰੀਕੇ ਨਾਲ ਲੋਕਾਂ ਵਿਚ ਪ੍ਰਚਾਰਿਆ ਕਿ ‘ਭਗਤ’ ਛੋਟੇ ਹੁੰਦੇ ਹਨ ‘ਤੇ ‘ਗੁਰੂ’ ਵੱਡੇ ਹੁੰਦੇ ਹਨ। ਜਿਸ ਨੂੰ ਕੁਝ ਸਿਆਣੇ ਲੋਕਾਂ ਨੂੰ ਛੱਡਕੇ ਆਮ ਲੋਕਾਂ ਨੇ ਇਸ ਨੂੰ ਸੱਚ ਮੰਨ ਲਿਆ ਹੋਇਆ ਹੈ, ਜਦੋ ਕਿ ਗੁਰੂਆਂ ਅਤੇ ਭਗਤਾਂ ਵਿਚੋਂ ਕੋਈ ਵੱਡਾ-ਛੋਟਾ ਨਹੀਂ ਹੈ, ਜਿਵੇਂ ਕਿ ‘ਅਕਾਲ ਚੈਨਲ’ ਵਾਲਿਆਂ ਨੇ ਸਪਸ਼ਟ ਕੀਤਾ ਹੈ।

‘ਭਗਤ’ ਸ਼ਬਦ ਦਾ ਗੁਰੂ ਰਵਿਦਾਸ ਜੀ ਨੇ ਆਪਣੇ ਕਈਆਂ ਸ਼ਬਦਾਂ ਵਿਚ ਜ਼ਿਕਰ ਕੀਤਾ ਹੋਇਆਂ ਹੈ।‘ਬਿਲਾਬਲੁ ਰਾਗ’ ਵਿਚ ਵਿਸ਼ੇਸ ‘ਭਗਤ’ ਵਾਰੇ ਜਿਕਰ ਕਰਦੇ ਹੋਏ ਕਹਿੰਦੇ ਹਨ –“ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ॥”(ਪੰਨਾ 858) ਭਾਵ-ਚਾਹੇ ਕੋਈ ਵਿਦਵਾਨ ਹੋਵੇ, ਸ਼ੁਰਮਾ, ਚਾਹੇ ਛੱਤਰਪਤੀ ਹੋਵੇ ਕੋਈ ‘ਭਗਤ ਦੇ ਬਰਾਬਰ ਨਹੀਂ ਹੋ ਸਕਦਾ ।ਭਗਤਾਂ ਦਾ ਜੰਮਣਾ ਹੀ ਜਗਤ ਵਿਚ ਮੁਬਾਰਕ ਹੈ।

ਹੁਣ ਇਥੇ ਨੋਟ ਕਰਨ ਵਾਲੀ ਗੱਲ ਹੈ,ਕਿ ਜੇ ‘ਭਗਤ’ ਸ਼ਬਦ ਛੋਟਾ ਹੁੰਦਾ, ਫਿਰ ਤਾਂ ‘ਭਗਤ’ ਸ਼ਬਦ ਦੀ ਥਾਂ ‘ਰਵਿਦਾਸ ਜੀ ‘ਗੁਰੂ’ ਸ਼ਬਦ ਦਾ ਪ੍ਰਯੋਗ ਕਰਦੇ । ਉਂਜ ਸਾਨੂੰ ‘ਗੁਰੂ’ ਬਾਬਾ, ਪਿਤਾ, ਆਦਿ ਸਨਮਾਨ ਯੋਗ ਜੋ ਵੀ ਸ਼ਬਦ ਪਸੰਦ ਹੈ, ਉਹ ਵਰਤ ਸਕਦੇ ਹਾਂ, ਕੋਈ ਮਨਾਹੀ ਨਹੀਂ ਹੈ।ਪਰ ਗੁਰਬਾਣੀ ਮੁਤਾਬਕ ਭਗਤਾਂ ਅਤੇ ਗੁਰੂਆਂ ਵਿਚ ਕੋਈ ਫਰਕ ਨਹੀਂ ਹੈ।

ਫਿਰ ਵੀ ਬਹੁਤ ਸਾਰੇ ਲੋਕਾਂ ਦੇ ਮਨ ਵਿਚ ਸਵਾਲ ਉਠਦਾ ਹੈ, ਜੇਕਰ ‘ਭਗਤਾਂ ਅਤੇ ‘ਗੁਰੂ ਸਹਿਬਾਨਾਂ’ ਵਿੱਚ ਫਰਕ ਹੀ ਕੋਈ ਨਹੀਂ, ਫਿਰ ਇਹਨਾਂ ਨੂੰ ‘ਭਗਤ’ ਕਿਉਂ ਲਿਖਿਆ ਗਿਆ ਹੈ? ਇਸ ਦਾ ਉਤਰ ਵੀ ਗੁਰੂ ਸਹਿਬਾਂ ਦੀ ਬਾਣੀ ਵਿੱਚ ਹੈ। ਤੁਸੀਂ ਗੁਰੂ ਸਹਿਬਾਂ ਦੀਆਂ ਨਜਰਾਂ ਵਿਚੋ ਵੇਖੋ ਤੇ ਸਮਝੋ ਤਾਂ ਸਹੀ ਕਿਉਂ ਕਿ ਗੁਰੂ ਸਹਿਬਾਨਾਂ ਦੀਆਂ ਨਜਰਾਂ ਵਿੱਚ ਉਹ ਸਾਰੇ ਹੀ ਭਗਤ ਹਨ ਜਿਹਨਾਂ ਨੇ ਇੱਕ ਅਕਾਲ ਪੁਰਖ ਨਾਲ ਨਾਤਾ ਜੋੜਕੇ, ਮੁਸੀਬਤਾਂ ਅਤੇ ਮੌਤ ਦਾ ਡਰ ਖਤਮ ਕਰਕੇ ‘ਸੱਚ’ ਨੂੰ ‘ਸੱਚ’ ਅਤੇ ‘ਝੂਠ’ ਨੂੰ ‘ਝੂਠ’ ਕਹਿਕੇ ‘ਸੱਚ’ ਦਾ ਹੋਕਾ ਦਿੱਤਾ। ਇਸ ਲਈ ਇੱਕ ਅਕਾਲ ਪੁਰਖ ਨੂੰ ਆਪਣਾ ਸਭ ਕੁੱਝ ਅਰਪਣ ਕਰਨ ਵਾਲੇ ਸਾਰੇ ਦੇ ਸਾਰੇ ਉਸ (ਅਕਾਲ ਪੁਰਖ) ਦੇ ਭਗਤ ਹਨ, ਜਿਹਨਾਂ ਵਿੱਚ ਸਾਡੇ ‘ਗੁਰੂ ਸਹਿਬਾਨ’ ਵੀ ਆਉਂਦੇ ਹਨ। ਇਸ ਲਈ ਹੀ ਗੁਰੂ ਗਰੰਥ ਸਹਿਬ ਵਿੱਚ ਵਿਸ਼ੇਸ਼ ‘ਗੁਰੂ ਬਾਣੀ’ ਸਿਰਲੇਖ ਹੇਠ ਕੋਈ ਬਾਣੀ ਨਹੀਂ ਲਿਖੀ ਗਈ। ਜਿਵੇਂ ਕਿ ‘ਭਗਤ ਬਾਣੀ’ ਸਿਰਲੇਖ ਹੇਠ ਲਿਖੀ ਗਈ ਹੈ। ਇਥੇ ਫਿਰ ਸਵਾਲ ਪੈਦਾ ਹੂੰਦਾ ਹੈ, ਕਿ ਗੁਰੂ ਸਹਿਬਾਂ ਦੀ ਬਾਣੀ ਨੂੰ ਅਤੇ ਭਗਤਾਂ ਸਹਿਬਾਨਾਂ ਦੀ ਬਾਣੀ ਨੂੰ ਫਿਰ ਇਕੋ ਸਿਰਲੇਖ ਹੇਠ ਕਿਉਂ ਨਾ ਲਿਖਿਆ ਗਿਆ? ਇਸ ਗੱਲ ਨੂੰ ਸਾਰੇ ਭਲੀ ਪ੍ਰਕਾਰ ਜਾਣਦੇ ਹਾਂ, ਕਿ ਗੁਰੂ ਅਰਜਨ ਦੇਵ ਜੀ ਜਿਸ ਗੱਦੀ ਦੇ ਮਾਲਕ ਸਨ, ਉਹ ਗੁਰੂ ਨਾਨਕ ਸਹਿਬ ਤੋਂ ਸ਼ੁਰੂ ਹੁੰਦੀ ਹੈ। ਇਸ ਲਈ ‘ਗੁਰੂ ਗਰੰਥ ਸਹਿਬ’ ਵਿੱਚ ਇਸ ਗੱਦੀ ਦੇ ਮਾਲਕਾਂ ਦੀ ਬਾਣੀ ਨੂੰ ਪਹਿਲ ਦੇ ਅਧਾਰ ਉਤੇ ਲਿਖਿਆ ਗਿਆ ਹੈ, ਨਾ ਕਿ ਵਿਸ਼ੇਸ਼ ‘ਗੁਰੂਬਾਣੀ’ ਸਿਰਲੇਖ ਹੇਠ। ‘ਭਗਤ’ ਕੌਣ ਹੁੰਦੇ ਹਨ? ਇਸ ਗੱਲ ਨੂੰ ਚੰਗੀ ਤਰਾਂ ਸਮਝਣ ਲਈ ਪੜ੍ਹੋ ਗੁਰੂ ਸਹਿਬਾਨਾਂ ਦੇ ਕੁੱਝ ਇਹ ਸ਼ਬਦ, ਗੁਰੂ ਨਾਨਕ ਸਹਿਬ ਕਹਿੰਦੇ ਨੇ:- “ਅਮ੍ਰਿਤ ਤੇਰੀ ਬਾਣੀਆ, ਤੇਰਿਆ ਭਗਤਾ ਰਿਦੈ ਸਮਾਣੀਆ॥” (ਪੰਨਾ-72) ਕੀ ਹੁਣ ਇਹ ਮੰਨ ਲਈਏ ਵੀ ਇਹ ‘ਅਮ੍ਰਿਤ ਬਾਣੀ’‘ਭਗਤ ਸਹਿਬਾਨਾਂ’ ਦੇ ਹਿਰਦੇ ਅੰਦਰ ਹੀ ਹੈ? ਗੁਰੂ ਸਹਿਬਾਨ ਦੇ ਹਿਰਦੇ ਅੰਦਰ ਨਹੀਂ ਹੈ? ਜੇਕਰ ਇਹ ‘ਅਮ੍ਰਿਤ ਬਾਣੀ’ ਗੁਰੂਆਂ ਦੇ ਹਿਰਦੇ ਅੰਦਰ ਵੀ ਹੈ ਤਾਂ ਫਿਰ (ਗੁਰੂ) ਭਗਤ ਨਹੀਂ ਹਨ?

ਗੁਰੂ ਅਮਰਦਾਸ ਜੀ ਕਹਿੰਦੇ ਹਨ:- “ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ, ਜਿਸਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ॥ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤਰ ਹਮ ਕਉ, ਸਭ ਸਮ ਦ੍ਰਿਸਟਿ ਦਿਖਾਈ॥” (ਪੰਨਾ-594) ਗੁਰੂ ਅਮਰਦਾਸ ਜੀ ਤਾਂ ਸਿਧਾ ਹੀ ‘ਭਗਤਾਂ’ ਨੂੰ ‘ਸਤਿਗੁਰੂ’ ਅਤੇ ‘ਸਤਿਗੁਰਾਂ’ ਨੂੰ ‘ਭਗਤ’ ਕਹਿੰਦੇ ਨੇ, ਕਿ ਅਸੀ ਹਰਿ ਦੇ ਭਗਤ ਸਤਿਗੁਰ ਦੀ ਸੇਵਾ ਤੇ ਹਰਿ (ਪ੍ਰਮਾਤਮਾ) ਨਾਮ ਨਾਲ ਲਿਵ ਲਾਈ ਹੈ।

ਗੁਰੂ ਰਾਮਦਾਸ ਜੀ ਕਹਿੰਦੇ ਹਨ:- “ਭਗਤ ਜਨਾ ਕੀ ਉਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ॥ ਸਫਲ ਜਨਮ ਭਇਆ ਤਿਨ ਕੇਰਾ, ਆਪ ਤਰੇ ਸਗਲੀ ਕੁਲ ਤਾਰੀ॥” (ਪੰਨਾ-507) ਕੀ ਹੁਣ ਇਹ ਸਮਝਿਆ ਜਾਵੇ, ਇਕਲੇ ‘ਭਗਤ ਸਹਿਬਾਨਾਂ’ ਦੀ ਹੀ ਬਾਣੀ ਉਤਮ ਹੈ, ਗੁਰੂਆਂ ਦੀ ਨਹੀਂ? ਕੀ ਇਹ ‘ਭਗਤ’ ਹੋਰ ਹਨ?

ਗੁਰੂ ਅਰਜਨ ਦੇਵ ਜੀ ਕਹਿੰਦੇ ਨੇ:- “ਸੰਤਨ ਮੋਕਉ ਹਰਿ ਮਾਰਿਗ ਪਾਇਆ॥ ਸਾਧ ਕ੍ਰਿਪਾਲ ਹਰਿ ਸੰਗਿ ਗਿਝਾਇਆ॥ ਹਰਿ ਹਮਰਾ ਹਮ ਹਰਿ ਕੇ ਦਾਸੇ, ਨਾਨਕ ਸਬਦ ਗੁਰੂ ਸਚ ਦੀਨਾ ਜੀਊ॥” (ਪੰਨਾ-100) ਗੁਰੂ ਸਹਿਬ ਕਹਿੰਦੇ ਨੇ, ‘ਸੰਤਾਂ’ ਨੇ ਮੈਨੂੰ ਹਰੀ ਦੇ ਰਸਤੇ ਤੇ ਤੋਰਿਆ ਹੈ ‘ਸਾਧ’ ਦੀ ਕਿਰਪਾ ਨਾਲ ‘ਹਰਿ’ ਨਾਲ ਸੰਗ ਹੋਇਆ ਹੈ। ਇਸ ਲਈ ਹੁਣ ‘ਹਰਿ’ ਮੇਰਾ ਮਾਲਕ ਅਤੇ ਮੈਂ ‘ਹਰਿ’ ਦਾ ਦਾਸ ਹਾਂ। ਕੀ ਇਹ ਸੰਤ ਅਤੇ ਸਾਧ, ‘ਗੁਰੂ’ ਨਹੀਂ, ਇਹ ਕੋਈ ਹੋਰ ਹਨ?

ਹੋਰ ਵੇਖੋ ਗੁਰੂ ਅਰਜਨ ਸਹਿਬ ਕਹਿ ਰਹੇ ਨੇ:- “ਉਕਤ ਸਿਆਣਪ ਸਗਲੀ ਤਿਆਗ॥ ਸੰਤ ਜਨਾ ਕੀ ਚਰਣੀ ਲਾਗ॥” ਇਸ ਤੋਂ ਅਗਲਾ ਸ਼ਬਦ- “ਸੰਤ ਕਾ ਕੀਆ ਸਤਿ ਕਰ ਮਾਨ॥” (176-177) “ਚਰਨ ਸਾਧ ਕੇ ਧੋਇ ਧੋਇ ਪੀਉ॥ ਅਰਪਿ ਸਾਧ ਕੋ ਆਪਣਾ ਜੀਉ॥ ਸਾਧ ਕੀ ਧੂਰਿ ਕਰਹੁ ਇਸਨਾਨ॥ ਸਾਧ ਉਪਰਿ ਜਾਈਏ ਕੁਰਬਾਨ॥ (283) “ਸਾਧ ਸੰਗਿ ਗਤਿ ਭਈ ਹਮਾਰੀ॥” (272) ਵੇਖੋ ਜੇਕਰ ਇਹ ਸੰਤ, ਭਗਤ, ਸਾਧ, ਗੁਰੂ ਸਹਿਬਾਨਾਂ ਦੀਆਂ ਨਜਰਾਂ ਵਿੱਚ ਛੋਟੇ ਜਾਂ ਹੋਰ ਹੁੰਦੇ ਤਾਂ ਗੁਰੂ ਸਹਿਬ ਨੇ ਆਪਣੇ ਸਿੱਖਾਂ ਨੂੰ (ਆਪਣੇ ਗੁਰੂ ਸਹਿਬਾਨਾਂ ਨੂੰ ਛੱਡਕੇ) ਇਹ ਥੋੜ੍ਹਾ ਕਹਿਣਾ ਸੀ, ਕਿ ਤੁਸੀਂ ਹੋਰਾਂ ‘ਸੰਤਾਂ’ ਦੇ ਚਰਨੀ ਲੱਗੋ, ਉਹਨਾਂ ਸੰਤਾਂ ਦਾ ਕੀਤਾ ਸੱਤ ਕਰ ਮੰਨੋ, ਉਹਨਾਂ ਸਾਧਾਂ ਦੇ ਚਰਨ ਧੋ-ਧੋ ਕੇ ਪੀਉ ਅਤੇ ਹੋਰਾਂ ਸਾਧਾਂ ਸੰਗ ਸਾਡੀ ਗਤਿ ਹੋਈ ਹੈ?

ਅਗੇ ਹੋਰ ਪੜ੍ਹੋ ਗੁਰੂ ਅਰਜਨ ਸਹਿਬ ਕਹਿ ਰਹੇ ਨੇ:- “ਨਾ ਤੂ ਆਵਹਿ ਵਸਿ ਬਹੁਤ ਘਿਣਾਵਣੇ॥ ਨਾ ਤੂ ਆਵਹਿ ਵਸਿ ਬੇਦ ਪੜ੍ਹਾਵਣੇ॥ ਨਾ ਤੂ ਆਵਹਿ ਵਸਿ ਤੀਰਥ ਨਾਈਐ॥ ਨਾ ਤੂ ਆਵਹਿ ਵਸਿ ਧਰਤੀ ਧਾਈਐ॥ ਨਾ ਤੂ ਆਵਹਿ ਵਸਿ ਕਿਤੈ ਸਿਆਣਪੈ॥ ਨਾ ਤੂ ਆਵਹਿ ਵਸਿ ਬਹੁਤਾ ਦਾਨ ਦੇ॥ ਸਭ ਕੋ ਤੇਰੇ ਵਸਿ ਅਗਮ ਅਗੋਚਰਾ, ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ॥” (ਪੰਨਾ-962) ਜਿਹੜਾ ਅਕਾਲ ਪੁਰਖ, ‘ਰੱਬ’ ਕਿਸੇ ਵੀ ਢੰਗ ਨਾਲ ਕਿਸੇ ਦੇ ਵੀ ਵੱਸ ਵਿੱਚ ਨਹੀਂ ਆਉਂਦਾ, ਉਹ ‘ਰੱਬ’ ‘ਭਗਤਾਂ’ ਦੇ ਵੱਸ ਵਿੱਚ ਹੈ। ਜੇਕਰ ‘ਭਗਤ ਸਹਿਬਾਨਾਂ’ ਨੂੰ ‘ਗੁਰੂ ਸਹਿਬਾਨਾਂ’ ਨਾਲੋ ਵੱਖਰੇ ਸਮਝੀਏ ਤਾਂ ਫਿਰ ‘ਭਗਤ ਸਹਿਬਾਨ’ ‘ਗੁਰੂਆਂ’ ਨਾਲੋਂ ਫਿਰ ਵੱਡੇ ਹੋਏ, ਜਿਹਨਾਂ ਦੇ ‘ਰੱਬ’ ਵੀ ਵੱਸ ਵਿੱਚ ਹੈ। ਇਸ ਦਾ ਮਤਲਬ ਤਾਂ ਇਹੀ ਨਹੀਂ ਕੱਢਿਆ ਜਾ ਸਕਦਾ? ਪਰ ਨਹੀਂ; ਕਿਉਂ ਕਿ ਗੁਰੂ ਗਰੰਥ ਸਹਿਬ ਅੰਦਰ ਆਏ ਸ਼ਬਦ ‘ਭਗਤ, ਸੰਤ, ਸਾਧ, ਬ੍ਰਹਮਗਿਆਨੀ, ਸਤਿਗੁਰੂ’ ਆਦਿ ਵਿੱਚ ਕੋਈ ਫਰਕ ਹੀ ਨਹੀਂ ਹੈ। ਇਹ ਗੱਲ ਗੁਰਬਾਣੀ ਵਿੱਚ ਸਾਡੇ ਗੁਰੂ ਸਹਿਬਾਨ ਕਹਿ ਰਹੇ ਹਨ। ਇਸ ਲਈ ਗੁਰੂਆਂ ਅਤੇ ‘ਭਗਤਾਂ’ ਵਿਚੋਂ ਸਾਨੂੰ ਕੋਈ ਵੀ ਵੱਡਾ-ਛੋਟਾ ਨਜਰ ਨਹੀਂ ਆਉਣਾ ਚਾਹੀਂਦਾ। ਕਿਉਂ ਕਿ ਇਹਨਾਂ ਸਾਰਿਆ ਦੀ ਇੱਕ ਹੀ ਵਿਚਾਰਧਾਰਾ ਹੈ, ਇੱਕ ਹੀ ਮਿਸ਼ਨ ਹੈ ਅਤੇ ਇਹਨਾਂ ਸਾਰੇ ਮਹਾਂਪੁਰਸ਼ਾ ਨੇ ਕੁਰਾਹੇ ਪਏ ਲੋਕਾਂ ਨੂੰ ਜ਼ਾਤ-ਪਾਤ, ਵਹਿਮਾਂ-ਭਰਮਾਂ ਅਤੇ ਝੂਠ ਦੀ ਗਾਰ ਵਿੱਚ ਗਲ-ਗਲ ਤੱਕ ਫਸਿਆਂ ਲੋਕਾਂ ਨੂੰ ਬਾਹਰ ਕੱਢਕੇ ‘ਇਕ’ ਨਾਲ ਜੋੜਨ ਦਾ ਜੋਰਦਾਰ ਯਤਨ ਕੀਤਾ ਹੈ ਅਤੇ ਮਜਲੂਮਾਂ ਦੇ ਹੱਕਾਂ ਲਈ ਹੱਕ-ਸੱਚ ਦੀ ਅਵਾਜ ਬੁਲੰਦ ਕੀਤੀ। ਗੁਰੂ ਅਰਜਨ ਦੇਵ ਜੀ ਨੇ ਗੁਰੂ ਗਰੰਥ ਸਹਿਬ ਅੰਦਰ ਇਕੱਤਰ ਬਾਣੀ ਆਪਣਿਆਂ ਦੀ ਹੀ ਦਰਜ ਕੀਤੀ ਹੈ; ਗੈਰਾਂ ਦਾ ਇਸ ਵਿੱਚ ਕੀ ਕੰਮ? ਇਸ ਲਈ ਸਾਡੇ ਗੁਰੂ ਸਹਿਬਾਨਾਂ ਦੀਆਂ ਨਜਰਾਂ ਵਿੱਚ ਕੋਈ ਵੱਡਾ-ਛੋਟਾ ਨਹੀਂ ਸੀ।

ਉਪਰੋਕਤ ਵਿਸ਼ੇ ਲਈ ਗੁਰਸਿੱਖ ਵਾਸਤੇ ‘ਗੁਰੂਬਾਣੀ’ ਦਾ ‘ਇਕ ਸ਼ਬਦ’ ਹੀ ਸਬੂਤ ਵਜੋਂ ਕਾਫੀ ਸੀ, ਜਿਸ ਨੂੰ ਕਿਸੇ ਵੀ ਕੀਮਤ ਤੇ ਝੁਠਲਾਇਆ ਨਹੀਂ ਸਕਦਾ; ਪਰ ਇਥੇ ਗੁਰੂ ਸਹਿਬਾਨਾਂ ਦੀ ਬਾਣੀ ਦੇ ਅਨੇਕਾਂ ਸਬੂਤਾਂ ਵਿਚੋ (ਉਪਰੋਕਤ) ਕਈ ਸਬੂਤ ਇਸ ਲੇਖ ਵਿੱਚ ਦਿਤੇ ਹਨ। ਜਿਸ ਨਾਲ ਭਰਮਾਂ ਦੇ ਮਾਰੇ ਆਮ ਸੂਲਝੇ ਹੋਏ ਲੋਕਾਂ/ਸਿੱਖਾਂ ਦਾ ਤਾਂ ਭਰਮ ਦੂਰ ਹੋ ਸਕਦਾ ਹੈ ਅਤੇ ਜ਼ਾਤ ਅਭਿਮਾਨੀਆਂ ਅਤੇ ‘ਮੈਂ ਨਾ ਮਾਨੂੰ’ ਲਈ ਤਾਂ ਇਹ “ਪੱਥਰ ਤੇ ਬੂੰਦ ਪਈ ਨਾ ਪਈ” ਸਮਾਨ ਹਨ।

-------------------------------

ਮੇਜਰ ਸਿੰਘ ‘ਬੁਢਲਾਡਾ’
ਮੋਬਾ: 94176-42327
.