.

ਪੰਜਾਬੀ ਔਖੀ ਜਾਂ ਗੁਰਬਾਣੀ ?

ਕਿਸੇ ਵੀ ਇਨਸਾਨ ਨੂੰ ਪੁੱਛੀਏ ਤਾਂ ਉਹ ਆਖੇਗਾ ਕਿ ਉਹ ਪੰਜਾਬੀ ਤਾਂ ਪੜ੍ਹ ਸਕਦਾ ਹੈ ਪਰ ਗੁਰਬਾਣੀ ਨਹੀਂ । ਗੁਰਬਾਣੀ ਪੜ੍ਹਨ ਨੂੰ ਮੁਸ਼ਕਿਲ ਦੱਸੇਗਾ । ਪਰ ਇਕ ਇਨਸਾਨ ਅਜਿਹਾ ਹੈ ਜਿਸਨੂੰ ਅਜੋਕੀ ਪੰਜਾਬੀ ਮੁਸ਼ਕਿਲ ਲਗਦੀ ਹੈ ਜਦ ਕਿ ਗੁਰਬਾਣੀ ਆਸਾਨ । ਉਹ ਹੈ ਗੋਰੀ ਤੋਂ ਸਿਖ ਸਜੀ ਭਾਈ ਅਵਤਾਰ ਸਿੰਘ ਮਿਸ਼ਨਰੀ ਦੀ ਸਿੰਘਣੀ ਬੀਬੀ ਹਰਸਿਮਰਤ ਕੌਰ ਖਾਲਸਾ ਉਰਫ ਨੈਂਸੀ ਟੋਬਸਮੈਨ । ਬੀਬੀ ਹਰਸਿਮਰਤ ਕੌਰ ਜੋ ਕਿ ਅਮੈਰੀਕਾ ਦੀ ਜੰਮੀ-ਪਲੀ ਗਰੈਜੂਏਟ ਹੈ , ਕਈ ਮਜਹਬਾਂ ਦੀ ਜਾਣਕਾਰ ਹੈ । ਜਿਂਓਂ ਹੀ ਉਸਨੂੰ ਸਿੱਖੀ ਦੇ ਮੁਢਲੇ ਨਿਯਮਾਂ ਦਾ ਪਤਾ ਲੱਗਿਆ ਤਾਂ ਉਸ ਅੰਦਰ ਜਿਆਦਾ ਜਾਨਣ ਦੀ ਇੱਛਾ ਪੈਦਾ ਹੋਈ । ਇਸੇ ਮਕਸਦ ਲਈ ਉਸਨੇ ਭਾਈ ਕੁਲਦੀਪ ਸਿੰਘ ਵਰਜੀਨੀਆਂ ਤੋਂ ੪-੫ ਮਹੀਨੇ ਵਿਚ ਪੰਜਾਬੀ ਸਿੱਖ ਲਈ । ਉਸਤੋਂ ਬਾਅਦ ਪ੍ਰਿ ਗੁਰਬਚਨ ਸਿੰਘ ਪੰਨਵਾਂ, ਗਿਆਨੀ ਜਗਤਾਰ ਸਿੰਘ ਜਾਚਕ ਅਤੇ ਗਿ ਸੰਤ ਸਿੰਘ ਮਸਕੀਨ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਲਈ । ਅੱਜ ਕੱਲ ਉਹ ਬੜੀ ਆਸਾਨੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਠ, ਸਹਿਜ ਪਾਠ, ਆਖੰਡ ਪਾਠ ਕਰ ਲੈਂਦੀ ਹੈ । ਗਟਾਰ ਨਾਲ ਕੀਰਤਨ ਅਤੇ ਕਥਾ ਦੋਹਾਂ ਭਾਸ਼ਾਵਾਂ ਵਿੱਚ ਕਰ ਲੈਂਦੀ ਹੈ । ਕਰਾਟੇ, ਜੁੱਡੋ, ਯੋਗਾ ਆਦਿ ਵਿੱਚ ਵੀ ਮਾਹਿਰ ਹੈ । ਉਸਦੀ ਨਿਵੇਕਲੀ ਸ਼ੈਲੀ ਵਿੱਚ ਗਾਏ ਸ਼ਬਦ ਯੂ-ਟਿਊਬ ਤੇ ਉਪਲਬਧ ਹਨ । ਗੁਰ ਸ਼ਬਦਾਂ ਦੇ ਅਰਥ ਬੜੀ ਅਸਾਨੀ ਨਾਲ ਕਰ ਲੈਣਾ, ਸਹਸਕ੍ਰਿਤੀ ਦੇ ਸ਼ਬਦ ਪੜ੍ਹ ਲੈਣਾਂ ਇਥੋਂ ਤੱਕ ਕਿ ਮੁਸ਼ਕਲ ਕਿਹਾ ਜਾਂਦਾ ਭਗਤ ਜੈ ਦੇਵ ਦਾ ਪਦਾ ਅਤੇ ਅਜਿਹੇ ਅਨੇਕਾਂ ਸ਼ਬਦ ਉਸਨੂੰ ਮੂੰਹ ਜਵਾਨੀ ਯਾਦ ਹਨ । ਉਸ ਦੁਆਰਾ ਚਲਾਈ ਗਈ ਸੰਸਥਾ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦਾ ਮੈਂਬਰ ਹੋਣ ਕਾਰਣ ਵਿਚਾਰਾਂ ਦਾ ਅਦਾਨ ਪ੍ਰਦਾਨ ਚਲਦਾ ਰਹਿੰਦਾ ਹੈ । ਪਤਨੀ ਅਤੇ ਪਿਤਾ ਜੀ ਅਕਸਰ ਘਰ ਵਿੱਚ ਸਹਿਜ ਪਾਠ ਕਰਦੇ ਰਹਿੰਦੇ ਹਨ , ਸਮਾਪਤੀ ਵੇਲੇ ਉਹਨਾਂ ਨੂੰ ਸੱਦ ਲਈਦਾ ਹੈ ਤਾਂ ਅਕਸਰ ਵਿਚਾਰਾਂ ਹੁੰਦੀਆਂ ਰਹਿੰਦੀਆਂ ਹਨ ।

ਅਜਿਹੇ ਹੀ ਮਹੌਲ ਵਿੱਚ ਇਕ ਦਿਨ ਅਸੀਂ ਘਰੇ ਬੈਠੇ ਗੱਲਾਂ ਕਰ ਰਹੇ ਸੀ ਤਾਂ ਉਹ ਕੋਲ ਪਏ ਪੰਜਾਬੀ ਅਖਬਾਰ ਨੂੰ ਪੜ੍ਹਦੀ ਹੋਈ ਮੈਨੂੰ ਕੁਝ ਸ਼ਬਦ ਪੁੱਛਣ ਲੱਗੀ । ਮੈ ਹੈਰਾਨੀ ਨਾਲ ਕਿਹਾ ਤੂੰ ਤਾਂ ਗਰੂ ਗ੍ਰੰਥ ਸਾਹਿਬ ਪੜ੍ਹ ਲੈਂਦੀ ਹੈਂ ਤਾਂ ਅਖਬਾਰ ਦੇ ਇਹ ਸ਼ਬਦ ਕਿਓਂ ਨਹੀਂ? ਇਸਤੇ ਉਸਨੇ ਜਵਾਬ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਸ਼ਾ ਤਾਂ ਬਹੁਤ ਅਸਾਨ ਹੈ ਪਰ ਇਹ ਅਖਬਾਰਾਂ ਦੇ ਸ਼ਬਦ ਔਖੇ ਹਨ । ਉਸਦਾ ਇਹ ਜਵਾਬ ਸਭ ਨੂੰ ਹੈਰਾਨ ਕਰਨ ਵਾਲਾ ਸੀ ।

ਕੁਝ ਸਾਲ ਪਹਿਲਾਂ ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਇਕ ਕਿਤਾਬ ਛਪਵਾਉਣ ਦੇ ਸਿਲਸਿਲੇ ਵਿੱਚ ਪੰਜਾਬ ਗਏ ਹੋਏ ਸਨ । ਮੈਂ ਵੀ ਉਹਨੀਂ ਦਿਨੀ ਪਿੰਡ ਗਿਆ ਹੋਇਆ ਸਾਂ । ਫੋਨ ਤੇ ਰਾਬਤਾ ਹੋਣ ਤੇ ਮੈਂ ਉਹਨਾਂ ਨੂੰ ਆਪਣੇ ਪਿੰਡ ਆਉਣ ਦੀ ਬੇਨਤੀ ਕੀਤੀ ਜੋ ਉਹਨਾਂ ਮੰਨ ਲਈ । ਸ਼ਾਮ ਨੂੰ ਰਹਿਰਾਸ ਵੇਲੇ ਗੋਰੀ ਸਿੰਘਣੀ ਦੇ ਕੀਰਤਨ ਕਥਾ ਨੂੰ ਸੁਣਨ ਲਈ ਸਾਰਾ ਪਿੰਡ ਜੁੜ ਗਿਆ ਜੋ ਕਿ ਗ੍ਰੰਥੀ ਸਿੰਘ ਦੇ ਆਖਣ ਅਨੁਸਾਰ ਕਰਾਮਾਤ ਹੀ ਸੀ । ਸਵੇਰੇ ਆਸਾ ਦੀ ਵਾਰ ਵੇਲੇ ਵੀ ਅਜਿਹਾ ਮਹੌਲ ਹੀ ਸੀ । ਆਪਣੇ ਰਲਾਉਟੇ ਸੁਭਾਅ ਕਾਰਣ ਉਹ ਆਢ-ਗਵਾਂਡ ਪਰਿਵਾਰਾਂ ਨੂੰ ਅਤੇ ਸਥਾਂ ਵਿੱਚ ਬੈਠੇ ਲੋਕਾਂ ਨੂੰ ਮਿਲਦੀ ਰਹੀ । ਖਾਸ ਗਲ ਇਹ ਹੋਈ ਕਿ ਜਦੋਂ ਉਸਨੇ ਸੱਥ ਵਿੱਚ ਅਖਬਾਰ ਪੜ੍ਹ ਰਹੇ ਕੁਝ ਲੋਕਾਂ ਨੂੰ ਗੁਰਬਾਣੀ ਦੀ ਕੋਈ ਗੱਲ ਪੁਛੀ ਤਾਂ ਉਹਨਾਂ ਕਿਹਾ ਕਿ ਉਹ ਗੁਰਬਾਣੀ ਨਹੀਂ ਜਾਣਦੇ । ਇਸ ਤੇ ਹਰਸਿਮਰਤ ਨੇ ਕਿਹਾ ਕਿ ਤੁਸੀਂ ਤਾਂ ਅਖਬਾਰ ਪੜ ਰਹੇ ਹੋ , ਗੁਰੂ ਗ੍ਰੰਥ ਸਾਹਿਬ ਤਾਂ ਆਸਾਨ ਹੈ । ਉਸਨੇ ਕਿਹਾ ਕਿ ਮੈਂ ਗੋਰੀ ਹੋਣ ਦੇ ਨਾਤੇ, ਜਿਸਦੇ ਲਈ ਪੰਜਾਬੀ ਵੀ ਨਵੀਂ ਭਾਸ਼ਾ ਹੈ, ਪੜ੍ਹ ਲੈਂਦੀ ਹਾਂ ਤਾਂ ਤੁਸੀਂ ਕਿਓਂ ਨਹੀਂ ? ਤੁਹਾਡੀ ਤਾਂ ਮਾਂ ਬੋਲੀ ਵੀ ਪੰਜਾਬੀ ਹੈ । ਉਸਦੀਆਂ ਅਜਿਹੀਆਂ ਗੱਲਾਂ ਸਭ ਨੂੰ ਪ੍ਰਭਾਵਿਤ ਕਰਦੀਆਂ ਸਨ ਅਤੇ ਗੁਰਬਾਣੀ ਨਾਲ ਜੁੜਨ ਵੱਲ ਪ੍ਰੇਰਦੀਆਂ ਸਨ । ਪਰ ਅਮੈਰਿਕਾ ਵਿੱਚ ਗੁਰਦਵਾਰਿਆਂ ਵਾਲੇ ਉਸਦੀਆਂ ਸੇਵਾਵਾਂ ਤੋਂ ਮੁਨੱਕਰ ਹਨ ਕਿਓਂਕਿ ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਸਰਬਉੱਚ ਮੰਨਦੀ ਹੋਣ ਕਾਰਣ ਕਿਸੇ ਹੋਰ ਗ੍ਰੰਥ ਨੂੰ ਸਹੀ ਨਹੀਂ ਮੰਨਦੀ ਜੋ ਕਿ ਆਖੀ ਜਾਂਦੀ ਰਹਿਤ ਮਰਿਆਦਾ ਵਾਲਿਆਂ ਲਈ ਲਾਹੇਵੰਦ ਨਹੀਂ ਹੈ ।

ਵਿਚਾਰਨ ਵਾਲੀ ਗੱਲ ਇਹ ਹੈ ਕਿ ਜੋ ਆਦਮੀ ਪਹਿਲਾਂ ਗੁਰਬਾਣੀ ਤੋਂ ਹੀ ਸ਼ੁਰੂ ਕਰਦਾ ਹੈ ਉਸਨੂੰ ਗੁਰਬਾਣੀ ਪੜ੍ਹਨਾਂ, ਸਮਝਣਾਂ, ਵਿਚਾਰਨਾਂ ਸਰਲ ਹੋ ਜਾਂਦਾ ਹੈ । ਕਿਸੇ ਵੇਲੇ ਪੈਂਤੀ ਅਖਰੀ ਸਿਖਣ ਤੋਂ ਬਾਅਦ ਸ਼ਬਦ ਜੋੜਾਂ ਦੇ ਗਿਆਨ ਦੇ ਨਾਲ ਸਿੱਧਾ ਗੁਰਬਾਣੀ ਦੀਆਂ ਪੋਥੀਆਂ ਤੋਂ ਪੜ੍ਹਾਈ ਕਰਵਾਈ ਜਾਂਦੀ ਸੀ ਸ਼ਾਇਦ ਏਸੇ ਕਾਰਣ ਪੁਰਾਣੇ ਲੋਕਾਂ ਦੀ, ਕਿਰਤ ਕਰਦੇ ਅਤੇ ਘਰਾਂ ਵਿੱਚ ਕੰਮ ਕਰਦੇ ਗੁਰਬਾਣੀ ਪੜ੍ਹਦੇ ਰਹਿੰਦੇ ਹੋਣ ਕਾਰਣ, ਜੀਵਨ ਸ਼ੈਲੀ ਗੁਰਮਤਿ ਅਨੁਸਾਰੀ ਸੀ । ਅਜੋਕੀ ਪੰਜਾਬੀ ਵਿਚ ਸਮੇ ਨਾਲ ਅਜੋਕੇ ਸਭਿਆਚਾਰ ਅਨੁਸਾਰ ਆਈਆਂ ਤਬਦੀਲੀਆਂ ਕਾਰਣ ਭਾਸ਼ਾ ਅਤੇ ਲਹਿਜੇ ਦਾ ਬਦਲ ਜਾਣਾ ਸੁਭਾਵਿਕ ਹੈ । ਅਖਬਾਰਾਂ ਵਿੱਚ ਅਤੇ ਸਾਡੇ ਦੁਆਰਾ ਬੋਲੇ ਜਾ ਰਹੇ ਸ਼ਬਦ ਏਸੇ ਕਾਰਣ ਸਰਲਤਾ ਛੱਡ ਗਏ ਹਨ ਜਦ ਕਿ ਗੁਰਬਾਣੀ ਕਾਲ ਵਿੱਚ ਸਧਾਰਣ ਲੋਕਾਂ ਨੂੰ ਸਮਝ ਆ ਰਹੇ ਸ਼ਬਦ ਹੀ ਵਰਤੇ ਜਾਂਦੇ ਸਨ । ਇਸ ਬੀਬੀ ਦਾ ਵੀ ਇਸੇ ਤਰਾਂ ਪੁਰਾਣੇ ਤਰੀਕੇ ਅਨੁਸਾਰੀ ਪੰਜਾਬੀ ਸਿੱਖੀ ਹੋਣ ਕਾਰਣ ਗੁਰਬਾਣੀ ਨੂੰ ਸਰਲ ਸਮਝਣਾ ਅਤੇ ਅਜੋਕੀ ਭਾਸ਼ਾ ਅਤੇ ਅਖਬਾਰਾਂ ਨੂੰ ਔਖਾ ਸਮਝਣਾ, ਇਹੀ ਦਰਸਾਉਂਦਾ ਹੈ ।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)




.