.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਯਾਰ੍ਹਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ. ." _ ਹੁਣ ਤੀਕ ਦੀ ਵਿਚਾਰ ਤੋਂ ਸਪਸ਼ਟ ਹੋ ਚੁੱਕਾ ਹੈ ਕਿ ਗੁਰਬਾਣੀ ਅਨੁਸਾਰ:-

(੧) ਅਕਾਲਪੁਰਖ ਇੱਕ ਹੈ ਅਤੇ ਉਹ ਸਮੂਚੀ ਰਚਨਾ ਦਾ ਕਰਤਾ ਧਰਤਾ ਵੀ ਹੈ (੨) ਸਮੂਚੇ ਮਨੁੱਖ ਮ੍ਰਾਤ੍ਰ ਦਾ "ਗੁਰੂ" ਵੀ ਇਕੋ ਹੀ ਹੈ (੩) ਸਮੂਚੇ ਮਨੁੱਖ ਮਾਤ੍ਰ ਲਈ ਅਕਾਲਪੁਰਖ ਵੱਲੋਂ ਇਲਾਹੀ ਅਥਵਾ ਸੱਚ ਧਰਮ ਵੀ ਇਕੋ ਹੀ ਨਿਯਤ ਕੀਤਾ ਹੋਇਆ ਹੈ ਤੇ (੪) ਸਮੂਚੇ ਮਨੁੱਖ ਮ੍ਰਾਤ੍ਰ ਦਾ ਮਨੁੱਖੀ ਭਾਈਚਾਰਾ ਵੀ ਇਕੋ ਹੀ ਹੈ। ਉਪ੍ਰੰਤ ਇਹ ਚਾਰੋਂ ਨੁੱਕਤੇ ਨੰਬਰਵਾਰ:-

(੧) ਸਮੂਚੀ ਰਚਨਾ ਦਾ ਰਚਨਹਾਰਾ ਸਿਰਜਣਹਾਰ ਕੇਵਲ ਤੇ ਕੇਵਲ ਇਕੋ ਇੱਕ ਅਕਾਲਪੁਰਖ ਹੀ ਹੈ, ਉਸ ਤੋਂ ਸਿਵਾ ਹੋਰ ਦੂਜਾ ਕੋਈ ਵੀ ਨਹੀਂ। ਇਹ ਵੀ ਕਿ ਪ੍ਰਭੂ-ਰੂਪ, ਰੰਗ, ਰੇਖ ਤੋਂ ਨਿਆਰਾ ਅਤੇ ਆਪਣੇ ਆਪ ਤੋਂ ਹੈ। ਇਹੀ ਨਹੀਂ, ਪ੍ਰਭੂ ਸਦਾ ਥਿਰ ਹਸਤੀ ਹੈ ਅਤੇ ਉਹ ਕਦੇ ਜਨਮ-ਮਰਨ `ਚ ਵੀ ਨਹੀਂ ਆਉਂਦਾ। ਸੰਪੂਰਣ ਰਚਣਾ ਉਸੇ ਦਾ ਸਰਗੁਣ ਪ੍ਰਗਟਾਵਾ ਹੈ।

(੨) ਸਮੂਚੇ ਮਨੁੱਖ ਮਾਤ੍ਰ ਦਾ "ਗੁਰੂ" ਵੀ ਇਕੋ ਹੀ ਹੈ, ਮਨੁੱਖ ਦੇ ਭਿੰਨ-ਭਿੰਨ ਜਾਂ ਇੱਕ ਤੋਂ ਵੱਧ ਗੁਰੂ ਨਹੀਂ ਹਨ। ਜਦਕਿ ਉਹ ਇਕੋ ਇੱਕ "ਗੁਰੂ" ਵੀ, ਅਕਾਲਪੁਰਖ ਦਾ ਹੀ ਨਿਜ ਗੁਣ ਹੈ, ਅਕਾਲਪੁਰਖ ਤੋਂ ਭਿੰਨ ਨਹੀਂ। ਇਹ ਵੀ ਕਿ ਉਸ ਇਕੋ ਇੱਕ "ਗੁਰੂ" ਦਾ ਮੂਲ ਸੰਬੰਧ ਪ੍ਰਭੂ ਦੀਆਂ ਅਰਬਾਂ-ਖਰਬਾਂ ਜੂਨਾਂ `ਚੋਂ, ਸਰਬ-ਉੱਤਮ ਜੂਨ, ਮਨੁੱਖਾ ਜੂਨ ਦੀ ਸਫ਼ਲਤਾ ਤੇ ਅਸਫ਼ਲਤਾ ਨਾਲ ਵੀ ਹੈ।

ਇਹ ਵੀ ਕਿ ਗੁਰਬਾਣੀ `ਚ ਸੰਸਾਰ ਤਲ ਦੇ ਉਸ ਇਕੋ ਇੱਕ "ਗੁਰੂ" ਲਈ "ਸਤਿਗੁਰੂ, ਸ਼ਬਦ, ਸ਼ਬਦ-ਗੁਰੂ, ਗਿਆਨ-ਗੁਰੂ, ਵਿਵੇਕ, ਵਿਵੇਕੋ ਆਦਿ ਸ਼ਬਦਾਵਲੀ ਵੀ ਬੇਅੰਤ ਵਾਰ ਆਈ ਹੈ।

ਹੋਰ ਤਾਂ ਹੋਰ, ਜੇ ਇਤਿਹਾਸਕ ਗਹਿਰਾਈਆਂ `ਚ ਜਾਵੀਏ ਤਾਂ ਆਪਣੇ-ਆਪ ਇਹ ਵੀ ਸਪਸ਼ਟ ਅਤੇ ਸਾਬਤ ਹੋ ਜਾਂਦਾ ਹੈ ਕਿ ਉਸੇ ਇਲਾਹੀ ਅਥਵਾ ਰੱਬੀ ਗਿਆਨ "ਸ਼ਬਦ-ਗੁਰੂ" ਨੂੰ ਮਨੁੱਖ ਮਾਤ੍ਰ ਦੇ ਭਲੇ ਲਈ ਅੱਖਰ ਰੂਪ `ਚ ਪ੍ਰਗਟ ਕਰਣ ਲਈ ਹੀ "ਗੁਰੂ ਨਾਨਕ ਪਾਤਸ਼ਾਹ" ਤੋਂ "ਦਸਮੇਸ਼ ਪਿਤਾ" ਤੀਕ "ਦਸ ਮਨੁੱਖੀ ਸਰੀਰਾਂ" ਦੇ ਰੂਪ `ਚ, ਦਸ ਜਾਮੇਂ ਵੀ "ਧੁਰ ਦਰਗਾਹੋ" ਕੇਵਲ ਵਸੀਲਾ ਮਾਤ੍ਰ ਸਨ।

ਇਹੀ ਕਾਰਣ ਹੈ, ਜਦੋਂ ਉਹੀ "ਇਲਾਹੀ ਗਿਆਨ" "ਸ਼ਬਦ-ਗੁਰੂ" ਸੰਸਾਰ ਤਲ `ਤੇ "ਅੱਖਰ ਰੂਪ" `ਚ ਸੰਪੂਰਣ ਹੋ ਗਿਆ ਤਾਂ "ਗੁਰੂ ਨਾਨਕ ਪਾਤਸ਼ਾਹ" ਤੋਂ ਸਰੀਰ ਰੂਪ `ਚ "ਧੁਰ ਦਰਗਾਹੋ" ਅਰੰਭ ਹੋਈ ਉਸ "ਸ਼ਬਦਾ-ਅਵਤਾਰ" ਦਸ ਜਾਮਿਆਂ ਵਾਲੀ ਪ੍ਰੀਪਾਟੀ ਨੂੰ ਵੀ "ਗੁਰੂ ਨਾਨਕ ਪਾਤਸ਼ਾਹ" ਨੇ ਆਪ, ਆਪਣੇ ਦਸਵੇਂ ਜਾਮੇ "ਦਸਮੇਸ਼ ਜੀ" ਦੇ ਰੂਪ `ਚ ਸਮਾਪਤ ਕਰਕੇ, "ੴ" ਤੌਂ "ਤਨ ਮਨ ਥੀਵੈ ਹਰਿਆ" ਤੀਕ ਜੁਗੋ-ਜੁਗ ਅਟੱਲ, ਗੁਰਬਾਣੀ ਦੇ ਭੰਡਾਰ "ਅੱਖਰ ਰੂਪ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਸਦੀਵ ਕਾਲ ਲਈ "ਗੁਰਗੱਦੀ" ਵੀ ਆਪ ਸੌਂਪ ਦਿੱਤੀ।

ਜਦਕਿ ਮੂਲ ਰੂਪ `ਚ ਇਹ ਉਹੀ "ਸ਼ਬਦ-ਗੁਰੂ", ਸ਼ਬਦ, "ਸਤਿਗੁਰੂ, ਗਿਆਨ-ਗੁਰੂ ਤੇ ਵਿਵੇਕੋ ਆਦਿ ਹੀ ਹੈ ਜਿਸ ਸੰਬੰਧੀ ਗੁਰਬਾਣੀ `ਚ ਸਪਸ਼ਟ ਅਤੇ ਬੇਅੰਤ ਫ਼ੁਰਮਾਨ ਵੀ ਹਨ, ਜਿਵੇਂ:-

"ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ" (ਪੰ: ੯੪੩) ਅਤੇ

"ਜਹ ਕਹ ਤਹ ਭਰਪੂਰੁ, ਸਬਦੁ ਦੀਪਕਿ ਦੀਪਾਯਉ" (ਪੰ: ੧੩੯੫) ਪੁਨਾ

"ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ, ਜਹ ਦੇਖਾ ਤਹ ਸੋਈ" (ਪੰ: ੯੪੪) ਹੋਰ

"ਗੁਰੁ ਦਾਤਾ, ਗੁਰੁ ਹਿਵੈ ਘਰੁ, ਗੁਰੁ ਦੀਪਕੁ ਤਿਹੁ ਲੋਇ" (ਪੰ: ੧੩੭) ਆਦਿ

ਭਾਵ ਮੂਲ ਰੂਪ `ਚ ਇਹ ਸ਼ਬਦ ਵੀ, ਰੂਪ ਰੰਗ ਰੇਖ ਤੋਂ ਨਿਆਰਾ ਅਤੇ ਸਦਾ ਥਿਰ ਬਲਕਿ ਉਸ ਇਕੋ ਇੱਕ ਸਦਾ ਥਿਰ ਅਕਾਲਪੁਰਖ ਦੇ ਨਿਜ ਦਾ ਹੀ ਪ੍ਰਗਟਾਵਾ ਹੈ। ਮੂਲ ਰੂਪ `ਚ ਇਸ "ਇਲਾਹੀ ਸ਼ਬਦ ਗੁਰੂ" ਨੂੰ ਵੀ ਅੱਖਰਾਂ ਦੀ ਲੋੜ ਨਹੀ, ਇਹ ਲੋੜ ਕੇਵਲ ਮਨੁੱਖ ਮਾਤ੍ਰ ਲਈ ਹੀ ਹੈ।

(੩) "ਏਕੋ ਧਰਮੁ ਦ੍ਰਿੜੈ ਸਚੁ ਕੋਈ।। ਗੁਰਮਤਿ ਪੂਰਾ ਜੁਗਿ ਜੁਗਿ ਸੋਈ।। ਅਨਹਦਿ ਰਾਤਾ ਏਕ ਲਿਵ ਤਾਰ।। ਓਹੁ ਗੁਰਮੁਖਿ ਪਾਵੈ ਅਲਖ ਅਪਾਰ" (ਪੰ: ੧੧੮੮) ਹੋਰ

"ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ" (ਪੰ: ੭੪੭) ਇਸੇਤਰ੍ਹਾਂ

"ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ" (ਪੰ: ੪੬੯) ਆਦਿ

ਭਾਵ ਗੁਰਬਾਣੀ `ਚ ਗੁਰਦੇਵ ਨੇ ਇਹ ਵੀ ਸਪਸ਼ਟ ਕੀਤਾ ਹੋਇਆ ਹੈ ਕਿ ਅਕਾਲਪ੍ਰੁਰਖ ਵੱਲੋਂ ਸੰਸਾਰ ਤਲ `ਤੇ ਹਰੇਕ ਮਨੁੱਖ ਲਈ, ਧਰਮ ਵੀ ਇਕੋ ਹੀ ਨਿਯਤ ਕੀਤਾ ਹੋਇਆ ਹੈ। ਪ੍ਰਭੂ ਵੱਲੋਂ ਮਨੁੱਖ ਦੇ ਭਿੰਨ-ਭਿੰਨ ਧਰਮ ਨਹੀਂ ਹਨ; ਉਸੇ ਧਰਮ ਨੂੰ ਮਨੁੱਖ ਦਾ ਸਦੀਵੀ "ਸ੍ਰੇਸ਼ਟ ਧਰਮ", "ਸੱਚ ਧਰਮ", "ਇਲਾਹੀ ਧਰਮ" "ਰੱਬੀ ਧਰਮ" ਜਾਂ ਸਬਦੰ ਆਦਿ ਵੀ ਕਿਹਾ ਹੈ।

ਸਿੱਖ ਕੌਣ? -ਸੰਸਾਰ ਭਰ `ਚੋਂ, "ਗੁਰਬਾਣੀ ਵਿਚਾਰਧਾਰਾ ਤੇ ਸਿਖਿਆ ਅਨੁਸਾਰ ਆਪਣੇ ਜੀਵਨ ਨੂੰ ਚਲਾਉਣ ਤੇ ਢਾਲਣ ਵਾਲਾ" ਕੋਈ ਵੀ ਮਨੁੱਖ, ਬਿਨਾ ਵਿੱਤਕਰਾ, "ਸਰੂਪ ਤੇ ਸੁਭਾਅ" ਕਰਕੇ ਸਹਿਜੇ ਹੀ "ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ" (ਪੰ: ੪੬੫) ਭਾਵ ਉਸ "ਸ੍ਰੇਸ਼ਟ, "ਸੱਚ", "ਰੱਬੀ" ਅਤੇ "ਇਲਾਹੀ ਧਰਮ" ਦਾ ਧਾਰਣੀ ਹੋ ਸਕਦਾ ਹੈ।

ਬੱਸ ਇਹੀ ਹੈ "ਗੁਰਬਾਣੀ ਵਿਚਾਰਧਾਰਾ ਤੋਂ ਤਿਆਰ ਹੋਣ ਵਾਲਾ ਧਰਮ, ਜਿਸ ਨੂੰ ਸਿੱਖ ਅਥਵਾ "ਗੁਰਬਾਣੀ ਦੀ ਸਿਖਿਆ ਦਾ ਸਿਖ" ਵੀ ਕਿਹਾ ਹੈ। ਇਸ ਤਰ੍ਹਾਂ ਸਿੱਖ ਦਾ ਮੂਲ ਧਰਮ ਹੀ "ਹੁਕਮਿ ਰਜਾਈ ਚਲਣਾ" (ਬਾਣੀ ਜਪੁ) ਭਾਵ "ਸਰੂਪ ਅਤੇ ਸੁਭਾਅ" ਦੋਨਾਂ ਪੱਖਾਂ ਤੋਂ ਗੁਰਬਾਣੀ ਵਿਚਾਰਧਾਰਾ ਅਤੇ ਸਿਖਿਆ ਦਾ ਅਨੁਸਾਰੀ ਹੋ ਕੇ ਸੰਸਾਰ `ਚ ਵਿਚਰਣ ਵਾਲਾ ਮਨੁੱਖ।

ਇਹੀ ਕਾਰਣ ਹੈ ਕਿ ਸੰਸਾਰ ਦੇ ਕਿਸੇ ਵੀ ਕੌਣੇ ਜਾਂ ਨੁੱਕਰ `ਚੋਂ ਜਦੋਂ ਕੋਈ ਮਨੁੱਖ ਜੀਵਨ ਤੇ ਰਹਿਣੀ ਕਰਕੇ ਜੀਵਨ ਦੀ "ਪੰਚ ਪਰਵਾਣ ਪੰਚ ਪਰਧਾਨੁ।। ਪੰਚੇ ਪਾਵਹਿ ਦਰਗਹਿ ਮਾਨੁ।। ਪੰਚੇ ਸੋਹਹਿ ਦਰਿ ਰਾਜਾਨੁ।। ਪੰਚਾ ਕਾ ਗੁਰੁ ਏਕੁ ਧਿਆਨੁ. ." (ਬਾਣੀ ਜਪੁ) ਵਾਲੀ ਅਵਸਥਾ `ਚ ਪੁੱਜ ਜਾਂਦਾ ਹੈ, ਤਾਂ ਉਨ੍ਹਾਂ ਲੋਕਾਂ ਦਾ ਆਪਸੀ ਧਰਮ ਵੀ ਭਿੰਨ-ਭਿੰਨ ਨਹੀਂ ਰਹਿ ਜਾਂਦਾ। ਫ਼ਿਰ ਪਹਿਲਾਂ ਉਹ ਭਾਵੇਂ ਕਿਸੇ ਵੀ ਸੰਸਾਰਕ ਧਰਮ `ਚ ਜਨਮੇਂ, ਜਾਤ-ਵਰਣ-ਕੁਲ ਨਾਲ ਸੰਬੰਧਤ ਤੇ ਕਿਥੌਂ ਦੇ ਵੀ ਵਾਸੀ ਜਾਂ ਜਮ-ਪਲ ਹੋਣ। ਗੁਰਬਾਣੀ ਵਿੱਚਲੇ ੧੫ ਦੇ ੧੫ ਭਗਤ, ਇਸੇ "ਇਲਾਹੀ ਸੱਚ’ ਦਾ ਹੀ ਸਬੂਤ ਹਨ।

ਫ਼ਿਰ ਇਤਨਾ ਹੀ ਨਹੀਂ "ਇਕਾ ਬਾਣੀ, ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ, ਸਚੁ ਰਤਨੀ ਭਰੇ ਭੰਡਾਰ" (ਪੰ: ੬੪੬) ਅਨੁਸਾਰ ਗੁਰਬਾਣੀ ਵਿੱਚਲੇ ਛੇ ਗੁਰੂ ਸਰੂਪਾਂ, ੧੫ ਭਗਤਾਂ, ਯਾਰਾਂ ਭੱਟਾਂ ਤੇ ਤਿੰਨ ਮਹਾਪੁਰਖਾਂ ਭਾਵ ਪੈਂਤੀ ਦੇ ਪੈਂਤੀ ਲਿਖਾਰੀ. ਇਸੇ ਇਲਾਹੀ ਸੱਚ ਦਾ ਸਬੂਤ ਅਤੇ ਪ੍ਰਗਟਾਵਾ ਹਨ, ਇਸੇਲਈ ਉਨ੍ਹਾਂ ਵਿੱਚਾਲੇ ਕਿੱਧਰੇ ਵੀ ਆਪਸੀ ਵਿਚਾਰਧਾਰਕ ਜਾਂ ਸਿਧਾਂਤਕ ਭੇਦ ਨਹੀਂ।

(੪) "ਤੂੰ ਸਾਝਾ ਸਾਹਿਬੁ ਬਾਪੁ ਹਮਾਰਾ" (ਪੰ: ੯੭) ਹੋਰ

"ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ" (ਪੰ: ੬੧੧) ਅਥਵਾ

"ਨਾ ਕੋ ਮੇਰਾ ਦੁਸਮਨੁ ਰਹਿਆ, ਨ ਹਮ ਕਿਸ ਕੇ ਬੈਰਾਈ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ, ਸਤਿਗੁਰ ਤੇ ਸੋਝੀ ਪਾਈ॥ ੨ ॥ ਸਭੁ ਕੋ ਮੀਤੁ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ, ਤਾ ਮੇਲੁ ਕੀਓ ਮੇਰੈ ਰਾਜਨ" (ਪੰ: ੬੭੧) ਆਦਿ

ਭਾਵ ਬਿਨਾ ਵਿੱਤਕਰਾ ਰੰਗ, ਨਸਲ, ਦੇਸ਼, ਜਾਤ-ਵਰਣ, ਲਿੰਗ ਸੰਸਾਰ ਭਰ ਦੇ ਮਨੁੱਖ ਇਕੋ ਹੀ ਪ੍ਰਭੂ ਪਿਤਾ ਦੀ ਸੰਤਾਨ ਹਨ ਅਤੇ ਆਪਸ `ਚ ਸਾਰੇ ਭੈਣ-ਭਾਈ ਵੀ ਹਨ।

"ਗੁਰ ਬਿਨੁ ਘੋਰ ਅੰਧਾਰ" …" ਗੁਰ ਬਿਨੁ ਗਿਆਨੁ ਨ ਹੋਇ" - ਇਸ ਤਰ੍ਹਾਂ ਹੁਣ ਤੀਕ ਸਮੂਚੇ ਮਨੁੱਖ ਮਾਤ੍ਰ ਤੇ ਖਾਸਕਰ "ਗੁਰਬਾਣੀ ਆਧਾਰਤ" ਸੰਸਾਰ ਤਲ ਦੇ ਉਸ ਇਕੋ-ਇਕ "ਗੁਰੂ", ਸਤਿਗੁਰੂ, ਸ਼ਬਦ, ਸ਼ਬਦ-ਗੁਰੂ, ਵਿਵੇਕੋ ਅਥਵਾ ਗਿਆਨ-ਗੁਰੂ ਵਾਲੇ "ਪ੍ਰਭੂ ਦੇ ਵਿਸ਼ੇਸ਼ ਗੁਣ" "ਗੁਰਬਾਣੀ-ਗੁਰੂ" ਬਾਰੇ ਸਪਸ਼ਟ ਹੋ ਜਾਣ ਤੋਂ ਬਾਅਦ:-

ਵਿਸ਼ੇ ਨੂੰ ਕੁੱਝ ਹੋਰ ਪੂਰੀ ਤਰ੍ਹਾਂ ਸਪਸ਼ਟ ਕਰਣ ਲਈ ਅਸੀਂ ਹੱਥਲੇ ਵਿਸ਼ੇ ਨਾਲ ਸੰਬੰਧਤ "ਬਾਣੀ ਅਸਾ ਕੀ ਵਾਰ" ਵਿੱਚਲੇ ਹੇਠ ਦਿੱਤੇ ਦੋ ਸਲੋਕ ਲੈ ਰਹੇ ਹਾਂ। ਤਾਂ ਤੇ ਉਹ ਦੋ ਸਲੋਕ ਹਨ:-

(੧) ਮਹਲਾ ੨॥ ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥

ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥ (ਪੰ: ੪੬੩)

(੨) ਮਃ ੧॥ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ॥ ਗਿਆਨ ਕਾ

ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥  (ਪੰ: ੪੬੯)

ਫ਼ਿਰ ਇਹ ਵੀ ਨਹੀਂ ਕਿ ਸੰਬੰਧਤ ਵਿਸ਼ੇ `ਤੇ ਸੰਪੂਰਣ ਗੁਰਬਾਣੀ `ਚ ਬੱਸ ਇਹੀ ਦੋ ਸਲੋਕ ਹਨ ਬਲਕਿ ਗੁਰਬਾਣੀ `ਚ ਇਸ ਵਿਸ਼ੇ ਨਾਲ ਸੰਬੰਧਤ, ਅਰੰਭ ਭਾਵ ਤੋਂ "ਤਨੁ ਮਨੁ ਥੀਵੈ ਹਰਿਆ" ਸਮਾਪਤੀ ਤੀਕ ਬੇਅੰਤ ਰਚਨਾਵਾਂ ਅਤੇ ਸ਼ਬਦ ਮੌਜੂਦ ਹਨ। ਜਦਕਿ ਇੱਥੇ ਇਹ ਸਲੋਕ ਅਸੀਂ ਕੇਵਲ ਮਿਸਾਲ ਵਜੋਂ ਹੀ ਲੈ ਰਹ ਹਾਂ, ਇਸ ਤੋਂ ਵਧ ਕੁੱਝ ਨਹੀਂ। ਉਹ ਵੀ ਇਸ ਲਈ ਕਿਉਂਕਿ ਇਨ੍ਹਾਂ ਸਲੋਕਾਂ `ਚ ਵੀ ਮੂਲ ਵਿਸ਼ਾ "ਗੁਰਬਾਣੀ ਆਧਾਰਤ" ਉਸ ਇਕੋਇਕ "ਗੁਰਬਾਣੀ ਗੁਰੂ" ਦਾ ਹੀ ਹੈ।

ਉਪ੍ਰੰਤ ਵਾਰੀ ਵਾਰੀ "ਗੁਰਮੱਤ ਵਿਚਾਰ ਵੇਰਵੇ" ਸਹਿਤ, ਅਸੀਂ ਉਨ੍ਹਾਂ ਦੋਨਾਂ ਸਲੋਕਾਂ ਦੇ ਅਰਥਾਂ ਵੱਲ ਵੀ ਵੱਧਦੇ ਹਾਂ:-

(੧) ਮਹਲਾ ੨॥ ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥

ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥ (ਪੰ: ੪੬੩)

ਅੱਖਰੀ ਅਰਥ : —ਜੇ (ਇਕ) ਸੌ ਚੰਦ੍ਰਮਾ ਚੜ੍ਹਨ ਅਤੇ ਹਜ਼ਾਰ ਸੂਰਜ ਚੜ੍ਹਨ, ਜੇ ਇਤਨੇ ਭੀ ਚਾਨਣ ਹੋ ਜਾਣ (ਭਾਵ, ਚਾਨਣ ਕਰਨ ਵਾਲੇ ਜੇ ਇਤਨੇ ਭੀ ਚੰਦ੍ਰਮਾ ਤੇ ਸੂਰਜ ਆਦਿਕ ਗ੍ਰਹਿ ਅਕਾਸ਼ ਵਿੱਚ ਚੜ੍ਹ ਪੈਣ), ਗੁਰੂ ਤੋਂ ਬਿਨਾ (ਫੇਰ ਭੀ) ਘੁੱਪ ਹਨੇਰਾ ਹੈ। (ਅਰਥ ਧੰਨਵਾਦਿ ਸਹਿਤ- ਪ੍ਰੌ: ਸਾਹਿਬ ਸਿੰਘ ਜੀ)

ਮੂਲ ਅਰਥ: ਜੇ ਸੰਸਾਰ `ਚ ਇੱਕ ਚੰਦ੍ਰਮਾ ਦੀ ਬਜਾਏ ਇਕੋ ਸਮੇਂ ਸੌ ਚੰਦ੍ਰਮਾਂ ਨਿਕਲ ਆਉਣ, ਇਸੇ ਤਰ੍ਹਾਂ ਜੇ ਇੱਕ ਸੂਰਜ ਦੀ ਬਜਾਏ ਇਕੋ ਸਮੇਂ ਇੱਕ ਹਜ਼ਾਰ ਸੂਰਜ ਉੱਗ ਪੈਣ; ਤਾਂ ਵੀ "ਸ਼ਬਦ-ਗੁਰੂ" ਦੀ ਰੋਸ਼ਣੀ ਤੋਂ ਬਿਨਾ, ਮਨੁੱਖ ਦੇ ਮਨ ਅੰਦਰੋਂ ਵਿਕਾਰਾਂ ਅਤੇ ਅਗਿਆਨਤਾ ਦਾ ਘੁੱਪ ਹਨੇਰਾ ਨਹੀਂ ਕੱਟਿਆ ਜਾ ਸਕਦਾ, ਇਸ ਤਰ੍ਹਾਂ ਉਹ ਹਨੇਰਾ ਤਾਂ ਵੀ ਉਸੇ ਤਰ੍ਹਾਂ ਹੀ ਬਣਿਆ ਰਹਿੰਦਾ ਬਲਕਿ ਵੱਧਦਾ ਹੀ ਜਾਂਦਾ ਹੈ।

ਕਿਉਂਕਿ ਹੱਥਲੇ ਸਲੋਕ ਅਨੁਸਾਰ ਮਨੁੱਖ ਦੇ ਮਨ ਅੰਦਰੋਂ ਅਗਿਆਨਤਾ ਦੇ ਉਸ ਘੁੱਪ ਹਨੇਰੇ ਨੂੰ ਕੇਵਲ ਤੇ ਕੇਵਲ "ਗੁਰਬਾਣੀ-ਗੁਰੂ" ਭਾਵ "ਆਤਮਕ ਗਿਆਨ" ਦੀ ਰੋਸ਼ਨੀ ਨਾਲ ਹੀ ਕੱਟਿਆ ਤੇ ਮੁਕਾਇਆ ਜਾ ਸਕਦਾ ਹੈ, ਵਰਣਾ ਉਹ ਹਨੇਰਾ ਕੱਟਣਾ ਥੇ ਘੱਟਣਾ ਤਾਂ ਦੂਰ, ਦਿਨੋ-ਦਿਨ ਹੋਰ ਵੀ ਗਹਿਰਾ ਹੁੰਦਾ ਜਾਵੇਗਾ ਅਤੇ ਵੱਧਦਾ ਹੀ ਜਾਵੇਗਾ

ਹਨੇਰਾ ਬਨਾਮ ਰੋਸ਼ਨੀ-ਦੂਜੇ ਲਫ਼ਜ਼ਾਂ `ਚ, ਸਲੋਕ `ਚ ਮੂਲ ਵਿਸ਼ਾ ਸੰਸਾਰਕ ਹਨੇਰੇ ਦਾ ਹੈ ਹੀ ਨਹੀਂ ਬਲਕਿ ਗਹਿਰਾਈ ਤੋਂ ਦੇਖੀਏ ਤਾਂ ਇੱਥੇ ਅਸਲ ਵਿਸ਼ਾ ਹੀ ਆਤਮਕ ਹਨੇਰੇ ਦਾ ਹੈ। ਉਪ੍ਰੰਤ ਗੁਰਬਾਣੀ ਅਨੁਸਾਰ ਮਨੁੱਖ ਦੇ ਮਨ ਅੰਦਰਲੇ "ਆਤਮਕ ਅਗਿਆਨਤਾ" ਦੇ ਉਸ ਘੁੱਪ ਹਨੇਰੇ ਨੂੰ, ਸੰਸਾਰਕ ਰੋਸ਼ਨੀ ਦੇ ਕਿਸੇ ਵੱਡੇ ਤੋਂ ਵੱਡੇ ਵਸੀਲੇ ਨਾਲ ਵੀ ਨਹੀਂ ਕੱਟਿਆ ਤੇ ਮੁਕਾਇਆ ਜਾ ਸਕਦਾ।

ਸਲੋਕ `ਚ ਵੀ ਉਸ ਹਨੇਰੇ ਦੀ ਕਾਟ, ਕੇਵਲ "ਗੁਰੂ ਗਿਆਨ" ਹੀ ਦੱਸੀ ਹੋਈ ਹੈ ਇਸ ਤੋਂ ਆਪਣੇ ਆਪ ਸਪਸ਼ਟ ਹੋ ਜਾਂਦਾ ਹੇ ਕਿ ਉਹ ਹਨੇਰਾ, ਸੰਸਾਰਕ ਹਨੇਰਾ ਹੈ ਹੀ ਨਹੀਂ ਅਤੇ ਇਥੇ ਨਾ ਹੀ ਸੰਸਾਰਕ ਹਨੇਰੇ ਦਾ ਵਿਸ਼ਾ ਹੀ ਹੈ ਬਲਕਿ ਇਹ ਹਨੇਰਾ ਕੇਵਲ ਤੇ ਕੇਵਲ "ਆਤਮਕ ਹਨੇਰਾ ਹੀ ਹੈ"।

ਨੋਟ- ਉਂਝ ਵੀ ਜੇ ਗਹਿਰਾਈ ਨਾਲ ਦੇਖਿਆ ਜਾਵੇ ਤਾਂ ਸਲੋਕ `ਚ, ਗੁਰਦੇਵ ਜਦੋਂ ਰੋਸ਼ਨੀ ਦੀ ਗੱਲ ਕਰਦੇ ਹਨ ਤਾਂ ਰੋਸ਼ਨੀ ਨਾਲ ਸ਼ੰਬੰਧਤ ਸ਼ਬਦਾਵਲੀ ਸੂਰਜ ਤੇ ਚੰਦ੍ਰਮਾ ਵਰਤੀ ਹੋਈ ਹੈ। ਫ਼ਿਰ ਉਸੇ ਸਲੋਕ `ਚ ਅੱਗੇ ਗੁਰਦੇਵ ਜਦੋਂ ਹਨੇਰਾ ਕੱਟਣ ਦੀ ਗੱਲ ਕਰਦੇ ਹਨ ਤਾਂ ਉਸ ਦੇ ਲਈ ਗੁਰਦੇਵ, ਸ਼ਬਦਾਵਲੀ ਵੀ "ਗੁਰ ਬਿਨੁ ਘੋਰ ਅੰਧਾਰ" ਹੀ ਵਰਤਦੇ ਹਨ।

ਇਸ ਤੋਂ ਸਮਝਦੇ ਦੇਰ ਨਹੀਂ ਲਗਣੀ ਚਾਹੀਦੀ ਕਿ "ਇਨ੍ਹਾਂ ਦੋਨਾਂ ਸ਼ਬਦਾਵਲੀਆਂ ਵਿੱਚਕਾਰ ਆਪਸੀ ਜੋੜ ਤੇ ਸਾਂਝ ਕਿੱਥੇ ਹੈ? ਇਸ ਦਾ ਉੱਤਰ ਤੇ ਵੇਰਵਾ ਵੀ ਸਾਨੂੰ ਗੁਰਬਾਣੀ ਵਿਚਾਰਧਾਰਾ ਦੀ ਸੀਮਾ `ਚ ਰਹਿੰਦੇ ਹੋਏ, ਗੁਰਬਾਣੀ ਦੀਆਂ ਗਹਿਰਾਈਆਂ `ਚੋਂ ਆਪਣੇ ਆਪ ਮਿਲਦਾ ਹੈ ਅਤੇ ਸਪਸ਼ਟ ਹੋ ਜਾਂਦਾ ਹੈ ਕਿ ਇਥੇ ਮੂਲ ਵਿਸ਼ਾ ਹੀ ਆਤਮਕ ਹਨੇਰੇ ਦਾ ਹੈ, ਸੰਸਾਰਕ ਹਨੇਰੇ ਦਾ ਹੈ ਹੀ ਨਹੀਂ

ਗੁਰਮੱਤ ਵਿਚਾਰ ਅਤੇ ਵੇਰਵਾ:-

੧. ਸੂਰਜ ਅਤੇ ਚੰਦ੍ਰਮਾ? - ਦੀਰਘ ਵਿਚਾਰ ਦਾ ਵਿਸ਼ਾ ਹੈ ਕਿ ਸੰਸਾਰ ਤਲ `ਤੇ ਕੇਵਲ ਇੱਕ ਸੂਰਜ ਦੀ ਰੋਸ਼ਨੀ ਹੀ ਇਤਨੀ ਵੱਧ ਹੁੰਦੀ ਹੈ ਕਿ ਉਸ ਨਾਲ ਸਾਰੇ ਪਾਸੇ ਚਾਨਣਾ ਹੀ ਚਾਨਣਾ ਹੋ ਜਾਂਦਾ ਹੈ। ਦੂਜਾ, ਸੰਸਾਰ ਦੇ ਕਈ ਭਾਗਾਂ `ਚ ਤਾਂ ਉਸ ਇੱਕ ਸੂਰਜ ਤੋਂ ਪੈਦਾ ਹੋਣ ਵਾਲੀ ਗਰਮੀ ਵੀ ਨਹੀਂ ਸਹਾਰੀ ਜਾਂਦੀ ਅਤੇ ਕਈ ਵਾਰੀ ਉਹ ਗਰਮੀ ਅਨੇਕਾਂ ਦੀ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ।

ਫ਼ਿਰ ਜੇ ਸੰਬੰਧਤ ਸਲੋਕ ਦੇ ਅੱਖਰੀਂ ਅਰਥਾਂ ਅਨੁਸਾਰ, ਇਕੋ ਸਮੇਂ ਹਜ਼ਾਰ ਸੂਰਜ ਇਕੱਠੇ ਨਿਕਲ ਆਉਣ ਤਾਂ ਉਨ੍ਹਾਂ ਦੀ ਗਰਮੀ ਨਾਲ ਇਹ ਦੁਨੀਆਂ ਤਾਂ ਬਚੇ ਗੀ ਹੀ ਨਹੀਂ ਅਤੇ ਸੜ ਕੇ ਰਾਖ ਹੋ ਜਾਵੇਗੀ। ਉਪ੍ਰੰਤ ਹਜ਼ਾਰ ਸੂਰਜਾਂ ਦੀ ਅਨੰਤ ਰੋਸ਼ਨੀ ਦਾ ਤਾਂ ਅੰਦਾਜ਼ਾ ਲਗਾਉਣਾ ਵੀ ਸੰਭਵ ਨਹੀਂ।

ਜਦਕਿ ਇਧਰ ਗੁਰੂ ਸਾਹਿਬ ਤਾਂ ਇਥੋਂ ਤੀਕ ਫ਼ੁਰਮਾਅ ਰਹੇ ਹਨ ਕਿ ਸੌ ਚੰਦ੍ਰਮ ਅਤੇ ਇੱਕ ਹਜ਼ਾਰ ਸੂਰਜ ਮਿਲ ਕੇ ਵੀ, ਉਸ ਹਨੇਰੇ ਨੂੰ ਨਹੀਂ ਕੱਟ ਸਕਦੇ।

ਉਂਝ "ਗੁਰ ਬਿਨੁ ਘੋਰ ਅੰਧਾਰ" ਭਾਵ ਉਸ ਦੇ ਨਲ ਹੀ ਗੁਰਦੇਵ ਆਪ ਹੀ ਇਹ ਵੀ ਸਪਸ਼ਟ ਕਰ ਰਹੇ ਹਨ ਕਿ ਉਸ ਹਨੇਰੇ ਨੂੰ ਕੇਵਲ "ਗੁਰੂ" ਹੀ ਕੱਟ ਸਕਦਾ ਹੈ, ਉਸ ਤੋਂ ਬਿਨਾ ਕੋਈ ਦੂਜਾ ਨਹੀਂ। ਸੁਆਲ ਪੈਦਾ ਹੁੰਦਾ ਹੈ, ਤਾਂ ਫ਼ਿਰ ਉਹ "ਗੁਰੂ" ਕਿਹੜਾ ਹੈ? ਜਿਹੜਾ ਉਸ ਹਨੇਰੇ ਨੂੰ ਕੱਟ ਸਕਦਾ ਹੈ।

ਬਲਕਿ ਇਸ ਤੋਂ ਤਾਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਸਲੋਕ `ਚ, ਗੁਰੂ ਪਾਤਸ਼ਾਹ ਕਿਸੇ ਸੰਸਾਰਕ ਰੋਸ਼ਨੀ ਅਤੇ ਸੰਸਾਰਕ ਹਨੇਰੇ ਦੀ ਗੱਲ ਹੀ ਨਹੀਂ ਕਰ ਰਹੇ। ਸਪਸ਼ਟ ਹੋਇਆ ਕਿ ਵਿਚਾਰ ਅਧੀਨ ਸਲੋਕ `ਚ ਗੁਰਦੇਵ, ਮਨੁੱਖ ਦਾ ਧਿਆਨ ਕਿਸੇ ਹੋਰ ਹਨੇਰੇ ਅਤੇ ਹੋਰ ਰੋਸ਼ਨੀ ਵੱਲ ਹੀ ਖਿੱਚ ਰਹੇ ਹਨਤਾਂ ਫ਼ਿਰ ਉਹ ਰੋਸ਼ਨੀ ਕਿਹੜੀ ਹੈ ਅਤੇ ਹਨੇਰਾ ਕਿਹੜਾ ਹੈ?

. ਇਸ ਲਈ ਸਲੋਕ ਦੇ ਮੂਲ ਅਰਥਾਂ ਨੂੰ ਸਮਝਣ ਲਈ ਸਾਨੂੰ "ਗੁਰਬਾਣੀ ਆਧਾਰਤ" ਉਸ "ਇਕੋ ਇੱਕ ਗੁਰੂ" ਦੀ ਪਹਿਚਾਣ ਵੀ ਕਰਣੀ ਪਵੇਗੀ, ਹੱਥਲੇ ਗੁਰਮੱਤ ਪਾਠ `ਚ "ਸੰਸਾਰ ਤਲ ਦੇ" ਜਿਸ "ਗੁਰਬਾਣੀ ਆਧਾਰਤ" "ਇਕੋ-ਇਕ ਗੁਰੂ" ਦਾ ਜ਼ਿਕਰ ਹੁਣ ਤੀਕ ਕਰਦੇ ਆ ਰਹੇ ਹਾਂ। ਦਰਅਸਲ ਉਸ ਤੋਂ ਬਿਨਾ ਅਸੀਂ ਵਿਸ਼ੇ ਦੀ ਗਹਿਰਾਈ ਤੇ ਅਸਲੀਅਤ ਤੀਕ ਨਹੀਂ ਪੁੱਜ ਸਕਾਂਗੇ। ਇਸ ਤਰ੍ਹਾਂ ਸਪਸ਼ਟ ਹੋਇਆ ਕਿ "ਸ਼ਬਦ" ਅਥਵਾ "ਗੁਰਬਾਣੀ ਗੁਰੂ" ਹੀ ਉਸ ਹਨੇਰੇ ਨੂੰ ਕੱਟ ਸਕਦਾ ਹੈ।

੨. ਅਗਿਆਨਤਾ ਦਾ ਹਨੇਰਾ? -ਹੁਣ ਤੀਕ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਇਥੇ ਗੁਰਦੇਵ ਕਿਸੇ ਸੰਸਾਰਕ ਹਨੇਰੇ ਜਾਂ ਰੋਸ਼ਨੀ ਦਾ ਜ਼ਿਕਰ ਹੀ ਨਹੀਂ ਕਰ ਰਹੇ। ਇਥੇ ਗੁਰਦੇਵ ਕਿਸੇ ਅਜਿਹੇ ਹਨੇਰੇ ਦਾ ਜ਼ਿਕਰ ਕਰ ਰਹੇ ਹਨ ਜਿਹੜਾ "ਗੁਰਬਾਣੀ ਗੁਰੂ" ਭਾਵ "ਇਲਾਹੀ ਗਿਆਨ ਦੀ ਰੋਸ਼ਨੀ" ਤੋਂ ਬਿਨਾ ਕੱਟਿਆ ਹੀ ਨਹੀਂ ਜਾ ਸਕਦਾ। ਤਾਂ ਤੇ ਗੁਰੂ ਸਾਹਿਬ ਇਥੇ ਜਿਸ ਹਨੇਰੇ ਦਾ ਜ਼ਿਕਰ ਕਰ ਰਹੇ ਹਨ ਉਹ ਹਨੇਰਾ "ਆਤਮਕ ਹਨੇਰਾ" ਹੈ। ਉਹ ਹਨੇਰਾ ਮੂਲੋਂ ਵੀ ਸੰਸਾਰਕ ਹਨੇਰਾ ਨਹੀਂ, ਸਪਸ਼ਟ ਹੈ ਉਹ ਮਨੁੱਖ ਦੇ ਮਨ ਅੰਦਰਲਾ ਆਤਮਕ ਹਨੇਰਾ ਹੀ ਹੈ।

ਉਂਝ ਵੀ ਘੋਖ ਚੁੱਕੇ ਹਾਂ ਕਿ ਗੁਰਬਾਣੀ `ਚ ਜਦੋਂ ਕਦੇ ਵੀ "ਗੁਰਬਾਣੀ ਆਧਾਰਤ" "ਗੁਰੂ" ਦੀ ਗੱਲ ਆਉਂਦੀ ਹੈ ਤਾਂ ਉਹ "ਗੁਰੂ" ਵੀ "ਗੁਰ ਗੋਵਿੰਦੁ, ਗ+ਵਿੰਦੁ ਗੁਰੂ ਹੈ, ਨਾਨਕ ਭੇਦੁ ਨ ਭਾਈ" (ਪੰ: ੪੪੨) ਅਕਾਲਪੁਰਖ ਦਾ ਹੀ ਨਿਜ ਗੁਣ ਅਤੇ ਸਮੂਚੇ ਮਨੁੱਖ ਮਾਤ੍ਰ ਦਾ ਇਕੋ ਇੱਕ "ਆਤਮਕ ਗੁਰੂ" ਹੀ ਹੁੰਦਾ ਹੈ। ਇਸ ਤਰ੍ਹਾਂ ਸੰਬੰਧਤ ਸਲੋਕ `ਚ ਵੀ ਕਿਸੇ ਸੰਸਾਰਕ ਗੁਰੂ ਦਾ ਜ਼ਿਕਰ ਨਹੀਂ।

ਇਹ ਵੀ ਕਿ ਸਲੋਕ `ਚ ਜਿਸ ਹਨੇਰੇ ਦਾ ਜ਼ਿਕਰ ਹੈ ਉਹ ਹਨੇਰਾ ਹੈ ਮਨੁੱਖ ਦੇ ਮਨ ਅਤੇ ਜੀਵਨ ਅੰਦਰਲਾ "ਅਗਿਆਨਤਾ ਅਤੇ ਵਿਕਾਰਾਂ ਦਾ ਘੁੱਪ ਹਨੇਰਾ" ਜਿਸ ਨੂੰ ਗੁਰਬਾਣੀ `ਚ "ਆਤਮਕ ਹਨੇਰਾ" ਵੀ ਕਿਹਾ ਹੈ। ਜਦਕਿ ਇਧਰ "ਗੁਰਬਾਣੀ ਗੁਰੂ" ਦਾ ਸਿੱਧਾ ਸੰਬੰਧ ਵੀ ਸਾਡੇ ਆਤਮਕ ਜੀਵਨ ਦੀ ਸੰਭਾਲ ਅਤੇ ਸਾਡੇ ਜੀਵਨ ਅੰਦਰੋਂ ਉਸ "ਆਤਮਕ ਹਨੇਰੇ" ਨੂੰ ਕੱਟਣ ਨਾਲ ਹੀ ਹੈ।

੩. ਸਲੋਕ ਵਿੱਚਲੇ ਸੂਰਜ ਅਤੇ ਚੰਦ੍ਰਮਾ? -ਆਤਮਕ ਗਿਆਨ ਹੀ ਇਕੋ ਇੱਕ ਅਜਿਹਾ ਪ੍ਰਕਾਸ਼ ਹੈ ਜਿਹੜਾ ਮਨੁੱਖ ਦੇ "ਮਨ" `ਤੇ ਛਾਏ ਹੋਏ "ਅਗਿਆਨਤਾ ਅਤੇ ਵਿਕਾਰਾਂ ਦੇ ਹਨੇਰੇ" ਨੂੰ ਕੱਟ ਸਕਦਾ ਅਤੇ ਕੱਟਣ ਦੇ ਸਮ੍ਰਥ ਵੀ ਹੈ। ਸਮੂਚੀ ਗੁਰਬਾਣੀ ਅਨੁਸਾਰ ਵੀ "ਸ਼ਬਦ ਗੁਰੂ’ ਤੋਂ ਬਿਨਾ ਮਨੁੱਖ ਦੇ ਮਨ ਅੰਦਰੋਂ ਅਗਿਆਨਤਾ ਦਾ ਹਨੇਰਾ ਕੱਟਿਆ ਹੀ ਨਹੀਂ ਜਾ ਸਕਦਾ।

ਹੁਣ ਇਸ ਪੱਖੋਂ ਜੇ ਗੁਰਬਾਣੀ `ਚੋਂ ਹੀ ਦਰਸ਼ਨ ਕਰੀਏ ਤਾਂ ਬਾਣੀ ‘ਸਿਧ ਗੋਸ਼ਟਿ’ ਸਮੇਤ ਗੁਰਬਾਣੀ `ਚ ਬਹੁਤ ਵਾਰੀ ਸੂਰਜ ਤੇ ਚੰਦ੍ਰਮਾ ਸ਼ਬਦਾਂ ਨੂੰ ਨੰਬਰਵਾਰ "ਸੰਸਾਰਕ ਗਿਆਨਾਂ-ਹੁੱਨਰਾਂ" ਅਤੇ "ਮਾਨਸਿਕ ਠੰਡਕਾਂ" (Peace of Mind) ਲਈ ਵੀ ਵਰਤਿਆ ਹੋਇਆ ਹੈ। ਦਰਅਸਲ ਉਸੇ ਤਰ੍ਹਾਂ ਇੱਥੇ ਵੀ "ਸੂਰਜ ਅਤੇ ਚੰਦ੍ਰਮਾਂ" ਲਫ਼ਜ਼ "ਸੰਸਾਰਕ ਗਿਆਨਾਂ-ਹੁੱਨਰਾਂ" ਅਤੇ "ਮਾਨਸਿਕ ਠੰਡਕਾਂ" ਦੇ ਅਰਥਾਂ `ਚ ਹੀ ਆਏ ਹੋਏ ਹਨ, ਨਾ ਕਿ ਭੁਗੋਲਿਕ "ਸੂਰਜ ਅਤੇ ਚੰਦ੍ਰਮਾਂ ਲਈ।

ਫ਼ਿਰ ਹੱਥਲੇ ਸਲੋਕ `ਚ ਵੀ ਮੂਲ ਵਿਸ਼ਾ "ਗੁਰ ਬਿਨੁ ਘੋਰ ਅੰਧਾਰ" ਹੈ, ਨਾ ਕਿ ਸੰਸਾਰਿਕ ਹਨੇਰੇ ਜਾਂ ਰੋਸ਼ਨੀ ਸੰਬੰਧੀ। ਜਦਕਿ ਇੱਧਰ ਗੁਰਬਾਣੀ ਅਨੁਸਾਰ "ਸ਼ਬਦ ਗੁਰੂ" ਦਾ ਸਿਧਾ ਸੰਬੰਧ ਹੀ ਮਨੁੱਖਾ ਮਨ `ਚ ਆਤਮਕ ਜੀਵਨ ਦੀ ਰੋਸ਼ਨੀ ਕਰਣ ਅਤੇ ਮਨੁੱਖਾ ਜੀਵਨ ਚੋਂ "ਅਗਿਆਨਤਾ ਦੇ ਹਨੇਰੇ" ਦੇ ਨਿਵਾਰਣ ਨਾਲ ਹੀ ਹੈ।

ਭਾਵ "ਸ਼ਬਦ ਗੁਰੂ" ਦੀ ਹੋਂ ਦਾ ਸਿਧਾ ਸੰਬੰਧ ਹੀ, ਮਨੁੱਖਾ ਜਨਮ ਦੌਰਾਨ, ਮਨੁੱਖ ਦੇ ਮਨ ਅੰਦਰ "ਆਤਮਕ ਗਿਆਨ ਦੀ ਰੋਸ਼ਨੀ ਅਤੇ ਪ੍ਰਕਾਸ਼ ਦਾ ਕਰਣਾ" ਅਤੇ ਬਦਲੇ `ਚ "ਮਨੁੱਖ ਦੇ ਜੀਵਨ ਅੰਦਰੋਂ ਅਗਿਆਨਤਾ ਤੇ ਵਿਕਾਰਾਂ ਦੇ ਘੁੱਪ ਹਨੇਰੇ ਨੂੰ ਕੱਟਣਾ"। ਇਸ ਤਰ੍ਹਾਂ ਜੀਵ ਨੂੰ ਪ੍ਰਭੂ ਵੱਲੋਂ ਪ੍ਰਾਪਤ ਉਸ ਦੇ ਉਸ ਮਨੁੱਖਾ ਜਨਮ ਨੂੰ ਸਫ਼ਲ ਕਰਣਾ। ਇਸ ਤੋਂ ਸਲੋਕ ਵਿੱਚਲਾ ਵਿਸ਼ਾ ਵੀ ਆਪਣੇ ਆਪ ਅਤੇ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ।

੪. ਅਗਿਆਨਤਾ ਦਾ ਹਨੇਰਾ? ਤਾਂ ਤੇ ਵਿਸ਼ੇ ਨੂੰ ਥੋੜ੍ਹਾ ਹੋਰ ਵਿਚਾਰੀਏ ਤੇ ਘੋਖੀਏ! ਸਮਝਣ ਦਾ ਯਤਣ ਕਰੀਏ, ਆਖ਼ਿਰ ਅਗਿਆਨਤਾ ਦਾ ਹਨੇਰਾ ਕਿਸ ਨੂੰ ਕਹਿੰਦੇ ਹਨ ਅਤੇ ਉਹ ਕੀ ਹੁੰਦਾ ਹੈ?

ਕੋਈ ਮਨੁੱਖ ਸੰਸਾਰ ਤਲ `ਤੇ ਬੇਸ਼ੱਕ ਹਜ਼ਾਰਾਂ ਹੁੱਨਰਾਂ `ਚ ਮਾਹਿਰ ਹੋ ਜਾਵੇ। ਫ਼ਿਰ ਇਨ੍ਹਾਂ ਹੁੱਨਰਾਂ ਤੇ ਗਿਆਨਾਂ ਬਦਲੇ ਭਾਵੇਂ ਉਸ ਨੂੰ ਸੈਂਕੜੇ ਕਿਸਮ ਦੀ ਮਾਨਸਿਕ ਠੰਢਕ ਵੀ ਮਿਲ ਰਹੀ ਹੋਵੇ. ਤਾਂ ਵੀ ਇਨ੍ਹਾਂ ਸੰਸਾਰਿਕ ਗਿਆਨਾਂ ਤੇ ਹੁੱਨਰਾਂ ਤੋਂ ਪ੍ਰਾਪਤ ਭਿੰਨ-ਭਿੰਨ ਮਾਨਸਿਕ ਸ਼ਾਂਤੀਆਂ (ਠੰਢਕਾਂ), ਮਨੁੱਖ ਦੇ ਮਨ ਅੰਦਰੋਂ ਉਸ ਮਾਇਕ ਅਗਿਆਨਤਾ ਦੇ ਹਨੇਰੇ ਭਾਵ ਆਤਮਕ ਹਨੇਰੇ ਨੂੰ ਨਹੀਂ ਕੱਟ ਸਕਦੀਆਂ।

ਇਸੇ ਕਾਰਣ ਸੰਸਾਰ ਤਲ `ਤੇ ਵੱਡੇ ਵੱਡੇ ਪੜ੍ਹੇ ਲਿਖੇ, ਡਿੱਗਰੀਆਂ-ਡਿਪਲੋਮੇ ਪ੍ਰਾਪਤ ਲੋਕਾਂ ਨੂੰ ਵੀ ਦੇਖਦੇ ਹਾਂ, ਜਿਹੜੇ ਪੜ੍ਹ-ਲਿਖ ਕੇ ਅਤੇ ਡਿੱਗਰੀਆਂ-ਡਿਪਲੋਮੇ ਪ੍ਰਾਪਤ ਕਰਕੇ ਵੀ, ਉਨ੍ਹਾਂ ਹੀ ਵਹਿਮਾਂ-ਭਰਮਾਂ, ਫੋਕਟ ਕਰਮ-ਕਾਂਡਾਂ, ਜਾਤ-ਵਰਣ ਦੇ ਝੰਜਟਾਂ, ਸੁੱਚਾਂ-ਭਿੱਟਾਂ, ਜਹਾਲਤਾਂ ਤੇ ਬੇਸਿਰਪੈਰ ਦੇ ਵਿਸ਼ਵਾਸਾਂ `ਚ ਜੱਕੜੇ ਹੁੰਦੇ ਹਨ। ਉਨ੍ਹਾਂ `ਚੋਂ ਕਈ ਤਾਂ ਜਗਤ-ਜੂਠ ਬੀੜੀਆਂ-ਸਿਗਰਟਾਂ, ਸ਼ਰਾਬਾਂ ਆਦਿ ਦੇ ਨਸ਼ਿਆਂ, ਵਿਭਚਾਰਕ ਕਰਮਾਂ ਤੋਂ ਵੀ ਮੁਕਤ ਨਹੀਂ ਹੁੰਦੇ। ਜਦਕਿ ਕਹਿਣ ਨੂੰ ਉਨ੍ਹਾਂ `ਚੋ ਹੀ ਕਈ ਵੱਡੇ ਪਰਉਪਕਾਰੀ ਅਤੇ ਧਾਰਮਕ ਅਖਵਾਉਣ ਵਾਲੇ ਲੋਕ ਵੀ ਹੁੰਦੇ ਹਨ।

ਇਸ ਤਰ੍ਹਾਂ ਕਹਿਣ ਨੂੰ ਧਾਰਮਕ ਪ੍ਰਵਰਿਤੀ ਵਾਲੇ ਹੋਣ ਦੇ ਬਾਵਜੂਦ, ਬੇਸ਼ੱਕ ਸਾਰੇ ਨਹੀਂ ਤਾਂ ਵੀ ਉਨ੍ਹਾਂ `ਚੋਂ ਬਹੁਤੇਰੇ ਅਜਿਹੇ ਅਉਗੁਣਾਂ ਦੇ ਭਰੇ ਹੋਏ ਹੁੰਦੇ ਹਨ, ਜਿਵੇਂ ਦੂਜੇ ਪਾਸੇ ਅਧਾਰਮਿਕ ਤੇ ਜਰਾਇਮ ਪੇਸ਼ਾ ਲੋਕ। ਭਾਵ ਦੂਜਿਆਂ ਦਾ ਹੱਕ ਮਾਰਣਾ, ਮਜ਼ਲੂਮਾਂ ਗ਼ਰੀਬਾਂ ਨਾਲ ਧੱਕਾ ਤੇ ਜ਼ੁਲਮ, ਹੇਰਾ-ਫੇਰੀਆਂ-ਠੱਗੀਆਂ, ਬਲਕਿ ਉਨ੍ਹਾਂ `ਚੋਂ ਕਈ ਧਾਰਮਿਕ ਜਨੂੰਨ `ਚ ਇਨੇਂ ਵੱਧ ਅੰਨ੍ਹੇ ਕਿ ਉਹ ਅਣਧਰਮੀ ਬੇਗੁਣਾਹਾਂ ਦਾ ਕਤਲੇਆਮ ਤੇ ਖੂਨਬਹਾਉਣ ਲਈ ਵੀ ਹਰ ਸਮੇਂ ਤੱਤਪਰ ਹੁੰਦੇ ਹਨ। ਇਥੋਂ ਤੀਕ ਕਿ ਸੰਸਾਰ ਤੱਲ ਦੇ ਵੱਡੇ ਵੱਡੇ ਜੁਰਮ, ਸਕੈਂਡਲ, ਸਮਗਲਿੰਗ, ਉਧਾਲੇ (ਕਿੱਡਨੈਪਿੰਗ), ਨਸ਼ੇ, ਵਿਭਚਾਰ ਆਦਿ ਦੇ ਵੱਡੇ ਵੱਡੇ ਸਕੈਂਡਲਾਂ `ਚ ਵੀ ਬਹੁਤ ਵਾਰੀ ਅਜਿਹੇ ਲੋਕ ਹੀ ਲੁਪਤ ਹੁੰਦੇ ਹਨ। ਆਖ਼ਿਰ ਭਾਰਤ `ਚ ਸੰਨ ੧੯੮੪ `ਚ ਕਜ਼ਾਰਹਾਂ ਬੇਗੁਣਾਹ ਸਿੱਖਾਂ ਦਾ ਖੁਨ ਕਿਨ੍ਹਾਂ ਨੇ ਕੀਤਾ ਸੀ ਅਤੇ ਅਮਰੀਕਾ `ਚ ਇਕੋ ਸਮੇਂ ੧੧੦ ਮੰਜ਼ਿਲਾ ਟਾਵਰ ਕਿਨ੍ਹਾਂ ਨੇ ਤੋੜੇ ਸਨ ਅਤੇ ਇਸੇ ਤਰਾਂ ਬਹੁਤ ਕੁਝ।

ਤਾਂ ਖ਼ਿਰ ਇਥੇ ਉਨ੍ਹਾਂ ਦੀਆਂ ਉਹ ਸੰਸਾਰਕ ਪੜ੍ਹਾਈਆਂ ਤੇ ਡਿੱਗਰੀਆਂ ਤੇ ਡਿਪਲੋਮਿਆਂ ਬਦਲੇ ਇਕੱਠੇ ਕੀਤੇ ਵੱਡੇ-ਵੱਡੇ ਸੰਸਾਰਕ ਗਿਆਨ (ਸੂਰਜ) ਤੇ ਉਨ੍ਹਾਂ ਗਿਆਨਾਂ ਉਸ ਦੇ ਇਵਜ਼ `ਚ ਤਗ਼ਮੇ ਤੇ ਇਨਾਮ, ਉਹ ਸਾਰੇ ਰਲ ਕੇ ਵੀ ਉਨ੍ਹਾਂ ਦੇ ਸੁਭਾਅ ਅੰਦਰੋਂ, ਅਜਿਹੇ ਅਉਗੁਣਾਂ ਕੁਕਕਰਮਾਂ ਤੇ ਜੁਰਮਾਂ ਆਦਿ ਨੂੰ ਖ਼ਤਮ ਨਾ ਕਰ ਸਕੇ ਅਤੇ ਨਾ ਹੀ ਕਰ ਸਕਦੇ ਸਨ। ਇਸ ਸਾਰੇ ਦਾ ਮੁੱਖ ਕਾਰਣ ਹੁੰਦਾ ਹੈ ਉਨ੍ਹਾਂ ਦੇ ਮਨ ਅਤੇ ਜੀਵਨ ਅੰਦਰ ਵਿਕਾਰਾਂ ਅਤੇ ਅਗਿਆਨਤਾ ਦਾ ਘੁੱਪ ਹਨੇਰਾ।

ਉਹ ਹਨੇਰਾ ਜਿਸ ਨੂੰ ਉਨ੍ਹਾਂ ਦੇ ਉਸ ਜੀਵਨ ਅਤੇ ਮਨ ਅੰਦਰੋਂ ਕੇਵਲ ਅਤੇ "ਆਤਮਕ ਗਿਆਨ" ਭਾਵ "ਸ਼ਬਦ-ਗੁਰੂ" ਦੀ ਰੋਸ਼ਨੀ ਹੀ ਕੱਟ ਸਕਦੀ ਹੈ; ਉਸ ਤੋਂ ਬਿਨਾ ਉਸ ਹਨੇਰੇ ਨੂੰ ਕੱਟਣਾ ਤਾਂ ਦੂਰ, ਉਨ੍ਹਾਂ ਲੋਕਾਂ ਨੂੰ ਤਾਂ ਉਸ ਹਨੇਰੇ ਦੀ ਸੋਝੀ ਅਤੇ ਪਹਿਚਾਣ ਤੀਕ ਵੀ ਨਹੀਂ ਆ ਰਹੀ ਹੁੰਦੀ।

ਅਗਿਆਨਤਾ ਦੇ ਘੁੱਪ ਹਨੇਰੇ `ਚ ਠੋਕਰਾਂ ਖਾ ਰਹੇ, ਜੀਵਨ ਪੱਖੋਂ ਕੁਰਾਹੇ ਪਏ ਅਜਿਹੇ ਬੇਅੰਤ ਲੋਕ, ਆਪਣੇ ਉਸ ਆਪਹੁੱਦਰੇ ਤੇ ਹੂੜਮੱਤਾਂ `ਚ ਫ਼ਸੇ ਹੋਏ ਮਨ ਨੂੰ ਸੰਭਾਲਣ ਵੀ ਤਾਂ ਕਿਵੇਂ? ਕਿਉਂਕਿ ਬਹੁਤ ਵਾਰੀ ਅਜਿਹੇ ਮੂਲੋਂ ਘਟੀਆ ਜੀਵਨ ਵਾਲੇ ਲੋਕ ਤਾਂ ਇਸੇ ਜੀਵਨ ਰਹਿਣੀ ਨੂੰ ਹੀ ਆਪਣਾ ਧਰਮ-ਕਰਮ ਅਤੇ ਬੜੀ ਵੱਧੀਆ ਮੰਨ ਕੇ ਚੱਲ ਰਹੇ ਹੁੰਦੇ ਹਨ। (ਚਲਦਾ) #234P-XI,-02.17-0217#p11v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XI

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਯਾਰ੍ਹਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.