.

‘ਜਾਗਰੂਕ ਲੋਕਾਂ ਵਿਚ ਫੈਲਿਆ ਡੇਰਾਵਾਦ ਅਤੇ‘ਗੁਰੂ ਰਵਿਦਾਸ’ ਜੀ ਦੀ ਵਿਚਾਰਧਾਰਾ ਨਾਲ ਹੋ ਰਿਹਾ ਖਿਲਵਾੜ’

ਗੁਰੂ ਰਵਿਦਾਸ ਜੀ ਨਾਲ ਸਬੰਧਤ ਡੇਰਿਆਂ ਵਾਲੇ ਕਾਫੀ ਸਾਰੇ ਸਾਧੂਆਂ ਵੱਲੋਂ ਕਈ ਸਾਲਾਂ ਤੋਂ ‘ਦਮੜ੍ਹੀ’ ਯਾਤਰਾ ਕੱਢੀ ਜਾ ਰਹੀ ਹੈ।ਇਹ ਯਾਤਰਾਂ ਆਪਣੇ ਇਕ ਡੇਰੇ ਤੋਂ ਸ਼ੁਰੂ ਕਰਕੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਵਿਚੋਂ ਹੁੰਦੀ ਹੋਈ ‘ਹਰਿ ਕੀ ਪੌੜੀ’ (ਹਰਿਦੁਵਾਰ) ਵਿਖੇ ਸਮਾਪਤ ਕੀਤੀ ਜਾਂਦੀ ਹੈ।‘ਸੋਸ਼ਲ ਮੀਡੀਆ’ ਤੇ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਗੁਰਮਤਿ ਅਨੂਸਾਰ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਸਮਝਣ ਵਾਲਿਆ ਨੇ ਇਸ ‘ਦਮੜ੍ਹੀ’ ਯਾਤਰਾ ਦਾ ਵਿਰੋਧ ਕੀਤਾ ਹੈ।ਇਹ ਕੁਝ ਲੋਕਾਂ ਦੇ ਜਾਗਦੇ ਹੋਣ ਦਾ ਸਬੂਤ ਵੀ ਹੈ।ਇਹ ‘ਦਮੜ੍ਹੀ’ ਯਾਤਰਾ ਕੀ ਹੈ? ਇਸ ਗੱਲ ਨੂੰ ਬਹੁਤ ਸਾਰੇ ਲੋਕ ਚੰਗੀ ਤਰਾਂ ਜਾਣਦੇ ਹਨ,ਕਿ ਇਸ ਦਾ ਸਿੱਧਾ ਸਬੰਧ ਗੁਰੁ ਰਵਿਦਾਸ ਜੀ ਨਾਲ ਜੁੜੀ ਇਕ ਕਹਾਣੀ ਨਾਲ ਹੈ,ਉਹ ਕਹਾਣੀ ਸਾਂਝੀ ਕਰਨ ਤੋਂ ਪਹਿਲਾਂ ਆਪਾਂ ‘ਗੰਗਾ’ਵਾਰੇ ਕੁਝ ਕੁ ਜਾਣਕਾਰੀ ਹਾਸਲ ਕਰ ਲਈਏ,ਕਿ ‘ਗੰਗਾ’ ਕੌਣ ਸੀ?

ਇਸ ਵਾਰੇ ਸੰਖੇਪ ਵਿਚ ਪ੍ਰਸਿੱਧ ਵਿਦਵਾਨ  ਭਾਈ  ਕਾਹਨ  ਸਿੰਘ ‘ਨਾਭਾ’ ਜੀ ‘ਮਹਾਨ ਕੋਸ਼’ ਵਿਚ ਪੰਨਾ ਨੰ: 432 ਤੇ ਲਿਖਦੇ ਹਨ ਕਿ-‘ਗੰਗਾ’ ਭਾਰਤ ਦੀ ਪ੍ਰਸਿੱਧ ਨਦੀ,ਜੋ ਕਿ ਹਿੰਦੂਮਤ ਵਿਚ ਅਤਿਪਵਿਤ੍ਰ ਮੰਨੀ ਗਈ ਹੈ,(ਇਹ ਗੋਮੁੱਖ ਚਸਮੇ ਹਰਿਦਵਾਰ ‘ਤੋਂ 180 ਮੀਲ ਉੱਪਰ ਹੈ ਅਤੇ ਇਸ ਦੀ ਲੰਬਾਈ 13800 ਫੁੱਟ ਹੈ। ਜੋ ਕਿ 1550 ਮੀਲ ਦਾ ਸਫਰ ਤੈਅ ਕਰਕੇ ਸਮੁੰਦਰ ਵਿਚ ਸਮਾ ਜਾਂਦੀ ਹੈ। ਅਤੇ ਬਾਲਮੀਕ ਰਮਾਇਣ ਵਿਚ ਲੇਖ ਹੈ, ਕਿ ‘ਹਿਮਾਲਯ ਪਰਬਤ’ ਦੇ ਘਰ ‘ਸੁਮੇਰ’ ਦੀ ਕੰਨਿਆਂ ‘ਮੇਨਕਾ’ ਦੇ ਉਦਰ ਤੋਂ ‘ਗੰਗਾ’ ਤੇ ‘ਉਮਾ’ ਦੋ ਭੈਣਾਂ ਪੈਦਾ ਹੋਈਆਂ ਹਨ।" ਇਹਨਾਂ ਵਿਚੋਂ ‘ਹਿਮਾਲਯ ਪਰਬਤ’ (ਪਹਾੜ) ਦੀ ਧੀ ਹੈ ‘ਗੰਗਾ’।

 ਸੋ ਆਓ ਗੁਰੁ ਰਵਿਦਾਸ ਜੀ ਨਾਲ ਜੁੜ੍ਹੀ ਇਸ ਕਹਾਣੀ ਵਾਰੇ ਸੰਖੇਪ ਵਿਚ ਗੱਲ ਕਰੀਏ-ਕਹਾਣੀ ਇਸ ਤਰਾਂ ਹੈ ਕਿ-"ਲੋਕ ‘ਗੰਗਾ’ ਨਦੀ ਤੇ ਇਨਸ਼ਾਨ ਕਰਨ ਜਾ ਰਹੇ ਸਨ।ਗੁਰੂ ਰਵਿਦਾਸ ਜੀ ਨੇ ਇਕ ਪੰਡਤ ਨੂੰ ਆਪਣੀ ਕਿਰਤ ਕਮਾਈ ਵਿਚੋਂ ਇਕ ਦਮੜ੍ਹੀ (ਇਕ ਪੈਸੇ ਦਾ ਚੌਥਾ ਹਿੱਸਾ)  ਦਿੰਦਿਆ ਕਿਹਾ,"ਇਹ (ਦਮੜ੍ਹੀ) ਮੇਰੇ ਵਲੋਂ ‘ਗੰਗਾ’ ਜੀ ਨੂੰ ਭੇਟਾ ਇਸ ਸ਼ਰਤ ਤੇ ਦੇਵੀਂ, ਜੇਕਰ ‘ਗੰਗਾ’ ਜੀ ਬਾਂਹ ਬਾਹਰ ਕੱਢਕੇ ਫੜ੍ਹੇ ਤਾਂ ਫੜਾਈਂ, ਨਹੀਂ ਵਾਪਸ ਲੈ ਆਵੀਂ।ਪੰਡਤ ਨੇ ਇਹ ਦਮੜ੍ਹੀ ਜਦ ‘ਗੰਗਾ’ ਮਈਆ ਨੂੰ ‘ਭੇਟ’ ਕੀਤੀ ਤੇ ‘ਰਵਿਦਾਸ’ ਜੀ ਦੀ ਆਖੀ ਹੋਈ ਗੱਲ ਸੁਣਾਈ ਤਾਂ ‘ਗੰਗਾ’ ਮਈਆ ਨੇ ਬਾਂਹ ਬਾਹਰ ਕੱਢਕੇ ਦਮੜ੍ਹੀ ਆਪਣੇ ਹੱਥ ਨਾਲ ਫੜ੍ਹਕੇ ਸਵਿਕਾਰ ਕੀਤੀ ਅਤੇ ਬਹੁਤ ਹੀ ਸੋਹਣਾ ਇਕ ਸੋਨੇ ਦਾ ਕੰਗਣ ਗੁਰੂ ਰਵਿਦਾਸ ਜੀ ਨੂੰ ਦੇਣ ਵਾਸਤੇ ਪੰਡਤ ਨੂੰ ਦੇ ਦਿਤਾ।"

ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਕੋਈ ਵਸਤੂ ਮਾਇਆ ਆਦਿ ‘ਭੇਟਾ’ ਕੀਤੀ ਕਿਸ ਨੂੰ ਜਾਂਦੀ ਹੈ? ਇਸ ਸਬੰਧੀ ਪ੍ਰਸਿੱਧ ਵਿਦਵਾਨ ਕ੍ਹਾਨ ਸਿੰਘ ਨਾਭਾ ਜੀ, ਮਹਾਨ ਕੋਸ਼ ਪੰਨਾ 923 ਤੇ ਲਿਖਦੇ ਹਨ ਕਿ,  ‘ਭੇਟ’ ਕਰਨ ਦਾ ਅਰਥ ਹੈ, "ਦੇਵਤਾ ਅਥਵਾ ਪੂਜਯ ਪੁਰਖ ਅੱਗੇ ਕੋਈ ਵਸਤ ਅਰਪਣ ਕਰਨੀ।" ਭਾਵ,ਕਿਸੇ ਨੂੰ ਕੁਝ ‘ਭੇਟ’ ਕਰਨ ਦਾ ਮਤਲਬ ਹੈ, (ਭਾਵੇਂ ਉਹ ‘ਦਮੜ੍ਹੀ’ ਹੋਵੇ ਭਾਵੇ ਕੋਈ ਹੋਰ ਵਸਤ ਹੋਵੇ) ਜਿਸ ਨੂੰ ਵੀ (ਭੇਟ) ਕੀਤੀ ਜਾਂਦੀ ਹੈ,ਉਸ ਦੀ ਹੋਂਦ,ਸ਼ਕਤੀ ਨੂੰ ਸਵਿਕਾਰ ਕਰਨਾ ਹੁੰਦਾ ਹੈ, ਉਸ ਪੂਜਣ ਯੋਗ ਆਪਣੇ ਇਸ਼ਟ,ਦੇਵੀ-ਦੇਵਤੇ,ਗੁਰੂ ਆਦਿ ਵਿੱਚ ਸੇਵਕ ਵਲੋਂ ਸ਼ਰਧਾ ਰੱਖਣੀ, ਸੀਸ ਨਿਵਾਉਣਾ ਆਦਿ ਹੁੰਦਾ ਹੈ।

 ਕੀ ਗੁਰੂ ਰਵਿਦਾਸ ਜੀ, ਜਿਸਨੂੰ ਅਸੀ ਪੂਰਨ ਗੁਰੂ ਮੰਨਦੇ ਹਾਂ, ਭਾਵ-" ਜੋ  ਨਾ ਕਿਸੇ ਤੋਂ ਡਰਦਾ ਨਾ ਕਿਸੇ ਨੂੰ ਡਰਾਉਂਦਾ ਹੋਵੇ, ਗਿਆਨਵਾਨ ਗੁਣਾਂ ਦਾ ਖਜਾਨਾ, ਪਰਉਪਕਾਰੀ ਤੇ ਦੂਰ ਅੰਦੇਸ਼ੀ ਹੋਵੇ।" ਜਿਸਨੂੰ ਅਸੀ ਬ੍ਰ੍ਰਹਮਗਿਆਨੀ,ਦਿਲਾਂ ਦੀਆਂ ਜਾਨਣ ਵਾਲਾ ਮੰਨਦੇ ਹੋਏ ਸਤਿਕਾਰ ਤੇ ਕਈ ਤਰਾਂ ਦੀਆਂ ਉਪਾਧੀਆਂ ਦਿੰਦੇ ਹੋਏ ਯਾਦ ਕਰਦੇ ਤੇ ਮੰਨਦੇ ਹਾਂ।ਉਹ ਇਸ ‘ਗੰਗਾ’ ਨੂੰ, ਜਿਹੜੀ ਹਰ ਅਪਵਿੱਤਰ ਚੀਜ ਨੂੰ ਤਾਂ ਪਵਿੱਤਰ ਕਰ ਸਕਦੀ ਹੋਵੇ,ਪਰ ਉਹ ‘ਗੰਗਾ’ ਸ਼ੂਦਰ ਬਣਾਏ ਗਏ ਲੋਕਾਂ ਦੇ ਸੈਂਕੜੇ ਵਾਰ ‘ਗੰਗਾ’ ਵਿਚ ਨਹਾਉਣ ਤੇ ਵੀ ਸ਼ੂਦਰਾਂ ਨੂੰ ਪਵਿੱਤਰ ਨਾਂ ਕਰ ਸਕੀ ਹੋਵੇ।

  ਜਿਹੜੀ ‘ਗੰਗਾ’ ਨੂੰ  ਗੁਰੂ ਰਵਿਦਾਸ ਜੀ ਨੂੰ ‘ਦਮੜ੍ਹੀ’ ਬਦਲੇ ਸੋਨੇ ਦਾ ਕੰਗਣ ਦੇਣ ਵਾਲੀ ਗੱਲ ਮੰਨਦੇ ਹਾਂ, ਉਸੇ ‘ਗੰਗਾ’ ਵਿਚ ਹੱਦੋ ਵੱਧ ਉੱਚੀ ਕੁਲ ਦੇ ਲੋਕ ਵੀ ਸ਼ਰਧਾ ਰੱਖਦੇ ਹਨ,ਤੇ ‘ਗੰਗਾ’ ਇਹਨਾਂ ਅਖੌਤੀ ਉੱਚੀ-ਨੀਵੀਂ ਕੁਲ੍ਹ ਦਾ ਫਰਕ ਨਾ ਮਿਟਾਅ ਸਕੀ ਹੋਵੇ।

  ਜਿਸ ਬ੍ਰਾਹਮਣਵਾਦ ਨੇ ਬਹੁਗਿਣਤੀ ਸ਼ੂਦਰ ਅਤੀ ਸ਼ੂਦਰ ਬਣਾਏ  ਗਏ ਲੋਕਾਂ ਨੂੰ ਕੁੱਤੇ-ਬਿੱਲਿਆਂ, ਪਸ਼ੂਆਂ ਤੋਂ ਵੀ ਭੈੜੀ ਜਿੰਦਗੀ ਜਿਉਣ ਲਈ ਮਜਬੂਰ ਕੀਤਾ ਹੋਵੇ ਅਤੇ ਫਿਰ ਜਿਸ ‘ਬ੍ਰਾਹਮਣਵਾਦ’ ਦੇ ਖਿਲਾਫ ਲੋਕਾਂ ਨੂੰ ਭਰਮਾਂ ਵਿਚੋਂ ਕੱਢਣ ਲਈ ਸਾਰੀ ਉਮਰ ਜੋਰਦਾਰ ਸੰਘਰਸ਼ ਲੜਿਆ ਹੋਵੇ,ਉਸ ‘ਬ੍ਰਾਹਮਣਵਾਦ’ ਦਾ ਹਿੱਸਾ, ‘ਗੰਗਾ’ ਨੂੰ ਗੁਰੂ ਰਵਿਦਾਸ ਜੀ ਕੀ ਦਮੜੀ ‘ਭੇਟਾ’ ਕਰ ਸਕਦੇ ਹਨ? ਕੀ ਇਹ ਹੋ ਸਕਦਾ ਹੈ? ਸੂਝਵਾਨ ਲੋਕ ਇਹ ਕਦੇ ਵੀ ਨਹੀਂ ਮੰਨ ਸਕਦੇ,ਕਿ ਗੁਰੁ ਰਵਿਦਾਸ ਜੀ ‘ਗੰਗਾ’ ਦੇ ਭਗਤ ਹੋਣਗੇ।

   ਸਭ ਤੋਂ ਵੱਡੀ ਹੈਰਾਨੀ ਇਸ ਗੱਲ ਦੀ ਹੈ, ਇਹ ‘ਦਮੜ੍ਹੀ’ ਯਾਤਰਾ ਕੱਢੀ ਵੀ ਪੰਜਾਬ ਦੇ ਉਸ ਏਰੀਏ (ਦੁਆਬੇ)ਵਿਚ ਜਾ ਰਹੀ ਹੈ, ਜਿਥੇ ਰਵਿਦਾਸੀਏ ਭਾਈਚਾਰੇ ਦੇ ਲੋਕ ਹੋਰ ਏਰੀਏ ਵਿਚ ਰਹਿਣ ਵਾਲੇ ਆਪਣੇ ਭਾਈਚਾਰੇ ਦੇ ਲੋਕਾਂ ਦੇ ਮੁਕਾਬਲੇ ਵਿਚ ਜਾਗਰੂਕ ਆਰਥਿਕ ਪੱਖੋ ਖੁਸ਼ਹਾਲ, ਪੜ੍ਹੇ-ਲਿਖੇ ‘ਤੇ ਵਿਦੇਸ਼ਾ ਵਿਚ ਵੀ ਵੱਡੀ ਗਿਣਤੀ ਵਿਚ ਰਹਿਣ ਵਾਲੇ ਹਨ ਅਤੇ ਇਥੋ ਦੇ ਇਹਨਾਂ ਲੋਕਾਂ ਵਿਚੋਂ ਆਪਣੇ ਲੋਕਾਂ ਨੂੰ ਸੇਧ ਦੇਣ ਲਈ ਕਈ ਸਾਰੇ ਲੇਖਕ, ਪੱਤਰਕਾਰ ਤੇ ਸੰਪਾਦਕ, ਪੈਦਾ ਹੋਏ ਹਨ, ਜਿਨ੍ਹਾਂ ਨੇ ਕਈ ਰਸਾਲੇ ਆਦਿ ਚਲਾਏ’ਤੇ ਚਲਾਏ ਜਾ ਰਹੇ ਹਨ।ਇਸ ਤੋ ਇਲਾਵਾ ਦਲਿਤਾਂ ਦੀ ਅਵਾਜ਼ ਰੋਜ਼ਾਨਾ ‘ਜਨਤਕ ਲਹਿਰ’ ਅਖ਼ਵਾਰ ਵੀ ਚਲਾਈੇ ਗਈ ਅਤੇ ਹੋਰ ਅਖ਼ਵਾਰਾਂ ਅਤੇ ਰਸਾਲਿਆਂ ਵਿਚ ਆਪਣੀਆਂ ਲਿਖਤਾਂ ਰਾਹੀਂ ਸਮਾਜ ਨੂੰ ਸੇਧ ਦੇਣ ਦੀ ਭਰਭੂਰ ਕੋਸ਼ਿਸ਼ ਕੀਤੀ ਤੇ ਕੀਤੀ ਜਾ ਰਹੀ ਹੈ।ਜਿਸ ਕਰਕੇ ਦਲਿਤਾਂ ਦੇ ਹੱਕ ਵਿਚ ਉਠੀਆਂ ਲਹਿਰਾਂ ਨੂੰ ਇਥੋਂ ਜ਼ਬਰਦਸਤ ਸਮਰਥਨ ਮਿਲਿਆ,ਗਦਰੀ ਬਾਬਾ ‘ਮੰਗੂ ਰਾਮ’ ਜੀ ਮੂੰਗੋਵਾਲੀਆ ਜਿਸ ਨੇ ਡਾ.ਅੰਬੇਡਕਰ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਵੀ ਸੰਘਰਸ਼ ਕੀਤਾ ‘ਤੇ ਆਪਣੇ ਰਹਿਬਰ ਗੁਰੂ ਰਵਿਦਾਸ ਜੀ, ਕਬੀਰ ਜੀ, ਨਾਮਦੇਵ ਜੀ ਆਦਿ ਅਛੂਤ ਸਮਝੇ ਜਾਂਦੇ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਲੋਕਾਂ ਵਿਚ ਪ੍ਰਚਾਰਨ ਲਈ ਸਿਰਤੋੜ ਯਤਨ ਵੀ ਕੀਤੇ ਅਤੇ ਅਛੂਤਾਂ ਦੇ ਹੱਕ ਪ੍ਰਾਪਤ ਕਰਨ ਲਈ ‘ਆਦਿ ਧਰਮ’ ਲਹਿਰ ਦੀ ਨੀਂਹ ਰੱਖੀ, ਜਿਸ ਦੀ ਬਦੌਲਤ ਵਿਧਾਨ ਸਭਾ ਵਿਚ ‘ਸੱਤ’ ਐੱਮ.ਐੱਲ.ਏ. ਬਣਕੇ ਗਏ ਅਤੇ ਬਾਅਦ ਵਿਚ ਖੁਦ੍ਹ ਵੀ ਵਿਧਾਨ ਸਭਾ ਪਹੁੰਚਣ ਵਿਚ ਕਾਮਯਾਬ ਹੋਇਆ। ਜਿਸ ਕਰਕੇ ਡਾ.ਭੀਮ ਰਾਓ ਅੰਬੇਡਕਰ ਜੀ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਸੰਘਰਸ਼ ਨੂੰ ਵੀ ਇਥੋਂ ਬਹੁਤ ਭਾਰੀ ਸਮਰਥਨ ਮਿਲਿਆ,ਜਿਸ ਦਾ ਅਸਰ ਅੱਜ ਵੀ ਇਹਨਾਂ ਲੋਕਾਂ ਤੇ ਸਿਰ ਚੜ੍ਹ ਬੋਲਦਾ ਹੈ।

     ਇਹਨਾਂ (ਉਪਰੋਕਤ) ਜੱਜਾਰੂਆਂ ਦੀ ਸਿੱਖਰ ਦੀ ਲਹਿਰ ਦੇ ਹੁੰਦੇ ਹੋਏ ਵੀ ਬ੍ਰਾਹਮਣਵਾਦੀ ਲੋਕ ਅੰਦਰੋ-ਅੰਦਰੀ ਆਪਣੀ ਵਿਚਾਰਧਾਰਾ ਨੂੰ ਵੀ ਪੱਕੀ ਕਰਦੇ ਰਹੇ। ਜਿਸ ਦਾ ਨਤੀਜਾ ਅੱਜ ਇਹ ਹੈ ਕਿ ਜਾਤ-ਪਾਤ,ਛੂਆ-ਛਾਤ ਦੇ ਸਤਾਏ ਕਮਜੋਰ ਵਰਗਾਂ ਲਈ ਉਠੀਆਂ ਇਹਨਾਂ ਲਹਿਰਾਂ ਦੇ ਕਮਜੋਰ ਹੁੰਦਿਆਂ ਹੀ, ਬਿੱਪਰਵਾਦ ਆਪਣੇ ਜੌਹਰ ਵਿਖਾਉਣ ਲੱਗ ਪਿਆ ਹੈ, ਜਿਹੜਾ ਗੁਰੂ ਰਵਿਦਾਸ ਜੀ ਮਹਾਂਪੁਰਸ਼, ਮੂਰਤੀ ਪੂਜਾ ਅਤੇ ਹੋਰ ਕਰਮਕਾਂਡ ,ਅੰਡਵਰਾਂ ਦਾ ਜ਼ਬਰਦਸਤ ਵਿਰੋਧ ਕਰਦਾ ਰਿਹਾ, ਅੱਜ ਇਸੇ ਹੀ ਰਹਿਬਰ ਦੇ ਨਾਮ ਤੇ ਬਣੇ ਅਨੇਕਾਂ ਡੇਰਿਆਂ ਮੰਦਰਾਂ ਵਿਚ ਇਸ ਮਹਾਂਪੁਰਸ਼ ਦੀਆਂ ਹੀ ਮੂਰਤੀਆਂ ਸਜਾਕੇ ਇਸ ਦੀ "ਮੂਰਤੀ" ਪੂਜਾ ਤੋਂ ਲੈਕੇ ਹੋ ਰਹੇ ਹੋਰ ਸਾਰੇ ਕਰਮਕਾਂਡ ਕਰਕੇ ਸਾਡੇ ਮਹਾਨ ਰਹਿਬਰ ਨੂੰ ਅੰਗੂਠਾ ਦਿਖਾਇਆ ਜਾ ਰਿਹਾ ਹੈ।ਜਿਵੇਂ ‘ਮੰਨੂ’ ਬ੍ਰਾਹਮਣ, ‘ਰਵਿਦਾਸ’ ਜੀ ਨੂੰ ਕਹਿ ਰਿਹਾ ਹੋਵੇ-

ਬੁੱਤ ਪੂਜਾ ਦਾ ਤੂੰ ਵਿਰੋਧ ਕੀਤਾ,

ਬੁੱਤ ਤੇਰਾ ਦਿੱਤਾ ਬਣਵਾ ਇਥੇ।

ਤੇਰੇ ਨਾਮ ਤੇ ਬਣੇ ਮੰਦਰਾਂ ਵਿਚ,

ਬੁੱਤ ਦਿੱਤੇ ਨੇ ਵੇਖ ਸਜਾਅ ਇਥੇ।

ਸੇਵਕ ਵੇਖ ਆਪਣੇ ਕਰਮਕਾਂਡ ਕਰਦੇ,

ਜਿਹੜੇ ਕਰ ਗਿਆ ਸੀ ਤੂੰ ਮਨਾਂ ਇਥੇ।

ਮੇਜਰ ਮਾਰ ਤਾੜੀਆਂ ਹੱਸੇ ‘ਮੰਨੂੰ,

ਰਿਹਾ ਰਵਿਦਾਸ ਨੂੰ ਅਗੂੰਠਾ ਦਿਖਾ ਇਥੇ।

ਪਰ ਬਹੁਗਿਣਤੀ ਪੜ੍ਹੇ-ਲਿਖੇ ਲੋਕ ਅਤੇ ਗੁਰੁ ਰਵਿਦਾਸ ਜੀ ਤੇ ਨਾਮ ਤੇ ਬਣੀਆਂ ਬਹੁਤੀਆਂ ਜੱਥੇਬੰਦੀਆਂ/ਸਭਾਵਾਂ ਆਦਿ ਵਲੋਂ ਗੁਰੁ ਰਵਿਦਾਸ ਜੀ ਅਸਲ ਵਿਚਾਰਧਾਰਾ ਨੂੰ ਸਮਝਣ ਤੇ ਸਮਝਾਉਣ ਦੀ ਬਜਾਇ ਆਪਣੇ ਰਹਿਬਰਾਂ ਦੀ ਸੋਚ ਦੇ ਉਲਟ  ‘ਮਨੂੰ’ ਦੀ ਸੋਚ ਨੂੰ ਨਾਲ ਲੈਕੇ ਚੱਲ ਰਹੇ ਇਹਨਾਂ ਬਹੁਤਿਆਂ ਡੇਰਿਆਂ ਦਾ ਸਮਰੱਥਨ ਕੀਤਾ ਜਾ ਰਿਹਾ ਹੈ।

ਜਿਸ ਦੀ ਬਦੌਲਤ ਇਸ ਇਲਾਕੇ ਦੇ ਲੋਕ ਹਜ਼ਾਰਾਂ ਲੱਖਾਂ ਰੁਪਏ ਖਰਚਕੇ ਵਿਦੇਸ਼ਾਂ ਵਿਚੋਂ ਇਥੇ ਮੜ੍ਹੀਆਂ ‘ਤੇ ਡੇਰਿਆਂ ਤੇ ਮੱਥਾਂ ਟੇਕਣ ਆਉਂਦੇ ਰਹਿੰਦੇ ਹਨ।ਇਹਨਾਂ ਦੀ ਖੁਸ਼ਹਾਲੀ ਅਤੇ ਮਾਨਸਿਕ ਕਮਜੋਰੀ ਦੇ ਕਾਰਨ ਹੀ ਇਸ ਏਰੀਏ ਵਿਚ ‘ਤੇ ਇਸ ਦੁਆਲੇ ਕਰੀਬ ਤਿੰਨ ਸੋ ਤੋਂ ਉਪਰ ਗਰੂ ਰਵਿਦਾਸ ਜੀ ਦੇ ਨਾਮ ਤੇ ਬਣੇ ਇਹ ਡੇਰੇ ਦਿਨੋ-ਦਿਨ ਵਧ ਫੁੱਲ ਰਹੇ ਹਨ ਅਤੇ ਸਿਤਮ ਦੀ ਗੱਲ ਇਹ ਹੈ ਕਿ ਇਹਨਾਂ ਕਈ ਡੇਰਿਆ ਨੇ ਆਪਣੇ-ਆਪਣੇ ਡੇਰਿਆਂ ਨਾਲ ‘ਸੱਚਖੰਡ’ ਦਾ ਰੁਤਬਾ ਲਾਇਆ ਹੋਇਆਂ ਹੈ। ਜਦੋ ਕਿ ‘ਸੱਚਖੰਡ’ ਦਾ ਰੁਤਬਾ, ਸਿਰਫ ਤੇ ਸਿਰਫ ਗੁਰੁ ਰਵਿਦਾਸ ਜੀ ਦੇ ਜਨਮ ਸਥਾਂਨ ‘ਕਾਂਸ਼ੀ’ ਨੂੰ ਹੋਣਾ ਚਾਹੀਦਾ ਸੀ।

    ਇਹਨਾਂ ਡੇਰਿਆਂ ਵਿਚੋਂ ਮੈਨੂੰ ਫਗਵਾੜੇ ਨੇੜੇ ਗੁਰੁ ਰਵਿਦਾਸ ਜੀ ਨਾਮ ਤੇ ਜਾਣੇ ਜਾਂਦੇ ਇਕ ਡੇਰੇ ਵਿਚ ਜਾਣ ਦਾ ਮੌਕਾ ਮਿਲਿਆ, ਇਸ ਡੇਰੇ ਦੇ ਮੰਦਰ ਵਿਚ ਪ੍ਰਸਿੱਧ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਛਾਪਕੇ ਚਾਰ-ਚੁਫੇਰੇ ਕੰਧਾਂ ਭਰੀਆਂ ਪਈਆਂ ਸਨ ਅਤੇ ਜੋ ਇਥੇ ਅਰਦਾਸ ਹੁੰਦੀ ਹੈ, ਉਸ ਵਿਚ ਜਿਥੇ ਵਿਸ਼ੇਸ਼ ਤੌਰ ਦੇਵੀ-ਦੇਵਤਿਆਂ ਦਾ ਜਿਕਰ ਕੀਤਾ ਜਾਂਦਾ ਹੈ, ਅਤੇ "ਧਿਆਨ ਧਰਕੇ ਬੋਲੋ ਜੀ, ਧੰਨ ਰਵਿਦਾਸ, ਧੰਨ ਰਵਿਦਾਸ; ਕਹਿਣ ਦੀ ਥਾਂ ਤੇ ਧਿਆਨ ਧਰਕੇ ਬੋਲੋ ਜੀ, ਸ਼੍ਰੀਰਾਮ , ਸ਼੍ਰੀਰਾਮ" ਕਿਹਾ ਜਾਂਦਾ ਹੈ।

      ਦੁੱਖ ਦੀ ਗੱਲ ਹੈ ਕਿ ਜਾਗਰੂਕ ਲੋਕਾਂ ਵਿਚ ਗੁਰੁ ਰਵਿਦਾਸ ਜੀ ਦੀ ਵਿਚਾਰਧਾਰਾ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ। ‘ਬ੍ਰਾਹਮਣਵਾਦ’ ਨੂੰ ਖ਼ਤਮ ਕਰਨ ਦੀਆਂ ਗੱਲਾਂ ਕਰਨ ਵਾਲੇ ਕੁਝ ਬੁੱਧੀਜੀਵੀ ਤਾਂ ਸਗੋਂ ਮਸ਼ਹੂਰ ਡੇਰਿਆਂ ਵਿਚ ਚੌਂਕੀਆਂ ਵੀ ਭਰਦੇ ਹਨ।ਇਥੋ ਤੱਕ ਕਿ ਬ੍ਰਾਹਮਣਵਾਦ ਦਾ ਵਿਰੋਧ ਕਰਨ ਵਾਲਾ ਇਕ ਪ੍ਰਸਿੱਧ ਬੁੱਧੀਜੀਵੀ ਵਿਦਵਾਨ ਨੇ ਤਾਂ ਆਪਣੇ ਮਰਨ ਤੋਂ ਬਾਅਦ ਗੁਰੂ ਰਵਿਦਾਸ ਜੀ ਦੀ ਬਾਣੀ ਵਿਚ ਮਿਲਾਵਟ ਕਰਨ ਦੇ ਦੋਸ਼ੀ ਇਕ ਡੇਰੇ ਤੋਂ ਪ੍ਰਭਾਵਤ ਹੋਕੇ ਆਪਣੀ ‘ਅਕਲ’ (ਲਿਖੀਆਂ ਗਈਆਂ ਤੇ ਲਿਖੀਆਂ ਜਾਣ ਵਾਲੀਆਂ ਕਿਤਾਬਾਂ) ਦੀ ਹੀ "ਡੇਰੇ ਦੇ ਨਾਮ ਤੇ" ਵਸੀਅਤ ਕਰਵਾਈ ਹੋਈ ਹੈ।

ਜਿਸ ਸਮਾਜ ਦੇ ਇਹੋ-ਜਿਹੇ ਲੋਕ ਤੇ ਬੁੱਧੀਜੀਵੀ ਹੋਣ, ਉਥੇ ਜੇ ਧੜੱਲੇ ਨਾਲ ‘ਦਮੜ੍ਹੀ’ ਯਾਤਰਾ ਨਿੱਕਲ ਰਹੀ ਹੈ ਤਾਂ ਆਉਣ ਵਾਲੇ ਸਮੇਂ ਵਿਚ ਪੱਥਰੀ ਯਾਤਰਾ ਜਾ ਇਸ ਤਰਾਂ ਦੀ ਕੋਈ ਨਾ ਕੋਈ ਹੋਰ ਯਾਤਰਾ ਵੀ ਨਿੱਕਲ ਸਕਦੀ ਹੈ।ਮੇਰੀ ਭਾਵਨਾਂ ਕਿਸੇ ਦੀ ਸ਼ਰਧਾ ਨੁੰ ਠੇਸ ਪਹੁੰਚਾਣਾ ਨਹੀਂ, ਪਰ ਗਿਆਨ ਦੀ ਰੋਸ਼ਨੀ ਦੇ ਰਹੇ ਸੂਰਜ ਨੂੰ,ਅਗਿਆਨ ਦੇ ਬੱਦਲ ਸਦਾ ਵਾਸਤੇ ਨਹੀਂ ਲੁਕੋ੍ਹ ਸਕਦੇ।ਸੋ ਆਓ ਇਤਿਹਾਸ ਵਿਚ ਮਿਥਿਹਾਸ ਦਾ ਵੱਡੀ ਪੱਧਰ ਉਤੇ ਰਲਾ ਹੋਣ ਕਰਕੇ ਸਾਡੇ ਰਹਿਬਰਾਂ ਨਾਲ ਜੁੜੀਆਂ/ਜੋੜੀਆਂ ਕਰਾਮਾਤੀ ਕਹਾਣੀਆਂ ਨੂੰ ਪੜ੍ਹਨ-ਸੁਨਣ ਤੋ ਬਾਅਦ ਸੋਚ ਸਮਝਕੇ, ਤਰਕ ਦੇ ਅਧਾਰ ਤੇ ਮੰਨਣ ਦੀ ਖੇਚਲ ਕਰੀਏ,ਤਾਂ ਕਿ ਬ੍ਰਾਹਮਣਵਾਦੀ ਲੋਕਾਂ ਦੀ ਚਾਲ ਨੂੰ ਅਸਫ਼ਲ ਕੀਤਾ ਜਾ ਸਕੇ।

ਇਸ ਲਈ ਇਹਨਾਂ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ-

ਇਹਨਾਂ  ਲੋਕਾਂ  ਦਾ  ਤੁਸੀਂ ਹਾਲ  ਵੇਖੋ, ਕੰਮ ਨਾ ਕਰਨ ਵਾਲੇ, ਕਰਨੋ ਨਾ ਸੰਗਦੇ ਨੇ।

ਮੇਜਰ ਅੰਦਰਖਾਤੇ ਬ੍ਰਾਹਮਣਵਾਦ ਨਾਲ ਜੁੜੇ ਇਹ ਬਹੁਤੇ ਉਤੋਂ-ਉਤੋਂ ਰਹਿੰਦੇ ਭੰਡਦੇ ਨੇ

ਮੇਜਰ ਸਿੰਘ ‘ਬੁਢਲਾਡਾ’

94176 42327




.