.

ਤਿਨ ਮਾਤ ਕੀਜੈ ਹਰਿ ਬਾਂਝਾ

ਗੁਰਸ਼ਰਨ ਸਿੰਘ ਕਸੇਲ

ਜਦੋਂ ਬੱਚਾ ਛੋਟਾ ਹੁੰਦਾ ਹੈ ਤਾਂ ਸੱਭ ਤੋਂ ਪਹਿਲਾਂ ਮੱਤ ਉਸਨੂੰ ਮਾਂ ਤੋਂ ਮਿਲਦੀ ਹੈ । ਫਿਰ ਰਿਸ਼ਤੇਦਾਰਾਂ, ਆਪਣੇ ਯਾਰਾਂ ਬੇਲੀਆਂ ਜੇ ਲੜਕੀ ਹੈ ਤਾਂ ਸਹੇਲੀਆਂ, ਜਦੋਂ ਸਕੂਲ ਜਾਣ ਲੱਗਦਾ ਹੈ ਤਾਂ ਟੀਚਰ ਅਤੇ ਕਿਤਾਬਾਂ ਵਿੱਚੋਂ ਮੱਤ ਲੈਂਦਾ ਹੈ ਜਾਂ ਲੈਂਦੀ ਹੈ । ਇਵੇਂ ਹੀ ਜਿਹੜੇ ਧਾਰਮਿਕ ਸਿਖਿਆ ਦੇਂਦੇ ਹਨ ਜੇਕਰ ਉਹ ਚੰਗੇ ਗੁਰੂ ਹਨ ਤਾਂ ਉਹ ਸੱਚ ਨਾਲ ਜੋੜਨਗੇ, ਜੇਕਰ ਕਿਸੇ ਪਾਖੰਡੀ ਸਾਧ ਦੇ ਚੇਲੇ ਬਣ ਗਏ ਤਾਂ ਮੱਤ ਵੀ ਉਹੋ ਜਿਹੀ ਹੀ ਲਵੇਗਾ । ਸਿੱਖ ਧਰਮ ਦੇ ਗ੍ਰੰਥ ਜਿਸਨੂੰ ਅਸੀਂ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਹਾਂ ਉਸ ਨੂੰ ਪੜ੍ਹਨ ਸੁਣਨ ਤੋਂ ਪਤਾ ਲੱਗਦਾ ਹੈ ਕਿ ਗੁਰਬਾਣੀ ਮੱਤ ਨੂੰ ਮਾਂ ਤੇ ਸੰਤੋਖ ਨੂੰ ਪਿਉ ਆਖਦੀ ਹੈ । ਪਰ ਅਸੀਂ ਸਿੱਖ ਧਰਮ ਦੇ ਪੈਰੋਕਾਰ ਅਖਵਾਉਣ ਵਾਲੇ ਅੱਜ ਬਹੁਗਿਣਤੀ ਗੱਲਾਂ ਉਹ ਮੰਨੀ ਬੈਠੇ ਹਾਂ ਜੋ ਜਾਂ ਤਾਂ ਹਿੰਦੂ ਧਰਮ ਦੇ ਪੈਰੋਕਾਰ ਮੰਨਦੇ ਹਨ ਜਾਂ ਕਿਸੇ ਹੋਰ ਧਰਮ ਦੀਆਂ । ਕਈ ਪ੍ਰਚਾਰਕ ਤਾਂ ਹਿੰਦੂ ਕਵੀ ਤੁਲਸੀਦਾਸ ਦਾ ਇਹ ਦੋਹਰਾ ਵੀ ਕੀਰਤਨ ਕਰਦੇ ਜਾਂ ਵਿਆਖਿਆ ਕਰਦੇ ਸਿੱਖਾਂ ਨੂੰ ਸੁਣਾਉਂਦੇ ਹਨ : -ਜਨਨੀ ਜਨੇ ਤੋ ਭਗਤਜਨ ਕੈ ਦਾਤਾ ਕੈ ਸੂਰ, ਨਹੀਂ ਤੋਂ ਜਨਨੀ ਬਾਂਝ ਰਹੈ ਕਾਹੇ ਗਵਾਵਹਿ ਨੂਰ...। ਗਲਤੀ ਕੁਝ ਸਾਡੀ ਵੀ ਹੈ ਅਸੀਂ ਗੁਰਬਾਣੀ ਨੂੰ ਆਪ ਜੇ ਪੜ੍ਹਦੇ ਵੀ ਹਾਂ ਤਾਂ ਕੁਝ ਬਾਣੀਆਂ ਦਾ ਬਹੁਤਾ ਕਰਕੇ ਤੋਤਾ ਰੱਟਨ ਹੀ ਕਰਦੇ ਹਾਂ । ਦੂਜੇ ਸਾਡੇ ਕੁਝ ਅਜਿਹੇ ਪੇਸ਼ਾਵਰ ਪ੍ਰਚਾਰਕ ਅਤੇ ਡੇਰੇਦਾਰ ਹਨ ਜਿਹੜੇ ਅਸਲ ਗੁਰਬਾਣੀ ਦੀ ਵਿਚਾਰਧਾਰਾ ਸਿੱਖਾਂ ਤੀਕਰ ਪਹੁੰਚਣ ਹੀ ਨਹੀਂ ਦੇਣਾ ਚਾਹੁੰਦੇ ।

ਗੁਰਬਾਣੀ ਦੇ ਕਈ ਸ਼ਬਦ ਹਨ ਜਿਹਨਾ ਵਿੱਚ ਮੱਤ ਨੂੰ ਮਾਂ ਅਤੇ ਸੰਤੋਖ ਨੂੰ ਪਿਉ ਦਾ ਦਰਜਾ ਦਿਤਾ ਹੈ । ਜਿਵੇਂ ਇਸ ਸ਼ਬਦ ਵਿਚ: ਮਾਤਾ ਮਤਿ ਪਿਤਾ ਸੰਤੋਖੁ ॥ ਸਤੁ ਭਾਈ ਕਰਿ ਏਹੁ ਵਿਸੇਖੁ ॥ (ਮ:1,ਪੰਨਾ 151-152)

ਇਸੇ ਹੀ ਲੜੀ ਦਾ ਇਕ ਹੋਰ ਸ਼ਬਦ ਹੈ:

ਗੁਰਮੁਖਿ ਜਿੰਦੂ ਜਪਿ ਨਾਮੁ ਕਰੰਮਾ ॥ ਮਤਿ ਮਾਤਾ ਮਤਿ ਜੀਉ ਨਾਮੁ ਮੁਖਿ ਰਾਮਾ ॥ ਸੰਤੋਖੁ ਪਿਤਾ ਕਰਿ ਗੁਰੁ ਪੁਰਖੁ ਅਜਨਮਾ ॥ ਵਡਭਾਗੀ ਮਿਲੁ ਰਾਮਾ ॥੧॥ ਮ:4,ਪੰਨਾ 172-173)

ਇੱਕ ਦਿਨ ਗੁਰਦੁਆਰੇ ਇਕ ਸਜਣ ਕਿਸੇ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਰੱਖੇ ਪ੍ਰੋਗਰਾਮ ਸਮੇਂ ਬੋਲ ਰਹੇ ਸਨ ਕਿ ਜੇ ਮਾਂ ਬੱਚੇ ਨੂੰ ਅਕਾਲ ਪੁਰਖ ਬਾਰੇ ਗਿਆਨ ਨਹੀਂ ਦੇ ਸਕੀ ਤਾਂ ਉਸ ਮਾਂ ਨੂੰ ਰੱਬ ਬਾਂਝ ਹੀ ਕਰ ਦੇਂਦਾ । ਇਸ ਵਿਚਾਰ ਦਾ ਹਵਾਲਾ ਉਹ ਸਜਣ ਗੁਰਬਾਣੀ ਦੀਆਂ ਇਹ ਪੰਗਤੀਆਂ ਦਾ ਦੇ ਰਹੇ ਸਨ: “ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ “॥ ਇਹ ਸੁਣਕੇ ਗੁਰਬਾਣੀ ਦੇ ਇਸ ਪੂਰੇ ਸ਼ਬਦ ਬਾਰੇ ਜਾਣਨ ਦੀ ਖਾਹਸ਼ ਪੈਦਾ ਹੋਈ, ਕਿ ਕੀ ਕੋਈ ਮਨੁੱਖ ਵੱਡਾ ਹੋਕੇ ਕੀ ਬਣੇਗਾ ਇਸਦਾ ਸਾਰਾ ਕਸੂਰ ਮਾਂ ਨੂੰ ਹੀ ਜਾਂਦਾ ਹੈ ? ਗੁਰਬਾਣੀ ਦੇ ਸਿਧਾਂਤ ਨੂੰ ਸਮਝਣ ਵਾਲੇ ਵਿਦਵਾਨ ਦੱਸਦੇ ਹਨ ਕਿ ਜਿਸ ਵੀ ਵਿੱਸ਼ੇ ਬਾਰੇ ਜਾਣਕਾਰੀ ਲੈਣੀ ਹੋਵੇ ਉਸ ਸ਼ਬਦ ਦੇ ਪਹਿਲਾਂ ਅਤੇ ਅਗਲੇ ਕੁਝ ਸ਼ਬਦ ਪੜ੍ਹੋ । ਸਿਰਫ ਇਕ ਪੰਗਤੀ ਜਾਂ ਸ਼ਬਦ ਤੋਂ ਗੁਰਬਾਣੀ ਕੀ ਸੋਝੀ ਦੇਂਦੀ ਹੈ ਇਸ ਬਾਰੇ ਪਤਾ ਨਹੀਂ ਲੱਗੇਗਾ । ਇਸ ਲਈ ਵੇਖਦੇ ਹਾਂ ‘ਬਾਂਝ’ ਵਾਲੀ ਪੰਗਤੀ ਦਾ ਸ਼ਬਦ ਕਿਸ ਵਿਸ਼ੇ ਨਾਲ ਸਬੰਧਤ ਹੈ । ਹੇਠ ਦਿੱਤੇ ਸ਼ਬਦ ਤੋਂ ਮਾਲੂਮ ਹੁੰਦਾ ਹੈ ਕਿ ਇਹ ਵਿੱਸ਼ਾ ‘ਗੁਰੂ’ ਨਾਲ ਸਬੰਧਤ ਹੈ:

: ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥(ਪੰਨਾ 696)


ਹਾਂ ਮਾਂ ਨੂੰ ਬਾਂਝ ਦੱਸਣ ਵਾਲੇ ਸ਼ਬਦ ਤੋਂ ਪਹਿਲਾਂ ਵਾਲਾ ਸ਼ਬਦ:

ਜੈਤਸਰੀ ਮਹਲਾ ੪ ॥ ਸਤਿਗੁਰੁ ਸਾਜਨੁ ਪੁਰਖੁ ਵਡ ਪਾਇਆ ਹਰਿ ਰਸਕਿ ਰਸਕਿ ਫਲ ਲਾਗਿਬਾ ॥ ਮਾਇਆ ਭੁਇਅੰਗ ਗ੍ਰਸਿਓ ਹੈ ਪ੍ਰਾਣੀ ਗੁਰ ਬਚਨੀ ਬਿਸੁ ਹਰਿ ਕਾਢਿਬਾ ॥੧॥ ਮੇਰਾ ਮਨੁ ਰਾਮ ਨਾਮ ਰਸਿ ਲਾਗਿਬਾ ॥ ਹਰਿ ਕੀਏ ਪਤਿਤ ਪਵਿਤ੍ਰ ਮਿਲਿ ਸਾਧ ਗੁਰ ਹਰਿ ਨਾਮੈ ਹਰਿ ਰਸੁ ਚਾਖਿਬਾ ॥ ਰਹਾਉ ॥ ਧਨੁ ਧਨੁ ਵਡਭਾਗ ਮਿਲਿਓ ਗੁਰੁ ਸਾਧੂ ਮਿਲਿ ਸਾਧੂ ਲਿਵ ਉਨਮਨਿ ਲਾਗਿਬਾ ॥ ਤ੍ਰਿਸਨਾ ਅਗਨਿ ਬੁਝੀ ਸਾਂਤਿ ਪਾਈ ਹਰਿ ਨਿਰਮਲ ਨਿਰਮਲ ਗੁਨ ਗਾਇਬਾ ॥੨॥ ਤਿਨ ਕੇ ਭਾਗ ਖੀਨ ਧੁਰਿ ਪਾਏ ਜਿਨ ਸਤਿਗੁਰ ਦਰਸੁ ਨ ਪਾਇਬਾ ॥ ਤੇ ਦੂਜੈ ਭਾਇ ਪਵਹਿ ਗ੍ਰਭ ਜੋਨੀ ਸਭੁ ਬਿਰਥਾ ਜਨਮੁ ਤਿਨ ਜਾਇਬਾ ॥੩॥ ਹਰਿ ਦੇਹੁ ਬਿਮਲ ਮਤਿ ਗੁਰ ਸਾਧ ਪਗ ਸੇਵਹ ਹਮ ਹਰਿ ਮੀਠ ਲਗਾਇਬਾ ॥ ਜਨੁ ਨਾਨਕੁ ਰੇਣ ਸਾਧ ਪਗ ਮਾਗੈ ਹਰਿ ਹੋਇ ਦਇਆਲੁ ਦਿਵਾਇਬਾ ॥(ਪੰਨਾ 697)

ਅਰਥ: (ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਗਨ ਹੋ ਗਿਆ ਹੈ। ਸਾਧੂ ਗੁਰੂ ਨੂੰ ਮਿਲ ਕੇ (ਜੇਹਡ਼ੇ ਮਨੁੱਖ) ਪਰਮਾਤਮਾ ਦੇ ਨਾਮ ਵਿਚ (ਜੁਡ਼ਦੇ ਹਨ), ਪਰਮਾਤਮਾ ਦਾ ਨਾਮ ਰਸ ਚੱਖਦੇ ਹਨ ਉਹਨਾਂ ਵਕਾਰੀਆਂ ਨੂੰ ਭੀ ਪਰਮਾਤਮਾ ਸੁੱਚੇ ਜੀਵਨ ਵਾਲੇ ਬਣਾ ਲੈਂਦਾ ਹੈ।ਰਹਾਉ।

ਹੁਣ ਵੇਖਦੇ ਹਾਂ ‘ਮਾਤ ਕੀਜੇ ਹਰਿ ਬਾਂਝਾ’ ਵਾਲੇ ਸ਼ਬਦ ਤੋਂ ਅਗਲੇ ਸ਼ਬਦ ਵਿੱਚ ਵੀ ਗੁਰਬਾਣੀ ਗੁਰੂ ਦੀ ਗੱਲ ਕਰ ਰਹੀ ਹੈ ਜਾਂ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਨੂੰ ਬਾਂਝ ਕਰਨ ਬਾਰੇ: ਜੈਤਸਰੀ ਮਹਲਾ ੪ ॥ ਸਤਸੰਗਤਿ ਸਾਧ ਪਾਈ ਵਡਭਾਗੀ ਮਨੁ ਚਲਤੌ ਭਇਓ ਅਰੂੜਾ ॥ ਅਨਹਤ ਧੁਨਿ ਵਾਜਹਿ ਨਿਤ ਵਾਜੇ ਹਰਿ ਅੰਮ੍ਰਿਤ ਧਾਰ ਰਸਿ ਲੀੜਾ ॥੧॥ ਮੇਰੇ ਮਨ ਜਪਿ ਰਾਮ ਨਾਮੁ ਹਰਿ ਰੂੜਾ ॥ ਮੇਰੈ ਮਨਿ ਤਨਿ ਪ੍ਰੀਤਿ ਲਗਾਈ ਸਤਿਗੁਰਿ ਹਰਿ ਮਿਲਿਓ ਲਾਇ ਝਪੀੜਾ ॥ ਰਹਾਉ ॥ ਸਾਕਤ ਬੰਧ ਭਏ ਹੈ ਮਾਇਆ ਬਿਖੁ ਸੰਚਹਿ ਲਾਇ ਜਕੀੜਾ ॥ ਹਰਿ ਕੈ ਅਰਥਿ ਖਰਚਿ ਨਹ ਸਾਕਹਿ ਜਮਕਾਲੁ ਸਹਹਿ ਸਿਰਿ ਪੀੜਾ ॥੨॥ ਜਿਨ ਹਰਿ ਅਰਥਿ ਸਰੀਰੁ ਲਗਾਇਆ ਗੁਰ ਸਾਧੂ ਬਹੁ ਸਰਧਾ ਲਾਇ ਮੁਖਿ ਧੂੜਾ ॥ ਹਲਤਿ ਪਲਤਿ ਹਰਿ ਸੋਭਾ ਪਾਵਹਿ ਹਰਿ ਰੰਗੁ ਲਗਾ ਮਨਿ ਗੂੜਾ ॥੩॥ ਹਰਿ ਹਰਿ ਮੇਲਿ ਮੇਲਿ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ॥ ਜਨ ਨਾਨਕ ਪ੍ਰੀਤਿ ਲਗੀ ਪਗ ਸਾਧ ਗੁਰ ਮਿਲਿ ਸਾਧੂ ਪਾਖਾਣੁ ਹਰਿਓ ਮਨੁ ਮੂੜਾ ॥(ਪੰਨਾ 698)

ਅਰਥ: ਹੇ ਮੇਰੇ ਮਨ! ਸੋਹਣੇ ਪਰਮਾਤਮਾ ਦਾ ਨਾਮ (ਸਦਾ) ਜਪਿਆ ਕਰ। ਹੇ ਭਾਈ! ਗੁਰੂ ਨੇ ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ ਹੈ, ਹੁਣ ਪਰਮਾਤਮਾ ਮੈਨੂੰ ਜੱਫੀ ਪਾ ਕੇ ਮਿਲ ਪਿਆ ਹੈ। ਰਹਾਉ।

ਹੇ ਭਾਈ! ਜਿਸ ਮਨੁੱਖ ਨੇ ਵੱਡੇ ਭਾਗਾਂ ਨਾਲ ਗੁਰੂ ਦੀ ਸਾਧ ਸੰਗਤਿ ਪ੍ਰਾਪਤ ਕਰ ਲਈ, ਉਸ ਦਾ ਭਟਕਦਾ ਮਨ ਟਿਕ ਗਿਆ। ਉਸ ਦੇ ਅੰਦਰ ਇਕ-ਰਸ ਰੌ ਨਾਲ (ਮਾਨੋ) ਸਦਾ ਵਾਜੇ ਵੱਜਦੇ ਰਹਿੰਦੇ ਹਨ। ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਪ੍ਰੇਮ ਨਾਲ (ਪੀ ਪੀ ਕੇ) ਉਹ ਰੱਜ ਜਾਂਦਾ ਹੈ।੧।

ਇਸ ਸਾਰੇ ਸਰਲੇਖ ਵਿੱਚ ਗੱਲ ‘ਗੁਰੂ’ ਦੀ ਹੋ ਰਹੀ ਹੈ ਨਾਂਕਿ ਜਨਮ ਦੇਣ ਵਾਲੀ ਮਾਂ ਦੀ । ਹੁਣ ਵੇਖਦੇ ਹਾਂ ਉਹ ਸ਼ਬਦ ਜਿਸ ਨੂੰ ਪੜ੍ਹਕੇ ਕਈ ਪ੍ਰਚਾਰਕ ਆਖਦੇ ਹਨ ਕਿ ਮਾਤ ਕੀਜੈ ਹਰਿ ਬਾਂਝਾ:

ਜੈਤਸਰੀ ਮਹਲਾ ੪ ॥ ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥ ॥ ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥ ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥ ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥ ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥ ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥ ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ ॥ ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ ॥੩॥ ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ ॥ ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ॥(ਪੰਨਾ 697)

ਅਰਥ: ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਤੇਰੇ ਅੰਦਰ ਹੀ ਵੱਸ ਰਿਹਾ ਹੈ। ਹੇ ਭਾਈ! ਕ੍ਰਿਪਾਲ ਪ੍ਰਭੂ ਨੇ (ਜਿਸ ਮਨੁੱਖ ਉਤੇ) ਕਿਰਪਾ ਕੀਤੀ ਉਸ ਨੂੰ ਗੁਰੂ ਨੇ ਆਤਮਕ ਜੀਵਨ ਦੀ ਸੂਝ ਬਖ਼ਸ਼ੀ ਉਸ ਦਾ ਮਨ (ਨਾਮ ਜਪਣ ਦੀ ਕਦਰ) ਸਮਝ ਗਿਆ।ਰਹਾਉ।

ਟੀਕਾਕਾਰ: ਪ੍ਰੋ. ਸਾਹਿਬ ਸਿੰਘ ਜੀ ।

ਇਸ ਸ਼ਬਦ ਵਿੱਚ ਵੀ ਗੱਲ ਸੱਚੇ ਗੁਰੂ ਦੀ ਹੋ ਰਹੀ ਹੈ ਜਿਸ ਤੋਂ ਇਹ ਹੀ ਸਮਝ ਪੈਂਦੀ ਹੈ ਕਿ ਗੁਰੂ ਜੀ ਉਸ ਮਾੜੀ ਮੱਤ ਨੂੰ ਖਤਮ ਕਰਨ ਦੀ ਗੱਲ ਕਰ ਰਹੇ ਹਨ । ਕਿ ਐਸੇ ਗੁਰੂ ਦੀ ਮੱਤ ਨੂੰ ਰੱਬ ਪੈਦਾ ਹੀ ਨਾ ਕਰਦਾ ਜਿਹੜੀ ਮਨੁੱਖਾਂ ਨੂੰ ਇਕ ਅਕਾਲ ਪੁਰਖ ਨਾਲੋਂ ਤੋੜ ਕੇ ਹੋਰ-ਹੋਰ ਨੂੰ ਪੂਜਣ ਵਾਲੇ ਪਾਸੇ ਲਾ ਰਹੀ ਹੈ । ਜਿਵੇਂ ਅੱਜ ਕੱਲ੍ਹ ਵੀ ਤੇ ਪਹਿਲਾਂ ਤੋਂ ਵੀ ਕਈ ਅਜਿਹੇ ਅਖੋਤੀ ਸੰਤ ਸਾਧ ਬ੍ਰਹਿਮਗਿਆਨੀ ਬਣੇ ਹੋਏ ਡੇਰੇ ਚਲਾ ਰਹੇ ਹਨ ਅਤੇ ਆਪਣੀ ਪੂਜਾ ਕਰਵਾ ਰਹੇ ਹਨ । ਜਿਹਨਾਂ ਕਰਕੇ ਲੋਕ ਕਰਮਕਾਂਡਾ ਅਤੇ ਅੰਧਵਿਸ਼ਵਾਸਾਂ ਵਿੱਚ ਫੱਸੇ ਹੋਏ ਹਨ ਪਰ ਉਹ ਠੱਗ ਲੋਕ ਆਪ ਲੋਕਾਂ ਦੀ ਕਮਾਈ ‘ਤੇ ਐਸਾਂ ਕਰ ਰਹੇ ਹਨ । ਜੇ ਕੋਈ ਉਹਨਾਂ ਦਾ ਬੇਹਰੂਪੀਆਂ ਚੇਹਰਾ ਨੰਗਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਪਿੱਛੇ ਡਾਂਗਾ ਚੁੱਕ ਕੇ ਜਾਂ ਫਤਵੇ ਜਾਰੀ ਕਰਕੇ ਪਿੱਛੇ ਪੈ ਜਾਂਦੇ ਹਨ ।

ਇਹ ਤੇ ਨਹੀਂ ਲੱਗਦਾ ਕਿ ਗੁਰੂ ਰਾਮਦਾਸ ਜੀ ਰੱਬ ਨੂੰ ਉਲਾਮਾ ਦੇਣ ਕਿ ਜਿਸ ਮਾਂ ਦਾ ਪੁੱਤਰ ਵੱਡਾ ਹੋਕੇ ਅਕਾਲ ਪੁਰਖ ਦੀ ਭਗਤੀ (ਚੰਗਾ ਇਨਸਾਨ) ਨਹੀਂ ਬਣ ਸਕਿਆ ਉਸ ਦੇ ਘਰ ਇਹ ਉਲਾਦ ਹੀ ਨਾ ਹੁੰਦੀ । ਜਨਮ ਸਮੇਂ ਕਿਸੇ ਵੀ ਮਾਪਿਆ ਨੂੰ ਕੀ ਪਤਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਕਿਹੋ ਜਿਹੇ ਸੁੱਭਾਅ ਵਾਲੇ ਹੋਣਗੇ । ਮਾਪੇ ਤਾ ਮਾਪੇ ਹੀ ਹਨ, ਉਹ ਭਾਂਵੇ ਗੁਰੂ ਹੋਣ ਜਾਂ ਆਮ ਮਨੁੱਖ । ਗੁਰੂ ਅਰਜਨ ਪਾਸਸ਼ਾਹ ਦਾ ਵੱਡਾ ਭਰਾ ਬਾਬਾ ਪ੍ਰਿਥੀ ਚੰਦ ਸੀ ਪਰ ਉਹਨਾਂ ਦੇ ਛੋਟੇ ਭਰਾ ਸਿੱਖ ਧਰਮ ਦੇ ਗੁਰੂ ਬਣੇ ਹਨ । ਇਹ ਤਾਂ ਹਰੇਕ ਮਨੁੱਖ ਤੇ ਹੈ ਕਿ ਉਹ ਕਿਸ ਦੀ ਮੱਤ ਲੈਂਦਾ ਹੈ । ਸਿੱਖ ਧਰਮ ਵਿੱਚ ਹੋਰ ਵੀ ਬਹੁਤ ਸਾਰੀਆਂ ਹਸਤੀਆਂ ਇਹੋ ਜਿਹੀਆਂ ਸਨ ਜੋ ਪਹਿਲਾਂ ਮਾੜੇ ਕਰਮ ਕਦੇ ਸਨ ਪਰ ਬਾਦ ਵਿੱਚ ਗੁਰੂ ਸਾਹਿਬਾਨ ਦੀ ਮੱਤ ਮਨ ਕੇ ਸਿੱਖਾਂ ਵਿੱਚ ਸਤਿਕਾਰ ਯੋਗ ਬਣੇ । ਇਸ ਸਮੇਂ ਵੀ ਅਨੇਕਾ ਬੱਚੇ ਹੋਣਗੇ ਜਿਹਨਾਂ ਦਾ ਸੁੱਭਾਅ ਚੰਗੇ ਗੁਰੂ (ਅਧਿਆਪਕ) ਦੀ ਗੱਲ ਮੰਨਣ ਕਰਕੇ, ਉਹਨਾ ਆਪਣੀ ਜਿੰਦਗੀ ਵਿੱਚ ਬਹੁਤ ਤਬਦੀਲੀ ਕੀਤੀ ਹੋਵੇਗੀ; ਉਹ ਮੱਤ ਦੁਨੀਆਵੀ ਹੋਵੇ ਜਾਂ ਅਧਿਆਤਮਿਕ ।

ਗੁਰੂ ਨਾਨਕ ਪਾਤਸ਼ਾਹ ਵੀ ਆਖਦੇ ਹਨ: ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥(ਜਪ ਜੀ)

ਅਰਥ:- ਜੇ ਸਤਿਗੁਰੂ ਦੀ ਇਕ ਸਿੱਖਿਆ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਹਰ ਤੇ ਮੌਤੀ (ਉਪਜ ਪੈਂਦੇ ਹਨ, ਭਾਵ, ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ) ।

ਇਵੇਂ ਹੀ ਭਗਤ ਕਬੀਰ ਜੀ ਮਾੜੀ ਮੱਤ ਵਾਲੇ ਤੋਂ ਦੂਰ ਰਹਿਣ ਲਈ ਆਖਦੇ ਹਨ: ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ ॥ ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ ॥ (ਪੰਨਾ 1371) ਜਾਨੀਕਿ ਕਿ ਰੱਬ ਨਾਲੋਂ ਟੁੱਟੇ ਬੰਦੇ ਤੋਂ ਦੂਰ ਰਹੋ, ਉਸ ਤੋਂ ਮੱਤ ਨਾ ਲਵੋ ।

ਨੋਟ: ਇਸ ਸ਼ਬਦ ਦੀ ਵਿਆਖਿਆ ਕਰਦਿਆਂ ਪ੍ਰੋ. ਸਾਹਿਬ ਸਿੰਘ ਜੀ ਨੇ ਪਤਾ ਨਹੀਂ ਕਿਵੇਂ ਉਸ ਪੰਗਤੀ ਦੀ ਵਿਆਖਿਆ ਮਾਂ ਦੇ ਬਾਂਝ ਹੋਣ ਦੀ ਕੀਤੀ ਹੈ । ਪਰ ਸਾਰੇ ਸ਼ਬਦ ਪੜ੍ਹਕੇ ਦਾਸ ਨੂੰ ਮਨੁੱਖ ਦੀ ਮਾਤਾ ਨੂੰ ਬਾਂਝ ਹੋਣ ਬਾਰੇ ਕਹਿਣ ਨਾਲੋਂ ਮਾੜੇ ਗੁਰੂ ਦੀ ਮੱਤ ਨੂੰ ਪੈਦਾ ਨਾ ਹੋਣ ਬਾਰੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਠੀਕ ਲੱਗਦਾ ਹੈ ।

ਹਰੇਕ ਇਨਸਾਨ ਦੁਨੀਆਂ ਤੇ ਆ ਕੇ ਹੀ ਸਿੱਖਦਾ ਹੈ । ਇਸ ਲਈ ਜਰੂਰੀ ਹੈ ਕਿ ਅਸੀਂ ਕਿਸੇ ਮਾੜੇ ਕਰਮ ਕਰਨ ਵਾਲੇ ਮਨੁੱਖ ਜਾਂ ਬੱਚੇ ਦੀ ਮਾਂ ਨੂੰ “ਬਾਂਝ ਹੋ ਜਾਂਦੀ” ਆਖਣ ਦੀ ਬਜਾਏ ਉਸਨੂੰ ਮੱਤ ਦੇਣ ਵਾਲੇ ਵੱਲ ਜਾਂ ਉਹ ਕਿਸ ਦੀ ਮੱਤ ਲੈ ਰਿਹਾ ਹੈ, ਉਸ ਵੱਲ ਧਿਆਨ ਮਾਰੀਏ । ਲੋੜ ਹੈ ਜਿਥੋਂ ਮਾੜੀ ਮੱਤ ਆ ਰਹੀ ਹੈ ਉਸਨੂੰ ਬਾਂਝ ਕਰਨ ਦੀ ਨਾਂਕਿ ਕਿਸੇ ਜਨਮ ਦੇਣ ਵਾਲੀ ਮਾਤਾ ਨੂੰ ਬਾਂਝ ਹੋਣ ਦਾ ਮਹਿਣਾ ਮਾਰਿਆ ਜਾਵੇ ।

ਜੇਕਰ ਕੋਈ ਸਿੱਖ ਇਸ ਲੇਖ ਨਾਲ ਨਾਂ ਸਹਿਮਤ ਹੋਵੇ ਤਾਂ ਆਪਣੇ ਵਿਚਾਰ ਸਾਂਝੇ ਕਰ ਸਕਦਾ ਹੈ; ਧੰਨਵਾਦੀ ਹੋਵਾਂਗਾ।




.