.

ਕੱਤਕ ਨਹੀਂ, ਵਿਸਾਖ

ਪੰਥ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ਕੱਤਕ ਦੀ ਪੁੰਨਿਆ ਨੂੰ ਮਨਾਉਂਦਾ ਹੈ। ਪਰ ਗੁਰੂ ਨਾਨਕ ਜੀ ਵਿਸਾਖ ਸੁਦੀ 3 ਸੰਮਤ 1526 ਨੂੰ ਪ੍ਰਗਟ ਹੋਏ। ਗੁਰੂ ਨਾਨਕ ਦੇ ਜਨਮ ਦਿਹਾੜੇ ਦੀ ਬਾਬਤ ਕਰਮ ਸਿੰਘ ਹਿਸਟੋਰੀਅਨ ਆਪਣੀ ਹੈਰਾਨੀ ਪ੍ਰਗਟ ਕਰਦੇ ਹੋਏ ਲਿਖਦੇ ਹਨ, “ਕਿਤਨੀ ਕੁ ਹੈਰਾਨਗੀ ਦੀ ਗੱਲ ਹੈ ਕਿ ਸਾਨੂੰ ਉਹ ਵੇਲਾ ਸਪਸ਼ਟ ਅਤੇ ਸਹੀ ਤੌਰ ਤੇ ਮਾਲੂਮ ਨਹੀਂ, ਜਿਸ ਸ਼ੁਭ ਵੇਲੇ ਅਤੇ ਖਿਣ ਵਿਚ ਕਲਜੁਗ ਦਾ ਰਾਜ ਬਦਲ ਕੇ ਸਤਿਜੁਗ ਦਾ ਪਹਿਰਾ ਹੋ ਗਿਆ, ਜਿਸ ਵੇਲੇ ਅਤੇ ਖਿਣ ਵਿਚ ਕਲਜੁਗ ਦਾ ਰਾਜ ਬਦਲ ਕੇ ਸਤਿਜੁਗ ਦਾ ਪਹਿਰਾ ਹੋ ਗਿਆ, ਜਿਸ ਵੇਲੇ ਸਤਿਨਾਮ ਦੇ ਮੰਤਰ ਅੱਗੇ ਕੂੜੇ ਨਾਉਂ ਛਿਪ ਗਏ, ਜਿਸ ਵੇਲੇ ਬਨਾਉਟੀ ਧਰਮ ਦੀ ਜੜ੍ਹ ਉੱਖੜੀ ਅਤੇ ਖਾਲਸਾ ਧਰਮ ਦਾ ਬੀ ਪੈ ਗਿਆ, ਜਿਸ ਵੇਲੇ ਹੁੳਮੈ ਅਤੇ ਹੰਕਾਰ ਮਾਰਗ ਹਰ ਕੇ ਨਿਮਰਤਾ ਅਤੇ ਭਗਤੀ ਮਾਰਗ ਚੱਲਿਆ, ਜਿਸ ਵੇਲੇ ਸ਼ਰਾਕਤ ਟੁੱਟ ਕੇ ਏਕਤਾ ਸਥਾਪਨਾ ਹੋਈ, ਜਿਸ ਘੜੀ ਕਰੋੜਾਂ ਪਦਮਾਂ ਜੀਆਂ ਦੇ ਉਧਾਰ ਦਾ ਨਸੀਬ ਜਾਗਿਆ, ਜਿਸ ਵੇਲੇ ਅਗਿਆਨਤਾ ਦੀ ਧੁੰਦ ਮਿਟੀ ਅਤੇ ਸਤਿ ਧਰਮ ਤੇ ਗਿਆਨ ਦਾ ਚਾਨਣ ਹੋਇਆ। ਕਿੰਨੇ ਹਨੇਰ ਦੀ ਗੱਲ ਹੈ ਕਿ ਚੰਗੇ-ਚੰਗੇ ਵਿਦਵਾਨ ਅਤੇ ਪਾਠਕ ਹੋ ਗੁਜਰੇ, ਮਗਰ ਕਿਸੇ ਨੇ ਭੀ ਉਸ ਸ਼ੁਭ ਵੇਲੇ ਦਾ ਪਤਾ ਨਾ ਲਾਇਆ। ਕਈ ਮਹਾਰਾਜੇ, ਬਾਦਸ਼ਾਹ ਅਤੇ ਰਾਜੇ ਹੋ ਗੁਜਰੇ, ਪਰ ਕਿਸੇ ਉਸ ਪਲ ਦਾ ਪਤਾ ਨਾ ਕਢਾਇਆ। ਸ਼ੋਕ ਹੈ ਕਿ ਅਜੇ ਤੀਕ ਵੀ ਏਧਰ ਧਿਆਨ ਨਹੀਂ ਦਿੱਤਾ ਗਿਆ। ਕੋਈ ਕਹਿ ਰਿਹਾ ਹੈ ਕਿ ਵਿਸਾਖ ਸੁਦੀ 3 ਨੂੰ “ਮਿਟੀ ਧੁੰਧ ਜਗੁ ਚਾਨਣ ਹੋਆ” ਅਤੇ ਕੋਈ ਆਖਦਾ ਹੈ ਕਿ ਕੱਤਕ ਦੀ ਪੂਰਨਮਾਸ਼ੀ ਨੂੰ “ਕਲ ਤਾਰਨ ਗੁਰੂ ਨਾਨਕ ਆਇਆ”, ਪਰ ਐ ਤੀਕ ਇਹ ਫੈਸਲਾ ਨਹੀਂ ਹੋਇਆ ਕਿ ਠੀਕ ਕਿਹੜਾ ਹੈ।
(ਕੱਤਕ ਕਿ ਵਿਸਾਖ ਪੰਨਾ 15)
ਅਸੀਂ ਇਸ ਲੇਖ ਰਾਹੀਂ ਆਪ ਜੀ ਨੂੰ ਗੁਰੂ ਨਾਨਕ ਦੇ ਜਨਮ ਦਿਹਾੜੇ ਸੰਬੰਧੀ ਜਾਣਕਾਰੀ ਦੇਵਾਂਗੇ। ਫੈਸਲਾ ਤਾਂ ਪੰਥ ਨੇ ਹੀ ਕਰਨਾ ਹੈ ਕਿ ਕਿਹੜਾ ਜਨਮ ਦਿਹਾੜਾ ਠੀਕ ਹੈ।

(ੳ) ਕੱਤਕ ਦੀ ਪੂਰਨਮਾਸ਼ੀ ਅਤੇ ਗੁਰੂ ਨਾਨਕ ਦਾ ਜਨਮ

ਇਸ ਦਿਹਾੜੇ ਦੇ ਪੱਖ ਵਿਚ ਦੋ ਪ੍ਰਸਿੱਧ ਗ੍ਰੰਥ ਹਨ: -
1. ਭਾਈ ਬਾਲੇ ਜੀ ਦੀ ਜਨਮ ਸਾਖੀ
2. ਸ੍ਰੀ ਗੁਰੂ ਨਾਨਕ ਪ੍ਰਕਾਸ਼ ਕ੍ਰਿਤ ਭਾਈ ਸੰਤੋਖ ਸਿੰਘ

ਭਾਈ ਸੰਤੋਖ ਸਿੰਘ ਨੇ ਆਪਣੇ ਗ੍ਰੰਥ ਦਾ ਆਧਾਰ ਭਾਈ ਬਾਲੇ ਦੀ ਜਨਮ ਸਾਖੀ ਨੂੰ ਹੀ ਲਿਆ ਹੈ। ਉਨ੍ਹਾਂ ਦਾ ਮਕਸਦ ਭਾਈ ਬਾਲੇ ਦੀ ਜਨਮ ਸਾਖੀ ਵਿੱਚੋਂ ਗੁਰੂ ਨਿੰਦਾ ਕੱਢ ਕੇ ਗੁਰੂ ਮਹਿਮਾ ਪਾਉਣ ਦਾ ਯਤਨ ਕੀਤਾ ਹੈ। ਪਰ ਜਨਮ ਅਤੇ ਜੋਤੀ-ਜੋਤ ਦੀ ਤਾਰੀਖ ਭਾਈ ਬਾਲੇ ਵਾਲੀ ਸਾਖੀ ਵਾਲੀ ਹੀ ਰੱਖੀ ਹੈ।

ਭਾਈ ਬਾਲੇ ਜੀ ਦੀ ਜਨਮ ਸਾਖੀ: ਇਸ ਜਨਮ ਸਾਖੀ ਨੂੰ ਸਮਝਣ ਵਾਸਤੇ ਸਤਾਰਵੀਂ ਈਸਵੀ ਵਿਚ ਗੁਰੂ ਹਰਿ ਰਾਇ ਸਾਹਿਬ ਦੇ ਸਮੇਂ ਦੀ ਲਿਖੀ ਭਾਈ ਬਾਲੇ ਦੀ ਸਾਖੀ ਪਾਈ ਜਾਂਦੀ ਹੈ ਜਿਸ ਦੀ ਨਕਲ ਸੰਮਤ 1715, ਭਾਵ 1658 ਈਸਵੀ ਨੂੰ ਗੋਰਖ ਨਾਥ ਨੇ ਤਿਆਰ ਕੀਤੀ। ਇਸ ਦੀ ਫੋਟੋ-ਕਾਪੀ ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬ ਇਤਿਹਾਸ ਵਿਚ ਮੌਜੂਦ ਹੈ। ਇਸ ਜਨਮ ਸਾਖੀ ਨੇ ਸਪਸ਼ਟ ਕਰ ਦਿੱਤਾ ਕਿ 1658 ਵਿਚ ਭਾਈ ਬਾਲੇ ਦੀ ਜਨਮ ਸਾਖੀ ਮੌਜੂਦ ਸੀ। ਹੁਣ ਦੇਖੀਏ ਕਿ ਇਹ ਕਦੋਂ ਹੋਂਦ ਵਿਚ ਆਈ।

ਇਹ ਗੱਲ ਮੰਨੀ ਜਾਂਦੀ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਬਾਬਾ ਹੰਦਾਲ ਦੀ ਪਰਚੀ ਦੇ ਪਿੱਛੋਂ ਲਿਖੀ ਗਈ। “ਗੁਰੂ ਹੰਦਾਲ ਪ੍ਰਕਾਸ਼” ਅਨੁਸਾਰ ਬਾਬੇ ਹੰਦਾਲ ਦਾ ਜਨਮ 1573 ਈਸਵੀ ਅਤੇ ਦਿਹਾਂਤ 1648 ਈਸਵੀ ਵਿਚ ਹੋਇਆ। ਹੰਦਾਲ ਦੇ ਪੁੱਤਰ ਬਿਧੀ ਚੰਦ ਦਾ ਦਿਹਾਂਤ 1658 ਈਸਵੀ ਵਿਚ ਹੋਇਆ ਅਤੇ ਇਸੇ ਸਾਲ ਭਾਈ ਬਾਲੇ ਵਾਲੀ ਜਨਮ ਸਾਖੀ ਲਿਖੀ ਗਈ। ਇੱਕ ਸਿਧਾਂਤ ਜੋ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਜਨਮ ਸਾਖੀ ਹੰਦਾਲੀਆਂ ਨੇ ਲਿਖਵਾਈ, ਇਹ ਹੈ ਕਿ ਇਸ ਜਨਮ ਸਾਖੀ ਵਿਚ ਹੰਦਾਲ ਦਾ ਜਨਮ ਹੋਣਾ ਗੁਰੂ ਨਾਨਕ ਸਾਹਿਬ ਦੇ ਮੂੰਹੋਂ ਦੱਸਿਆ ਗਿਆ ਹੈ। ਭਾਈ ਬਾਲੇ ਵਾਲੀ ਜਨਮ ਸਾਖੀ ਦਾ ਮੁੱਖ ਮੰਤਵ ਇੱਕੋ ਗੱਲ ਨੂੰ ਦ੍ਰਿੜ ਕਰਵਾਉਣਾ ਹੈ ਕਿ ਹੰਦਾਲ ਦੀ ਮਹਾਨਤਾ ਗੁਰੂ ਨਾਨਕ ਤੋਂ ਜਿਗ਼ਾਦਾ ਹੈ। ਇਹ ਜਨਮ ਸਾਖੀ 1658 ਤੋਂ ਆਰੰਭ ਹੁੰਦੀ ਹੈ ਜਿਵੇਂ ਕਿ ਸਪਸ਼ਟ ਹੈ, “ੴ ਸਤਿਗੁਰ ਪ੍ਰਸਾਦਿ ਜਨਮ ਸਾਖੀ ਸ੍ਰੀ ਗੁਰੂ ਬਾਬੇ ਨਾਨਕ ਜੀ ਕੀ - ਸੰਮਤ 1582 ਪੰਦ੍ਰਹ ਸੈ ਬਿਆਸੀਆਂ ਮਿਤੀ ਵੈਸਾਖ ਸੁਦੀ ਪੰਚਮੀਂ” ਪੋਥੀ ਲਿਖੀ ਪੈੜੇ ਮੋਖੇ ਸੁਲਤਾਨਪੁਰ ਕੇ ਖਤਰੀ” ਗੁਰੂ ਅੰਗਦ ਲਖਵਾਈ ਪੈੜਾ ਮੋਖਾ ਬਾਲੇ ਸੰਧੂ ਜਟੇਟੇ ਨਾਲਿ ਰਾਇ ਭੋਏ ਦੀ ਤਲਵੰਡੀ ਆਇਆ ਆਹਾ। ਗੁਰੂ ਅੰਗਦ ਜੀ ਨੌ ਡੂਢਿ ਕੈ ਲਧਾ ਆਹਾ॥ ਦੁਇ ਮਹੀਨੇ ਸਤਾਰਹ ਦਿਨ ਲਿਖਦਿਆ ਲਗੇ ਅਹੇ। ਜੋ ਹਕੀਕਤ ਜਿਥੇ ਜਿਥੇ ਫਿਰੇ ਆਹੈ ਤਿਥੋ ਤਿਥੋ ਦੀ ਹਕੀਕਤ ਸਹਜਿ ਨਾਲ ਭਾਈ ਬਾਲੇ ਲਖਾਈ। ਬਾਲੇ ਉਪਰਿ ਗੁਰੂ ਅੰਗਦ ਬਹੁਤੁ ਖੁਸੀ ਹੋਇਆ। ਭਾਈ ਬਾਲੇ ਅਤੇ ਮੁਰਦਾਨਾ ਰਬਾਬੀ ਨਾਲਿ ਫਿਰੇ ਆਹਾ ਮੋਦੀਖਾਨੇ ਕੇ ੜਖਤ, ਬਾਲਾ ਨਾਲੇ ਆਹਾ।


ਭਾਈ ਬਾਲਾ ਕੌਣ ਸੀ?
ਭਾਈ ਬਾਲੇ ਦੀ ਜਨਮ ਸਾਖੀ ਤੋਂ ਸਿੱਧ ਹੁੰਦਾ ਹੈ ਕਿ ਭਾਈ ਬਾਲਾ ਸੰਧੂ ਜਾਤ ਦਾ ਜੱਟ, ਗੁਰੂ ਨਾਨਕ ਜੀ ਦਾ ਬਚਪਨ ਦਾ ਸਾਥੀ ਸੀ।
ਸੱਚ ਕੀ ਹੈ?
(1) ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਵਿਚ ਗੁਰੂ ਨਾਨਕ ਦਾ ਜੀਵਨ ਲਿਖਿਆ ਹੈ। ਇਸ ਵਾਰ ਦੀ 35ਵੀਂ ਪਉੜੀ ਵਿਚ ਆਪਣੇ ਬਚਪਨ ਦੇ ਸਾਥੀ ਭਾਈ ਮਰਦਾਨੇ ਬਾਰੇ ਤਾਂ ਲਿਖਿਆ ਹੈ:-
“ਬਾਬਾ ਗਿਆ ਬਗਦਾਦਾ ਨੂੰ ਬਾਹਰ ਜਾਇ ਕੀਆ ਅਸਥਾਨਾ॥ ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ॥”

ਪਰ ਭਾਈ ਬਾਲੇ ਬਾਰੇ ਭਾਈ ਗੁਰਦਾਸ ਨੇ ਕੁੱਝ ਨਹੀਂ ਲਿਖਿਆ।
(2) ਭਾਈ ਗੁਰਦਾਸ ਨੇ ਗਿਆਰਵੀਂ ਵਾਰ ਵਿਚ ਪਹਿਲੇ ਛੇ ਗੁਰੂਆਂ ਦੇ ਸਮੇਂ ਦੇ ਪ੍ਰਸਿੱਧ ਸਿੱਖਾਂ ਦੇ ਨਾਂ ਦੱਸੇ ਹਨ, ਉਨ੍ਹਾਂ ਵਿਚ ਪਹਿਲੇ ਛੇ ਗੁਰੂਆਂ ਦੇ ਸਮੇਂ ਦੇ ਪ੍ਰਸਿੱਧ ਸਿੱਖਾਂ ਦੇ ਨਾਂ ਦੱਸੇ ਹਨ, ਉਨ੍ਹਾਂ ਵਿਚ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੇ ਨਾਵਾਂ ਵਿਚ ਭਾਈ ਬਾਲੇ ਦਾ ਨਾਮ ਸ਼ਾਮਿਲ ਨਹੀਂ। (ਦੇਖੋ ਭਾਈ ਗੁਰਦਾਸ ਵਾਰ 11 ਪਉੜੀ 13 ਅਤੇ 14)

ਵਾਰ 11 ਪਉੜੀ 13 ਭਾਈ ਗੁਰਦਾਸ (ਗੁਰੂ ਨਾਨਕ ਦੇ ਸਿੱਖਾਂ ਦੇ ਨਾਮ) -

“ਤਾਰੂ” ਪੋਪਟ ਤਾਰਿਆ, ਗੁਰਮੁਖਿ ਬਾਲ ਸੁਭਾਇ ਉਦਾਸੀ॥
“ਮੂਲਾ” ਕੀੜ ਵਖਾੲਣੀਐ, ਚਲਿਤੁ ਅਚਰਜ ਲੁਭਤਿ ਗੁਰਦਾਸੀ॥
“ਪਿਰਥਾ” ਖੇਡਾ ਸੋਇਰੀ, ਚਰਣੁ ਸਰਣ ਸੁਖ ਸਹਜਿ ਨਿਵਾਸੀ॥
“ਪਿਰਥੀ ਮਲੁ ਸਹਗੁਲ” ਭਲਾ, “ਰਾਮਾਡਿਡੀ” ਭਗਤਿ ਅਬਿਨਾਸੀ॥
“ਦਉਲਤ ਖਾਂ ਲੋਦੀ” ਭਲਾ, ਹੋਆ ਜਿੰਦ ਪੀਰ ਅਬਿਨਾਸੀ॥
“ਮਾਲੋ”, “ਮਾਂਗਾ” ਸਿਖ ਦੁਇ, ਗੁਰਬਾਣੀ ਰਸ ਰਸਕਿ ਬਿਲਾਸੀ॥
“ਸਨਮੁਖ ਕਾਲੁ” ਆਸ ਧਾਰ, ਗੁਰਬਾਣੀ ਦਰਗਹ ਸਾਬਾਸੀ॥
ਗੁਰਮਤਿ ਭਾਉ ਭਗਤਿ ਪਰਗਾਸੀ ॥13॥
ਵਾਰ 11 ਪਉੜੀ 14 ਭਾਈ ਗੁਰਦਾਸ (ਗੁਰੂ ਨਾਨਕ ਦੇ ਸਿੱਖਾਂ ਦੇ ਨਾਮ)


ਭਗਤ ਜੋ “ਭਗਤਾ ਓਹਰੀ”, ਜਾਪੂਵੰਸੀ ਸੇਵ ਕਮਾਵੈ॥
“ਸੀਹਾਂ ਉਪਲ” ਜਾਣੀਐ, “ਗਜਣ ਉਪਲ” ਸਤਿਗੁਰ ਭਾਵੈ॥
ਮੈਲਸੀਹਾਂ ਵਿਚਿ ਆਖੀਐ “ਭਾਗੀਰਥ” ਕਾਲੀ ਗੁਣ ਗਾਵੈ॥
“ਜਿਤਾ ਰੰਧਾਵਾਂ” ਭਲਾ ਹੈ, “ਬੂੜਾ ਬੁਢਾ” ਇਕ ਮਨਿ ਧਿਆਵੈ॥
“ਫਿਰਣਾ ਖਹਿਰਾ” “ਜੋਧੁ” ਸਿਖੁ “ਜੀਵਾਈ” ਗੁਰ ਸੇਵ ਸਮਾਵੈ॥
“ਗੁਜਰ” ਜਾਤਿ ਲੁਹਾਰ ਹੈ, ਗੁਰ ਸਿਖੀ ਗੁਰ ਸਿਖ ਸੁਣਾਵੈ॥
ਨਾਈ “ਧਿੰਙ” ਵਖਾਣੀਐ, ਸਤਿਗੁਰ ਸੇਵਿ ਕੁਟੰਬੁ ਤਰਾਵੈ॥
ਗੁਰਮੁਖਿ ਸੁਖ ਫਲ ਅਲਖ ਲਖਾਵੈ ॥14॥


ਪ੍ਰਤੱਖ ਹੈ ਕਿ ਇਨ੍ਹਾਂ ਵਾਰਾਂ ਵਿਚ ਭਾਈ ਬਾਲਾ ਨਾਮੀਂ ਕੋਈ ਗੁਰੂ ਨਾਨਕ ਦਾ ਸਿੱਖ ਨਹੀਂ। ਬਾਕੀ ਗੁਰੂਆਂ ਦੇ ਸਿੱਖਾਂ ਦੇ ਨਾਮ ਵਿਚ ਭੀ ਭਾਈ ਬਾਲੇ ਦਾ ਨਾਮ ਨਹੀਂ ਹੈ।

(3) ਵਲਾਇਤ ਵਾਲੀ ਅਤੇ ਮਿਹਰਬਾਨ ਵਾਲੀ ਜਨਮ ਸਾਖੀ ਜਿਸ ਨੂੰ ਸਭ ਤੋਂ ਪੁਰਾਤਨ ਜਨਮ ਸਾਖੀ ਮੰਨਿਆ ਜਾਂਦਾ ਹੈ ਵਿਚ ਭਾਈ ਬਾਲੇ ਦਾ ਕੋਈ ਕਥਨ ਨਹੀਂ ਆਉਂਦਾ।

(4) ਭਾਈ ਬਾਲੇ ਵਾਲੀ ਸਾਖੀ ਵਿਚ ਕਈ ਸਾਖੀਆਂ ਵਿਚ ਗੁਰੂ ਗ੍ਰੰਥ ਸਾਹਿਬ ਵਿੱਚੋਂ ਸ਼ਬਦ ਦਿੱਤੇ ਗਏ ਹਨ ਜਿਨ੍ਹਾਂ ਵਿਚ ਗੁਰੂ ਨਾਨਕ ਦੇ ਸ਼ਬਦਾਂ ਨਾਲ ਗੁਰੂ ਅਮਰ ਦਾਸ, ਗੁਰੂ ਰਾਮ ਦਾਸ, ਗੁਰੂ ਅਰਜਨ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ ਵੀ ਸ਼ਾਮਿਲ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਜਨਮ ਸਾਖੀ ਜਾਅਲੀ ਹੈ। ਭਾਵ ਇਹ ਜਨਮ ਸਾਖੀ ਗੁਰੂ ਅੰਗਦ ਵੇਲੇ ਦੀ ਨਹੀਂ ਲਿਖੀ ਹੋਈ{ ਇਹ ਸਾਖੀ ਹੰਦਾਲੀਆਂ ਨੇ ਲਿਖਵਾਈ ਹੈ। ਕਰਮ ਸਿੰਘ ਹਿਸਟੋਰੀਅਨ ਦੇ ਮੁਤਾਬਕ ਇਹ ਜਨਮ ਸਾਖੀ 1750 ਸੰਮਤ ਦੇ ਲਗਭਗ ਲਿਖੀ ਗਈ ਹੈ।

(5) ਇਹ ਸਭ ਮੰਨਦੇ ਹਨ ਕਿ ਗੁਰੂ ਨਾਨਕ ਕੋਲ ਭਾਈ ਲਹਿਣਾ (ਮਗਰੋਂ ਗੁਰੂ ਅੰਗਦ) ਘੱਟੋ ਘੱਟ ਤਿੰਨ ਸਾਲ ਅਤੇ ਵੱਧ ਤੋਂ ਵੱਧ ਸੱਤ ਸਾਲ ਰਹੇ। ਇਸ ਕਰਕੇ ਗੁਰੂ ਨਾਨਕ ਦੇ ਸਭ ਪ੍ਰਸਿੱਧ ਸਿੱਖਾਂ ਨੂੰ ਜਾਣਦੇ ਹੋਣਗੇ। ਪਰ ਇਹ ਹੈਰਾਨੀ ਦੀ ਗੱਲ ਹੈ ਕਿ ਉਹ ਭਾਈ ਬਾਲੇ ਨੂੰ ਨਹੀਂ ਜਾਣਦੇ ਸਨ ਅਤੇ ਭਾਈ ਬਾਲਾ ਗੁਰੂ ਅੰਗਦ ਸਾਹਿਬ ਨੂੰ ਨਹੀਂ ਸੀ ਜਾਣਦਾ। ਭਾਈ ਬਾਲੇ ਦੀ ਜਨਮ ਸਾਖੀ ਦੇ ਅਰੰਭਕ ਸ਼ਬਦ ਇਹ ਗੱਲ ਸਪਸ਼ਟ ਕਰ ਦੇਂਦੇ ਹਨ, “ਬਾਲੇ ਸੰਧੂ ਨੂੰ ਏਹਾ ਚਾਹ ਸੀ ਜੇ ਗੁਰੂ ਪਰਗਟ ਹੋਵੈ ਤਾਂ ਦਰਸਨਿ ਜਾਈਐ॥ ਬਾਲੇ ਸੰਧੂ ਸੁਣਿਆ, ਜੋ ਗੁਰੂ ਨਾਨਕ ਇਕ ਖਤਰੇਟਾ ਅੰਗਦੁ ਹੈ, ਉਸ ਨੇ ਥਾਪਿ ਚੱਲਿਆ ਹੈ। ਜਾਤਿ ਤਿਰਹੁਨ ਹੈ, ਪਰ ਜਾਣੀਦਾ ਨਹੀਂ ਕੇਹੜੇ ਥਾਉਂ ਛਪਿ ਬੈਠਾ ਹੈ। ਖਬਰ ਸੁਣੀ ਖਡੂਰ ਖਹਿਰਿਆਂ ਦੀ ਵਿਚਿ ਬੈਠਾ ਹੈ। ਏਹੁ ਸੁਣਿ ਕੈ ਬਾਲਾ ਸੰਧੂ ਗੁਰੂ ਅੰਗਦ ਦੇ ਦਰਸਨਿ ਆਇਆ ਜੋ ਕਿਛੁ ਸਕਤਿ ਆਹੀ ਸੋ ਭੇਟ ਲੈ ਆਇਆ, ਢੂਢਲਧੋਸੁ॥ ਅਗੈ ਦੇਖੈ ਤਾਂ ਗੁਰੂ ਅੰਗਦ ਬੈਠਾ ਬਾਣੁ ਵਟਦਾ ਹੈ। ਬਾਲੇ ਸੰਧੂ ਜਾਇ ਮੱਥਾ ਟੇਕਿਆ ਅਗੋਂ ਗੁਰੂ ਅੰਗਦੁ ਬੋਲਿਆ, “ਆਉ ਭਾਈ, ਸਤਿ ਕਰਤਾਰ, ਬੈਠੋ ਜੀ।”

ਗੁਰੂ ਅੰਗਦ ਵਾਣੁ ਵਟਣੇ ਰਹਿ ਗਇਆ॥ ਗੁਰੂ ਅੰਗਦ ਬਾਲੇ ਨੂੰ ਪੁੱਛਣਾ ਕੀਤਾ, “ਭਾਈ ਸਿਖ, ਕਿੱਥੋਂ ਆਇਓ॥ ਕਿਉ ਕਰਿ ਆਵਣ ਹੋਇਆ ਹੈ, ਕਉਣ ਹੋ ਕੇ ਹੋ” ਤਾਂ ਬਾਲੇ ਸੰਧੂ ਹਥਿ ਜੋੜੇ, “ਗੁਰੂ ਜੀ ਹੋਂਦਾ ਹਾਂ ਜਟੇਟਾ, ਨਾਉਂ ਹੈ ਬਾਲਾ, ਗੋਤ ਸੰਧੂ, ਵਤਨ ਰਾਇ ਭੋਇ ਦੀ ਤਲਵੰਡੀ ਹੈ।”
(ਪਿਆਰੇ ਲਾਲ ਕਪੂਰ ਵਾਲੀ ਜਨਮ ਸਾਖੀ ਈ: 1658 ਪੰਨਾ 2)

(6) ਡਾ: ਟਰੰਪ ਨੇ ਜਦੋਂ ਇੰਡੀਆ ਆਫਿਸ ਵਿਚ 1872 ਈਸਵੀ ਵਿਚ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਪੁਰਾਤਨ ਜਾਂ ਵਲਾੲਤਿ ਵਾਲੀ ਜਨਮ ਸਾਖੀ ਨਾਲ ਟਾਕਰਾ ਕੀਤਾ ਤਾਂ ਉਸ ਨੇ ਲਿਖਿਆ, “ਪਿਛਲੇਰੀਆਂ ਰਵਾਇਤਾਂ, ਜਿਹਨਾਂ ਵਿਚ ਗੁਰੂ ਨਾਨਕ ਸਾਹਿਬ ਦੇ ਜੀਵਨ ਸੰਬੰਧੀ ਸਭ ਵਿਸਥਾਰ ਹਨ ਦਾ ਪਤਾ ਹੋਣ ਦਾ ਦਾਅਵਾ ਹੈ, ਇਸ ਗੱਲ ਲਈ ਮਜਬੂਰ ਹੋਇਆ ਕਿ ਆਪਣੀਆਂ ਆਪਣੀਆਂ ਤੇ ਕਥਾਵਾਂ ਦੀ ਪ੍ਰੋੜ੍ਹਤਾ ਲਈ ਕਿਸੇ ਵਿਅਕਤੀ ਨੂੰ ਸਾਹਮਣੇ ਲਿਆਉਣ। ਇਹ ਭਾਈ ਬਾਲਾ ਸੀ ਜਿਸ ਨੂੰ ਗੁਰੂ ਨਾਨਕ ਸਾਹਿਬ ਦੇ ਬਚਪਨ ਦਾ ਸਾਥੀ ਦੱਸਿਆ ਗਿਆ। ਜੇਕਰ ਭਾਈ ਬਾਲਾ ਸ੍ਰੀ ਗੁਰੂ ਨਾਨਕ ਜੀ ਦਾ, ਸਦਾ ਨਾਲ ਰਹਿਣ ਵਾਲਾ ਸਾਥੀ ਅਤੇ ਸਲਾਹਕਾਰ ਹੁੰਦਾ ਤਾਂ ਇਹ ਗੱਲ ਬਿਲਕੁਲ ਸਮਝ ਨਹੀਂ ਆਉਂਦੀ ਕਿ ਪੁਰਾਤਨ ਪਰੰਪਰਾ ਤੇ ਆਧਾਰਿਤ ਜਨਮ ਸਾਖੀਆਂ ਵਿਚ ਉਸ ਦਾ ਇਕ ਵਾਰੀ ਵੀ ਸੰਕੇਤ ਨਹੀਂ ਆਉਂਦਾ।”

(ਜਨਮ ਸਾਖੀ ਪਰੰਪਰਾ ਕਿਰਪਾਲ ਸਿੰਘ ਪੰਨਾ - 18)

(7) ਇਸ ਤਰ੍ਹਾਂ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਹੋਰ ਭੀ ਕਈ ਪ੍ਰਕਾਰ ਦੀਆਂ ਭੁੱਲਾਂ, ਅਜੋਗ ਗੱਲਾਂ ਅਤੇ ਗੁਰੂ ਆਸ਼ੇ ਵਿਰੁੱਧ ਗੱਲਾਂ ਹਨ ਜਿਨ੍ਹਾਂ ਤੋਂ ਭਾਈ ਬਾਲਾ ਕੋਈ ਕਲਪਤ ਵਿਅਕਤੀ ਲੱਗਦਾ ਹੈ।

(8) ਇਸ ਜਨਮ ਸਾਖੀ ਤੋਂ ਪਹਿਲਾਂ ਕਿਸੇ ਭੀ ਜਨਮ ਸਾਖੀ ਜਾਂ ਗ੍ਰੰਥ ਵਿਚ ਗੁਰੂ ਨਾਨਕ ਜੀ ਦਾ ਜਨਮ ਦਿਹਾੜਾ ਕੱਤਕ ਦੀ ਪੂਰਨਮਾਸ਼ੀ ਦਾ ਨਹੀਂ ਪਾਇਆ ਜਾਂਦਾ।

(ਅ) ਗੁਰੂ ਨਾਨਕ ਜੀ ਦੇ ਪਰਗਟ ਹੋਣ ਦਾ ਦਿਨ ਵਿਸਾਖ ਸੁਦੀ 1526 ਸੰਮਤ

(1) ਪੁਰਾਤਨ ਜਨਮ ਸਾਖੀ ਮੁਤਾਬ, “ਸੰਮਤ 1525 ਬਾਬਾ ਨਾਨਕ ਜਨਮਿਆ, ਵੈਸਾਖ ਮਾਹਿ, ਤਿਤੀਆ ਚਾਨਣੀ ਰਾਤ, ਅੰਮ੍ਰਿਤ ਵੇਲਾ ਪਹਰੁ ਰਾਤਿ ਰਹਿੰਦੀ ਕੁ ਜਨਮਿਆ”।

(3) ਮਹਿਮਾ ਪ੍ਰਕਾਸ਼ ਕ੍ਰਿਤ ਸਰੂਪ ਦਾਸ ਭੱਲਾ ਮੁਤਾਬਕ -

“ਹਰਿ ਭਇਓ ਅਵਤਾਰ ਨਿਰੰਜਨੀ, ਸੰਤ ਰੂਪ ਤਨ ਧਾਰ॥ ਕਾਰਨ ਤਾਰਨ ਜਗਤ ਕੋ, ਕਰ ਹੈ ਭਗਤਿ ਅਵਤਾਰ॥1॥ ਧੰਨ ਦੇਸ, ਧੰਨ ਨਗਰ, ਸੋ ਧੰਨ ਬਰਨ, ਕੁਲ ਸੋਇ॥ ਧੰਨ ਸਮਾਂ, ਧੰਨ ਮਾਤ ਪਿਤਾ, ਸੰਤ ਜਨਮ ਗ੍ਰਹਿ ਹੋਇ॥2॥ ਸੰਮਤ ਬਿਕ੍ਰਮ ਨਿਰਪ ਕੋ, ਪੰਦਰਹ ਸਹਸ ਪਚੀਸ॥ ਵੈਸਾਖ ਸੁਦੀ, ਥਿਰ ਤੀਜ, ਕੋ ਧਰਉ ਸੰਤ ਬਪ ਈਸ ॥3॥

(4) ਵੈਰੋਵਾਲ ਵਾਲੀ ਜਨਮ ਸਾਖੀ ਮੁਤਾਬਕ -

ਤਲਵੰਡੀ ਰਾਇ ਭੋਇ ਭੱਟੀ ਕੀ॥ ਬਾਬੇ ਨਾਨਕ ਜਨਮ ਲਇਆ॥ ਕਾਲੂ ਖੱਤਰੀ ਜਾਤ ਵੇਦੀ ਕੋ ਘਰ ਜਨਮ ਲਿਆ॥ ਸੰਮਤ 1526, ਕਲਜੁਗ ਵਿਚ ਬਾਬਾ ਨਾਨਕ ਨਾਉਂ ਧਰਾਇਆ। ਆਪਣਾ ਪੰਥ ਚਲਾਇਆ। ਵੈਸਾਖ ਮਹਿ ਤੇ ਦਿਨ ਤੀਜ ਚਾਨਣੀ ਰਾਤਿ ਅੰਮ੍ਰਿਤ ਵੇਲਾ ਪਹਿਰ ਰਾਤ ਰਹਿੰਦੀ ਜਨਮਿਆ।

(5) ਭਾਈ ਗੁਰਦਾਸ ਜੀ ਦਾ ਕਥਨ ਹੈ -

(ੳ) “ਕੁਰਬਾਨੀ ਤਿਨਾ ਗੁਰਸਿਖਾਂ, ਭਾਇ ਭਗਤ ਗੁਰਪੁਰਬ ਕਰੰਦੇ”। ਭਾਵ ਭਾਈ ਗੁਰਦਾਸ ਜੀ ਵੇਲੇ ਭੀ ਗੁਰਪੁਰਬ ਮਨਾਉਂਦੇ ਹੁੰਦੇ ਸਨ।

(ਅ) ਭਾਈ ਗੁਰਦਾਸ ਵਾਰ 1 ਪਉੜੀ 27 ਮੁਤਾਬਕ ਗੁਰੂ ਸਾਹਿਬ ਦਾ ਜਨਮ ਵਿਸਾਖ ਦਾ ਹੈ। ਆਪ ਲਿਖਦੇ ਹਨ, ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਕਰ ਸੂਰਜ ਨਿਕਲਿਆ, ਤਾਰੇ ਛਿਪੇ ਅੰਧੇਰ ਪਲੋਆ॥ ਜਿਥੇ ਬਾਬਾ ਪੈਰ ਧਰੇ, ਪੂਜਾ ਆਸਣੁ ਥਾਪਣਿ ਸੋਆ॥ ਸਿੱਧ ਆਸਣ ਸਭ ਜਗਤ ਕੇ, ਨਾਨਕ ਆਦਿ ਮਤੇ ਜੇ ਕੋਆ॥ ਘਰ ਘਰ ਅੰਦਰ ਧਰਮਸਾਲ, ਹੋਵੈ ਕੀਰਤਨ ਸਦਾ “ਵਿਸੋਆ”॥ ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਮੀ ਸਚਾ ਢੋਆ॥ ਗੁਰਮੁਖ ਕਲ ਵਿਚ ਪਰਗਟ ਹੋਆ॥
“ਵਿਸੋਆ” ਦਾ ਅਰਥ ਹੈ, “ਵਿਸਾਖ”। ਇਸ ਤੁੱਕ ਤੋਂ ਸਾਫ ਸਿੱਧ ਹੁੰਦਾ ਹੈ ਕਿ ਭਾਈ ਗੁਰਦਾਸ ਵੇਲੇ ਗੁਰੂ ਨਾਨਕ ਦਾ ਜਨਮ ਦਿਹਾੜਾ “ਵਿਸਾਖ” ਮਹੀਨੇ ਵਿਚ ਹੀ ਮਨਾਇਆ ਜਾਂਦਾ ਸੀ।
(6) ਸਭ ਤੋਂ ਵੱਡੀ ਦਲੀਲ ਇਹ ਹੈ ਕਿ ਸਾਰੇ ਮੰਨਦੇ ਹਨ ਕਿ ਗੁਰੂ ਨਾਨਕ ਦੀ ਉਮਰ 70 ਸਾਲ 5 ਮਹੀਨੇ ਅਤੇ 7 ਦਿਨ ਸੀ। ਇਸ ਸਮੇਂ ਨੂੰ ਜੇ ਗੁਰੂ ਸਾਹਿਬ ਦੇ “ਪ੍ਰਲੋਕ” ਸਧਾਰਨ ਵਿਚੋਂ ਕੱਢਿਆ ਜਾਵੇ ਤਾਂ ਬਾਕੀ “ਪਰਗਟ” ਹੋਣ ਦੀ ਤਾਰੀਖ ਰਹਿ ਜਾਵੇਗੀ।

ਚੇਤ ਸੁਦੀ 1 ਤੋਂ ਗਿਣਿਆ ਅਸੂ ਸੁਦੀ 10 ਤੱਕ 6 ਮਹੀਨੇ 9 ਦਿਨ ਬਣਦੇ ਹਨ। ਇਸ ਵਿੱਚੋਂ ਗੁਰੂ ਸਾਹਿਬ ਦੀ ਉਮਰ ਕਢਦੇ ਹਾਂ -
ਵਰ੍ਹੇ ਮਹੀਨੇ ਦਿਨ
1596 6 9
70 5 7
1526 1 2

ਚੇਤ ਸੁਦੀ 1 ਵਿਚ ਦੋ ਦਿਨ ਤੇ 1 ਮਹੀਨਾ ਵਧਾਇਆ ਵਿਸਾਖ ਸੁਦੀ ਤਿੰਨ ਬਣਦੀ ਹੈ ਜਿਸ ਤੋਂ ਸਿੱਧ ਹੋਇਆ ਕਿ ਗੁਰੂ ਨਾਨਕ ਜੀ ਵਿਸਾਖ ਸੁਦੀ 3 ਸੰਮਤ 1526 ਨੂੰ ਪਰਗਟ ਹੋਏ।

(7) ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਰਾਂ ਤੋਂ ਇਲਾਵਾ ਕੁੱਝ ਕਵਿਤ ਭੀ ਲਿਖੇ ਹਨ। ਕਵਿਤ ਨੰਬਰ 345 ਤੋਂ ਕਈ ਲੋਕ ਭੁਲੇਖਾ ਖਾ ਜਾਂਦੇ ਹਨ ਕਿ ਇਸ ਕਬਿੱਤ ਵਿਚ ਗੁਰੂ ਨਾਨਕ ਦੇ ਪਰਗਟ ਹੋਣ ਦਾ ਸਮਾਂ ਹੈ ਕਿਉਂਕਿ ਇਸ ਵਿਚ ਕੱਤਕ ਦੀ ਪੁੰਨਿਆ ਦਾ ਵਰਣਨ ਆਉਂਦਾ ਹੈ। ਪਰ ਇਹ ਠੀਕ ਨਹੀਂ। ਭਾਈ ਸਾਹਿਬ ਨੇ ਪ੍ਰਭੂ ਮਿਲਾਪ ਦੀ ਦ੍ਰਿਸ਼ਟੀ ਤੋਂ ਇਹ ਕਬਿੱਤ ਲਿੀਖਆ ਹੈ। ਇਸ ਵਿਚ ਗੁਰੂ ਨਾਨਕ ਦੇ ਜਨਮ ਦਾ ਕੋਈ ਕਥਨ ਨਹੀਂ ਹੈ। ਪੂਰੀ ਕਬਿੱਤ ਇਸ ਤਰ੍ਹਾਂ ਹੈ -

ਕਾਰਤਕ ਮਾਸ ਰੁਤਿ ਸਰਦ ਪੂਰਨਮਾਸੀ ਆਠ ਜਾਮ ਸਾਠਿ ਘਰੀ ਆਜ ਤੇਰੀ ਬਾਰੀ ਹੈ ॥ ਅਉਸਰ ਅਭੀਚ ਬਹੁ ਨਾਇਕ ਕੀ ਨਾਇਕਾ ਹੁਇ ਰੂਪ ਗੁਨ ਜੋਬਨ ਸਿੰਗਾਰ ਅਧਿਕਾਰੀ ਹੈ ॥ ਚਾਤਿਰ ਚਤੁਰ ਪਾਠ ਸੇਵਕ ਸਹੇਲੀ ਸਾਠਿ ਸੰਪਦਾ ਸਮਗ੍ਰੀ ਸੁਖ ਸਹਜ ਸੁਚਾਰੀ ਹੈ ॥ ਸੁੰਦਰ ਮੰਦਰ ਸੁਭ ਲਗਨ ਸੰਜੋਗ ਭੋਗ ਜੀਵਨ ਜਨਮ ਧੰਨਿ ਪ੍ਰੀਤਮ ਪਿਆਰੀ ਹੈ ॥345॥

ਭਾਵ: ਹੇ ਗੁਰਮੁਖ ਸਖੀ! ਇਹ ਸ਼ੁਭ ਸਮਾਂ ਪ੍ਰੀਤਮ ਸਤਿਗੁਰੁ ਦੇ ਮਿਲਾਪ ਦਾ ਹੈ। ਕੱਤਕ ਦਾ ਮਹੀਨਾ ਹੈ, ਸਰਦ ਰੁੱਤ ਹੈ ਅਤੇ ਪੂਰਨਮਾਸ਼ੀ ਦੀ ਤਾਰੀਖ ਹੈ। ਇਨ੍ਹਾਂ ਅੱਠਾਂ ਪਹਿਰਾਂ ਅਤੇ ਸੱਠਾਂ ਘੜੀਆਂ ਵਿਚ ਹਰ ਸਮੇਂ ਪ੍ਰਿਅ ਪ੍ਰੀਤਮ-ਮਿਲਾਪ ਦੀ ਤੇਰੀ ਵਾਰੀ ਹੈ। ਇਹ ਅਭਿਜਿਤ ਨਛਤ੍ਰ ਦੇ ਸ਼ੁਭ ਸਮੇਂ ਸ਼ਰਧਾ, ਪ੍ਰੇਮ, ਭਗਤੀ ਰੂਪ ਸੁੰਦਰਤਾ, ਜੁਆਨੀ ਤੇ ਸ਼ੁਭ ਗੁਣਾਂ ਦੇ ਸਿੰਗਾਰ ਨਾਲ, ਤੂੰ ਅਨੇਕ ਜੀਵ-ਇਸਤਰੀਆਂ ਦੇ ਪ੍ਰਿਅ-ਪ੍ਰੀਤਮ ਨੂੰ ਮਿਲਣ ਦੀ ਅਧਿਕਾਰਨ ਬਣ। ਤੂੰ ਨਾਮ-ਸਿਮਰਨ ਦੇ ਉਚਾਰਨ ਵਿਚ ਸਾਵਧਾਨ ਤੇ ਪ੍ਰਬੀਨ ਹੈਂ ਸਰੀਰ ਦੀਆਂ 60 ਪ੍ਰਧਾਨ ਨਾੜੀਆਂ ਤੇਰੀਆਂ ਸੇਵਕ-ਸਹੇਲੀਆਂ ਹਨ ਭਾਵ ਸੱਠ ਪ੍ਰਧਾਨ ਨਾੜੀਆਂ ਵਾਲਾ ਤੇਰਾ ਸਰੀਰ ਆਗਿਆਕਾਰੀ ਹੈ ਅਤੇ ਸਹਨ-ਸੁਖ ਰੂਪ ਧਨ-ਸੰਪਦਾ ਦੀ ਸੁੰਦਰ ਸਾਮਗ੍ਰੀ ਤੈਨੂੰ ਪ੍ਰਾਪਤ ਹੈ। ਇਸ ਸ਼ੁਭ ਲਗਨ ਸਮੇਂ ਸਰੀਰ ਰੂਪੀ ਸੁੰਦਰ ਮੰਦਰ ਦੀ ਹਿਰਦੇ ਰੂਪ ਸੁੰਦਰ ਸੇਜਾ ਉੱਤੇ ਪਿਆਰੇ ਪ੍ਰੀਤਮ ਦੇ ਰਾਵਣ ਦਾ ਮਿਲਾਪ ਹਾਸਲ ਕੀਤਿਆਂ, ਤੇਰਾ ਇਹ ਮਨੁੱਖਾ ਜਨਮ ਅਤੇ ਜੀਵਨ ਧੰਨਤਾ ਜੋਗ ਹੈ ਅਤੇ ਇਉਂ ਤੂੰ ਪਿਆਰੇ ਪ੍ਰੀਤਮ ਦੀ ਪਿਆਰੀ ਹੁੰਦੀ ਹੈਂ। (345)

(8) ਮਿਹਰਬਾਨ ਦੀ ਜਨਮ ਸਾਖੀ ਮੁਤਾਬਕ ਭੀ ਗੁਰੂ ਨਾਨਕ ਦਾ ਜਨਮ ਦਿਹਾੜਾ ਵਿਸਖ ਸੁਦੀ ਤਿੰਨ ਹੈ।

(9) ਗੁਰੂ ਨਾਨਕ ਸਾਹਿਬ ਦੀ ਸੰਤਾਨ ਵਿਚ “ਸੁਖਵਾਸੀ ਰਾਏ” ਦੇ ਲਿਖੇ “ਨਾਨਕ ਬੰਸ ਪ੍ਰਕਾਸ਼” ਵਿਚ ਗੁਰੂ ਨਾਨਕ ਸਾਹਿਬ ਦਾ ਜਨਮ ਵਿਸਾਖ ਦੇ ਮਹੀਨੇ ਵਿਚ ਲਿਖਿਆ ਹੈ।

(10) ਭਾਵੇਂ ਭਾਈ ਸੰਤੋਖ ਸਿੰਘ ਨੇ ਗੁਰੂ ਨਾਨਕ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਲਿੀਖਆ ਹੈ ਪਰ ਆਪਣੇ 54ਵੇਂ ਅਧਿਆਏ ਦੇ ਅਖੀਰ ਵਿਚ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਉਮਰ ਲਿਖੀ ਹੈ ਉਹ ਇਸ ਤਰ੍ਹਾਂ ਹੈ,

ਸੰਮਤ ਸੱਤ੍ਰ ਪਛਾਨ ਪੰਚ ਮਾਸ ਬੀਤੇ ਬਹੁਰ।

ਸਪਤ ਦਿਨਨ ਪਰਵਾਨ ਪਤਿਸ਼ਾਹੀ ਸ੍ਰੀ ਪ੍ਰਭੁ ਕਰੀ॥10॥

ਇਸ ਹਿਸਾਬ ਨਾਲ ਭੀ ਗੁਰੂ ਨਾਨਕ ਸਾਹਿਬ ਦਾ ਜਨਮ ਵਿਸਾਖ ਦੇ ਮਹੀਨੇ ਦਾ ਬਣਦਾ ਹੈ, ਕੱਤਕ ਨਹੀਂ।

(11) ਨਾਨਕਸ਼ਾਹੀ ਕਲੰਡਰ ਗੁਰੂ ਨਾਨਕ ਦੇ ਪ੍ਰਗਟ ਦਿਹਾੜੇ ਤੋਂ ਸ਼ੁਰੂ ਕੀਤਾ ਗਿਆ ਹੈ। ਉਸ ਮੁਤਾਬਕ ਭੀ ਗੁਰੂ ਨਾਨਕ ਦਾ ਜਨਮ ਦਿਹਾੜਾ ਵਿਸਾਖ ਵਿਚ ਮੰਨਿਆ ਗਿਆ ਹੈ। ਇਹ ਗੱਲ ਵੱਖਰੀ ਹੈ ਕਿ ਗੁਰਪੁਰਬ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਣਾ ਰਹਿਣ ਦਿੱਤਾ ਹੈ।

ਕੱਤਕ ਵਿਚ ਗੁਰਪੁਰਬ ਕਿਵੇਂ ਸ਼ੁਰੂ ਹੋਇਆ?

ਗੁਰਪੁਰਬ ਮਨਾਉਣੇ ਮੁੱਢ ਤੋਂ ਹੀ ਤੁਰੇ ਆਉਂਦੇ ਹਨ, ਪਰ ਮਹਾਰਾਜ ਰਣਜੀਤ ਸਿੰਘ ਦੇ ਵੇਲੇ ਤੋਂ ਇਨ੍ਹਾਂ ਦਾ ਮਨਾਉਣਾ ਬਹੁਤ ਘੱਟ ਹੋ ਗਿਆ। ਜੇਕਰ ਕਿਤੇ ਕੋਈ ਗੁਰਪੁਰਬ ਮਨਾਇਆ ਜਾਂਦਾ ਸੀ, ਤਾਂ ਕੇਵਲ ਵੱਡੇ ਗੁਰਦੁਆਰਿਆਂ ਵਿਚ। ਪਹਿਲਾਂ ਗੁਰੂ ਨਾਨਕ ਦਾ ਗੁਰਪੁਰਬ ਵਿਸਾਖ ਵਿਚ ਹੀ ਮਨਾਇਆ ਜਾਂਦਾ ਸੀ, ਕੱਤਕ ਦਾ ਰਿਵਾਜ, ਮੈਕਾਲਿਫ ਦੇ ਮੁਤਾਬਕ, ਗਿਆਨੀ ਸੰਤ ਸਿੰਘ ਜੀ ਨੇ ਪਾਇਆ ਹੈ। ਮਿਸਟਰ ਮੈਕਾਲਿਫ ਇਸ ਦਾ ਕਾਰਨ ਦੱਸਦੇ ਹਨ ਕਿ ਕੱਤਕ ਦੀ ਪੂਰਨਮਾਸ਼ੀ ਨੂੰ ਰਾਮ ਤੀਰਥ ਦਾ ਮੇਲਾ ਹੋਣ ਕਰਕੇ ਸਾਰੇ ਸਿੱਖ ਉੱਧਰ ਚਲੇ ਜਾਂਦੇ ਸਨ। ਸੋ ਉੱਧਰੋਂ ਹਟਾਉਣ ਵਾਸਤੇ ਗਿਆਨਸੀ ਸੰਤ ਸਿੰਘ ਦੇ ਕੱਤਕ ਦੀ ਪੂਰਨਮਾਸ਼ੀ ਨੂੰ ਆਦਿ ਗੁਰੂ, ਗੁਰੂ ਨਾਨਕ ਜੀ ਦੇ ਪਰਗਟ ਹੋਣ ਦਾ ਗੁਰਪੁਰਬ ਮਨਾਉਣਾ ਆਰੰਭ ਦਿੱਤਾ। ਬਸ, ਫੇਰ ਕੀ ਸੀ ਉਦੋਂ ਤੋਂ ਰਾਜ ਦੇ ਜੋਰ ਇਹ ਰਿਵਾਜ ਪਾ ਲਿਆ, ਪਰ ਇਹ ਅੱਜ ਪੁਰਾਣਾ ਨਜਰ ਆ ਰਿਹਾ ਹੈ। 1925 ਦੀ ਗੱਲ ਹੈ ਕਿ ਸ੍ਰੀ ਨਨਕਾਣਾ ਸਾਹਿਬ ਵਿਖੇ ਕੱਤਕ ਦੀ ਪੂਰਨਮਾਸ਼ੀ ਨੂੰ ਗੁਰੂ ਨਾਨਕ ਦਾ ਗੁਰਪੁਰਬ ਮਨਾਉਣਾ ਆਰੰਭ ਹੋਇਆ। ਉਸ ਤੋਂ ਪਹਿਲਾਂ ਇਸ ਦਿਨ ਨੂੰ ਉੱਥੇ ਕੋਈ ਜਾਣਦਾ ਵੀ ਨਹੀਂ ਸੀ।

(ਕੱਤਕ ਕਿ ਵਿਸਾਖ ਪੰਨਾ 136)
ਪਤਾ ਨਹੀਂ ਸਿੱਖ ਕੌਮ ਕਦੋਂ ਜਾਗੇਗੀ ਅਤੇ ਸਹੀ ਨਿਰਣਾ ਕਰਕੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵਿਸਾਖ ਵਿਚ ਮਨਾਉਣਾ ਸ਼ੁਰੂ ਕਰੇਗੀ। ਅਰਦਾਸ ਹੈ ਕਿ ਇਸ ਉੱਦਮ ਲਈ ਗੁਰੂ ਸਭ ਸਿੱਖਾਂ ਨੂੰ ਸੁਮੱਤ, ਬੱਲ, ਏਕਤਾ ਅਤੇ ਦ੍ਰਿੜਤਾ ਬਖਸ਼ਣ।

ਸਿੱਖ ਸੰਗਤਾਂ ਨੂੰ ਗੁਰੂ ਨਾਨਕ ਦੇ ਪ੍ਰਗਟ ਹੋਣ ਦੇ ਦਿਹਾੜੇ ਦੀ ਲੱਖ-ਲੱਖ ਵਧਾਈ ਹੋਵੇ।

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥

ਬਲਬਿੰਦਰ ਸਿੰਘ ਅਸਟ੍ਰੇਲੀਆ




.