.

ਤੂੰ ਕਰਤਾ ਸਚਿਆਰੁ ਮੈਡਾ ਸਾਂਈ

(ਸੁਖਜੀਤ ਸਿੰਘ ਕਪੂਰਥਲਾ)

ਜਦੋਂ ਅਸੀਂ ਸੰਸਾਰ ਅੰਦਰ ਵੱਖ-ਵੱਖ ਜੀਵ-ਜੰਤੂਆਂ, ਬਨਸਪਤੀ ਅਤੇ ਹੋਰ ਕਈ ਤਰਾਂ ਦੀਆਂ ਬਹੁਰੰਗੀ ਭਿੰਨਤਾਵਾਂ ਵੱਲ ਵੇਖਦੇ ਹਾਂ ਤਾਂ ਵਿਸਮਾਦ ਵਿੱਚ ਚਲੇ ਜਾਂਦੇ ਹਾਂ। ਸੋਚਣ ਲਈ ਮਜ਼ਬੂਰ ਹੋ ਜਾਂਦੇ ਹਾਂ ਕਿ ਇਸ ਸਭ ਕੁੱਝ ਦਾ ਕਰਤਾ ਕੌਣ ਹੈ? ਇਹ ਠੀਕ ਹੈ ਕਿ ਅੱਜ ਸਾਇੰਸ ਦੀਆਂ ਵੱਖ-ਵੱਖ ਖੋਜਾਂ ਨੇ ਬਹੁਤ ਕੁੱਝ ਨਵਾਂ ਸਿਰਜਿਆ ਹੈ, ਪਰ ਜਦੋਂ ਅਜੇ ਅਜੋਕੇ ਵਿਗਿਆਨ ਨੇ ਇਹ ਸਭ ਕੁੱਝ ਨਹੀਂ ਸੀ ਲੱਭਿਆ ਇਹ ਬਹੁਰੰਗੀ ਸੰਸਾਰ ਉਸ ਸਮੇਂ ਵੀ ਮੌਜੂਦ ਸੀ। ਗੁਰਬਾਣੀ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦਿੰਦੀ ਹੈ ਕਿ ਇਸ ਸਾਰੇ ਦਿਸਦੇ-ਅਣਦਿਸਦੇ ਪਸਾਰੇ ਦਾ ਕਰਤਾ ਅਕਾਲ ਪੁਰਖ ਹੈ।

ਅਕਾਲ ਪੁਰਖ ਬਾਰੇ ਅਸੀਂ ਜਪੁ ਬਾਣੀ ਦੇ ਆਰੰਭ ਵਿੱਚ ਹੀ ਪੜ੍ਹਦੇ ਹਾਂ ਕਿ ਉਹ ‘ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥’ (1) ਹੈ, ਭਾਵ ਜਦੋਂ ਅਜੇ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਹੋਈ, ਉਹ ਉਸ ਸਮੇਂ ਵੀ ਸੀ। ਜਦੋਂ ਅਜੇ ਸਮੇਂ ਦੀ ਵੰਡ ਦਰਸਾਉਂਦੇ ਜੁਗਾਂ ਦੀ ਆਰੰਭਤਾ ਵੀ ਨਹੀਂ ਸੀ ਹੋਈ, ਉਹ ਉਦੋਂ ਵੀ ਸੀ ਅਤੇ ਉਹ ਅਕਾਲ ਪੁਰਖ ਅੱਜ ਵੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਾਇਮ ਰਹੇਗਾ। ਸਿੱਧੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪ੍ਰਮੇਸ਼ਰ ਤਿੰਨੇ ਕਾਲਾਂ ਭੂਤਕਾਲ-ਵਰਤਮਾਨ-ਭਵਿੱਖ ਵਿੱਚ ਸੀ-ਹੈ ਅਤੇ ਰਹੇਗਾ। ਸਿੱਖ ਕੌਮ ਵੱਲੋਂ ਰੋਜ਼ਾਨਾ ਨਿਤਨੇਮ ਵਜੋਂ ਪੜੀ ਜਾਂਦੀ ਰਹਰਾਸਿ ਸਾਹਿਬ ਦੀ ਬਾਣੀ ਰਾਹੀਂ ਗੁਰੂ ਰਾਮਦਾਸ ਜੀ ‘ਤੂੰ ਕਰਤਾ ਸਚਿਆਰੁ ਮੈਡਾ ਸਾਂਈ’ (11) ਆਖਦੇ ਹੋਏ ਪ੍ਰਮਾਤਮਾ ਨੂੰ ਸਭ ਕੁੱਝ ਪੈਦਾ ਕਰਨ ਵਾਲਾ, ਸਦੀਵੀ ਕਾਇਮ ਰਹਿਣ ਵਾਲਾ ਅਤੇ ਆਪਣਾ ਖਸਮ ਮੰਨਕੇ ਸਮਰਪਣ ਦੀ ਭਾਵਨਾ ਰੱਖਣ ਦੀ ਪ੍ਰੇਰਣਾ ਦਿੰਦੇ ਹਨ।

ਵਿਸ਼ਾ ਅਧੀਨ ਵਿਚਾਰ ਰਾਹੀਂ ਚੌਥੇ ਪਾਤਸ਼ਾਹ ਅਕਾਲ ਪੁਰਖ ਦਾ ਪਹਿਲਾ ਗੁਣ ਉਸ ਨੂੰ ਕਰਤਾ ਆਖ ਕੇ ਪਰਗਟ ਕਰਦੇ ਹਨ। ਜਦੋਂ ਅਜੇ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਹੋਈ, ਇਸ ਦੇ ਪਸਾਰੇ ਦੀ ਅਣਹੋਂਦ ਸੀ ‘ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ ਹੁਕਮੁ ਅਪਾਰਾ॥’ (1035) ਵਾਲੀ ਅਵਸਥਾ ਸੀ, ਉਸ ਸੁੰਨ ਦੀ ਅਵਸਥਾ ਵਿਚੋਂ ਪ੍ਰਮੇਸ਼ਰ ਨੇ ਪਹਿਲਾਂ ਆਪਣੇ ਆਪ ਨੂੰ ਪੈਦਾ ਕੀਤਾ, ਫਿਰ ਕੁਦਰਤ ਦੀ ਰਚਨਾ ਕੀਤੀ। ਪਰ ਕੁਦਰਤ ਦੀ ਰਚਨਾ ਕਰਨ ਉਪਰੰਤ ਇਸ ਰਚਨਾ ਤੋਂ ਪਾਸੇ ਨਹੀਂ ਹੋਇਆ ਸਗੋਂ ‘ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥’ (13) ਰੂਪ ਹੋ ਕੇ ਆਪਣੀ ਸਾਜੀ ਸਾਰੀ ਕਾਰ ਦੇ ਅੰਦਰ ਵੱਸਦਾ ਹੋਇਆ ਆਪਣੇ ਆਸਣ ਉਪਰ ਬਿਰਾਜਮਾਨ ਹੋ ਕੇ ਆਪਣੇ ਹੁਕਮ ਅੰਦਰ ਸਾਰੀ ਕਾਰ ਨੂੰ ਚਲਦਾ ਵੇਖ ਵੀ ਰਿਹਾ ਹੈ। ਸਾਰੀ ਸ੍ਰਿਸ਼ਟੀ ਦਾ ਕਰਤਾ ਹੋਣ ਕਰਕੇ ਸਭ ਨੂੰ ਦਾਤਾਂ ਵੀ ਵੰਡ ਰਿਹਾ ਹੈ ਅਤੇ ਜੀਵਾਂ ਦਾ ਜੰਮਣ-ਮਰਣ ਉਸ ਦੇ ਹੁਕਮ ਅੰਦਰ ਚਲ ਰਿਹਾ ਹੈ। ਇਸ ਪ੍ਰਥਾਇ ‘ਆਸਾ ਕੀ ਵਾਰ’ ਅੰਦਰ ਗੁਰੂ ਨਾਨਕ ਸਾਹਿਬ ਦੇ ਬਚਨ ਹਨ:-

ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ॥

ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥

ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥

ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥

ਕਰਿ ਆਸਣੁ ਡਿਠੋ ਚਾਉ॥

(ਆਸਾ ਕੀ ਵਾਰ ਮਹਲਾ 1-463)

ਉਹ ਅਕਾਲ ਪੁਰਖ ਸਾਰੇ ਸੰਸਾਰ ਦਾ ਮੂਲ ਹੈ, ਹਰ ਕਿਸਮ ਦੀ ਤਾਕਤ ਦਾ ਮਾਲਕ ਹੈ, ਸੰਸਾਰ ਅੰਦਰ ਉਹੀ ਕੁੱਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ। ਇੱਕ ਪਲ ਵਿੱਚ ਹੀ ਜੀਵਾਂ ਨੂੰ ਪੈਦਾ ਕਰਕੇ ਨਾਸ ਕਰ ਸਕਣ ਦੀ ਸਮਰੱਥਾ ਰੱਖਣ ਵਾਲਾ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਸੰਸਾਰ ਦੇ ਕਣ-ਕਣ ਵਿੱਚ ਪ੍ਰਭੂ ਵਿਆਪਕ ਹੈ। ਪਰ ਉਸ ਦੀ ਐਸੀ ਅਸਚਰਜਤਾ ਦੀ ਸਮਝ ਉਨ੍ਹਾਂ ਨੂੰ ਆਉਂਦੀ ਹੈ ਜਿਨ੍ਹਾਂ ਉਪਰ ਪ੍ਰਮੇਸ਼ਰ ਆਪ ਆਪਣੀ ਕ੍ਰਿਪਾ ਕਰਕੇ ਸੂਝ ਦਿੰਦਾ ਹੈ, ਜਿਨ੍ਹਾਂ ਨੂੰ ਇਹ ਸਮਝ ਆ ਜਾਂਦੀ ਹੈ ਉਹ ਜੀਵ ਵੀ ਪ੍ਰਮੇਸ਼ਰ ਵਾਂਗ ਨਿਰਮਲ ਹੋ ਜਾਂਦੇ ਹਨ। ਕਰਤਾ ਪੁਰਖ ਦੇ ਐਸੇ ਗੁਣਾਂ ਸਬੰਧੀ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ:-

ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ॥

ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ॥

ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ॥

ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ॥

ਜਿਸੁ ਆਪਿ ਬੁਝਾਏ ਸੋ ਬੁਝਸੀ ਨਿਰਮਲ ਜਨੁ ਸੋਈ॥

(ਜੈਤਸਰੀ ਕੀ ਵਾਰ ਮਹਲਾ 5-705)

ਗੁਰੂ ਰਾਮਦਾਸ ਜੀ ਵੱਲੋਂ ਉਚਾਰਣ ਕੀਤੇ ਗਏ ਵਿਸ਼ਾ ਅਧੀਨ ਗੁਰਬਾਣੀ ਫੁਰਮਾਣ ‘ਤੂੰ ਕਰਤਾ ਸਚਿਆਰੁ ਮੈਡਾ ਸਾਂਈ’ (11) ਵਿੱਚ ਪ੍ਰਮੇਸ਼ਰ ਦੇ ਦੂਜੇ ਗੁਣ ਸਚਿਆਰ ਹੋਣ ਦਾ ਜਿਕਰ ਹੈ। ਇਥੇ ਸਚਿਆਰ ਸ਼ਬਦ ਦਾ ਅਰਥ ਹੈ ਕਿ ਅਕਾਲ ਪੁਰਖ ਸਦਾ ਕਾਇਮ ਰਹਿਣ ਵਾਲਾ ਹੈ। ਸੰਸਾਰ ਅੰਦਰ ਜੋ ਵੀ ਪੈਦਾ ਹੋਇਆ ਹੈ, ਉਸ ਨੇ ‘ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ’ (1429) ਅਨੁਸਾਰ ਇੱਕ ਨਾ ਇੱਕ ਦਿਨ ਅਵੱਸ਼ ਹੀ ਨਾਸ ਹੋ ਜਾਣਾ ਕਰਤੇ ਦਾ ਅਟੱਲ ਨਿਯਮ ਹੈ। ਇਸ ਦੇ ਉਲਟ ਇੱਕ ਅਕਾਪੁਰਖ ਹੀ ਐਸੀ ਹਸਤੀ ਹੈ, ਜਿਸਦਾ ਪ੍ਰਕਾਸ਼ ਆਪਣੇ ਆਪ ਤੋਂ ਹੋਣ ਕਰਕੇ ਅਜੂਨੀ ਕਿਹਾ ਗਿਆ ਹੈ ਅਤੇ ਨਾਸ ਰਹਿਤ ਹੋਣ ਕਰਕੇ ਉਸਨੂੰ ਅਕਾਲ ਮੂਰਤਿ ਵੀ ਕਿਹਾ ਗਿਆ ਹੈ। ਇਸ ਲਈ ਮਨੁੱਖ ਨੂੰ ਵੀ ਐਸੀ ਅਵਸਥਾ ਦੇ ਧਾਰਨੀ ਬਨਣ ਲਈ ਸਚਿਆਰ ਬਨਣ ਦੀ ਗੁਰਬਾਣੀ ਬਾਰ-ਬਾਰ ਪ੍ਰੇਰਣਾ ਦਿੰਦੀ ਹੈ। ਜਪੁ ਬਾਣੀ ਰਾਹੀਂ ਗੁਰੂ ਨਾਨਕ ਸਾਹਿਬ ਨੇ ਇਹ ਪ੍ਰਸ਼ਨ ਖੜਾ ਕੀਤਾ ਹੈ ਕਿ ਸਾਡੇ ਤੇ ਪ੍ਰਮਾਤਮਾ ਦਰਮਿਆਨ ਜੋ ਕੂੜ ਦੀ ਦੀਵਾਰ ਖੜੀ ਹੋਣ ਕਾਰਣ ਮਿਲਾਪ ਨਹੀਂ ਹੋ ਰਿਹਾ ਅਤੇ ਸਚਿਆਰਤਾ ਵਾਲਾ ਗੁਣ ਸਾਡੇ ਜੀਵਨ ਵਿੱਚ ਨਹੀਂ ਆ ਰਿਹਾ? ਇਸ ਰੁਕਾਵਟ ਨੂੰ ਦੂਰ ਕਰਨ ਲਈ ਸਾਨੂੰ ਕੀ ਯਤਨ ਕਰਨੇ ਪੈਣਗੇ? ਇਸ ਦਾ ਉੱਤਰ ਗੁਰੂ ਪਾਤਸ਼ਾਹ ਨੇ ਆਪ ਹੀ ਅਗਲੀ ਤੁਕ ਵਿੱਚ ਦੇ ਦਿੱਤਾ ਹੈ ਕਿ ਸਾਨੂੰ ਆਪਣੇ ਜੀਵਨ ਵਿੱਚ ਪ੍ਰਮੇਸ਼ਰ ਦੇ ਹੁਕਮ ਨੂੰ ਖਿੜੇ ਮੱਥੇ ਮੰਨਦੇ ਹੋਏ ਉਸ ਦੀ ਰਜ਼ਾ-ਭਾਣੇ ਵਿੱਚ ਚਲਣਾ ਪਵੇਗਾ। ਇਸ ਤਰਾਂ ਕਰਨ ਨਾਲ ਪ੍ਰਭੂ ਵਾਂਗ ਅਸੀਂ ਵੀ ਸਚਿਆਰ ਬਨਣ ਦੀ ਆਸ ਕਰ ਸਕਦੇ ਹਾਂ, ਇਹੀ ਜੀਵਨ ਦੀ ਅਸਲੀ ਪ੍ਰਾਪਤੀ ਹੈ। ਇਸ ਪ੍ਰਥਾਇ ਗੁਰਬਾਣੀ ਬਚਨ ਸਾਡੇ ਸਾਰਿਆਂ ਦੇ ਚੇਤੇ ਵਿੱਚ ਉਕਰਿਆ ਹੋਇਆ ਹੈ:-

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥

ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥

(ਜਪੁ-1)

ਸਚਿਆਰ ਅਕਾਲ ਪੁਰਖ ਨਾਲ ਜੁੜਣ ਲਈ ਸਾਨੂੰ ਆਪਣੇ ਜੀਵਨ ਵਿੱਚੋਂ ਕੂੜ ਨੂੰ ਪਾਸੇ ਕਰਨਾ ਪਵੇਗਾ। ਜਿੰਨਾਂ ਚਿਰ ਸਾਡੀ ਜੀਵਨ ਜਾਚ ਵਿੱਚ ਕੂੜ ਦੀ ਜਗ੍ਹਾ ਬਣੀ ਰਹੇਗੀ, ਉਨਾਂ ਸਮਾਂ ਸੱਚ ਵਿੱਚ ਸਮਾਈ ਹੋਣ ਦੀ ਆਸ ਕਰਨੀ ਵੀ ਨਿਰਰਥਕ ਹੀ ਹੋਵੇਗੀ। ਅਕਾਲਪੁਰਖ ਦੇ ਧਰਮ ਨਿਆਉਂ ਅਨੁਸਾਰ ਜੀਵ ਦੇ ਚੰਗੇ ਮੰਦੇ ਕਰਮਾਂ ਦੇ ਆਧਾਰ ਉਪਰ ਉਸ ਦੇ ਦਰਬਾਰ ਅੰਦਰ ਸੱਚ ਦੇ ਵਪਾਰੀਆਂ ਨੂੰ ਸਤਿਕਾਰ ਨਾਲ ਨਿਵਾਜਿਆ ਜਾਵੇਗਾ। ਕੂੜ ਦੇ ਵਪਾਰੀਆਂ ਨੂੰ ਦੁਰਕਾਰ ਕੇ ਬਾਹਰ ਕੱਢ ਦਿਤਾ ਜਾਣਾ ਕਰਤੇ ਦਾ ਅਟੱਲ ਨਿਯਮ ਹੈ। ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹਨ:-

ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ॥

ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ॥

(ਸਿਰੀਰਾਗੁ ਕੀ ਵਾਰ-ਮਹਲਾ 4-89)

ਅਕਾਲ ਪੁਰਖ ਦੇ ਇਸ ਗੁਣ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਹਿਤ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਚਿਆਰ ਪ੍ਰਮਾਤਮਾ ਤੋਂ ਸਦਾ-ਸਦਾ ਬਲਿਹਾਰ ਜਾਈਏ। ਐਸੀ ਅਵਸਥਾ ਦੀ ਪ੍ਰਾਪਤੀ ਲਈ ਸਾਨੂੰ ‘ਵਾਹੁ ਵਾਹੁ ਬਾਣੀ ਨਿਰੰਕਾਰ ਹੈ’ (515) ਦੇ ਸੱਚੇ ਸ਼ਬਦ ਨਾਲ ਜੁੜਣਾ ਪਵੇਗਾ।

ਸਾਚੇ ਸਚਿਆਰ ਵਿਟਹੁ ਕੁਰਬਾਣੁ॥

ਨਾ ਤਿਸੁ ਰੂਪ ਵਰਨੁ ਨਹੀ ਰੇਖਿਆ ਸਾਚੈ ਸਬਦਿ ਨੀਸਾਣੁ॥

(ਸੋਰਠਿ ਮਹਲਾ 1-597)

ਵਿਸ਼ਾ ਅਧੀਨ ਗੁਰਬਾਣੀ ਦੇ ਪਾਵਨ ਬਚਨ ‘ਤੂੰ ਕਰਤਾ ਸਚਿਆਰੁ ਮੈਡਾ ਸਾਂਈ’ (11) ਰਾਹੀਂ ਪ੍ਰਮੇਸ਼ਰ ਦੇ ਬਿਆਨ ਕੀਤੇ ਗੁਣਾਂ ਵਿਚੋਂ ਤੀਜਾ ਤੇ ਆਖਰੀ ਗੁਣ ਪ੍ਰਮਾਤਮਾ ਦਾ ਮਾਲਕ ਰੂਪ ਵਿੱਚ ਹੋਣਾ ਹੈ। ਗੁਰਬਾਣੀ ਅੰਦਰ ਅਨੇਕ ਵਾਰ ਅਕਾਲ ਪੁਰਖ ਦੇ ਗੁਣਾਂ ਦਾ ਜਿਕਰ ਮਿਲਦਾ ਹੈ ਕਿਤੇ ਉਸਨੂੰ ਗੋਸਾਂਈ, ਗੋਪਾਲ, ਠਾਕੁਰੁ ਸੁਲਤਾਨ, ਮਿਹਰਵਾਨ, ਭਗਵਾਨ ਆਦਿਕ ਬੇਅੰਤ ਨਾਵਾਂ ਨਾਲ ਯਾਦ ਕੀਤਾ ਗਿਆ ਹੈ। ਲੋੜ ਹੈ ਕਿ ਅਸੀਂ ਪ੍ਰਮੇਸ਼ਰ ਨੂੰ ਆਪਣਾ ਮੰਨਦੇ ਹੋਏ ਸੱਚੇ-ਸੁੱਚੇ ਜੀਵਨ ਵਾਲੇ ਬਣਕੇ ਉਸ ਕਰਤੇ ਪੁਰਖ ਉਪਰ ਭਰੋਸਾ ਰੱਖ ਲਈਏ ਅਤੇ ਉਸ ਨੂੰ ‘ਤੂੰ ਸਾਝਾ ਸਾਹਿਬੁ ਬਾਪੁ ਹਮਾਰਾ’ (97) ਮੰਨਦੇ ਹੋਏ ਪੂਰੇ ਭਰੋਸੇ ਨਾਲ ਕਰਤਾ ਪੁਰਖ ਦੇ ਚਰਨਾਂ ਵਿੱਚ ਬੱਚੇ ਬਣ ਕੇ ਅਰਦਾਸ ਕਰੀਏ ਤਾਂ ਜੋ ਅਸੀਂ ਵੀ ਗੁਰੂ ਦਰਸਾਏ ਮਾਰਗ ਉਪਰ ਚਲਦੇ ਹੋਏ ਪ੍ਰਭੂ ਮਿਲਾਪ ਰੂਪੀ ਮੰਜ਼ਿਲ ਦੀ ਪ੍ਰਾਪਤੀ ਕਰ ਸਕੀਏ।

ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ॥

ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ॥

ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ॥

(ਸੋਰਠਿ ਮਹਲਾ 5-624)

******************************




.