.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਨੌਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਗੁਰ ਬੋਹਿਥੁ ਪਾਇਆ" …."ਆਪੇ ਸਾਗਰੁ ਬੋਹਿਥਾ…" - "ਸ੍ਰੀ ਗੁਰੂ ਗ੍ਰੰਥ ਸਾਹਿਬ" ਕੋਸ਼ ਅਨੁਸਾਰ ਲਫ਼ਜ਼ "ਬੋਹਿਥ" ਦੇ ਅਰਥ ਹਨ ਜਹਾਜ਼, ਬੇੜਾ ਅਥਵਾ ਸਮੁੰਦ੍ਰ `ਚ ਚਲਣ ਵਾਲੀ ਬਹੁਤ ਵੱਡੀ ਕਿਸ਼ਤੀ।

ਦਰਅਸਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਵੀ ਲਫ਼ਜ਼ "ਬੋਹਿਥ" ਇੱਕ ਵਾਰੀ ਨਹੀਂ ਬਲਕਿ ਭਿੰਨ-ਭਿੰਨ ਰੂਪਾਂ `ਚ ਜਿਵੇਂ "ਬੋਹਿਥ, ਬੋਹਿਥੁ, ਬੋਹਿਥੋ, ਬੋਹਿਥਾ, ਬੋਹਿਥਉ, ਬੋਹਿਥੜਾ" ਆਦਿ, ਬਹੁਤ ਵਾਰੀ ਆਇਆ ਹੋਇਆ ਹੈ। ਇਹ ਵੀ ਕਿ ਸਿਵਾਏ ਇੱਕ ਵਾਰ ਦੇ, ਇਹ ਲਫ਼ਜ਼ ਗੁਰਬਾਣੀ `ਚ ਵੀ ਹਰੇਕ ਵਾਰ ਜਹਾਜ਼ ਅਥਵਾ ਬੇੜੇ ਦੇ ਅਰਥਾਂ `ਚ ਹੀ ਆਇਆ ਹੈ।

ਫ਼ਿਰ ਗੁਰਬਾਣੀ `ਚ ਲਫ਼ਜ਼ ਬੋਹਿਥਾ ਵੀ ਠੀਕ ਉਸੇ ਤਰ੍ਹਾਂ ਆਇਆ ਹੈ ਜਿਵੇਂ ਅਸਾਂ ਗੁਰਬਾਣੀ ਵਿੱਚਲੀ ਵਿਸ਼ੇਸ਼ਣ ਰੂਪ ਪੰਕਤੀ "ਸਭ ਮਹਿ ਰਹਿਆ ਸਮਾਇ" ਨਾਲ ਸੰਬੰਧਤ ਵੇਰਵੇ ਸਮੇਂ ਦੇਖਿਆ ਅਤੇ ਸਮਝਣ ਦਾ ਯਤਣ ਕੀਤਾ। "ੴ" ਤੋਂ "ਤਨੁ ਮਨੁ ਥੀਵੈ ਹਰਿਆ ਤੀਕ" ਸੰਪੂਰਣ ਗੁਰਬਾਣੀ `ਚ ਲਫ਼ਜ਼ "ਬੋਹਿਥਾ" ਭਾਵੇਂ ਕਿਸੇ ਵੀ ਰੂਪ `ਚ ਆਇਆ ਹੈ ਪਰ ਇਥੇ ਵੀ ਇਹ ਲਫ਼ਜ਼:-

(੧) ਗੁਰਬਾਣੀ ਵਿੱਚਲੀ ਵਿਸ਼ੇਸ਼ਣ ਰੂਪ ਪੰਕਤੀ "ਸਭ ਮਹਿ ਰਹਿਆ ਸਮਾਇ" ਵਾਂਙ ਹੀ ਗੁਰਬਾਣੀ ਦੀਆਂ ਕਈ ਰਚਨਾਵਾਂ `ਚ ਨਿਰੋਲ ਅਕਾਲਪੁਰਖ ਲਈ ਆਇਆ ਹੈ ਅਤੇ

(੨) ਗੁਰਬਾਣੀ ਦੀਆਂ ਕਈ ਰਚਨਾਵਾਂ `ਚ ਗੁਰਬਾਣੀ ਵਿੱਚਲੀ ਵਿਸ਼ੇਸ਼ਣ ਰੂਪ ਉਸੇ ਪੰਕਤੀ "ਸਭ ਮਹਿ ਰਹਿਆ ਸਮਾਇ" ਵਾਂਙ ਹੀ ਸਮੂਚੇ ਮਨੁੱਖ ਮਾਤ੍ਰ ਤੇ ਖਾਸਕਰ "ਗੁਰਬਾਣੀ ਆਧਾਰਤ" ਉਸ ਇਕੋ-ਇਕ "ਗੁਰੂ", ਸਤਿਗੁਰੂ, ਸ਼ਬਦ, ਸ਼ਬਦ-ਗੁਰੂ ਅਥਵਾ ਗਿਆਨ-ਗੁਰੂ ਲਈ ਵੀ ਉਸੇ ਤਰ੍ਹਾਂ ਬੜੇ ਹੈਰਾਣਕੁਣ ਅਤੇ ਵਿਸਮਾਦੀ ਢੰਗ ਨਾਲ, ਬਰਾਬਰੀ `ਤੇ ਹੀ ਵਰਤਿਆ ਹੋਇਆ ਹੈ।

ਇਸ ਤਰ੍ਹਾਂ ਗੁਰਦੇਵ ਨੇ ਇਥੇ "ਬੋਹਿਥ, ਬੋਹਿਥੁ, ਬੋਹਿਥੋ, ਬੋਹਿਥਾ, ਬੋਹਿਥਉ, ਬੋਹਿਥੜਾ" ਆਦਿ ਸ਼ਬਦਾਵਲੀ ਨਾਲ ਵੀ ਉਸੇ ਤਰ੍ਹਾਂ ਹੀ ਸਪਸ਼ਟ ਕੀਤਾ ਹੋਇਆ ਹੈ ਕਿ ਗੁਰਬਾਣੀ ਅਨੁਸਾਰ ਅਕਾਲਪੁਰਖ ਤੇ ਗੁਰਬਾਣੀ ਆਧਾਰਤ ਸਮੂਚੇ ਮਨੁੱਖ ਮਾਤ੍ਰ ਦਾ ਇਕੋ-ਇਕ "ਗੁਰੂ", ਭਿੰਨ ਭਿੰਨ ਦੋ ਹਸਤੀਆਂ ਨਹੀਂ ਹਨ। ਕੁਲ ਮਿਲਾ ਕੇ ਗੁਰਬਾਣੀ ਅਨੁਸਾਰ ਅਕਾਲਪੁਰਖ ਤੇ ਗੁਰਬਾਣੀ ਆਧਾਰਤ ਗੁਰੂ, ਇਕੋ ਹੀ ਹਸਤੀ ਹੈ। ਤਾਂ ਅਸਾਂ ਇਥੇ ਵੀ ਫ਼ਿਰ ਤੋਂ ਦੇਖਣਾ ਹੈ ਕਿ ਫ਼ਰਕ ਕਿੱਥੇ ਹੈ?

ਫ਼ਰਕ ਕੇਵਲ ਇਤਨਾ ਹੈ ਕਿ ਅਕਾਲਪੁਰਖ ਬੇਸ਼ੱਕ ਅਨੰਤ ਗੁਣਾਂ ਦਾ ਮਾਲਿਕ ਹੈ। ਪ੍ਰਭੂ ਦੇ ਗੁਣ ਬਿਆਣ ਕਰਣ ਤੇ ਗਉਣ ਵਾਲਾ "ਗੁਣ ਕਹਿ ਗੁਣੀ ਸਮਾਵਣਿਆ" (ਪੰ: ੧੧੦) ਪ੍ਰਭੂ ਦੇ ਗੁਣ ਗਾਉਂਦਾ-ਗਾਉਂਦਾ ਪ੍ਰਭੂ `ਚ ਸਮਾਅ ਤਾਂ ਸਕਦਾ ਹੈ ਪਰ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ।

ਤਾਂ ਵੀ ਸਮੂਚੇ ਮਨੁੱਖ ਮਾਤ੍ਰ ਤੇ ਖਾਸਕਰ "ਗੁਰਬਾਣੀ ਆਧਾਰਤ" ਸੰਸਾਰ ਤਲ ਦੇ ਉਸ ਇਕੋ-ਇਕ "ਗੁਰੂ", ਸਤਿਗੁਰੂ, ਸ਼ਬਦ, ਸ਼ਬਦ-ਗੁਰੂ ਅਥਵਾ ਗਿਆਨ-ਗੁਰੂ ਵਾਲੇ "ਪ੍ਰਭੂ ਦੇ ਉਸ ਵਿਸ਼ੇਸ਼ ਗੁਣ-ਗੁਰੂ ਦਾ" ਸਿਧਾ ਸੰਬੰਧ, ਪ੍ਰਭੂ ਦੀਆਂ ਅਰਬਾਂ-ਖਰਬਾਂ ਜੂਨਾਂ ਚੋਂ ਖਾਸਕਰ ਇਕੋ-ਇਕ ਵਿਸ਼ੇਸ਼ ਤੇ ਦੁਰਲਭ ਜੂਨ ਭਾਵ ਮਨੁੱਖਾ ਜੂਨ ਅਥਵਾ ਜਨਮ ਦੀ ਸਫ਼ਲਤਾ ਤੇ ਅਸਫ਼ਲਤਾ ਨਾਲ ਵੀ ਹੈ।

ਇਸ ਲਈ "ਗੁਰਬਾਣੀ ਆਧਾਰਤ" "ਗੁਰੂ" ਪਦ, ਆਪਣੇ ਆਪ `ਚ ਪ੍ਰਭੂ ਦਾ ਹੀ ਵਿਸ਼ੇਸ਼ ਅਤੇ ਅਜਿਹਾ ਗੁਣ ਹੈ ਜਿਹੜਾ ਉਸਦੇ ਅਨੰਤ ਗੁਣਾਂ ਚੋਂ ਵੱਖਰਾ ਨਿਵੇਕਲਾ ਅਤੇ ਨਿਤਾਂਤ ਭਿੰਨ ਹੈ।

ਫ਼ਿਰ ਇਤਨਾ ਹੀ ਨਹੀਂ ਬਲਕਿ ਗੁਰਦੇਵ ਨੇ ਤਾਂ ਗੁਰਬਾਣੀ `ਚ ਵੀ ਸਮੂਚੇ ਮਨੁੱਖ ਮਾਤ੍ਰ ਅਤੇ ਖਾਸਕਰ "ਗੁਰਬਾਣੀ ਆਧਾਰਤ" ਸੰਸਾਰ ਤਲ ਦੇ ਇਕੋ-ਇਕ "ਗੁਰੂ", ਸਤਿਗੁਰੂ, ਸ਼ਬਦ, ਸ਼ਬਦ-ਗੁਰੂ ਅਥਵਾ ਗਿਆਨ-ਗੁਰੂ ਪ੍ਰਤੀ, ਮਨੁੱਖ ਨੂੰ ਇਸ ਪੱਖੋਂ ਬੇਅੰਤ ਵਾਰ ਸੁਚੇਤ ਤੇ ਸਪਸ਼ਟ ਕੀਤਾ ਹੋਇਆ ਹੈ:

ਐ ਮਨੁੱਖ! ਪ੍ਰਭੂ ਵੱਲੋਂ ਤੈਨੂੰ ਇਹ ਮਨੁੱਖਾ ਜਨਮ ਵਾਲਾ ਵਿਸ਼ੇਸ਼ ਅਤੇ ਦੁਰਲਭ ਅਵਸਰ ਮਿਲਿਆ ਹੀ ਇਸ ਲਈ ਹੈ, ਤਾ ਕਿ ਤੂੰ ਸਾਧਸੰਗਤ ਦੇ ਸਹਿਯੋਗ ਰਾਹੀਂ "ਗੁਰੂ-ਗੁਰਬਾਣੀ" ਦੀ ਸ਼ਰਣ `ਚ ਆ ਤਾ ਕਿ ਤੋੰ ਜੀਂਦੇ ਜੀਅ ਵਾਪਿਸ ਆਪਣੇ ਅਸਲੇ ਪ੍ਰਭੂ ਚ ਅਭੇਦ ਹੋ ਸਕੇਂ, ਪ੍ਰਭੂ `ਚ ਸਮਾਅ ਜਾਵੇਂ। ਇਸ ਤਰ੍ਹਾਂ ਅਕਾਲਪੁਰਖ ਤੋਂ ਤੇਰਾ ਜਨਮਾਂ-ਜਨਮਾਂਤ੍ਰਾਂ ਤੋਂ ਬਣਿਆ ਹੋਇਆ ਵਿਛੋੜਾ ਸਦਾ ਲਈ ਸਮਾਪਤ ਹੋ ਜਾਵੇ। ਤੈਨੂੰ ਫ਼ਿਰ ਤੋਂ ਉਨ੍ਹਾਂ ਜਨਮਾਂ-ਜੂਨਾਂ ਅਤੇ ਭਿੰਨ ਗਰਭਾਂ ਦੇ ਗੇੜ ਨਾ ਪੈਣਾ ਪਵੇ।

ਖ਼ੂਬੀ ਇਹ ਕਿ ਇਥੇ ਵੀ ਗੁਰਬਾਣੀ ਵਿੱਚਲੀ ਵਿਸ਼ੇਸ਼ਣ ਰੂਪ ਉਸੇ ਪੰਕਤੀ "ਸਭ ਮਹਿ ਰਹਿਆ ਸਮਾਇ" ਵਾਂਙ ਗੁਰਦੇਵ ਨੇ ਜਦੋਂ-ਜਦੋਂ ਵੀ ਲਫ਼ਜ਼ "ਬੋਹਿਥ, ਬੋਹਿਥੁ, ਬੋਹਿਥੋ, ਬੋਹਿਥਾ, ਬੋਹਿਥਉ, ਬੋਹਿਥੜਾ" ਆਦਿ ਨੂੰ ਸਿਧਾ ਅਕਾਲਪ੍ਰੁਰਖ ਲਈ ਵਰਤਿਆ ਤਾਂ ਸੰਬੰਧਤ ਗੁਰਬਾਣੀ ਫ਼ੁਰਮਾਨਾ ਅਤੇ ਸ਼ਬਦਾਂ `ਚ ਅਕਾਲਪੁਰਖ ਦਾ ਮਿਲਾਵਾ ਉਸ "ਇਕੋ-ਇਕ "ਗੁਰਬਾਣੀ-ਗੁਰੂ" ਨੂੰ ਹੀ ਦੱਸਿਆ ਹੈ। ਭਾਵ ਉਥੇ ਵੀ ਇਹੀ ਦ੍ਰਿੜ ਕਰਵਾਇਆ ਹੋਇਆ ਹੈ ਕਿ "ਸ਼ਬਦ-ਗੁਰੂ" ਦੀ ਕਮਾਈ ਕੀਤੇ ਬਿਨਾ ਅਤੇ "ਗੁਰਬਾਣੀ-ਗੁਰੂ" ਦੀ ਸ਼ਰਣ `ਚ ਆਏ ਬਿਨਾ, ਵਾਪਿਸ ਅਕਾਲਪੁਰਖ `ਚ ਅਭੇਦ ਹੋਣਾ ਸੰਭਵ ਨਹੀਂ।

ਤਾਂ ਤੇ ਵਿਸ਼ੇ ਨੂੰ ਪੂਰੀ ਤਰ੍ਹਾਂ ਖੋਲਣ, ਬਲਕਿ ਹੋਰ ਸਪਸ਼ਟ ਕਰਣ ਲਈ ਤੇ ਗੁਰੂ ਕੀਆਂ ਸੰਗਤਾਂ ਦੀ ਸਹੂਲਿਅਤ ਨੂੰ ਮੂੱਖ ਰਖਦੇ ਹੋਏ ਅਸੀਂ "ਬੋਹਿਥ, ਬੋਹਿਥੁ, ਬੋਹਿਥੋ, ਬੋਹਿਥਾ, ਬੋਹਿਥਉ, ਬੋਹਿਥੜਾ" ਆਦਿ ਸ਼ਬਦਾਵਲੀ ਨਾਲ ਸੰਬੰਧਤ ਗੁਰਬਾਣੀ ਫ਼ੁਰਮਾਨਾਂ ਨੂੰ ਵੱਖ-ਵੱਖ ਦੋ ਭਾਗਾਂ `ਚ ਵੰਡ ਰਹੇ ਹਾਂ।

ਇਥੇ ਪਹਿਲ਼ਾਂ ਅਸੀਂ ਕੇਵਲ ਉਨ੍ਹਾਂ ਗੁਰਬਾਣੀ ਫ਼ੁਰਮਾਨ ਨੂੰ ਲੈ ਰਹੇ ਹਾਂ ਜਿਨ੍ਹਾਂ `ਚ ਗੁਰਦੇਵ ਨੇ "ਬੋਹਿਥ, ਬੋਹਿਥੁ, ਬੋਹਿਥੋ, ਬੋਹਿਥਾ, ਬੋਹਿਥਉ, ਬੋਹਿਥੜਾ" ਆਦਿ ਸ਼ਬਦਾਵਲੀ ਨੂੰ ਕੇਵਲ "ਗੁਰਬਾਣੀ ਆਧਾਰਤ" "ਇਕੋ-ਇਕ ਗੁਰੂ" ਅਥਵਾ "ਗੁਰਬਾਣੀ-ਗੁਰੂ" ਲਈ ਹੀ ਵਰਤਿਆ ਹੋਇਆ ਹੈ।

ਉਸ ਤੋਂ ਬਾਅਦ ਦੂਜੇ ਨੰਬਰ `ਤੇ ਅਸੀਂ ਅਜਿਹੇ ਫ਼ੁਰਮਾਣ ਲੈ ਰਹੇ ਹਾਂ ਜਿਨ੍ਹਾਂ `ਚ ਗੁਰਦੇਵ ਨੇ ਉਸੇ "ਬੋਹਿਥ, ਬੋਹਿਥੁ, ਬੋਹਿਥੋ, ਬੋਹਿਥਾ, ਬੋਹਿਥਉ, ਬੋਹਿਥੜਾ" ਆਦਿ ਸ਼ਬਦਾਵਲੀ ਨੂੰ ਸਿੱਧਾ "ਅਕਾਲਪੁਰਖ" ਲਈ, ਪਰ ਉਥੇ ਵੀ ਇਸ ਨੂੰ ਜਹਾਜ਼ ਦੇ ਅਰਥਾਂ `ਚ ਹੀ ਵਰਤਿਆ ਹੋਇਆ ਹੈ।

ਦੂਜੇ ਲਫ਼ਜ਼ਾਂ `ਚ, ਇਥੇ "ਬੋਹਿਥ, ਬੋਹਿਥੁ, ਬੋਹਿਥੋ, ਬੋਹਿਥਾ, ਬੋਹਿਥਉ, ਬੋਹਿਥੜਾ" ਆਦਿ ਸ਼ਬਦਾਵਲੀ ਨਾਲ ਵੀ "ਗੁਰਬਾਣੀ ਦੇ ਉਸੇ ਸਿਧਾਂਤ" ਨੂੰ ਨਿਖਾਰਿਆ ਹੋਇਆ ਹੈ ਕਿ ਅਕਾਲਪੁਰਖ ਅਤੇ ਸਮੂਚੇ ਮਨੁੱਖ ਮਾਤ੍ਰ ਅਤੇ ਵਿਸ਼ੇਸ਼ਕਰ ਗੁਰਬਾਣੀ ਦੇ ਸਿੱਖਾਂ ਦਾ ਗੁਰਬਾਣੀ ਆਧਾਰਤ ਇਕੋ-ਇਕ "ਗੁਰੂ" --ਦੋ ਭਿੰਨ ਭਿੰਨ ਹਸਤੀਆਂ ਨਹੀਂ ਹਨ, ਕੁਲ ਮਿਲਾ ਕੇ ਇਹ ਇਕੋ ਹੀ ਕਰਤਾਪੁਰਖ ਦੇ ਭਿੰਨ ਭਿੰਨ ਸੰਬੋਧਨ ਹੈ।

ਮੁੱਕਦੀ ਗੱਲ ਇਹ ਗੁਰਬਾਣੀ ਅਨੁਸਾਰ ਅਕਾਲਪੁਰਖ ਦੇ ਅਨੰਤ ਗੁਣਾਂ `ਚੋਂ ਗੁਰਬਾਣੀ ਆਧਾਰਤ ਇਕੋ-ਇਕ "ਗੁਰੂ" ਵੀ, ਬੇਸ਼ੱਕ "ਅਕਾਲਪੁਰਖ" ਦਾ ਹੀ ਵਿਸ਼ੇਸ਼ ਅਤੇ ਨਿਵੇਕਲਾ ਗੁਣ ਹੈ।

ਪਰ ਪ੍ਰਭੂ ਦੇ ਇਸ "ਗੁਰੂ" ਗੁਣ ਦਾ ਸਿੱਧਾ ਸ਼ੰਬੰਧ, ਜੀਵ ਨੂੰ ਪ੍ਰਾਪਤ ਮਨੁੱਖਾ ਜੂਨ/ਜਨਮ ਸਮੇਂ- "ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ" (ਪ: ੪੪੧) ਅਨੁਸਾਰ ਖਾਸ ਤੌਰ `ਤੇ "ਮਨ ਰੂਪ ਜੀਵ ਦੀ ਸਫ਼ਲਤਾ ਤੇ ਅਸਫ਼ਲਤਾ ਨਾਲ ਵੀ ਹੈ।

ਇਸੇ ਕਾਰਣ ਗੁਰਦੇਵ ਨੇ ਪ੍ਰਭੂ ਦੇ ਇਸ ਨਿਵੇਕਲੇ ਅਤੇ ਵਿਸ਼ੇਸ ਗੁਣ ਲਈ ਸਮੂਚੀ ਗੁਰਬਾਣੀ `ਚ ਉਚੇਚਾ ਲਫ਼ਜ਼ "ਗੁਰੂ", ਸ਼ਬਦ, ਸ਼ਬਦ ਗੁਰੂ, ਵਿਵੇਕੋ ਆਦਿ ਹੀ ਵਰਤਿਆ ਹੋਇਆ ਹੈ ਅਤੇ ਉਹ ਵੀ ਗੁਰੂ ਪਦ ਨਾਲ ਸੰਬੰਧਤ ਪੁਰਾਤਨ ਬਲਕਿ ਲੰਮੇਂ ਸਮੇਂ ਤੋਂ ਚਲਦੇ ਆ ਰਹੇ ਸਮੂਹ ਅਰਥਾਂ ਨੂੰ ਨਕਾਰਣ ਤੋਂ ਬਾਅਦ, ਨਿਰੋਲ "ਗੁਰਬਾਣੀ ਆਧਾਰਤ" ਨਿਤਾਂਤ ਨਿਵੇਕਲੇ, ਨਿਰੋਏ ਭਿੰਨ ਅਤੇ ਬਿਲਕੁਲ ਵੱਖਰੇ ਅਤੇ ਨਵੇਂ ਅਰਥਾਂ `ਚ

ਤਾਂ ਤੇ ਹੁਣ ਵੱਧਦੇ ਹਾਂ ਉਸ ਵੇਰਵੇ ਅਧੀਨ ਹੱਥਲੇ ਨੁੱਕਤੇ ਵੱਲ:- ਹੇਠਾਂ ਦਿੱਤੇ (ੳ) ਅਤੇ (ਅ) ਦੋ ਭਾਗਾਂ `ਚ ਅਸੀਂ ਹਰੇਕ ਸੰਬੰਧਤ "ਗੁਰਬਾਣੀ ਫ਼ੁਰਮਾਨ" ਨੂੰ ਅਰਥਾਂ ਸਹਿਤ ਇਸ ਲਈ ਦੇ ਰਹੇ ਹਾਂ ਤਾ ਕਿ ਗੁਰੂ ਕੀਆਂ ਸੰਗਤਾਂ ਨੂੰ ਵਿਸ਼ਾ ਪੂਰੀ ਤਰ੍ਹਾਂ ਸਪਸ਼ਟ ਹੋ ਜਾਵੇ ਅਤੇ ਸਮਝ `ਚ ਆ ਜਾਵੇ। ਉਪ੍ਰੰਤ ਹੇਠਾਂ ਦਿੱਤੇ ਭਾਗ (ੳ) ਅਤੇ (ਅ) ਸੰਬੰਧੀਂ ਸੰਖੇਪ ਜਾਣਕਾਰੀ:-

(ੳ) ਭਾਗ `ਚ ਅਸੀਂ ਕੇਵਲ ਉਨ੍ਹਾਂ ਗੁਰਬਾਣੀ ਫ਼ੁਰਮਾਨਾਂ ਨੂੰ ਲੈ ਰਹੇ ਹਾਂ ਜਿਨ੍ਹਾਂ `ਚ ਸ਼ਬਦਾਵਲੀ ਤਾਂ "ਬੋਹਿਥ, ਬੋਹਿਥੁ, ਬੋਹਿਥੋ, ਬੋਹਿਥਾ, ਬੋਹਿਥਉ, ਬੋਹਿਥੜਾ" ਆਦਿ ਹੀ ਵਰਤੀ ਹੋਈ ਹੈ ਅਤੇ ਉਹ ਵੀ ਜਹਾਜ਼ ਦੇ ਅਰਥ `ਚ ਹੀ, ਪਰ ਵਰਤੀ ਹੋਈ ਹੈ "ਗੁਰਬਾਣੀ ਆਧਾਰਤ" "ਸੰਸਾਰ ਤਲ ਦੇ ਇਕੋ ਇੱਕ ਗੁਰੂ" ਭਾਵ "ਸ਼ਬਦ-ਗੁਰੂ" ਅਥਵਾ "ਗੁਰਬਾਣੀ ਗੁਰੂ" ਲਈ। ਫ਼ਿਰ ਉਸ ਤੋਂ ਬਾਅਦ:-

(ਅ) ਭਾਗ `ਚ ਅਸੀਂ ਅਜਿਹੇ ਗੁਰਬਾਣੀ ਫ਼ੁਰਮਾਨ ਲੈ ਰਹੇ ਹਾਂ ਜਿਨ੍ਹਾਂ `ਚ ਵੀ ਸ਼ਬਦਾਵਲੀ ਤਾਂ "ਬੋਹਿਥ, ਬੋਹਿਥੁ, ਬੋਹਿਥੋ, ਬੋਹਿਥਾ, ਬੋਹਿਥਉ, ਬੋਹਿਥੜਾ" ਆਦਿ ਹੀ ਵਰਤੀ ਹੋਈ ਹੈ ਅਤੇ ਉੱਥੇ ਵੀ ਜਹਾਜ਼ ਦੇ ਅਰਥਾਂ `ਚ ਹੀ, ਪਰ ਵਰਤੀ ਹੋਈ ਹੈ ਕੇਵਲ ਤੇ ਕੇਵਲ "ਅਕਾਲਪੁਰਖ" ਲਈ।

(ੳ) :----------------------------------

() "ਮੇਰੇ ਠਾਕੁਰ ਪੂਰੈ ਤਖਤਿ ਅਡੋਲੁ॥ ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ॥ ੧॥ ਰਹਾਉ॥ ਪ੍ਰਭੁ ਹਰਿ ਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ॥ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ॥ ਬਿਨੁ ਪਉੜੀ ਗੜਿ ਕਿਉ ਚੜਉ, ਗੁਰ ਹਰਿ ਧਿਆਨ ਨਿਹਾਲ॥ ੨॥ ਗੁਰੁ ਪਉੜੀ, ਬੇੜੀ ਗੁਰੂ, ਗੁਰੁ ਤੁਲਹਾ ਹਰਿ ਨਾਉ॥ ਗੁਰੁ ਸਰੁ ਸਾਗਰ ਬੋਹਿਥੋ ਗੁਰੁ ਤੀਰਥੁ ਦਰਿਆਉ॥ ਜੇ ਤਿਸੁ ਭਾਵੈ ਊਜਲੀ ਸਤਸਰਿ ਨਾਵਣ ਜਾਉ" (ਪੰ: ੧੭)

ਅਰਥ : —ਮੇਰੇ ਪਾਲਣਹਾਰ ਪ੍ਰਭੂ ਦਾ ਅਹਿੱਲ ਟਿਕਾਣਾ ਉਸ ਤਖ਼ਤ ਉੱਤੇ ਹੈ ਜੇਹੜਾ (ਪ੍ਰਭੂ ਵਾਂਗ ਹੀ) ਸੰਪੂਰਨ ਹੈ (ਜਿਸ ਵਿੱਚ ਕੋਈ ਉਕਾਈ ਨਹੀਂ ਹੈ)। ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਉਸ ਦਾ ਤੋਲ-ਮਾਪ ਦੱਸਿਆ ਨਹੀਂ ਜਾ ਸਕਦਾ। ਪਰ ਜੇ ਪੂਰਾ ਗੁਰੂ ਮਿਹਰ ਕਰੇ, ਤਾਂ ਉਹ ਟਿਕਾਣਾ ਮਿਲ ਸਕਦਾ ਹੈ। ੧। ਰਹਾਉ।

ਹਰੀ-ਪਰਮਾਤਮਾ (ਮਾਨੋ) ਇੱਕ ਸੋਹਣਾ ਮੰਦਰ ਹੈ ਜਿਸ ਵਿੱਚ ਮਾਣਕ ਲਾਲ ਮੋਤੀ ਤੇ ਚਮਕਦੇ ਹੀਰੇ ਹਨ (ਜਿਸ ਦੇ ਦੁਆਲੇ) ਸੋਨੇ ਦੇ ਸੁੰਦਰ ਕਿਲ੍ਹੇ ਹਨ। ਪਰ ਉਸ (ਮੰਦਰ-) ਕਿਲ੍ਹੇ ਉਤੇ ਪਉੜੀ ਤੋਂ ਬਿਨਾ ਚੜ੍ਹਿਆ ਨਹੀਂ ਜਾ ਸਕਦਾ। (ਹਾਂ,) ਜੇ ਗੁਰੂ-ਚਰਨਾਂ ਦਾ ਧਿਆਨ ਧਰਿਆ ਜਾਏ, ਜੇ ਪ੍ਰਭੂ-ਚਰਨਾਂ ਦਾ ਧਿਆਨ ਧਰਿਆ ਜਾਏ, ਤਾਂ ਦਰਸਨ ਹੋ ਜਾਂਦਾ ਹੈ। ੨।

ਉਸ (ਹਰਿ-ਮੰਦਰ-ਕਿਲ੍ਹੇ ਉੱਤੇ ਚੜ੍ਹਨ ਵਾਸਤੇ) ਗੁਰੂ ਪਉੜੀ ਹੈ, (ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ) ਗੁਰੂ ਬੇੜੀ ਹੈ, ਪ੍ਰਭੂ ਦਾ ਨਾਮ (ਦੇਣ ਵਾਲਾ) ਗੁਰੂ ਹੀ ਤੁਲਹਾ ਹੈ। ਗੁਰੂ ਸਰੋਵਰ ਹੈ, ਗੁਰੂ ਸਮੁੰਦਰ ਹੈ, ਗੁਰੂ ਹੀ ਜਹਾਜ਼ ਹੈ, ਗੁਰੂ ਹੀ ਤੀਰਥ ਹੈ ਤੇ ਦਰੀਆ ਹੈ। ਜੇ ਪ੍ਰਭੂ ਦੀ ਰਜ਼ਾ ਹੋਵੇ, ਤਾਂ (ਗੁਰੂ ਨੂੰ ਮਿਲ ਕੇ) ਮਨੁੱਖ ਦੀ ਮਤਿ ਸ਼ੁੱਧ ਹੋ ਜਾਂਦੀ ਹੈ (ਕਿਉਂਕਿ) ਮਨੁੱਖ ਸਾਧ ਸੰਗਤਿ ਸਰੋਵਰ ਵਿੱਚ (ਮਾਨਸਕ) ਇਸ਼ਨਾਨ ਕਰਨ ਜਾਣ ਲੱਗ ਪੈਂਦਾ ਹੈ।

() "ਬਿਨੁ ਭਾਗਾ ਸਤਿਗੁਰੁ ਨਾ ਮਿਲੈ, ਘਰਿ ਬੈਠਿਆ ਨਿਕਟਿ ਨਿਤ ਪਾਸਿ॥ ਅੰਤਰਿ ਅਗਿਆਨ ਦੁਖੁ ਭਰਮੁ ਹੈ, ਵਿਚਿ ਪੜਦਾ ਦੂਰਿ ਪਈਆਸਿ॥ ਬਿਨੁ ਸਤਿਗੁਰ ਭੇਟੇ ਕੰਚਨੁ ਨਾ ਥੀਐ, ਮਨਮੁਖੁ ਲੋਹੁ ਬੂਡਾ ਬੇੜੀ ਪਾਸਿ॥ ੩॥ ਸਤਿਗੁਰੁ ਬੋਹਿਥੁ ਹਰਿ ਨਾਵ ਹੈ, ਕਿਤੁ ਬਿਧਿ ਚੜਿਆ ਜਾਇ॥ ਸਤਿਗੁਰੁ ਕੈ ਭਾਣੈ ਜੋ ਚਲੈ, ਵਿਚਿ ਬੋਹਿਥ ਬੈਠਾ ਆਇ॥ ਧੰਨੁ ਧੰਨੁ ਵਡਭਾਗੀ ਨਾਨਕਾ, ਜਿਨਾ ਸਤਿਗੁਰੁ ਲਏ ਮਿਲਾਇ" (ਪੰ: ੪੦)

ਅਰਥ : —ਚੰਗੀ ਕਿਸਮਤਿ ਤੋਂ ਬਿਨਾ ਗੁਰੂ ਨਹੀਂ ਮਿਲਦਾ (ਤੇ ਗੁਰੂ ਤੋਂ ਬਿਨਾ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ, ਭਾਵੇਂ) ਸਾਡੇ ਹਿਰਦੇ ਵਿੱਚ ਬੈਠਾ ਹਰ ਵੇਲੇ ਸਾਡੇ ਨੇੜੇ ਹੈ, ਸਾਡੇ ਕੋਲ ਹੈ। ਜਿਸ ਜੀਵ ਦੇ ਅੰਦਰ ਅਗਿਆਨਤਾ (ਦੇ ਹਨੇਰੇ) ਦਾ ਦੁੱਖ ਟਿਕਿਆ ਰਹੇ, ਜਿਸ ਨੂੰ ਮਾਇਆ ਦੀ ਭਟਕਣੀ ਲੱਗੀ ਰਹੇ ਉਸ ਦੇ ਅੰਦਰ ਪਰਮਾਤਮਾ ਨਾਲੋਂ ਮਾਇਆ ਦੇ ਮੋਹ ਦਾ ਤੇ ਭਟਕਣਾ ਦਾ ਪਰਦਾ ਬਣਿਆ ਰਹਿੰਦਾ ਹੈ। ਉਸ ਦੀ ਜਿੰਦ ਅੰਦਰ-ਵੱਸਦੇ ਪ੍ਰਭੂ ਨਾਲੋਂ ਦੂਰ ਪਈ ਰਹਿੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਨੋ) ਲੋਹਾ ਹੈ ਜੋ ਗੁਰੂ-ਪਾਰਸ ਨੂੰ ਮਿਲਣ ਤੋਂ ਬਿਨਾ ਸੋਨਾ ਨਹੀਂ ਬਣ ਸਕਦਾ, ਗੁਰੂ-ਬੇੜੀ ਉਸ ਮਨਮੁਖ-ਲੋਹੇ ਦੇ ਪਾਸ ਹੀ ਹੈ, ਪਰ ਉਹ (ਵਿਕਾਰਾਂ ਦੀ ਨਦੀ ਵਿੱਚ ਹੀ) ਡੁੱਬਦਾ ਹੈ। ੩।

ਸਤਿਗੁਰੂ ਪਰਮਾਤਮਾ ਦੇ ਨਾਮ ਦਾ ਜਹਾਜ਼ ਹੈ (ਪਰ ਉਸ ਜਹਾਜ਼ ਵਿੱਚ ਚੜ੍ਹਨ ਦੀ ਭੀ ਜਾਚ ਹੋਣੀ ਚਾਹੀਦੀ ਹੈ, ਫਿਰ) ਕਿਸ ਤਰ੍ਹਾਂ (ਉਸ ਜਹਾਜ਼ ਵਿਚ) ਚੜ੍ਹਿਆ ਜਾਏ? ਜੇਹੜਾ ਮਨੁੱਖ ਸਤਿਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਉਹ ਉਸ ਜਹਾਜ਼ ਵਿੱਚ ਸਵਾਰ ਹੋ ਗਿਆ ਸਮਝੋ।

ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਧੰਨ ਹਨ, ਧੰਨ ਹਨ, ਜਿਨ੍ਹਾਂ ਨੂੰ ਸਤਿਗੁਰੂ (ਪ੍ਰਭੂ-ਚਰਨਾਂ ਵਿਚ) ਮਿਲਾ ਲੈਂਦਾ ਹੈ। ੪। ੩। ੬੭।

() "ਭਵਜਲੁ ਬਿਖਮੁ ਡਰਾਵਣੋ, ਨਾ ਕੰਧੀ ਨ ਪਾਰੁ॥ ਨਾ ਬੇੜੀ ਨਾ ਤੁਲਹੜਾ, ਨਾ ਤਿਸੁ ਵੰਝੁ ਮਲਾਰੁ॥ ਸਤਿਗੁਰੁ ਭੈ ਕਾ ਬੋਹਿਥਾ, ਨਦਰੀ ਪਾਰਿ ਉਤਾਰੁ" (ਪੰ: ੫੯)

ਅਰਥ : —ਇਹ ਸੰਸਾਰ-ਸਮੁੰਦਰ ਬੜਾ ਬਿਖੜਾ ਹੈ ਬੜਾ ਡਰਾਉਣਾ ਹੈ, ਇਸ ਦਾ ਨਾਹ ਕੋਈ ਕੰਢਾ ਦਿੱਸਦਾ ਹੈ ਨਾਹ ਪਾਰਲਾ ਬੰਨਾ। ਨਾਹ ਕੋਈ ਬੇੜੀ ਨਾਹ ਕੋਈ ਤੁਲਹਾ ਨਾਹ ਕੋਈ ਮਲਾਹ ਤੇ ਨਾਹ ਮਲਾਹ ਦਾ ਵੰਝ—ਕੋਈ ਭੀ ਇਸ ਸੰਸਾਰ-ਸਮੁੰਦਰ ਵਿਚੋਂ ਲੰਘਾ ਨਹੀਂ ਸਕਦਾ। (ਸੰਸਾਰ-ਸਮੁੰਦਰ ਦੇ) ਖ਼ਤਰਿਆਂ ਤੋਂ ਬਚਾਣ ਵਾਲਾ ਜ਼ਹਾਜ ਗੁਰੂ ਹੀ ਹੈ, ਗੁਰੂ ਦੀ ਮਿਹਰ ਦੀ ਨਜ਼ਰ ਨਾਲ ਇਸ ਸਮੁੰਦਰ ਦੇ ਪਾਰਲੇ ਪਾਸੇ ਉਤਾਰਾ ਹੋ ਸਕਦਾ ਹੈ।

"ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਸਤਿਗੁਰ ਸਰਣਾ॥ ਸਤਿਗੁਰਿ ਸਚੁ ਦਿੜਾਇਆ ਸਦਾ ਸਚਿ ਸੰਜਮਿ ਰਹਣਾ॥ ਸਤਿਗੁਰ ਸਚਾ ਹੈ ਬੋਹਿਥਾ ਸਬਦੇ ਭਵਜਲੁ ਤਰਣਾ" (੭੦)

ਜੇਹੜੇ ਮਨੁੱਖ ਇਸ ਜਗਤ ਨੂੰ (ਵਿਕਾਰਾਂ ਦੀ ਤਪਸ਼ ਵਿਚ) ਸੜਦਾ ਵੇਖ ਕੇ ਛੇਤੀ ਨਾਲ ਗੁਰੂ ਦੀ ਸ਼ਰਨ ਜਾ ਪਏ, ਗੁਰੂ ਨੇ ਉਹਨਾਂ ਦੇ ਹਿਰਦੇ ਵਿੱਚ ਸਦਾ-ਥਿਰ ਪ੍ਰਭੂ ਦਾ ਨਾਮ ਪੱਕਾ ਟਿਕਾ ਦਿੱਤਾ, ਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਨਾਮ ਵਿੱਚ ਤੇ (ਸੋਹਣੀ) ਜੀਵਨ-ਮਰਯਾਦਾ ਵਿੱਚ ਰਹਿਣ ਦੀ ਜਾਚ ਸਿਖਾ ਦਿੱਤੀ

(ਹੇ ਭਾਈ!) ਗੁਰੂ ਸਦਾ ਕਾਇਮ ਰਹਿਣ ਵਾਲਾ ਜਹਾਜ਼ ਹੈ। ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।

() "ਅੰਚਲਿ ਲਾਇ ਸਭ ਸਿਸਟਿ ਤਰਾਈ॥ ਆਪਣਾ ਨਾਉ ਆਪਿ ਜਪਾਈ॥ ਗੁਰ ਬੋਹਿਥੁ ਪਾਇਆ ਕਿਰਪਾ ਤੇ ਨਾਨਕ ਧੁਰਿ ਸੰਜੋਗਾ ਜੀਉ।" (ਪੰ: ੧੦੮)

ਅਰਥ : — (ਹੇ ਭਾਈ ! ਗੁਰੂ ਦੇ) ਪੱਲੇ ਲਾ ਕੇ (ਪ੍ਰਭੂ ਆਪ ਹੀ) ਸਾਰੀ ਸ੍ਰਿਸ਼ਟੀ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ, ਪ੍ਰਭੂ (ਗੁਰੂ ਦੀ ਰਾਹੀਂ) ਆਪਣਾ ਨਾਮ ਆਪ ਹੀ (ਜੀਵਾਂ ਪਾਸੋਂ) ਜਪਾਂਦਾ ਹੈ। ਹੇ ਨਾਨਕ ! ਪਰਮਾਤਮਾ ਦੀ ਧੁਰ-ਦਰਗਾਹ ਤੋਂ ਮਿਲਾਪ ਦੇ ਸਬਬ ਬਣਨ ਨਾਲ ਪਰਮਾਤਮਾ ਦੀ ਮਿਹਰ ਨਾਲ ਹੀ ਗੁਰੂ-ਜਹਾਜ਼ ਮਿਲਦਾ ਹੈ।

() "ਤਾਰੀਲੇ ਭਵਜਲੁ ਤਾਰੂ ਬਿਖੜਾ ਬੋਹਿਥ ਸਾਧੂ ਸੰਗਾ॥ ਪੂਰਨ ਹੋਈ ਮਨ ਕੀ ਆਸਾ ਗੁਰੁ ਭੇਟਿਓ ਹਰਿ ਰੰਗਾ" (ਪੰ: ੨੦੮)

ਅਰਥ : — (ਹੇ ਭਾਈ! ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ-ਰੂਪ ਜਹਾਜ਼ ਦਾ ਆਸਰਾ ਲਿਆ, ਉਹ ਇਸ ਅਥਾਹ ਤੇ ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ। (ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਨਾਲ ਪਿਆਰ ਕਰਨ ਵਾਲਾ ਗੁਰੂ ਮਿਲ ਪਿਆ, ਉਸ ਦੇ ਮਨ ਦੀ (ਹਰੇਕ) ਕਾਮਨਾ ਪੂਰੀ ਹੋ ਗਈ।

() "ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣਹ॥ ਗੁਰ ਦਇਆਲ ਸਮਰਥ ਗੁਰ, ਗੁਰ ਨਾਨਕ ਪਤਿਤ ਉਧਾਰਣਹ॥ ੧॥ ਭਉ ਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਅਮੁ॥ ਨਾਨਕ ਪੂਰ ਕਰੰਮ ਸਤਿਗੁਰ ਚਰਣੀ ਲਗਿਆ"

ਅਰਥ : —ਹੇ ਨਾਨਕ! ਗੁਰੂ ਗੋਬਿੰਦ-ਰੂਪ ਹੈ, ਗੋਪਾਲ-ਰੂਪ ਹੈ, ਸਰਬ-ਵਿਆਪਕ ਨਾਰਾਇਣ ਦਾ ਰੂਪ ਹੈ। ਗੁਰੂ ਦਇਆ ਦਾ ਘਰ ਹੈ, ਸਮਰੱਥਾ ਵਾਲਾ ਹੈ ਤੇ ਵਿਕਾਰੀਆਂ ਨੂੰ ਭੀ ਤਾਰਨਹਾਰ ਹੈ।

ਸੰਸਾਰ-ਸਮੁੰਦਰ ਬੜਾ ਭਿਆਨਕ ਤੇ ਅਥਾਹ ਹੈ, ਪਰ ਗੁਰੂ-ਜਹਾਜ਼ ਨੇ ਮੈਨੂੰ ਇਸ ਵਿਚੋਂ ਬਚਾ ਲਿਆ ਹੈ। ਹੇ ਨਾਨਕ! ਜੋ ਮਨੁੱਖ ਸਤਿਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੇ ਚੰਗੇ ਭਾਗ ਹੁੰਦੇ ਹਨ। ੨।

() "ਚਰਨ ਭਏ ਸੰਤ ਬੋਹਿਥਾ ਤਰੇ ਸਾਗਰੁ ਜੇਤ॥ ਮਾਰਗ ਪਾਏ ਉਦਿਆਨ ਮਹਿ ਗੁਰਿ ਦਸੇ ਭੇਤ" (ਪੰ: ੮੧੦)

ਅਰਥ : — (ਹੇ ਭਾਈ! ਜਿਸ ਮਨੁੱਖ ਨੂੰ ਹਰਿ-ਨਾਮ ਸਿਮਰਨ ਦਾ) ਭੇਤ ਗੁਰੂ ਨੇ ਦੱਸ ਦਿੱਤਾ, ਉਸ ਨੇ (ਵਿਕਾਰਾਂ ਵਲ ਲੈ ਜਾਣ ਵਾਲੇ) ਔਝੜ ਵਿੱਚ (ਜੀਵਨ ਦਾ ਸਹੀ) ਰਸਤਾ ਲੱਭ ਲਿਆ, ਗੁਰੂ ਦੇ ਚਰਨ (ਉਸ ਮਨੁੱਖ ਵਾਸਤੇ) ਜਹਾਜ਼ ਬਣ ਗਏ ਜਿਸ (ਜਹਾਜ਼) ਦੀ ਰਾਹੀਂ ਉਹ ਮਨੁੱਖ (ਸੰਸਾਰ-) ਸਮੁੰਦਰ ਤੋਂ ਪਾਰ ਲੰਘ ਗਿਆ

() "ਚੜਿ ਬੋਹਿਥੈ ਚਾਲਸਉ ਸਾਗਰੁ ਲਹਰੀ ਦੇਇ॥ ਠਾਕ ਨ ਸਚੈ ਬੋਹਿਥੈ ਜੇ ਗੁਰੁ ਧੀਰਕ ਦੇਇ॥ ਤਿਤੁ ਦਰਿ ਜਾਇ ਉਤਾਰੀਆ ਗੁਰੁ ਦਿਸੈ ਸਾਵਧਾਨੁ॥ ਨਾਨਕ ਨਦਰੀ ਪਾਈਐ ਦਰਗਹ ਚਲੈ ਮਾਨੁ" (ਪੰ: ੧੦੮੭)

ਅਰਥ : — (ਸੰਸਾਰ-) ਸਮੁੰਦਰ (ਤਾਂ ਵਿਕਾਰਾਂ ਦੀਆਂ) ਠਾਠਾਂ ਮਾਰ ਰਿਹਾ ਹੈ ਪਰ ਮੈਂ (ਗੁਰ-ਸ਼ਬਦ-ਰੂਪ) ਜਹਾਜ਼ ਵਿੱਚ ਚੜ੍ਹ ਕੇ (ਇਸ ਸਮੁੰਦਰ ਵਿਚੋਂ) ਲੰਘਾਂਗਾ। ਜੇ ਸਤਿਗੁਰ ਹੌਸਲਾ ਦੇਵੇ ਤਾਂ ਇਸ ਸੱਚੇ ਜਹਾਜ਼ ਵਿੱਚ ਚੜ੍ਹਿਆਂ (ਸਫ਼ਰ ਵਿਚ) ਕੋਈ ਰੋਕ ਨਹੀਂ ਪਏਗੀ। ਮੈਨੂੰ ਆਪਣਾ ਗੁਰੂ ਸੁਚੇਤ ਦਿੱਸ ਰਿਹਾ ਹੈ (ਮੈਨੂੰ ਨਿਸ਼ਚਾ ਹੈ ਕਿ ਗੁਰੂ ਮੈਨੂੰ) ਉਸ (ਪ੍ਰਭੂ ਦੇ) ਦਰ ਤੇ ਜਾ ਉਤਾਰੇਗਾ।

ਹੇ ਨਾਨਕ! (ਇਹ ਗੁਰ-ਸ਼ਬਦ ਦਾ ਜਹਾਜ਼) ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ (ਇਸ ਦੀ ਬਰਕਤਿ ਨਾਲ) ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ।

() "…ਹਿਆਇ ਕਮਾਇ ਧਿਆਇਆ ਪਾਇਆ ਸਾਧ ਸਰਣਾ॥ ਬੋਹਿਥੁ ਨਾਨਕ ਦੇਉ ਗੁਰੁ ਜਿਸੁ ਹਰਿ ਚੜਾਏ ਤਿਸੁ ਭਉਜਲੁ ਤਰਣਾ।" (ਪੰ: ੧੧੦੨)

ਅਰਥ : —ਜਿਸ ਨੂੰ ਗੁਰੂ ਦੀ ਸਰਨ ਪ੍ਰਾਪਤ ਹੋ ਗਈ, ਉਸ ਨੇ ਹਿਰਦੇ ਵਿੱਚ ਨਾਮ ਸਿਮਰਿਆ ਨਾਮ ਦੀ ਕਮਾਈ ਕੀਤੀ।

(ਹੇ ਪ੍ਰਾਣੀ!) ਗੁਰੂ ਨਾਨਕ ਦੇਵ (ਆਤਮਕ) ਜਹਾਜ਼ ਹੈ, ਹਰੀ ਨੇ ਜਿਸ ਨੂੰ ਇਸ ਜਹਾਜ਼ ਵਿੱਚ ਬਿਠਾ ਦਿੱਤਾ, ਉਸ ਨੇ ਸੰਸਾਰ-ਸਮੁੰਦਰ ਨੂੰ ਤਰ ਲਿਆ

() "ਭਵਜਲੁ ਸਾਇਰੁ ਸੇਤੁ ਨਾਮੁ ਹਰੀ ਕਾ ਬੋਹਿਥਾ॥ ਤੁਅ ਸਤਿਗੁਰ ਸੰ ਹੇਤੁ, ਨਾਮਿ ਲਾਗਿ ਜਗੁ ਉਧਰ੍ਯ੍ਯਉ" (ਪੰ: ੧੪੦੮)

ਅਰਥ: — ਸੰਸਾਰ ਸਮੁੰਦਰ ਹੈ, ਅਕਾਲ ਪੁਰਖ ਦਾ ਨਾਮ ਪੁਲ ਹੈ ਤੇ ਜਹਾਜ਼ ਹੈ। ਆਪ ਦਾ ਗੁਰੂ ਨਾਲ ਪਿਆਰ ਹੈ, (ਅਕਾਲ ਪੁਰਖ ਦੇ) ਨਾਮ ਵਿੱਚ ਜੁੜ ਕੇ ਆਪ ਨੇ ਜਗਤ ਨੂੰ (ਸੰਸਾਰ-ਸਮੁੰਦਰ ਤੋਂ) ਬਚਾ ਲਿਆ ਹੈ।

() "ਏਹੁ ਭਉਜਲੁ ਜਗਤੁ ਸੰਸਾਰੁ ਹੈ ਗੁਰੁ ਬੋਹਿਥੁ ਨਾਮਿ ਤਰਾਇ॥ ਗੁਰਸਿਖੀ ਭਾਣਾ ਮੰਨਿਆ ਗੁਰੁ ਪੂਰਾ ਪਾਰਿ ਲੰਘਾਇ" (ਪੰ: ੧੪੨੪)

ਅਰਥ: — (ਹੇ ਭਾਈ! ਉØਂਞ ਤਾਂ) ਇਹ ਜਗਤ ਇਹ ਸੰਸਾਰ ਇੱਕ ਭਿਆਨਕ ਸਮੁੰਦਰ ਹੈ, ਪਰ ਗੁਰੂ-ਜਹਾਜ਼ (ਸਰਨ ਆਏ ਜੀਵਾਂ ਨੂੰ) ਹਰਿ-ਨਾਮ ਵਿੱਚ (ਜੋੜ ਕੇ ਇਸ ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ। (ਜਿਨ੍ਹਾਂ) ਗੁਰਸਿੱਖਾਂ ਨੇ (ਗੁਰੂ ਦਾ) ਹੁਕਮ ਮੰਨ ਲਿਆ, ਪੂਰਾ ਗੁਰੂ (ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ।

(ਅ) -----------------------------

() "ਆਪੇ ਸਾਗਰੁ ਬੋਹਿਥਾ ਆਪੇ ਪਾਰੁ ਅਪਾਰੁ॥ ਸਾਚੀ ਵਾਟ ਸੁਜਾਣੁ ਤੂੰ ਸਬਦਿ ਲਘਾਵਣਹਾਰੁ॥ ਨਿਡਰਿਆ ਡਰੁ ਜਾਣੀਐ ਬਾਝੁ ਗੁਰੂ ਗੁਬਾਰੁ (ਪੰ: ੫੪)

ਅਰਥ : —ਹੇ ਪ੍ਰਭੂ ! (ਇਹ ਸੰਸਾਰ-) ਸਮੁੰਦਰ ਤੂੰ ਆਪ ਹੀ ਹੈਂ, (ਇਸ ਵਿਚੋਂ ਪਾਰ ਲੰਘਾਣ ਲਈ) ਜਹਾਜ਼ ਭੀ ਤੂੰ ਆਪ ਹੀ ਹੈਂ (ਇਸ ਸੰਸਾਰ-ਸਮੁੰਦਰ ਦਾ) ਪਾਰਲਾ ਤੇ ਉਰਾਰਲਾ ਕੰਢਾ ਭੀ ਤੂੰ ਆਪ ਹੀ ਹੈਂ। (ਹੇ ਪ੍ਰਭੂ ! ਤੇਰੀ ਭਗਤੀ-ਰੂਪ) ਪੈਂਡਾ ਭੀ ਤੂੰ ਆਪ ਹੀ ਹੈਂ, ਤੂੰ ਸਭ ਕੁੱਝ ਜਾਣਦਾ ਹੈਂ, ਗੁਰ-ਸ਼ਬਦ ਦੀ ਰਾਹੀਂ (ਇਸ ਸੰਸਾਰ-ਸਮੁੰਦਰ ਵਿਚੋਂ ਭਗਤੀ ਦੀ ਰਾਹੀਂ) ਪਾਰ ਲੰਘਾਣ ਵਾਲਾ ਭੀ ਤੂੰ ਹੀ ਹੈਂ। ਗੁਰੂ ਦੀ ਸਰਨ ਤੋਂ ਬਿਨਾ (ਇਹ ਜੀਵਨ-ਸਫ਼ਰ ਜੀਵਾਂ ਵਾਸਤੇ) ਘੁੱਪ ਹਨੇਰਾ ਹੈ। ਹੇ ਪ੍ਰਭੂ ! ਜੇਹੜੇ ਜੀਵ ਤੇਰਾ ਡਰ-ਭਉ ਨਹੀਂ ਰੱਖਦੇ, ਉਹਨਾਂ ਨੂੰ ਦੁਨੀਆ ਦਾ ਸਹਮ ਸਹਾਰਨਾ ਪੈਂਦਾ ਹੈ।

() "ਮਾਇਆ ਸਰੁ ਸਬਲੁ ਵਰਤੈ ਜੀਉ, ਕਿਉ ਕਰਿ ਦੁਤਰੁ ਤਰਿਆ ਜਾਇ॥ ਰਾਮ ਨਾਮੁ ਕਰਿ ਬੋਹਿਥਾ ਜੀਉ, ਸਬਦੁ ਖੇਵਟੁ ਵਿਚਿ ਪਾਇ॥ ਸਬਦੁ ਖੇਵਟੁ ਵਿਚਿ ਪਾਏ, ਹਰਿ ਆਪਿ ਲਘਾਏ, ਇਨ ਬਿਧਿ ਦੁਤਰ ਤਰੀਐ॥ ਗੁਰਮੁਖਿ ਭਗਤਿ ਪਰਾਪਤਿ ਹੋਵੈ, ਜੀਵਤਿਆ ਇਉ ਮਰੀਐ॥ ਖਿਨ ਮਹਿ ਰਾਮ ਨਾਮਿ ਕਿਲਵਿਖ ਕਾਟੇ, ਭਏ ਪਵਿਤੁ ਸਰੀਰਾ॥ ਨਾਨਕ ਰਾਮ ਨਾਮਿ ਨਿਸਤਾਰਾ ਕੰਚਨ ਭਏ ਮਨੂਰਾ" (ਪੰ: ੨੪੫)

ਅਰਥ : —ਮਾਇਆ (ਦੇ ਮੋਹ) ਦਾ ਠਾਠਾਂ ਮਾਰ ਰਿਹਾ ਸਰੋਵਰ ਆਪਣਾ ਜ਼ੋਰ ਪਾ ਰਿਹਾ ਹੈ, ਇਸ ਵਿਚੋਂ ਤਰਨਾ ਭੀ ਬਹੁਤ ਔਖਾ ਹੈ। (ਹੇ ਭਾਈ!) ਕਿਵੇਂ ਇਸ ਵਿਚੋਂ ਪਾਰ ਲੰਘਿਆ ਜਾਏ?

ਹੇ ਭਾਈ! ਪਰਮਾਤਮਾ ਦੇ ਨਾਮ ਨੂੰ ਜਹਾਜ਼ ਬਣਾ, ਗੁਰੂ ਦੇ ਸ਼ਬਦ ਨੂੰ ਮਲਾਹ ਬਣਾ ਕੇ (ਉਸ ਜ਼ਹਾਜ਼) ਵਿੱਚ ਬਿਠਾ। ਜੇ ਮਨੁੱਖ ਪਰਮਾਤਮਾ ਦੇ ਨਾਮ-ਜਹਾਜ਼ ਵਿੱਚ ਗੁਰੂ ਦੇ ਸ਼ਬਦ-ਮਲਾਹ ਨੂੰ ਬਿਠਾ ਦੇਵੇ, ਤਾਂ ਪਰਮਾਤਮਾ ਆਪ ਹੀ (ਮਾਇਆ ਦੇ ਸਰੋਵਰ ਤੋਂ) ਪਾਰ ਲੰਘਾ ਦੇਂਦਾ ਹੈ। (ਹੇ ਭਾਈ!) ਇਸ ਦੁੱਤਰ ਮਾਇਆ-ਸਰ ਵਿਚੋਂ ਇਉਂ ਪਾਰ ਲੰਘ ਸਕੀਦਾ ਹੈ। ਗੁਰੂ ਦੀ ਸਰਨ ਪਿਆਂ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਇਸ ਤਰ੍ਹਾਂ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਮਾਇਆ ਵਲੋਂ ਅਛੋਹ ਹੋ ਜਾਈਦਾ ਹੈ।

ਹੇ ਨਾਨਕ! ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ (ਸਾਰੇ) ਪਾਪ ਇੱਕ ਖਿਨ ਵਿੱਚ ਕੱਟੇ ਜਾਂਦੇ ਹਨ। (ਜਿਸ ਦੇ ਕੱਟੇ ਜਾਂਦੇ ਹਨ, ਉਸ ਦਾ) ਸਰੀਰ ਪਵਿਤ੍ਰ ਹੋ ਜਾਂਦਾ ਹੈ। ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਮਾਇਆ-ਸਰ ਤੋਂ) ਪਾਰ ਲੰਘੀਦਾ ਹੈ ਤੇ ਲੋਹੇ ਦੀ ਮੈਲ (ਵਰਗਾ ਨਕਾਰਾ ਹੋਇਆ ਮਨ) ਸੋਨਾ ਬਣ ਜਾਂਦਾ ਹੈ।

() ". . ਕਲਿਜੁਗਿ ਰਾਮ ਨਾਮੁ ਬੋਹਿਥਾ, ਗੁਰਮੁਖਿ ਪਾਰਿ ਲਘਾਈ॥ ਹਲਤਿ ਪਲਤਿ ਰਾਮ ਨਾਮਿ ਸੁਹੇਲੇ, ਗੁਰਮੁਖਿ ਕਰਣੀ ਸਾਰੀ॥ ਨਾਨਕ ਦਾਤਿ ਦਇਆ ਕਰਿ ਦੇਵੈ, ਰਾਮ ਨਾਮਿ ਨਿਸਤਾਰੀ" (ਪੰ: ੪੪੩)

ਅਰਥ : —ਹੇ ਭਾਈ! ਵਿਕਾਰਾਂ ਦੇ ਕਾਰਨ ਨਿੱਘਰੀ ਹੋਈ ਆਤਮਕ ਹਾਲਤ ਵੇਲੇ ਪਰਮਾਤਮਾ ਦਾ ਨਾਮ ਜਹਾਜ਼ (ਦਾ ਕੰਮ ਦੇਂਦਾ ਹੈ) ਹੈ, ਗੁਰੂ ਦੀ ਸਰਨ ਪਾ ਕੇ (ਪਰਮਾਤਮਾ ਜੀਵ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।

ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਜੁੜਦੇ ਹਨ ਉਹ ਇਸ ਲੋਕ ਤੇ ਪਰਲੋਕ ਵਿੱਚ ਸੁਖੀ ਰਹਿੰਦੇ ਹਨ। ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ ਸਿਮਰਨਾ ਹੀ) ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ ਹੈ। ਹੇ ਨਾਨਕ! ਮੇਹਰ ਕਰ ਕੇ ਪਰਮਾਤਮਾ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ ਉਸ ਨੂੰ ਨਾਮ ਵਿੱਚ ਜੋੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।

() "ਆਪੇ ਜਗਤੁ ਉਪਾਇਓਨੁ, ਕਰਿ ਪੂਰਾ ਥਾਟੁ॥ ਆਪੇ ਸਾਹੁ ਆਪੇ ਵਣਜਾਰਾ, ਆਪੇ ਹੀ ਹਰਿ ਹਾਟੁ॥ ਆਪੇ ਸਾਗਰੁ ਆਪੇ ਬੋਹਿਥ, ਆਪੇ ਹੀ ਖੇਵਾਟੁ॥ ਆਪੇ ਗੁਰੁ ਚੇਲਾ ਹੈ ਆਪੇ, ਆਪੇ ਦਸੇ ਘਾਟੁ॥ ਜਨ ਨਾਨਕ ਨਾਮੁ ਧਿਆਇ ਤੂ, ਸਭਿ ਕਿਲਵਿਖ ਕਾਟੁ" (ਪੰ: ੫੧੭)

ਅਰਥ : —ਮੁਕੰਮਲ ਬਣਤਰ ਬਣਾ ਕੇ ਪ੍ਰਭੂ ਨੇ ਆਪ ਹੀ ਜਗਤ ਪੈਦਾ ਕੀਤਾ, ਏਥੇ ਪ੍ਰਭੂ ਆਪ ਹੀ ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਤੇ ਆਪ ਹੀ ਮੱਲਾਹ ਹੈ, ਏਥੇ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਤੇ ਆਪ ਹੀ (ਪਾਰਲਾ) ਪੱਤਣ ਵਿਖਾਂਦਾ ਹੈ।

ਹੇ ਦਾਸ ਨਾਨਕ! ਤੂੰ ਉਸ ਪ੍ਰਭੂ ਦਾ ਨਾਮ ਸਿਮਰ ਤੇ ਆਪਣੇ ਸਾਰੇ ਪਾਪ ਦੂਰ ਕਰ ਲੈ।

"…. ਆਪੇ ਸਾਗਰੁ ਬੋਹਿਥਾ ਪਿਆਰਾ, ਗੁਰੁ ਖੇਵਟੁ ਆਪਿ ਚਲਾਹੁ॥ ਆਪੇ ਹੀ ਚੜਿ ਲੰਘਦਾ ਪਿਆਰਾ, ਕਰਿ ਚੋਜ ਵੇਖੈ ਪਾਤਿਸਾਹੁ॥ ਆਪੇ ਆਪਿ ਦਇਆਲੁ ਹੈ ਪਿਆਰਾ, ਜਨ ਨਾਨਕ ਬਖਸਿ ਮਿਲਾਹੁ" (ਪ: ੬੦੪)

ਅਰਥ : —ਹੇ ਭਾਈ! ਪ੍ਰਭੂ ਆਪ ਹੀ (ਸੰਸਾਰ-) ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਆਪ ਹੀ ਗੁਰੂ-ਮਲਾਹ ਹੋ ਕੇ ਜਹਾਜ਼ ਨੂੰ ਚਲਾਂਦਾ ਹੈ। ਪ੍ਰਭੂ ਆਪ ਹੀ (ਜਹਾਜ਼ ਵਿਚ) ਚੜ੍ਹ ਕੇ ਪਾਰ ਲੰਘਦਾ ਹੈ। ਪ੍ਰਭੂ-ਪਾਤਿਸ਼ਾਹ ਕੌਤਕ-ਤਮਾਸ਼ੇ ਕਰ ਕੇ ਆਪ ਹੀ (ਇਤਨਾ ਤਮਾਸ਼ਿਆਂ ਨੂੰ) ਵੇਖ ਰਿਹਾ ਹੈ। ਹੇ ਨਾਨਕ! (ਆਖ—) ਪ੍ਰਭੂ ਆਪ ਹੀ (ਸਦਾ) ਦਇਆ ਦਾ ਸੋਮਾ ਹੈ, ਆਪ ਹੀ ਬਖ਼ਸ਼ਸ਼ ਕਰ ਕੇ (ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ।

() "ਭੀ ਤੂਹੈ ਸਾਲਾਹਣਾ ਪਿਆਰੇ, ਭੀ ਤੇਰੀ ਸਾਲਾਹ॥ ਵਿਣੁ ਬੋਹਿਥ ਭੈ ਡੁਬੀਐ ਪਿਆਰੇ, ਕੰਧੀ ਪਾਇ ਕਹਾਹ" (ਪੰ: ੬੩੬)

ਅਰਥ : —ਹੇ ਸੱਜਣ-ਪ੍ਰਭੂ! ਸਦਾ ਤੈਨੂੰ ਹੀ ਸਾਲਾਹਣਾ ਚਾਹੀਦਾ ਹੈ, ਸਦਾ ਤੇਰੀ ਹੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। (ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ ਤੇਰੀ ਸਿਫ਼ਤਿ-ਸਾਲਾਹ ਜੀਵਾਂ ਵਾਸਤੇ ਜਹਾਜ਼ ਹੈ, ਇਸ) ਜਹਾਜ਼ ਤੋਂ ਬਿਨਾ ਭਉ-ਸਾਗਰ ਵਿੱਚ ਡੁੱਬ ਜਾਈਦਾ ਹੈ। (ਕੋਈ ਭੀ ਜੀਵ ਸਮੁੰਦਰ ਦਾ) ਪਾਰਲਾ ਕੰਢਾ ਲੱਭ ਨਹੀਂ ਸਕਦਾ। ਰਹਾਉ।

() "ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ॥ ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ।" (ਪੰ: ੬੭੯)

ਅਰਥ : —ਹੇ ਭਾਈ! ਪਰਮਾਤਮਾ ਦਾ ਨਾਮ ਕੰਗਾਲ ਵਾਸਤੇ ਧਨ ਹੈ, ਅੰਨ੍ਹੇ ਵਾਸਤੇ ਡੰਗੋਰੀ ਹੈ, ਜਿਵੇਂ ਬੱਚੇ ਵਾਸਤੇ ਮਾਂ ਦਾ ਦੁੱਧ ਹੈ (ਤਿਵੇਂ ਹਰਿ-ਨਾਮ ਮਨੁੱਖ ਦੀ ਆਤਮਾ ਵਾਸਤੇ ਹੈ)। ਹੇ ਨਾਨਕ! ਜਿਸ ਮਨੁੱਖ ਉਤੇ ਕਿਰਪਾਲ ਪ੍ਰਭੂ ਨੇ ਕਿਰਪਾ ਕੀਤੀ, ਉਸ ਨੂੰ (ਇਹ ਨਾਮ) ਮਿਲ ਗਿਆ (ਜੋ) ਸਮੁੰਦਰ ਵਿੱਚ ਜਹਾਜ਼ ਹੈ।

() "ਗੁਨ ਗਾਇ ਸੁਨਿ ਲਿਖਿ ਦੇਇ॥ ਸੋ ਸਰਬ ਫਲ ਹਰਿ ਲੇਇ॥ ਕੁਲ ਸਮੂਹ ਕਰਤ ਉਧਾਰੁ॥ ਸੰਸਾਰੁ ਉਤਰਸਿ ਪਾਰਿ॥ ਹਰਿ ਚਰਨ ਬੋਹਿਥ ਤਾਹਿ॥ ਮਿਲਿ ਸਾਧ ਸੰਗਿ ਜਸੁ ਗਾਹਿ॥ ਹਰਿ ਪੈਜ ਰਖੈ ਮੁਰਾਰਿ॥ ਹਰਿ ਨਾਨਕ ਸਰਨਿ ਦੁਆਰਿ" (ਪੰ: ੮੩੮)

ਅਰਥ : —ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੀ ਸੰਗਤਿ ਵਿੱਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, (ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਲਈ) ਪਰਮਾਤਮਾ ਦੇ ਚਰਨ ਉਹਨਾਂ ਵਾਸਤੇ ਜਹਾਜ਼ (ਦਾ ਕੰਮ ਦੇਂਦੇ) ਹਨ। ਮੁਰਾਰੀ ਪ੍ਰਭੂ ਉਹਨਾਂ ਦੀ ਲਾਜ ਰੱਖਦਾ ਹੈ, ਉਹ ਹਰੀ ਦੀ ਸਰਨ ਪਏ ਰਹਿੰਦੇ ਹਨ, ਉਹ ਹਰੀ ਦੇ ਦਰ ਤੇ ਟਿਕੇ ਰਹਿੰਦੇ ਹਨ।

() "ਕਰਮ ਧਰਮ ਇਹੁ ਤਤੁ ਗਿਆਨੁ॥ ਸਾਧ ਸੰਗਿ ਜਪੀਐ ਹਰਿ ਨਾਮੁ॥ ਸਾਗਰ ਤਰਿ ਬੋਹਿਥ ਪ੍ਰਭ ਚਰਣ॥ ਅੰਤਰਜਾਮੀ ਪ੍ਰਭ ਕਾਰਣ ਕਰਣ" (ਪੰ: ੮੬੬)

ਅਰਥ : —ਹੇ ਭਾਈ! ਗੁਰੂ ਦੀ ਸੰਗਤਿ ਵਿੱਚ ਟਿਕ ਕੇ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ, ਇਹੀ ਹੈ ਧਾਰਮਿਕ ਕਰਮ ਅਤੇ ਇਹੀ ਹੈ ਅਸਲ ਗਿਆਨ। ਹੇ ਭਾਈ! ਸਭ ਦੇ ਦਿਲ ਦੀ ਜਾਣਨ ਵਾਲੇ ਅਤੇ ਜਗਤ ਦੇ ਪੈਦਾ ਕਰਨ ਵਾਲੇ ਪਰਮਾਤਮਾ ਦੇ ਚਰਨਾਂ ਨੂੰ ਜਹਾਜ਼ ਬਣਾ ਕੇ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ।

() "ਅਧਿਕ ਗਰਤ ਸੰਸਾਰ ਸਾਗਰ ਕਰਿ ਦਇਆ ਚਾਰਹੁ ਧੋਰ॥ ਸੰਤ ਸੰਗਿ ਹਰਿ ਚਰਨ ਬੋਹਿਥ ਉਧਰਤੇ ਲੈ ਮੋਰ" (ਪੰ: ੧੧੨੧)

ਅਰਥ : —ਹੇ ਪ੍ਰੀਤਮ! (ਤੇਰੇ ਇਸ) ਸੰਸਾਰ-ਸਮੁੰਦਰ ਵਿੱਚ (ਵਿਕਾਰਾਂ ਦੇ) ਅਨੇਕਾਂ ਗੜ੍ਹੇ ਹਨ, ਮਿਹਰ ਕਰਕੇ (ਮੈਨੂੰ ਇਹਨਾਂ ਤੋਂ ਬਚਾ ਕੇ) ਕੰਢੇ ਤੇ ਚਾੜ੍ਹ ਲੈ। ਹੇ ਹਰੀ! ਸੰਤ ਜਨਾਂ ਦੀ ਸੰਗਤ ਵਿੱਚ (ਰੱਖ ਕੇ ਮੈਨੂੰ ਆਪਣੇ) ਚਰਨਾਂ ਦੇ ਜਹਾਜ਼ (ਵਿਚ ਚਾੜ੍ਹ ਲੈ), (ਤੇਰੇ ਇਹ ਚਰਨ) ਮੈਨੂੰ ਪਾਰ ਲੰਘਾਣ ਦੇ ਸਮਰਥ ਹਨ।

() "ਮਥੁਰਾ ਜਨ ਜਾਨਿ ਕਹੀ ਜੀਅ ਸਾਚੁ, ਸੁ ਅਉਰ ਕਛੂ ਨ ਬਿਚਾਰਨ ਕਉ॥ ਹਰਿ ਨਾਮੁ ਬੋਹਿਥੁ, ਬਡੌ ਕਲਿ ਮੈ ਭਵ ਸਾਗਰ ਪਾਰਿ ਉਤਾਰਨ ਕਉ" (ਪੰ: ੧੪੦੪)

ਅਰਥ: — ਦਾਸ ਮਥੁਰਾ ਨੇ ਹਿਰਦੇ ਵਿੱਚ ਸੋਚ-ਸਮਝ ਕੇ ਇਹ ਸੱਚ ਆਖਿਆ ਹੈ, ਇਸ ਤੋਂ ਬਿਨਾ ਕੋਈ ਹੋਰ ਵਿਚਾਰਨ-ਜੋਗ ਗੱਲ ਨਹੀਂ ਹੈ, ਕਿ ਸੰਸਾਰ-ਸਾਗਰ ਤੋਂ ਪਾਰ ਉਤਾਰਨ ਲਈ ਹਰੀ ਦਾ ਨਾਮ ਹੀ ਕਲਜੁਗ ਵਿੱਚ ਵੱਡਾ ਜਹਾਜ਼ ਹੈ (ਅਤੇ ਉਹ ਨਾਮ ਸਮਰੱਥ ਗੁਰੂ ਤੋਂ ਮਿਲਦਾ ਹੈ)। (

ਨੋਟ- ਅਰਥ ਲੜੀ, ਅਤੀ ਧੰਨਵਾਦ ਸਾਹਿਤ, ਪੰਥ ਦੀ ਚਲਦੀ-ਫ਼ਿਰਦੀ ਯੂਨੀਵਰਸਿਟੀ ਡੀ: ਲਿਟ: ਪ੍ਰੋ: ਸਾਹਿਬ ਸਿੰਘ ਜੀ (ਚਲਦਾ) #234P-VIIII,-02.17-0217#p9v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-VIIII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਨੌਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.