.

ਕੀ ਧਰਮ ਸੰਪ੍ਰਦਾ ਹੈ?

ਇਕ ਸਾਧਾਰਨ ਝਾਤ ਮਾਰਿਆਂ ਪਤਾ ਲੱਗ ਸਕਦਾ ਹੈ ਕਿ ਸੰਸਾਰ ਦੇ ਸਾਰੇ ਮੰਨੇ ਜਾਂਦੇ ਧਰਮ ਇੱਕ ਸੰਸਥਾ ਜਾਂ ਸੰਪ੍ਰਦਾ ਦਾ ਹੀ ਰੂਪ ਹਨ। ਹਰ ਅਖੌਤੀ ਧਰਮ ਆਪਣੇ ਆਪਣੇ ਕਰਮ ਕਾਂਡਾਂ ਤੇ ਰੀਤਾਂ ਰਸਮਾ ਨੂੰ ਹੀ ਪਰਚਾਰਦਾ ਹੈ ਤੇ ਇਹ ਕਰਮ ਕਾਂਡ ਕਿਉਂਕਿ ਦੂਜੇ ਧਰਮਾਂ ਤੋਂ ਅਲੱਗ ਹਨ, ਉਹਨਾਂ ਨਾਲ ਮੇਲ ਨਹੀ ਖਾਂਦੇ, ਇਸ ਲਈ ਇਹ ਵਖਰੇਵੇਂ ਇੱਕ ਦੂਜੇ ਨਾਲ ਰੰਜਸ਼ ਪੈਦਾ ਕਰ ਦਿੰਦੇ ਹਨ। ਇਹਨਾਂ ਮੰਨੇ ਜਾਂਦੇ ਧਰਮਾਂ ਦੇ ਵਖਰੇਵਿਆਂ ਨੇ ਹੀ ਸੰਸਾਰ ਵਿੱਚ ਅਨੇਕਾਂ ਜੰਗਾਂ ਜੁੱਧਾਂ ਰਾਹੀਂ ਬੇਅੰਤ ਜ਼ਿੰਦਗੀਆਂ ਭੰਗ ਦੇ ਭਾੜੇ ਰ੍ਹੋੜ ਦਿੱਤੀਆਂ। ਮੌਜੂਦਾ ਸਮੇ ਵਿੱਚ ਵੀ ਅਮਨ ਤੇ ਚੈਨ ਨੂੰ ਭੰਗ ਕਰਨ ਵਾਲੇ, ਬਿਬੇਕ ਬੁੱਧ ਦੇ ਪੱਕੇ ਵੈਰੀ ਤੇ ਬੇਲੋੜੇ ਵਿਵਾਦ ਖੜੇ ਕਰਨ ਵਾਲੇ ਅਖੌਤੀ ਧਰਮੀ ਹੀ ਪਾਏ ਜਾਣਗੇ। ਸੱਚ ਦੀ ਗਲ ਕਰਨ ਵਾਲਿਆਂ ਤੇ ਹਮਲਾਵਰ ਹੋਣ ਵਾਲੇ ਵੀ ਅਖੌਤੀ ਧਰਮੀ ਹੀ ਵੇਖੇ ਜਾ ਸਕਦੇ ਹਨ ਕਿਉਂਕਿ ਕੂੜ (ਝੂਠ) ਨਾਲ ਜੁੜਨ ਵਾਲੇ (ਸਾਕਤ) ਨੂੰ ਕਦੇ ਸੱਚ ਨਹੀ ਭਾਅ ਸਕਦਾ ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ ॥ ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ ॥ 22

ਬੜੀ ਹੈਰਾਨੀ ਦੀ ਗਲ ਹੈ ਕਿ ਸਿੱਧੀ ਸਾਧੀ ਗਲ ਹੀ ਅਖੌਤੀ ਧਰਮੀਆਂ ਦੀ ਸਮਝ ਵਿੱਚ ਨਹੀ ਆ ਰਹੀ ਕਿ ਜਿਸ ਕਰਮ ਨਾਲ ਮਨੁਖਤਾ ਵਿੱਚ ਡਰ, ਸਹਿਮ, ਵਖਰੇਵੇਂ, ਧੋਖਾ ਤੇ ਵੈਰ ਵਿਰੋਧਤਾ ਪੈਦਾ ਹੋਵੇ, ਕਿਸੇ ਨੂੰ ਕਿਸੇ ਵੀ ਕਰਮ ਲਈ ਮਜਬੂਰ ਕੀਤਾ ਜਾਵੇ, ਕਿਸੇ ਦਾ ਹੱਕ ਮਾਰਿਆ ਜਾਵੇ, ਕਿਸੇ ਤੇ ਸੀਨਾ ਜੋਰੀ ਕੀਤੀ ਜਾਵੇ, ਇਹ ਕਾਨੂਨੀ ਜੁਰਮ ਤਾਂ ਹੋ ਸਕਦੇ ਹਨ ਪਰ ਧਰਮ ਕਰਮ ਕਦੇ ਨਹੀ ਹੋ ਸਕਦੇ। ਮਨੁਖਤਾ ਦੇ ਅਮਨ ਚੈਨ ਨੂੰ ਭੰਗ ਕਰਨਾ, ਬੁੱਧੀ ਜੀਵਾਂ ਨੂੰ ਡਰਾਉਣਾ ਧਮਕਾਉਣਾ ਤੇ ਆਪਣੀ ਗੱਲ ਮਨਵਾਉਣ ਤੇ ਮਜਬੂਰ ਕਰਨਾ ਕਿਥੋਂ ਦਾ ਧਰਮ ਹੈ? ਇਹ ਤਾਂ ਜ਼ੁਲਮ ਹੈ, ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ ॥ 1375

ਪਰ ਇਹ ਜ਼ੁਲਮ, ਅਖੌਤੀ ਧਰਮ ਦੇ ਠੇਕੇਦਾਰ ਖੁਲੇ ਆਮ ਕਰਦੇ ਹੋਏ ਵੀ ਆਪਣੇ ਆਪ ਨੂੰ ਧਰਮੀ ਅਖਵਾਈ ਜਾਂਦੇ ਹਨ। ਇਹਨਾਂ ਨੇ ਧਰਮ ਨੂੰ ਸੰਪ੍ਰਦਾ ਜਾਂ ਜਥੇਬੰਦੀ ਵਿੱਚ ਬਦਲ ਕੇ ਲੁਕਾਈ ਨੂੰ ਆਪਣੀ ਹੀ ਬਣਾਈ ਮਰਯਾਦਾ ਦੇ ਬੰਧਨਾ (ਸੋਨੇ ਦੀਆਂ ਹੱਥਕੜੀਆਂ) ਵਿੱਚ ਜਕੜ ਕੇ ਬੰਧੀ ਜਾਂ ਗੁਲਾਮ ਬਣਾਇਆ ਹੋਇਆ ਹੈ। ਧਰਮ ਤਾਂ ਬੰਧਨਾਂ ਤੋਂ ਮੁਕਤ ਕਰਦਾ ਹੈ, ਬੰਧਨਾਂ ਵਿੱਚ ਨਹੀ ਪਾਉਂਦਾ, ਇਹੀ ਕਾਰਨ ਹੈ ਕਿ ਧਰਮ ਕੋਈ ਰੀਤ, ਰਸਮ ਜਾਂ ਕਰਮ ਕਾਂਡਾਂ ਦਾ ਬੰਧਨ ਨਹੀ ਹੋ ਸਕਦਾ। ਇਸ ਤਰਾਂ ਦੇ ਆਪੂ ਘੜੇ ਅਖੌਤੀ ਧਰਮ ਤੋਂ ਇਨਕਾਰੀ ਜਾਂ ਬਾਗੀ ਹੋਣ ਵਾਲਿਆਂ ਨੂੰ ਹੀ ਇਹ ਧਰਮ ਦੇ ਠੇਕੇਦਾਰ ਨਾਸਤਕ ਦਾ ਖਿਤਾਬ ਦਿੰਦੇ ਹਨ। ਦੇਖਿਆ ਜਾਵੇ ਤਾਂ ਇਹਨਾ ਅਖੌਤੀ ਧਰਮੀਆਂ ਨਾਲੋਂ ਤਾਂ ਨਾਸਤਕ ਸੱਚੇ ਲਗਦੇ ਹਨ। ਮਸਲਨ, ਅਗਰ ਇੱਕ ਨਾਸਤਕ ਇਹ ਕਹਿੰਦਾ ਹੈ ਕਿ:

(1) (ਅਖੌਤੀ ਸੰਪ੍ਰਦਾਇਕ) ਧਰਮ ਤਿੰਨ ਕੰਮ ਬਹੁਤ ਚੰਗੀ ਤਰਾਂ ਕਰਦਾ ਹੈ। ਵਖਰੇਵੇਂ ਪੈਦਾ ਕਰਦਾ ਹੈ, ਬੰਧਨਾਂ (ਕਰਮ ਕਾਂਡਾਂ) ਵਿੱਚ ਪਾਉਂਦਾ ਹੈ ਤੇ ਭਰਮ ਭੁਲੇਖੇ ਪੈਦਾ ਕਰਦਾ ਹੈ ਤਾਂ ਕੀ ਇਹ ਸਚਾਈ ਹੈ ਕਿ ਨਾਸਤਿਕਤਾ? ਝੂਠ ਬੋਲ ਕੇ ਜਿਤਨੇ ਭਰਮ ਭੁਲੇਖੇ, ਵਖਰੇਵੇਂ, ਤੇ ਬੰਧਨ ਸਾਡੇ ਕਹੇ ਜਾਂਦੇ ਧਰਮ ਦੇ ਆਗੂਆਂ ਨੇ ਪਾਏ ਹਨ ਉਤਨੇ ਨਾਸਤਿਕਾਂ ਨੇ ਨਹੀ ਪਾਏ। ਗੁਰਬਾਣੀ ਐਸੇ ਅਖੌਤੀ ਧਰਮੀਆਂ ਨੂੰ ਹੀ ਤਾੜਨਾ ਕਰਦੀ ਹੈ ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥ ਹਉਮੈ ਜਾਇ ਸਬਦਿ ਘਰੁ ਲਹੀਐ ॥ 904 ਇਹ ਤਾੜਨਾ ਇਕੱਲੇ ਪਾਂਡੇ ਨੂੰ ਹੀ ਨਹੀ ਬਲਿਕੇ ਸਮੂਹ ਅਖੌਤੀ ਧਰਮ ਦੇ ਠੇਕੇਦਾਰਾਂ ਨੂੰ ਹੈ। ਇੱਕ ਨਾਸਤਕ ਲਿਖਦਾ ਹੈ:

(2) ਸਾਧਾਰਨ ਮਨੁੱਖ ਬੁਰੇ ਕਰਮ ਇਤਨੀ ਖੁਸ਼ੀ ਨਾਲ ਨਹੀ ਕਰਦਾ ਜਿਤਨੀ ਖੁਸ਼ੀ ਨਾਲ ਇੱਕ (ਅਖੌਤੀ) ਧਰਮੀ ਕਰਦਾ ਹੈ। ਕੀ ਇਹ ਸਚਾਈ ਹੈ ਜਾਂ ਨਾਸਤਿਕਤਾ? ਮੌਜੂਦਾ ਧਰਮ ਦੇ ਦੌਰ ਵਿੱਚ ਜਿਨੀਆਂ ਬੁਰਿਆਈਆਂ, ਝੂਠ, ਚੋਰੀ, ਧੋਖਾ, ਪਰਾਇਆ ਹੱਕ, ਬਲਾਤਕਾਰ ਜਾ ਕਤਲ ਆਦਿਕ ਤਕ ਅਖੌਤੀ ਧਰਮ ਦੇ ਆਗੂ ਖੁਸ਼ੀ ਨਾਲ ਕਰਦੇ ਹਨ ਉਹ ਕੋਈ ਸਾਧਾਰਨ ਮਨੁੱਖ ਵੀ ਨਹੀ ਕਰਦਾ। ਇੰਟਰਨੈਟ ਤੇ ਵੀਡੀਉ ਵਿੱਚ ਇੱਕ ਨਿਰਬਲ ਮਨੁੱਖ ਦੀ ਡਾਂਗਾਂ ਨਾਲ ਖੱਲ ਉਧੇੜ ਕੇ ਇਹ ਅਖੌਤੀ ਧਰਮੀ ਖੁਛੀ ਮਹਿਸੂਸ ਕਰਦੇ ਵੇਖੇ ਗਏ ਹਨ। ਕਿਸੇ ਤੇ ਜਾਨ ਲੇਵਾ ਹਮਲਾ ਕਰਕੇ, ਜਾਨੋ ਮਾਰਕੇ, ਕਿਸੇ ਨੂੰ ਧਮਕਾ ਡਰਾ ਕੇ ਇਹ ਜਸ਼ਨ ਮਨਾਉਂਦੇ ਵੇਖੇ ਗਏ ਹਨ। ਧਰਮ ਦੇ ਬੁਰਕੇ ਵਿੱਚ ਲੁਕੇ ਅੇਸੇ ਹੀ ਅਖੌਤੀ ਧਰਮੀਆਂ ਨੂੰ ਬਾਣੀ ਖੰਡਣ ਕਰਦੀ ਹੈ ਐਸੇ ਬ੍ਰਾਹਮਣ ਡੂਬੇ ਭਾਈ ॥ ਨਿਰਾਪਰਾਧ ਚਿਤਵਹਿ ਬੁਰਿਆਈ ॥ 372

ਇਹ ਉਪਦੇਸ਼ ਪੰਡਤਾਂ ਜਾਂ ਬ੍ਰਾਹਮਣਾਂ ਲਈ ਹੀ ਨਹੀ ਕਿਉਂਕਿ ਇਹ ਉਹਨਾਂ ਦਾ ਧਾਰਮਿਕ ਗ੍ਰੰਥ ਹੀ ਨਹੀ, ਇਹ ਉਪਦੇਸ਼ ਖਾਸ ਕਰਕੇ ਉਹਨਾਂ ਲਈ ਹੈ ਜਿਨ੍ਹਾਂ ਨੇ ਇਸ ਤੇ ਆਪਣਾ ਹੱਕ ਜਮਾਇਆ ਹੋਇਆ ਹੈ। ਜੋ ਗੁਰਬਾਣੀ ਨੂੰ ਪੜ੍ਹਦਾ ਹੈ ਇਹ ਉਪਦੇਸ਼ ਓਸੇ ਲਈ ਹੈ। ਇੱਕ ਹੋਰ ਨਾਸਤਕ ਲਿਖਦਾ ਹੈ ਕਿ:

(3) ਵਿਅਰਥ ਮਨੌਤ ਹੀ ਸੂਝ ਬੂਝ ਦੀ ਮੌਤ ਹੈ। ਕੀ ਇਹ ਸਚਾਈ ਹੈ ਕਿ ਨਾਸਤਿਕਤਾ? ਪੁਰਾਤਨ ਵਿਅਰਥ ਮਨੌਤਾਂ ਹੀ ਅਧਰਮ ਦਾ ਕਾਰਨ ਬਣਦੀਆਂ ਹਨ। ਜਿਸ ਹਾਲਾਤ ਵਿੱਚ ਕੋਈ ਲਾਹੇਵੰਦ ਕਾਰਜ ਅਰੰਭ ਹੁੰਦਾ ਹੈ, ਉਹ ਉਸ ਸਮੇ ਦੇ ਹਾਲਾਤ ਲਈ ਤਾਂ ਸ਼ਾਇਦ ਲਾਭਦਾਇਕ ਹੋ ਸਕਦਾ ਹੈ ਪਰ ਸਮਾ ਪਾ ਕੇ ਹਾਲਾਤ (ਤੇ ਪ੍ਰਬੰਧਕ) ਬਦਲਣ ਨਾਲ ਉਹੀ ਕਾਰਜ ਇੱਕ ਵਿਅਰਥ ਰੀਤ ਜਾਂ ਰਸਮ ਦਾ ਰੂਪ ਬਣ ਕੇ ਹੀ ਰਹਿ ਜਾਂਦਾ ਹੈ, ਪਰ ਗਿਆਨ ਤੋਂ ਕੋਰਾ ਮਨੁੱਖ ਉਹਨਾਂ ਪੁਰਾਤਨ ਅੰਧਵਿਸ਼ਵਾਸੀ ਤੇ ਵਿਅਰਥ ਰੀਤਾਂ ਰਸਮਾਂ ਨੂੰ ਨਹੀ ਛੱਡਦਾ। ਗੁਰਬਾਣੀ ਤਾਂ ਸੁਚੇਤ ਕਰਦੀ ਹੈ ਕਿ ਬੰਧਨ ਕਰਮ ਧਰਮ ਹਉ ਕੀਆ ॥ ਬੰਧਨ ਪੁਤੁ ਕਲਤੁ ਮਨਿ ਬੀਆ ॥ 416

ਧਰਮ ਦੀਆਂ ਰੀਤਾਂ ਰਸਮਾਂ ਤੇ ਕਰਮ ਕਾਂਡ ਸਭ ਬੰਧਨ ਹੀ ਬਣ ਜਾਂਦੇ ਹਨ ਤੇ ਬੰਧਨਾਂ ਤੋਂ ਮੁਕਤੀ ਦਾ ਰਾਹ ਹੀ ਧਰਮ ਹੈ। ਇਹਨਾਂ ਅਖੌਤੀ ਧਰਮ ਦੇ ਬੰਧਨਾਂ ਦੀ ਸਾਹਾਇਤਾ ਨਾਲ ਮਨੁਖਤਾ ਨੂੰ ਜਕੜ ਕੇ ਨਿੱਜੀ ਧਰਮ ਨੂੰ ਸੰਪ੍ਰਦਾ ਜਾਂ ਸੰਸਥਾ ਦੇ ਰੂਪ ਵਿੱਚ ਬਦਲ ਦਿੱਤਾ ਗਿਆ ਹੈ।

ਸੰਪ੍ਰਦਾ, ਸੰਸਥਾ ਜਾਂ ਜਥੇਬੰਦੀ ਇੱਕ ਫਿਰਕੇ ਜਾਂ ਇਕੱਠ ਦਾ ਨਾਮ ਹੈ ਤੇ ਕਿਸੇ ਵੀ ਇਕੱਠ ਵਿੱਚ ਸਾਰੇ ਇਕੋ ਜੇਹੀ ਸੱਚੀ ਸੋਚ ਵਾਲੇ ਮਨੁੱਖ ਹੋਣੇ ਸੰਭਵ ਨਹੀ ਇਸ ਲਈ ਐਸੇ ਫਿਰਕੇ ਨੂੰ ਇੱਕ ਧਾਰਮਿਕ ਫਿਰਕਾ ਕਹਿਣਾ ਠੀਕ ਨਹੀ ਹੋ ਸਕਦਾ। ਸੱਚ (ਭਾਵ ਪ੍ਰਭੂ ਜਾਂ ਗੁਰੂ) ਨਾਲ ਜੁੜਨਾ ਹੀ ਧਰਮ ਹੈ ਮੈ ਬਧੀ ਸਚੁ ਧਰਮ ਸਾਲ ਹੈ ॥ ਗੁਰਸਿਖਾ ਲਹਦਾ ਭਾਲਿ ਕੈ ॥ 73 ਸੱਚ ਦੀ ਧਰਮਸਾਲ, ਕੋਈ ਬਾਹਰ ਦੀ ਸੰਸਥਾ ਜਾਂ ਕੋਈ ਇਕੱਠ ਨਹੀ ਅਤੇ ਨਾ ਹੀ ਇਹ ਕੋਈ ਇਮਾਰਤ ਹੈ, ਬਲਿਕੇ ਅੰਦਰੂਨੀ ਸੱਚੀ ਸੋਚ, ਆਤਮਿਕ ਗਿਆਨ ਜਾਂ ਬਿਬੇਕ ਬੁੱਧੀ ਦੀ ਹੀ ਧਰਮ ਸਾਲ ਬੱਧੀ ਹੈ ਜਿਸ ਨੂੰ ਪਰਵਾਨ ਜਾਂ ਅਪਰਵਾਨ ਦੀ ਸੱਭ ਨੂੰ ਖੁੱਲ ਹੈ ਪਰ ਕਿਉਂਕਿ ਹਰ ਮਨੁੱਖ ਦੀ ਸੋਚ ਆਪਣੀ ਆਪਣੀ ਹੈ (ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ ॥ ਕੋਇ ਨ ਕਿਸ ਹੀ ਜੇਹਾ ਉਪਾਇਆ ॥ 1056) ਇਸ ਲਈ ਸੱਚ ਦੇ ਅਭਿਲਾਸ਼ੀਆਂ ਦੀ ਸੰਪ੍ਰਦਾ, ਸੰਸਥਾ, ਜਾਂ ਇਕੱਠ ਤਾਂ ਹੋ ਸਕਦਾ ਹੈ ਪਰ ਧਰਮੀ ਕੋਈ ਵਿਰਲਾ ਹੀ ਹੁੰਦਾ ਹੈ।

ਗੁਰਬਾਣੀ ਅਨੁਸਾਰ ਸੱਚ ਨਾਲ ਜੁੜਨ ਵਾਲਾ ਗੁਰਮੁਖ ਹੀ ਧਰਮੀ ਹੁੰਦਾ ਹੈ ਤੇ ਉਹ ਕਰੋੜਾਂ ਵਿੱਚੋਂ ਕੋਈ ਇੱਕ ਹੀ ਹੁੰਦਾ ਹੈ, (ਜਨ ਨਾਨਕ ਕੋਟਨ ਮੈ ਕਿਨਹੂ ਗੁਰਮੁਖਿ ਹੋਇ ਪਛਾਨਾ ॥ 684) ਇਸ ਲਈ ਸਪਸ਼ਟ ਹੈ ਕਿ ਧਰਮ ਨਿੱਜੀ ਹੈ, ਕੋਈ ਸੰਪ੍ਰਦਾ, ਫਿਰਕਾ, ਜਾਂ ਸੰਸਥਾ ਧਰਮ ਨਹੀ ਹੋ ਸਕਦਾ। ਕੋਈ ਸੰਸਥਾ ਜਾਂ ਸੰਪ੍ਰਦਾ ਕਿਸੇ ਖਾਸ ਕਾਰਜ ਵਾਸਤੇ ਥੋੜੇ ਸਮੇ ਲਈ ਬਣਦੀ ਹੈ ਪਰ ਲੰਮਾ ਸਮਾ ਪਾ ਕੇ, ਜਾਂ ਕਾਰਜ ਦੀ ਪੂਰਤੀ ਪਿੱਛੋਂ ਉਸ ਦਾ ਮਨੋਰਥ ਪੂਰਾ ਹੋਣ ਕਰਕੇ ਜਾਂ ਵਿਸਰ ਜਾਣ ਕਰਕੇ ਉਹ ਰੀਤਾਂ, ਰਸਮਾਂ ਦਾ ਇਕੱਠ ਹੀ ਰਹਿ ਜਾਂਦਾ ਹੈ। ਮਨੋਰਥ ਤੋਂ ਬਿਨਾ ਕੋਈ ਵੀ ਕਾਰਜ ਇੱਕ ਵਿਅਰਥ ਰਸਮ ਬਣ ਜਾਂਦਾ ਹੈ, ਇਸ ਲਈ ਮੌਜੂਦਾ ਅਖੌਤੀ ਧਰਮ ਵਿੱਚ ਸੱਚ ਨਾਲ ਜੁੜਨ ਦਾ ਕੋਈ ਮਨੋਰਥ ਨਾ ਹੋਣ ਕਰਕੇ ਇੱਕ ਸੰਪ੍ਰਦਾ ਤਾਂ ਹੋ ਸਕਦਾ ਹੈ ਪਰ ਧਰਮ ਨਹੀ। ਆਮ ਤੌਰ ਤੇ ਗੁਰਦੁਆਰਿਆਂ ਅੰਦਰ ਗੁਰਬਾਣੀ ਦੀ ਹਜ਼ੂਰੀ ਵਿੱਚ ਬੈਠੇ ਇਕੱਠ ਨੂੰ ਸਾਧ ਸੰਗਤ ਆਖ ਕੇ ਸੰਬੋਧਨ ਕੀਤਾ ਜਾਂਦਾ ਹੈ ਪਰ ਸਤਸੰਗਤ, ਜਾਂ ਸਾਧਸੰਗਤ ਦਾ ਮਤਲਬ ਤਾਂ ਸੱਚ (ਪ੍ਰਭੂ ਜਾਂ ਗੁਰੂ) ਨਾਲ ਮੇਲ ਹੈ, ਜਿਵੇਂ ਸੱਚ = ਪ੍ਰਭੂ ਜਾਂ ਗੁਰੂ ਤੇ ਸੰਗਤ = ਮੇਲ ਜਾਂ ਮਿਲਾਪ, ਸੋ ਸਤਸੰਗਤ (ਜਾਂ ਸਾਧਸੰਗਤ) ਦਾ ਅਰਥ ਬਣਦਾ ਹੈ ਪ੍ਰਭੂ ਜਾਂ ਗੁਰੂ ਨਾਲ ਮਿਲਾਪ। ਗੁਰਬਾਣੀ ਅਨੁਸਾਰ ਗੁਰੂ ਸਾਹਿਬਾਨਾਂ ਨੇ ਵੀ ਪ੍ਰਭੂ ਨਾਲ ਮੇਲ (ਸਤਸੰਗਤ) ਗੁਰੂ (ਸ਼ਬਦ ਦੀ ਸੰਗਤ) ਦੁਆਰਾ ਹੀ ਪ੍ਰਾਪਤ ਕੀਤਾ ਹੈ ਕਿਸੇ ਇਕੱਠ, ਫਿਰਕੇ ਜਾਂ ਸੰਪ੍ਰਦਾ ਵਿੱਚੋਂ ਨਹੀ। ਗੁਰਬਾਣੀ ਸਤਸੰਗਤ ਦੀ ਵਿਆਖਿਆ ਕਰਦੀ ਹੈ ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥ 72

ਸਤਸੰਗਤ ਉਸੇ ਨੂੰ ਕਿਹਾ ਜਾਂਦਾ ਹੈ ਜਦੋਂ (ਪ੍ਰਭੂ ਜਾਂ ਗੁਰੂ) ਦਾ ਹੁਕਮ (ਨਾਮ) ਹਿਰਦੇ ਵਿੱਚ ਵਸ ਜਾਂਦਾ ਹੈ। ਗੁਰਬਾਣੀ (ਸ਼ਬਦ) ਨਾਲ ਨਿੱਜੀ ਮੇਲ (ਸਾਂਝ, ਜਾਂ ਜੁੜਨਾ) ਹੀ ਸਤਸੰਗਤ ਹੈ, ਬਾਹਰ ਕੋਈ ਇਕੱਠ ਜਾਂ ਸੰਪ੍ਰਦਾ ਸਤਸੰਗਤ ਨਹੀ ਹੋ ਸਕਦੀ ਕਿਉਂਕਿ ਗੁਰੂ, ਜਿਸ ਨਾਲ ਸੰਗਤ ਕਰਨੀ ਹੈ, ਉਹ ਤਾਂ ਅੰਦਰ ਬੈਠਾ ਹੈ, ਸੋ ਸੱਚ ਨਾਲ ਸੰਗਤ ਮਨ ਅੰਦਰ ਹੀ ਹੋ ਸਕਦੀ ਹੈ ਬਾਹਰ ਨਹੀ। ਸੋ ਸਤਸੰਗਤਿ ਸਬਦਿ ਮਿਲੈ ਜੋ ਗੁਰਮੁਖਿ ਚਲੈ ॥ 956 ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਚਲਦਾ ਹੈ ਉਹੀ ਸਤਸੰਗਤ ਜਾਂ ਸਾਧਸੰਗਤ ਕਰ ਰਿਹਾ ਹੈ ਤੇ ਇਹ ਹਰ ਇੱਕ ਦੇ ਮਨ ਦਾ ਨਿੱਜੀ ਮਾਮਲਾ ਹੈ। ਗੁਰ ਉਪਦੇਸਿ ਸਾਧ ਕੀ ਸੰਗਤਿ ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥ 1105 ਗੁਰੂ ਦੀ ਸਿਖਿਆ (ਗੁਰਬਾਣੀ) ਦਾ ਅੰਦਰ ਵਸ ਜਾਣਾ ਹੀ ਸਾਧਸੰਗਤ ਜਾਂ ਸਤਸੰਗਤ ਹੈ। ਪ੍ਰਚਲਤ ਸਤਸੰਗਤ ਜਾਂ ਸਾਧਸੰਗਤ ਲਈ ਇਕੱਤ੍ਰ ਹੋਏ ਸਾਰੇ ਅਭਿਲਾਸ਼ੀ ਸਤਸੰਗੀ ਨਹੀ ਹੋ ਸਕਦੇ, ਕੇਵਲ ਉਸ ਨੂੰ ਹੀ ਸਤਸੰਗੀ ਕਿਹਾ ਜਾ ਸਕਦਾ ਹੈ ਜਿਸ ਦੀ ਸਾਂਝ ਗੁਰਬਾਣੀ ਨਾਲ ਪੈ ਜਾਂਦੀ ਹੈ ਤੇ ਐਸੇ ਵਿਰਲੇ ਮਨੁੱਖਾਂ ਦਾ ਇਕੱਠ ਨਹੀ ਹੋਇਆ ਕਰਦਾ ਤੇ ਇਹ ਜ਼ਰੂਰੀ ਨਹੀ ਕਿ ਹਰ ਇਕੱਠ ਵਿੱਚ ਕੋਈ ਸਤਸੰਗੀ ਹੋਵੇ। ਗੁਰਿ ਪੂਰੈ ਹਰਿ ਨਾਮ ਸਿਧਿ ਪਾਈ ਕੋ ਵਿਰਲਾ ਗੁਰਮਤਿ ਚਲੈ ਜੀਉ ॥ 94 ਜਿਸ ਦੀ ਸੱਚ (ਗੁਰੂ) ਨਾਲ ਸੰਗਤ ਹੋ ਜਾਏ ਉਹ ਫਿਰ ਦੁਨੀਆਂ ਦੇ ਸੰਪ੍ਰਦਾਇਕ (ਕਰਮ ਕਾਂਡੀ) ਅਖੌਤੀ ਧਰਮਾਂ (ਅਸਲ ਵਿੱਚ ਮਜ਼੍ਹਬਾਂ) ਦੇ ਰਾਹ ਨਹੀ ਪੈਂਦਾ (ਮੰਨੈ ਮਗੁ ਨ ਚਲੈ ਪੰਥੁ ॥ 3)

ਗੁਰਬਾਣੀ ਨੂੰ ਪੜ੍ਹਨ ਜਾਂ ਸੁਣਨ ਵਾਲੇ ਅਭਿਲਾਸ਼ੀਆਂ ਨੂੰ ਪ੍ਰਚਲਤ ਬੋਲੀ ਅਨੁਸਾਰ ਸਤਸੰਗਤ ਜਾਂ ਸਾਧਸੰਗਤ ਤਾਂ ਕਿਹਾ ਜਾਂਦਾ ਹੈ ਪਰ ਗੁਰਬਾਣੀ ਅਨੁਸਾਰ ਸੱਚ (ਦੀ ਸੋਚ) ਨੂੰ ਮਨ ਵਸਾਉਣ ਵਾਲੇ ਨੂੰ ਹੀ ਸਤਸੰਗੀ ਮੰਨਿਆ ਜਾ ਸਕਦਾ ਹੈ (ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ ॥ 127)। ਪੜ੍ਹਨ ਸੁਣਨ ਵਾਲੇ ਤਾਂ ਬਹੁਤ ਹੋ ਸਕਦੇ ਹਨ ਪਰ ਪੜ੍ਹਿਆ ਸੁਣਿਆ ਬੁੱਝ ਕੇ ਮਨ ਵਸਾਉਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਬਾਬੇ ਨਾਨਕ ਕੋਲ ਧਰਮ (ਸੱਚ ਦੀ ਸੋਚ) ਦੇ ਅਭਿਲਾਸ਼ੀ (ਸਤਸੰਗ ਕਰਨ ਵਾਲੇ) ਤਾਂ ਅਨੇਕਾਂ ਆਉਂਦੇ ਸਨ ਪਰ ਧਰਮੀ (ਸਤਸੰਗੀ) ਇਕੋ ਲਹਿਣਾ ਜੀ ਹੀ ਨਿਕਲੇ।

ਰੱਬ ਜਾਂ ਗੁਰੂ ਦਾ, ਕੋਈ ਮਜ਼੍ਹਬ ਨਹੀ, ਕੋਈ ਸੰਪ੍ਰਦਾ ਨਹੀ, ਕੋਈ ਸੰਸਥਾ ਨਹੀ ਹੈ ਕਿਉਂਕਿ ਉਸ ਤੋਂ ਬਿਨਾ ਦੂਜਾ ਕੋਈ ਹੈ ਹੀ ਨਹੀ (ਸਚੇ ਬਾਝਹੁ ਕੋ ਅਵਰੁ ਨ ਦੂਆ ॥ ਦੂਜੈ ਲਾਗਿ ਜਗੁ ਖਪਿ ਖਪਿ ਮੂਆ ॥113) ਇਸ ਲਈ ਜਦੋਂ ਕੋਈ ਮਨੁੱਖ ਉਸ (ਇਕੱਲੇ) ਪ੍ਰਭੂ ਨਾਲ ਜੁੜਦਾ ਹੈ, ਉਸ ਨੂੰ ਜਾਣ ਲੈਂਦਾ ਹੈ, ਤਾਂ ਉਹਦੇ ਲਈ ਵੀ ਕੋਈ ਦੂਜਾ ਨਹੀ ਰਹਿ ਜਾਂਦਾ, ਉਹ ਵੀ ਇਕੱਲੇ ਨਾਲ ਮਿਲ ਕੇ ਇਕੱਲਾ ਹੀ ਰਹਿ ਜਾਂਦਾ ਹੈ (ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥ 969 ) ਫਿਰ ਜੋ ਆਪਾ ਹੀ ਗਵਾ ਬੈਠਾ ਹੈ, ਇਕੱਲਾ ਹੀ ਹੈ ਤਾਂ ਉਸ ਨੂੰ ਕਿਹੜੀ ਸੰਪ੍ਰਦਾ ਜਾਂ ਸੰਸਥਾ ਦੇ ਮੰਨਣ ਵਾਲਾ ਕਿਹਾ ਜਾਵੇ? ਗੁਰਬਾਣੀ ਫੁਰਮਾਨ ਹੈ: ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥ 1136

ਅਲਹ ਨਾਲ ਮਿਲ ਕੇ ਜੋ ਅਲਹ ਹੀ ਹੋ ਗਿਆ ਤਾਂ ਜੇ ਅਲਹ ਦਾ ਕੋਈ ਮਜ਼੍ਹਬ ਨਹੀ ਤਾਂ ਉਸ ਨਾਲ ਮਿਲਨ ਵਾਲੇ ਦਾ ਮਜ਼੍ਹਬ ਕੀ ਹੋ ਸਕਦਾ ਹੈ? ਜਿਸ ਨੇ ਗੁਰੂ ਦੀ ਸਿਖਿਆ ਦੁਆਰਾ ਆਪਣੇ ਆਪ ਨੂੰ ਜਾਣ ਲਿਆ, ਆਪਣੇ ਮੂਲ ਨੂੰ ਪਛਾਣ ਲਿਆ (ਜੋ ਇੱਕ ਨਿੱਜੀ ਕੰਮ ਹੈ) ਉਸ ਨੇ ਰੱਬ ਨੂੰ ਜਾਣ ਲਿਆ ਤੇ ਜਿਸ ਨੇ ਰੱਬ ਨੂੰ ਜਾਣ ਲਿਆ ਉਸ ਲਈ ਕੋਈ ਦੂਸਰਾ ਨਹੀ ਰਹਿ ਜਾਂਦਾ (ਸੋ ਬਉਰਾ ਜੋ ਆਪੁ ਨ ਪਛਾਨੈ ॥ ਆਪੁ ਪਛਾਨੈ ਤ ਏਕੈ ਜਾਨੈ ॥ 855) ਤਾਂ ਫਿਰ ਜੋ ਇੱਕ ਨਾਲ ਮਿਲ ਕੇ ਇੱਕ ਹੀ ਹੋ ਗਿਆ, ਉਸ ਨੂੰ ਕਿਹੜੀ ਸੰਪ੍ਰਦਾ ਜਾਂ ਕਿਹੜੀ ਸੰਸਥਾਂ ਦਾ ਕਿਹਾ ਜਾਵੇ? ਸੰਸਾਰ ਅੰਦਰ ਕੋਈ ਵੀ ਸੰਪ੍ਰਦਾ ਜਾਂ ਸੰਸਥਾ ਐਸੀ ਨਹੀ ਜਿਸ ਨੂੰ ਪੂਰਨ ਸੱਚ ਨਾਲ ਜੁੜੀ ਹੋਈ ਮੰਨਿਆ ਜਾ ਸਕੇ ਜਾਂ ਜਿਸ ਨੂੰ ਧਰਮ ਆਖਿਆ ਜਾ ਸਕੇ ਕਿਉਂਕਿ ਧਰਮ (ਨਿੱਜੀ) ਮਨ ਦੀ ਪਵਿੱਤਰਤਾ ਤੇ ਨਿਰਭਰ ਹੈ (ਜੋ ਜਨ ਲੂਝਹਿ ਮਨੈ ਸਿਉ ਸੇ ਸੂਰੇ ਪਰਧਾਨਾ ॥ ਹਰਿ ਸੇਤੀ ਸਦਾ ਮਿਲਿ ਰਹੇ ਜਿਨੀ ਆਪੁ ਪਛਾਨਾ ॥ 279) ਤੇ ਕੋਈ ਵੀ ਇਕੱਠ ਐਸਾ ਨਹੀ ਹੋਇਆ ਕਰਦਾ ਜਿਥੇ ਸਾਰਿਆਂ ਦੇ ਮਨ ਸੱਚ ਨਾਲ ਜੁੜ ਕੇ ਪਵਿੱਤਰ ਹੋਵਣ। ਜਦੋਂ ਕਦੇ ਵੀ ਕੋਈ ਮਨੁੱਖ ਆਪਣੇ ਮੰਨੇ ਜਾਂਦੇ ਧਰਮ ਨੂੰ ਬਦਲਦਾ ਹੈ ਤਾਂ ਅਸਲ ਵਿੱਚ ਉਸ ਦੀ ਸੋਚ ਹੀ ਬਦਲਦੀ ਹੈ। ਇੱਕ ਮੁਸਲਮਾਨ ਆਪਣੀ ਸੋਚ ਅਨੁਸਾਰ ਮੁਸਲਮਾਨ ਹੈ, ਹਿੰਦੂ ਆਪਣੀ ਸੋਚ ਨਾਲ, ਇਸਾਈ ਆਪਣੀ ਸੋਚ ਨਾਲ, ਪਰ ਜਦੋਂ ਕਦੇ ਕਦਾਈਂ ਮਨੁੱਖ ਗੁਰੂ ਦੀ ਸੋਚ ਨੂੰ ਅਪਨਾ ਲੈਂਦਾ ਹੈ ਤਾਂ ਉਹ ਫਿਰ ਕਿਸੇ ਬਾਹਰੀ ਅਖੌਤੀ (ਤੇ ਪੱਖਪਾਤੀ) ਧਰਮ (ਸੰਪ੍ਰਦਾ) ਨੂੰ ਨਹੀ ਅਪਨਾਏਗਾ। ਇੱਕ ਨਾਲ ਜੁੜਿਆਂ, ਉਸ ਨੂੰ ਹਰ ਪਾਸੇ ਇਕੋ ਹੀ ਨਜ਼ਰ ਆਏਗਾ ਤੇ ਇਹੀ ਅਸਲ ਧਰਮ ਹੈ ਜਿਸ ਨਾਲ ਗੁਰਬਾਣੀ ਮਨੁੱਖ ਨੂੰ ਜੋੜਨਾ ਚਹੁੰਦੀ ਹੈ। ਸੱਚ ਨਾਲ ਜੁੜ ਕੇ ਕੋਈ ਵਿਰਲਾ ਹੀ ਧਰਮੀ, ਸਤਸੰਗੀ ਜਾਂ ਗੁਰਮੁਖ ਹੁੰਦਾ ਹੈ ਇਸ ਲਈ ਧਰਮ ਕੋਈ ਸੰਪ੍ਰਦਾ ਨਹੀ ਹੋ ਸਕਦੀ। ਮੌਜੂਦਾ ਅਖੌਤੀ ਧਰਮ ਬਾਹਰੀ ਦਿੱਖ, ਰੀਤਾਂ ਰਸਮਾਂ ਅਤੇ ਕਰਮ ਕਾਂਡਾਂ ਤੇ ਹੀ ਨਿਰਭਰ ਹੈ ਤੇ ਇਹਨਾਂ ਰਹੁ ਰੀਤਾਂ ਨੂੰ ਨਿਭਾਉਣਾ ਹੀ ਧਰਮ ਸਮਝਿਆ ਜਾਂਦਾ ਹੈ ਪਰ ਗੁਰਬਾਣੀ ਅਨੁਸਾਰ ਧਰਮ (ਨਿੱਜੀ) ਮਨ ਦੀ ਸਾਧਨਾ ਤੇ ਨਿਰਭਰ ਹੈ ਜਿਸ ਲਈ ਕੋਈ ਬਾਹਰੀ ਕਰਮ ਕਾਂਡ ਨਹੀ ਕਰਨਾ ਪੈਂਦਾ।

ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥ ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥ 831 ਗੁਰਬਾਣੀ ਪੁਕਾਰ ਪੁਕਾਰ ਕੇ ਇਹ ਸੱਚ ਕਹਿ ਰਹੀ ਹੈ ਕਿ ਜਿਸ ਦਾ ਆਪਣਾ ਮਨ ਵੱਸ ਨਹੀ, ਜਿਸ ਨੇ ਆਪਣੇ ਮਨ ਦੀ ਸਾਧਨਾ ਨਹੀ ਕੀਤੀ ਉਸ ਦੇ ਬਾਕੀ ਸਾਰੇ ਕੀਤੇ ਕਰਮ ਧਰਮ ਵਿਅਰਥ ਹੀ ਹਨ। ਪਤਿਆਂ ਨੂੰ ਪਾਣੀ ਦੇਣ ਨਾਲ ਦਰਖਤ ਹਰਾ ਨਹੀ ਹੋ ਸਕਦਾ, ਜੜ੍ਹ ਨੂੰ ਪਾਣੀ ਦੇਣਾ ਪੈਂਦਾ ਹੈ ਇਸੇ ਤਰਾਂ ਬਾਹਰੀ ਕਰਮ ਕਾਂਡ ਕਰਨੇ ਪਤਿਆਂ ਨੂੰ ਪਾਣੀ ਦੇਣਾ ਹੈ ਜਿਸ ਨਾਲ ਮਨ ਹਰਾ ਨਹੀ ਹੋ ਸਕਦਾ, ਪਰ ਮਨੁੱਖ ਦੀ (ਅੰਦਰੂਨੀ) ਜੜ੍ਹ (ਮਨ) ਨੂੰ (ਗੁਰਬਾਣੀ ਦਾ) ਪਾਣੀ ਦੇਣ ਨਾਲ ਹੀ ਮਨ ਹਰਾ ਹੋ ਸਕਦਾ ਹੈ ਭਾਵ ਸਾਧਿਆ ਜਾ ਸਕਦਾ ਹੈ, ਸਬਦੇ ਸਦਾ ਬਸੰਤੁ ਹੈ ਜਿਤੁ ਤਨੁ ਮਨੁ ਹਰਿਆ ਹੋਇ ॥ 1420 ਮਨ ਦੀ ਸਾਧਨਾ ਕਿਉਂਕਿ ਇੱਕ ਨਿੱਜੀ ਤੇ ਕਠਨ ਖੇਡ ਹੈ (ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥ 219) ਇਸ ਲਈ ਮਨੁੱਖ ਦੀ ਸੋਚ ਸਦਾ ਕੋਈ ਸੌਖੇ ਢੰਗ ਦੀ ਭਾਲ ਵਿੱਚ ਰਹਿੰਦੀ ਹੈ। ਧਰਮ ਨੂੰ ਸੰਪ੍ਰਦਾ ਦਾ ਰੂਪ ਦੇਣ ਲਈ ਇੱਕ ਨਵਾਂ ਹੀ ਸ਼ਬਦ "ਪੰਥ" ਪ੍ਰਚਲਤ ਕੀਤਾ ਗਿਆ। ਗੁਰਬਾਣੀ ਅਨੁਸਾਰ ਪੰਥ ਇੱਕ ਰਸਤਾ ਜਾਂ ਰਾਹ ਹੈ ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ ॥ ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥ 219 ਪਰ ਇਸ ਨੂੰ (ਧਰਮ ਦੇ ਨਾਂ ਤੇ) ਸੰਪ੍ਰਦਾ ਦਾ ਰੂਪ ਹੀ ਦੇ ਦਿੱਤਾ ਗਿਆ ਹੈ। ਕੀ ਕਹੇ ਜਾਂਦੇ ਪੰਥ ਵਿੱਚ ਸਭ ਦੀ ਸੋਚ " ਮੈ ਬਧੀ ਸਚੁ ਧਰਮ ਸਾਲ ਹੈ ॥ "ਵਾਲੀ ਹੁੰਦੀ ਹੈ? ਇਹ ਨਾ ਕਦੇ ਪਹਿਲਾਂ ਹੋਇਆ ਹੈ, ਨਾ ਹੁਣ ਹੈ ਤੇ ਨਾ ਕਦੇ ਹੋ ਸਕੇਗਾ ਕਿਉਂਕਿ ਕਰਤੇ ਦੀ ਇਹੀ ਵਡਿਆਈ ਹੈ ਕਿ ਉਸ ਨੇ ਕਿਸੇ ਨੂੰ ਇੱਕ ਦੂਜੇ ਵਰਗਾ ਬਣਾਇਆ ਹੀ ਨਹੀ, ਉਸ ਨੇ ਤਾਂ ਦੁਨੀਆਂ ਬੜੀ ਰੰਗ ਬਰੰਗੀ ਬਣਾਈ ਹੈ। "ਇਹ ਦੁਨੀਆਂ ਰੰਗ ਬਰੰਗੀ ਹੈ ਕੋਈ ਪਾਪੀ ਕੋਈ ਸਤਸੰਗੀ ਹੈ" ਕਿਤੇ, ਸੱਭ ਨੂੰ ਇਕੋ ਜਿਹਾ (ਇਕ ਰੰਗੀ) ਕਰਨ ਦੀ ਮਨੁੱਖੀ ਘਾਲ ਉਸ ਦੇ ਹੁਕਮ ਦੀ ਉਲੰਘਣਾ ਤਾਂ ਨਹੀ?

ਸੰਸਾਰ ਦੇ ਪੀਰ, ਫਕੀਰ, ਪੈਗੰਬਰ ਤੇ ਗੁਰੂਆਂ ਨੇ ਮਨੁੱਖੀ ਜੀਵਨ ਨੂੰ ਖੁਸ਼ਹਾਲ ਬਨਾਉਣ ਲਈ ਹੀ ਸੱਚ ਦੀ ਧਰਮਸਾਲ ਦਾ ਉਪਦੇਸ਼ ਦਿੱਤਾ ਸੀ, ਕੋਈ ਧਰਮ ਦੀ ਸੰਪ੍ਰਦਾ ਨਹੀ ਚਲਾਈ ਕਿਉਂਕਿ ਧਰਮ ਤਾਂ ਸਮੁਚੀ ਮਨੁੱਖਤਾ ਦਾ ਇਕੋ ਇੱਕ ਹੀ ਹੈ। ਜਗਤ ਵਿੱਚ ਸੱਚੀ ਧਰਮਸਾਲ ਦਾ ਰਾਹ ਤਾਂ ਪ੍ਰਭੂ ਨੇ ਸੱਭ ਲਈ ਇਕੋ ਹੀ ਰਖਿਆ ਹੈ, ਕੋਈ ਕਿਸੇ ਨਾਲ ਵਿਤਕਰਾ ਨਹੀ ਕੀਤਾ ਪਰ ਮਨੁੱਖ ਨੇ ਆਪ ਹੀ (ਧਰਮ ਦੇ ਨਾਂ ਤੇ) ਅਨੇਕਾਂ ਮਜ਼੍ਹਬ, ਸੰਪ੍ਰਦਾਵਾਂ ਤੇ ਸੰਸਥਾਵਾਂ (ਰਾਹ) ਘੜ ਕੇ ਮਨੁੱਖਤਾ ਨੂੰ ਖੇਰੂੰ ਖੇਰੂੰ ਹੀ ਨਹੀ ਕੀਤਾ ਬਲਿਕੇ ਉਸ ਵਿੱਚ ਹਰ ਤਰਾਂ ਦੇ ਵਖਰੇਵਿਆਂ ਦੀ ਜ਼ਹਿਰ ਵੀ ਘੋਲ ਦਿੱਤੀ ਹੈ। ਕੀ ਕਿਸੇ ਖਾਸ ਰਸਮਾਂ ਤੇ ਕਰਮ ਕਾਂਡਾਂ ਦੁਆਰਾ ਕਿਸੇ ਮੰਨੇ ਜਾਂਦੇ ਧਰਮ ਵਿੱਚ ਸ਼ਾਮਲ ਹੋਣ ਨਾਲ ਧਰਮੀ ਹੋਇਆ ਜਾ ਸਕਦਾ ਹੈ? ਇਹ ਅਸੰਭਵ ਹੈ ਪਰ ਮੌਜੂਦਾ ਧਰਮਾਂ ਵਲ ਝਾਤੀ ਮਾਰਿਆਂ ਸਭ ਇਹੀ ਦਿਖਾਈ ਦੇਵੇਗਾ। ਅਖੌਤੀ ਧਰਮ ਮੁਖੀਆਂ ਨੂੰ ਇੱਕ ਹੋਰ ਸਾਧਾਰਨ ਜਿਹੀ ਗਲ ਹੀ ਸਮਝ ਨਹੀ ਆਉਂਦੀ ਕਿ ਸੰਪ੍ਰਦਾ, ਸੰਸਥਾ ਜਾਂ ਜਥੇਬੰਦੀ ਵਿੱਚੋਂ ਤਾਂ ਕਿਸੇ ਨੂੰ ਨਿਕਾਰਿਆ ਜਾਂ ਛੇਕਿਆ ਜਾ ਸਕਦਾ ਹੈ ਪਰ ਕੀ (ਨਿੱਜੀ) ਧਰਮ ਵਿੱਚੋਂ ਕਿਸੇ ਨੂੰ ਛੇਕਿਆ ਜਾ ਸਕਦਾ ਹੈ? ਕੀ ਇਸੇ ਹਕੂਮਤ ਦੀ ਲਾਲਸਾ ਲਈ ਧਰਮ ਨੂੰ ਸੰਪ੍ਰਦਾ ਜਾਂ ਸੰਸਥਾ ਦਾ ਰੂਪ ਤਾਂ ਨਹੀ ਦਿੱਤਾ ਗਿਆ? ਧਰਮ ਵਿੱਚ ਸਮਤਾ ਹੈ ਪਰ ਸੰਪ੍ਰਦਾ ਵਿੱਚ ਬਖੇੜਾ ਹੈ। ਮਨੁੱਖ ਦੇ ਵਿਕਾਰ ਹੀ ਉਸ ਨੂੰ ਧਰਮੀ ਨਹੀ ਹੋਣ ਦਿੰਦੇ ਕਿਉਂਕਿ ਇਹ ਧਰਮ ਦੇ ਵਿਰੋਧੀ ਹਨ ਇਸ ਲਈ ਆਪਣੇ ਵਿਕਾਰਾਂ ਨੂੰ ਪੱਠੇ ਪਾਉਣ ਲਈ ਹੀ ਉਸ ਨੇ ਧਰਮ ਨੂੰ ਸੰਪ੍ਰਦਾ ਦਾ ਰੂਪ ਦੇ ਦਿੱਤਾ। ਹੁਣ ਸੰਪ੍ਰਦਾ (ਰੂਪੀ ਧਰਮ) ਵਿੱਚ ਉਹੀ ਕਰਮ ਕਾਂਡ ਚੱਲ ਰਹੇ ਹਨ ਜੋ ਧਰਮ (ਸੱਚ ਦੀ ਬੱਧੀ ਧਰਮਸਾਲ) ਵਿੱਚ ਖੰਡਣ ਕੀਤੇ ਗਏ ਹਨ। ਸੰਪ੍ਰਦਾ ਸਦਾ ਬਾਹਰੀ ਆਕਾਰ ਰੂਪ ਹੈ ਪਰ ਧਰਮ ਅੰਦਰੂਨੀ ਤੇ ਨਿਰਆਕਾਰ ਹੈ, ਸੰਪ੍ਰਦਾ ਇਕੱਠ (ਵਹੀਰ) ਹੈ ਤੇ ਧਰਮ ਨਿੱਜੀ (ਇਕੱਲਾ) ਹੈ, ਸੰਪ੍ਰਦਾ ਮਨੁੱਖੀ ਮੇਲ (ਸੰਗਤ) ਹੈ ਪਰ ਧਰਮ ਸੱਚ ਨਾਲ ਮੇਲ (ਸਤਸੰਗਤ) ਹੈ ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥ ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥ 1373

ਸੰਸਾਰ ਵਿੱਚ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲਿਆਂ ਦੀਆਂ, ਰੀਤਾਂ ਰਸਮਾਂ ਤੇ ਕਰਮ ਕਾਂਡਾਂ ਵਿੱਚ ਮਸ਼ਰੂਫ ਸੰਸਥਾਵਾਂ ਤੇ ਸੰਪ੍ਰਦਾਵਾਂ ਦੀ ਤਾਂ ਬੜੀ ਭੀੜ ਹੈ ਪਰ ਧਰਮ ਦੀ ਔਖੀ ਘਾਟੀ ਚੜ੍ਹਨ ਵਾਲਿਆਂ ਦੀ, ਧਰਮ ਦੇ ਔਖੇ ਪੈਂਡੇ ਮਾਰਨ ਵਾਲਿਆ ਦੀ, ਧਰਮ ਦੀ ਪਉੜੀ ਚੜ੍ਹਨ ਵਾਲਿਆਂ ਦੀ ਕੋਈ ਭੀੜ ਨਹੀ, ਕੋਈ ਵਿਰਲਾ ਸੂਰਮਾ ਹੀ ਧਰਮ ਦੇ ਰਾਹ ਦਾ ਪਾਂਧੀ ਹੁੰਦਾ ਹੈ। ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥ ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ ॥ 622

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.