.

‘ਡਾ. ਅੰਬੇਡਕਰ ਦੀ ਪਹਿਲੀ ਪਸੰਦ ‘ਸਿੱਖ ਧਰਮ’ ਸੀ ਅਤੇ ਕਾਂਸ਼ੀ ਰਾਮ ਜੀ ‘ਗੁਰੂ ਗ੍ਰੰਥ’ ਸਾਹਿਬ ਦੀ ਵਿਚਾਰਧਾਰਾ ਲਾਗੂ ਕਰਨ ਦੀ ਗੱਲ ਕਰਦਾ ਸੀ’


ਇਤਿਹਾਸਕਾਰ ਲਿਖਦੇ ਹਨ ਕਿ “ਵਿਸਾਖੀ ਵਾਲੇ ਦਿਨ 1936 ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ‘ਸਰਬ ਹਿੰਦ ਸਿੱਖ ਸੰਮੇਲਨ ਦੇ ਜਲਸੇ ਵਿਚ,ਬਾਬਾ ਸਾਹਿਬ ਡਾ.ਭੀਮ ਰਾਓ ‘ਅੰਬੇਡਕਰ’ ਜੀ ਦਸਤਾਰ ਸਜਾ ਕੇ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਅਤੇ ਸੱਤ ਕਰੋੜ ਅਛੂਤਾਂ ਨੂੰ ਸਿੱਖੀ ਵਿਚ ਪ੍ਰਵੇਸ਼ ਕਰਾਉਣ ਦੇ ਨਿਸਚੇ ਵਜੋਂ ਆਪਣੇ ਭਤੀਜੇ ਨੂੰ ‘ਅੰਮ੍ਰਿਤ’ਛਕਾ ਕੇ ‘ਸਿੰਘ’ ਵੀ ਸਜਵਾਇਆ ਸੀ। ਅੰਮ੍ਰਿਤਸਰ ਸਾਹਿਬ ਵਿਚ ਹੋਏ ਸੰਮੇਲਨ ਤੋਂ ਬਾਅਦ ਬਾਬਾ ਸਾਹਿਬ ਨੇ ਆਪਣੇ ਪੁੱਤਰ ਜਸਵੰਤ ਰਾਓ ਅਤੇ ਭਤੀਜੇ ਨੂੰ ਹਰਿਮੰਦਰ ਸਾਹਿਬ ਭੇਜਿਆ ਅਤੇ ਉਨ੍ਹਾਂ ਨੇ ਸਿੱਖ ਧਰਮ ਨੂੰ ਅਮਲੀ ਰੂਪ ਵਿਚ ਨੇੜੇ ਹੋਕੇ ਵੇਖਿਆ (ਵਾਚਿਆ) ‘ਤੇ ਬਾਬਾ ਸਹਿਬ ‘ਅੰਬੇਡਕਰ’ ਜੀ ਨੂੰ ਆਪਣੀ ਪੂਰੀ ਰਿਪੋਰਟ ਦਿੱਤੀ।ਜਿਸ ਕਰਕੇ 24 ਜੁਲਾਈ ਅਤੇ 8 ਅਗਸਤ 1936 ਨੂੰ ਛਪੇ ਬਾਬਾ ਸਹਿਬ ਅੰਬੇਡਕਰ ਜੀ ਦੇ ਬਿਆਨ ਸਪੱਸ਼ਟ ਕਰਦੇ ਹਨ,ਕਿ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ‘ਸਿੱਖ ਧਰਮ’ ਨੂੰ ਚਾਹੁੰਦੇ ਹਨ।ਇਸ ਲਈ ਡਾ. ਅੰਬੇਡਕਰ ਜੀ ਨੇ ਕਿਹਾ ਸੀ,ਕਿ “ਇਹ ਦੇਸ਼ ਦੇ ਹਿਤ ਵਿਚ ਹੈ ਕਿ ਜੇਕਰ ‘ਅਛੂਤਾਂ’ ਨੇ ਧਰਮ ਪਰਿਵਰਤਨ ਕਰਨਾ ਹੈ ਤਾਂ ਅਛੂਤ ‘ਸਿੱਖ ਧਰਮ’ ਕਬੂਲ ਕਰ ਲੈਣ।”

ਇਹ ਉਪਰੋਕਤ ਵਿਚਾਰ ਡਾ. ਅੰਬੇਡਕਰ ਸਾਹਿਬ ਦੇ ਇਤਿਹਾਸ ਤੋਂ ਜਾਣਕਾਰ ਲੋਕ ਲਗਭਗ ਸਾਰੇ ਜਾਣਦੇ ਹੀ ਹਨ, ਜਿਹੜਾ ਕਿ ਸਾਫ ਕਰਦੇ ਹਨ, ਕਿ ਡਾ.ਅੰਬੇਡਕਰ ਸਾਹਿਬ ਜੀ ਦੀ ਪਹਿਲੀ ਪਸੰਦ ‘ਸਿੱਖ ਧਰਮ ਸੀ, ਜੋ ਕਿ ਕਿਸੇ ਕਾਰਨ ਚਾਹੁੰਦੇ ਹੋਏ ਵੀ ‘ਸਿੱਖ ਧਰਮ ‘ਨੂੰ ਅਪਣਾ ਨਾ ਸਕੇ ਅਤੇ ਮਜਬੂਰੀ ਬੱਸ ‘ਬੁੱਧ ਧਰਮ’ ਅਪਣਾਉਣਾ ਪਿਆ; ਜਿਵੇਂ ਕਿ ਨਾ ਚਾਹੁੰਦੇ ਹੋਏ ਵੀ ‘ਪੂਨਾ ਪੈਕਟ’ ਅਪਣਾਉਣਾ ਪਿਆ ਸੀ।

‘ਬੁੱਧ ਧਰਮ’ ਅਤੇ ‘ਸਿੱਖ ਧਰਮ’ ਵਿਚ ਜਿਹੜਾ ਵਿਸ਼ੇਸ਼ ਅੰਤਰ ਹੈ, ਉਹ ਹੈ ਕਿ ਬੁੱਧ ਧਰਮ ਭਿਖਸ਼ੂ ਬਣਨ ਤੇ ਜੋਰ ਦਿੰਦਿਆਂ, ਭਿਖਸ਼ੂ ਨੂੰ ਦਰ-ਦਰ ਤੇ ਅਲਖ ਜਗਾਉਣ ਭਿੱਖਿਆ ਮੰਗਣ ਦੇ ਨਾਲ-ਨਾਲ ਆਪਣਾ ਪ੍ਰਚਾਰ ਕਰਨ ਦੀ ਸਿੱਖਿਆਂ ਦਿੰਦਾ ਹੈ ਅਤੇ ‘ਸਿੱਖ ਧਰਮ’ ਕਿਰਤ ਕਰਕੇ ਖਾਣ ਦੀ ‘ਤੇ ਵੰਡਕੇ ਛਕਣ ਦੀ ਅਤੇ ਨਾਮ ਜਪਣ ਦੀ ਗੱਲ ਕਰਦਾ ਹੈ।

‘ਮਹਾਤਮਾ ਗੌਤਮ ਬੁੱਧ’ ਆਪਣੇ ਭਿਖਸ਼ੂ ਨੂੰ ਸਿਖਿਆ ਤੋਂ ਬਾਅਦ (ਪ੍ਰਚਾਰ ਤੇ ਭੇਜਣ ਸਮੇਂ) ਪੁੱਛਦਾ ਹੈ ਕਿ “ਅਗਰ ਕੋਈ ਤੈਨੂੰ ਮੰਦਾ ਬੋਲਦਾ ਹੈ, ਤੂੰ ਕੀ ਉਤਰ ਦੇਵੇਂਗਾ ? ਭਿਖਸ਼ੂ ਨੇ ਕਿਹਾ ਮੈਂ ਕੋਈ ਉਤਰ ਨਹੀਂ ਦਿਆਂਗਾ।” ਗੌਤਮ ਬੁੱਧ ਨੇ ਫਿਰ ਕਿਹਾ-ਜੇ ਤੈਨੂੰ ਉਹ ਮਾਰਨ; ਤਾਂ ਭਿਖਸ਼ੁ ਨੇ ਕਿਹਾ “ਮੈਂ ਸਾਂਤਮਈ ਰਹਾਂਗਾ।” ਗੌਤਮ ਬੁੱਧ ਨੇ ਫਿਰ ਪੁਛਿਆ “ਜੇ ਉਹ ਤੈਨੂੰ ਕਤਲ ਕਰਨ?” ਤਾਂ ਭਿਖਸ਼ੂ ਨੇ ਕਿਹਾ ਮਹਾਰਾਜ! ਜੀਵਨ, ਮ੍ਰਿਤੂ ਭਿਖਸ਼ੂ ਲਈ ਇਕ ਸਮਾਨ ਹਨ, ਮੇਰੇ ਮਨ ਵਿਚ ਨਾ ਜੀਵਤ ਰਹਿਣ ਦੀ ਇਛਾ ਹੈ ਨਾ ਮਰਨ ਦੀ।” ਇਹ ਉੱਤਰ ਸੁਣਕੇ ‘ਗੌਤਮ ਬੁੱਧ’ ਬਹੁਤ ਪ੍ਰਸੰਨ ਹੋਏ ਅਤੇ ਆਖਿਆ “ਹੈ ਭਿਖਸ਼ੂ ਤੂੰ ‘ਧਰਮ ਤੱਤ’ ਬੁੱਝ ਲਿਆ ਹੈ।ਜਾ, ਜਾਕੇ ਧਰਮ ਪ੍ਰਚਾਰ ਕਰ।”

ਅਜਿਹੇ ਉਪਦੇਸ਼ ‘ਗੌਤਮ ਬੁੱਧ’ ਦੀਆਂ ਕਈ ਦਰਜਨ ਸਾਖੀਆਂ ਵਿਚ ਅੰਕਤ ਹਨ।

ਇਨ੍ਹਾਂ ਉਪਦੇਸ਼ਾਂ ਦਾ ਅਜਿਹਾ ਡੂੰਘਾ ਪ੍ਰਭਾਵ ਲੋਕਾਂ ਦੇ ਮਨਾਂ ਉਤੇ ਪਿਆ, ਸੈਂਕੜੇ ਵਰ੍ਹਿਆਂ ਤੱਕ ਲੱਖਾਂ-ਕਰੋੜਾਂ ਨਰ-ਨਾਰੀ ਇਨ੍ਹਾਂ ਉਪਦੇਸ਼ਾਂ ਦੇ ਸਾਂਚੇ ਵਿਚ ਆਪਣਾ ਜੀਵਨ ਢਾਲਦੇ ਰਹੇ। ਕਹਿੰਦੇ ਹਨ ਗਿਆਰਵੀ ਸਦੀ ਵਿਚ ਜਦੋਂ ‘ਬਖਤਿਆਰ ਖਿਲਜੀ’ ਨੇ ਦੋ-ਤਿੰਨ ਸੌ ਘੋੜ ਚੜ੍ਹੇ ਮੁਸਲਮਾਨਾਂ ਨਾਲ ਮੱਧ ਭਾਰਤ ਅਤੇ ਬਿਹਾਰ ਤੱਕ ਲੁੱਟ-ਮਾਰ ਤੇ ਕਤਲ ਖੁਨ-ਖਰਾਬਾ ਕੀਤਾ, ਤਾਂ ਉਸ ਨੇ ‘ਨਾਲੰਦਾ’ ਦਾ ਹਜਾਰ ਵਰ੍ਹੇ ਪੁਰਾਣਾ ਜਗਤ ਪ੍ਰਸਿੱਧ ਵਿਸ਼ਵ ਵਿਦਿਆਲਾ ਜਿਸ ਵਿਚ ਵੀਹ ਲੱਖ ਹੱਸਤ ਲਿਖਤ ਪੁਸਤਕਾਂ ਸਨ, ਤੇ ਦਸ ਹਜਾਰ ਵਿਦਿਆਰਥੀ ਅਤੇ ਇਕ ਹਜਾਰ ਮਹਾਨ ਵਿਦਵਾਨ ਪੜ੍ਹਾਉਣ ਵਾਲੇ ਰਹਿੰਦੇ ਸਨ, ਅਗਨੀ ਭੇਟ ਕਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਕਤਲ ਕਰ ਦਿੱਤਾ। ਪੜ੍ਹਾਉਣ ਵਾਲੇ ਅਧਿਆਪਕ ਭਿਖਸ਼ੂਆਂ ਨੂੰ ਪਕੜ ਕੇ ਬੇੜੀਆਂ ਵਿਚ ਚਾੜ੍ਹਕੇ ਗੰਗਾਂ ਨਦੀ ਵਿਚ ਡੋਬ ਦਿਤਾ; ਦਸਦੇ ਹਨ ਕਿ ਕਿਸੇ ਭਿਖਸ਼ੂ ਨੇ ਆਪਣੇ ਬਚਾਅ ਲਈ ਉਂਗਲੀ ਤੱਕ ਵੀ ਨਾ ਹਿਲਾਈ ਤੇ ਬੌਧੀ ਸੰਘ ਵਿਚ ਪ੍ਰਵੇਸ਼ ਹੋਣ ਸਮੇਂ ਜੋ ਗੁਰਮੰਤ੍ਰ ਦੱਸਿਆ ਜਾਂਦਾ ਹੈ:

“ਬੁੱਧਮ ਸ਼ਰਨਮ ਗੱਛਮਿ।

ਧੱਮਮ ਸ਼ਰਨਮ ਗੱਛਿਮ।

ਸੰਘਮ ਸ਼ਰਨਮ ਗੱਛਮਿ।”

ਗੁਰਮੰਤ੍ਰ ਹੀ ਪੜ੍ਹਦੇ ਰਹੇ ਅਤੇ ਬਿਨਾ ਹੱਥ-ਪੈਰ ਹਿਲਾਏ ਨਦੀ ਵਿਚ ਡੁੱਬ ਗਏ। (ਹਵਾਲਾ ‘ਇਕ ਸਿੱਖ ਦਾ ਬੁੱਧ ਨੂੰ ਪ੍ਰਣਾਮ’ ਸਿਰਦਾਰ ਕਪੂਰ ਸਿੰਘ)

ਇਸ ਦੇ ਉਲਟ ‘ਸਿੱਖ ਧਰਮ’ ਵਿਚ ਜ਼ੁਲਮ ਜ਼ਬਰ, ਅਤਿਆਚਾਰ ਦੇ ਖਿਲਾਫ ਅਤੇ ਹੱਕ ਸੱਚ ਲਈ ਹਥਿਆਰ ਉਠਾਣੇ ਜਾਇਜ਼ ਕਰਾਰ ਹੈ।

ਦੁੱਖ ਦੀ ਗੱਲ ਹੈ, ਕਿ ਸਿੱਖੀ ਦੇ ਗੜ੍ਹ (ਪੰਜਾਬ) ਵਿਚ ਸਿੱਖ ਅਤੇ ਦਲਿਤ ਭਾਈਚਾਰੇ ਦੇ ਲੋਕ ਦੁਸ਼ਮਣ ਦੀਆਂ ਸਾਜਿਸਾ ਦੇ ਸ਼ਿਕਾਰ ਹੋਕੇ ਰਹਿ ਗਏ ਹਨ, ਕਿਉਂ ਕਿ ਸਾਡਾ ਸਾਝਾਂ ਦੁਸ਼ਮਣ ਇਹ ਕਦੇ ਨੀ ਚਾਹੁੰਦਾ, ਕਿ ਸਦੀਆਂ ਤੋਂ ਲਿਤਾੜੇ ਦਲਿਤ (ਅਖੌਤੀ ਨੀਵੀਂ ਜਾਤ ਵਿਚ ਪੈਦਾ ਹੋਏ) ਲੋਕ ‘ਸਿੱਖ ਧਰਮ’ ਅਪਣਾਉਣ’ ਤੇ ਸਿੱਖ ਧਰਮ ਮਜ਼ਬੂਤ ਹੋਵੇ ; ਕਿਉਂ ਕਿ ‘ਸਿੱਖ ਧਰਮ’ ਹੀ ਹੈ ਜਿਹੜਾ ਬ੍ਰਾਹਮਣਵਾਦ ਨੂੰ ਖਤਮ ਕਰ ਸਕਦਾ ਹੈ, ਇਸ ਲਈ ਇਸ ਨੂੰ ਹਰ ਵੇਲੇ ਡਰ ਰਹਿੰਦਾ ਹੈ, ਕਿ ਜਿਸ ਦਿਨ ਗੁਰੂਆਂ ਦੇ ਅਸਲੀ ਇਮਾਨਦਾਰ ਗੁਰਸਿੱਖਾਂ ਦੇ ਹੱਥ ‘ਸਿੱਖ ਧਰਮ’ ਦੀ ਵਾਗਡੋਰ ਆ ਗਈ, ਉਸ ਦਿਨ ਬ੍ਰਾਹਮਣਵਾਦ ਫਿਰ ਖਤਰੇ ਵਿਚ ਪੈ ਜਾਵੇਗਾ।ਇਸ ਲਈ ਬ੍ਰਾਹਮਣਵਾਦੀ ਲੋਕਾਂ ਦੀ ਸੋਚ ਸੀ ਅਤੇ ਹੈ, ਕਿ ਦਲਿਤ ਹੋਰ ਕਿਸੇ ਮਰਜੀ ਧਰਮ ਵਿਚ ਚਲੇ ਜਾਣ, ਪਰ ‘ਸਿੱਖ ਧਰਮ’ ਵੱਲ ਨਾ ਜਾਣ। ਇਸ ਲਈ ਦਲਿਤਾਂ ਨੂੰ ਚਾਹੀਂਦਾ ਹੈ, ਸਿੱਖੀ ਲਿਬਾਸ ਵਿਚ ‘ਸਿੱਖ ਧਰਮ’ ਤੇ ਕਾਬਜ ਹੋਏ ਦੁਸ਼ਮਣਾਂ ਨੂੰ ਭਜਾਉਣ ਲਈ, ਦਲਿਤ ਵਰਗ ਦੇ ਲੋਕਾਂ ਨੂੰ ਹੋਰਾਂ ਧਰਮਾਂ ਵੱਲ ਜਾਣ ਦੀ ਵਜਾਇ ‘ਸਿੱਖ ਧਰਮ’ ਨਾਲ ਜੁੜਨਾ ਚਾਹੀਂਦਾ ਹੈ । ਕਿਉਂ ਕਿ ‘ਸਿੱਖ ਧਰਮ’ ਦੀ ਵਿਚਾਰਧਾਰਾ ਮਜਲੂਮਾਂ ਨਾਲ ਖੜ੍ਹਨ ਦੀ ਨਿਮਾਣਿਆ ਨੂੰ ਮਾਣ ਬਖਸ਼ਣ ਵਾਲੀ ਅਤੇ ਹੱਕ ਸੱਚ ਦੀ ਗੱਲ ਕਰਨ ਵਾਲੀ, ਜ਼ੁਲਮ ਦੇ ਖਿਲਾਫ ਮੈਦਾਨ ਵਿਚ ਆਉਣ ਵਾਲੀ ਵਿਚਾਰਧਾਰਾ ਹੈ, ਜੋ ਕਿ (ਅਖੌਤੀ ਨੀਵੀਂ ਜਾਤ ਵਿਚ ਪੈਦਾ ਹੋਏ) ਸਾਡੇ ਰਹਿਬਰਾਂ ਦੀ ਵਿਚਾਰਧਾਰਾ ਦਾ ਸੁਮੇਲ ਹੈ।ਇਸ ਲਈ ਹੀ ਬਾਬਾ ਸਹਿਬ ‘ਅੰਬੇਡਕਰ’ ਜੀ ਤੋਂ ਬਾਅਦ ਦਲਿਤ ਮਸੀਹਾ ਸਹਿਬ ਸ੍ਰੀ ਕਾਂਸ਼ੀ ਰਾਮ ਜੀ ਵੀ ‘ਸਿੱਖ ਧਰਮ ਦੇ ਵੱਡੇ ਪ੍ਰਸ਼ੰਸਕ ਰਹੇ ਹਨ, ਜਿਸ ਕਰਕੇ ਕਾਂਸ਼ੀ ਰਾਮ ਜੀ ਨੇ ਆਪਣੀ ਸਰਕਾਰ ਆਉਣ ਤੇ ‘ਗੁਰੂ ਗਰੰਥ’ ਸਹਿਬ ਦੀ ਵਿਚਾਰਧਾਰਾ ਲਾਗੂ ਕਰਨ ਲਈ ਕਿਹਾ ਕਰਦੇ ਸੀ।ਪਰ ਅਫਸੋਸ ਇਸ ਗੱਲ ਦਾ ਹੈ ਕਿ ਅੱਜ ਇਹਨਾਂ ਦੇ ਪੈਰੋਕਾਰ ’ਤੇ ਹੋਰ ਬਹੁਤ ਸਾਰੇ ਸਾਡੇ ਦਲਿਤ ਭਰਾ ‘ਸਿੱਖ ਧਰਮ’ ਵਲੋਂ ਮੁੱਖ ਮੋੜਕੇ ਐਸੇ ਧਰਮਾਂ ਵੱਲ ਜਾ ਰਹੇ ਹਨ, ਜੋ ਕਿ ਸਾਡੀ ਦੁਸ਼ਮਣ ਜਮਾਤ ਨੂੰ (ਬ੍ਰਾਹਮਣਵਾਦ) ਨੂੰ ਹੋਰ ਮਜਬੂਤੀ ਬਖ਼ਸ਼ ਰਹੇ ਹਨ।

ਸਵਾਲ ਕੀਤਾ ਜਾ ਸਕਦਾ ਹੈ, ਕਿ ਜਦ ‘ਸਿੱਖ ਧਰਮ’ ਦੇ ਬਹੁਗਿਣਤੀ ਲੋਕ ਦਲਿਤਾਂ ਨਾਲ ਵਿਤਕਰਾ ਕਰਦੇ ਹਨ, ਤਾਂ ਦਲਿਤ ਲੋਕ ਹੋਰਾਂ ਧਰਮਾਂ ਵੱਲ ਕਿਉਂ ਨਾ ਜਾਣ ? ਸਵਾਲ ਬਿਲਕੁਲ ਸਹੀ ਹੈ, ਇਹੋ ਬ੍ਰਾਹਮਣਵਾਦੀ ਸਿੱਖ ਚਾਹੁੰਦੇ ਹਨ, ਕਿ ਦਲਿਤ ‘ਸਿੱਖ ਧਰਮ’ ਤੋਂ ਪਰੇ ਹੀ ਰਹਿਣ ਕਿਤੇ ਸਾਡੀਆਂ ਸਰਦਾਰੀਆਂ ਨੂੰ ਖਤਰਾ ਨਾ ਪੈਦਾ ਹੋ ਜਾਵੇ।ਪਰ ਦਲਿਤਾਂ (ਅਖੌਤੀ ਨੀਵੀਆਂ ਜਾਤਾਂ ਵਾਲਿਆਂ) ਨੇ ‘ਸਿੱਖ ਧਰਮ’ ਨਾਲ, ਬ੍ਰਾਹਮਣਵਾਦੀ ਸਿੱਖਾਂ ਕਰਕੇ ਨਹੀਂ, ਬਲਕਿ ਆਪਣੇ ਸੱਚੇ-ਸੁੱਚੇ ਰਹਿਬਰਾਂ ਕਰਕੇ (ਸਿੱਖ ਧਰਮ ਨਾਲ) ਜੁੜਨਾ ਹੈ; ਤਾਂ ਜੋ ਸਾਡੇ ਰਹਿਬਰਾਂ ਦੀ ਵਿਚਾਰਧਾਰਾ ਨੂੰ ਬ੍ਰਾਹਮਣਵਾਦੀ ਲੋਕਾਂ ਤੋਂ ਬਚਾਇਆ ਜਾ ਸਕੇ ਅਤੇ ਇਹ ਵਿਚਾਰਧਾਰਾ ਨੂੰ ਅੱਗੇ ਫੈਲਾਉਣ ਲਈ ਇਮਾਨਦਾਰ ਗੁਰਸਿੱਖਾਂ ਦੇ ਨਾਲ ਜੁੜਕੇ ਪਖੰਡੀ ਲੋਕਾਂ ਦੇ ਕਬਜੇ ਵਿਚੋਂ 'ਸਿੱਖ ਧਰਮ' ਨੂੰ ਮੁਕਤ ਕਰਵਾਕੇ ਖੁਦ੍ਹ ਅੱਗੇ ਆਈਏ, ਤਾਂ ਜੋ ਬ੍ਰਾਹਮਣਵਾਦ ਨੂੰ ਖ਼ਤਮ ਕੀਤਾ ਜਾ ਸਕੇ, ਅਤੇ ਸਾਰੇ ਲੋਕ ਅਣਖ ਤੇ ਇੱਜ਼ਤ ਨਾਲ ਸੁਖੀ ਰਹਿ ਸਕਣ ਅਤੇ ਸਾਡੇ ਮਹਾਂਪੁਰਸ਼ਾ ਦਾ ਰਹਿ ਗਿਆ ਅਧੂਰਾ ਸੁਪਨਾ ਪੂਰਾ ਹੋ ਸਕੇ।

ਮੇਜਰ ਸਿੰਘ ‘ਬੁਢਲਾਡਾ’
94176 42327




.