.

ਕੁਦਰਤਿ ਕੇ ਸਭ ਬੰਦੇ

ਗੁਰਸ਼ਰਨ ਸਿੰਘ ਕਸੇਲ

ਆਮ ਹੀ ਸੁਣਨ ਵਿਚ ਆਉਂਦਾ ਹੈ ਕਿ ਜਦੋਂ ਕਿਸੇ ਪ੍ਰੀਵਾਰ ਦਾ ਲੜਕਾ ਜਾਂ ਲੜਕੀ ਆਪਣੇ ਧਰਮ ਵਾਲੇ ਨਾਲ ਵਿਆਹ ਕਰਨ ਦੀ ਬਜਾਏ ਕਿਸੇ ਹੋਰ ਧਰਮ/ਕੌਮ ਦੇ ਲੜਕੇ ਜਾਂ ਲੜਕੀ ਨਾਲ ਵਿਆਹ ਕਰਨ ਦੀ ਗੱਲ ਕਰਦੇ ਹਨ ਤਾਂ ਅੱਜ ਦੇ ਸਮੇਂ ਵਿਚ ਖਾਸ ਕਰਕੇ ਵਿਦੇਸ਼ਾਂ ਵਿੱਚ ਵਸਦੇ ਸਿੱਖ ਆਖਦੇ ਹਨ ਕਿ ਉਂਝ ਭਾਂਵੇਂ ਕਹਿਣ ਨੂੰ ਤਾਂ ਸਿੱਖ ਧਰਮ ਜਾਤ ਪਾਤ ਨੂੰ ਨਹੀਂ ਮੰਨਦੇ; ਪਰ ਜਦੋਂ ਕਿਸੇ ਹੋਰ ਧਰਮ/ਕੌਮ ਦੇ ਲੜਕੇ ਲੜਕੀ ਨਾਲ ਵਿਆਹ ਹੁੰਦਾ ਹੈ ਤਾਂ ਫਿਰ ਇਤਰਾਜ ਕਰਦੇ ਹਨ । ਜਾਨੀਕਿ ਗੈਰ ਸਿੱਖ ਨਾਲ ਵਿਆਹ ਕਰਨ ਦਾ ਵਿਰੋਧ ਕਰਨ ਵਾਲੇ ਸਿੱਖ ਆਪ ਗੁਰਬਾਣੀ ਨੂੰ ਨਹੀਂ ਮੰਨਦੇ । ਗੈਰ ਸਿੱਖ ਧਰਮ /ਕੌਮ ਵਿਚ ਵਿਆਹ ਕਰਨ ਵਾਲੇ ਪ੍ਰੀਵਾਰ ਗੁਰਬਾਣੀ ਦਾ ਇਹ ਸ਼ਬਦ ਵੀ ਵਰਤਦੇ ਹਨ: ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥ ਅਤੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਸਿੱਖ ਧਰਮ/ਕੌਮ ਵਾਲੇ ਕਿਸੇ ਵੀ ਧਰਮ/ਕੌਮ ਵਾਲੇ ਲੜਕੇ ਲੜਕੀ ਨਾਲ ਵਿਆਹ ਕਰ ਸਕਦੇ ਹਨ । ਜਿਵੇਂ ਕਿ ਭਾਂਵੇਂ ਉਹ ਹਿੰਦੂ, ਮੁਸਲਮ, ਈਸਾਈ, ਚੀਨੀ ਧਰਮ ਜਾਂ ਕੋਈ ਵੀ ਹੋਰ ਹੋਵੇ, ਉਸ ਨਾਲ ਵਿਆਹ ਕਰਨ ਵਿੱਚ ਕੋਈ ਹਰਜ਼ ਨਹੀਂ ਹੈ । ਕੀ ਵਾਕਿਆ ਹੀ ਗੁਰਬਾਣੀ ਦੇ ਇਸ ਸ਼ਬਦ ਵਿੱਚ ਦੁਨੀਆਂ ਦੇ ਵੱਖ-ਵੱਖ ਧਰਮ/ਕੌਮ ਵਿੱਚ ਪੈਦਾ ਹੋਏ ਲੜਕੇ ਲੜਕੀ ਦੇ ਕਿਸੇ ਦੂਸਰੇ ਧਰਮ/ਕੌਮ ਦੇ ਲੜਕੇ ਲੜਕੀ ਨਾਲ ਵਿਆਹ ਕਰਨ ਦੀ ਗੱਲ ਹੈ ਜਾਂ ਕੁਝ ਹੋਰ ਹੈ । ਵੇਖਦੇ ਹਾਂ ਗੁਰਬਾਣੀ ਦਾ ਇਹ ਸ਼ਬਦ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥ ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥ ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥ ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥ ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥ ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥ ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥(ਪੰਨਾ 1349-1350)
ਅਰਥ:- ਹੇ ਲੋਕੋ! ਹੇ ਭਾਈ! (ਰੱਬ ਦੀ ਹਸਤੀ ਬਾਰੇ) ਕਿਸੇ ਭੁਲੇਖੇ ਵਿਚ ਪੈ ਕੇ ਖ਼ੁਆਰ ਨਾਹ ਹੋਵੋ । ਉਹ ਰੱਬ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਹੈ ਤੇ ਸਾਰੀ ਖ਼ਲਕਤ ਵਿਚ ਮੌਜੂਦ ਹੈ, ਉਹ ਸਭ ਥਾਂ ਭਰਪੂਰ ਹੈ ।੧।ਰਹਾਉ।

ਸਭ ਤੋਂ ਪਹਿਲਾਂ ਖ਼ੁਦਾ ਦਾ ਨੂਰ ਹੀ ਹੈ ਜਿਸ ਨੇ (ਜਗਤ) ਪੈਦਾ ਕੀਤਾ ਹੈ, ਇਹ ਸਾਰੇ ਜੀਅ-ਜੰਤ ਰੱਬ ਦੀ ਕੁਦਰਤ ਦੇ ਹੀ ਬਣਾਏ ਹੋਏ ਹਨ । ਇਕ ਪ੍ਰਭੂ ਦੀ ਹੀ ਜੋਤ ਤੋਂ ਸਾਰਾ ਜਗਤ ਪੈਦਾ ਹੋਇਆ ਹੈ । (ਤਾਂ ਫਿਰ ਕਿਸੇ ਜਾਤ ਮਜ਼ਹਬ ਦੇ ਭੁਲੇਖੇ ਵਿਚ ਪੈ ਕੇ) ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਨਾਹ ਸਮਝੋ ।

ਸਿਰਜਨਹਾਰ ਨੇ ਇੱਕੋ ਹੀ ਮਿੱਟੀ ਤੋਂ (ਭਾਵ, ਇੱਕੋ ਜਿਹੇ ਹੀ ਤੱਤਾਂ ਤੋਂ) ਅਨੇਕਾਂ ਕਿਸਮਾਂ ਦੁ ਜੀਆ-ਜੰਤ ਪੈਦਾ ਕਰ ਦਿੱਤੇ ਹਨ । (ਜਿੱਥੋਂ ਤਕ ਜੀਵਾਂ ਦੇ ਅਸਲੇ ਦਾ ਸੰਬੰਧ ਹੈ) ਨਾਹ ਇਹਨਾਂ ਮਿੱਟੀ ਦੇ ਭਾਂਡਿਆਂ (ਭਾਵ, ਜੀਵਾਂ) ਵਿਚ ਕੋਈ ਊਣਤਾ ਹੈ, ਤੇ ਨਾਹ (ਇਹਨਾਂ ਭਾਂਡਿਆਂ ਦੇ ਬਣਾਣ ਵਾਲੇ) ਘੁਮਿਆਰ ਵਿਚ ।

ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਵਿਚ ਵੱਸਦਾ ਹੈ । ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ । ਉਹੀ ਮਨੁੱਖ ਰੱਬ ਦਾ (ਪਿਆਰਾ) ਬੰਦਾ ਕਿਹਾ ਜਾ ਸਕਦਾ ਹੈ, ਜੋ ਉਸ ਦੀ ਰਜ਼ਾ ਨੂੰ ਪਛਾਣਦਾ ਹੈ ਤੇ ਉਸ ਇਕ ਨਾਲ ਸਾਂਝ ਪਾਂਦਾ ਹੈ ।

ਉਹ ਰੱਬ ਐਸਾ ਹੈ ਜਿਸ ਦਾ ਮੁਕੰਮਲ ਸਰੂਪ ਬਿਆਨ ਤੋਂ ਪਰੇ ਹੈ, ਉਸ ਦੇ ਗੁਣ ਕਹੇ ਨਹੀਂ ਜਾ ਸਕਦੇ । ਕਬੀਰ ਆਖਦਾ ਹੈ—ਮੇਰੇ ਗੁਰੂ ਨੇ (ਪ੍ਰਭੂ ਦੇ ਗੁਣਾਂ ਦੀ ਸੂਝ-ਰੂਪ) ਮਿੱਠਾ ਗੁੜ ਮੈਨੂੰ ਦਿੱਤਾ ਹੈ (ਜਿਸ ਦਾ ਸੁਆਦ ਤਾਂ ਮੈਂ ਨਹੀਂ ਦੱਸ ਸਕਦਾ, ਪਰ) ਮੈਂ ਉਸ ਮਾਇਆ ਰਹਿਤ ਪ੍ਰਭੂ ਨੂੰ ਹਰ ਥਾਂ ਵੇਖ ਲਿਆ ਹੈ, ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਰਿਹਾ (ਮੇਰਾ ਅੰਦਰ ਕਿਸੇ ਜਾਤ ਜਾਂ ਮਜ਼ਹਬ ਦੇ ਬੰਦਿਆਂ ਦੀ ਉੱਚਤਾ ਜਾਂ ਨੀਚਤਾ ਦਾ ਕਰਮ ਨਹੀਂ ਰਿਹਾ) ।

ਸ਼ਬਦ ਦਾ ਭਾਵ:- ਸਰਬ-ਵਿਆਪਕ ਪ੍ਰਭੂ ਹੀ ਸਾਰੇ ਜੀਵਾਂ ਦਾ ਸਿਰਜਣਹਾਰ ਹੈ । ਸਭ ਦਾ ਅਸਲਾ ਇਕੋ ਹੈ, ਕਿਸੇ ਨੂੰ ਮੰਦਾ ਨਾਹ ਆਖੋ ।
ਹਿੰਦੂ ਧਰਮ ਦਾ ਪੰਡਤ ਜਿਹੜਾ ਆਪਣੀ ਜਾਤ ਨੂੰ ਬਹੁਤ ਉਚਾ ਸਮਝਦਾ ਹੈ ਤੇ ਦੂਸਰੇ ਨੂੰ ਬਹੁਤ ਨੀਵਾਂ । ਉਸ ਵੱਲੋਂ ਬਣਾਈ ਨੀਵੀ ਜਾਤ ਵਾਲੇ ਮਨੁੱਖ ਦੇ ਪ੍ਰਛਾਵੇ ਨੂੰ ਵੀ ਆਪਣੇ ਲਾਗੇ ਨਹੀਂ ਲੱਗਣ ਦੇਂਦਾ ਹੈ /ਸੀ । ਉਸਨੂੰ ਭਗਤ ਕਬੀਰ ਜੀ ਆਖਦੇ ਹਨ ਕਿ ਜੇਕਰ ਤੂੰ ਵਾਕਿਆ ਹੈ ਬ੍ਰਹਮਣ ਹੈ ਤਾਂ ਤੂੰ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮਿਆ ? ਵੇਖੋ ਇਹ ਸ਼ਬਦ :
ਗਉੜੀ ਕਬੀਰ ਜੀ ॥ ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥(ਪੰਨਾ 324)
ਅਰਥ:- ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ (ਹੋ ਰਹੀ) ਹੈ (ਭਾਵ, ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ); ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ ।੧।

ਦੱਸ, ਹੇ ਪੰਡਿਤ! ਤੁਸੀ ਬ੍ਰਾਹਮਣ ਕਦੋਂ ਦੇ ਬਣ ਗਏ ਹੋ? ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ (ਅਹੰਕਾਰ ਵਿਚ ਅਜਾਈਂ) ਨਾਹ ਗਵਾਓ ।੧।ਰਹਾਉ।

ਜੇ (ਹੇ ਪੰਡਿਤ!) ਤੂੰ (ਸੱਚ-ਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ, ਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ।

(ਹੇ ਪੰਡਿਤ!) ਤੁਸੀ ਕਿਵੇਂ ਬ੍ਰਾਹਮਣ (ਬਣ ਗਏ)? ਅਸੀ ਕਿਵੇਂ ਸ਼ੂਦਰ (ਰਹਿ ਗਏ)? ਅਸਾਡੇ ਸਰੀਰ ਵਿਚ ਕਿਵੇਂ (ਨਿਰਾ) ਲਹੂ ਹੀ ਹੈ? ਤੁਹਾਡੇ ਸਰੀਰ ਵਿਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ? ।੨।

ਹੇ ਕਬੀਰ! ਆਖ—ਅਸੀ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ਜੋ ਪਰਮਾਤਮਾ (ਬ੍ਰਹਮ) ਨੂੰ ਸਿਮਰਦਾ ਹੈ ।

ਭਾਵ:- ਜੋ ਮਨੁੱਖ ਉੱਚੀ ਜਾਤ ਦਾ ਮਾਣ ਕਰਦੇ ਹਨ, ਉਹ ਮਨੁੱਖਾ ਜਨਮ ਅਜਾਈਂ ਗਵਾਉਂਦੇ ਹਨ । ਸਾਰੇ ਜੀਵ ਪਰਮਾਤਮਾ ਦੀ ਅੰਸ਼ ਹਨ । ਉੱਚਾ ਉਹੀ ਹੈ ਜੋ ਪ੍ਰਭੂ ਦੀ ਬੰਦਗੀ ਕਰਦਾ ਹੈ
ਗੁਰਬਾਣੀ ਸਾਨੂੰ ਇਸ ਸ਼ਬਦ ਵਿੱਚ ਸਮਝਾਉਦੀ ਹੈ ਕਿ ਕੋਈ ਵੀ ਇਨਸਾਨ ਭਾਂਵੇਂ ਉਹ ਕਿਸੇ ਜਾਤ /ਵੰਡ ਦਾ ਹੋਵੇ ਅਕਾਲ ਪੁਰਖ ਵੱਲੋਂ ਉਸ ਦੀ ਸੋਝੀ ਲੈਣ ਅਤੇ ਆਪਣੇ ਆਪ ਨੂੰ ਸੱਚ ਨਾਲ ਜੋੜਨ ਵਿੱਚ ਉਸ ਨਾਲ ਕੋਈ ਵਿਤਕਰਾ ਨਹੀਂ ਹੁੰਦਾ । ਉਸ ਦੀ ਸੱਚੀ ਨੀਅਤ ਹੋਣੀ ਚਾਹੀਦੀ ਹੈ ਅਤੇ ਸਰਬਤ ਦਾ ਭੱਲਾ ਮੰਗਣਾ ਚਾਹੀਦਾ ਹੈ । ਇਸ ਬਾਰੇ ਗੁਰਬਾਣੀ ਵਿੱਚ ਬਹੁਤ ਵਾਰ ਸਮਝਾਇਆ ਗਿਆ ਹੈ। ਜਿਵੇਂ ਇਸ ਸ਼ਬਦ ਵਿੱਚ ਵੀ ਹੈ:
ਦੇਹੀ ਜਾਤਿ ਨ ਆਗੈ ਜਾਏ ॥ ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ ॥ ਸਤਿਗੁਰੁ ਸੇਵਨਿ ਸੇ ਧਨਵੰਤੇ ਐਥੈ ਓਥੈ ਨਾਮਿ ਸਮਾਵਣਿਆ ॥੩॥ (ਮ:3, ਪੰਨਾ 111)
ਅਰਥ: ਪ੍ਰਭੂ ਦੀ ਹਜ਼ੂਰੀ ਵਿਚ (ਮਨੁੱਖ ਦਾ) ਸਰੀਰ ਨਹੀਂ ਜਾ ਸਕਦਾ, ਉੱਚੀ ਜਾਤਿ ਭੀ ਨਹੀਂ ਪਹੁੰਚ ਸਕਦੀ (ਜਿਸ ਦਾ ਮਨੁੱਖ ਇਤਨਾ ਮਾਣ ਕਰਦਾ ਹੈ) । ਜਿਥੇ (ਪਰਲੋਕ ਵਿਚ ਹਰੇਕ ਮਨੁੱਖ ਪਾਸੋਂ ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਤਾਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਕੇ ਹੀ ਸੁਰਖ਼ਰੂ ਹੋਈਦਾ ਹੈ । ਜੇਹੜੇ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹ (ਪ੍ਰਭੂ ਦੇ ਨਾਮ-ਧਨ ਨਾਲ) ਧਨਾਢ ਬਣ ਜਾਂਦੇ ਹਨ, ਉਹ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਸਦਾ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦੇ ਹਨ । ਟੀਕਾਕਾਰ: ਪ੍ਰੋ. ਸਾਹਿਬ ਸਿੰਘ ਜੀ ।
ਉਪਰ ਦਿਤੇ ਸ਼ਬਦਾਂ ਵਿੱਚ ਕਿਸ ਨਾਲ ਲੜਕੇ ਲੜਕੀ ਨੇ ਸ਼ਾਦੀ ਕਰਨੀ ਹੈ ਜਾਂ ਕਿਸ ਨਾਲ ਨਹੀਂ, ਇਸ ਦਾ ਜਿਕਰ ਨਹੀਂ ਹੈ । ਇਹਨਾਂ ਸ਼ਬਦਾਂ ਵਿਚ ਤਾਂ ਉਸ ਸਮੇਂ ਜਾਂ ਅੱਜ ਵੀ ਜਿਹੜੇ ਲੋਕ ਹਿੰਦੂ ਧਰਮ ਨਾਲ ਸਬੰਧਤ ਹਨ ਉਸ ਦੇ ਚਾਰ ਵਰਨਾ ਦੀ ਵੰਡ ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ਼ ਦਾ ਜਿਕਰ ਹੈ, ਉਸ ਬਾਰੇ ਗੱਲ ਕਰ ਰਹੇ ਹਨ । ਆਪਣੇ ਆਪ ਨੂੰ ਉਚੀ ਜਾਤੀ ਦਾ ਸਮਝਣ ਵਾਲਾ ਬ੍ਰਾਹਮਣ ਅਖੌਤੀ ਬਣਾਈ ਨੀਵੀ ਜਾਤ (ਬਰਾਦਰੀ) ਵਾਲੇ ਨੂੰ ਖੂਹ ਤੋਂ ਪਾਣੀ ਵੀ ਨਹੀਂ ਸੀ ਲੈਣ ਦੇਂਦਾ । ਆਖੀ ਜਾਂਦੀ ਨੀਵੀ ਜਾਤ ਵਾਲੇ ਨੂੰ ਮੰਦਰ ਵਿੱਚ ਜਾਣ ਦੀ ਆਗਿਆ ਤਾਂ ਛੱਡੋ, ਜੇ ਕਿਤੇ ਉਹ ਹਿੰਦੂ ਧਰਮ ਦੇ ਧਾਰਮਿਕ ਗ੍ਰੰਥ ਦੀ ਬਾਣੀ ਵੀ ਸੁੱਣ ਲੈਣ ਤਾਂ ਉਹਨਾਂ ਦੇ ਕੰਨਾ ਵਿਚ ਸਿੱਕਾਂ ਪਾ ਦਿੱਤਾ ਜਾਂਦਾ ਸੀ। ਸੋ, ਉਪਰ ਵਾਲੇ ਸ਼ਬਦਾਂ ਵਿੱਚ ਉਸ ਬਾਰੇ ਗੱਲ ਕੀਤੀ ਗਈ ਹੈ । ਅੱਜ ਵੀ ਕਿਸੇ ਦੇਸ਼, ਰੰਗ ਜਾਂ ਬੋਲੀ ਦੇ ਅਧਾਰ ਤੇ ਜੇ ਕੋਈ ਕਿਸੇ ਨਾਲ ਵਿਤਕਰਾ ਕਰਦਾ ਹੈ ਤਾਂ ਉਸ ਨੂੰ ਕਾਨੂੰਨ ਅਨੁਸਾਰ ਸਜਾ ਵੀ ਦਿਤੀ ਜਾਂਦੀ ਹੈ । ਪਰ ਕਿਸੇ ਨੇ ਕਿਸ ਨਾਲ ਵਿਆਹ ਦਾ ਰਿਸ਼ਤਾ ਕਰਨਾ ਹੈ ਇਹ ਵੱਖਰਾ ਵਿਸ਼ਾ ਹੈ ।
ਲੜਕੇ ਲੜਕੀ ਦਾ ਵਿਆਹ ਸਿਰਫ ਦੋਵਾਂ ਜਾਣਿਆਂ ਦਾ ਵਿਆਹ ਨਹੀਂ ਹੁੰਦਾ, ਸਗੋਂ ਦੋਵਾਂ ਪ੍ਰੀਵਾਰਾਂ ਦਾ ਅਤੇ ਉਹਨਾਂ ਦੇ ਸਾਰੇ ਰਿਸ਼ਤੇਦਾਰਾਂ ਦਾ ਸਬੰਧ ਵੀ ਬਣਦਾ ਹੈ । ਵਿਆਹ ਦੇ ਸਮੇਂ ਜਿਥੇ ਦੋਵਾਂ ਦਾ ਇਕੋ ਧਰਮ ਹੋਣਾ ਵੀ ਜਰੂਰੀ ਹੈ ਜੇਕਰ ਉਹ ਧਰਮ ਨੂੰ ਮੰਨਦੇ ਹਨ ਤਾਂ । ਇਸ ਤੋਂ ਬਿਨਾ ਦੋਵਾਂ ਪ੍ਰੀਵਾਰਾਂ ਦੇ ਰਹਿਣ ਸਹਿਣ ਦਾ ਢੰਗ ਤਰੀਕਾ ਅਤੇ ਮਾਲੀ ਹਾਲਤ ਵੀ ਇਕੋ ਜਿਹਾ ਜਰੂਰੀ ਨਹੀਂ ਤਾਂ ਬਹੁਤ ਫਰਕ ਵੀ ਨਾ ਹੋਵੇ । ਕਈ ਵਾਰ ਦੋਵੇ ਪ੍ਰੀਵਾਰ ਜੇਕਰ ਬਰਾਬਰ ਦੀ ਹੈਸੀਅਤ ਦੇ ਨਹੀਂ ਹਨ ਤਾਂ ਕੁਝ ਚਿਰ ਪਿਛੋਂ ਲੜਾਈ ਝਗੜੇ ਚਾਲੂ ਹੋ ਜਾਂਦੇ ਹਨ । ਜੇਕਰ ਇੱਕ ਪ੍ਰੀਵਾਰ ਸ਼ਰੀਫ ਸੁਭਾਅ ਦਾ ਹੈ ਅਤੇ ਦੂਸਰਾ ਬਦਮਾਸ਼ੀ ਵਾਲਾ ਹੈ ਤਾਂ ਵੀ ਲੜਕੇ ਲੜਕੀ ਦੇ ਸਬੰਧਾਂ ਵਿੱਚ ਮੁਸ਼ਕਲਾ ਦਾ ਆਉਣਾ ਸੁਭਾਵਕ ਹੈ ।
ਸਿੱਖ ਧਰਮ ਵਿਚ ਭਾਂਵੇ ਬਰਾਦਰੀ, ਗੋਤ ਵਿਚਾਰੇ ਬਿਨਾ ਸ਼ਾਦੀ ਕਰਨ ਨੂੰ ਆਖਦੇ ਹਨ ਪਰ ਫਿਰ ਵੀ ਵੇਖਣ ਵਿੱਚ ਆਉਂਦਾ ਹੈ ਕਿ ਜੇਕਰ ਇੱਕ ਸਿੱਖ ਜੱਟ ਪ੍ਰੀਵਾਰ ਅਮੀਰ ਹੈ ਤੇ ਦੂਸਰਾ ਜੱਟ ਸਿੱਖ ਗਰੀਬ ਹੈ ਤਾਂ ਵੀ ਉਥੇ ਰਿਸ਼ਤਾ ਨਹੀਂ ਹੁੰਦਾ । ਕੀ ਕਹੋਗੇ ਕਿ ਇਹ ਪ੍ਰੀਵਾਰ ਸਾਡੇ ਨਾਲ ਵਿਤਕਰਾ ਕਰਦਾ ਹੈ । ਜਾਂ ਇਕ ਲੜਕਾ ਜਾਂ ਲੜਕੀ ਬਹੁਤ ਪੜ੍ਹੀ ਲਿਖੀ ਹੈ ਜੇਕਰ ਕੋਈ ਅਨਪੜ੍ਹ ਲੜਕਾ ਜਾਂ ਲੜਕੀ ਇਹ ਕਹਿ ਕਿ ਮੇਰੇ ਨਾਲ ਸਿੱਖ ਹੋਣ ਦੇ ਬਾਵਜੂਦ ਵਿਆਹ ਨਹੀਂ ਕਰਵਾਉਂਦਾ ਜਾਂ ਕਰਵਾਉਂਦੀ, ਇਹ ਤਾਂ ਮੇਰੇ ਨਾਲ ਵਿਤਕਰਾ ਕਰਦਾ ਹੈ ਅਤੇ ਉਪਰ ਦਿਤੇ ਸ਼ਬਦ ਦਾ ਹਵਾਲਾ ਦੇਵੇ ਤਾਂ ਕੀ ਇਹ ਠੀਕ ਹੋਵੇਗਾ ?
ਵਿਦੇਸ਼ਾਂ ਵਿੱਚ ਵੇਖਿਆ ਹੈ, ਕਈ ਲੜਕੇ ਲੜਕੀਆਂ ਸਿੱਖ ਘਰਾਣਿਆ ਤੋਂ ਹੁੰਦੇ ਹਨ ਪਰ ਵਿਆਹ ਮੁਸਲਮਾਨ, ਚੀਨੇ, ਹਿੰਦੂ ਜਾਂ ਗੋਰਿਆਂ ਨਾਲ ਕਰਵਾ ਲੈਂਦੇ ਹਨ । ਕਈ ਜੋੜੇ ਜਿਨ੍ਹਾਂ ਚਿਰ ਬੱਚਿਆਂ ਤੋਂ ਬਗੈਰ ਹੁੰਦੇ ਹਨ ਉਹਨਾ ਚਿਰ ਤਾਂ ਨਿੱਭ ਜਾਂਦੀ ਹੈ ਪਰ ਜਦੋਂ ਬੱਚੇ ਹੋ ਜਾਂਦੇ ਹਨ ਤਾਂ ਕਈ ਵਾਰ ਨਾਂਮ ਰੱਖਣ ਤੋਂ ਫਿਰ ਕਿਸ ਧਰਮ ਅਸਥਾਨ ਤੇ ਜਾਣਾ ਹੈ ਇਸ ਬਾਰੇ ਝਗੜੇ ਸ਼ੁਰੂ ਹੋ ਜਾਂਦੇ ਹਨ ਅਤੇ ਬੱਚੇ ਵੀ ਦੋ ਪਾਸੇ ਵੰਡੇ ਜਾਂਦੇ ਹਨ । ਇੱਕ ਜਾਣਨ ਵਾਲੇ ਤੋਂ ਸੁੱਣੀ ਗੱਲ ਯਾਦ ਆ ਗਈ । ਉਹ ਦੱਸ ਰਿਹਾ ਸੀ ਕਿ ਇੱਕ ਸਿੱਖਾਂ ਦੀ ਲੜਕੀ ਨੇ ਮੁਸਲਮਾਨ ਲੜਕੇ ਨਾਲ ਸ਼ਾਦੀ ਕਰ ਲਈ । ਵਿਆਹ ਤੋਂ ਬਾਦ ਜਦੋਂ ਉਹਨਾ ਦਾ ਲੜਕਾ ਹੋਇਆ ਤਾਂ ਲੜਕੀ ਨੇ ਆਪਣੇ ਪਤੀ ਨੂੰ ਆਖੀਆ ਕਿ “ਮੈਂ ਇਸਦੇ ਵਾਲ ਰੱਖਣੇ ਤੇ ਜੂੜਾ ਕਰਨਾ ਹੈ”, ਅੱਗੋ ਉਸਦੇ ਪਤੀ ਨੇ ਕਿਹਾ “ਮੈਂ ਇਸਨੂੰ ਕਾਫਰ ਨਹੀਂ ਬਣਾਉਣਾ” । ਇਹ ਸੁਣਕੇ ਉਹ ਲੜਕੀ ਪਿਆਰ ਦੇ ਜਜਬਾਤ ਵਿਚ ਆ ਕੇ ਉਸ ਦੂਜੇ ਧਰਮ ਦੇ ਲੜਕੇ ਨਾਲ ਕੀਤੇ ਵਿਆਹ ਬਾਰੇ ਪਛਤਾਉਣ ਲੱਗੀ ; ਪਰ ਹੁਣ ਉਹ ਸਮਾ ਬਹੁਤ ਦੂਰ ਰਹਿ ਗਿਆ ਸੀ ।
ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਧਰਮ ਲੜਕੇ ਦਾ ਹੁੰਦਾ ਹੈ ਉਹਨਾ ਦੇ ਪੈਦਾ ਹੋਣ ਵਾਲੇ ਬੱਚਿਆਂ ਦੇ ਨਾਂਅ ਵੀ ਉਸੇ ਧਰਮ ਅਨੁਸਾਰ ਹੀ ਹੁੰਦੇ ਹਨ ਅਤੇ ਮੰਨਦੇ ਵੀ ਉਸੇ ਧਰਮ ਨੂੰ ਹਨ । ਵੇਖਦੇ ਹਾਂ ਸਿੱਖ ਰਹਿਤ ਮਰਯਾਦਾ ਵਿੱਚ ਲੜਕੇ ਲੜਕੀ ਦੇ ਵਿਆਹ ਬਾਰੇ ਕੀ ਲਿਖਿਆ ਹੈ: ਅਨੰਦ ਸੰਸਕਾਰ
(ੳ) ਸਿੱਖ ਸਿੱਖਣੀ ਦਾ ਵਿਆਹ, ਬਿਨਾਂ ਜ਼ਾਤ-ਪਾਤ, ਗੋਤ ਵਿਚਾਰੇ ਦੇ ਹੋਣਾ ਚਾਹੀਏ।
(ਅ) ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ।
• (ੲ) ਸਿੱਖ ਦਾ ਵਿਆਹ ‘ਅਨੰਦ’ ਰੀਤੀ ਨਾਲ ਕਰਨਾ ਚਾਹੀਏ।
• ਸ) ਲੜਕੀ ਲੜਕੇ ਦਾ ਵਿਆਹ ਬਚਪਨ ਵਿੱਚ ਕਰਨਾ ਵਿਵਰਜਿਤ ਹੈ।
• (ਹ) ਜਦ ਲੜਕੀ ਸ਼ਰੀਰ, ਮਨ ਤੇ ਆਚਾਰ ਕਰਕੇ ਵਿਆਹ ਕਰਨ ਦੇ ਯੋਗ ਹੋ ਜਾਵੇ, ਤਾਂ ਕਿਸੇ ਯੋਗ ਸਿੱਖ ਨਾਲ ‘ਅਨੰਦ’ ਪੜ੍ਹਾਇਆ ਜਾਵੇ।
(ਕ) ‘ਅਨੰਦ’ ਤੋਂ ਪਹਿਲਾਂ ਕੁੜਮਾਈ ਦੀ ਰਸਮ ਜ਼ਰੁਰੀ ਨਹੀਂ, ਪਰ ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸਾ ਸੋਧ ਕੇ ਇਕ ਕ੍ਰਿਪਾਨ, ਕੜਾ, ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ।
(ਖ) ‘ਅਨੰਦ’ ਦਾ ਦਿਨ ਮੁਕਰੱਰ ਕਰਨ ਲੱਗਿਆਂ ਕੋਈ ਥਿਤਿ-ਵਾਰ, ਚੰਗੇ-ਮੰਦੇ ਦਿਨ ਦੀ ਖੋਜ ਕਰਨ ਲਈ ਪੱਤ੍ਰੀ ਵਾਚਣਾ ਮਨਮਤ ਹੈ। ਕੋਈ ਦਿਨ ਜੋ ਦੋਹਾਂ ਧਿਰਾਂ ਨੂੰ ਆਪਸ ਵਿੱਚ ਸਲਾਹ ਕਰ ਕੇ ਚੰਗਾ ਦਿੱਸੇ, ਨਿਯਤ ਕਰ ਲੈਣਾ ਚਾਹੀਏ ।
(ਗ) ਮੁਕਟ ਜਾਂ ਗਾਨਾ ਬੰਨ੍ਹਣਾ, ਪਿੱਤਰ ਪੂਜਣੇ, ਕੱਚੀ ਲੱਸੀ ਵਿਚ ਪੈਰ ਪਾਉਣਾ, ਬੇਰੀ ਜਾਂ ਜੰਡੀ ਵੱਡਣੀ, ਘੜੋਲੀ ਭਰਨੀ, ਰੁਸ ਕੇ ਜਾਣਾ, ਛੰਦ ਪੜ੍ਹਨੇ, ਹਵਨ ਕਰਨਾ, ਵੇਦੀ ਗੱਡਣੀ, ਵੇਸਵਾ ਦਾ ਨਾਚ, ਸ਼ਰਾਬ ਆਦਿ ਮਨਮਤ ਹੈ।
ਸਿੱਖ ਧਰਮ ਨੂੰ ਮੰਨਣ ਵਾਲੇ ਜੇ ਕਿਸੇ ਦੂਸਰੀ ਕੌਮ/ਧਰਮ ਵਾਲੇ ਲੜਕੇ ਲੜਕੀ ਨਾਲ ਵਿਆਹ ਕਰਨ ਨੂੰ ਸਹੀ ਸਿੱਧ ਕਰਨ ਲਈ ਗੁਰਬਾਣੀ ਦੇ ਇਸ ਸ਼ਬਦ ਦਾ ਹਵਾਲਾ ਦੇਣ “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ” ॥ ਕਿ ਇਸ ਸ਼ਬਦ ਅਨੁਸਾਰ ਸਿੱਖ ਸਿਧਾਂਤ ਦੀ ਉਲਘਣਾ ਹੁੰਦੀ ਹੈ, ਤਾਂ ਇਹ ਗਲਤ ਹੈ । ਹਰੇਕ ਇਨਸਾਨ ਵਿੱਚ ਰੱਬ ਵੇਖਣਾ, ਸਮਝਣਾ ਅਤੇ ਆਪਣਾ ਜੀਵਨ ਸਾਥੀ ਬਣਾਉਣਾ ਅਲਗ-ਅਲਗ ਗੱਲਾਂ ਹਨ । ਚੰਗਾ ਤਾਂ ਇਹ ਹੀ ਹੈ ਕਿ ਅਸੀਂ ਆਪਣੇ ਧਰਮ ਦੇ ਮੰਨਣ ਵਾਲਿਆਂ ਵਿੱਚ ਹੀ ਵਿਆਹ ਕਰੀਏ ਤਾਂ ਕਿ ਜਿਥੇ ਜਿੰਦਗੀ ਵਿੱਚ ਹੋਰ ਬਹੁਤ ਸਾਰੇ ਮਸਲੇ ਪੈਦਾ ਹੁੰਦੇ ਹਨ, ਉਥੇ ਘੱਟ ਤੋਂ ਘੱਟ ਧਰਮ/ਕੌਮ ਵਾਲਾ ਮਸਲਾ ਤਾਂ ਪੈਦਾ ਨਾ ਹੋਵੇ ।
ਸਾਡੇ ਗੁਰੂ ਸਹਿਬਾਨ ਦੇ ਸਮੇਂ ਤੋਂ ਹੀ ਇਸ ਗੱਲ ਤੋਂ ਗੁਰੇਜ਼ ਕੀਤਾ ਜਾਂਦਾ ਰਿਹਾ ਹੈ । ਅੱਜ ਦੇ ਅਗਾਹ ਵੱਧੂ ਸਮੇਂ ਨੂੰ ਆਖਣ ਵਾਲਿਆਂ ਵਿੱਚ ਵੀ ਪਹਿਲਾਂ ਨਾਲੋਂ ਤਲਾਕ ਹੋਣ ਦੀ ਦਰ ਵਧੀ ਹੈ । ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਹੈ ਕਿ ਕਿਸੇ ਦੂਸਰੇ ਧਰਮ/ਕੌਮ ਦੇ ਪ੍ਰੀਵਾਰ ਜਾਂ ਵਿਅਕਤੀ ਨਾਲ ਸਾਂਝ, ਦੋਸਤੀ ਹੋਣੀ ਹੋਰ ਗੱਲ ਹੈ, ਪਰ ਲੜਕੇ ਲੜਕੀ ਦਾ ਰਿਸ਼ਤਾ ਕਰਨਾ ਹੋਰ ਗੱਲ ਹੈ । ਅੱਗੇ ਹਰ ਇਨਸਾਨ ਦੀ ਆਪਣੀ-ਅਪਣੀ ਮਰਜੀ ਹੈ, ਕਿਉਂਕਿ ਕੋਈ ਵੀ ਜਬਰਦਸਤੀ ਕਿਸੇ ਨੂੰ ਕਿਸੇ ਨਾਲ ਸ਼ਾਦੀ ਕਰਨ ਤੋਂ ਨਹੀਂ ਰੋਕ ਸਕਦਾ ।




.