.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ-ਛੇਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਦੌਰਾਅ ਦੇਵੀਏ ਕਿ ਚੱਲ ਰਹੀ ਗੁਰਮੱਤ ਲੇਖ-ਲੜੀ ਦਾ ਮੂਲ ਮਕਸਦ ਕੇਵਲ ਤੇ ਕੇਵਲ ਇਹੀ ਦ੍ਰਿੜ ਕਰਵਾਉਣਾ ਹੈ ਕਿ:-

(i) ੴਭਾਵ ਸਮੂਚੀ ਰਚਨਾ ਨੂੰ ਬਣਾਉਣ ਤੇ ਇਸ ਨੂੰ ਲੈਅ ਕਰਣ ਵਾਲਾ "ਰੂਪ, ਰੰਗ, ਰੇਖ" ਤੋਂ ਨਿਆਰਾ ਕੇਵਲ ਤੇ ਕੇਵਲ ਇਕੋ ਇੱਕ ਅਕਾਲਪ੍ਰੁਰਖ ਹੀ ਹੈ। ਜਦਕਿ ਇਹ ਸਮੂਚੀ ਰਚਨਾ ਉਸ ੴ ਦਾ ਹੀ ਪਸਾਰਾ ਤੇ ਚਲਣ ਹੈ। ਉਪ੍ਰੰਤ:-

"ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ॥ ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ. ." (ਅੰ: ੯੫੭) ਅਨੁਸਾਰ ਮਨੁੱਖ ਨੂੰ ਉਸ ਅਕਾਲਪੁਰਖ ਦੀ ਪ੍ਰਾਪਤੀ "ਗੁਰਪ੍ਰਸਾਦਿ" ਕੇਵਲ ਗੁਰੂ ਦੀ ਕ੍ਰਿਪਾ ਤੇ ਬਖ਼ਸ਼ਿਸ਼ ਨਾਲ ਹੀ ਹੁੰਦੀ ਹੈ।

() ਗੁਰਬਾਣੀ ਅਨੁਸਾਰ ਸਮੂਚੇ ਮਨੁੱਖ ਮਾਤ੍ਰ ਦਾ "ਗੁਰੂ" ਵੀ "ਰੂਪ, ਰੰਗ, ਰੇਖ" ਤੋਂ ਨਿਆਰਾ. ਇਕੋ-ਇਕ ਤੇ ਸਦਾ-ਸਦਾ ਹੈ, "ਗ੍ਰੁਰੂ" ਇੱਕ ਤੋਂ ਵਧ ਨਹੀਂ ਹਨ।

ਇਹ ਵੀ ਕਿ ਮਨੁੱਖ ਮਾਤ੍ਰ ਦਾ ਉਹ ਇਕੋ-ਇਕ "ਗੁਰੂ", ਅਕਾਲਪੁਰਖ ਦਾ ਹੀ ਨਿਜ ਗੁਣ ਹੈ, ਉਹ "ਗੁਰੂ" ਵੀ ਅਕਾਲਪੁਰਖ ਤੋਂ ਭਿੰਨ ਨਹੀਂ। ਇਹ ਵੀ ਕਿ:-

ਉਸ "ਗੁਰੂ" ਦਾ ਸੰਬੰਧ ਪ੍ਰਭੂ ਦੀਆਂ ਅਰਬਾਂ-ਖਰਬਾਂ ਜੂਨਾਂ `ਚੋਂ ਮੁੱਖ ਤੌਰ `ਤੇ ਕੇਵਲ ਅਤੇ ਕੇਵਲ ਮਨੁੱਖਾ ਜੂਨ ਨਾਲ ਹੀ ਵਧੇਰੇ ਹੈ। ਕਿਉਂਕਿ:-

(i) ਉਸ ਇਲਾਹੀ ਤੇ ਅਕਾਲਪੁਰਖੀ "ਗੁਰੂ" ਦੀ ਸ਼ਰਣ `ਚ ਪਏ ਬਿਨਾ ਅਤੇ "ਗੁਰੂ" ਦੇ ਅਨੁਸਾਰੀ ਜੀਵਨ ਜੀਏ ਬਿਨਾ, ਮਨੁੱਖਾ ਜਨਮ ਦੀ ਸਫ਼ਲਤਾ ਸੰਭਵ ਨਹੀਂ।

ਕਾਰਣ, ਉਸ ਇਕੋ-ਇਕ ਇਲਾਹੀ "ਗੁਰੂ" ਦਾ ਸੰਬੰਧ, ਮਨੁੱਖਾ ਜੂਨ ਦੀ ਸਫ਼ਲਤਾ ਤੇ ਅਸਫ਼ਲਤਾ (ਗੁਰਮੁਖੀ ਤੇ ਮਨਮੁਖੀ) ਜੀਵਨ ਨਾਲ ਜੁੜਿਆ ਹੋਇਆ ਹੈ।

(iv) ਗੁਰਬਾਣੀ ਅਨੁਸਾਰ ਉਂਜ ਤਾਂ ਉਸ ਇਲਾਹੀ "ਗੁਰੂ" ਦਾ ਵਾਸਾ ਹਰੇਕ ਮਨੁੱਖਾ ਸਰੀਰ ਅੰਦਰ ਹੈ। ਤਾਂ ਵੀ, ਮਨੁੱਖ ਦੇ ਜੀਵਨ `ਚੋਂ ਉਸ "ਗੁਰੂ" ਦਾ ਪ੍ਰਗਟਾਵਾ ਸ਼ਬਦ-ਗੁਰੂ ਦੀ ਕਮਾਈ ਨਾਲ ਹੀ ਹੁੰਦਾ ਹੈ, ਉਸ ਤੋਂ ਬਿਨਾ ਨਹੀਂ।

(v) ਇਹ ਵੀ ਕਿ ਸੰਸਾਰ ਤਲ `ਤੇ ਮਨੁੱਖ ਮਾਤ੍ਰ ਦੇ ਜੀਵਨ ਅੰਦਰੋਂ ਉਸ ਇਲਾਹੀ "ਗੁਰੂ" ਵਾਲੇ ਪ੍ਰਗਟਾਵੇ ਲਈ, ਮਨੁੱਖ ਨੂੰ ਅੱਖਰਾਂ ਦੀ ਲੋੜ ਹੁੰਦੀ ਹੈ।

ਇਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਮਨੁੱਖ ਦੀ ਇਸੇ ਅੱਖਰਾਂ ਵਾਲੀ ਲੋੜ ਨੂੰ ਪੂਰਾ ਕਰਣ ਲਈ ਹੀ-ਅਕਾਲਪੁਰਖ ਵੱਲੋਂ, ਸੰਸਾਰ ਤਲ `ਤੇ, ਪਹਿਲਾਂ ਉਸ ਧੁਰ ਦਰਗਾਹੀ ਤੇ ਅਕਾਲਪੁਰਖੀ ਜੋਤ, ਸ਼ਬਦ-ਗੁਰੂ ਦਾ ਪ੍ਰਗਟਾਵਾ "ਸ਼ਬਦਾ ਅਵਤਾਰ" "ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਮੇਸ਼ ਪਿਤਾ ਤੀਕ" "ਦਸ ਗੁਰੂ ਪਾਤਸ਼ਾਹੀਆਂ ਦੇ ਰੂਪ `ਚ ਹੋਇਆ" ਜਿਹੜਾ ਕਿ ਆਪਣੇ ਆਪ `ਚ ਹੀ ਕਿਸੇ ਇਲਾਹੀ ਚਮਤਕਾਰ ਤੋਂ ਘੱਟ ਸਾਬਤ ਨਹੀਂ ਹੁੰਦਾ:-

ਉਪ੍ਰੰਤ ਉਸੇ ਧੁਰ ਦਰਗਾਹੀ ਤੇ ਅਕਾਲਪੁਰਖੀ ਜੋਤ ਦਾ, ਸਦੀਵ ਕਾਲ ਲਈ ਬਦਲਵਾਂ ਰੂਪ ਸਾਬਤ ਹੋਏ "ਸ਼ਬਦਾ ਅਵਤਾਰ" ਅੱਖਰ-ਰੂਪ, ਗੁਰਬਾਣੀ ਦਾ ਭੰਡਾਰ "ੴ" ਤੋਂ "ਤਨ ਮਨ ਥੀਵੈ ਹਰਿਆ" ਤੀਕ "ਜੁਗੋ-ਜੁਗ ਅਟੱਲ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ"।

ਜਦਕਿ ਇਹ ਵੀ ਕਿ "ਰੂਪ, ਰੰਗ, ਰੇਖ" ਤੋਂ ਨਿਆਰੇ ਅਕਾਲਪੁਰਖ ਨੂੰ ਆਪਣੇ ਪ੍ਰਗਟਾਵੇ ਲਈ ਅੱਖਰਾਂ ਦੀ ਲੋੜ ਨਹੀਂ; ਅੱਖਰਾਂ ਦੀ ਲੋੜ ਵੀ "ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ" (ਬਾਣੀ ਜਪੁ) ਕੇਵਲ ਮਨੁੱਖ ਲਈ ਹੀ ਹੈ। ਕਿਉਂਕਿ:-

(ੳ) ". . ਅਖਰੀ ਨਾਮੁ ਅਖਰੀ ਸਾਲਾਹ॥ ਅਖਰੀ ਗਿਆਨੁ ਗੀਤ ਗੁਣ ਗਾਹ॥ ਅਖਰੀ ਲਿਖਣੁ ਬੋਲਣੁ ਬਾਣਿ॥ ਅਖਰਾ ਸਿਰਿ ਸੰਜੋਗੁ ਵਖਾਣਿ॥ ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ॥ ਜਿਵ ਫੁਰਮਾਏ ਤਿਵ ਤਿਵ ਪਾਹਿ. ." (ਬਾਣੀ ਜਪੁ) ਹੋਰ

"ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ॥ ਅਖਰ ਕਰਿ ਕਰਿ ਬੇਦ ਬੀਚਾਰੇ॥ ਅਖਰ ਸਾਸਤ੍ਰ ਸਿੰਮ੍ਰਿਤਿ ਪੁਰਾਨਾ॥ ਅਖਰ ਨਾਦ ਕਥਨ ਵਖ੍ਯ੍ਯਾਨਾ॥ ਅਖਰ ਮੁਕਤਿ ਜੁਗਤਿ ਭੈ ਭਰਮਾ॥ ਅਖਰ ਕਰਮ ਕਿਰਤਿ ਸੁਚ ਧਰਮਾ॥ ਦ੍ਰਿਸਟਿਮਾਨ ਅਖਰ ਹੈ ਜੇਤਾ॥ ਨਾਨਕ ਪਾਰਬ੍ਰਹਮ ਨਿਰਲੇਪਾ੫੪ ॥" (ਪੰ: ੨੬੧) ਆਦਿ

"ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ. ."- ਹੱਥਲੇ ਵਿਸ਼ੇ ਨੂੰ ਵਧੇਰੇ ਅਤੇ ਹੋਰ ਖੁੱਲ ਕੇ ਸਮਝਣ ਲਈ, ਹੁਣ ਅਸੀਂ ਬਾਣੀ "ਗਉੜੀ ਬਾਵਨ ਅਖਰੀ ਮਹਲਾ ੫" ਦਾ ਅਰੰਭਕ ਸਲੋਕ ਵੀ ਲੈ ਰਹੇ ਹਾ। ਉਹ ਇਸ ਲਈ, ਕਿ ਉਸ ਸਲੋਕ ਲਈ ਪੰਜਵੇਂ ਪਾਤਸ਼ਾਹ ਵਲੋਂ ਉਸ ਬਾਣੀ ਦੇ ਆਦਿ ਅਤੇ ਅੰਤ `ਚ ਪੜ੍ਹਣ ਲਈ ਉਚੇਚੇ ਹਿਦਾਇਤ ਕੀਤੀ ਹੋਈ ਹੈ ਅਤੇ ਚਲਦੇ ਵਿਸ਼ੇ ਨਾਲ ਸੰਬੰਧਤ ਵੀ ਹੈ।

ਇਸ ਤਰ੍ਹਾਂ ਇਸ ਸਲੋਕ ਦੇ ਅਰਥਾਂ ਤੋੇਂ ਗੁਰਬਾਣੀ ਰਾਹੀਂ ਪ੍ਰਗਟ "ਇਕੋ-ਇਕ ਅਕਾਲਪੁਰਖ ਦੀ ਹੋਂਦ" ਅਤੇ "ਗੁਰਬਾਣੀ ਆਧਾਰਤ" ਸਮੂਚੇ ਮਨੁੱਖ ਮਾਤ੍ਰ ਦੇ ਇਕੋ-ਇਕ "ਗੁਰੂ" ਵਾਲੇ ਸਿਧਾਂਤ ਦਾ ਮਹੱਤਵ ਅਤੇ ਸਾਰਥਕਤਾ ਵੀ ਉਘੜ ਕੇ ਸਾਹਮਣੇ ਆ ਜਾਂਦੀ ਹੈ। ਤਾਂ ਤੇ ਉਹ ਸਲੋਕ ਇਸਤਰ੍ਹਾਂ ਹੈ:-

ਸਲੋਕੁ।। ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ।। ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ।। ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ।। ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸਪਰਾ।। ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ।। ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ॥ ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ, ਗੁਰਦੇਵ ਮੰਤੁ ਹਰਿ ਜਪਿ ਉਧਰਾ॥ ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ, ਜਿਤੁ ਲਗਿ ਤਰਾ॥ ਗੁਰਦੇਵ ਸਤਿਗੁਰੁ ਪਾਰਬ੍ਰਹਮੁ, ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ॥ ੧॥ (ਪੰ: ੨੫੦)

ਸਪਸ਼ਟ ਹੈ, ਜਿਸ "ਗੁਰੂ" ਨਾਲ ਸਮੂਚੇ ਮਨੁੱਖ ਮਾਤ੍ਰ ਅਤੇ ਖਾਸਕਰ "ਗੁਰਬਾਣੀ ਦੇ ਸਿੱਖ" ਨੂੰ ਸਮੂਚੀ ਗੁਰਬਾਣੀ ਅਤੇ "ਸਾਿਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਜੋੜ ਰਹੇ ਹਨ, ਇਸ ਸਲੋਕ ਅਨੁਸਾਰ ਵੀ "ਗੁਰਦੇਵ ਆਦਿ ਜੁਗਾਦਿ ਜੁਗੁ ਜੁਗ…" ਉਹ "ਗੁਰੂ" ਵੀ ਜਨਮ-ਮਰਣ `ਚ ਨਹੀਂ ਆਉਂਦਾ। ਅਕਾਲਪੁਰਖ ਦੀ ਨਿਆਈਂ ਉਹ "ਗੁਰੂ" ਵੀ "ਆਦਿ ਜੁਗਾਦੀ ਜੁਗੁ ਜੁਗੁ. ." ਭਾਵ "ਸਦਾ-ਸਦਾ" ਹੈ।

ਇਹ ਵੀ ਕਿ ਸਲੋਕ ਅਨੁਸਾਰ ਉਸ "ਗੁਰੂ" ਦਾ ਉਪਦੇਸ਼ (ਮੰਤੁ) ਵੀ ਮਨੁੱਖ ਮਾਤ੍ਰ ਨੂੰ ਕੇਵਲ ਤੇ ਕੇਵਲ ਇੱਕ ਪ੍ਰਭੂ ਦੀ ਸਿਫ਼ਤ-ਸਲਾਹ ਨਾਲ ਹੀ ਜੋੜਦਾ ਹੈ। ਹੋਰ ਤਾਂ ਹੋਰ, ਸਲੋਕ ਅਨੁਸਾਰ ਵੀ "ਗੁਰਦੇਵ ਸਤਿਗੁਰੁ ਪਾਰਬ੍ਰਹਮੁ, ਪਰਮੇਸਰੁ ਗੁਰਦੇਵ…" ਉਪ੍ਰੰਤ ਉਪ੍ਰੋਕਤ ਸਲੋਕ ਅਨੁਸਾਰ ਵੀ ਅਕਾਲਪਰੁਖ ਤੇ "ਗੁਰੂ" ਭਿੰਨ-ਭਿੰਨ ਨਹੀਂ ਹਨ। ਵਿਸ਼ੇ ਦੀ ਪ੍ਰੌੜਤਾ `ਚ ਕੁੱਝ ਹੋਰ ਗੁਰਬਾਣੀ ਫ਼ੁਰਮਾਨ:-

"ਗੁਰ ਕੀ ਸੇਵ ਨ ਜਾਣੈ ਕੋਈ॥ ਗੁਰੁ ਪਾਰਬ੍ਰਹਮੁ ਅਗੋਚਰੁ ਸੋਈ" (ਪੰ: ੧੦੭੮)

"ਗੁਰ ਗੋਵਿੰਦੁ, ਗ+ਵਿੰਦੁ ਗੁਰੂ ਹੈ, ਨਾਨਕ ਭੇਦੁ ਨ ਭਾਈ" (ਪੰ: ੪੪੨) ਹੋਰ

"ਗੁਰੁ ਪਰਮੇਸਰੁ ਏਕੋ ਜਾਣੁ. ." (ਪੰ: ੮੬੪) ਪੁਨਾ

"ਨਾਨਕ ਸੋਧੇ ਸਿੰਮ੍ਰਿਤਿ ਬੇਦ॥ ਪਾਰਬ੍ਰਹਮ ਗੁਰ ਨਾਹੀ ਭੇਦ" (ਪੰ: ੧੧੪੨)

"ਗੁਰ ਕੀ ਮਹਿਮਾ ਬੇਦ ਨ ਜਾਣਹਿ॥ ਤੁਛ ਮਾਤ ਸੁਣਿ ਸੁਣਿ ਵਖਾਣਹਿ॥ ਪਾਰਬ੍ਰਹਮ ਅਪਰੰਪਰ ਸਤਿਗੁਰ, ਜਿਸੁ ਸਿਮਰਤ ਮਨੁ ਸੀਤਲਾਇਣਾ" (ਪੰ: ੧੦੭੮) ਆਦਿ

ਭਾਵ ਉਹ "ਗੁਰੂ" ਅਕਾਲਪੁਰਖ ਦਾ ਹੀ ਨਿੱਜ ਗੁਣ ਹੈ, ਅਕਾਲਪੁਰਖ ਤੋਂ ਭਿੰਨ ਨਹੀਂ।

ਉਪ੍ਰੰਤ ਇਸ ਸਲੋਕ ਤੋਂ ਬਾਅਦ ਅਸੀਂ ਸਲੋਕ ਸਹਿਤ ਬਾਣੀ "ਗਉੜੀ ਬਾਵਨ ਅਖਰੀ ਮਹਲਾ ੫" ਦੀ ਪਹਿਲੀ ਪਉੜੀ ਅਤੇ ਉਸ ਪਹਿਲੀ ਪਉੜੀ ਦੇ ਨਾਲ ਹੀ, ਗੁਰਦੇਵ ਰਾਹੀਂ ਉਚੇਚੀਆਂ ਜੋੜੀਆਂ ਹੋਈਆਂ ਉਹ ਦੋ ਪੰਕਤੀਆਂ ਵੀ ਲੈ ਰਹੇ ਹਾਂ, ਜਿਹੜੀਆਂ ਬਾਣੀ "ਗਉੜੀ ਬਾਵਨ ਅਖਰੀ ਮਹਲਾ ੫" ਦੇ ਰਹਾਉੇ ਦੇ ਬੰਦ ਵਜੋਂ ਹਨ। ਇਥੇ ਅਸੀਂ ਉਹ ਸਭ ਵੀ ਅਰਥਾਂ ਸਹਿਤ ਲੈ ਰਹੇ ਹਾਂ। ਤਾਂ ਤੇ:-

ਸਲੋਕੁ॥ ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗੁ॥ ਨਾਨਕ ਏਕੋ ਰਵਿ ਰਹਿਆ ਦੂਸਰ ਹੋਆ ਨ ਹੋਗੁ॥ ੧॥

ਅਰਥ : —ਸਾਰੀ ਜਗਤ-ਰਚਨਾ ਪ੍ਰਭੂ ਨੇ ਆਪ ਹੀ ਕੀਤੀ ਹੈ, ਆਪ ਹੀ ਕਰਨ ਦੀ ਸਮਰੱਥਾ ਵਾਲਾ ਹੈ। ਹੇ ਨਾਨਕ! ਉਹ ਆਪ ਹੀ ਸਾਰੇ ਜਗਤ ਵਿੱਚ ਵਿਆਪਕ ਹੈ, ਉਸ ਤੋਂ ਬਿਨਾ ਕੋਈ ਹੋਰ ਦੂਸਰਾ ਨਹੀਂ ਹੈ। ੧।

ਪਉੜੀ॥ ਓਅੰ ਸਾਧ ਸਤਿਗੁਰ ਨਮਸਕਾਰੰ॥ ਆਦਿ ਮਧਿ ਅੰਤਿ ਨਿਰੰਕਾਰੰ॥ ਆਪਹਿ ਸੁੰਨ ਆਪਹਿ ਸੁਖ ਆਸਨ॥ ਆਪਹਿ ਸੁਨਤ, ਆਪ ਹੀ ਜਾਸਨ॥ ਆਪਨ ਆਪੁ ਆਪਹਿ ਉਪਾਇਓ॥ ਆਪਹਿ ਬਾਪ, ਆਪ ਹੀ ਮਾਇਓ॥ ਆਪਹਿ ਸੂਖਮ, ਆਪਹਿ ਅਸਥੂਲਾ॥ ਲਖੀ ਨ ਜਾਈ, ਨਾਨਕ ਲੀਲਾੑ॥ ੧॥ {ਪੰ: ੨੫੦}

ਅਰਥ : —ਸਾਡੀ ਉਸ ਨਿਰੰਕਾਰ ਨੂੰ ਨਮਸਕਾਰ ਹੈ ਜੋ ਆਪ ਹੀ ਗੁਰੂ-ਰੂਪ ਧਾਰਦਾ ਹੈ, ਜੋ ਜਗਤ ਦੇ ਸ਼ੁਰੂ ਵਿੱਚ ਭੀ ਆਪ ਸੀ, ਹੁਣ ਭੀ ਆਪ ਹੀ ਹੈ, ਜਗਤ ਦੇ ਅੰਤ ਵਿੱਚ ਭੀ ਆਪ ਹੀ ਰਹੇਗਾ (ਜਦੋਂ ਜਗਤ ਦੀ ਹਸਤੀ ਨਹੀਂ ਹੁੰਦੀ) ਨਿਰੀ ਇਕੱਲ-ਰੂਪ ਭੀ ਉਹ ਆਪ ਹੀ ਹੁੰਦਾ ਹੈ, ਆਪ ਹੀ ਆਪਣੇ ਸੁਖ-ਸਰੂਪ ਵਿੱਚ ਟਿਕਿਆ ਹੁੰਦਾ ਹੈ, ਤਦੋਂ ਆਪਣੀ ਸੋਭਾ ਸੁਣਨ ਵਾਲਾ ਭੀ ਆਪ ਹੀ ਹੁੰਦਾ ਹੈ।

ਆਪਣੇ ਆਪ ਨੂੰ ਦਿੱਸਦੇ ਸਰੂਪ ਵਿੱਚ ਲਿਆਉਣ ਵਾਲਾ ਭੀ ਆਪ ਹੀ ਹੈ, ਆਪ ਹੀ (ਆਪਣੀ) ਮਾਂ ਹੈ, ਆਪ ਹੀ (ਆਪਣਾ) ਪਿਤਾ ਹੈ। ਅਣ-ਦਿੱਸਦੇ ਤੇ ਦਿੱਸਦੇ ਸਰੂਪ ਵਾਲਾ ਆਪ ਹੀ ਹੈ। ਹੇ ਨਾਨਕ! (ਪਰਮਾਤਮਾ ਦੀ ਇਹ ਜਗ-ਰਚਨਾ ਵਾਲੀ) ਖੇਡ ਬਿਆਨ ਨਹੀਂ ਕੀਤੀ ਜਾ ਸਕਦੀ। ੧।

"ਕਰਿ ਕਿਰਪਾ ਪ੍ਰਭ ਦੀਨ ਦਇਆਲਾ॥ ਤੇਰੇ ਸੰਤਨ ਕੀ ਮਨੁ ਹੋਇ ਰਵਾਲਾ"॥ ਰਹਾਉ॥

ਅਰਥ : —ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮੇਰੇ ਉਤੇ ਮਿਹਰ ਕਰ। ਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ। (ਅਰਥ-ਧੰਨਵਾਦਿ ਸਹਿਤ ਪ੍ਰੋ ਸਾਹਿਬ ਸਿੰਘ ਜੀ)

"ਵਿਣੁ ਸਤਿਗੁਰ ਮੁਕਤਿ ਨ ਪਾਏ" - ਗੁਰਬਾਣੀ ਆਧਾਰਤ ਸਮੂਚੇ ਮਨੁੱਖ ਮਾਤ੍ਰ ਦੇ "ਸਦਾ ਥਿਰ" "ਇਕੋ-ਇਕ ਗੁਰੂ" ਨਾਲ ਸੰਬੰਧਤ ਪ੍ਰਕਰਣ ਨੂੰ ਸਪਸ਼ਟ ਕਰਣ ਲਈ ਅਸੀਂ ਤੀਜੇ ਪਾਤਸ਼ਾਹ ਦੀ ਰਚਨਾ ਅਨੰਦ ਸਾਹਿਬ `ਚੋਂ ਪਉੜੀ ਨੰ: ੨੨ ਵੀ ਲੈਣੀ ਚਾਹਾਂਗੇ। ਤਾਂ ਤੇ ਉਹ ਪਉੜੀ ਹੈ:-

"ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ॥ ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ॥ ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ॥ ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ" (ਪੰ: ੯੨੦)।

ਇਥੇ ਖਾਸ ਧਿਆਣ ਦੇਣ ਦੀ ਗਲ ਇਹ ਹੈ, ਕਿ ਕੋਈ ਵੀ ਸਰੀਰਧਾਰੀ ਗੁਰੂ ਅਜਿਹਾ ਨਹੀਂ ਹੋ ਸਕਦਾ ਜਿਹੜਾ ਜੀਵ ਦੀ ਮੁੱਕਤੀ ਦਾ ਵਸੀਲਾ ਬਨਣ ਲਈ ਸਦਾ ਕਾਇਮ ਰਵੇ। ਉਪ੍ਰੰਤ ਜੀਵ ਰਾਹੀਂ ਅਨੇਕਾਂ ਜੂਨਾਂ ਭੁਗਤਣ ਤੋਂ ਬਾਅਦ ਵੀ ਜਦੋਂ ਅਕਾਲਪੁਰਖ ਦੀ ਬਖਸ਼ਿਸ਼ ਸਦਕਾ ਜੀਵ ਨੂੰ ਮੁੜ ਮਨੁੱਖਾ ਜਨਮ ਪ੍ਰਾਪਤ ਹੋਵੇ ਤਾਂ ਪ੍ਰਭੂ `ਚ ਅਭੇਦ ਹੋਣ ਲਈ ਓਦੋਂ ਵੀ ਉਸ ਨੂੰ ਉਸੇ ਗੁਰੂ ਦੀ ਪ੍ਰਾਪਤੀ ਹੋ ਜਾਵੇ।

ਸਪੱਸ਼ਟ ਹੈ ਇਥੇ "ਅਨੇਕ ਜੂਨੀ ਭਰਮਿ ਆਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ. ." `ਚ ਕਿਸੇ ਸਰੀਰ ਧਾਰੀ ਗੁਰੂ ਦੀ ਗਲ ਨਹੀਂ ਹੋ ਰਹੀ। ਇਥੇ ਤਾਂ ਕਿਸੇ ਸਦੀਵੀ ਤੇ ਸਦਾ-ਥਿਰ ਉਸ ਗੁਰੂ ਅਥਵਾ ‘ਸਤਿਗੁਰ’ ਦੀ ਗਲ ਹੀ ਹੋ ਰਹੀ ਹੈ। ਜਿਸਨੂੰ "ਗੁਰੂ ਨਾਨਕ ਪਾਤਸ਼ਾਹ" ਵਰਗੀ ਹਸਤੀ ਵੀ "ਆਪਣਾ ਗੁਰੂ" ਦਰਸਾ ਰਹੀ ਹੈ ਅਤੇ ਹੱਥਲੇ ਗੁਰਮੱਤ ਪਾਠ `ਚ ਅਸੀਂ ਇਸ ਬਾਰੇ ਪੜ੍ਹ ਵੀ ਆਏ ਹਾਂ ਜਿਵੇਂ:-

"ਤਤੁ ਨਿਰੰਜਨੁ ਜੋਤਿ ਸਬਾਈ, ਸੋਹੰ ਭੇਦੁ ਨ ਕੋਈ ਜੀਉ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ ਗੁਰੁ ਮਿਲਿਆ ਸੋਈ ਜੀਉ" (ਪੰ: ੫੯੯)

ਬਲਕਿ ਸਿਧਾਂ ਰਾਹੀਂ ਗੁਰੂ ਨਾਨਕ ਪਾਤਸ਼ਾਹ ਨੂੰ ਇਸ ਵਿਸ਼ੇ ਸ਼ੰਬੰਧੀ ਕੀਤੇ ਗਏ ਸੁਆਲ "ਕਵਣ ਮੂਲੁ ਕਵਣ ਮਤਿ ਵੇਲਾ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ" (ਪੰ: ੯੪੨) ਨੂੰ ਵੀ ਗੁਰੂ ਨਾਨਕ ਪਾਤਸ਼ਾਹ ਦਾ ਉੱਤਰ ਕੀ ਸੀ? ਉਹ ਵੀ ਅਸੀਂ ਪੜ੍ਹ ਆਏ ਹਾਂ ਕਿ ਤਾਂ ਵੀ ਗੁਰਦੇਵ ਦਾ ਉੱਤਰ ਸੀ:-

"ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ" (ਪੰ: ੯੪੨)।

ਜਦਕਿ ਇਹ ਵੀ ਘੋਖ ਆਏ ਹਾਂ ਕਿ ਸ਼ਬਦਾ-ਅਵਤਾਰ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਮਨੁੱਖ ਮਾਤ੍ਰ ਦੀ ਸੰਭਾਲ ਲਈ, "ਗੁਰਬਾਣੀ ਦੇ ਭੰਡਾਰ", "ਅੱਖਰ ਰੂਪ" "ਜੁਗੋ-ਜੁਗ ਅਟੱਲ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਸੰਸਾਰ ਤਲ `ਤੇ ਪ੍ਰਗਟ ਕਰਣ ਲਈ ਦੱਸ ਜਾਮੇ ਅਥਵਾ ਸਰੀਰ ਧਾਰਣ ਕਰਨੇ ਪਏ। ਕਿਉਂਕਿ ਹਰੇਕ ਮਨੁੱਖਾ ਸਰੀਰ ਲਈ, ਉਮਰ ਦੀ ਸੀਮਾ ਹੁੰਦੀ ਹੈ, ਉਹ ਸਦੀਵੀ ਨਹੀਂ ਹੁੰਦਾ।

ਇਸੇ ਤਰ੍ਹਾਂ ਚਲਦੇ ਵਿਸ਼ੇ ਨਾਲ ਸੰਬੰਧਤ ਹੋਰ ਗੁਰਬਾਣੀ ਫ਼ੁਰਮਾਨ:-

"ਗੁਰ ਕੀ ਮਹਿਮਾ ਕਿਆ ਕਹਾ, ਗੁਰੁ ਬਿਬੇਕ ਸਤ ਸਰੁਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ" (ਪੰ: ੩੯੭) ਹੋਰ

"ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ+" (ਪੰ: ੭੯੩) ਆਦਿ

ਜਦਕਿ ਇਥੇ ਕਬੀਰ ਸਾਹਿਬ ਵੀ ਇਹੀ ਫ਼ੁਰਮਾਅ ਰਹੇ ਹਨ ਕਿ ਮੈ ਉਸ ਗੁਰੂ ਨੂੰ ਹਾਸਲ ਕਰ ਲਿਆ ਹੈ ਜਿਸ ਦਾ ਨਾਮ ਹੀ ‘ਬਿਬੇਕੋ’ ਭਾਵ "ਰਬੀ ਗਿਆਨ" ਹੈ, ਸਰੀਰ ਧਾਰੀ ਨਹੀਂ।

ਭਾਵ ਸਮੂਚੇ ਮਨੁੱਖ ਮਾਤ੍ਰ ਅਤੇ ਖਾਸਕਰ "ਗੁਰਬਾਣੀ ਦੇ ਸਿੱਖ" ਬਲਕਿ ਗੁਰੂ ਨਾਨਕ ਪਾਤਸ਼ਾਹ ਸਹਿਤ, ਦਸੋਂ ਗੁਰੂ ਹਸਤੀਆਂ ਤੀਕ ਦਾ ਗੁਰਬਾਣੀ ਆਧਾਰਤ "ਗੁਰੂ" "ਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ" ਭਾਵ "ਇਕੋ-ਇਕ" "ਸਦਾ-ਸਦਾ" ਅਤੇ ਸਦੀਵ ਕਾਲੀ ਹੀ ਹੈ, ਉਹ ਸਮੇਂ ਤੇ ਸਥਾਨ ਨਾਲ ਬਦਲਵਾਂ ਵੀ ਨਹੀਂ ਇਥੋਂ ਤੀਕ ਕਿ "ਗੁਰਬਾਣੀ ਆਧਾਰਤ" ਸਮੂਚੇ ਮਨੁੱਖ ਮਾਤ੍ਰ ਅਤੇ ਖਾਸਕਰ "ਗੁਰਬਾਣੀ ਦੇ ਸਿੱਖ" ਦਾ ਉਹ "ਗੁਰੂ" "ਪੂਰਾ ਪਰਮੇਸਰੁ" ਵੀ ਆਪ ਹੀ ਹੈ।

ਇਸਤਰ੍ਹਾਂ ਅਸਾਂ ਇਹ ਵੀ ਦੇਖਿਆਂ ਕਿ ਗੁਰਬਾਣੀ `ਚ ਉਸ ਸਦਾ ਥਿਰ ਗੁਰੂ ਲਈ ਹੀ "ਬਿਬੇਕ ਸਤ ਸਰ" ਅਤੇ "ਬਿਬੇਕੋ" ਆਦਿ ਸਬਦਾਵਲੀ ਵੀ ਆਈ ਹੋਈ ਹੈ ਜਿਸਦਾ ਸੰਬੰਧ ਕਿਸੇ ਮਨੁੱਖਾ ਸਰੀਰ ਨਾਲ ਸਥਾਪਤ ਕੀਤਾ ਹੀ ਨਹੀਂ ਜਾ ਸਕਦਾ। (ਚਲਦਾ) #234P-VI,-02.17-0217#p6v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-VI

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਛੇਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.