.

ਮਿਲਨ ਕੀ ਬਰੀਆ (ਭਾਗ 4)

ਜੇ ਧਰਮ ਦੀ ਮਤ ਦਾ ਰਿਜ਼ਕ (ਭੋਜਨ) ਦੇ ਦਿਤਾ ਤਾਂ ਆਪਣੇ ਆਪ ਨੂੰ ਇਸ ਦਾ ਫਾਇਦਾ ਜ਼ਰੂਰ ਹੁੰਦਾ ਹੈ। ਪਰ ਅਸੀਂ ਧਰਮ ਨੂੰ ਆਪ ਹੀ ਢਕੋਸਲਾ ਬਣਾਇਆ ਹੋਇਆ ਹੈ। ਧਾਰਮਕ ਸਥਾਨ ਤੇ ਜੋ ਪੰਡਤ, ਕਾਜ਼ੀ, ਭਾਈ ਇਹ ਸਾਰੇ ਮਨੁੱਖਾਂ ਨੂੰ ਕੁਝ ਵੀ ਬੁਰਾ ਭਲਾ ਕਹਿਣ ਦੀ ਲੋੜ ਨਹੀਂ ਹੈ। ਅਸੀਂ ਧਰਮ ਨੂੰ ਅਖੋਂ ਪਰੋਖੇ ਕੀਤਾ ਹੋਇਆ ਹੈ।

ਜਿਵੇਂ ਬੱਚਾ ਬਜ਼ਾਰ ਵਿਚ ਅੱਖਾਂ ਬੰਦ ਕਰਕੇ ਚਲਦਾ ਹੈ, ਸਾਹਮਣੇ ਕਾਰ, ਰਿਕਸ਼ਾ ਕੁਝ ਵੀ ਆ ਸਕਦਾ ਹੈ, ਬੱਚਾ ਭਟਕ ਵੀ ਸਕਦਾ ਹੈ, ਨਾਲੇ ਵਿਚ ਵੀ ਡਿਗ ਸਕਦਾ ਹੈ। ਅਚਾਨਕ ਉਸਦੇ ਪਿਤਾ ਜੀ ਸਾਹਮਣੇ ਤੋਂ ਆ ਗਏ, ਉਹ ਕਹਿੰਦੇ ਬੇਟਾ ਬਜ਼ਾਰ ਵਿਚ ਇੰਜ ਅੱਖਾਂ ਨੂਟ ਕੇ ਕਿਉਂ ਚਲਦਾ ਪਿਆ ਹੈਂ? ਉਹ ਕਹਿੰਦਾ ਹੈ ਪਿਤਾ ਜੀ ਤੁਸੀਂ ਹੀ ਤੇ ਕਿਹਾ ਸੀ ਕਿ ਬਜ਼ਾਰ ਤੋਂ ਜਦੋਂ ਨਿਕਲੋ ਤਾਂ ਧਿਆਨ ਰੱਖਣਾ, ਦੁਕਾਨਦਾਰ ਅੱਖਾਂ ਵਿਚ ਧੂਲ ਝੋਕਦੇ ਹਨ। ਇਹ ਤੇ ਨਹੀਂ ਨਾ ਕਿਹਾ ਕਿ ਅੱਖਾਂ ਹੀ ਬੰਦ ਕਰ ਲਉ। ਅਸੀਂ ਸਾਰਿਆਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਉਹ ਜੀ ਇਹ ਸਾਰੀਆਂ ਧਾਰਮਕ ਗੱਲਾਂ ਹਨ ਇਹ ਸਭ ਢਕੋਸਲੇ ਹਨ, ਰਾਜਨੀਤੀ ਹੈ ਜੀ ਇਹ ਤੇ ਲੜ ਰਹੇ ਹਨ ਜੀ, ਆਦਿ। ਇਹ ਸਾਰੀਆਂ ਗੱਲਾਂ ਕਰਕੇ ਅਸੀਂ ਆਪਣੀਆਂ ਅੱਖਾ ਹੀ ਬੰਦ ਕੀਤੀਆਂ ਹੋਈਆਂ ਹਨ। ਆਪ ਪੜੀਏ, ਸਿੱਖੀਏ, ‘ਸੁਣਿਆ ਮੰਨਿਆ ਮਨ ਕੀਤਾ ਭਾਉ’ ਕਰੀਏ, ਸਾਡਾ ਜੀਵਨ ਬਦਲ ਸਕਦਾ ਹੈ। ਚਾਰੋ ਪਾਸੇ ਦੀ ਕਾਇਨਾਤ ਬਦਲ ਸਕਦੀ ਹੈ। ਪੂਰੀ ਸ੍ਰਿਸ਼ਟੀ ਬਦਲ ਸਕਦੀ ਹੈ। ਇਹ ਸਾਰਾ ਕੁਝ ਬਦਲ ਸਕਦਾ ਹੈ, ਨਿਰਾਸ਼ ਨਾ ਹੋਈਏ, ਜੋ ਕੁਝ ਚਾਰੋਂ ਪਾਸੇ ਹੋ ਰਿਹਾ ਹੈ ਉਸ ਦਾ ਅਸੀਂ ਰੌਲਾ ਨਹੀਂ ਪਾਉਣਾ, ਕਿਸੇ ਨੂੰ ਸਜ਼ਾ ਨਹੀਂ ਦੇ ਰਹੇ, ਸਰਕਾਰ, ਪੁਲਿਸ ਨੂੰ ਬੁਰਾ ਭਲਾ ਨਹੀਂ ਕਹਿ ਰਹੇ, ਰਾਜਨੀਤੀ ਨੂੰ ਬੁਰਾ ਭਲਾ ਨਹੀਂ ਕਹਿ ਰਹੇ, ਕਿਸੇ ਨੂੰ ਕੁਝ ਵੀ ਕੀਤੇ ਬਿਨਾ, ਮੈਂ ਆਪਣੀਆਂ 84 ਲਖ ਜੂਨਾਂ ਕੱਟਕੇ ਨਵਾ ਜਨਮ ਲੈਣਾ ਹੈ।

ਸਾਧਸੰਗਿ ਭਇਓ ਜਨਮੁ ਪਰਾਪਤਿ ॥ (176) ਲੈਣਾ ਹੈ। ਮੈਨੂੰ ਜਿਊ ਹੀ ਨਵਾ ਜਨਮ ਪਰਾਪਤ ਹੋਵੇਗਾ, ਬੰਧਨ ਛੁੱਟ ਗਏ। ਟੂਟੇ ਬੰਧਨ ਜਾਸੁ ਕੇ ਹੋਆ ਸਾਧੂ ਸੰਗੁ ॥ ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗੁ ॥ (252)

ਸੋ ਜਿਤਨਾ ਅਸੀਂ ਗੁਰਬਾਣੀ ਨੂੰ ਪੜ੍ਹਕੇ ਸਵੈ ਪੜਚੋਲ ਸਿੱਖਾਂਗੇ ਤਾਂ ਪਤਾ ਲੱਗੇਗਾ ਕਿ ਜੇਕਰ ਮਨ ਮੈਲਾ ਹੈ ਤਾਂ ਰੱਬੀ ਵਿਛੋੜਾ ਹੋ ਗਿਆ। ਮਨੁੱਖ ਦੇ ਮਨ ਵਿਚ ਬਥੇਰੇ ਐਸੇ ਅਉਗੁਣ ਹਨ ਜਿਨ੍ਹਾਂ ਕਰ ਕੇ ਰੱਬ ਨਾਲੋਂ ਦੂਰੀ ਵਧਦੀ ਜਾਂਦੀ ਹੈ। ਗੁਰਬਾਣੀ ਦਾ ਕਥਨ ਹੈ, ‘ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮਾੑਰੇ ਲੇਖੇ ॥’ (694) ਇਸ ਦਾ ਭਾਵ ਹੈ ਕਿ ਮੇਰਾ ਮਨ ਮੈਲਾ ਹੈ ਜੋ ਅਉਗਣਾ ਕਾਰਨ ਰੱਬੀ ਗੁਣਾਂ ਤੋਂ ਵਿਛੜਿਆ ਹੋਇਆ ਹੈ। ਸਿੱਟੇ ਵੱਜੋਂ ਜਾਨਵਰਾਂ ਵਰਗਾ ਕਿਰਦਾਰ ਬਣ ਗਿਆ ਹੈ।

ਆਉ ਵਿਚਾਰੀਏ ਕਿ ਕਿਵੇਂ ਅਸੀਂ ਵੱਖ-ਵੱਖ ਜੂਨਾਂ ਆਪਣੇ ਰੋਜ਼ਾਨਾ ਜ਼ਿੰਦਗੀ ਵਿਚ ਧਾਰਨ ਕਰਦੇ ਹਾਂ -

1. ਹਾਥੀ ਦੀ ਜੂਨ: ਸਮਾਜ ਵਿਚ ਵਧ ਰਹੇ ਜਬਰਜਨਾਹ ਦਾ ਕਾਰਨ ਇਹੀ ਹੈ ਕਿ ਮਨੁੱਖ ਦੇ ਅੰਦਰ ਹਾਥੀ ਦੀ ਕਾਮੀ ਬਿਰਤੀ ਆ ਗਈ ਹੈ। ਗੁਰਬਾਣੀ ਅਤੇ ਵਿਗਿਆਨਕਾਂ ਦੋਨਾਂ ਮੁਤਾਬਕ ਹਾਥੀ ਸਭ ਤੋਂ ਜ਼ਿਆਦਾ ਕਾਮੀ ਜਾਨਵਰ ਮੰਨਿਆ ਗਿਆ ਹੈ। ਗੁਰਬਾਣੀ ਦਾ ਫੁਰਮਾਨ ਹੈ - ਕਾਮ ਰੋਗਿ ਮੈਗਲੁ ਬਸਿ ਲੀਨਾ ॥ (1140) ‘ਮੈਗਲੁ’ ਹਾਥੀ ਨੂੰ ਕਹਿੰਦੇ ਹਨ।

ਇਕ ਹਾਥੀ ਦੇ ਇਲਾਕੇ ਵਿਚ ਜੇ ਕੋਈ ਦੂਜਾ ਹਾਥੀ ਆਵੇ ਤਾਂ ਉਸਨੂੰ ਆਪਣੀ ਤਾਕਤ ਦਾ ਸਬੂਤ ਦੇਣਾ ਪੈਂਦਾ ਹੈ ਤਾਂ ਹੀ ਉਹ ਉਸ ਇਲਾਕੇ ਵਿਚ ਰਹਿ ਸਕਦਾ ਹੈ। ਅੱਜ ਜੇ ਕੋਈ ਆਦਮੀ ਕਾਮ ਅਧੀਨ ਕਿਸੀ ਇਸਤਰੀ ਦੀ ਪੱਤ ਲੁੱਟਣ ਦੇ ਮਨਸੂਬੇ ਬਣਾਉਂਦਾ ਹੈ ਤਾਂ ਮਾਨੋ ਉਹ ਹਾਥੀ ਦੀ ਜੂਨ ਵਿਚ ਹੀ ਹੈ।

2. ਉੱਲੂ ਦੀ ਜੂਨ: ਅੱਜ-ਕਲ ਤੇ ਦੇਰੀ ਨਾਲ ਸੋਣ ਦਾ ਰਿਵਾਜ਼ ਹੈ। ਰਾਤ ਲੋਕੀ ਜਾਗਦੇ ਰਹਿੰਦੇ ਹਨ ਤੇ ਸਵੇਰੇ ਲੇਟ ਉੱਠਦੇ ਹਨ ਮਾਨੋ ਉੱਲੂ ਦੀ ਜੂਨ ਵਿਚ ਹਨ। ਇਸਨੂੰ ਕਹਿੰਦੇ ਹਨ - ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ ॥ (251)

3. ਕੁੱਤੇ ਦੀ ਜੂਨ: ਜੇ ਅਸੀਂ ਆਪਣੀ ਗਲਤੀ ਪਤਾ ਹੁੰਦੇ ਹੋਏ ਵੀ ਨਾ ਸੁਧਾਰੀਏ ਤਾਂ ਸਾਡੀ ਬਿਰਤੀ ਇੰਜ ਹੈ ਜਿਵੇਂ ਕੁੱਤੇ ਦੀ ਪੂੰਛਲ। ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ (633)

ਦੁਨਿਆਵੀ ਕਾਮਯਾਬੀ ਤੇ ਧਨ ਪਦਾਰਥਾਂ ਦੀ ਪ੍ਰਾਪਤੀ ਲਈ ਕਿਸੇ ਨੂੰ ਵੀ ਮਾਈ-ਬਾਪ ਬਣਾਕੇ ਆਪਣਾ ਮਤਲਬ ਕਢ ਲੈਂਣਾ ਲਾਲਚੀ ਕੁੱਤੇ ਦੀ ਨਿਆਈ ਹੈ -

ਸਾਕਤ ਸੁਆਨ ਕਹੀਅਹਿ ਬਹੁ ਲੋਭੀ ਬਹੁ ਦੁਰਮਤਿ ਮੈਲੁ ਭਰੀਜੈ ॥ (1326) ਅਤੇ ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਾਰੇ ॥ (983)

ਕੁੱਤਾ ਜਦੋਂ ਪਾਗਲ ਹੋ ਜਾਏ ਤਾਂ ਆਪਣੇ ਮਾਲਕ ਦੇ ਵਫਾਦਾਰ ਨਹੀਂ ਰਹਿੰਦਾ ਕਿਉਂਕਿ ਪਾਗਲ ਕੁੱਤਾ ਮਾਲਕ ਨੂੰ ਵੀ ਕੱਟ ਲੈਂਦਾ ਹੈ। ਇਸੇ ਨੂੰ ਸੁਆਨੁ ਹਲਕੁ ਕਹਿੰਦੇ ਹਨ। ਜੇ ਮਨੁੱਖ ਆਪਣੇ ਅੰਦਰ ਵੱਸਦੇ ਰੱਬ (ਮਾਲਕ) ਦਾ ਵਫਾਦਾਰ ਨਾ ਹੋਵੇ ਤਾਂ ਮਾਨੋ ਹਲਕਾਏ ਕੁੱਤੇ ਵਾਂਗੂੰ ਸੁਭਾ ਬਣ ਗਿਆ ਹੈ। ਪਰ ਜੇ ਮਾਲਕ ਦਾ ਵਫਾਦਾਰ ਹੋ ਜਾਉ ਤਾਂ ਪਾਗਲ-ਕੁੱਤੇ ਦਾ ਸੁਭਾ ਠੀਕ ਹੋ ਜਾਂਦਾ ਹੈ - ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ ॥ ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ ॥ (1428)

4. ਸੱਪ ਦੀ ਜੂਨ: ਜੇ ਅਸੀਂ ਦੂਜਿਆਂ ਲਈ ਜ਼ਹਿਰ ਘੋਲਦੇ ਹਾਂ, ਦੂਜਿਆਂ ਦਾ ਵਿਗਾੜ ਕਰਨ ਬਾਰੇ ਸੋਚਦੇ ਹਾਂ ਤਾਂ ਮਾਨੋ ਸੱਪ ਦੀ ਜੂਨ ਵਿਚ ਹੀ ਹਾਂ। ਸੱਪ ਡਰ ਦੇ ਮਾਰੇ ਕੁੰਡਲੀ ਮਾਰਕੇ ਆਪਣਾ ਸਿਰ ਕੁੰਡਲੀ ਮਾਰਕੇ ਲੁਕਾ ਕੇ ਰੱਖਦਾ ਹੈ। ਇਸੇ ਤਰ੍ਹਾਂ ਜੇ ਮਨੁੱਖ ਵਿਗਾੜ ਕਰਨ ਦੀ ਬਿਰਤੀ ਰੱਖੇ ਪਰ ਉਸਨੂੰ ਜ਼ਾਹਰ ਨਾ ਹੋਣ ਦੇਵੇ ਤਾਂ ਉਹ ਸੱਪ ਵਾਂਗੂੰ ਆਪਣਾ ਸਿਰ ਛੁਪਾ ਕੇ ਰੱਖਣ ਦੇ ਤੁਲ ਹੈ। ਜਿਵੇਂ ਸੱਪ ਬਾਹਰੋਂ ਆਪਣੀ ਪਤਲੀ ਖਲੜੀ ਤਾਂ ਬਦਲ ਲੈਂਦਾ ਹੈ ਪਰ ਵਿਸ਼ ਨਹੀਂ ਛੱਡਦਾ। ਸੱਪ ਵਾਂਗੂੰ ਅਸੀਂ ਬਾਹਰੋਂ ਵੇਸ ਤਾਂ ਬਦਲ ਲੈਂਦੇ ਹਾਂ ਪਰ ਅੰਦਰੋਂ ਈਰਖਾ ਦਾ ਜ਼ਹਿਰ ਨਹੀਂ ਛੱਡਦੇ। ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ॥ (485)

ਵੀਰ ਭੁਪਿੰਦਰ ਸਿੰਘ




.