.

ਮਿਲਨ ਕੀ ਬਰੀਆ (ਭਾਗ 3)

ਇਹ ਇਕ ਸਮਾਜਕ ਸੋਚ ਹੈ ਕਿ ਚੰਗੇ ਕਰਮ ਕੀਤੇ ਤਾਂ ਮਨੁੱਖਾ ਜੂਨ ਮਿਲੀ। ਇਸ ਤੋਂ ਇਕ ਸਵਾਲ ਪੈਦਾ ਹੁੰਦਾ ਹੈ ਕਿ ਕੁੱਤੇ ਨੇ ਕੀ ਚੰਗਾ ਕੀਤਾ ਕਿ ਜੋ ਉਸਨੂੰ ਸੁੱਖ ਆਰਾਮ ਮਿਲੇ! ਕੁੱਤੇ ਨੇ ਕੀ ਕੀਤਾ ਕਿ ਉਸਨੂੰ ਸੁਖ ਅਰਾਮ ਤਾਂ ਮਿਲਿਆ ਪਰ ਮਨੁੱਖਾ ਜੀਵਨ ਨਾ ਮਿਲਿਆ? ਕੁੱਤੇ ਨੇ ਕੀ ਗਲਤ ਕੀਤਾ ਜੋ ਉਸਨੂੰ ਮਨੁੱਖਾ ਜੀਵਨ ਨਹੀਂ ਮਿਲਿਆ? ਮਨੁੱਖ ਨੇ ਐਸਾ ਕੀ ਮਾੜਾ ਕੀਤਾ ਕਿ ਮਨੁੱਖਾ ਦੇਹੀ ਤੇ ਮਿਲੀ ਪਰ ਕੁੱਤੇ ਵਾਲੇ ਸੁਖ ਆਰਾਮ ਨਾ ਮਿਲੇ? ਅੱਜ ਦੁਕਾਨਾਂ ਅੰਦਰ ਜ਼ਿਆਦਾ ਸਮਾਨ ਜਾਨਵਰਾਂ ਦੇ ਖਾਣ-ਪੀਣ ਦਾ ਮਿਲਦਾ ਹੈ। ਮਨੁੱਖ ਭੁੱਖੇ ਮਰ ਰਹੇ ਹਨ, ਇਸ ਦਾ ਇਹ ਮਤਲਬ ਨਹੀਂ ਕਿ ਜਾਨਵਰਾਂ ਨੂੰ ਖੁਆਣਾ ਨਹੀਂ! ਉਨ੍ਹਾਂ ਦਾ ਧਿਆਨ ਨਹੀਂ ਰੱਖਣਾ! ਜਾਨਵਰਾਂ ਦੇ ਖਿਲਾਫ ਕੋਈ ਗਲ ਨਹੀਂ ਕੀਤੀ ਜਾ ਰਹੀ। ਸਾਡੇ ਐਸੇ ਸਮਾਜ ਨੂੰ ਧਿਰਕਾਰ ਹੈ ਜੋ ਕੁੱਤੇ ਨੂੰ ਤੇ ਵਧੀਆ ਘਰਾਂ ਵਿਚ ਵਧੀਆ ਪਲੰਘ, ਵਧੀਆ ਭੋਜਨ ਦੇਣ ਦੇ ਜੋਗ ਹੋ ਗਿਆ ਹੈ ਪਰ ਉਨ੍ਹਾਂ ਵਿਚਾਰੇ ਪੱਛੜੇ ਮਨੁੱਖਾਂ ਨੂੰ ਸੜਕਾਂ ਦੇ ਕਿਨਾਰੇ ਗੰਦਗੀ ਵਿਚ ਸੋਂਦੇ ਹਨ। ਜਿਹੜੇ ਕੁੱਤੇ ਦੀ ਜੂਨ ਤੋਂ ਵੀ ਘਟੀਆ ਜੀਵਨ ਜੀਅ ਰਹੇ ਹਨ ਉਹ ਸਾਨੂੰ ਕਿਉਂ ਨਹੀਂ ਨਜ਼ਰ ਆਉਂਦੇ।

ਕੁੱਤੇ ਨੇ ਕੀ ਕੀਤਾ ਕਿ ਆਰਾਮ ਸੁਖ ਤੇ ਮਿਲੇ ਪਰ ਮਨੁੱਖਾ ਦੇਹੀ ਨਹੀਂ ਮਿਲੀ ਪਰ ਮਨੁੱਖ ਨੇ ਕੀ ਮਾੜਾ ਕੀਤਾ ਕਿ ਉਸਨੇ ਮਨੁੱਖਾ ਦੇਹੀ ਤੇ ਮਿਲੀ ਪਰ ਕੱਤੇ ਵਾਲੇ ਸੁਖ ਆਰਾਮ ਨਾ ਮਿਲੇ। ਸਵਾਲ ਉਠਦਾ ਹੈ ਕਿ ਕੁੱਤਾ ਚੂਕ ਗਿਆ ਕਿ ਮਨੁੱਖ ਕਿਧਰੇ ਚੂਕ ਗਿਆ। ਸਾਧਸੰਗਤ ਜੀ ਇਸ ਬਾਰੇ ਜ਼ਰਾ ਸੋਚੋ ਇਹ ਸਾਨੂੰ ਜਗਾਣ ਲਈ ਸੁਨੇਹਾ ਹੈ।

ਕਿਹਾ ਜਾਂਦਾ ਹੈ ਕਿ ਅਸੀਂ ਪਿਛਲੇ ਜਨਮ ਵਿਚ ਕੁਝ ਮਾੜੇ ਕਰਮ ਕੀਤੇ ਸੀ ਉਸ ਦਾ ਇੱਥੇ ਦੁਖ ਭੋਗ ਰਹੇ ਹਾਂ। ਜਦੋਂ ਮੈਂ ਮਾੜੇ ਕਰਮ ਕੀਤੇ ਸੀ ਤਾਂ ਮੈਨੂੰ 84 ਲਖ ਜੂਨਾਂ ਵਿਚ ਘੁਮਾ ਦਿੱਤਾ। ਅਤੇ ਮੈਂ ਸਾਰਾ ਚੱਕਰ ਕੱਟ ਕੇ ਆਇਆ। ਪਰ ਜੋ ਮੈਂ ਮਾੜੇ ਕਰਮ ਕੀਤੇ ਉਸ ਕਾਰਨ ਹੀ ਮੈਨੂੰ 84 ਲੱਖ ਜੂਨਾਂ ਵਿਚ ਪਾਇਆ ਗਿਆ! ਕਿਸੇ ਨੂੰ ਵੀ ਕਿਹਾ ਜਾਏ ਕਿ ਤੁਸੀਂ ਇਹ ਕਸੂਰ ਕੀਤਾ ਹੈ ਤੇ ਤੁਹਾਨੂੰ ਸਜ਼ਾ ਮਿਲੇਗੀ। ਜਦੋਂ ਉਹ ਛੁੱਟ ਜਾਂਦਾ ਹੈ ਤਾਂ ਉਸਦਾ ਲੇਖਾ-ਜੋਖਾ ਮੁੱਕ ਜਾਂਦਾ ਹੈ। ਉਸ ਤੋਂ ਬਾਅਦ ਤੇ ਉਹ ਬਾ-ਇਜ਼ਤ ਬਰੀ ਹੋਕੇ ਬਾਹਰ ਆ ਜਾਂਦਾ ਹੈ। ਪਰ ਇਹ ਕੀ ਹੋਇਆ ਕਿ ਮੈਂ 84 ਲੱਖ ਜੂਨ ਕੱਟ ਕੇ ਆਇਆ ਹੁਣ ਇੱਥੇ ਮੈਂ ਕਿਹੜੇ ਦੁਖ ਭੋਗ ਰਿਹਾ ਹਾਂ? ਮੈਨੂੰ ਤੇ ਇਹ ਕਿਹਾ ਗਿਆ ਸੀ ਕਿ ਤੁਸੀਂ ਇਹ ਕਸੂਰ ਕਰੋਗੇ ਤਾਂ ਇਹ ਜਾਨਵਰ ਬਣ ਜਾਉਗੇ। ਤੇ ਮੈਂ ਸਾਰਾ ਉਹ ਬਣਕੇ ਆ ਗਿਆ ਹਾਂ। ਸਾਰੀ ਸਜ਼ਾ ਭੋਗ ਆਇਆ ਭੋਗਣ ਤੋਂ ਬਾਅਦ ਹੁਣ ਕਿਹੜੇ ਚੰਗੇ ਕਰਮ ਕੀਤੇ ਕਿ ਮਨੁੱਖਾ ਦੇਹੀ ਮਿਲੀ। ਪਰ ਜੇ ਮਿਲੀ ਤੇ ਇਹ ਕੈਸਾ ਜੀਵਨ ਮਿਲਿਆ ਕਿ ਕੁੱਤੇ ਤੋਂ ਬੱਤਰ ਜ਼ਿੰਦਗੀ ਮਿਲੀ। ਇਸਦਾ ਮਤਲਬ ਇਹ ਹੋਇਆ ਕਿ ਮੈਨੂੰ ਆਪਣੀ ਵਰਤਮਾਨ ਜੀਵਨ ਬਾਰੇ ਸੋਚਣਾ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਪਿਛਲਾ ਜਾਂ ਅਗਲਾ ਜਨਮ ਨਹੀਂ ਹੁੰਦਾ। ਪਰ ਅੱਜ ਜਿਹੜੀਆਂ ਜੂਨਾਂ ਭੋਗ ਰਿਹਾ ਹਾਂ ਉਨ੍ਹਾਂ ਤੋਂ ਮੈਂ ਛੁੱਟ ਸਕਦਾ ਹਾਂ।

ਜੋ ਇਸ ਗਲ ਨੂੰ ਬੁੱਝ ਲੈਂਦਾ ਹੈ ਉਹ ਇਸ ਸੱਚ ਨੂੰ ਸਮਝਕੇ ਅੱਜ ਜਿਹੜਾ ਆਵਾਗਵਨ ਹੋ ਰਿਹਾ ਹੈ, ਪਲ-ਪਲ ਉਸਤੋਂ ਛੁੱਟ ਜਾਂਦਾ ਹੈ। ਇਸ ਪ੍ਰਸੰਗ ਨੂੰ ਛੁੜਾ ਸਕਦਾ ਹੈ ਪਰ ਇਸ ਲਈ ਸਤਿਗੁਰ ਦੀ ਮਤ ਦਾ ਬਲ ਲੈਣਾ ਪਏਗਾ। ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥ (1429) ਇਹ ਸਾਰੇ ਅਵਗੁਣਾਂ ਰੂਪੀ ਜਾਨਵਰਾਂ ਦੇ ਬੰਧਨ ਪੈ ਜਾਣਗੇ। ‘ਬਲੁ’ ਲੈਣਾ ਪਏਗਾ। ‘ਬਲੁ’ ਭਾਵ ਸਤਿਗੁਰ ਦੀ ਮਤ ਲੈਣੀ ਪਏਗੀ। ਸਤਿਗੁਰ ਦੀ ਮਤ ਲੈਣਾ ਹੀ ‘ਮਿਲੁ ਜਗਦੀਸ ਮਿਲਨ ਕੀ ਬਰੀਆ ॥’ ਹੈ। ਸਤਿਗੁਰ ਦੀ ਮਤ ਲੈਕੇ ਹੀ ‘ਚਿਰੰਕਾਲ ਇਹ ਦੇਹ ਸੰਜਰੀਆ’, ਚੰਗੇ-ਚੰਗੇ ਗੁਣ ਸੰਚਿਤ ਕਰਕੇ ਇੱਕ-ਇੱਕ ਗੁਣ ਨੂੰ ਕਮਾਂਦੇ ਰਹਿਣਾ, ਉਸਦੇ ਨਾਲ ਜਿਊਂਦੇ ਰਹਿਣਾ। ਇਹ ਵਾਲੀ ‘ਦੇਹ ਸੰਜਰੀਆ’ ਸਿੱਖ ਰਹੇ ਹਾਂ। ਇਹ ਦੇਹ ਸੰਜਰੀਆ ਜਦੋਂ ਬਣ ਜਾਂਦੀ ਹੈ, ਤਾਂ ਇਸਨੂੰ ਕਹਿੰਦੇ ਹਨ - ਤੂਟੇ ਬੰਧਨ ਸਾਧਸੰਗੁ ਪਾਇਆ ॥ ਕਹੁ ਨਾਨਕ ਗੁਰਿ ਰੋਗੁ ਮਿਟਾਇਆ ॥ (1141)

ਅਸੀਂ ‘ਨਵਾ ਜਨਮ’ ਸੈਮੀਨਾਰ ਵਿਚ ਸ਼ਬਦ ਰਾਜਾ ਰਾਮ ਕਕਰੀਆ ਬਰੇ ਪਕਾਏ ॥ (477) ਦੀ ਵਿਚਾਰ ਸਾਂਝ ਕੀਤੀ ਸੀ। ਉਸ ਵਿਚ ਕਈ ਤਰ੍ਹਾਂ ਦੇ ਜਾਨਵਰਾਂ ਬਾਰੇ ਅਸੀਂ ਸਮਝਿਆ ਸੀ। ਇਹ ਲੇਖ ਉਸੇ ਦਾ ਦੂਜਾ ਭਾਗ ਸਮਝ ਲਉ। ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੇ, ਮੇਰੀ ਹਾਥੀ, ਬੈਲ ਅਤੇ ਕਾਂ ਬਿਰਤੀ ਠੀਕ ਹੋ ਗਈ। ਇਵੇਂ ਕਾਂ-ਕਾਂ ਕਰਦੇ ਰਹਿਣਾ, ਕਊਆ ਤਾਲ ਬਜਾਵੈ, ਰਾਗ ਵਿਚ ਆ ਗਿਆ, ਹੁਣ ਫਾਲਤੂ ਦੀ ਕਾਂ-ਕਾਂ ਨਹੀਂ ਕਰਦਾ ਹੈ - ਖਿਨ ਮਹਿ ਨੀਚ ਕੀਟ ਕਉ ਰਾਜ ॥ (277) ਮੇਰਾ ਜਿਹੜਾ ਕੀੜਾਪੁਣਾ ਸੀ ਇਸਨੂੰ ਰਾਜ ਦੇ ਦਿੱਤਾ। ‘ਨੀਚ ਕੀਟ ਤੇ ਕਰਹਿ ਰਾਜੰਗਾ’ (824) ਰਾਜ ਦੇ ਦਿੱਤਾ, ਮਨ ਦਾ ਨਿਹਚਲ ਰਾਜ ਦੇ ਦਿੱਤਾ। ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ ॥ (968) ਮੈਨੂੰ ਸਹਿਜ-ਸੰਤੋਖ ਦੇ ਦਿੱਤਾ, ਮੇਰੇ ਮਨ ਦਾ ਘੋੜਾ ਹੁਣ ਡਿਗਦਾ ਨਹੀਂ ਹੈ। ਇੱਧਰ ਉੱਧਰ ਭਟਕਦਾ ਨਹੀਂ ਹੈ। ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ ॥ (477) ਮੇਰਾ ਜਿਹੜਾ ਗਧਾ ਸੀ ਨਾ ਇਸਨੂੰ ਵੀ ਰਿਜ਼ਕ ਦੇ ਦਿੱਤਾ, ਇਸ ਨੇ ਵੀ ਸਤਿਗੁਰ ਦੀ ਮਤ ਦਾ ਚੋਲਾ ਪਾ ਲਿਆ, ਗਧਾ ਬਦਲ ਗਿਆ। ਇਕ ਥਾਂ ਗੁਰਬਾਣੀ ਵਿਚ ਕਹਿੰਦੇ ਹਨ, ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ ॥ ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ ॥ (516) ਮੇਰੇ ਮਨ ਹਾਥੀ ਨੂੰ ਸਤਿਗੁਰੂ ਦੀ ਮਤ ਦਾ ਅੰਕੁਸ਼ ਲਗਾ ਕੇ ਇਸਨੂੰ ਕੰਟਰੋਲ ਕਰ ਲਿਆ ਗਿਆ। ਜਿਸ ਦਾ ਮਨ ਹਾਥੀ ਕੰਟਰੋਲ ਕਰ ਲਿਆ ਜਾਂਦਾ ਹੈ ਉਹ ਮਨੁੱਖ ਕਿਸੇ ਥਾਂ ਤੇ ਵੀ ਕਿਸੇ ਦੀ ਪੱਤ ਨਹੀਂ ਲੁਟਦਾ ਹੈ, ਜਬਰਜਨਾਹ ਨਹੀਂ ਕਰਦਾ। ਇਹ ਹਾਥੀ ਬਿਰਤੀ ਤੋਂ ਛੁੱਟ ਗਿਆ।

ਇਕ ਵਾਰੀ ਇਹ ਸਾਂਝ ਕੀਤੀ ਸੀ, ਫਰਜ਼ ਕਰੋ, ਬਚਪਨ ਵਿਚ ਮੇਰਾ ਇਕ ਮਿੱਤਰ ਸੀ ਮੁੱਨਾ। ਉਹ ਨੌ ਸਾਲਾਂ ਦਾ ਸੀ ਤੇ ਮੈਂ ਗਿਆਰਾਂ ਸਾਲਾਂ ਦਾ ਸੀ। ਮੁੱਨਾ ਜਦੋਂ ਮੈਨੂੰ ਬੁਲਾਣ ਆਵੇ ਮੈਂ ਆਪਣਾ ਸਾਰਾ ਸਕੂਲ ਦਾ ਕੰਮ ਛੱਡਕੇ ਉਸ ਨਾਲ ਖੇਡਣ ਚਲਾ ਜਾਂਦਾ ਸੀ। ਮੇਰਾ ਕੰਮ ਰਹਿ ਜਾਂਦਾ ਸੀ। ਮੇਰੇ ਮਾਤਾ ਜੀ ਮੈਨੂੰ ਹਰ-ਰੋਜ਼ ਸਮਝਾਂਦੇ ਸਨ ਕਿ ਤੂੰ ਇਵੇਂ ਉਸਦੇ ਪਿੱਛੇ ਨਾ ਜਾਇਆ ਕਰ। ਇਕ ਦਿਨ ਮੈਨੂੰ ਸਮਝ ਆ ਗਈ। ਜਦੋਂ ਮੈਂ ਮੁੱਨਾ ਦੇ ਘਰ ਗਿਆ, ਮੈਂ ਅਵਾਜ਼ ਦਿੱਤੀ... ਮੁੱਨਾ ਅੰਦਰੋਂ ਆਇਆ ਤੇ ਹੋਲੀ ਜਿਹਾ ਕਹਿੰਦਾ ਹੈ ਕਿ ਮੇਰੇ ਪਿਤਾ ਜੀ ਘਰ ਹਨ, ਬਹੁਤ ਗੁੱਸਾ ਕਰ ਰਹੇ ਹਨ। ਉਸਨੇ ਮੈਨੂੰ ਵਾਪਸ ਭੇਜ ਦਿੱਤਾ। ਮੈਂ ਬਹੁਤ ਹੈਰਾਨ ਹੋਇਆ ਕਿ ਉਸਨੇ ਤਾਂ ਆਪਣੇ ਪਿਤਾ ਜੀ ਦਾ ਕਹਿਣਾ ਮੰਨ ਲਿਆ। ਪਰ ਮੈਂ ਤੇ ਆਪਣੇ ਬੀਜੀ ਦਾ ਕਹਿਣਾ ਨਹੀਂ ਮੰਨਦਾ ਸੀ। ਇਸ ਗਲ ਨੂੰ ਮੈਂ ਇੰਜ ਬਣਾਇਆ। ਮੈਂ ਕੰਮ ਵਿਚ ਵਿਅਸਤ ਹਾਂ, ਇਹ ਬਾਹਰੋਂ ਮੈਨੂੰ ਹਾਥੀ ਸਤਾ ਰਿਹਾ ਹੈ, ਕ੍ਰੋਧ, ਲੋਭ ਆਦਿ ਸਾਰੇ ਸਤਾ ਰਹੇ ਹਨ, ਤ੍ਰਿਸ਼ਨਾ, ਨਿੰਦਾ-ਚੁਗਲੀ ਸਤਾ ਰਹੀ ਹੈ। ਇਹ ਸਾਰੇ ਜਾਨਵਰ ਪਸ਼ੂ ਪੰਛੀ ਬਾਹਰ ਖੜੇ ਹਨ। ਮੈਨੂੰ ਅਵਾਜ਼ ਲਗਾ ਰਹੇ ਹਨ, ਪਰ ਮੈਂ ਆਪਣੇ ਕੰਮ ਵਿਚ ਵਿਅਸਤ ਹਾਂ। ਮੈਨੂੰ ਤਹਾਡੀ ਅਵਾਜ਼ ਸੁਣਾਈ ਹੀ ਨਹੀਂ ਦੇ ਰਹੀ। ਕਿਉਂਕਿ ਮੈਂ ਆਪਣੇ ਜਗਦੀਸ਼ (ਰੱਬ) ਪਿਤਾ ਜੀ ਕੋਲ ਬੈਠਾ ਹਾਂ। ਜਿਵੇਂ ਮੁੱਨਾ ਬੋਲਿਆ ਸੀ। ਮੈਂ ਹੁਣੇ ਆਪਣੇ ਕੰਮ ਵਿਚ ਵਿਅਸਤ ਹਾਂ।

ਜਿਹੜਾ ਫੋਕਸ ਹੋ ਜਾਂਦਾ ਹੈ, ਜਿਹੜਾ ਆਪਣੇ ਆਪ ਨੂੰ ਸਾਧ ਲੈਂਦਾ ਹੈ, ਉਹ ਫਿਰ ਲਾਭਦਾਇਕ ਤੇ ਉਸਾਰੂ ਕੰਮ ਕਰਦਾ ਹੈ, ਦੂਜਿਆਂ ਲਈ ਜਿਊਂਦਾ ਹੈ। ਉਸਾਰੂ ਕੰਮਾਂ ਵਿਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਵਿਅਸਤ ਕਰ ਲੈਂਦਾ ਹੈ ਉਸਤੇ ਇਹ ਸਾਰੇ ਜਾਨਵਰ ਹਾਵੀ ਨਹੀਂ ਹੁੰਦੇ ਉਸਨੂੰ ਕ੍ਰੋਧ ਨਹੀਂ ਸਤਾਉਂਦਾ। ਉਸਨੂੰ ਲੋਭ ਨਹੀਂ ਸਤਾਉਂਦਾ, ਉਹ ਭਾਵੇਂ ਬੁਲਾਈ ਜਾਣ। ਸਾਰਿਆਂ ਦੀ ਗਲਤ ਗੇਂਦ ਹੈ, ਸਾਰੇ ਠੀਕ ਬਾਲ ਨਹੀਂ ਸੁਟ ਰਹੇ, ਇਸ ਲਈ ਮੈਂ ਇਨ੍ਹਾਂ ਦੀ ਨੋ ਬਾਲ ਖੇਡਣੀ ਹੀ ਨਹੀਂ।

ਆਪਣੀ ਇਸ ਅਵਸਥਾ ਤੋਂ ਛੁੱਟਣ ਲਈ, ਇਸ ਵਿਚਾਰ ਰਾਹੀਂ ਮੈਂ ਸਮਝਾਂ ਕਿ ਮੇਰੀ ਇਹ ਬਰੀਆ ਹੈ, ਧਰਮ ਸਾਮ੍ਹਣੇ ਖੜਾ ਹੈ, ਮੈਨੂੰ ਸੁਨੇਹਾ ਦੇ ਰਿਹਾ ਹੈ, ਮੈਨੂੰ ਸੰਦੇਸ਼ ਦੇ ਰਿਹਾ ਹੈ ਕਿ ਚੰਗੇ ਗੁਣ ਸੰਚਿਤ ਕਰ ਲੈ। ਮੈਂ ਜਾਨਵਰਾਂ, ਜੀਅ-ਜੰਤਾਂ ਵਾਲੇ ਔਗੁਣ ਇੱਕਠੇ ਕਰ ਲਏ ਪਰ ਇਹ ਜਾਨਵਰ ਜੀਅ-ਜੰਤ ਭੈੜੇ ਨਹੀਂ ਹਨ। ਇਨ੍ਹਾਂ ਨੂੰ ਮੈਂ ਸੱਚ ਦਾ ਰਿਜ਼ਕ ਦੇਣਾ ਸੀ, ਭਾਵ ਮਨ ਨੂੰ ਰਿਜ਼ਕ ਦਿੱਤਾ ਅਤੇ ਮੇਰਾ ਮਨ ਜਦੋਂ ਠੀਕ ਹੋ ਗਿਆ ਤਾ ਸਾਰੇ ਮੇਰੇ ਜੀਅ-ਜੰਤ ਠੀਕ ਹੋ ਗਏ। ਇਹ ਕੇਵਲ ਸਿੱਖਾਂ ਲਈ ਸੁਨੇਹਾ ਨਹੀਂ ਹੈ। ਇਹ ਦੁਨੀਆ ਦੇ ਹਰ ਮਨੁੱਖ ਤੇ ਇੰਜ ਵਾਪਰਦਾ ਹੈ ਤੇ ਇਸ ਦਾ ਜਿਹੜਾ ਉਪਾਅ ਗੁਰਬਾਣੀ ਵਿਚ ਦਸਿਆ ਗਿਆ ਹੈ ਉਹ ਹਰ ਮਨੁੱਖ ਲਈ ਸਾਂਝਾ ਹੈ। ਧਰਮ ਇਹ ਸਿਖਾਉਂਦਾ ਹੈ ਕਿ ਤੂੰ ਚੰਗੇ ਗੁਣ ਲੈ ਲੈ ਨਹੀਂ ਤਾਂ ਜਿਊਂਦੇ ਜੀਅ ਹਾਥੀ, ਬਿੱਲੀ, ਕੁੱਤੇ ਆਦਿ ਦੀ ਜੂਨਾਂ ਵਿਚ ਪੈ ਜਾਏਂਗਾ।

ਅਸੀਂ ਅਮਲੀ ਤੋਰ ਤੇ ਧਰਮੀ ਜੀਵਨ ਕਿਵੇਂ ਜਿਊਣਾ ਹੈ ਇਹ ਗਲ ਸਾਂਝ ਕਰ ਰਹੇ ਹਾਂ। ਜਨਵਰ ਇਕ ਦੂਜੇ ਦੀ ਮਦਦ ਨਾ ਕਰ ਸਕਦੇ ਹੋਣ ਉਨ੍ਹਾਂ ਨੂੰ ਸ਼ਾਇਦ ਇਤਨੀ ਅੱਕਲ ਹੈ ਜਾਂ ਨਹੀਂ ਹੈ ਪਤਾ ਨਹੀਂ ਪਰ ਸਾਨੂੰ ਇਹ ਸਾਰੀ ਅਕੱਲ ਹੁੰਦਿਆ ਹੋਇਆ ਵੀ ਅਸੀਂ ਅੱਖਾਂ ਬੰਦ ਕਰਕੇ ਕਿਉਂ ਬੈਠੇ ਹਾਂ? ਦੂਜਿਆਂ ਲਈ ਜਿਊਣਾ ਹੀ ਧਰਮ ਹੈ। ਇਹੀ ਧਾਰਮਿਕਤਾ ਹੈ। ਇਹੀ 84 ਜੂਨਾਂ ਤੋਂ ਛੁੱਟਣ ਵਾਲੀ ਜੀਵਨੀ ਹੈ। ‘ਮਿਲ ਜਗਦੀਸ ਮਿਲਨ ਕੀ ਬਰੀਆ’। ਤੈਨੂੰ ਧਰਮ ਦਸਿਆ ਗਿਆ ਹੈ, ਤੂੰ ਇਸ ਵਿਚੋਂ ਰੱਬੀ ਗੁਣ ਸਿੱਖ ਲੈ। ਰੱਬੀ ਗੁਣ ਸਿਖਣਾ ਦੁਰਲਭ ਦੇਹ ਸੰਵਾਰਨਾ ‘ਦੇਹ ਸੰਜਰੀਆ’ ਕਹਿਲਾਉਂਦਾ ਹੈ। ਚੰਗੇ ਗੁਣਾ ਨੂੰ ਇੱਕਠਾ ਕਰਨਾ ਕਹਿਲਾਉਂਦਾ ਹੈ। ਤੂੰ ਬੜੀ ਦੇਰ ਤੋਂ ਇਸਨੂੰ ਨਕਾਰਿਆ ਹੋਇਆ ਸੀ, ਹੁਣ ਤੂੰ ਹੌਲੀ-ਹੌਲੀ ਸਾਰੇ ਚੰਗੇ ਗੁਣ ਸਿੱਖ ਲੈ। ਇਸਨੂੰ ਧਾਰਨ ਕਰ ਲੈ - ‘ਚਿਰੰਕਾਲ ਇਹ ਦੇਹ ਸੰਜਰੀਆ’ ਮਹਿਸੂਸ ਹੋ ਰਿਹਾ ਹੈ ਕਿ ਮੈਂ ਕੀਟ ਪਤੰਗਾ, ਗਜ ਮੀਨ ਕੁਰੰਗਾ ਹਾਂ ਅਤੇ ਪੰਖੀ, ਸਰਪ ਵਾਲਾ ਜੀਵਨ ਜੀਅ ਰਿਹਾ ਹਾਂ। ਮੈਨੂੰ ਸਾਧ ਸੰਗ ਪ੍ਰਾਪਤ ਹੋਇਆ। ਧਰਮ ਦੀ ਗਲ ਨੂੰ ਸਾਧ ਸੰਗ ਕਹਿੰਦੇ ਹਨ। ਧਰਮ ਦੀ ਗਲ ਜੇ ਸੁਣ ਲਵੋ, ਤਾਂ ਉਹ ਅਮਲੀ ਜੀਵਨ ਵਿਚ ਜੀਅ ਸਕਦੇ ਹਾਂ, ਨਹੀਂ ਤਾਂ ਭੁਲੇਖਾ ਪੈ ਜਾਂਦਾ ਹੈ।

ਵੀਰ ਭੁਪਿੰਦਰ ਸਿੰਘ
.