.

ਬੱਚੇ ਮਾਤਾ ਪਿਤਾ ਦਾ ਕਹਿਣਾ ਕਿਉਂ ਨਹੀਂ ਮੰਨਦੇ ਹਨ? (ਭਾਗ ੧)

ਕੀ ਅਸੀਂ ਆਪਣੇ ਗੁਰਦੇਵ ਮਾਤਾ ਗੁਰਦੇਵ ਪਿਤਾ ਦਾ ਕਹਿਣਾ ਮੰਨਦੇ ਹਾਂ

Why children do not listen to the parents? (Part 1)

Do we obey our Gurdev Father and Gurdev Mother?

ਅੱਜਕਲ ਦੀ ਇਹ ਆਮ ਸਮੱਸਿਆ ਹੈ ਕਿ ਬੱਚੇ ਅਕਸਰ ਆਪਣੇ ਮਾਤਾ ਪਿਤਾ ਦਾ ਕਹਿਣਾ ਨਹੀਂ ਮੰਨਦੇ ਹਨ। ਆਪਸੀ ਵਿਚਾਰਾਂ ਵਿੱਚ ਭਿੰਨਤਾ, ਰਹਿਣੀ ਬਹਿਣੀ, ਖਾਣ ਪੀਣ, ਮਨੋਰੰਜਨ ਦੇ ਸਾਧਨ, ਮਿਹਨਤ ਕਰਨ ਦੇ ਤਰੀਕੇ, ਕਿਨ੍ਹਾਂ ਨਾਲ ਮੇਲਜੋਲ ਰੱਖਣਾ, ਆਦਿ ਬਹੁਤ ਸਾਰੇ ਵਿਸ਼ੇ ਹਨ, ਜਿਨ੍ਹਾਂ ਕਰਕੇ ਪਰਿਵਾਰਾਂ ਅੰਦਰ ਅਕਸਰ ਅਸਹਿਮਤੀ ਵੇਖਣ ਵਿੱਚ ਮਿਲਦੀ ਹੈ। ਕਈ ਐਸੇ ਕਾਰਨ ਹਨ, ਜੋ ਕਿ ਬਾਹਰੀ ਵਾਤਾਵਰਨ ਨਾਲ ਪ੍ਰਭਾਵਿਤ ਹੁੰਦੇ ਹਨ, ਜਿਨ੍ਹਾਂ ਤੇ ਮਾਪਿਆ ਦਾ ਜਿਆਦਾ ਕਾਬੂ ਨਹੀਂ ਹੋ ਸਕਦਾ ਹੈ। ਮਾਤਾ ਪਿਤਾ ਕਿਨੇ ਵੀ ਧਾਰਮਕ ਹੋਣ, ਰੋਜ਼ਾਨਾ ਗੁਰਦੁਆਰਾ ਸਾਹਿਬ ਜਾਂਦੇ ਹੋਣ, ਪਰੰਤੂ ਜਰੂਰੀ ਨਹੀਂ ਕਿ ਉਨ੍ਹਾਂ ਦੇ ਬੱਚੇ ਕਹਿਣਾ ਮੰਨਦੇ ਹੋਣ। ਮੂਲ ਕਾਰਨ ਇਹ ਹੈ ਕਿ ਜਿਆਦਾਤਰ ਲੋਕ ਆਪਣੇ ਆਪ ਨੂੰ ਧਰਮੀ ਤਾਂ ਸਮਝਦੇ ਹਨ, ਪਰੰਤੂ ਅਸਲ ਵਿੱਚ ਇੰਜ ਨਹੀਂ ਹੈ। ਬਹੁਤ ਸਾਰੇ ਲੋਕ ਸਿਰਫ ਧਾਰਮਕ ਰਵਾਇਤਾਂ ਹੀ ਪੂਰੀਆਂ ਕਰਦੇ ਹਨ। ਬਹੁਤ ਘਟ ਲੋਕ ਹਨ, ਜਿਹੜੇ ਕਿ ਆਪਣੇ ਆਪ ਨੂੰ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦੇ ਆਧਾਰ ਤੇ ਪਰਖਦੇ ਹਨ ਤੇ ਉਸ ਅਨੁਸਾਰ ਚਲਣ ਦਾ ਉਪਰਾਲਾ ਕਰਦੇ ਹਨ।

ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ॥ ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ॥ (੬੫੦)

ਅਸੀਂ ਜਿਹੜੀਆਂ ਵੀ ਧਾਰਮਕ ਰਵਾਇਤਾਂ ਕਰਦੇ ਹਾਂ, ਉਨ੍ਹਾਂ ਨੂੰ ਜਾਂ ਤਾਂ ਅਸੀਂ ਵੇਖ ਸਕਦੇ ਹਾਂ ਤੇ ਜਾਂ ਦੂਸਰੇ ਵੇਖ ਸਕਦੇ ਹਨ। ਅਕਾਲ ਪੁਰਖੁ ਦੇ ਦਰ ਤੇ ਰਵਾਇਤਾਂ ਪ੍ਰਵਾਨ ਨਹੀਂ ਹਨ। ਸਾਡੀ ਭਾਸ਼ਾ ਤੇ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦੀ ਭਾਸ਼ਾ ਵਿੱਚ ਹੁਣ ਬਹੁਤ ਅੰਤਰ ਆ ਚੁਕਾ ਹੈ। ਜਿਨ੍ਹੀ ਦੇਰ ਤਕ ਗਾਇਨ ਕੀਤੇ ਗਏ ਸਬਦ ਦੀ ਸਮਝ ਨਹੀਂ ਆਉਂਦੀ, ਉਤਨੀ ਦੇਰ ਤਕ ਕੀਰਤਨ ਦਾ ਕੋਈ ਲਾਭ ਨਹੀਂ ਹੋ ਸਕਦਾ ਹੈ। ਇਸ ਲਈ ਅੱਜਕਲ ਦੀ ਭਾਸ਼ਾ ਵਿੱਚ ਠੀਕ ਤੇ ਸਪੱਸ਼ਟ ਅਰਥ ਭਾਵ ਸਮਝਾਂਣੇ ਬਹੁਤ ਜਰੂਰੀ ਹਨ। ਜਿਆਦਾ ਤਰ ਰਾਗੀ ਗਾਇਕਾਂ ਵਾਂਗੂ ਰਾਗ ਤੇ ਤਬਲਾ ਕੁਟਣ ਤੇ ਹੀ ਜਿਆਦਾ ਜੋਰ ਦਿੰਦੇ ਹਨ। ਰਹਾਉ ਦੀ ਪੰਗਤੀ ਦੀ ਟੇਕ ਤਾਂ ਹੁਣ ਕੋਈ ਵਿਰਲਾ ਰਾਗੀ ਹੀ ਲੈਂਦਾ ਹੈ। ਗੁਰੂ ਹਰਿਰਾਏ ਸਾਹਿਬ ਨੇ ਤਾਂ ਇੱਕ ਅੱਖਰ ਬਦਲਣ ਕਰਕੇ ਆਪਣੇ ਪੁੱਤਰ ਨੂੰ ਬੇਦਖਲ ਕਰ ਦਿਤਾ ਸੀ, ਪਰੰਤੂ ਅੱਜਕਲ ਤਾਂ ਸਬਦ ਗਾਇਨ ਕਰਦੇ ਸਮੇਂ ਉਸ ਵਿੱਚ ਆਪਣੇ ਕੋਲੋ ਹੋਰ ਵਾਧੂ ਅੱਖਰ ਲਾਉਂਣੇ ਤਾਂ ਆਮ ਰਿਵਾਜ ਹੋ ਗਿਆ ਹੈ।

ਸੂਹੀ ਮਹਲਾ ੫॥ ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥ ੧॥ ਸੰਤਹੁ ਸਾਗਰੁ ਪਾਰਿ ਉਤਰੀਐ॥ ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ॥ ੧॥ ਰਹਾਉ॥ (੭੪੭, ੭੪੮)

ਗੁਰਬਾਣੀ ਅਨੁਸਾਰ ਤਾਂ ਅਸੀਂ ਇੱਕ ਪਲ ਵਿੱਚ ਹੀ ਮੁਕਤ ਹੋ ਸਕਦੇ ਹਾਂ, ਜੇਕਰ ਪੁਰੀ ਲਗਨ ਨਾਲ ਸਤਿਗੁਰ ਦੇ ਬਚਨਾਂ ਦੁਆਰਾ ਅਕਾਲ ਪੁਰਖੁ ਵਿੱਚ ਪੂਰੀ ਤਰ੍ਹਾਂ ਲੀਨ ਹੋ ਜਾਈਏ। ਖਾਲੀ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੁੱਝ ਨਹੀਂ ਹੋਣਾ ਹੈ। ਸੱਚੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਣਾ ਹੈ।

ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ॥ ੨॥ (੬੫੪-੬੫੫)

ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਸੱਚੀ ਬਾਣੀ ਨੂੰ ਹਿਰਦੇ ਵਿੱਚ ਵਸਾਣ ਨਾਲ ਹੀ ਅਕਾਲ ਪੁਰਖੁ ਦੀ ਮਿਹਰ ਦੀ ਨਜਰ ਹੋ ਸਕਦੀ ਹੈ। ਕੱਚੀ ਬਾਣੀ ਪੜ੍ਹਨ ਨਾਲ ਜਾਂ ਵੱਖ ਵੱਖ ਤਰ੍ਹਾਂ ਦੀ ਧਾਰਨਾ ਲਾਣ ਨਾਲ ਕੁੱਝ ਪ੍ਰਾਪਤ ਨਹੀਂ ਹੋਣਾ ਹੈ। ਸੱਚੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਣਾ ਹੈ, ਗੁਰਬਾਣੀ ਅਨੁਸਾਰ ਦੱਸੀ ਗਈ ਸਿਖਿਆ ਨੂੰ ਜੀਵਨ ਦੇ ਹਰ ਪਲ ਪਲ ਵਿੱਚ ਅਪਨਾਉਂਣਾ ਹੈ।

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ॥ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ॥ ੨੩॥ (੯੨੦)

ਗੁਰੂ ਗਰੰਥ ਸਾਹਿਬ ਤਾਂ ਸੱਚੀ ਬਾਣੀ ਗਾਇਨ ਕਰਨ ਦੀ ਪ੍ਰੇਰਨਾ ਦਿੰਦੇ ਹਨ। ਪਰੰਤੂ ਲੋਕਾਂ ਨੂੰ ਕੱਚੀ ਬਾਣੀ ਤੇ ਉਸ ਵਿੱਚ ਮਿਲਾਵਟ ਕਰਨਾ ਜਿਆਦਾ ਸਵਾਦਲਾ ਲਗਦਾ ਹੈ। ਗੁਰੁ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਤੋਂ ਇਲਾਵਾ ਹੋਰ ਸਾਰੀ ਕੱਚੀ ਬਾਣੀ ਹੈ, ਉਸ ਨੂੰ ਕਹਿਣ ਵਾਲੇ ਵੀ ਕੱਚੇ ਹਨ ਤੇ ਸੁਣਨ ਵਾਲੇ ਵੀ ਕੱਚੇ ਹਨ। ਅਜੇਹੇ ਲੋਕ ਮਾਇਆ ਦੇ ਝਮੇਲਿਆਂ ਵਿੱਚ ਫਸੇ ਰਹਿਂਦੇ ਹਨ।

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ੨੪॥ (੯੨੦)

ਅਕਸਰ ਵੇਖਣ ਵਿੱਚ ਆਂਉੰਦਾ ਹੈ ਕਿ ਜਦੋਂ ਘਰ ਵਿਚ, ਗੁਰੁ ਗਰੰਥ ਸਾਹਿਬ ਦਾ ਪਾਠ ਕਰਵਾਇਆ ਜਾਂਦਾ ਹੈ, ਉਸ ਲਈ ਲੋਕ ਤਾਂ ਬਹੁਤ ਸੱਦੇ ਜਾਂਦੇ ਹਨ, ਪਰੰਤੂ ਪਾਠ ਦੇ ਆਰੰਭ ਸਮੇਂ ਕੁੱਝ ਗਿਣਤੀ ਦੇ ਲੋਕ ਹੀ ਹੁੰਦੇ ਹਨ, ਪੰਜ ਪਉੜੀਆਂ ਬਾਅਦ ਕੋਈ ਵਿਰਲਾ ਹੀ ਸੁਣਨ ਲਈ ਬੈਠਾ ਹੁੰਦਾ ਹੈ। ਘਰ ਦੇ ਲੋਕ ਬਾਕੀ ਤਿਆਰੀਆਂ ਵਿੱਚ ਰੁਝੇ ਰਹਿੰਦੇ ਹਨ। ਪਰੰਤੂ ਸਮਾਪਤੀ ਤੋਂ ਬਾਅਦ ਲੰਗਰ ਲਈ ਅਣਗਿਣਨ ਲੋਕ ਇਕੱਠੇ ਹੋ ਜਾਂਦੇ ਹਨ।

ਇਹੋ ਜਿਹਾ ਹੀ ਆਨੰਦ ਕਾਰਜ ਸਮੇਂ ਵੇਖਣ ਨੂੰ ਮਿਲਦਾ ਹੈ। ਖਾਣ ਵਾਲੇ ਸਟਾਲਾ ਵਿੱਚ ਤਾਂ ਅਣਗਿਣਨ ਲੋਕ ਹੁੰਦੇ ਹਨ। ਪਰੰਤੂ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਆਨੰਦ ਕਾਰਜ ਵੇਲੇ ਕੁੱਝ ਗਿਣਤੀ ਦੇ ਲੋਕ ਹੀ ਹੁੰਦੇ ਹਨ। ਲਾਵਾਂ ਸਮੇਂ ਵੀ ਸ਼ਾਇਦ ਹੀ ਮੁੰਡੇ ਕੁੜੀ ਨੂੰ ਸੁਣਨ ਲਈ ਸਮਾਂ ਮਿਲਦਾ ਹੈ। ਬਹੁਤਾਂ ਸਮਾਂ ਤਾਂ ਰਿਸ਼ਤੇਦਾਰ ਫੋਟੋ ਖਿੱਚਣ ਲਈ ਉਨ੍ਹਾਂ ਦੇ ਕਪੜੇ ਹੀ ਠੀਕ ਕਰਦੇ ਰਹਿੰਦੇ ਹਨ। ਲਾਵਾਂ ਦਾ ਮੰਤਵ ਤਾਂ ਗੁਰੁ ਗਰੰਥ ਸਾਹਿਬ ਨਾਲ ਜੋੜਨਾਂ ਹੈ ਤਾਂ ਜੋ ਮਨੁੱਖਾ ਜੀਵਨ ਸਫਲ ਹੋ ਸਕੇ। ਪਰੰਤੂ ਇਸ ਪਾਸੇ ਕੋਈ ਵਿਰਲਾ ਹੀ ਤਵੱਜੋਂ ਦਿੰਦਾ ਹੈ। ਬਹੁਤੇ ਤਾਂ ਰਵਾਇਤਾ ਪੂਰੀਆਂ ਕਰਨ ਵਿੱਚ ਹੀ ਲੱਗੇ ਰਹਿੰਦੇ ਹਨ। ਅਜੇਹੀਆਂ ਰਵਾਇਤਾ ਪੂਰੀਆਂ ਕਰਨ ਨਾਲ ਜੀਵਨ ਵਿੱਚ ਆਨੰਦ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ।

ਸੂਹੀ ਮਹਲਾ ੪॥ ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ॥ ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ॥ ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ॥ ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ॥ ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ॥ ੧॥ (੭੭੩)

ਮੂਲ ਕਾਰਨ ਇਹ ਹੈ ਕਿ ਅਸੀਂ ਗੁਰੂ ਗਰੰਥ ਸਾਹਿਬ ਦੀ ਸਿਖਿਆ ਨੂੰ ਨਹੀਂ ਸੁਣਦੇ ਹਾਂ ਤੇ ਨਾ ਹੀ ਉਸ ਅਨੁਸਾਰ ਜੀਵਨ ਵਿੱਚ ਅਮਲ ਕਰਦੇ ਹਾਂ। ਬੱਚਿਆਂ ਨੇ ਵੱਡਿਆਂ ਦੀ ਨਕਲ ਕਰਨੀ ਹੁੰਦੀ ਹੈ ਤੇ ਉਨ੍ਹਾਂ ਕੋਲੋਂ ਹੀ ਸਿਖਣਾ ਹੁੰਦਾ ਹੈ। ਜੇਕਰ ਵੱਡਿਆਂ ਨੇ ਹੀ ਕਹਿੰਣਾ ਮੰਨਣਾਂ ਨਹੀਂ ਸਿਖਿਆ ਹੈ, ਤਾਂ ਬੱਚਿਆਂ ਤੋਂ ਕਿਸ ਤਰ੍ਹਾਂ ਆਸ ਰੱਖ ਸਕਦੇ ਹਾਂ। ਗੁਰਦੁਆਰਾ ਸਾਹਿਬ ਵਿੱਚ ਵੀ ਜਿਆਦਾ ਤਰ ਰਵਾਇਤਾ ਹੀ ਪੂਰੀਆਂ ਕੀਤੀਆਂ ਜਾਂਦੀਆਂ ਹਨ। ਸੱਚੀ ਬਾਣੀ ਦੀ, ਸੱਚੀ ਤੇ ਸਪੱਸ਼ਟ ਸਿਖਿਆ ਤੇ ਵੀਚਾਰ ਵੱਲ ਧਿਆਨ ਨਹੀਂ ਦਿਤਾ ਜਾਂਦਾ ਹੈ। ਸਮਾਜ ਖਿੰਡਿਆ ਪਿਆ ਹੈ। ਟੀ. ਵੀ ਤੇ ਫਿਲਮਾਂ ਵਾਲੇ ਗਾਂਣੇ, ਡਾਂਸ, ਤੇ ਘਟੀਆਂ ਸਿਖਿਆਂ ਦੇ ਕੇ ਆਪਣੇ ਪੈਸੇ ਕਮਾਉਂਣ ਵਿੱਚ ਰੁਝੇ ਰਹਿੰਦੇ ਹਨ। ਜੇਕਰ ਪੂਰਾ ਆਵਾ ਹੀ ਊਤਿਆ ਹੋਵੇ ਤਾਂ ਚੰਗੀ ਸਿਖਿਆ ਕਿਥੋਂ ਮਿਲ ਸਕਦੀ ਹੈ।

ਗੁਰ ਤੇ ਮੁਹੁ ਫੇਰੇ ਜੇ ਕੋਈ ਗੁਰ ਕਾ ਕਹਿਆ ਨ ਚਿਤਿ ਧਰੈ॥ ਕਰਿ ਆਚਾਰ ਬਹੁ ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ॥ ੪॥ (੧੩੩੪)

ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਰਵਾਇਤਾ ਪੂਰੀਆਂ ਕਰਨ ਦੀ ਸਿਖਿਆ ਨਹੀਂ ਦਿੰਦੀ ਹੈ। ਗੁਰਬਾਣੀ ਨੂੰ ਪੜ੍ਹਨਾਂ, ਸੁਣਨਾਂ, ਸਮਝਣਾਂ ਤੇ ਜੀਵਨ ਵਿੱਚ ਅਮਲੀ ਰੂਪ ਵਿੱਚ ਅਪਨਾਂਉਂਣਾ ਹੈ।

ਗਾਵੀਐ ਸੁਣੀਐ ਮਨਿ ਰਖੀਐ ਭਾਉ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥ (੨)

ਕੇਸਾਂ ਸਬੰਧੀ ਗੁਰੂ ਕੀ ਮੋਹਰ ਕਹਿਣ ਨਾਲ ਬੱਚਿਆਂ ਤੇ ਕੋਈ ਅਸਰ ਨਹੀਂ ਹੁੰਦਾ ਹੈ। ਜੇਕਰ ਅਸੀਂ ਖੁਦ ਆਪ ਗੁਰੂ ਦੀ ਮਤ ਅਨੁਸਾਰ ਨਹੀਂ ਚਲਦੇ ਹਾਂ ਤਾਂ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਦੀ ਮਤ ਅਨੁਸਾਰ ਚਲਣ ਲਈ ਕਿਸ ਤਰ੍ਹਾਂ ਸਮਝਾਂ ਸਕਦੇ ਹਾਂ। ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਹੇਠ ਲਿਖੇ ਸਬਦ ਸਾਨੂੰ ਸਪੱਸ਼ਟ ਕਰਕੇ ਸਮਝਾਂਦੇ ਹਨ ਕਿ ਸਾਡੇ ਅਸਲੀ ਮਾਤਾ ਪਿਤਾ, "ਗੁਰਦੇਵ ਮਾਤਾ ਗੁਰਦੇਵ ਪਿਤਾ" ਹੀ ਹਨ।

ਸਲੋਕੁ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ ੧॥ (੮)

ਮਾਝ ਮਹਲਾ ੫॥ ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ॥ ੧॥ (੧੦੩)

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥ ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ॥ ੪॥ ੫॥ ੧੧॥ ੪੯॥ (੧੬੭)

ਸਲੋਕੁ॥ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ॥ ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ॥ ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ॥ ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ॥ ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ॥ ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ॥ ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ॥ ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ॥ ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ॥ ੧॥ (੨੫੦)

ਪੁਰਤਨ ਸਮਿਆਂ ਵਿੱਚ ਬਜੁਰਗ, ਗੁਰੂ ਦੀ ਮਤ ਅਨੁਸਾਰ ਚਲਦੇ ਸਨ। ਇਸ ਲਈ ਉਨ੍ਹਾਂ ਦੇ ਪੁੱਤ ਪੋਤਰੇ ਵੀ ਉਨ੍ਹਾਂ ਅਨੁਸਾਰ ਚਲਦੇ ਸਨ। ਇਸ ਤਰ੍ਹਾਂ ਇਹ ਲੜੀ ਹੋਰ ਬੱਚਿਆਂ ਤੇ ਭੈਣਾਂ ਭਰਾਵਾਂ ਵਿੱਚ ਵੀ ਚਲਦੀ ਰਹਿੰਦੀ ਸੀ। ਹੁਣ ਬਜੁਰਗ ਤਾਂ ਵਿਰਲੇ ਹੀ ਕਿਸੇ ਘਰ ਵਿੱਚ ਹੁੰਦੇ ਹਨ। ਜਿਸ ਤਰ੍ਹਾਂ ਦਾ ਸਲੂਕ ਅਸੀਂ ਆਪਣੇ ਮਾਤਾ, ਪਿਤਾ ਤੇ ਬਜੁਰਗਾਂ ਨਾਲ ਕਰਦੇ ਹਨ, ਉਹੋ ਜਿਹੀ ਸਿਖਿਆ ਸਾਡੇ ਬੱਚੇ ਅੱਗੋਂ ਲੈ ਲੈਂਦੇ ਹਨ। ਗੁਰੂ ਸਾਹਿਬ ਅਤੇ ਬਜੁਰਗਾਂ ਦੀ ਸਿਖਿਆ ਤੋਂ ਬਿਨਾਂ ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਅਗਵਾਈ ਦੇ ਸਕਦੇ ਹਾਂ ਤੇ ਸਹੀ ਰਸਤਾ ਸਮਝਾਂ ਸਕਦੇ ਹਾਂ। ਬੱਚਿਆਂ ਨੂੰ ਸਿਖਿਆ ਦੇਣ ਲਈ ਹੁਣ ਸਿਰਫ ਟੀ. ਵੀ. , ਫਿਲਮਾਂ ਤੇ ਮਾਇਆ ਵਿੱਚ ਗਵਾਚਾ ਸਮਾਜ ਹੀ ਰਹਿ ਗਿਆ ਹੈ। ਅਜੇਹੀ ਸਥਿਤੀ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਦੀ ਮਤ ਅਨੁਸਾਰ ਚਲਣ ਲਈ ਕਿਸ ਤਰ੍ਹਾਂ ਸਮਝਾਂ ਸਕਦੇ ਹਾਂ। ਇਸ ਲਈ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਣਾ ਚਾਹੀਦਾ ਹੈ, ਜੇਕਰ ਸਾਡੇ ਬੱਚੇ ਸ਼ਰਾਬਾ ਤੇ ਨਸ਼ਿਆਂ ਵਿੱਚ ਬਰਬਾਦ ਨਹੀਂ ਹੋ ਰਹੇ ਹਨ।

ਗੁਰਦੁਆਰਾ ਸਾਹਿਬ ਬਹੁਤ ਵੱਡਾ ਸਿਖਿਆ ਦਾ ਕੇਂਦਰ ਬਣ ਸਕਦਾ ਹੈ: ਬੱਚਿਆਂ ਨੂੰ ਅਵਲ ਦਰਜ਼ੇ ਦੀ ਸਿਖਿਆ ਦੇਣ ਲਈ ਗੁਰਦੁਆਰਾ ਸਾਹਿਬ ਬਹੁਤ ਸਹਾਈ ਹੋ ਸਕਦੇ ਹਨ। ਬਿਨਾ ਕਿਸੇ ਉਚੇਚੇ ਉਪਰਾਲੇ ਕਰਨ ਦੇ ਬੱਚੇ ਬਹੁਤ ਸਾਰੀਆਂ ਚੰਗੀਆਂ ਆਦਤਾਂ ਸਿਖ ਸਕਦੇ ਹਨ। ਆਪਸ ਵਿੱਚ ਕਿਸ ਤਰ੍ਹਾਂ ਮਿਲਵਰਤਨ ਕਰਨਾ, ਲੰਗਰ ਬਣਾਣਾ ਤੇ ਵਰਤਾਣਾ, ਦਰਬਾਰ ਹਾਲ ਵਿੱਚ ਕਿਸ ਤਰ੍ਹਾਂ ਬੈਠਣਾਂ, ਗੁਰਬਾਣੀ ਸੁਣਨੀ ਤੇ ਗਾਇਨ ਕਰਨੀ, ਇੱਕ ਦੂਜੇ ਦੀ ਸਹਾਇਤਾ ਕਰਨੀ, ਆਦਿ।

ਕੋਈ ਬੱਚਾ ਵੀ ਵਿਹਲਾ ਨਹੀਂ ਰਹਿੰਣਾ ਚਾਹੁੰਦਾ ਹੈ: ਛੋਟੇ ਬੱਚੇ ਵੱਡੇ ਬੱਚਿਆਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਵੱਡੇ ਬੱਚੇ ਬਜੁਰਗਾਂ ਜਾਂ ਵੱਡਿਆਂ ਤੋਂ ਚੰਗੇ ਗੁਣ ਸਿਖ ਸਕਦੇ ਹਨ। ਇਸ ਤਰ੍ਹਾਂ ਇਹ ਲੜੀ ਕਾਇਮ ਕੀਤੀ ਜਾ ਸਕਦੀ ਹੈ। ਜਦੋਂ ਬੱਚਾ ਗੁਰਦੁਆਰਾ ਸਾਹਿਬ ਵਿਚੋਂ ਚੰਗੇ ਗੁਣ ਸਿਖ ਕੇ ਆਵੇਗਾ ਤਾਂ ਉਹ ਆਪਣੇ ਜੀਵਨ ਵਿੱਚ ਵੀ ਲਾਗੂ ਕਰਨ ਦੀ ਕੋਸ਼ਿਸ਼ ਕਰੇਗਾ। ਅਜੇਹੀਆਂ ਸਿਖਿਆਵਾਂ ਨਾਲ ਬੱਚਾ ਆਪਣੇ ਘਰ ਵਿਚ, ਰਸੋਈ, ਬੈਠਕ, ਸੌਣ ਵਾਲਾ ਕਮਰਾ, ਤੇ ਹੋਰ ਆਸੇ ਪਾਸੇ ਦੀਆਂ ਚੀਜ਼ਾਂ ਸਾਫ ਸੁਥਰੀਆਂ ਰੱਖਣੀਆਂ ਸਿਖ ਜਾਂਦਾ ਹੈ।

ਗੁਰਦੁਆਰਾ ਸਾਹਿਬ ਦੇ ਪ੍ਰੋਗਰਾਮਾਂ ਵਿੱਚ ਸੁਧਾਰ ਦੀ ਲੋੜ: ਜਿਆਦਾਤਰ ਗੁਰਦੁਆਰਾ ਸਾਹਿਬਾਂ ਦੇ ਪ੍ਰੋਗਰਾਮਾਂ ਬਾਰੇ ਵੇਖਿਆ ਜਾਵੇ ਤਾਂ ਸਾਰਿਆਂ ਵਾਸਤੇ ਉਹੀ ਪ੍ਰੋਗਰਾਮ ਹੁੰਦਾ ਹੈ, ਭਾਂਵੇ ਕੋਈ ੫ ਸਾਲ ਤੋਂ ਘਟ ਦਾ ਹੋਵੇ, ੫ ਤੋਂ ੧੦ ਸਾਲ ਦਾ, ੧੦ ਤੋਂ ੨੦ ਸਾਲ ਦਾ, ੨੦ ਤੋਂ ੪੦ ਸਾਲ ਦਾ, ੪੦ ਤੋਂ ੬੦ ਸਾਲ ਦਾ, ਜਾਂ ੬੦ ਸਾਲ ਤੋਂ ਉੱਪਰ ਦਾ ਹੋਵੇ। ਜਦੋਂ ਕਿ ਹਰੇਕ ਉੱਮਰ ਦੇ ਬੱਚੇ, ਨੌਜਵਾਨ ਜਾਂ ਬਜੁਰਗ ਦੀ ਸੋਚ, ਲੋੜ ਤੇ ਸਮਝਣ ਦਾ ਸਤੱਰ ਤੇ ਤਰੀਕਾ ਅਲੱਗ ਅਲੱਗ ਹੁੰਦਾ ਹੈ। ਇਸ ਲਈ ਉੱਮਰ ਅਨੁਸਾਰ ਹਰੇਕ ਗਰੁਪ ਲਈ ਗੁਰਦੁਆਰਾ ਸਾਹਿਬਾਂ ਵਿੱਚ ਵੱਖਰਾ ਵੱਖਰਾ ਪ੍ਰੋਗਰਾਮ ਹੋਣਾ ਚਾਹੀਦਾ ਹੈ। ਗੁਰੂ ਗਰੰਥ ਸਾਹਿਬ ਦੀ ਸਹਾਇਤਾ ਨਾਲ ਜੀਵਨ ਦੇ ਵੱਖ ਵੱਖ ਪਹਿਲੂਆਂ ਬਾਰੇ ਕਿਸ ਤਰ੍ਹਾਂ ਜਾਣਕਾਰੀ ਹਾਸਲ ਕਰ ਸਕਦੇ ਹਾਂ, ਇਨ੍ਹਾਂ ਵਿਸ਼ਿਆਂ ਉੱਪਰ ਉਚੇਚੇ ਤੌਰ ਤੇ ਗੁਰਮਤਿ ਵੀਚਾਰਾਂ ਤੇ ਵੀਚਾਰ ਵਟਾਦਰੇ ਹੋਣੇ ਚਾਹੀਦੇ ਹਨ।

ਗੁਰਦੁਆਰਾ ਸਾਹਿਬਾਂ ਵਿੱਚ ਗੁਰਮਤਿ ਤੇ ਆਮ ਸਿਖਿਆ ਸਬੰਧੀ ਛੋਟੀਆਂ ਜਾਂ ਮੱਧਮ ਸਮੇਂ ਵਾਲੀਆਂ ਪਿਕਚਰਾਂ ਜਾਂ ਨਾਟਕ ਵਿਖਾਏ ਜਾ ਸਕਦੇ ਹਨ। ਘਰਾਂ ਵਿਚ, ਆਵਾਜਾਈ ਵਿਚ, ਸਕੂਲਾਂ ਵਿਚ, ਦਫਤਰਾਂ ਵਿੱਚ ਤੇ ਫੈਕਟਰੀਆਂ ਵਿਚ, ਕਿਸ ਤਰ੍ਹਾਂ ਖਤਰਿਆਂ ਤੋ ਬਚਣਾ ਹੈ, ਉਸ ਸਬੰਧੀ ਫਿਲਮਾਂ ਵਿਖਾਈਆਂ ਜਾ ਸਕਦੀਆਂ ਹਨ। ਦੁਨਿਆਵੀ ਸਿਖਿਆ ਤੇ ਬੱਚਿਆਂ ਦੀਆਂ ਕਲਾਸਾਂ ਦੇ ਸਲੇਬਸ ਨਾਲ ਸਬੰਧਤ ਪ੍ਰੋਗਰਾਮ ਵਿਖਾਏ ਜਾ ਸਕਦੇ ਹਨ।

ਅੱਜਕਲ ਦੇ ਸਮੇਂ ਵਿੱਚ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਇੱਕ ਚੰਗੇ ਸਿੱਖ ਤੇ ਚੰਗੇ ਨਾਗਰਿਕ ਬਣਾਣਾ ਚਾਹੁੰਦੇ ਹਾਂ, ਤਾਂ ਸਾਨੂੰ ਗੁਰਬਾਣੀ ਨੂੰ ਰਵਾਇਤੀ ਤੌਰ ਤੇ ਪੜ੍ਹਨਾਂ ਬੰਦ ਕਰਨਾ ਪਵੇਗਾ, ਤੇ ਗੁਰਬਾਣੀ ਨੂੰ ਚੰਗੀ ਤਰ੍ਹਾਂ ਸਮਝ ਕੇ ਆਪਣੇ ਜੀਵਨ ਦਾ ਹਿਸਾ ਬਣਾਣਾ ਪਵੇਗਾ।

ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ॥ (੨੮੮, ੨੮੯)

"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ"

(Dr. Sarbjit Singh)

RH1 / E-8, Sector-8, Vashi, Navi Mumbai - 400703.

Email = sarbjitsingh@yahoo.com,

Web= http://www.geocities.ws/sarbjitsingh/

http://www.sikhmarg.com/article-dr-sarbjit.html
.