.

ਗੋਰੀ ਸ਼ਬਦ ਦੀ ਸਮੀਖਿਆ

ਸੰਸਾਰ ਇੱਕ ਸਾਗਰ ਹੈ। ਜਿਸ ਵਿੱਚ ਵੱਖ ਵੱਖ ਰੰਗਾਂ ਦੇ ਜੀਵ ਹਨ। ਗੁਰਬਾਣੀ ਭੀ ਇੱਕ ਸਾਗਰ ਹੈ, ਜਿਸ ਵਿੱਚ ਕਈ ਅਰਥ ਭਾਵ ਦੇ ਸ਼ਬਦ ਰੂਪੀ ਰਤਨ ਹਨ। ਜਿਨ੍ਹਾਂ ਦੇ ਦੀਦਾਰ ਕੀਤਿਆਂ ਹੀ ਪਤਾ ਲਗਦਾ ਹੈ। ਜਿਵੇਂ ਸਬਦ ਜਲ ਹੈ ਇਸਦਾ ਅਰਥ ਅਸੀ ਪਾਣੀ ਕਰਦੇ ਹਾਂ ਪਰ ਇਸਦਾ ਅਰਥ ਜਲਣਾ ਭੀ ਹੈ। ਜਿਸਨੂੰ ਸੱੜ ਜਾਣਾ ਆਖਦੇ ਹਨ। ਪ੍ਰੀਤਮ ਅੱਗ ਨਾਲ ਜਲ ਗਿਆ। ਇਸਤਰ੍ਹਾਂ ਹੀ ਇੱਕ ਸਬਦ ਬਾਣੀ ਵਿੱਚ ਗੋਰੀ ਆਉਦਾਂ ਹੈ। ਇਹ ਸ਼ਬਦ ਆਮ ਕਰਕੇ ਚਿਟੇ ਰੰਗ ਦਾ ਲਖਾਇਕ ਹੈ। ਪਰ ਸਿਆਣਿਆ ਨੇ ਇਸ ਅਰਥ ਤੋਂ ਇਲਾਵਾ ਹੋਰ ਭੀ ਇਸਦੇ ਅਰਥ ਕੀਤੇ ਹਨ। ਮਹਾਨ ਕੋਸ਼ ਨੂੰ ਪੜੀਏ ਤਾਂ ਸਾਡੀ ਮਤ ਵਿੱਚ ਹੋਰ ਭੀ ਵਾਧਾ ਹੁੰਦਾਂ ਹੈ। ਇਸਦਾ ਅਰਥ ਗੋਲੀ ਭੀ ਹੁੰਦਾਂ ਹੈ। ਛੂਟੈ ਬਾਣ ਗੋਰੀ। ਗੋਰੀ ਦਾ ਭਾਵ ਇਸਤਰੀ। ਗੋਰੀ ਦਾ ਅਰਥ ਲਾਲ, ਗੋਰੀ ਦਾ ਭਾਵ ਕਬਰ।
ਆਉ ਗੁਰਬਾਣੀ ਅੰਦਰ ਗੁਰੁ ਸਾਹਿਬ ਜੀ ਨੇ ਇਸ ਸ਼ਬਦ ਨੂੰ ਕਿੰਨ੍ਹਾਂ ਕਿੰਨ੍ਹਾਂ ਅਰਥਾਂ ਵਿੱਚ ਵਰਤਿਆ ਹੈ।
ਇਸਤਰੀ ਦੇ ਅਰਥਾਂ ਵਿੱਚ:-
ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ॥ ਸਿਰੀ ਰਾਗ ਮ: ੧ ਪੰਨਾਂ ੨੩॥
ਹੇ ਸੁੰਦਰ ਜੀਵ ਇਸਤਰੀ ਤੂੰ ਧਿਆਨ ਨਾਲ ਇਹ ਖਬਰ ਕਿਉਂ ਨਹੀ ਸੁਣਦੀ?
ਛੈਲ ਲਘੰਦੇ ਪਾਰਿ ਗੋਰੀ ਮਨੁ ਧੀਰਿਆ॥ ਆਸਾ ਸ਼ੇਖ ਫਰੀਦ ਜੀ॥ ਪੰਨਾਂ ੪੮੮॥
ਕਿਸੇ ਦਰਿਆ ਤੋਂ ਜੁਆਨਾਂ ਨੂੰ ਪਾਰ ਲੰਘਦਿਆਂ ਵੇਖ ਕੇ ਕਮਜ਼ੋਰ ਇਸਤਰੀ ਦਾ ਮਨ ਭੀ ਹੋਸਲਾ ਫੜ ਲੈਦਾਂ ਹੈ।
ਗੋਰੀ ਸੇਤੀ ਤੁਟੈ ਭਤਾਰੁ॥ ਮਾਝ ਮ: ੧॥ ਪੰਨਾਂ ੧੪੩॥
ਜੇ ਇਸਤਰੀ (ਵਹੁਟੀ) ਨਾਲ ਖਸਮ ਨਰਾਜ਼ ਹੋ ਜਾਏ ਤਾਂ॥
ਰੰਗ ਦੇ ਸਬੰਧ ਵਿੱਚ:-
ਗੋਰੀ ਗਾਂ ਨੇ ਚਿਟੇ ਵੱਛੇ ਨੂੰ ਜਨਮ ਦਿਤਾ। ਭਾਵ ਲਾਲ ਗਾਂ ਨੇ ਗੋਰੀ ਦਾ ਅਰਥ ਲਾਲ ਕੀਤਾ ਜਾਂਦਾ ਰਿਹਾ, ਜਿਵੇ ਥਲੇ ਗੁਰਬਾਣੀ ਦੇ ਪਰਮਾਣ ਤੋ ਭੀ ਸਿਧ ਹੋ ਜਾਵੇਗਾ। ਪਾਣੀ ਮੈਲਾ ਮਾਟੀ ਗੋਰੀ।
ਪਾਨੀ ਮੈਲਾ ਮਾਟੀ ਗੋਰੀ॥ ਗਾਉੜੀ ਭਗਤ ਕਬੀਰ ਜੀ॥ ਪੰਨਾਂ ੩੩੬॥
ਪਾਨੀ ਪਿਤਾ ਦਾ ਬੀਰਜ਼ ਮੈਲਾ ਭਾਵ ਗੰਦਾ ਮਾਟੀ ਗੋਰੀ ਮਾਂ ਦਾ ਰਕਤ (ਖੁਨ) ਲਾਲ ਹੇ ਅਹੰਕਾਰੀ ਜੀਵ ਕਿਸ ਗੱਲ ਦਾ ਮਾਣ ਕਰਦਾ ਹੈ, ਪਿਤਾ ਦੀ ਗੰਦੀ ਬੂੰਦ ਤੇ ਮਾਂ ਦੀ ਰਕਤ ਤੋਂ ਤੇਰਾ ਵਜੂਦ ਬਣਿਆ ਹੈ।
ਕਬਰਾਂ ਦੇ ਅਰਥਾਂ ਵਿੱਚ:-
ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ॥ ਸਲੋਕ ਮ; ੩॥ ਪੰਨਾਂ ੧੩੭੮॥
ਉਹ ਹੀ ਸਉਦਾ ਕੀਤੋ ਨੇ ਜੋ ਨਾਲ ਨ ਨਿਭਿਆ, ਤੇ ਅੰਤ ਖਾਲੀ ਹੱਥ ਕਬਰੀਂ ਜਾ ਪਏ।
ਦਲੇਰ ਸਿੰਘ ਜੋਸ਼
.