.

ਪ੍ਰੋ: ਘੱਗਾ ਤੇ ਹਮਲੇ ਲਈ ਜਿੰਮੇਵਾਰ ਕੌਣ? ਪਾਂਡੇ ਜਾਂ ਕੋਈ ਹੋਰ?

ਕੁੱਝ ਦਿਨ ਪਹਿਲਾਂ ਪ੍ਰੋ: ਇੰਦਰ ਸਿੰਘ ਘੱਗਾ ਤੇ ਮਲੇਸ਼ੀਆ ਵਿਚ, ਇੱਕ ਗੁਰਦੁਆਰੇ ਵਿੱਚ ਬੋਲਣ ਸਮੇਂ ਹਮਲਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਉਸ ਤੇ ਕਈ ਵਾਰੀ ਹਮਲੇ ਹੋ ਚੁੱਕੇ ਹਨ। ਸੰਨ 1984 ਤੋਂ ਬਾਅਦ ਜੇਲ ਵਿੱਚ ਵੀ ਸਾਧਾਂ ਦਿਆਂ ਚੇਲਿਆਂ ਵਲੋਂ ਇਸ ਦੀ ਕੁੱਟ-ਮਾਰ ਕੀਤੀ ਗਈ ਸੀ ਅਤੇ ਕੱਪੜੇ ਵੀ ਪਾੜ ਦਿੱਤੇ ਸੀ, ਜਿਸ ਦਾ ਜ਼ਿਕਰ ਖੁਦ ਘੱਗੇ ਨੇ ਆਪਣੀ ਕਲਮ ਨਾਲ ਕੀਤਾ ਸੀ। ਨਿਊਯਾਰਕ ਅਤੇ ਟੋਰਾਂਟੋ ਵਿੱਚ ਵੀ ਹਮਲੇ ਹੋਏ ਹਨ। ਪਟਿਆਲਾ ਇਸ ਦੇ ਘਰ ਮਿਲਣ ਦੇ ਬਹਾਨੇ ਵੀ ਇਸ ਤੇ ਹਮਲਾ ਕਰਕੇ ਨੱਕ ਤੋੜਿਆ ਗਿਆ ਸੀ। ਇਸ ਤੋਂ ਬਿਨਾ ਹੋਰ ਵੀ ਹਮਲੇ ਹੋਏ ਹੋਣਗੇ ਜਿਸ ਦੀ ਮੈਨੂੰ ਜਾਣਕਾਰੀ ਨਹੀਂ ਹੈ। ਆਖਰ ਇਸ ਦਾ ਕਾਰਨ ਕੀ ਹੈ ਅਤੇ ਇਸ ਪਿੱਛੇ ਕਿਹੜੀ ਮਾਨਸਿਕਤਾ ਕੰਮ ਕਰ ਰਹੀ ਹੈ? ਇਸ ਲੇਖ ਵਿੱਚ ਇਸ ਨੂੰ ਵਿਚਾਰਨ ਦਾ ਯਤਨ ਕੀਤਾ ਜਾ ਰਿਹਾ ਹੈ। ਜਰੂਰੀ ਨਹੀਂ ਕਿ ਮੇਰੀ ਸੋਚਣੀ ਨਾਲ ਤੁਸੀਂ ਸਾਰੇ ਸਹਿਮਤ ਹੋਵੋਂ, ਤੁਹਾਨੂੰ ਸਾਰੇ ਪਾਠਕਾਂ/ਲੇਖਕਾਂ ਨੂੰ ਆਪਣੇ ਵਿਚਾਰ ਦੇਣ ਦੀ ਪੂਰੀ ਖੁੱਲ ਹੈ ਪਰ ਇਹ ਵਿਚਾਰ ਸੱਚ ਅਤੇ ਦਲੀਲ ਦੇ ਅਧਾਰ ਤੇ ਹੋਣੇ ਚਾਹੀਦੇ ਹਨ।

ਘੱਗੇ ਤੇ ਹਮਲਾ ਕਰਨ ਵਾਲਿਆਂ ਨੂੰ ਆਮ ਤੌਰ ਤੇ ਧੂਤੇ ਕਿਹਾ ਜਾਂਦਾ ਹੈ ਅਤੇ ਇਹਨਾ ਧੂਤਿਆਂ ਦੇ ਹਮਾਇਤੀਆਂ ਵਲੋਂ ਹਮਲਾ ਕਰਨ ਦੇ ਦੋ ਕੁ ਮੁੱਖ ਕਾਰਨ ਦੱਸੇ ਜਾਂਦੇ ਹਨ। ਇੱਕ ਇਹ ਕਿ ਇਹ ਦਸਮ ਪਿਤਾ ਦੀ ਬਾਣੀ ਵਿਰੁੱਧ ਬੋਲਦਾ ਹੈ ਅਤੇ ਦੂਸਰਾ ਕਿ ਇਹ ਸਾਧਾਂ ਵਿਰੁੱਧ ਖਾਸ ਕਰਕੇ ਭਿੰਡਰਾਂਵਾਲੇ ਸਾਧਾਂ ਵਿਰੁੱਧ ਬੋਲਦਾ ਹੈ। ਜਿਸ ਗੰਦੇ ਪੋਥੇ ਨੂੰ ਇਹ ਧੂਤੇ ਦਸਮ ਦੀ ਬਾਣੀ ਕਹਿੰਦੇ ਹਨ ਉਸ ਵਿਰੁੱਧ ਤਾਂ ਹੋਰ ਵੀ ਬਥੇਰੇ ਬੋਲਦੇ ਹਨ ਅਤੇ ਸਾਧਾਂ ਵਿਰੁੱਧ ਵੀ ਬੋਲਦੇ ਹਨ। ਧਮਕੀਆਂ ਤਾਂ ਭਾਂਵੇਂ ਹੋਰ ਵੀ ਬਥੇਰਿਆਂ ਨੂੰ ਮਿਲਦੀਆਂ ਹੋਣਗੀਆਂ ਪਰ ਹਮਲੇ ਸਭ ਤੋਂ ਵੱਧ ਘੱਗੇ ਤੇ ਹੀ ਹੋਏ ਹਨ। ਮੇਰੀ ਸੋਚਣੀ ਮੁਤਾਬਕ ਇਸ ਦੇ ਦੋ ਵੱਡੇ ਕਾਰਨ ਹੋਰ ਹਨ। ਇੱਕ ਤਾਂ ਇਹ ਕਿ ਪਾਂਡਿਆਂ ਵਲੋਂ ਝੂਠ ਬੋਲ ਕੇ ਸਾਧਾਂ ਦੀ ਝੂਠੀ ਵਡਿਆਈ ਕਰਨਾ ਅਤੇ ਦੂਸਰਾ ਕਾਰਨ ਹੈ ਕਿ ਸਭ ਤੋਂ ਪਹਿਲਾਂ ਘੱਗੇ ਨੇ ਹੀ ਟਕਸਾਲੀਆਂ ਦੇ ਕਥਿਤ ਬ੍ਰਹਮਗਿਆਨੀਆਂ ਦੇ ਝੂਠ ਨੂੰ ਸਰੇ ਬਾਜ਼ਾਰ ਨੰਗਾ ਕੀਤਾ ਸੀ। ਕੀਤਾ ਵੀ ਇਸ ਤਰ੍ਹਾਂ ਸੀ ਕਿ ਧੂਤੇ ਪੜ੍ਹਨ ਸਾਰ ਹੀ ਬੌਂਦਲ ਜਾਣ ਅਤੇ ਵਾਕਿਆ ਹੀ ਇਹ ਧੂਤੇ ਬੌਂਦਲ ਕੇ ਹੱਥੋ-ਪਾਈ ਤੇ ਉਤਰ ਆਉਂਦੇ ਹਨ। ਤੁਹਾਡੀ ਜਾਣਕਾਰੀ ਲਈ ਘੱਗੇ ਦੇ ਇੱਕ ਲੇਖ ਵਿਚੋਂ ਕੁੱਝ ਹਿੱਸਾ ਹੇਠਾਂ ਕਾਪੀ ਪੇਸਟ ਕਰ ਰਿਹਾ ਹਾਂ। ਇਹ ਲੇਖ ‘ਸਿੱਖ ਮਾਰਗ’ ਤੇ ਤਕਰੀਬਨ 11 ਸਾਲ ਪਹਿਲਾਂ ਛਪ ਚੁੱਕਾ ਹੈ। ਇਸ ਲੇਖ ਦਾ ਸਿਰਲੇਖ ਹੈ "ਅਕਲੀ ਪੜ੍ਹਿ ਕੈ ਬੂਝੀਐ" -

ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ ਦਾ ਲਿਖਿਆ ‘ਸ੍ਰੀ ਗੁਰਮੁਖ ਪ੍ਰਕਾਸ਼` ਅਤੇ ਗੁਰਬਾਣੀ ਪਾਠ ਦਰਸ਼ਨ ਜਿਸਨੂੰ ਉਹ ਸੰਤ ਸੁੰਦਰ ਸਿੰਘ ਜੀ ਦਾ ਪਵਿੱਤ੍ਰ ਜੀਵਨ ਕਹਿੰਦੇ ਹਨ, ਭੀ ਇੱਕ ਅਜਿਹੀ ਲਿਖਤ ਹੈ, ਜੋ ਬਿੱਪਰੀ ਚਾਲਾਂ ਦੀ ਰਹਿ ਗਈ ਕਮੀਂ ਨੂੰ ਪੂਰਾ ਕਰਦੀ ਹੈ। ਇਸੇ ਲਿਖਤ ਨੂੰ ਅਧਾਰ ਬਣਾ ਕੇ ਦਮਦਮੀ ਟਕਸਾਲ ਨੇ ਆਪਣੀ ਮਰਿਯਾਦਾ ਬਣਾਈ ਹੋਈ ਹੈ, ਜਿਸਦਾ ਪੰਥਕ ‘ਸਿੱਖ ਰਹਿਤ ਮਰਿਯਾਦਾ` ਨਾਲ ਨੇੜ ਦਾ ਵੀ ਵਾਸਤਾ ਨਹੀਂ। ਟਕਸਾਲ ਦੀ ਇਹ ਮਰਿਯਾਦਾ ਅਗਰ ਤਾਂ ਉਨ੍ਹਾਂ ਦੇ ਆਪਣੇ ਦਾਇਰੇ ਵਿੱਚ ਹੀ ਰਹੇ ਤਾਂ ਕੋਈ ਗੱਲ ਨਹੀਂ, ਪਰ ਜਦੋਂ ਭੀ ਇਸਨੂੰ ਸਾਰੇ ਪੰਥ ਉਪਰ ਠੋਸਣ ਦੇ ਯਤਨ ਕੀਤੇ ਜਾਂਦੇ ਹਨ, ਤਾਂ ਪੰਥ ਦੀ ਏਕਤਾ ਅਤੇ ਇਕਸਾਰਤਾ ਨੂੰ ਢਾਅ ਲੱਗਦੀ ਹੈ, ਤੇ ਬਹੁਤ ਤਰ੍ਹਾਂ ਦੇ ਫੁੱਟ ਪਾਊ ਝਗੜੇ ਉਤਪੰਨ ਹੁੰਦੇ ਹਨ। -----

ਗਿਆਨੀ ਗੁਰਬਚਨ ਸਿੰਘ ਦਾ ਲਿਖਿਆ ਸ੍ਰੀ ਗੁਰਮੁਖ ਪ੍ਰਕਾਸ਼ ਪੜ੍ਹਕੇ ਆਮ ਸਿੱਖ ਬ੍ਰਾਹਮਣਵਾਦ ਦੇ ਉਸ ਗਹਿਰੇ ਸਮੁੰਦਰ ਵਿੱਚ ਗਰਕ ਹੋ ਜਾਵੇਗਾ, ਜਿੱਥੋਂ ਸਾਨੂੰ ਗੁਰੂ ਜੀ ਨੇ ਕੱਢਿਆ ਸੀ।

ਜਿਨ੍ਹਾਂ ਨੇ ਸਿੱਖੀ ਪ੍ਰਚਾਰ ਦਾ ਬੁਰਕਾ ਸਿਰਫ ਰੋਜ਼ੀ-ਰੋਟੀ ਦੀ ਖ਼ਾਤਿਰ ਜਾਂ ਲੁੱਟਣ ਦੀ ਸਕੀਮ ਅਧੀਨ ਪਾਇਆ ਹੈ, ਜਾਂ ਜਿਹੜੇ ਸਿਰਫ਼ ਪੂਜਾ-ਦਕਸ਼ਣਾ (ਦੇਕੇ) ਨਾਲ ਸੁਰਗਾਂ ਦੀ ਲਾਲਸਾ ਕਰਦੇ ਹਨ, ਉਨ੍ਹਾਂ ਨੂੰ ਤਾਂ ਬੇਸ਼ੱਕ ਸ੍ਰੀ ਗੁਰਮੁਖ ਪ੍ਰਕਾਸ਼ ਠੀਕ ਲੱਗਦਾ ਹੋਵੇ, ਪਰ ਜਿਹੜੇ ਗੁਰਮੁਖ ਆਪ ਗੁਰਬਾਣੀ ਪੜ੍ਹ ਕੇ ਨਾਮ, ਦਾਨ, ਇਸ਼ਨਾਨ ਦੀ ਰਮਜ਼ ਸਮਝਦੇ ਹੋਏ, ਮੀਰੀ-ਪੀਰੀ, ਦੇਗ਼-ਤੇਗ਼, ਸੰਤ-ਸਿਪਾਹੀ, ਭਗਤੀ-ਸ਼ਕਤੀ, ਰਾਜ-ਜੋਗ ਵਾਲੀ ਅਵਸਥਾ ਮਾਣਦੇ ਹੋਏ, ਜੀਵਨ-ਮੁਕਤ ਹੋਣਾ ਲੋਚਦੇ ਹਨ ਉਹ ‘ਸ੍ਰੀ ਗੁਰਮੁਖ ਪ੍ਰਕਾਸ਼` ਵਾਲੀ ‘ਦੂਸ਼ਿਤ ਸਮੱਗਰੀ` ਨਾਲ ਕਤਈ ਸਹਿਮਤ ਨਹੀਂ ਹੋਣਗੇ।

ਸ੍ਰੀ ਗੁਰਮੁਖ ਪ੍ਰਕਾਸ਼ ਦੇ ਕੁੱਝ ਪੰ: ਨੰ: ਜਿੱਥੇਦੂਸ਼ਿਤ ਸਮੱਗਰੀ` ਦੇਖੀ ਜਾ ਸਕਦੀ ਹੈ।

ਗੁਰਦੁਆਰੇ ਦਾ ਨਿਸ਼ਾਨ ਸਾਹਿਬ ਸੁਨਹਿਰੀ ਖੰਡੇ ਦਾ:- 10

ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤੇ ਦੀ ਪੂਰਨਮਾਸ਼ੀ ਨੂੰ:- 16, 244

ਗੁਰੂ ਨਾਨਕ ਦੇਵ ਜੀ ਦੇ ਸਾਥੀ ਮਰਦਾਨਾ ਅਤੇ ਬਾਲਾ:- 18, 528

ਚਰਨਾਂ ਨਾਲ ਮੱਕਾ ਫੇਰਨਾ:- 18

ਅੰਤ ਸਮੇਂ ਗੁਰੂ ਨਾਨਕ ਦੇਵ ਜੀ ਦੀ ਦੇਹ ਨਹੀਂ ਮਿਲੀ:- 19

ਬਾਲੇ ਨੇ ਜਨਮ ਸਾਖੀ ਲਿਖੀ:- 22

ਮਾਤਾ ਗੰਗਾ ਜੀ ਨੇ ਬਾਬੇ ਬੁੱਢਾ ਜੀ ਪਾਸੋਂ ਪੁੱਤਰ ਪ੍ਰਾਪਤੀ ਦਾ ਵਰ ਲਿਆ: 31, 36

ਸਵਾ ਲੱਖ ਜਪੁ ਜੀ:- 49, 123, 152, 153, 227, 422, 449, 599, 601, 603, 620, 621

ਛੱਤੀ ਲੱਖ ਮੂਲਮੰਤ੍ਰ:- 48, 123, 128, 129, 449, 601, 619, 620, 624

ਗੁਰੂ ਹਰਿ ਕ੍ਰਿਸ਼ਨ ਜੀ ਅਤੇ ਰਾਮ ਰਾਇ ਜੀ ਦੀ ਪਰਖ ਸਮੇਂ ਮੰਜੇ ਦੇ ਪਾਵੇ ਵਿੱਚ ਸੂਈ ਖੁੱਭਣੀ:- 54

ਔਰੰਗੇ ਨੂੰ ਸਤਿਗੁਰਾਂ ਦੇ ਦਰਸ਼ਨਾਂ ਦੀ ਜਗ੍ਹਾ ਧਰਤੀ ਵਿੱਚ ਤੇੜ ਦਿਸਣੀ:- 59

ਮੱਖਣ ਸ਼ਾਹ ਲੁਬਾਣੇ ਦਾ ਜਹਾਜ਼:- 62

ਬਿਆਸ ਵਿੱਚੋਂ 13 ਦਿਨਾਂ ਬਾਅਦ ਗੁਰਬਾਣੀ ਦੇ ਪੰਨੇ ਸੁੱਕੇ ਨਿਕਲਣੇ:- 63

ਦੇਗਚੇ ਵਿਚੋਂ ਸੂਰ ਨਿਕਲਣੇ:- 69

ਤੇਗ ਦਾ ਵਾਰ ਚੱਲਣ ਤੋਂ ਪਹਿਲਾਂ ਸਿਰ ਧੜ ਨਾਲੋਂ ਜੁਦਾ ਹੋਣਾ:- 70

ਦਸਮੇਸ਼ ਜੀ ਨੇ ਪਾਣੀ ਭਰਦੀਆਂ ਨਾਰਾਂ ਦੀਆਂ ਗਾਗਰਾਂ ਤੋੜਨੀਆਂ:- 73

ਛੱਤੀ ਅੱਖਰਾ ਜਾਪ (ਮਹਾਂ-ਮੰਤਰ) :- 76, 267, 326

ਭੇਟ ਕੀਤੇ ਅੰਬਾਂ ਨੂੰ ਫਿਰ ਬ੍ਰਿਛਾਂ ਨਾਲ ਜੋੜ ਦੇਣਾ:- 77

ਸ਼ਿਕਾਰ ਕੀਤੇ ਜੀਵਾਂ ਨੂੰ ਫਿਰ ਜ਼ਿੰਦਾ ਕਰਨਾ:- 77

ਕੀਰਤੀਆ ਦੇ ਪਿਤਾ ਨੂੰ ਰਿੱਛ ਜੂਨ ਤੋਂ ਛੁਡਾਉਣਾ:- 77

ਅੰਮ੍ਰਿਤ/ਪਤਾਸ਼ਿਆਂ ਵਾਲਾ ਚਿੜਾ ਚਿੜੀ ਯੁੱਧ:- 78

‘ਕੈ` ਦੀ ਜਗ੍ਹਾ ‘ਕੇ` ਕਹਿਣ ਤੇ ਤਮਾਚਾ:- 80, 457

ਜੋਗਾ ਸਿੰਘ ਦੀ ਰਾਖੀ:- 81

ਗੋਡੇ ਅਤੇ ਪੈਰ ਜੋੜ ਕੇ ਮੂਤੇ ਅਤੇ ਥੁੱਕੇ ਤਾਂ ਡਰ ਮਿਟੇ:- 81

285 ਛੇਕਾਂ ਵਾਲਾ ਗੰਗਾਸਾਗਰ:- 87, 542

ਗੁਰੂ ਨੇ ਸਿੱਖਾਂ ਨੂੰ ਕੇਸਾਂ ਤੋਂ ਫੜ੍ਹਕੇ ਨਰਕਾਂ ਵਿਚੋਂ ਕੱਢਣਾ:- 91

ਬਿਦੇਹੀ ਟਕਸਾਲੀਏ, ਕਾਣਾ ਦਿਓ ਕੱਢਣਾ, ਗੈਰ ਅੰਮ੍ਰਿਤਧਾਰੀ ਦੇ ਹੱਥੋਂ ਪ੍ਰਸ਼ਾਦਾ ਨਾ ਛਕਣਾ:- 93

ਨੌਹਰ ਪਿੰਡ ਮਰੇ ਕਬੂਤਰ ਜ਼ਿੰਦਾ ਕਰਨੇ:- 93

ਸੁਹੇਵਾ ਪਿੰਡ ਵਿੱਚ ਜੰਡ ਨੂੰ ਪਿੱਪਲ ਖਾਏ ਤਾਂ ਖਾਲਸਾ ਰਾਜ ਹੋਵੇ:- 93

ਜਲ ਵਿੱਚ ਖੜ੍ਹਕੇ ਤਪ ਕਰਨਾ:- 101

ਮਾਤਾ ਸਾਹਿਬ ਦੇਵਾਂ ਪਿਛਲੇ ਜਨਮ ਵਿੱਚ ਰਾਜੇ ਸਤਸੰਧ ਦੀ ਧੀ ਸੀ:- 101

ਦਸਮੇਸ਼ ਜੀ ਦਾ ਘੋੜੇ ਸਮੇਤ ਸੱਚਖੰਡ ਪਿਆਨਾ:- 103

25 ਬਿਬੇਕੀ ਸਿੱਖ ਪਖੰਡਵਾਦ:- 107

ਧੂਫ, ਕੁੰਭ, ਜਲ, ਦੀਵਾ, ਘਿਓੁ ਜ਼ਰੂਰੀ:- 108, 381

ਪੰਜ ਪਿਆਰੇ ਪੰਜ ਭਗਤਾਂ ਦੇ ਅਵਤਾਰ ਸਨ:- 112

ਮੰਗਤੇ ਨੂੰ ਦਾਨ ਤੇ ਪੰਛੀਆਂ ਨੂੰ ਪਾਣੀ:- 125

ਸ਼ਰਾਬ ਦੇ ਨਾਲ ਨਾਲ ਮਾਸ ਦਾ ਬੰਧਨ:- 123, 476

ਤੀਰਥ ਭਰਮਣ:- 126

ਗੋਇੰਦਵਾਲ ਜਪੁਜੀ ਪਾਠ ਕਰਕੇ ਚੁਰਾਸੀ ਕੱਟਣੀ:- 127, 346, 541, 619

ਇਕ ਲੱਤ ਭਾਰ ਹੋਕੇ ਸੁਖਮਨੀ ਪੜ੍ਹਨਾ:- 129, 449

ਗੁਰੂ ਗ੍ਰੰਥ ਸਾਹਿਬ ਵਿੱਚੋਂ ਵਾਕ ਆਪਣੀ ਇੱਛਾ ਅਨੁਸਾਰ ਲੈਣਾ:- 130, 148, 236, 598, 599, 615

ਜੰਮਦੇ ਸਾਰ ਕੱਛ ਤੇ ਕੜਾ ਪਾਉਣਾ:- 131

ਦੋ ਸਾਲ ਦਾ ਗਾਤਰੇ ਕ੍ਰਿਪਾਨ, ਦਿਨ ਰਾਤ ਵਾਹਿਗੁਰੂ ਜਾਪ:- 132

ਸੱਤਵੇਂ ਸਾਲ ਲਗ ਕੰਨਾ ਵਿਚਾਰ ਕੇ ਪਾਠ ਕਰਨਾ:- 135

ਬਾਲ ਲੀਲਾ ਸਮਾਪਤੰ:- 138

ਚਾਲੀ ਦਿਨ ਗੁਰ ਮੰਤ੍ਰ, ਚਾਲੀ ਦਿਨ ਮੂਲ ਮੰਤ੍ਰ:- 143, 441

ਦਵਾਈ ਨਹੀਂ ਵਰਤਣੀ:- 145, 256

ਭੂਤ ਭਵਿਖ ਦੇ ਜਾਨਣਹਾਰੇ:- 147

ਭਾਂਡਿਆਂ ਦੀ ਜੂਠ ਪੀਣਾ:- 150

ਮੱਛੀਆਂ ਦੀ ਰੀਸ ਕਰਕੇ ਪਾਣੀ ਵਿੱਚ ਤਪ ਕਰਨਾ:- 151, 247

ਸਤਿਗੁਰਾਂ ਦੇ ਪਰਤੱਖ ਦਰਸ਼ਨ:- 155, 601

ਸੱਚ ਖੰਡ ਦਰਸ਼ਨ:- 166, 379, 573, 590

ਬਿਬਾਨ ਚੜ੍ਹਕੇ ਸੱਚ ਖੰਡ ਪਿਆਨਾ:- 173, 399, 579

ਅੰਮ੍ਰਿਤ ਛਕਣ ਸਮੇਂ ਹੀ ਆਤਮ-ਗਿਆਨੀ ਹੋ ਜਾਣਾ:- 177

ਗੁਰੂ ਗ੍ਰੰਥ ਸਾਹਿਬ ਦੇ ਭੋਗ-ਉਪ੍ਰੰਤ ਫਿਰ ਜਪੁਜੀ ਜ਼ਰੂਰੀ:- 180, 282, 383

ਦਸਮੇਸ਼ ਜੀ ਵਾਂਗ ਹੀ ਬਾਮ੍ਹਣ ਦੇ ਠਾਕੁਰ ਰੋੜ੍ਹਨੇ:- 181

ਪੱਚੀ ਦਿਨ ਮੋਨ ਧਾਰਨ ਕਰਨਾ:- 181, 253, 277, 356, 403, 441

ਸੰਤ ਸੁੰਦਰ ਸਿੰਘ ਲਈ ਨਾਮ ਦੇਣਾ; ਮੁਰਾਰੇ, ਸ੍ਰੀ ਸੰਤ, ਦੀਨ ਦਿਆਨ, ਗੁਸਾਈਂ, ਸੁਆਮੀ, ਅੰਤਰਜਾਮੀ, ਹਰਿ ਸੰਤ, ਸੰਤ ਅਗਾਧ ਅਪਾਰ, ਸੰਤ ਸਿਰਤਾਜ, ਅਕਾਲ-ਰੂਪ, ਪ੍ਰਭੂ, ਨਾਥ, ਸਾਈਂ, ਹਰਿਜੀ, ਮਰਿਯਾਦਾ ਪ੍ਰਸ਼ੋਤਮ, ਸੁਆਮੀ:- 346, 355, 378, 398, 435, 436, 442, 411, 433, 453, 459, 496, 501, 519, 520, 540, 583, 593

ਮੂਲਮੰਤ੍ਰ ਦਾ ਸੰਪਟ ਲਾਕੇ ਪਾਠ ਕਰਨਾ:- 204, 362, ਠ 363, 460, 584, 604, 612

ਚਾਲੀ ਸਿੰਘਾਂ ਨੇ ਚਾਲੀ ਦਿਨ ਸਵਾ-ਸਵਾ ਲੱਖ ਮੂਲਮੰਤ੍ਰ ਕੀਤਾ:- 205

ਰਹਿਰਾਸ ਪੰਜ ਗ੍ਰੰਥੀ ਅਨੁਸਾਰ ਪੜ੍ਹਨੀ ਹੈ:- 210

ਜੱਥੇ ਦੇ ਸ਼ਬਦ ਗਾਇਨ ਸਮੇਂ ਰੁੱਖਾਂ ਤੋਂ ਰਸ ਚੋਣਾ ਤੇ ਪੰਛੀਆਂ ਨੇ ਰੁਕਣਾ:- 24

ਸੁੰਦਰ ਸਿੰਘ ਨੂੰ 1914 ਈ: ਵਿੱਚ ਕਨਖਲ ਵਿਖੇ 243 ਸਾਲ ਦੇ ਸੰਤ ਨਾਲ ਮਿਲਾਪ:- 231

ਅੰਮ੍ਰਿਤ ਦੇਣ ਸਮੇਂ ਦਸਮੇਸ਼ ਜੀ ਨੇ ਸੀਸ ਕੱਟ ਕੇ ਹੱਥ ਵਿੱਚ ਫੜ੍ਹੇ:- 232

ਪਠਾਣਾਂ ਨੂੰ ਸ਼ਹੀਦ ਦਿੱਸਣੇ ਤੇ ਪਾਗਲ ਹੋਕੇ ਕੱਪੜੇ ਫਾੜਨੇ:- 250

ਦਰਿਆ ਦੀ ਛੱਲ ਦਾ ਪਾਣੀ ਨੀਵੇਂ ਥਾਂ ਗਿਆ ਨਹ਼ੀ ਉੱਚੇ ਥਾਂ ਚੜ੍ਹ ਗਿਆ:- 251

ਗੁਰੂ ਅਮਰਦਾਸ ਜੀ ਨੇ ਕਿੱਲੀ ਫੜ੍ਹ ਕੇ ਤਪ ਕਰਨਾ:- 260

ਸੁਖਮਨੀ ਸੁਣ ਕੇ ਸੱਪ ਨੇ ਮਰ ਜਾਣਾ:- 264

ਬੀਬੀ ਜੀ ਦੀ ਇਹ ਵਡਿਆਈ ਸੀ ਕਿ ਸ਼ਾਦੀ ਨਹ਼ੀ ਕੀਤੀ:- 269

ਅਖੰਡ ਪਾਠ ਸਮੇਂ ਸਪੈਸ਼ਲ ਸਮੱਗਰੀ:- 271

ਕਿਰਤ ਨਾ ਕਰਨ ਨੂੰ ਸਲਾਹੁਣਾ:- 275

101 ਅਖੰਡਪਾਠ ਕਰਨੇ:- 275, 436, 440, 463, 465, 621, 636

ਪਾਠ ਸੁਨਣ ਮਗਰੋਂ ਬ੍ਰਿਕਤੀਆਂ ਨੇ ਤਨ ਦੇ ਬਸਤ੍ਰ ਲਾਹੁਣੇ, ਕੁਟੀਆ ਪਾਉਣੀਆਂ, ਬਨਵਾਸ ਲੈਣਾ:- 282, 286

ਗੁਰੂ ਦੇ ਖੂਹ ਤੋਂ ਮਾਸ਼ਕੀ ਪਾਣੀ ਨਾ ਭਰਨ ਦੇਣਾ ਅਤੇ ਬੋਕਾ ਪਾਣੀ:- 314, 328

ਹਰਾ, ਲਾਲ, ਭਗਵਾਂ, ਸੂਹਾ ਰੰਗ ਤਿਆਗਣਾ:- 321, 475

ਗੁਰੂ ਕੇ ਲੰਗਰ ਵਿੱਚ ਸਾਧੂਆਂ ਦੀ ਪੰਗਤ ਅਲੱਗ ਲਾਉਣੀ:- 345

ਅਰਦਾਸ ਮਗਰੋਂ ਆਰਤੀ:- 352

ਛੇ ਮਹੀਨੇ ਦੀਆਂ ਸਮਾਧੀਆਂ ਲਾਉਣੀਆਂ:- 355

ਸਤਿਗੁਰ ਕੀ ਕਾਸ਼ੀ ਵਸਣ ਦਾ ਫਲ:- 370

ਸਿੱਖ ਨੇ ਅੰਬ ਰਾਹ ਵਿੱਚ ਚੂਪ ਲੈਣਾ ਤੇ ਗੁਠਲੀ ਲੈ ਜਾਣਾ:- 380

ਸੁਖਮਨੀ ਪੜ੍ਹਨ ਨਾਲ ਸਭ ਸੁਖ ਮਿਲਣੇ:- 402

ਪੱਚੀ ਗੁਰੂ ਗ੍ਰੰਥ ਸਾਹਿਬ ਇਕੱਠੇ ਪ੍ਰਕਾਸ਼ ਕਰਨੇ:- 413, 414, 416 (ਮਹਾਤਮ ਪੰ: 419)

ਸੱਤ ਅਖੰਡ ਪਾਠ ਕਰਾਉਣੇ:- 418

ਪੰਦਰਾਂ ਅਖੰਡ ਪਾਠ ਕਰਾਉਣੇ:- 444

ਮੱਧ ਦੀ ਅਰਦਾਸ/ਕਥਾ:- 421

ਸੁਚੈ ਦੇ ਅਰਥ ਸੁੱਚ ਦੀ ਜਗ੍ਹਾ ਸੋਚਣਾ ਕਰਨੇ:- 423

ਮੁਕਤੀ-ਲਾੜੀ ਵਿਆਹੁਣਾ:- 428

ਸੰਤ-ਦਰਸ ਫਲ:- 430, 436, 523

ਮਹੋਛੇ ਕਰਕੇ ਵਿਹਲੜ ਸਾਧਾਂ ਨੂੰ ਖੁਆਉਣਾ:- 434

ਮ੍ਰਿਤਕ ਰਸਮ ਦਸਵੇਂ ਮੁਕਾਵੇ:- 444

ਮਾਲਾ ਮੰਤ੍ਰ:- 457

ਮਨੀ ਸਿੰਘ ਨੂੰ ਸੰਪਰਦਾਇ ਚਲਾਉਣ ਨੂੰ ਕਿਹਾ:- 458

ਬੇਨਤੀ ਚੌਪਈ ਤੀਰ ਸਤੱਦ੍ਰਵ ਤੱਕ ਵੀਚਾਰੇ:- 471

ਅੰਮ੍ਰਿਤ ਛਕਾਉਣ ਸਮੇਂ ਮੂਲਮੰਤ੍ਰ ਪਉੜੀ ਸਮੇਤ ਪੜ੍ਹਾਉਣਾ:- 471

ਸ਼ਰੀਰਕ ਪਵਿਤ੍ਰਤਾ:- 504

ਸ਼ੰਤਾਂ ਦੇ ਇਸ਼ਨਾਨ ਜਲ ਨਾਲ ਰਾਜੀ ਹੋਣਾ, ਰਾਜੇ ਨੇ:- 523

ਅਕਾਲ ਕੁਟੀਆ, ਗੁਰੂਆਂ ਨੂੰ ਅਵਤਾਰੀ ਸਿੱਧ ਕਰਨਾ:- 543

ਛੱਬੀ ਅਖੰਡ ਪਾਠ ਪ੍ਰਕਾਸ਼ ਕਰਨਾ:- 554

ਹੰਸ ਸਮਾਨ ਬ੍ਰਿਤੀ ਪਾਣੀ ਛੱਡ ਦੁੱਧ ਛਕਣਾ:- 555

ਸਪਤਾਹਿਕ ਪਾਠ:- 561, 601

ਹਰ ਪੂਰਨਮਾਸ਼ੀ ਨੂੰ ਅਖੰਡ ਪਾਠ:- 570

ਗੁਰ-ਸ਼ਬਦ ਦੀ ਵਿਆਖਿਆ ਤੋਂ ਪਹਿਲਾਂ ਕੱਚੀ ਬਾਣੀ ਵਾਲਾ ਮੰਗਲਾਚਰਨ ਜ਼ਰੂਰੀ:- 574

ਹਰ ਰੋਜ਼ ਮੂਲਮੰਤ੍ਰ ਦੀ 33 ਮਾਲਾ, ਜਾਂ ਪੰਜ ਸੁਖਮਨੀ, ਜਾਂ 25 ਜਪੁਜੀ, ਜਾਂ ਪੰਜ ਗ੍ਰੰਥੀ, ਜਾਂ 25 ਹਜ਼ਾਰ ਵਾਹਿਗੁਰੂ ਮੰਤ੍ਰ ਜਪਣਾ ਕਰੋ:- 577, 615

ਕਛਹਿਰੇ ਉਪਰ ਵਸਤੂ ਨਹੀਂ ਪਾਉਣਾ:- 577

ਹੱਥ ਵਿੱਚ ਤੀਰ ਰੱਖਣਾ:- 577

ਪਾਠੀ ਦੀ ਅਪਵਿਤ੍ਰਤਾ ਕਰਕੇ ਰੋਗ ਨਾ ਹਟਣਾ ਤੇ ਉਸ ਰੋਗ ਨੂੰ ਆਪਣੇ ਉੱਪਰ ਲੈ ਲੈਣਾ:- 580

ਮੂਲਮੰਤ੍ਰ ਸਲੋਕ ਸਮੇਤ:- 596

ਅਖੰਡ ਪਾਠ ਤੇ ਆਸਾ ਦੀ ਵਾਰ ਇਕੱਠੇ ਚੱਲਣੇ:- 597

ਗਰਮੀ ਸਮੇਂ ਰੇਤ ਦੇ ਟਿੱਬੇ ਤੇ, ਠੰਢ ਸਮੇਂ ਪਾਣੀ ਵਿੱਚ ਤਪ ਕਰਨ ਨੂੰ ਦੁੱਖ-ਸੁੱਖ ਸਮਤਾ ਸਿੱਧ ਕਰਨਾ:- 601

ਸਿੱਖ-ਪੰਥ ਤੋਂ ਵੱਖਰੀ ਮਰਿਯਾਦਾ ਥਾਪਣੀ:- 604

ਫਰੀਦਕੋਟੀ ਟੀਕਾ:- 617

ਗੁਰੂ ਨਹੀਂ ਸਗੋਂ ਸਿੰਘ ਰਖਵਾਲੇ:- 623

ਸਵਾ ਲੱਖ ਵਾਹਿਗੁਰੂ:- 624

ਜਥੇ ਦੇ ਸਿੰਘਾਂ ਨੂੰ ਸੁੱਖੇ ਦੀ ਮਨਾਹੀ ਨਹੀਂ:- 631

ਇਹ ਤੇਜ ਸੁਭਾਉ ਤੇ ਲੜਾਕੇ ਵੀ ਹੋ ਸਕਦੇ ਹਨ:- 634

ਗਜ਼ਾ ਕਰਨਾ/ਮੰਗ ਖਾਣਾ:- 634

ਇਹ ਸੰਪਰਦਾਈ ਰੀਤ ਹੈ ਤੇ ਸੰਪਰਦਾਈ ਅਰਥ ਕਰਨੇ ਹਨ:- 640, 641

ਇਹ ਉਪਰ ਵਾਲੀ ਸਾਰੀ ਲਾਲ ਅੱਖਰਾਂ ਵਾਲੀ ਲਿਖਤ ਪ੍ਰੋ: ਇੰਦਰ ਸਿੰਘ ਘੱਗਾ ਦੀ ਹੈ। ਹੁਣ ਜੇ ਕਰ ਤੁਸੀਂ ਇਹ ਲਿਖਤ ਗੁਰਬਾਣੀ ਨੂੰ ਅਧਾਰ ਬਣਾ ਕੇ ਅਕਲ ਨਾਲ ਪੜ੍ਹੋ ਤਾਂ ਘੱਗੇ ਦੀ ਲਿਖਤ ਵਿੱਚ ਕੁੱਝ ਵੀ ਗਲਤ ਨਜ਼ਰ ਨਹੀਂ ਆਵੇਗਾ ਪਰ ਜੇ ਕਰ ਤੁਸੀਂ ਅੰਧ-ਵਿਸਵਾਸ਼ੀ ਧੂਤੇ ਬਣ ਕੇ ਪੜ੍ਹੋ ਤਾਂ ਸਾਰੀ ਲਿਖਤ ਹੀ ਗਲਤ ਨਜ਼ਰ ਆਵੇਗੀ ਅਤੇ ਇਹ ਕਥਿਤ ਮਹਾਂ-ਪੁਰਸ਼ਾਂ ਦੀ ਨਿੰਦਿਆ ਲੱਗੇਗੀ।

ਟਕਸਾਲੀਏ ਗੁਰਬਚਨ ਸਿੰਘ ਭਿੰਡਰਾਂਵਾਲੇ ਨੂੰ ਸਭ ਤੋਂ ਵੱਡਾ ਬ੍ਰਹਮ ਗਿਆਨੀ ਸਮਝਦੇ ਹਨ ਅਤੇ ਉਹਨਾ ਦੀਆਂ ਲਿਖੀਆਂ ਲਿਖਤਾਂ ਨੂੰ ਗੁਰਬਾਣੀ ਨਾਲੋਂ ਵੀ ਵਧੇਰੇ ਮਹੱਤਤਾ ਦਿੰਦੇ ਹਨ। ਹੋਰ ਵੀ ਵੱਡੀ ਗੱਲ ਇਹ ਹੈ ਕਿ ਜਰਨੈਲ ਸਿੰਘ ਭਿੰਡਰਾਂਵਾਲਾ ਸਾਧ ਸਾਰੀ ਗੁਰਮਤਿ/ਮਨਮਤਿ ਦੀ ਸਿੱਖਿਆ ਇਸ ਗੁਰਬਚਨ ਸਿੰਘ ਤੋਂ ਹੀ ਲੈ ਕੇ ਆਇਆ ਸੀ ਅਤੇ ਉਸ ਦੇ ਉਹੀ ਵਿਚਾਰ ਸਨ ਜੋ ਗੁਰਬਚਨ ਸਿੰਘ ਦੀਆਂ ਕਿਤਾਬਾਂ ਵਿੱਚ ਲਿਖੇ ਹੋਏ ਹਨ। ਗੁਰਬਚਨ ਸਿੰਘ ਦੀਆਂ ਕਿਤਾਬਾਂ ਵਿੱਚ ਕਿਤਨੀ ਕੁ ਗੁਰਮਤਿ ਹੈ ਇਹ ਤੁਸੀਂ ਖੁਦ ਹੀ ਜਾਣ ਸਕਦੇ ਹੋ। ਦਸਮ ਗ੍ਰੰਥ ਦੇ ਗੰਦੇ ਪੋਥੇ ਦੀ ਅਖੰਡਪਾਠ ਦੀ ਮਰਯਾਦਾ ਵੀ ਇਹਨਾ ਨੇ ਲਿਖੀ ਹੋਈ ਹੈ ਅਤੇ ਇਸ ਦਾ ਪ੍ਰਕਾਸ/ਹਨੇਰਾ ਵੀ ਨਾਲ ਹੀ ਮੰਜੀ ਡਾਹ ਕੇ ਕਰਦੇ ਹਨ, ਜਿਸ ਤਰ੍ਹਾਂ ਪਟਨੇ ਤੇ ਨੰਦੇੜ ਹੁੰਦਾ ਹੈ। ਆਪਣੀ ਟਕਸਾਲ ਨੂੰ ਇਹ ਦਸਮੇਂ ਗੁਰੂ ਵਲੋਂ ਚਲਾਈ ਦਸਦੇ ਹਨ ਅਤੇ ਇਹ ਸਾਰਾ ਕੁੱਝ ਧੱਕੇ ਨਾਲ ਹੀ ਸਾਰਿਆਂ ਤੇ ਠੋਸਣਾ ਚਾਹੁੰਦੇ ਹਨ।

ਆਓ ਹੁਣ ਪਾਂਡਿਆਂ ਦੇ ਝੂਠ ਬਾਰੇ ਵੀ ਗੱਲ ਕਰ ਲਈਏ। ਇਹ ਪਾਂਡੇ ਕੋਈ ਧੋਤੀ ਬੋਦੀ ਵਾਲੇ ਨਹੀਂ ਹਨ, ਇਹ ਪਾਂਡੇ ਦਾੜੀਆਂ ਵਾਲੇ ਪਗੜੀਧਾਰੀ ਹਨ। ਜਿਸ ਤਰ੍ਹਾਂ ਧੋਤੀ ਬੋਦੀ ਵਾਲੇ ਪਾਂਡੇ ਧਰਮ ਦੇ ਨਾਮ ਤੇ ਝੂਠ ਬੋਲ ਕੇ ਆਮ ਲੋਕਾਈ ਨੂੰ ਗੁਮਰਾਹ ਕਰਦੇ ਸਨ ਉਸੇ ਤਰ੍ਹਾ ਇਹ ਦਾੜੀਆਂ ਵਾਲੇ ਪਾਂਡੇ ਕਰਦੇ ਹਨ। ਇਹ ਪਾਂਡੇ ਝੂਠ ਬੋਲ ਕੇ ਅਤੇ ਝੂਠੀਆਂ ਕਹਾਣੀਆਂ ਘੜ ਕੇ ਸਾਧ ਜਰਨੈਲ ਸਿੰਘ ਨੂੰ ਬਹੁਤ ਵੱਡਾ ਹੀਰੋ ਬਣਾ ਕੇ ਪੇਸ਼ ਕਰਦੇ ਹਨ। ਜਿਸ ਨਾਲ ਧੂਤੇ ਪੈਦਾ ਹੁੰਦੇ ਹਨ। ਇਹ ਪੈਦਾ ਹੋਏ ਧੂਤੇ ਫਿਰ ਕੋਈ ਵੀ ਗੱਲ ਟਕਸਾਲ ਅਤੇ ਜਰਨੈਲ ਸਿੰਘ ਵਿਰੁੱਧ ਸੁਣਨ ਨੂੰ ਤਿਆਰ ਨਹੀਂ ਹੁੰਦੇ ਅਤੇ ਹੱਥੋਪਾਈ ਤੇ ਉੱਤਰ ਆਉਂਦੇ ਹਨ। ਪਿਛਲੇ ਲੱਗ-ਭੱਗ 37 ਸਾਲਾਂ ਤੋਂ ਇਹੀ ਕੁੱਝ ਹੋ ਰਿਹਾ ਹੈ। ਪਾਂਡੇ ਇਤਨੇ ਢੀਠ ਅਤੇ ਝੂਠ ਬੋਲਣ ਵਿੱਚ ਮਾਹਰ ਹਨ ਕਿ ਇਹ ਲੁਕ ਕੇ ਬੈਠੇ ਸਾਧ ਨੂੰ ਕਹਿੰਦੇ ਹਨ ਕਿ ਉਹ ਅਕਾਲ ਤਖ਼ਤ ਅਤੇ ਹਰਿਮੰਦਰ ਸਾਹਿਬ ਦੀ ਰਾਖੀ ਲਈ ਸ਼ਹੀਦ ਹੋਇਆ ਹੈ। ਇਹ ਸਾਰੇ ਪਾਂਡੇ ਅਤੇ ਇਹਨਾ ਦੇ ਸਹਿਯੋਗੀ ਇਕੋ ਗੱਲ ਦਾ ਜਵਾਬ ਦੇ ਦੇਣ ਕਿ ਕਿਹੜੀ ਚੀਜ ਦੀ ਉਸ ਨੇ ਰਾਖੀ ਕੀਤੀ ਹੈ ਜਿਹੜੀ ਕਿ ਉਸ ਨੇ ਉਥੇ ਬਚਾ ਲਈ ਹੈ? ਜੇ ਕਰ ਉਹ ਉਥੇ ਨਾ ਹੁੰਦਾ ਤਾਂ ਸਰਕਾਰ ਨੇ ਲੁੱਟ ਲੈਣੀ ਸੀ ਜਾਂ ਤਬਾਹ ਕਰ ਦੇਣੀ ਸੀ। ਉਸ ਦੀ ਰਾਖੀ ਪਹਿਲਾਂ ਕੌਣ ਕਰਦਾ ਸੀ ਅਤੇ ਹੁਣ ਕੌਣ ਕਰਦਾ ਹੈ? ਜੇ ਕਰ ਸਰਕਾਰ ਦੀ ਮਨਸ਼ਾ ਸਿਰਫ ਤੁਹਾਡਾ ਅਕਾਲ ਤਖ਼ਤ ਢਾਉਣਾ ਹੀ ਸੀ ਤਾਂ ਸਰਕਾਰ ਨੂੰ ਸੰਤਾ ਸਿੰਘ ਤੋਂ ਦੁਬਾਰਾ ਬਣਾਉਣ ਦੀ ਕੀ ਲੋੜ ਸੀ? ਅਸੀਂ ਇਹ ਨਹੀਂ ਕਹਿੰਦੇ ਅਤੇ ਨਾ ਹੀ ਅੱਜ ਤੱਕ ਕਦੀ ਕਿਹਾ ਹੈ ਕਿ ਸਰਕਾਰ ਗਲਤ ਨਹੀਂ ਸੀ। ਜੇ ਕਰ ਸਰਕਾਰ ਗਲਤ ਸੀ ਤਾਂ ਤੁਹਾਡਾ ਇਹ ਲੁਕ ਕੇ ਬੈਠਾ ਸਾਧ ਵੀ ਉਤਨਾ ਹੀ ਗਲਤ ਸੀ। ਮੰਨ ਲਓ ਕਿ ਤੁਹਾਡਾ ਕੋਈ ਖਾਲਿਸਤਾਨ/ਪਾਗਲਸਤਾਨ ਬਣ ਜਾਂਦਾ ਹੈ, ਜਿਸ ਦੀ ਉਮੀਦ ਤਾ ਕੋਈ ਨਹੀਂ, ਕਿਉਂਕਿ ਇਹਨਾ ਦੀਆਂ ਤਾਂ ਤਕਰੀਬਨ ਹਰ ਵਾਰੀ ਜਮਾਨਤਾਂ ਜਬਤ ਹੁੰਦੀਆਂ ਹਨ ਅਤੇ ਹੁਣੇ ਹੀ ਹੋ ਕੇ ਹਟੀਆਂ ਹਨ। ਪਰ ਫਿਰ ਵੀ ਚਲੋ ਇੱਕ ਮਿੰਟ ਲਈ ਮੰਨ ਲਓ ਕਿ ਤੁਹਾਡਾ ਰਾਜ ਆ ਗਿਆ ਹੈ। ਅਤੇ ਫਿਰ ਜੇ ਕਰ ਤੁਹਾਡੇ ਰਾਜ ਵਿੱਚ ਕੋਈ ਕੱਟੜ ਹਿੰਦੂ ਕਿਸੇ ਮੰਦਰ ਵਿੱਚ ਲੁਕ ਕੇ ਸਰਕਾਰ ਨੂੰ ਵੰਗਾਰੇ ਤਾਂ ਕੀ ਤੁਸੀਂ ਬਰਦਾਸ਼ਤ ਕਰ ਲਉਂਗੇ?

ਹੁਣ ਤੁਸੀਂ ਪੁੱਛੋਂਗੇ ਕਿ ਇਹ ਝੂਠ ਬੋਲਣ ਵਾਲੇ ਪਾਂਡੇ ਕਿਤਨੇ ਕੁ ਹੋ ਸਕਦੇ ਹਨ? ਇਹਨਾ ਪਾਂਡਿਆਂ ਦੀ ਸਹੀ ਗਿਣਤੀ ਕਰਨੀ ਤਾਂ ਸੰਭਵ ਨਹੀਂ ਹੈ ਪਰ ਹੈਣ ਕਾਫੀ। ਹਰ ਉਹ ਵਿਆਕਤੀ ਜਿਹੜਾ ਬੋਲ ਕੇ ਜਾਂ ਲਿਖ ਕੇ ਭਿੰਡਰਾਂਵਾਲੇ ਸਾਧ ਦੀਆਂ ਝੂਠੀਆਂ ਸਿਫਤਾਂ ਕਰੇ, ਉਸ ਨੂੰ ਝੂਠ ਬੋਲਣ ਵਾਲਾ ਪਾਂਡਾ ਹੀ ਸਮਝਣਾ ਚਾਹੀਦਾ ਹੈ। ਇਹ ਪਾਂਡੇ ਝੂਠ ਬੋਲ-ਬੋਲ ਕੇ ਧੂਤੇ ਪੈਦਾ ਕਰਦੇ ਹਨ। ਇਹ ਪੈਦਾ ਹੋਏ ਧੂਤੇ ਹਰ ਤਾਂ ਤੇ ਖ਼ਲਲ ਪਾ ਕੇ ਸਿੱਖੀ ਨੂੰ ਬਦਨਾਮ ਕਰਦੇ ਹਨ। ਇਹ ਧੂਤੇ ਕਦੀ ਵੀ ਕਿਸੇ ਦੇ ਮਿੱਤ ਨਹੀਂ ਹੋ ਸਕਦੇ। ਜੇ ਕਰ ਇਹ ਧੂਤੇ ਝੂਠ ਬੋਲਣ ਵਾਲੇ ਪਾਂਡਿਆਂ ਨਾਲ ਵੀ ਕਿਸੇ ਗੱਲ ਤੇ ਸਹਿਮਤ ਨਾ ਹੋਏ ਤਾਂ ਇਹ ਉਹਨਾ ਤੇ ਵੀ ਹਮਲੇ ਕਰ ਸਕਦੇ ਹਨ।

ਜਿਵੇਂ ਕਿ ਮੈਂ ਪਹਿਲਾਂ ਵੀ ਇਸ ਲੇਖ ਦੇ ਸ਼ੁਰੂ ਵਿੱਚ ਲਿਖਿਆ ਸੀ ਕਿ ਜਰੂਰੀ ਨਹੀਂ ਕਿ ਤੁਸੀਂ ਮੇਰੀ ਹਰ ਗੱਲ ਨਾਲ ਸਹਿਮਤ ਹੋਵੋਂ, ਤੁਹਾਨੂੰ ਆਪਣੇ ਵਿਚਾਰ ਰੱਖਣ ਦੀ ਖੁੱਲ ਹੈ। ਵੱਖਰੇ ਵਿਚਾਰਾਂ ਕਾਰਨ ਜਿਸਮਾਨੀ ਹਮਲੇ ਕਰਨੇ, ਬਹਾਦਰੀ ਨਹੀਂ ਕਾਇਰਤਾ ਹੁੰਦੀ ਹੈ। ਇਹ ਇੱਕ ਜਾਂਗਲੀ ਕਿਸਮ ਦੀ ਸੋਚਣੀ ਹੈ। ਜੇ ਸਾਰੀ ਦੁਨੀਆ ਦੇ ਲੋਕ ਹੀ ਇਸ ਤਰ੍ਹਾਂ ਕਰਨ ਲੱਗ ਪੈਣ ਤਾਂ ਕੀ ਹੋਵੇਗਾ? ਡੋਨਲ ਟਰੰਪ ਨੇ ਲੋਕਾਂ ਦੇ ਮਨਾ ਵਿੱਚ ਜੋ ਨਸਲੀ ਜ਼ਹਿਰ ਭਰੀ ਹੈ ਉਸ ਨਾਲ ਘੱਟ ਗਿਣਤੀਆਂ ਤੇ ਹਮਲੇ ਹੋਣ ਵਿੱਚ ਵਾਧਾ ਹੋਇਆ ਹੈ। ਭਾਂਵੇਂ ਕਿ ਹਿੰਸਕ ਕਾਰਵਾਈਆਂ ਕੁੱਝ ਕੁ ਗੋਰਿਆਂ ਵਲੋਂ ਹੀ ਕੀਤੀਆਂ ਗਈਆਂ ਹਨ ਪਰ ਫਿਰ ਵੀ ਘੱਟ ਗਿਣਤੀਆਂ ਵਿੱਚ ਸਹਿਮ ਵਧਿਆ ਹੈ। ਜੇ ਕਰ ਸਾਰੇ ਹੀ ਗੋਰੇ ਹਿੰਸਕ ਕਾਰਵਾਈਆਂ ਕਰਨ ਵਿੱਚ ਉਤਰ ਆਉਣ ਤਾਂ ਦੱਸੋ ਕੀ ਹੋਵੇਗਾ? ਘੱਗੇ ਤੇ ਜਿਸਮਾਨੀ ਹਮਲੇ ਕਰਨ ਵਾਲਿਆਂ ਨੂੰ ਵਿਚਾਰ ਲੈਣਾ ਚਾਹੀਦਾ ਹੈ ਕਿ ਸੱਚ ਨੂੰ ਤੁਸੀਂ ਆਪਣੀਆਂ ਹਿੰਸਕ ਕਾਰਵਾਈਆਂ ਕਰਕੇ ਦਬਾ ਨਹੀਂ ਸਕਦੇ ਇਹ ਪ੍ਰਗਟ ਹੋ ਕੇ ਹੀ ਰਹਿਣਾ ਹੈ। ਤੁਸੀਂ ਡਰਾ ਧਮਕਾ ਕੇ ਕਿਤਨਿਆਂ ਕੁ ਦੀਆਂ ਜ਼ੁਬਾਨਾ ਬੰਦ ਕਰੋਂਗੇ ਜਾਂ ਕਲਮਾਂ ਤੋੜੋਂਗੇ। ਸੱਚ ਨੂੰ ਸਮਝਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਜਰਮਨੀ ਵਿੱਚ ਜੋ ਹੁਣੇ ਹੀ ਦਸਮ ਗ੍ਰੰਥ ਬਾਰੇ ਹੋ ਕੇ ਹਟਿਆ ਹੈ ਉਹ ਸਾਰਿਆਂ ਦੇ ਸਾਹਮਣੇ ਹੈ। ਇੰਟਰਨੈੱਟ ਤੇ ਸਭ ਤੋਂ ਪਹਿਲਾਂ ਇਸ ਦਸਮ ਗ੍ਰੰਥ ਦੇ ਗੰਦੇ ਪੋਥੇ ਬਾਰੇ ਅਸੀਂ ਹੀ ‘ਸਿੱਖ ਮਾਰਗ’ ਤੇ ਲਿਖਣਾ ਸ਼ੁਰੂ ਕੀਤਾ ਸੀ। ਕਿਤਨਿਆਂ ਨੇ ਸਿੱਖ ਮਾਰਗ ਦੀ ਵਿਰੋਧਤਾ ਕੀਤੀ ਹੈ ਅਤੇ ਹੁਣ ਵੀ ਕਰ ਰਹੇ ਹਨ ਤਾਂ ਕੀ ਉਹਨਾ ਦੇ ਇਸ ਤਰ੍ਹਾਂ ਕਰਨ ਨਾਲ ਸੱਚ ਦੱਬ ਗਿਆ ਹੈ? ਧੂਤਿਓ ਅਤੇ ਧੂਤਿਆਂ ਨੂੰ ਪੈਦਾ ਕਰਨ ਵਾਲੇ ਪਾਂਡਿਓ ਇੱਕ ਗੱਲ ਧਿਆਨ ਨਾਲ ਸੁਣ ਲਓ ਕਿ ਤੁਹਾਡਾ ਝੂਠ ਇੱਕ ਨਾ ਇੱਕ ਦਿਨ ਨੰਗਾ ਹੋ ਕੇ ਹੀ ਰਹਿਣਾ ਹੈ। ਜਿਉਂ-ਜਿਉਂ ਗੁਰਬਾਣੀ ਵਾਲੀ ਸੱਚ ਦੀ ਕਸਵੱਟੀ ਵਰਤ ਹੁੰਦੀ ਗਈ ਤਿਉਂ-ਤਿਉਂ ਗੰਦੇ ਗ੍ਰੰਥਾਂ ਅਤੇ ਗੰਦੇ ਸੰਤਾਂ ਦਾ ਪਾਜ ਉਘੜਦਾ ਹੀ ਜਾਣਾ ਹੈ ਫਿਰ ਇੱਕ ਦਿਨ ਉਹ ਵੀ ਆ ਜਾਣਾ ਹੈ ਜਦੋਂ ਸੂਝਵਾਨ ਲੋਕਾਂ ਨੇ ਕਹਿਣ ਲੱਗ ਪੈਣਾ ਹੈ ਕਿ:

ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ॥ ਅੰਤਰਜਾਮੀ ਸਭੁ ਕਿਛੁ ਜਾਨੈ ਉਸ ਤੇ ਕਹਾ ਛਪਾਇਆ॥ ਪੰਨਾ 381

ਮੱਖਣ ਸਿੰਘ ਪੁਰੇਵਾਲ,

ਮਾਰਚ 12, 2017.
.