.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ-ਚੌਥਾ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਭਾ: ਗੁਰਦਾਸ ਜੀ ਦੀਆਂ ਰਚਨਾਵਾਂ `ਚ ਗੁਰੂ ਹਸਤੀਆਂ ਲਈ "ਗੁਰੂ" ਪਦ ਦੀ ਵਰਤੋਂ" - "ੴ" ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਭਾਵ "ਸੰਪੂਰਣ ਗੁਰਬਾਣੀ `ਚ" "ਗੁਰੂ ਹਸਤੀਆਂ" ਲਈ ਖੁੱਲ ਕੇ ਵਰਤੇ ਹੋਏ "ਗੁਰੂ" ਪਦ ਦੇ ਦਰਸ਼ਨ ਕਰਣ ਤੋਂ ਬਾਅਦ, ਅਸੀਂ ਹੁਣ ਉਸੇ ਤਰ੍ਹਾਂ "ਗੁਰੂ ਹਸਤੀਆਂ" ਲਈ, "ਗੁਰੂ" ਪਦ ਦੀ ਵਰਤੋਂ ਦੇ ਦਰਸ਼ਨ ਕਰਦੇ ਹਾਂ, ਪੰਥ ਦੇ ਮਹਾਨ ਵਿਦਵਾਨ ਭਾ: ਗੁਰਦਾਸ ਜੀ ਦੀਆਂ ਰਚਨਾਵਾਂ `ਚੋਂ ਵੀ। ਤਾਂ ਤੇ:-

ਭਾਈ ਗੁਰਦਾਸ ਜੀ ਦੀ ਵਾਰ ੧/ਪਉ: ੨੭, ੪੫, ੪੬, ਵਾਰ ੩/ ਪਉ: ੨, ੧੨, ੧੩, ੨੦, ਵਾਰ ੧੩/ ਪਉ: ੨੫, ਵਾਰ ੨੦/ ਪਉ: ੧, ਵਾਰ ੨੪/ ਪਉ: ੨, ੨੫, ਵਾਰ ੩੮/ ਪਉ: ੨੦, ਵਾਰ ੩੯/ ਪਉ: ੨ `ਚ ਨੰਬਰਵਾਰ:-

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ (੧-੨੭-੧)

ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ (੧-੨੭-੨)

ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਯਾ॥ (੧-੪੫-੪)

ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰ ਛਤ੍ਰ ਫਿਰਾਯਾ॥ (੧-੪੫-੫)

ਜੋਤੀ ਜੋਤ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਯਾ॥ (੧-੪੫-੬)

ਲਖ ਨ ਕੋਈ ਸਕਈ ਆਚਰਜੇ ਆਚਰਜ ਦਿਖਾਯਾ॥ (੧-੪੫-੭)

ਕਾਯਾਂ ਪਲਟ ਸਰੂਪ ਬਣਾਯਾ॥ ੪੫॥ (੧-੪੫-੮)

ਸੋ ਟਿਕਾ ਸੋ ਛਤ੍ਰ ਸਿਰ ਸੋਈ ਸਚਾ ਤਖਤ ਟਿਕਾਈ॥ (੧-੪੬-੧)

ਗੁਰ ਨਾਨਕ ਹੰਦੀ ਮੋਹਰ ਹਥ ਗੁਰ ਅੰਗਦ ਦੀ ਦੋਹੀ ਫਿਰਾਈ॥ (੧-੪੬-੨). .

ਲਹਿਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ॥ (੧-੪੬-੫)

ਗੁਰ ਬੈਠਾ ਅਮਰ ਸਰੂਪ ਹੋ ਗੁਰਮੁਖ ਪਾਈ ਦਾਤ ਇਲਾਹੀ॥ (੧-੪੬-੬)

ਗੁਰ ਚੇਲੇ ਰਹਿਰਾਸ ਅਲਖ ਅਭੇਉ ਹੈ॥ (੩-੨-੧)

ਗੁਰ ਚੇਲੇ ਸ਼ਾਬਾਸ਼ ਨਾਨਕ ਦੇਉ ਹੈ॥ (੩-੨-੨)

ਸਤਿਗੁਰ ਨਾਨਕ ਦੇਉ ਗੁਰਾਂ ਗੁਰ ਹੋਇਆ॥ (੩-੧੨-੧)

ਅੰਗਦ ਅਲਖ ਅਮੇਉ ਸਹਿਜ ਸਮੋਇਆ॥ (੩-੧੨-੨)

ਅਮਰਹੁ ਅਮਰ ਸਮੇਉ ਅਲਖ ਅਲੋਇਆ॥ (੩-੧੨-੩)

ਰਾਮ ਨਾਮ ਅਰਿ ਖੇਉ ਅੰਮ੍ਰਿਤ ਚੋਇਆ॥ (੩-੧੨-੪)

ਗੁਰ ਅਰਜਨ ਕਰ ਸੇਉ ਢੋਐ ਢੋਇਆ॥ (੩-੧੨-੫)

ਗੁਰ ਹਰਿ ਗੋਬਿੰਦ ਅਮੇਉ ਵਿਲੋਇ ਵਿਲੋਇਆ॥ (੩-੧੨-੬)

ਸੱਚਾ ਸਚ ਸੁਚੇਉ ਸਚ ਖਲੋਇਆ॥ (੩-੧੨-੭)

ਪਾਰਬ੍ਰਹਮ ਪੂਰਣ ਬ੍ਰਹਮ ਗੁਰ ਨਾਨਕ ਦੇਉ॥ (੧੩-੨੫-੧)

ਗੁਰ ਅੰਗਦ ਗੁਰ ਅੰਗ ਤੇ ਸਚ ਸ਼ਬਦ ਸਮੇਉ॥ (੧੩-੨੫-੨)

ਅਮਰਾ ਪਦ ਗੁਰੁ ਅੰਗਦਹੁੰ ਅਤਿ ਅਲਖ ਅਭੇਉ॥ (੧੩-੨੫-੩)

ਗੁਰ ਅਮਰਹੁੰ ਗੁਰੁ ਰਾਮਦਾਸ ਗਤਿ ਅਛਲ ਛਲੇਉ॥ (੧੩-੨੫-੪)

ਰਾਮਦਾਸ ਅਰਜਨ ਗੁਰੂ ਅਬਿਚਲ ਅਰਖੇਉ॥ (੧੩-੨੫-੫)

ਹਰਿਗੋਵਿੰਦ ਗੋਵਿੰਦ ਗੁਰੁ ਕਾਰਣ ਕਰਣੇਉ॥ ੨੫॥ ੧੩॥ (੧੩-੨੫-੬)

ਸਤਿਗੁਰ ਨਾਨਕ ਦੇਉ ਆਪ ਉਪਾਇਆ॥ (੨੦-੧-੨)

ਗੁਰ ਅੰਦਰ ਗੁਰਸਿਖੁ ਬਬਾਣੈ ਆਇਆ॥ (੨੦-੧-੩)

ਗੁਰਸਿਖੁ ਹੈ ਗੁਰ ਅਮਰ ਸਤਿਗੁਰ ਭਾਇਆ॥ (੨੦-੧-੪)

ਰਾਮਦਾਸੁ ਗੁਰਸਿਖੁ ਗੁਰੁ ਸਦਵਾਇਆ॥ (੨੦-੧-੫)

ਗੁਰੁ ਅਰਜਨੁ ਗੁਰਸਿਖੁ ਪਰਗਟੀ ਆਇਆ॥ (੨੦-੧-੬)

ਗੁਰਸਿਖੁ ਹਰ ਗੋਵਿੰਦ ਨ ਲੁਕੈ ਲੁਕਾਇਆ॥ ੧॥ (੨੦-੧-੭)

ਆਦਿ ਪੁਰਖੁ ਆਦੇਸੁ ਹੈ ਅਬਿਨਾਸੀ ਅਤਿ ਅਛਲ ਅਛੇਉ॥ (੨੪-੨-੬)

ਜਗਤੁ ਗੁਰੂ ਗੁਰੁ ਨਾਨਕ ਦੇਉ॥ ੨॥ (੨੪-੨-੭)

ਸਤਿਗੁਰ ਸਚਾ ਪਾਤਿਸਾਹੁ ਬੇਪਰਵਾਹੁ ਅਥਾਹੁ ਸਹਾਬਾ॥ (੨੪-੩-੧)

ਨਾਉ ਗਰੀਬ ਨਿਵਾਜੁ ਹੈ ਬੇਮੁਹਤਾਜ ਨ ਮੋਹੁ ਮੁਹਾਬਾ॥ (੨੪-੩-੨)

ਬੇਸੁਮਾਰੁ ਨਿਰੰਕਾਰੁ ਹੈ ਅਲਖ ਅਪਾਰੁ ਸਲਾਹ ਸਿਞਾਬਾ॥ (੨੪-੩-੩)

ਕਾਇਮੁ ਦਾਇਮੁ ਸਾਹਿਬੀ ਹਾਜਰੁ ਨਾਜਰੁ ਵੇਦ ਕਿਤਾਬਾ॥ (੨੪-੩-੪)

ਅਗਮੁ ਅਡੋਲੁ ਅਤੋਲੁ ਹੈ ਤੋਲਣਹਾਰੁ ਨ ਡੰਡੀ ਛਾਬਾ॥ (੨੪-੩-੫)

ਇਕੁ ਛਤਿ ਰਾਜੁ ਕਮਾਂਵਦਾ ਦੁਸਮਣੁ ਦੂਤੁ ਨ ਸੋਰ ਸਰਾਬਾ॥ (੨੪-੩-੬)

ਆਦਲੁ ਅਦਲੁ ਚਲਾਇਦਾ ਜਾਲਮੁ ਜੁਲਮੁ ਨ ਜੋਰ ਜਰਾਬਾ॥ (੨੪-੩-੭)

ਜਾਹਰ ਪੀਰ ਜਗਤੁ ਗੁਰੁ ਬਾਬਾ॥ ੩॥ (੨੪-੩-੮)

ਨਿਰੰਕਾਰੁ ਨਾਨਕ ਦੇਉ ਨਿਰੰਕਾਰਿ ਆਕਾਰ ਬਣਾਇਆ॥ (੨੪-੨੫-੧)

ਗੁਰੁ ਅੰਗਦੁ ਗੁਰੁ ਅੰਗ ਤੇ ਗੰਗਹੁ ਜਾਣੁ ਤਰੰਗ ਉਠਾਇਆ॥ (੨੪-੨੫-੨)

ਅਮਰਦਾਸੁ ਗੁਰੁ ਅੰਗਦਹੁ ਜੋਤਿ ਸਰੂਪ ਚਲਤੁ ਵਰਤਾਇਆ॥ (੨੪-੨੫-੩)

ਗੁਰੁ ਅਮਰਹੁ ਗੁਰੁ ਰਾਮਦਾਸੁ ਅਨਹਦ ਨਾਦਹੁ ਸਬਦੁ ਸੁਣਾਇਆ॥ (੨੪-੨੫-੪)

ਰਾਮਦਾਸਹੁ ਅਰਜਨੁ ਗੁਰੂ ਦਰਸਨੁ ਦਰਪਨਿ ਵਿਚਿ ਦਿਖਾਇਆ॥ (੨੪-੨੫-੫)

ਹਰਿਗੋਬਿੰਦ ਗੁਰ ਅਰਜਨਹੁ ਗੁਰੁ ਗੋਬਿੰਦ ਨਾਉ ਸਦਵਾਇਆ॥ (੨੪-੨੫-੬)

ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਵਿਚਿ ਪਰਗਟੀ ਆਇਆ॥ (੨੪-੨੫-੭)

ਪੈਰੀ ਪਾਇ ਸਭ ਜਗਤੁ ਤਰਾਇਆ॥ ੨੫॥ ੨੪॥ (੨੪-੨੫-੮)

ਸਤਿਗੁਰ ਨਾਨਕ ਦੇਉ ਹੈ ਪਰਮੇਸਰੁ ਸੋਈ॥ (੩੮-੨੦-੧)

ਗੁਰੁ ਅੰਗਦੁ ਗੁਰੁ ਅੰਗ ਤੇ ਜੋਤੀ ਜੋਤਿ ਸਮੋਈ॥ (੩੮-੨੦-੨)

ਅੰਰਾਪਦੁ ਗੁਰੁ ਅੰਗਦਹੁੰ ਹੁਇ ਜਾਣੁ ਜਣੋਈ॥ (੩੮-੨੦-੩)

ਗੁਰੁ ਅਮਰਹੁੰ ਗੁਰ ਰਾਮਦਾਸ ਅੰਮ੍ਰਿਤ ਰਸੁ ਭੋਈ॥ (੩੮-੨੦-੪)

ਰਾਮਦਾਸਹੁੰ ਅਰਜਨ ਗੁਰੂ ਗੁਰੁ ਸਬਦ ਸਥੋਈ॥ (੩੮-੨੦-੫)

ਹਰਿਗੋਵਿੰਦ ਗੁਰੁ ਅਰਜਨਹੁੰ ਗੁਰੁ ਗੋਵਿੰਦੁ ਹੋਈ॥ (੩੮-੨੦-੬)

ਗੁਰਮੁਖਿ ਸੁਖਫਲ ਪਿਰਮ ਰਸੁ ਸਤਿਸੰਗ ਅਲੋਈ॥ (੩੮-੨੦-੭)

ਗੁਰੁ ਗੋਵਿੰਦਹੁੰ ਬਾਹਿਰਾ ਦੂਜਾ ਨਹੀ ਕੋਈ॥ ੨੦॥ ੩੮॥ (੩੮-੨੦-੮)

ਸਤਿਗੁਰ ਨਾਨਕ ਦੇਉ ਹੈ ਗੁਰੁ ਅੰਗਦੁ ਅੰਗਹੁਂ ਉਪਜਾਇਆ॥ (੩੯-੨-੭)

ਅੰਗਦ ਤੇ ਗੁਰੁ ਅਮਰਪਦ ਅੰਮ੍ਰਿਤ ਰਾਮ ਨਾਮੁ ਗੁਰੁ ਭਾਇਆ॥ (੩੯-੨-੮)

ਰਾਮਦਾਸ ਗੁਰੁ ਅਰਜਨ ਛਾਇਆ॥ ੨॥ (੩੯-੨-੯)

ਉਪ੍ਰੰਤ ਭਾ: ਸਾਹਿਬ ਦੇ ਕਬਿਤਾਂ `ਚ ਵੀ ਗੁਰੂ ਹਸਤੀਆਂ ਲਈ ਗੁਰੂ ਪਦ:-

ਸੋਰਠਾ: ਅਬਿਗਤਿ ਅਲਖ ਅਭੇਵ ਅਗਮ ਅੇਾਰ ਅਨੰਤ ਗੁਰ॥ (੨-੧)

ਸਤਿਗੁਰ ਨਾਨਕ ਦੇਵ ਪਾਰਬ੍ਰਹਮ ਪੂਰਨ ਬ੍ਰਹਮ॥ (੨-੨)

ਦੋਹਰਾ: ਅਗਮ ਅਪਾਰ ਅਨੰਤ ਗੁਰ ਅਬਿਗਤ ਅਲਖ ਅਭੇਵ॥ (੨-੩)

ਪਾਰਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕਦੇਵ॥ (੨-੪)

ਛੰਦ: ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ॥ (੨-੫)

ਵਿਸ਼ੇਸ਼ ਨੋਟ- ਇਸ ਸਾਰੇ ਦੇ ਬਾਵਜੂਦ, ਦੌਰਾਅ ਦੇਵੀਏ ਕਿ ਗੁਰਬਾਣੀ ਅਨੁਸਾਰ "ਗੁਰੂ" ਪਦ ਬਿਨਾ ਸ਼ੱਕ "ਰੂਪ, ਰੰਗ, ਰੇਖ" ਤੋਂ ਨਿਆਰੇ ਕੇਵਲ ਅਕਾਲਪੁਰਖ ਦਾ ਹੀ ਨਿਵੇਕਲਾ ਅਤੇ ਨਿਜ-ਗੁਣ ਹੈ, ਜਿਸ ਦਾ ਸੰਬੰਧ ਮੁੱਖ ਤੌਰ `ਤੇ ਮਨੁੱਖਾ ਜਨਮ ਦੀ "ਸਫ਼ਲਤਾ" ਤੇ "ਅਸਫ਼ਲਤਾ" (ਬਿਰਥਾ ਜਨਮ) ਨਾਲ ਵੀ ਹੈ।

ਭਾਵ ਗੁਰਬਾਣੀ ਅਨੁਸਾਰ "ਗੁਰੂ" ਪ੍ਰਭੂ ਦੇ ਅਨੰਤ ਤੇ ਬੇਅੰਤ ਗੁਣਾਂ ਦੇ ਨਾਲ-ਨਾਲ, ਉਸ `ਚ ਨਿਵੇਕਲਾ ਅਤੇ ਇਕੋ-ਇਕ ਅਜਿਹਾ ਗੁਣ ਵੀ ਹੈ, ਜਿਸਦਾ ਮਨੁੱਖ ਜੂਨ ਤੋਂ ਛੁੱਟ, ਬਾਕੀ ਅਰਬਾਂ-ਖਰਬਾਂ ਜੂਨਾਂ ਚੋਂ ਕਿਸੇ ਇੱਕ ਵੀ ਹੋਰ ਜੂਨ ਨਾਲ ਨਹੀਂ ਹੁੰਦਾ। ਕਿਉਂਕਿ ਮਨੁੱਖਾ ਜੂਨ ਤੋਂ ਛੁੱਟ, ਉਹ ਸਮੂਹ ਜੂਨਾਂ, ਪਿੱਛਲੇ ਬਿਰਥਾ ਕੀਤੇ ਮਨੁਖਾ ਜਨਮ ਦੌਰਾਨ "ਆਪ ਕਮਾਣੈ ਵਿਛੁੜੀ" (ਪੰ: ੧੩੭) ਭਾਵ ਕੀਤੇ ਹੋਏ ਕਰਮਾਂ ਦਾ ਕੇਵਲ ਲੇਖਾ-ਜੋਖਾ ਅਤੇ ਕਰਮ ਭੋਗੀ ਜੂਨਾਂ ਹੀ ਹੁੰਦੀਆਂ ਹਨ

ਉਪ੍ਰੰਤ ਇਸ ਵਿਸ਼ੇ ਨੂੰ ਘੋਖ ਤੇ ਸਮਝ ਵੀ ਆਏ ਹਾਂ ਕਿ ਗੁਰਬਾਣੀ ਅੰਦਰ ਉਹੀ "ਗੁਰੂ" ਪਦ, ਆਪਣੇ ਨਿਰੋਲ ਅਤੇ ਉਨ੍ਹਾਂ ਹੀ ਗੁਰਬਾਣੀ ਆਧਾਰਤ ਅਰਥਾਂ `ਚ-ਧੁਰੋਂ ਵਰੋਸਾਏ "ਸ਼ਬਦਾ ਅਵਤਾਰ" ਗੁਰੂ ਨਾਨਕ ਪਾਤਸ਼ਾਹ, ਉਪ੍ਰੰਤ ਉਨ੍ਹਾਂ ਦੇ ਬਾਕੀ ਜਾਮਿਆਂ ਅਤੇ "ਅੱਖਰ ਰੂਪ" "ੴ" ਤੋਂ "ਤਨੁ ਮਨੁ ਥੀਵੈ ਹਰਿਆ" ਤੀਕ "ਸੰਪੂਰਣ ਗੁਰਬਾਣੀ" ਲਈ ਵੀ ਬਹੁਤ ਵਾਰ ਆਇਆ ਤੇ ਲਾਗੂ ਹੁੰਦਾ ਹੈ।

ਇਸ ਤਰ੍ਹਾਂ ਸੰਸਾਰ ਤਲ `ਤੇ ਉਸੇ "ਗੁਰੂ" ਪਦ ਦਾ ਪ੍ਰਗਟਾਵਾ ਤੇ ਸਦਾ ਲਈ ਵਿਸਤਾਰ ਹਨ "ਦਸੋਂ ਪਾਤਸ਼ਾਹੀਆਂ" ਤੇ "ਅੱਖਰ ਰੂਪ" "ਜੁਗੋ ਜੁਗ ਅਟੱਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ"।

ਜਦਕਿ ਇਹ ਵੀ ਕਿ ਗੁਰਬਾਣੀ ਅਨੁਸਾਰ, ਗੁਰੂ ਕੀਆਂ ਸੰਗਤਾਂ ਰਾਹੀਂ "ਗੁਰਬਾਣੀ ਆਧਾਰਤ", "ਗੁਰੂ" ਪਦ ਦੇ ਅਰਥਾਂ ਨੂੰ ਸੰਸਾਰ ਤਲ `ਤੇ "ਦਸ ਪਾਤਸ਼ਾਹੀਆਂ" ਅਤੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਤੋਂ ਇਲਾਵਾ, ਹੋਰ ਕਿੱਧਰੇ ਵੀ ਵਰਤੋਂ `ਚ ਲਿਆਉਣਾ ਬਿਲਕੁਲ ਵੀ ਯੋਗ ਨਹੀਂ ਤੇ ਨਾ ਹੀ ਵਰਤਿਆ ਜਾ ਸਕਦਾ ਹੈ।

ਭਾਵੇਂ ਕਿ ਵਿਸੇ ਨਾਲ; ਸੰਬੰਧਤ ਵੇਰਵਾ ਆ ਚੁੱਕਾ ਹੈ ਅਤੇ ਉਸ ਤੋਂ ਸਪਸ਼ਟ ਵੀ ਹੋ ਚੁੱਕਾ ਹੈ ਕਿ ਗੁਰਬਾਣੀ ਅਨੁਸਾਰ "ਗੁਰੂ ਕੀਆਂ ਸੰਗਤਾਂ" ਨੇ "ਗੁਰੂ ਨਾਨਕ ਪਾਤਸ਼ਾਹ ਤੋਂ ਦਸਮੇਸ਼ ਪਿਤਾ ਭਾਵ "ਦਸ ਗੁਰੂ ਪਾਤਸ਼ਾਹੀਆਂ" ਤੋਂ ਛੁੱਟ ਸੰਸਾਰ ਭਰ ਦੇ ਕਿਸੇ ਵੀ ਹੋਰ ਮਨੁੱਖਾ ਸਰੀਰ ਲਈ,

ਇਸੇ ਤਰ੍ਹਾਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਤੋਂ ਇਲਾਵਾ ਸੰਸਾਰ ਭਰ ਦੀ ਕਿਸੇ ਵੀ ਹੋਰ ਰਚਨਾ ਲਈ, ਗੁਰਬਾਣੀ ਆਧਾਰਤ "ਗੁਰੂ" ਪਦ ਦੀ ਵਰਤੋਂ ਨਹੀਂ ਕਰਨੀ ਤੇ ਨਾ ਕੀਤੀ ਜਾ ਸਕਦੀ ਹੈ।

"ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ" - ਇਹ ਵੀ ਧਿਆਣ `ਚ ਰਖਣਾ ਹੈ ਕਿ "ੴ "ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਭਾਵ ਸੰਪੂਰਣ ਗੁਰਬਾਣੀ `ਚ ਦਸਾਂ `ਚੋਂ ਛੇ ਗੁਰੂ ਵਿਅਕਤੀਆਂ ਦੀ ਬਾਣੀ ਦਰਜ ਹੈ। ਇਹ ਛੇ ਗੁਰੂ ਪਾਤਸ਼ਾਹੀਆਂ ਹਨ, ਪਹਿਲੀ ਪਾਤਸ਼ਾਹੀ ਤੋਂ ਪੰਜਵੀਂ ਪਾਤਸ਼ਾਹੀ ਅਤੇ ਨੌਂਵੇਂ ਪਾਤਸ਼ਾਹ।

ਉਪ੍ਰੰਤ ਗੁਰਬਾਣੀ `ਚ ਗੁਰੂ ਵਿਅਕਤੀਆਂ ਰਾਹੀਂ ਰਚਿਤ ਗੁਰਬਾਣੀ ਰਚਨਾ `ਤੇ ਜਿਹੜਾ ਮਹਲਾ ੧, ੨, ੩, ੪, ੫, ੯ ਲਫ਼ਜ਼ ਆਏ ਹਨ ਉਹ ਸਪਸ਼ਟ ਕਰਦੇ ਹਨ ਕਿ ਸਮੂਚੀ ਗੁਰਬਾਣੀ `ਚੋਂ ਅਮੁੱਕੀ ਗੁਰਬਾਣੀ ਦੀ ਰਚਨਾ ਕਿਸ ਗੁਰੂ ਵਿਅਕਤੀ ਦੀ ਹੈ? ਇਸ ਤੋਂ ਇਲਾਵਾ ਮੂਲ ਰੂਪ ਚ ਇਹ ਵੀ ਸੱਚ ਹੈ ਕਿ ਇਨ੍ਹਾਂ ਚੋਂ ਰਚਨਾ ਚਾਹੇ ਕੋਈ ਅਤੇ ਕਿਸੇ ਵੀ ਗੁਰੂ ਵਿਅਕਤੀ ਦੀ ਹੈ, ਉਸ `ਚ ਸਾਰੇ ਗੁਰੂ ਵਿਅਕਤੀਆਂ ਲਈ ਕਾਵ ਪਦ "ਨਾਨਕ, ਨਾਨਕੁ ਜਾਂ ਨਾਨਕਿ" ਹੀ ਆਇਆ ਹੈ।

ਇਸ ਤੋਂ ਵੱਡਾ ਸੱਚ ਇਹ ਵੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਅਤੇ ਬਾਕੀ ਗੁਰੂ ਵਿਅਕਤੀਆਂ ਰਾਹੀਂ ਕਾਵ ਪਦ "ਨਾਨਕ, ਨਾਨਕੁ ਜਾਂ ਨਾਨਕਿ" ਵਰਤੇ ਜਾਣ ਤੋਂ ਇਲਾਵਾ ਵੀ ਗੁਰਬਾਣੀ `ਚ ਇਸ "ਨਾਨਕ ਪਦ" ਦੇ ਪੰਜ ਹੋਰ ਖਾਸ ਰੂਪ ਵੀ ਆਏ ਹਨ। ਤਾਂ ਤੇ ਉਹ ਪੰਜ ਖਾਸ ਰੂਪ ਹਨ ‘ਗੁਰ ਨਾਨਕੁ, ਗੁਰੁ ਨਾਨਕੁ, ਗੁਰੁ ਨਾਨਕ, ਗੁਰੂ ਨਾਨਕੁ ਤੇ ਗੁਰਿ ਨਾਨਕਿ’।

ਵਿਸ਼ੇਸ਼ ਧਿਆਣ ਦੇਣਾ ਹੈ ਕਿ ਇਨ੍ਹਾਂ ਸਮ੍ਹੂਹ ਪਦਾਂ `ਚ, ਵਿਆਕਰਣ ਅਨੁਸਾਰ ‘ਗੁਰੂ’ ਤੇ ‘ਨਾਨਕੁ’, ਦੋਵੇਂ ਸੰਬਧਕ ਹਨ। ਅਰਥਾਂ ਸਮੇਂ ਇਨ੍ਹਾਂ ਨੂੰ ਇੱਕ ਦੂਜੇ ਤੋਂ ਨਿਖੇੜਿਆ ਤੇ ਵੱਖ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਸਾਰੇ ਰੂਪਾਂ `ਚ ‘ਗੁਰੂ" ਪਦ ਨਿਰੋਲ ਪਹਿਲੀ ਪਾਤਸ਼ਾਹੀ, ਗੁਰੂ ਨਾਨਕ ਸਾਹਿਬ ਲਈ ਹੀ ਆਇਆ ਹੋਇਆ ਹੈ, ਕਿਸੇ ਹੋਰ ਲਈ ਨਹੀਂ ਤੇ ਉਥੇ ਇਹ ਨਾਨਕ ਪਦ, ਕਾਵਿ ਬੋਧਕ ਵੀ ਨਹੀਂ।

ਪ੍ਰਕਰਣ ਅਨੁਸਾਰ ਘੋਖਿਆਂ ਇਹ ਵੀ ਸਮਝ ਆ ਜਾਂਦੀ ਹੈ ਕਿ ਇਸ ਨਾਨਕ ਪਦ ਦੀ ਵਰਤੋਂ ਦੋ ਅਰਥਾਂ `ਚ ਕੀਤੀ ਹੋਈ ਹੈ। ਇਸ ਦਾ ਇੱਕ ਅਰਥ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਸਰੀਰ, ਉਸੇ ਸ਼ਬਦ-ਗੁਰੂ, ਸਤਿਗੁਰੂ ਦਾ ਹੀ ਪ੍ਰਗਟਾਵਾ ਹੈ, ਜਿਹੜਾ ਸਦਾ ਥਿਰ, ਅਵਿਨਾਸ਼ੀ, ਅਦਿ ਜੁਗਾਦੀ, ਨਿਰੰਤਰ ਅਤੇ ਸਦੀਵੀ ਹੈ। ਉਹੀ ਗੁਰੂ ਅਥਵਾ ਸਤਿਗੁਰੂ ਜਿਹੜਾ "ਗੁਰ ਗੋਵਿੰਦੁ, ਗ+ਵਿੰਦੁ ਗੁਰੂ ਹੈ, ਨਾਨਕ ਭੇਦੁ ਨ ਭਾਈ" (ਪੰ: ੪੪੨) ਭਾਵ ਪ੍ਰਭੂ ਅਕਾਲਪੁਰਖ ਦੇ ਨਿਜ ਦਾ ਹੀ ਪ੍ਰਗਟਾਵਾ ਹੈ ਅਤੇ ਅਕਾਲਪੁਰਖ ਤੁਲ ਹੈ। ਇਸੇ ਲਈ ਉਨ੍ਹਾਂ ਪਦਾਂ ਅਤੇ ਸ਼ਬਦਾਂ `ਚ ਇਹ ਪਦ ਸਪਸ਼ਟ ਅਤੇ ਬਿਨਾ ਸ਼ੱਕ ਨਿਰੋਲ ਪਹਿਲੀ ਪਾਤਸ਼ਾਹੀ ਲਈ ਅਇਆ ਹੈ ਕਿਸੇ ਹੋਰ ਗੁਰੂ ਜਾਮੇ ਅਥਵਾ ਗੁਰੂ ਪਾਤਸ਼ਾਹੀ ਲਈ ਨਹੀ ਆਇਆ।

ਦੂਜਾ-ਸੰਪੂਰਣ ਗੁਰਬਾਣੀ `ਚ ਸਿੱਖ ਨੂੰ ਜਿਸ "ਗੁਰ" ਨਾਲ ਜੁੜਣ ਲਈ ਤਾਕੀਦ ਕੀਤੀ ਗਈ ਹੈ ਉਹ ‘ਗੁਰੂ’ ਉਹ ਹੈ ਜਿਸ "ਗੁਰੂ" ਲਈ "ਸਭ ਮਹਿ ਰਹਿਆ ਸਮਾਇ" (ਪੰ: ੭੫੯) ਆਦਿ ਗੁਰਬਾਣੀ `ਚ ਫ਼ੁਰਮਾਨ ਹਨ ਤੇ ਉਹ ਸਦਾ ਥਿਰ ਗੁਰੂ, ਮਨੁੱਖ ਮਾਤ੍ਰ ਦੇ ਕਲਿਆਣ ਤੇ ਸੰਭਾਲ ਲਈ ਗੁਰਬਾਣੀ-ਗੁਰੂ ਦੇ ਰੂਪ `ਚ, ਸੰਸਾਰ ਤਲ `ਤੇ ਅਕਾਲਪੁਰਖ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ ਸਰੀਰ ਰਾਹੀਂ ਉਜਾਗਰ ਹੋਇਆ। ਜਦਕਿ ਇਸ ਦੀ ਪ੍ਰੌੜਤਾ ‘ਵੀ ਬਹੁਤੇਰੇ ਗੁਰਬਾਣੀ ਫ਼ੁਰਮਾਨ ਹਨ ਜਿਵੇਂ:-

"ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ" (ਪੰ: ੬੨੮) ਅਤੇ

"ਜੈਸੀ ਮੈ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨੁ ਵੇ ਲਾਲੋ." (ਪੰ: ੭੨੨) ਅਥਵਾ

"ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥ ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ" (ਪੰ: ੭੬੩) ਜਾਂ

"ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ" (ਪੰ: ੫੧੫) ਆਦਿ

ਇਸ ਤਰ੍ਹਾਂ ਇਹ ਫ਼ੈਸਲਾ ਵੀ ਗੁਰਬਾਣੀ `ਚ ਹੀ ਹੈ ਕਿ ਜਿਹੜਾ ਵੀ ਕੋਈ ਮਨੁੱਖ, ਗੁਰੂ ਨਾਨਕ ਪਾਤਸ਼ਾਹ ਰਾਹੀਂ ਉਚਾਰਣ ਕੀਤੀ ਜਾਂ ਉਨ੍ਹਾਂ ਰਾਹੀਂ ਪ੍ਰਵਾਣ ਕੀਤੀ ਹੋਈ ਬਾਣੀ ਨਾਲ ਆਪਣੇ ਜੀਵਨ ਨੂੰ ਜੋੜੇਗਾ, ਉਸ ਦੇ ਜੀਵਨ ਅੰਦਰੋਂ ਹਉਮੈ ਆਦਿ ਵਿਕਾਰਾਂ-ਅਉਗੁਣਾ-ਤ੍ਰਿਸ਼ਨਾ-ਭਟਕਣਾ ਆਦਿ ਦਾ ਸੰਪੂਰਣ ਨਾਸ ਹੋ ਜਾਵੇਗਾ। ਅਜਿਹੇ ਜਗਿਆਸੂ ਦੀ ਜੀਦੇ ਜੀਅ, ਕਰਤੇ ਅਕਾਲਪੁਰਖ ਨਾਲ ਸਿੱਧੀ ਸਾਂਝ ਬਣ ਆਵੇਗੀ, ਉਪ੍ਰੰਤ ਉਸ ਨੂੰ ਕਿਸੇ ਹੋਰ ਵਿਚੋਲੇ ਦੀ ਲੋੜ ਨਹੀਂ।

ਬਲਕਿ ਗੁਰਬਾਣੀ `ਚ ਜਿਤਨੇ ਵੀ ਅਜਿਹੇ ਸ਼ਬਦ ਹਨ ਜਿਨ੍ਹਾਂ `ਚ ‘ਗੁਰ ਨਾਨਕੁ, ਗੁਰੁ ਨਾਨਕੁ, ਗੁਰੁ ਨਾਨਕ, ਗੁਰੂ ਨਾਨਕੁ, ਗੁਰਿ ਨਾਨਕਿ’ ਪਦ ਆਏ ਹਨ, ਉਹ ਸਾਰੇ ਦੇ ਸਾਰੇ ਦੂਜੇ, ਤੀਜੇ, ਚੌਥੇ, ਪੰਜਵੇਂ ਅਤੇ ਨੌਵੇਂ ਪਾਤਸ਼ਾਹ ਦੀ ਰਚਨਾ ਹਨ। ਇਹ ਵੀ ਕਿ ਉਹ ਸਾਰੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਪਾਤਸ਼ਾਹ ਨਾਲ ਸੰਬੰਧਤ ਕਰਕੇ ਉਚਾਰਣ ਕੀਤੇ ਹੋਏ ਹਨ। ਉਨ੍ਹਾਂ `ਚੋਂ ਇੱਕ ਵੀ ਰਚਨਾ ਪਹਿਲੇ ਪਾਤਸ਼ਾਹ ਦੀ ਨਹੀਂ, ਇਸ ਤਰ੍ਹਾਂ ਉਹ ਸਮੂਹ ਰਚਨਾਵਾ ਨਿਰੋਲ ਪਹਿਲੇ ਪਾਤਸ਼ਾਹ ਨਾਲ ਸੰਬੰਧਤ ਹਨ।

ਇਸ ਤਰ੍ਹਾਂ ਸੰਬੰਧਤ ਸ਼ਬਦਾਂ `ਚ ਸਪਸ਼ਟ ਕੀਤਾ ਹੋਇਆ ਹੈ ਕਿ ਜਿਹੜੇ ਜਗਿਆਸੂ ਵੀ, ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ, ਉਸ ਧੁਰ ਕੀ ਬਾਣੀ ਰਾਹੀਂ ਬਖ਼ਸ਼ੇ ਹੋਏ ਜੀਵਨ ਰਾਹ `ਤੇ ਚਲਣ ਗੇ ਉਹ ਆਪਣੇ ਜੀਵਨ ਕਾਲ `ਚ ਵਿਕਾਰਾਂ, ਅਉਗੁਣਾਂ, ਆਸ਼ਾ-ਮਨਸ਼ਾ, ਤ੍ਰਿਸ਼ਨਾ-ਭਟਕਣਾ-ਮਾਇਕ ਮੰਗਾਂ ਆਦਿ ਤੋਂ ਸੁਰਖਰੂ ਰਹਿ ਕੇ, ਸੰਤੋਖੀ ਸਹਿਜ ਅਤੇ ਆਤਮਕ ਅਨੰਦ ਦੇ ਜੀਵਨ ਨੂੰ ਪ੍ਰਾਪਤ ਹੋਣਗੇ।

ਗੁਰਬਾਣੀ ਅਨੁਸਾਰ ਅਜਿਹੇ ਗੁਰਮੁਖ ਜਨ ਮੁੜ ਜਨਮ-ਮਰਣ ਦੇ ਗੇੜ `ਚ ਨਹੀਂ ਆਉਂਦੇ, ਜੀਂਦੇ ਜੀਅ ਪ੍ਰਭੂ ਚ ਅਭੇਦ ਹੋ ਜਾਂਦੇ ਹਨ। ਉਹ ਜੀਂਦੇ ਜੀਅ "ਸਫਲੁ ਜਨਮੁ ਜਿਨਾ ਸਤਿਗੁਰੁ ਪਾਇਆ॥ ਦੂਜਾ ਭਾਉ ਗੁਰ ਸਬਦਿ ਜਲਾਇਆ" (ਪੰ: ੧੨੯) ਅਥਵਾ "ਸਫਲ ਸਫਲ ਭਈ ਸਫਲ ਜਾਤ੍ਰਾ॥ ਆਵਣ ਜਾਣ ਰਹੇ ਮਿਲੇ ਸਾਧਾ" (ਪੰ: ੬੮੭) ਅਨੁਸਾਰ ਸਫ਼ਲ ਮਨੁੱਖਾ ਜਨਮ ਨੂੰ ਪ੍ਰਾਪਤ ਹੋ ਜਾਂਦੇ ਹਨ।

ਜਦਕਿ ਇਹ ਵੀ ਕਿ "ਪਹਿਲੇ ਤੋਂ ਦਸਵੇਂ ਪਾਤਸ਼ਾਹ" ਤੀਕ "ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ" (ਪੰ: ੯੬੬) ਦਸੋਂ ਹੀ ਸਰੀਰਾਂ ਅੰਦਰ ਇੱਕੋ ਹੀ "ਗੁਰੂ-ਜੋਤ" ਦਾ ਪ੍ਰਕਾਸ਼ ਸੀ, ਉਹ ਭਿੰਨ ਭਿੰਨ ਨਹੀਂ ਸਨ। ਉਪ੍ਰੰਤ, ਮਾਇਕ ਪ੍ਰਭਾਵਾਂ ਤੋਂ ਨਿਰਲੇਪ, ਆਤਮਕ-ਗਿਆਨ ਅਤੇ ਉਸੇ ਗੁਰੂ-ਜੋਤ ਦਾ ਹੀ ਸਦੀਵੀ ਪ੍ਰਗਟਾਵਾ ਅਤੇ ਪ੍ਰਕਾਸ਼ ਹਨ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ"।

ਇਸੇ ਲਈ ਵਿਸ਼ੇ ਨੂੰ ਪੂਰੀ ਤਰ੍ਹਾਂ ਸਮਝਣ ਲਈ, ਅਸ਼ੀਂ ਅਰਥਾਂ ਸਹਿਤ ਵੰਣਗੀ ਮਾਤ੍ਰ ਕੁੱਝ ਸੰਬੰਧਤ ਗੁਰਬਾਣੀ ਫ਼ੁਰਮਾਨ ਵੀ ਦੇ ਆਏ ਹਾਂ ਜਿਨ੍ਹਾਂ `ਚ ‘ਗੁਰ ਨਾਨਕੁ, ਗੁਰੁ ਨਾਨਕ, ਗੁਰੁ ਨਾਨਕ, ਗੁਰੂ ਨਾਨਕੁ, ਗੁਰਿ ਨਾਨਕਿ’ ਪਦ ਆਏ ਹਨ। ਵਿਆਕਰਣ ਅਨੁਸਾਰ ਉਹ ਸ਼ਬਦਾਵਲੀ ਨਿਰੋਲ ਗੁਰੂ ਨਾਨਕ ਪਾਤਸ਼ਾਹ ਲਈ ਹੀ ਆਈ ਹੈ ਅਤੇ ਉਹ ਵੀ ਬਾਕਾਇਦਾ ਉਸੇ ‘ਗੁਰੂ" ਪਦ ਦੀ ਵਰਤੋਂ ਸਾਹਿਤ।

ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਗੁਰ-ਫ਼ੁਰਮਾਣਾਂ `ਚੋਂ ਜਿਹੜੇ ਫ਼ੁਰਮਾਨਾ ਦੇ ਅਸਾਂ ਅਰਥ ਦਿੱਤੇ ਹਨ, ਅਸ਼ਾਂ ਉਹ ਅਰਥ ਵੀ ਇਨ-ਬਿਨ ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਿਟੀ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਰਾਹੀਂ ਲਿਖਤ ‘ਗੁਰੂ ਗ੍ਰੰਥ ਦਰਪਣ’ ਚੋਂ ਹੀ ਦਿੱਤੇ ਹਨ। ਤਾ ਕਿ ਗੁਰਬਾਣੀ ਦੀ ਇਸ ਸਚਾਈ ਤੋਂ ਸੰਗਤਾਂ ਭਲੀ ਪ੍ਰਕਾਰ ਆਪ ਵੀ ਜਾਣੂ ਹੋ ਸਕਣ।

ਇਸ ਤੋਂ ਬਾਅਦ, ਫ਼ਿਰ ਵੀ ਸਨਿਮ੍ਰ ਬੇਨਤੀ ਹੈ ਕਿ ਆਪਣੀ ਤਿਆਰੀ ਜਾਂ ਸ਼ੰਕਿਆਂ ਆਦਿ ਨੂੰ ਨਿਵਰਿਤ ਕਰਣ ਲਈ ਜੇ ਕੁੱਝ ਸੱਜਨ ਚਾਹੁਣ ਤਾਂ ਉਹ ਖ਼ੁਦ ਵੀ ਪ੍ਰੈਫ਼ੈਸਰ ਸਾਹਿਬ ਸਿੰਘ ਜੀ ਰਾਹੀਂ ਲਿਖਤ ‘ਗੁਰੂ ਗ੍ਰੰਥ ਦਰਪਣ’ ਦੀਆਂ ਸੰਬੰਧਤ ਸੈਂਚੀਆਂ `ਚੋ, ਕੇਵਲ ਇਹੀ ਨਹੀਂ ਬਲਕਿ ਅਜਿਹੇ ਹੋਰ ਗੁਰ ਫ਼ੁਰਮਨਾ ਨੂੰ ਲੈ ਕੇ ਵਿਸ਼ੇ ਨੂੰ ਹੋਰ ਵੀ ਘੋਖ ਸਕਦੇ ਹਨ। (ਚਲਦਾ) #234P-IV,-02.17-0217#P4v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-IV

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ-ਚੌਥਾ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.